ਲਾਹੌਰ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਚਾਨਕ ਪਾਕਿਸਤਾਨ ਫੇਰੀ ਨੂੰ ਵਿਦੇਸ਼ੀ ਕੂਟਨੀਤੀ ਦਾ ਸਿਖਰ ਮੰਨਿਆ ਜਾ ਰਿਹਾ ਹੈ। ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਿਛਲੇ 12 ਸਾਲਾਂ ਦੌਰਾਨ ਪਹਿਲਾ ਪਾਕਿਸਤਾਨੀ ਦੌਰਾ ਹੈ।
ਪ੍ਰਧਾਨ ਮੰਤਰੀ ਅਫ਼ਗਾਨਿਸਤਾਨ ਤੋਂ ਸ਼ਾਮ ਨੂੰ ਲਾਹੌਰ ਪੁੱਜੇ ਅਤੇ ਆਪਣੇ ਢਾਈ ਘੰਟਿਆਂ ਦੇ ਦੌਰੇ ਮੌਕੇ ਉਨ੍ਹਾਂ ਜਿਥੇ ਪਾਕਿਸਤਾਨੀ ਹਮਰੁਤਬਾ ਨਵਾਜ਼ ਸ਼ਰੀਫ਼ ਨੂੰ ਜਨਮ ਦਿਨ ਮੁਬਾਰਕ ਆਖੀ, ਉਥੇ ਉਨ੍ਹਾਂ ਦੀ ਦੋਹਤੀ ਮਿਹਰੂਨਿਸਾ ਦੇ ਵਿਆਹ ਸਮਾਗਮ ਵਿਚ ਸ਼ਿਰਕਤ ਕਰ ਕੇ ਉਸ ਨੂੰ ਆਸ਼ੀਰਵਾਦ ਵੀ ਦਿੱਤਾ।
ਇਸ ਮੌਕੇ ਹੋਈ ਗੱਲਬਾਤ ਦੌਰਾਨ ਦੋਹਾਂ ਆਗੂਆਂ ਨੇ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦੇ ਵੱਡੇ ਹਿੱਤਾਂ ਖਾਤਰ ਸ਼ਾਂਤੀ ਦੇ ਰਾਹ ਖੋਲ੍ਹਣ ਦਾ ਫੈਸਲਾ ਵੀ ਲਿਆ। ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਉਤਰਾ-ਚੜ੍ਹਾਅ ਆਉਂਦਾ ਰਿਹਾ ਹੈ। ਨਰੇਂਦਰ ਮੋਦੀ ਨੇ ਆਪਣੇ ਸਹੁੰ ਚੁੱਕ ਸਮਾਗਮ ਵਿਚ ਸ੍ਰੀ ਸ਼ਰੀਫ਼ ਨੂੰ ਬੁਲਾਇਆ ਸੀ। ਕੁਝ ਸਮਾਂ ਪਹਿਲਾਂ ਫਰਾਂਸ ਵਿਚ ਦੋਵਾਂ ਦੇਸ਼ਾਂ ਦੇ ਮੁਖੀਆਂ ਦੀ ਮੁਲਾਕਾਤ ਵਿਚ ਵੀ ਆਪਸੀ ਗੱਲਬਾਤ ਨੂੰ ਅੱਗੇ ਵਧਾਉਣ ਲਈ ਹੁੰਗਾਰਾ ਭਰਿਆ ਗਿਆ ਸੀ, ਪਰ ਪਾਕਿਸਤਾਨ ਵਿਚ ਇਸ ਦਾ ਵਿਰੋਧ ਹੋਣ ਕਾਰਨ ਗੱਲਬਾਤ ਵਿਚ-ਵਿਚਾਲੇ ਹੀ ਰਹਿ ਗਈ। ਭਾਰਤ ਤੇ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਨੇ ਛੇ ਸਤੰਬਰ ਨੂੰ ਬੈਂਕਾਕ ਵਿਚ ਮੀਟਿੰਗ ਕੀਤੀ ਸੀ। ਹੁਣ ਅਗਲੇ ਦਿਨਾਂ ਵਿਚ ਦੋਵਾਂ ਦੇਸ਼ਾਂ ਦੇ ਵਿਦੇਸ਼ ਸਕੱਤਰਾਂ ਦੀ ਗੱਲਬਾਤ ਇਸਲਾਮਾਬਾਦ ਵਿਚ ਹੋਣ ਦੀ ਸੰਭਾਵਨਾ ਹੈ। ਜਿਥੋਂ ਤੱਕ ਦੋਵਾਂ ਦੇਸ਼ਾਂ ਦੇ ਸਬੰਧਾਂ ਦੀ ਗੱਲ ਹੈ, ਪਿਛਲੇ ਸਮੇਂ ਵਿਚ ਇਹ ਬਣਦੇ-ਵਿਗੜਦੇ ਰਹੇ ਹਨ। ਪਾਕਿਸਤਾਨ ਕਸ਼ਮੀਰ ਦੇ ਮੁੱਦੇ ਉਤੇ ਹਮੇਸ਼ਾ ਬਜ਼ਿੱਦ ਰਿਹਾ ਹੈ।
ਚਾਹੇ ਹਾਲਾਤ ਨੇ ਪਾਕਿਸਤਾਨੀ ਸਰਕਾਰ ਨੂੰ ਮੋੜ ਕੱਟਣ ਲਈ ਤਾਂ ਮਜਬੂਰ ਕਰ ਦਿੱਤਾ ਹੈ, ਪਰ ਅੱਜ ਉਸ ਦੇਸ਼ ਵਿਚ ਵੱਡੀ ਗਿਣਤੀ ਵਿਚ ਅਜਿਹੇ ਅਨਸਰ ਸਮਾਜ ਦੇ ਹਰ ਵਰਗ ਵਿਚ ਘੁਸਪੈਠ ਕਰ ਚੁੱਕੇ ਹਨ, ਜੋ ਕਿਸੇ ਵੀ ਸੂਰਤ ਵਿਚ ਦੋਵਾਂ ਦੇਸ਼ਾਂ ਦਾ ਆਪਸ ਵਿਚ ਮਿਲਵਰਤਣ ਵਧਿਆ ਨਹੀਂ ਵੇਖਣਾ ਚਾਹੁੰਦੇ। ਪਾਕਿਸਤਾਨ ਵਿਚ ਫ਼ੌਜ ਬੇਹੱਦ ਮਜ਼ਬੂਤ ਹੈ।
ਅਕਸਰ ਉਹ ਵੀ ਆਪਣੀਆਂ ਨੀਤੀਆਂ ਲਾਗੂ ਕਰਵਾਉਣ ਵਿਚ ਕਾਮਯਾਬ ਹੋ ਜਾਂਦੀ ਹੈ। ਇਸ ਦੀ ਇਕ ਵੱਡੀ ਮਿਸਾਲ ਇਹ ਹੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸ਼ੁੱਭ ਸੰਦੇਸ਼ ਲੈ ਕੇ ਬੱਸ ਰਾਹੀਂ ਲਾਹੌਰ ਗਏ ਸਨ। ਉਸ ਸਮੇਂ ਨਵਾਜ਼ ਸ਼ਰੀਫ਼ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਉਨ੍ਹਾਂ ਨੇ ਖੁੱਲ੍ਹੇ ਮਨ ਨਾਲ ਵਾਜਪਾਈ ਦਾ ਸਵਾਗਤ ਕੀਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਇਹ ਇਤਿਹਾਸਕ ਯਾਤਰਾ ਆਪਸੀ ਸਬੰਧ ਵਧੀਆ ਤੇ ਮਜ਼ਬੂਤ ਕਰਨ ਵਿਚ ਸਹਾਈ ਹੋਵੇਗੀ, ਪਰ ਐਨ ਉਸੇ ਸਮੇਂ ਪਾਕਿਸਤਾਨੀ ਫ਼ੌਜ ਦਾ ਮੁਖੀ ਜਨਰਲ ਪ੍ਰਵੇਜ਼ ਮੁਸ਼ੱਰਫ਼ ਭਾਰਤ ਦੀ ਧਰਤੀ ਕਾਰਗਿਲ ਨੂੰ ਹਥਿਆਉਣ ਦੀਆਂ ਗੋਂਦਾਂ ਹੀ ਨਹੀਂ ਸੀ ਗੁੰਦ ਰਿਹਾ, ਸਗੋਂ ਅਤਿਵਾਦੀ ਸੰਗਠਨਾਂ ਨਾਲ ਆਪਣੀ ਫ਼ੌਜ ਨੂੰ ਭੇਜ ਕੇ ਉਸ ਇਲਾਕੇ ‘ਤੇ ਕਬਜ਼ਾ ਵੀ ਕਰ ਰਿਹਾ ਸੀ। ਇਸ ਅਮਲ ਨੇ ਹਾਲਾਤ ਨੂੰ ਵੱਡਾ ਮੋੜਾ ਦੇ ਦਿੱਤਾ ਸੀ ਤੇ ਦੋਵਾਂ ਦੇਸ਼ਾਂ ਵਿਚ ਮੁੜ ਤਣਾਅ ਪੈਦਾ ਹੋ ਗਿਆ ਸੀ। ਸ੍ਰੀ ਨਰੇਂਦਰ ਮੋਦੀ ਦੀ ਸੰਖੇਪ ਯਾਤਰਾ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਸਕੱਤਰ ਐਜ਼ਾਜ਼ ਅਹਿਮਦ ਚੌਧਰੀ ਵੱਲੋਂ ਪ੍ਰਗਟਾਏ ਵਿਚਾਰ ਇਸ ਦਿਸ਼ਾ ਵਿਚ ਬੜੇ ਭਾਵਪੂਰਤ ਮੰਨੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਪ੍ਰਧਾਨ ਮੰਤਰੀ ਇਸ ਖਿਤੇ ਵਿਚ ਖੁਸ਼ਹਾਲੀ ਦਾ ਨਵਾਂ ਦੌਰ ਸ਼ੁਰੂ ਕਰਨ ਦੇ ਇੱਛੁਕ ਹਨ ਤੇ ਦੋਵੇਂ ਹੀ ਆਪਸੀ ਵਿਸ਼ਵਾਸ ਦੀ ਬਹਾਲੀ ਚਾਹੁੰਦੇ ਹਨ।
____________________________________
ਕੀ ਅਚਾਨਕ ਹੀ ਸੀ ਮੋਦੀ ਦੀ ਪਾਕਿਸਤਾਨ ਫੇਰੀ?
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਾਕਿਸਤਾਨ ਫੇਰੀ ਨੂੰ ਭਾਵੇਂ ਅਚਾਨਕ ਮੰਨਿਆ ਜਾ ਰਿਹਾ ਹੈ, ਪਰ ਇਹ ਤੈਅਸ਼ੁਦਾ ਫੇਰੀ ਸੀ ਜਿਸ ਦਾ ਪ੍ਰੋਗਰਾਮ ਬੈਂਕਾਕ ਵਿਚ ਭਾਰਤੀ ਤੇ ਪਾਕਿਸਤਾਨੀ ਕੌਮੀ ਸੁਰੱਖਿਆ ਸਲਾਹਕਾਰਾਂ ਦੀ ਗੁਪਤ ਮੀਟਿੰਗ ਵਿੱਚ ਮਿਥਿਆ ਗਿਆ ਸੀ। ਉਸੇ ਮੀਟਿੰਗ ਵਿਚ ਇਸ ਫੇਰੀ ਨੂੰ ਵੀ ਗੁਪਤ ਰੱਖਣ ਦਾ ਫੈਸਲਾ ਲਿਆ ਗਿਆ ਸੀ। ਰਾਜ਼ਦਾਰੀ ਵੀ ਏਨੀ ਕਿ ਵਿਦੇਸ਼ ਮੰਤਰਾਲੇ ਤੇ ਪ੍ਰਧਾਨ ਮੰਤਰੀ ਦਫਤਰ (ਪੀæਐਮæਓæ) ਦੇ ਚੰਦ ਅਧਿਕਾਰੀਆਂ ਨੂੰ ਛੱਡ ਕੇ ਹੋਰ ਕਿਸੇ ਨੂੰ ਉੱਘ-ਸੁੱਘ ਤੱਕ ਨਹੀਂ ਸੀ। ਅਜਿਹੀ ਹੀ ਰਾਜ਼ਦਾਰੀ ਪਾਕਿਸਤਾਨ ਵਾਲੇ ਪਾਸੇ ਵੀ ਸੀ।
_______________________________________
ਆਰæਐਸ਼ਐਸ਼ ਵੱਲੋਂ ‘ਅਖੰਡ ਭਾਰਤ’ ਦਾ ਰਾਗ
ਨਵੀਂ ਦਿੱਲੀ: ਰਾਮ ਮਾਧਵ ਨੇ ਦੋਹਾ ਦੇ ਚੈਨਲ ਅਲ ਜਜ਼ੀਰਾ ਨੂੰ ਕਿਹਾ ਹੈ ਕਿ ਆਰæਐਸ਼ਐਸ਼ ਨੂੰ ਹੁਣ ਵੀ ਯਕੀਨ ਹੈ ਕਿ ਛੇਤੀ ਹੀ ‘ਅਖੰਡ ਭਾਰਤ’ ਬਣੇਗਾ। ਜਿਹੜੇ ਹਿੱਸੇ 60 ਸਾਲ ਪਹਿਲਾਂ ਕੁਝ ਇਤਿਹਾਸਕ ਕਾਰਨਾਂ ਕਰ ਕੇ ਵੱਖ ਹੋ ਗਏ ਸਨ, ਉਹ ਫਿਰ ਤੋਂ ਇਕ ਹੋਣਗੇ ਤੇ ‘ਅਖੰਡ ਭਾਰਤ’ ਬਣੇਗਾ। ਭਾਜਪਾ ਦੇ ਜਨਰਲ ਸਕੱਤਰ ਨੇ ਕਿਹਾ ਕਿ ਆਰæਐਸ਼ਐਸ਼ ਦਾ ਮੈਂਬਰ ਹੋਣ ਵਜੋਂ ਮੈਂ ਵੀ ਇਸੇ ਦ੍ਰਿਸ਼ਟੀਕੋਣ ਨੂੰ ਲੈ ਕੇ ਚੱਲਦਾ ਹਾਂ। ਹਾਲਾਂਕਿ ਉਨ੍ਹਾਂ ਨੇ ਇਹ ਸਪਸ਼ਟ ਕੀਤਾ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਦੇਸ਼ ਦੇ ਖਿਲਾਫ ਜੰਗ ਲਗਾਉਣਗੇ, ਅਸੀਂ ਕਿਸੇ ਦੇਸ਼ ਨੂੰ ਖ਼ੁਦ ਵਿਚ ਮਿਲਾ ਲਵਾਂਗੇ। ਬਿਨਾਂ ਜੰਗ ਦੇ ਆਪਸੀ ਸਹਿਮਤੀ ਨਾਲ ਇਹ ਹੋ ਸਕਦਾ ਹੈ। ਅਖੰਡ ਭਾਰਤ ਦਲੀਲ ਨੂੰ ਅੱਗੇ ਵਧਾਉਂਦਿਆਂ ਮਾਧਵ ਨੇ ਜਰਮਨੀ ਤੇ ਵੀਅਤਨਮ ਦੀਆਂ ਉਦਾਹਰਨਾਂ ਦਾ ਹਵਾਲਾ ਦਿੱਤਾ ਤੇ ਕਿਹਾ ਕਿ ਜੇਕਰ ਉਹ ਇਕੱਠੇ ਹੋ ਸਕਦੇ ਹਨ ਤਾਂ ਭਾਰਤ ਤੇ ਪਾਕਿਸਤਾਨ ਕਿਉਂ ਨਹੀਂ।