ਮਿਥਿਹਾਸ ‘ਚੋਂ ਮਿਲੇਗਾ ਗਿਆਨ ਵਿਗਿਆਨ ਦਾ ਇਤਿਹਾਸ

ਗੁਰਬਚਨ ਸਿੰਘ ਭੁੱਲਰ
ਫੋਨ: 0091-11425-02364
ਕਿਸੇ ਵੀ ਦੇਸ, ਕੌਮ ਜਾਂ ਸਮਾਜ ਦਾ ਇਤਿਹਾਸ ਉਸ ਦੇ ਅਤੀਤ ਦਾ ਖ਼ਜ਼ਾਨਾ, ਵਰਤਮਾਨ ਦਾ ਆਧਾਰ ਅਤੇ ਭਵਿੱਖ ਦਾ ਵਿਕਾਸ-ਮਾਰਗ ਹੁੰਦਾ ਹੈ। ਇਤਿਹਾਸ ਨਿੱਗਰ ਸਬੂਤਾਂ ਉਤੇ ਉਸਰਦਾ ਹੈ। ਉਹਦੇ ਮੂਲ ਸੋਮੇ ਪੁਰਾਤਨ ਥੇਹ, ਉਨ੍ਹਾਂ ਵਿਚੋਂ ਮਿਲੀਆਂ ਵਸਤਾਂ, ਸਰਕਾਰੀ ਰਿਕਾਰਡ, ਨਿੱਜੀ ਡਾਇਰੀਆਂ, ਸਫ਼ਰਨਾਮੇ, ਜੀਵਨੀਆਂ, ਚਿਤਰ, ਆਦਿ ਹੁੰਦੇ ਹਨ। ਕਿਸੇ ਸਬੂਤ ਤੋਂ ਵਿਰਵੀਆਂ ਗੱਲਾਂ ਇਤਿਹਾਸ ਦਾ ਅੰਗ ਨਹੀਂ ਮੰਨੀਆਂ ਜਾਂਦੀਆਂ।

ਮਿਥਿਹਾਸ ਡੂੰਘੇ ਅਤੀਤ ਦੀ ਰਚਨਾ ਹੈ ਜਿਸ ਦੀ ਬੁਨਿਆਦ ਕਲਪਨਾ ਹੈ। ਇਹ ਕਲਪਨਾ ਉਸ ਸਮੇਂ ਦੇ ਸਮਾਜ ਦੀਆਂ ਅਜਿਹੀਆਂ ਇਛਾਵਾਂ ਤੇ ਰੀਝਾਂ ਦਾ ਜਵਾਬ ਸੀ ਜਿਨ੍ਹਾਂ ਦੀ ਪ੍ਰਾਪਤੀ ਅਸਲ ਜੀਵਨ ਵਿਚ ਅਸੰਭਵ ਸੀ। ਜਾਂ ਫੇਰ ਪੁਰਾਤਨ ਮਨੁੱਖ ਜਿਨ੍ਹਾਂ ਚੀਜ਼ਾਂ ਜਾਂ ਘਟਨਾਵਾਂ ਦੇ ਨਿਕਾਸ-ਵਿਕਾਸ ਨੂੰ ਸਮਝਣ ਤੋਂ ਅਸਮਰੱਥ ਹੁੰਦਾ ਸੀ, ਉਨ੍ਹਾਂ ਦੀ ਵਿਆਖਿਆ ਕਲਪਿਤ ਕਥਾਵਾਂ ਰਾਹੀਂ ਕਰਨ ਦਾ ਜਤਨ ਕਰਦਾ ਸੀ, ਜਿਨ੍ਹਾਂ ਨੂੰ ਮਿੱਥਾਂ ਕਿਹਾ ਜਾਣ ਲਗਿਆ। ਮਿਥਿਹਾਸ ਵਿਚ ਅਜਿਹੀਆਂ ਸਾਖੀਆਂ ਦੀ ਕੋਈ ਘਾਟ ਨਹੀਂ ਜਦੋਂ ਦੈਵੀ ਸ਼ਕਤੀ ਦਾ ਵਰੋਸਾਇਆ ਕੋਈ ਮਨੁੱਖ ਪਰਬਤ ਨੂੰ ਮੂਧਾ ਕਰ ਦਿੰਦਾ ਹੈ ਜਾਂ ਪਾਣੀ ਪੀ ਕੇ ਸਮੁੰਦਰ ਖਾਲੀ ਕਰ ਦਿੰਦਾ ਹੈ। ਅਸਲ ਜ਼ਿੰਦਗੀ ਵਿਚ ਅਜਿਹਾ ਕੁਝ ਕਦੀ ਨਹੀਂ ਵਾਪਰਦਾ। ਇਤਿਹਾਸ ਅਤੇ ਮਿਥਿਹਾਸ ਵਿਚਕਾਰ ਏਨੇ ਵੱਡੇ ਫ਼ਰਕ ਦੇ ਹੁੰਦਿਆਂ ਕਿਸੇ ਸਾਧਾਰਨ ਸਮਝ ਦੇ ਮਾਲਕ ਵਿਅਕਤੀ ਲਈ ਵੀ ਉਨ੍ਹਾਂ ਨੂੰ ਇਕ ਦੂਜੇ ਤੋਂ ਨਿਖੇੜ ਕੇ ਦੇਖਣਾ ਕੋਈ ਮੁਸ਼ਕਿਲ ਕੰਮ ਨਹੀਂ।
ਵਰਤਮਾਨ ਸੱਤਾ ਦੀ ਲੀਲ੍ਹਾ ਨਿਆਰੀ ਹੈ। ਉਹ ਸਮੁੱਚੇ ਗਿਆਨ-ਵਿਗਿਆਨ, ਜਿਸ ਵਿਚ ਭਾਸ਼ਾ, ਸਾਹਿਤ, ਕਲਾ ਤੇ ਸਭਿਆਚਾਰ ਆਦਿ ਵੀ ਆ ਜਾਂਦੇ ਹਨ, ਨੂੰ ਕਲਾਵੇ ਵਿਚ ਲੈਣ ਵਾਲੇ ਇਤਿਹਾਸ ਦੀ ਅਸਲਵਾਦੀ ਰੀਤ ਦੀ ਥਾਂ ਮਿਥਿਹਾਸ ਦੀ ਕਲਪਨਾਵਾਦੀ ਪਿਰਤ ਦੀ ਵਿਸ਼ਵਾਸੀ ਹੈ। ਉਹਦਾ ਮੱਤ ਹੈ ਕਿ ਸਭ ਗਿਆਨ-ਵਿਗਿਆਨ ਸਮੇਤ ਇਤਿਹਾਸ ਦਾ ਸੋਮਾ, ਮਿਥਿਹਾਸ ਹੈ; ਭਾਵ ਇਤਿਹਾਸ ਦੇ ਤੱਥ ਮਿਥਿਹਾਸ ਦੀ ਕਲਪਨਾ ਵਿਚੋਂ ਲਭਦੇ ਹਨ। ਸੱਤਾ-ਪੱਖੀ ‘ਵਿਦਵਾਨਾਂ’ ਦਾ ਕਹਿਣਾ ਹੈ ਕਿ ਥੇਹਾਂ, ਲਿਖਤਾਂ, ਚਿਤਰਾਂ, ਆਦਿ ਵਿਚੋਂ ਇਤਿਹਾਸ ਲੱਭਣਾ ਪੱਛਮੀ ਤਰੀਕਾ ਹੈ ਜਿਸ ਨੂੰ ਅਪਨਾਉਣਾ ਭਾਰਤੀ ਸੰਸਕ੍ਰਿਤੀ ਤੇ ਗਿਆਨ-ਪ੍ਰੰਪਰਾ ਨਾਲ ਮੇਲ ਨਹੀਂ ਖਾਂਦਾ। ਉਨ੍ਹਾਂ ਅਨੁਸਾਰ ਭਾਰਤੀ ਇਤਿਹਾਸ ਦੇ ਸੋਮੇ ਵੇਦ-ਸ਼ਾਸਤਰ ਤੇ ਪੁਰਾਤਨ ਗ੍ਰੰਥ ਹਨ। ਜੇ ਇਹ ਮੱਤ ਪਹਿਲਾਂ ਵਾਂਗ ਧਰਮ-ਸਥਾਨਾਂ ਤੇ ਗੁਰੂਕੁਲਾਂ ਤੱਕ ਸੀਮਤ ਰਹਿੰਦਾ, ਵਿਗਿਆਨਕ ਇਤਿਹਾਸਕਾਰੀ ਵਾਸਤੇ ਕੋਈ ਸਮੱਸਿਆ ਨਹੀਂ ਸੀ। ਪਰ ਹੁਣ ਇਹ ਮੱਤ ਸਰਕਾਰੀ ਵਿਦਿਅਕ ਨੀਤੀ ਬਣ ਗਿਆ ਹੈ। ਕੇਂਦਰੀ ਸਿੱਖਿਆ ਮੰਤਰੀ ਨੇ ਸਕੂਲੀ-ਕਾਲਜੀ ਵਿਦਿਆ ਨੂੰ ਇਸੇ ਸੈਂਚੇ ਵਿਚ ਢਾਲਣਾ ਆਪਣਾ ਐਲਾਨੀਆ ਉਦੇਸ਼ ਬਣਾਇਆ ਹੋਇਆ ਹੈ ਅਤੇ ਭਾਜਪਾ ਦੇ ਰਾਜ ਵਾਲੇ ਸੂਬੇ ਇਹ ਤਬਦੀਲੀ ਦ੍ਰਿੜ੍ਹਤਾ ਨਾਲ ਲਿਆ ਰਹੇ ਹਨ। ਕੇਂਦਰੀ ਵਿਸ਼ਵਾਸ ਇਹ ਹੈ ਕਿ “ਆਧੁਨਿਕ ਵਿਗਿਆਨ ਤੇ ਤਕਨਾਲੋਜੀ ਦੀਆਂ ਕਮਾਲ ਦੀਆਂ ਪ੍ਰਾਪਤੀਆਂ ਪ੍ਰਾਚੀਨ ਭਾਰਤ ਦੀਆਂ ਕਾਢਾਂ ਹਨ।”
ਇਸ ਵਿਦਿਅਕ ਨੀਤੀ ਦੀ ਇਕ ਉਜਾਗਰ ਮਿਸਾਲ 125 ਪੰਨੇ ਦੀ ਪੁਸਤਕ ‘ਤੇਜਮਈ ਭਾਰਤ’ ਹੈ। ਇਹ ‘ਗੁਜਰਾਤ ਰਾਜ ਸਕੂਲ ਟੈਕਸਟ ਬੁੱਕ ਬੋਰਡ’ ਨੇ ਕੁਝ ਸਾਲ ਪਹਿਲਾਂ ਉਸ ਸਮੇਂ ਛਾਪੀ ਸੀ ਜਦੋਂ ਮੋਦੀ ਜੀ ਅਜੇ ਗੁਜਰਾਤ ਦੇ ਮੁੱਖ ਮੰਤਰੀ ਸਨ। ਗੁਜਰਾਤ ਦੇ ਸਿੱਖਿਆ ਮੰਤਰੀ ਦੇ ਹੁਕਮ ਨਾਲ ਇਹ ਪੁਸਤਕ ਸੂਬੇ ਦੇ ਸਾਰੇ 42,000 ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਵਿਚ ਲਾਜ਼ਮੀ ਸਪਲੀਮੈਂਟਰੀ ਰੀਡਰ ਬਣੀ ਹੋਈ ਹੈ। ਵਿਸ਼ੇ-ਵਸਤੂ ਦੇ ਪੱਖੋਂ ਇਸ ਪੁਸਤਕ ਨਾਲ ਮੇਲ ਖਾਂਦੀਆਂ ਅੱਠ ਹੋਰ ਪੁਸਤਕਾਂ ਵੀ ਗੁਜਰਾਤ ਦੇ ਸਕੂਲਾਂ ਵਿਚ ਸਪਲੀਮੈਂਟ ਰੀਡਰਾਂ ਵਜੋਂ ਲਾਈਆਂ ਗਈਆਂ ਹਨ। ਉਹ ਸਾਰੀਆਂ ਦੀਨਾ ਨਾਥ ਬੱਤਰਾ ਨਾਂ ਦੇ ਕਥਿਤ ਸਿੱਖਿਆ ਸ਼ਾਸਤਰੀ ਦੀਆਂ ਲਿਖੀਆਂ ਹੋਈਆਂ ਹਨ। ਹਰ ਪੁਸਤਕ ਦੇ ਅੱਗੇ ਤਦਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਪ੍ਰਸੰਸਾਮਈ ਸੰਦੇਸ਼ ਹੈ। ਬੱਤਰਾ ਸਿੱਖਿਆ ਦੇ ਖੇਤਰ ਵਿਚ ਕੰਮ ਕਰਨ ਲਈ ਬਣਾਈ ਗਈ ਆਰ ਐਸ ਐਸ ਦੀ ਸੰਸਥਾ ‘ਵਿਦਿਆ ਭਾਰਤੀ’ ਦਾ ਸਰਗਰਮ ਸਵੈਮਸੇਵਕ ਹੈ ਅਤੇ ਹੁਣ ਭਾਜਪਾ ਸਰਕਾਰ ਦੀ ਵਿਦਿਅਕ ਨੀਤੀ ਦਾ ਮੁੱਖ ਸੇਧਕਾਰ ਹੈ। ਇਹ ਉਹੋ ਮਹਾਂਪੁਰਸ਼ ਹੈ ਜਿਸ ਦੇ ਮੁਕੱਦਮੇ ਤੋਂ ਯਰਕ ਕੇ ਪ੍ਰਕਾਸ਼ਕ ‘ਪੈਂਗੂਅਨ ਇੰਡੀਆ’ ਨੇ ਮੰਨੀ-ਪ੍ਰਮੰਨੀ ਅਮਰੀਕੀ ਵਿਦਵਾਨ ਤੇ ਇਤਿਹਾਸਕਾਰ ਵੈਂਡੀ ਡੌਨੀਗਰ ਦੀ ਛਪ ਕੇ ਤਿਆਰ ਹੋ ਚੁੱਕੀ ਪੁਸਤਕ ‘ਦਿ ਹਿੰਦੂਜ਼: ਐਨ ਆਲਟਰਨੇਟਿਵ ਹਿਸਟਰੀ’ ਨਸ਼ਟ ਕਰ ਦਿੱਤੀ ਸੀ।
ਇਨ੍ਹਾਂ ਪੁਸਤਕਾਂ ਦਾ ਦੱਸਿਆ ਉਦੇਸ਼ ਮਿਥਿਹਾਸ ‘ਚੋਂ ਇਤਿਹਾਸ ਉਸਾਰਨ ਦੀ ਪੁੱਠੀ ਧਾਰਨਾ ਸਪੱਸ਼ਟ ਕਰਦਾ ਹੈ। ਲੇਖਕ ਤੇ ਪ੍ਰਕਾਸ਼ਕ ਅਨੁਸਾਰ ਇਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਨੂੰ “ਇਤਿਹਾਸ, ਵਿਗਿਆਨ, ਭੂਗੋਲ, ਧਰਮ ਅਤੇ ਗਿਆਨ ਦੇ ਹੋਰ ਮੂਲ ਖੇਤਰਾਂ ਬਾਰੇ ਅਸਲ ਤੱਥਾਂ ਤੋਂ ਜਾਣੂ ਕਰਵਾਉਣਾ” ਹੈ। ਭਾਵ ਇਨ੍ਹਾਂ ਪੁਸਤਕਾਂ ਵਿਚ ਲਿਖੀਆਂ ਗਈਆਂ ਮਿਥਿਹਾਸਕ ਕਲਪਿਤ ਗੱਲਾਂ ‘ਅਸਲ ਤੱਥ’ ਹਨ। ਜਿਹੜੀ ਮਿਥਿਹਾਸਕ ਗੱਲ ਅਜੋਕੇ ਵਿਗਿਆਨਕ ਤੇ ਤਰਕਮੁਖੀ ਜੁੱਗ ਦੇ ਕਿਸੇ ਗਿਆਨ-ਖੇਤਰ ਨਾਲ ਜੋੜੀ ਜਾ ਸਕਦੀ ਹੈ, ਉਹ ਉਸ ਦੇ ਪ੍ਰਮਾਣਿਕ ਤੇ ਵਿਗਿਆਨਕ ਇਤਿਹਾਸ ਵਜੋਂ ਪੇਸ਼ ਕੀਤੀ ਗਈ ਹੈ। ਮਿਸਾਲ ਵਜੋਂ, ਇਨ੍ਹਾਂ ਪੁਸਤਕਾਂ ਦੇ ਭੂਗੋਲ ਅਨੁਸਾਰ ਪਾਕਿਸਤਾਨ ਤੇ ਬੰਗਲਾਦੇਸ਼ ਤਾਂ ਹੋਣੇ ਹੀ ਸਨ, ਅਫ਼ਗਾਨਿਸਤਾਨ, ਤਿੱਬਤ, ਨੇਪਾਲ, ਭੂਟਾਨ, ਸ੍ਰੀਲੰਕਾ ਤੇ ਮਿਆਂਮਾਰ ਕਿਸੇ ਸਮੇਂ ‘ਅਖੰਡ ਭਾਰਤ’ ਦੇ ਹਿੱਸੇ ਰਹੇ ਹਨ ਜਿਸ ਕਰਕੇ ਉਹ ਹੁਣ ਵੀ ਭਾਰਤ ਦੇ ਅੰਗ ਹੋਣੇ ਚਾਹੀਦੇ ਹਨ। ਇਸ ਗਹਿਰੇ ਗਿਆਨ-ਸਾਗਰ ਵਿਚੋਂ ਨਿਕਲੇ ਦੋ-ਚਾਰ ਹੋਰ ਮੋਤੀਆਂ ਦੇ ਦਰਸ਼ਨ ਕਰਨੇ ਵੀ ਠੀਕ ਰਹਿਣਗੇ।
‘ਤੇਜਮਈ ਭਾਰਤ’ ਦੇ ਪੰਨਾ 60 ਉਤੇ ਹਜ਼ਾਰਾਂ ਸਾਲ ਪਹਿਲਾਂ ਦੇ ਭਾਰਤ ਦੇ ਤਕਨਾਲੋਜੀਕਲ ਵਿਕਾਸ ਬਾਰੇ ਦੱਸਿਆ ਗਿਆ ਹੈ, “ਜਿਸ ਨੂੰ ਅਸੀਂ ਮੋਟਰਕਾਰ ਕਹਿੰਦੇ ਹਾਂ, ਉਹ ਵੇਦ-ਕਾਲ ਵਿਚ ਮੌਜੂਦ ਸੀ। ਇਹਨੂੰ ਅਨ-ਅਸ਼ਵ ਰਥ ਕਿਹਾ ਜਾਂਦਾ ਸੀ। ਆਮ ਕਰਕੇ ਰਥ ਨੂੰ ਅਸ਼ਵ ਅਰਥਾਤ ਘੋੜੇ ਖਿਚਦੇ ਹਨ ਪਰ ਅਨ-ਅਸ਼ਵ ਰਥ ਦਾ ਮਤਲਬ ਉਹ ਰਥ ਹੈ ਜੋ ਘੋੜਿਆਂ ਤੋਂ ਬਿਨਾਂ ਚੱਲੇ, ਭਾਵ ਮਸ਼ੀਨੀ ਰਥ। ਇਉਂ ਅੱਜ ਜੋ ਮੋਟਰਕਾਰ ਹੈ, ਇਹਦਾ ਵੇਰਵਾ ਰਿਗਵੇਦ ਵਿਚ ਮੌਜੂਦ ਹੈ।” ਪੁਸਤਕ ਦੇ ਵਿਦਵਾਨ ਰਚਨਾਕਾਰ ਨੇ ਇਹ ਦੱਸਣ ਦੀ ਖੇਚਲ ਨਹੀਂ ਕੀਤੀ ਕਿ ਅਨ-ਅਸ਼ਵ ਦਾ ਮਤਲਬ ਕਿਸ ਕੋਸ਼-ਵਿਧੀ ਨਾਲ ਮਸ਼ੀਨੀ ਹੋਇਆ। ਇਸ ਦਾ ਮਤਲਬ ਉਹ ਰਥ ਕਿਉਂ ਨਹੀਂ ਹੋਵੇਗਾ ਜਿਸ ਨੂੰ ਘੋੜੇ ਦੀ ਥਾਂ ਕੋਈ ਹੋਰ ਪਸੂ, ਜਿਵੇਂ ਝੋਟਾ ਜਾਂ ਬਲ੍ਹਦ ਖਿੱਚ ਰਿਹਾ ਹੋਵੇ?
