ਸੰਘਣੀ ਧੁੰਦ ਬਣੀ ਹਿੰਦ-ਪਾਕਿ ਨਸ਼ਾ ਤਸਕਰਾਂ ਦਾ ਹਥਿਆਰ

ਅੰਮ੍ਰਿਤਸਰ: ਹਿੰਦ-ਪਾਕਿ ਸਰਹੱਦ ‘ਤੇ ਸਰਦੀ ਦੇ ਮੌਸਮ ਵਿਚ ਸੰਘਣੀ ਧੁੰਦ ਤੇ ਠੰਢ ਦਾ ਫਾਇਦਾ ਚੁੱਕਣ ਲਈ ਨਸ਼ਾ ਤਸਕਰ ਸਰਗਰਮ ਹੋ ਗਏ ਹਨ। ਹਰ ਸਾਲ ਧੁੰਦ ਦੀ ਆੜ ਵਿਚ ਸਰਹੱਦ ਉਤੇ ਅਰਬਾਂ ਰੁਪਏ ਦੇ ਮੁੱਲ ਦੀ ਹੈਰੋਇਨ ਤੇ ਹਥਿਆਰਾਂ ਦੀ ਤਸਕਰੀ ਨੂੰ ਆਸਾਨੀ ਨਾਲ ਅੰਜਾਮ ਦਿੱਤਾ ਜਾਂਦਾ ਹੈ।

ਪੰਜਾਬ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਵੱਲੋਂ ਬੀਤੇ ਦਿਨੀਂ ਸਾਂਝੇ ਅਪਰੇਸ਼ਨ ਕਰਕੇ ਬਰਾਮਦ ਕੀਤੀ ਪੰਜ ਕਿੱਲੋ ਹੈਰੋਇਨ ਵੀ ਪਾਕਿਸਤਾਨ ਤਸਕਰਾਂ ਵੱਲੋਂ ਭੇਜੀ ਗਈ 20 ਕਿੱਲੋ ਦੀ ਪਹਿਲੀ ਖੇਪ ਦਾ ਹਿੱਸਾ ਹੋਣ ਦਾ ਖੁਲਾਸਾ ਹੋਇਆ ਹੈ, ਜੋ ਕਿ ਤਸਕਰਾਂ ਨੇ ਧੁੰਦ ਦਾ ਫਾਇਦਾ ਲੈ ਕੇ ਭੇਜੇ ਗਈ ਸੀ। ਮਿਲੇ ਵੇਰਵਿਆਂ ਅਨੁਸਾਰ ਹਰ ਸਾਲ ਧੁੰਦ ਦੇ ਮੌਸਮ ਵਿਚ ਹੋਣ ਵਾਲੀ ਤਸਕਰੀ ਆਮ ਦਿਨਾਂ ਨਾਲੋਂ ਕਈ ਗੁਣਾਂ ਵਧ ਜਾਂਦੀ ਹੈ।
ਪੁਲਿਸ ਤੇ ਏਜੰਸੀਆਂ ਨੂੰ ਪਤਾ ਹੈ ਕਿ ਪਾਕਿ ਤਸਕਰਾਂ ਨੇ ਧੁੰਦ ਵਿਚ ਹੋਰ ਵੱਡੀਆਂ ਖੇਪਾਂ ਭੇਜਣ ਲਈ ਤਿਆਰੀ ਖਿੱਚ ਲਈ ਹੈ। ਇਸ ਲਈ ਬੀæਐਸ਼ਐਫ਼, ਪੰਜਾਬ ਪੁਲਿਸ ਤੇ ਹੋਰ ਏਜੰਸੀਆਂ ਪਹਿਲਾਂ ਨਾਲੋਂ ਵਧੇਰੇ ਚੌਕਸ ਹੋ ਗਈਆਂ ਹਨ।
ਬੀæਐਸ਼ਐਫ਼ ਵੱਲੋਂ ਮਿਲੇ ਅੰਕੜਿਆਂ ਅਨੁਸਾਰ ਚਾਲੂ ਸਾਲ ਦੌਰਾਨ 344 ਕਿੱਲੋ ਤੋਂ ਵਧੇਰੇ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ। ਬੀæਐਸ਼ਐਫ਼ ਨੇ ਹੈਰੋਇਨ ਤੋਂ ਇਲਾਵਾ 11 ਲੱਖ 50 ਹਜ਼ਾਰ ਦੇ ਕਰੀਬ ਜਾਅਲੀ ਭਾਰਤੀ ਕਰੰਸੀ, 30 ਕਿੱਲੋ 500 ਗ੍ਰਾਮ ਭੁੱਕੀ, 17 ਮਾਰੂ ਹਥਿਆਰ, 24 ਮੈਗਜ਼ੀਨ, 286 ਰੌਂਦ, 15 ਪਾਕਿਸਤਾਨੀ ਮੋਬਾਇਲ ਤੇ 28 ਸਿਮ ਕਾਰਡ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਬੰਗਲਾਦੇਸ਼ੀ, ਨੇਪਾਲੀ ਤੇ ਭਾਰਤੀ ਘੁਸਪੈਠੀਆਂ ਨੂੰ ਵੀ ਕਈ ਵਾਰ ਫੜ ਚੁੱਕੀ ਹੈ। ਪੰਜਾਬ ਨਾਲ ਲੱਗਦੀ ਸਰਹੱਦ ਜ਼ਿਆਦਾਤਰ ਦਰਿਆਈ ਖੇਤਰ ਹੋਣ ਕਾਰਨ ਇਥੇ ਧੁੰਦ ਆਮ ਮੈਦਾਨੀ ਇਲਾਕਿਆਂ ਦੇ ਮੁਕਾਬਲੇ ਵਧੇਰੇ ਹੁੰਦੀ ਹੈ। ਭਾਵੇਂ ਸਾਰੀ ਸਰਹੱਦ ਤੇ ਕੰਡਿਆਲੀ ਤਾਰ ਲੱਗੀ ਹੋਈ ਹੈ, ਪਰ ਪਲਾਸਟਿਕ ਪਾਇਪਾਂ ਨੇ ਤਸਕਰਾਂ ਦਾ ਕੰਮ ਆਸਾਨ ਕਰ ਦਿੱਤਾ ਹੈ। ਦੋਵਾਂ ਪਾਸਿਆਂ ਤੋਂ ‘ਸਿਟੀ ਰਲਾ’ ਕੇ ਤਸਕਰ ਕੰਡਿਆਲੀ ਤਾਰ ਨੇੜੇ ਪੁੱਜੇ ਜਾਂਦੇ ਹਨ ਜਿਥੇ ਪਾਕਿ ਤਸਕਰ ਜ਼ਮੀਨ ਪੁੱਟ ਕੇ ਪਲਾਸਟਿਕ ਦੀਆਂ ਪਾਈਪਾਂ ਰਾਹੀਂ ਹੈਰੋਇਨ ਦੇ ਪੈਕਟ ਤੇ ਹੋਰ ਨਾਜਾਇਜ਼ ਸਾਮਾਨ ਆਦਿ ਧੱਕ ਦਿੰਦੇ ਹਨ। ਪਿਛਲੇ ਸਮੇਂ ਵਿਚ ਆਈ ਕੁਝ ਖੜੋਤ ਉਪਰੰਤ ਹੈਰੋਇਨ ਦੀ ਤਸਕਰੀ ਮੁੜ ਤੇਜ ਹੋ ਗਈ ਹੈ। ਕਾਊਂਟਰ ਇੰਟੈਲੀਜੈਂਸ ਦੇ ਇਸੰ: ਜੀæਐਸ਼ ਨਾਗਰਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੰਮ੍ਰਿਤਸਰ ਪੁਲਿਸ ਦਿਹਾਤੀ ਨਾਲ ਰਲ ਕੇ ਹੈਰੋਇਨ ਦੀ ਤਸਕਰੀ ਰੋਕਣ ਲਈ ਸਾਂਝਾ ਅਪਰੇਸ਼ਨ ਚਲਾਇਆ ਜਾ ਰਿਹਾ ਹੈ।
_______________________________________________
ਅਟਾਰੀ ਸੜਕ ਉਤੇ ਪੁਲਿਸ ਦੀ ਬਾਜ ਅੱਖ
ਅੰਮ੍ਰਿਤਸਰ: ਐਨæਆਰæਆਈæ ਸੁਰਿੰਦਰ ਸਿੰਘ ਵੱਲੋਂ ਸਰਹੱਦੀ ਗੇਟਾਂ ਵਿਚ ਗੱਡੀ ਮਾਰਨ ਦੀ ਘਟਨਾ ਤੋਂ ਬਾਅਦ ਤਿੰਨ ਕਸ਼ਮੀਰੀ ਨੌਜਵਾਨਾਂ ਵੱਲੋਂ ਸਰਹੱਦ ਦੇ ਬਿਲਕੁਲ ਨਜ਼ਦੀਕ ਪਹੁੰਚ ਜਾਣ ਦੀਆਂ ਵਾਰਦਾਤਾਂ ਤੋਂ ਬਾਅਦ ਪੰਜਾਬ ਪੁਲਿਸ ਨੇ ਅਟਾਰੀ ਸਰਹੱਦ ਵੱਲ ਜਾਂਦੇ ਰਸਤੇ ਉੱਚ ਪੱਕਾ ਨਾਕਾ ਲਗਾਉਣ ਦਾ ਫੈਸਲਾ ਕੀਤਾ ਹੈ। ਦਰਅਸਲ ਪਹਿਲਾਂ ਵੀ ਪੁਲਿਸ ਵੱਲੋਂ ਇਸ ਰਸਤੇ ਉੱਚ ਨਾਕਾ ਲਗਾਇਆ ਜਾਂਦਾ ਰਿਹਾ ਹੈ, ਪਰ ਰਾਤ ਸਮੇਂ ਸਰਹੱਦ ਉਤੇ ਪਰੇਡ ਦੇਖਣ ਲਈ ਆਉਣ ਵਾਲੇ ਲੋਕਾਂ ਦੇ ਵਾਪਸ ਚਲੇ ਜਾਣ ਤੋਂ ਬਾਅਦ ਇਸ ਨਾਕੇ ਨੂੰ ਹਟਾ ਲਿਆ ਜਾਂਦਾ ਸੀ। ਹੁਣ ਇਹ ਨਾਕਾ 24 ਘੰਟੇ ਲੱਗਾ ਰਹੇਗਾ। ਬਾਰਡਰ ਰੇਂਜ ਦੀ ਪੁਲਿਸ ਵੱਲੋਂ ਹੁਣ ਥਾਣਾ ਘਰਿੰਡਾ ਨੇੜੇ ਇਹ ਨਾਕਾ ਲਗਾਇਆ ਜਾਵੇਗਾ। ਇਸ ਨਾਕੇ ‘ਤੇ ਸਰਹੱਦ ਵਾਲੇ ਪਾਸੇ ਜਾ ਵਾਲੀ ਹਰ ਗੱਡੀ ਦੀ ਚੈਕਿੰਗ ਕਰ ਕੇ ਹੀ ਉਸ ਨੂੰ ਅੱਗੇ ਜਾਣ ਦਿੱਤਾ ਜਾਵੇਗਾ।