ਪੰਨਾ 64 ‘ਤੇ ਪੁਰਾਤਨ ਭਾਰਤ ਦੇ ਤਕਨਾਲੋਜੀਕਲ ਵਿਕਾਸ ਦੀ ਤਸਵੀਰ ਦੇਖੋ- “ਦੱਸਿਆ ਜਾਂਦਾ ਹੈ ਕਿ ਟੈਲੀਵਿਯਨ ਦੀ ਕਾਢ 1926 ਵਿਚ ਸਕਾਟਲੈਂਡ ਦੇ ਪਾਦਰੀ ਜਾਨ ਲੌਗੀ ਬੇਅਰਡ ਨੇ ਕੱਢੀ ਸੀ, ਪਰ ਅਸੀਂ ਤੁਹਾਨੂੰ ਪੁਰਾਤਨ ਦੂਰਦਰਸ਼ਨ ਦੀ ਵਾਰਤਾ ਦਸਦੇ ਹਾਂ। ਭਾਰਤੀ ਰਿਸ਼ੀ ਆਪਣੀ ਯੋਗ ਵਿਦਿਆ ਨਾਲ ਦਿਵਯ-ਦ੍ਰਿਸ਼ਟੀ ਪ੍ਰਾਪਤ ਕਰ ਲੈਂਦੇ ਸਨ। ਕੋਈ ਸ਼ੱਕ ਨਹੀਂ ਕਿ ਟੈਲੀਵਿਯਨ ਦੀ ਕਾਢ ਦਾ ਮੁੱਢ ਉਥੋਂ ਹੀ ਬੱਝਿਆ। ਹਸਤਨਾਪੁਰ ਦੇ ਮਹਿਲ ਵਿਚ ਬੈਠਾ ਸੰਜਯ ਆਪਣੀ ਦਿਵਯ-ਸ਼ਕਤੀ ਵਰਤ ਕੇ ਨੇਤਰਹੀਣ ਧ੍ਰਿਤਰਾਸ਼ਟਰ ਨੂੰ ਮਹਾਂਭਾਰਤ ਦੀ ਲੜਾਈ ਦਾ ਲਾਈਵ ਟੈਲੀਕਾਸਟ ਦੱਸਦਾ ਰਿਹਾ ਸੀ।”
ਪੰਨਾ 92-93 ਉਤੇ ਅਮਰੀਕਾ ਦੇ ਸਟੈੱਮ ਸੈੱਲ ਦਾ ਕਾਢਕਾਰ ਹੋਣ ਦੇ ਦਾਅਵੇ ਦਾ ਖੰਡਣ ਇਸ ਕਥਾ ਨਾਲ ਕੀਤਾ ਗਿਆ ਹੈ, “ਕੁੰਤੀ ਦੇ ਸੂਰਜ ਵਰਗਾ ਤੇਜੱਸਵੀ ਪੁੱਤਰ ਪੈਦਾ ਹੋਇਆ। ਜਦੋਂ ਗੰਧਾਰੀ ਨੂੰ, ਜੋ ਪਹਿਲਾਂ ਦੋ ਸਾਲ ਗਰਭ ਧਾਰਨ ਨਹੀਂ ਸੀ ਕਰ ਸਕੀ, ਇਸ ਗੱਲ ਦਾ ਪਤਾ ਲਗਿਆ, ਉਹਦਾ ਗਰਭਪਾਤ ਹੋ ਗਿਆ। ਉਹਦੀ ਕੁੱਖ ਵਿਚੋਂ ਮਾਸ ਦਾ ਇਕ ਬਹੁਤ ਵੱਡਾ ਲੋਥੜਾ ਬਾਹਰ ਆਇਆ। ਰਿਸ਼ੀ ਦਵੈਪਿਅਨ ਨੂੰ ਬੁਲਾਇਆ ਗਿਆ। ਉਹਨੇ ਮਾਸ ਦਾ ਇਹ ਸਖ਼ਤ ਲੋਥੜਾ ਦੇਖਿਆ-ਘੋਖਿਆ ਅਤੇ ਵਿਸ਼ੇਸ਼ ਰਸਾਇਣਾਂ ਦੇ ਭਰੇ ਹੋਏ ਇਕ ਠੰਢੇ ਕੁੰਡ ਵਿਚ ਸਾਂਭ ਦਿੱਤਾ। ਕੁਝ ਸਮੇਂ ਪਿੱਛੋਂ ਉਹਨੇ ਉਸ ਲੋਥੜੇ ਦੇ ਸੌ ਟੁਕੜੇ ਕੀਤੇ ਅਤੇ ਦੋ ਸਾਲਾਂ ਲਈ ਘਿਓ ਦੇ ਭਰੇ ਸੌ ਭਾਂਡਿਆਂ ਵਿਚ ਪਾ ਰੱਖੇ। ਦੋ ਸਾਲ ਮਗਰੋਂ ਮਾਸ ਦੇ ਉਨ੍ਹਾਂ ਟੁਕੜਿਆਂ ਤੋਂ ਸੌ ਕੌਰਵ ਪੈਦਾ ਹੋਏ। ਇਉਂ ਸਟੈੱਮ ਸੈੱਲ ਦੀ ਕਾਢ ਭਾਰਤ ਵਿਚ ਹਜ਼ਾਰਾਂ ਸਾਲ ਪਹਿਲਾਂ ਕੱਢੀ ਜਾ ਚੁੱਕੀ ਸੀ।”
ਇਹ ਸਭ ਕੁਝ ਪੜ੍ਹਦਿਆਂ-ਸੁਣਦਿਆਂ ਜਵਾਹਰ ਲਾਲ ਨਹਿਰੂ ਬਹੁਤ ਯਾਦ ਆਉਂਦੇ ਹਨ। ਵਡਮੁੱਲਾ ਕਥਨ ‘ਵਿਗਿਆਨਕ ਸੁਭਾਅ’ 1946 ਵਿਚ ਉਨ੍ਹਾਂ ਨੇ ਹੀ ਘੜਿਆ ਸੀ। ਆਪਣੀ ਮਹਾਨ ਰਚਨਾ ‘ਭਾਰਤ ਦੀ ਖੋਜ’ ਵਿਚ ਉਹ ਲਿਖਦੇ ਹਨ, “ਲੋੜ ਹੈ ਵਿਗਿਆਨਕ ਪਹੁੰਚ ਦੀ, ਸਾਹਸੀ ਪਰ ਤਾਂ ਵੀ ਆਲੋਚਨਾਤਮਕ ਵਿਗਿਆਨਕ ਸੁਭਾਅ ਦੀ, ਸੱਚ ਤੇ ਨਵੇਂ ਗਿਆਨ ਦੀ ਤਲਾਸ਼ ਦੀ, ਪਰਖੇ ਤੇ ਅਜ਼ਮਾਏ ਬਿਨਾਂ ਕੋਈ ਵੀ ਗੱਲ ਪਰਵਾਨ ਕਰਨ ਤੋਂ ਇਨਕਾਰ ਦੀ, ਨਵੇਂ ਸਬੂਤਾਂ ਦੇ ਸਾਹਮਣੇ ਪਹਿਲਾਂ ਤੋਂ ਕੱਢੇ ਹੋਏ ਨਤੀਜੇ ਬਦਲ ਸਕਣ ਦੀ ਸਮਰੱਥਾ ਦੀ, ਪਹਿਲਾਂ ਤੋਂ ਮਨ ਵਿਚ ਵਸੇ ਸਿਧਾਂਤ ਉਤੇ ਨਹੀਂ ਸਗੋਂ ਪਰਤੱਖ ਤੱਥ ਉਤੇ ਟੇਕ ਦੀ, ਮਨ ਦੇ ਮਜ਼ਬੂਤ ਬੰਧੇਜ ਦੀ! ਇਹ ਸਭ ਗੱਲਾਂ ਸਿਰਫ਼ ਵਿਗਿਆਨ ਦੀ ਵਰਤੋਂ ਲਈ ਹੀ ਨਹੀਂ ਸਗੋਂ ਖ਼ੁਦ ਜੀਵਨ ਲਈ ਤੇ ਇਸ ਦੀਆਂ ਅਨੇਕ ਸਮੱਸਿਆਵਾਂ ਦੇ ਹੱਲ ਲਈ ਲਾਜ਼ਮੀ ਹਨ।” ਮਗਰੋਂ ਉਨ੍ਹਾਂ ਦੀ ਇਹ ਸੋਚ ਭਾਰਤ ਦੇ ਸੰਵਿਧਾਨ ਵਿਚ ਸਾਕਾਰ ਹੋਈ ਜਿਸ ਦੀ ਧਾਰਾ 5ਏ (ਐਚ) ਕਹਿੰਦੀ ਹੈ ਕਿ ਨਾਗਰਿਕਾਂ ਦਾ ਇਹ ਇਕ ਬੁਨਿਆਦੀ ਫ਼ਰਜ਼ ਹੈ, ਉਹ ਵਿਗਿਆਨਕ ਸੁਭਾਅ, ਮਾਨਵਵਾਦ ਅਤੇ ਜਗਿਆਸਾ ਦੀ ਤੇ ਸੁਧਾਰ ਦੀ ਭਾਵਨਾ ਵਿਕਸਿਤ ਕਰਨ। ਅੱਗੇ ਚੱਲ ਕੇ ਨਹਿਰੂ ਨੇ ਆਪਣੇ ਇਸ ਵਿਗਿਆਨਕ ਨਜ਼ਰੀਏ ਉਤੇ ਡਟੇ ਰਹਿੰਦਿਆਂ ਅਤੇ ਸੰਵਿਧਾਨ ਦੇ ਇਸ ਮਾਰਗ-ਦਰਸ਼ਨ ਉਤੇ ਸਖ਼ਤੀ ਨਾਲ ਪਹਿਰਾ ਦਿੰਦਿਆਂ ਪਾਰਲੀਮੈਂਟ ਵਿਚ ਅਨੇਕ ਵਾਰ ਅੰਧਵਿਸ਼ਵਾਸੀ ਮੁੱਦਿਆਂ ਨੂੰ ਲੈ ਕੇ ਮੈਂਬਰਾਂ ਨਾਲ, ਜਿਨ੍ਹਾਂ ਵਿਚ ਉਨ੍ਹਾਂ ਦੀ ਆਪਣੀ ਪਾਰਟੀ ਦੇ ਮੈਂਬਰ ਵੀ ਸ਼ਾਮਲ ਹੁੰਦੇ ਸਨ, ਸਿੱਧੇ-ਮੱਥੇ ਟੱਕਰ ਲਈ।
ਹਰ ਹੋਸ਼ਮੰਦ ਭਾਰਤੀ ਨੂੰ ਚਿੰਤਾ ਕਰਨੀ ਚਾਹੀਦੀ ਹੈ ਕਿ ਅਸੀਂ ਨਹਿਰੂ ਵਾਲੇ ‘ਵਿਗਿਆਨਕ ਸੁਭਾਅ’ ਦੇ ਕੌਮੀ ਉਦੇਸ਼ ਤੋਂ ਚੱਲ ਕੇ ਕਿਥੇ ਪਹੁੰਚ ਗਏ ਹਾਂ। ਸੋਚਣ ਵਾਲ਼ੀ ਗੱਲ ਹੈ ਕਿ ਦੁਨੀਆਂ ਦੇ ਆਧੁਨਿਕ ਵਿਗਿਆਨਕ ਸਿੱਖਿਆ ਵਾਲੇ ਬੱਚਿਆਂ ਦੇ ਮੁਕਾਬਲੇ ਇਸ ਅਨ-ਅਸ਼ਵੀ, ਧ੍ਰਿਤਰਾਸ਼ਟਰੀ ਤੇ ਕੌਰਵੀ ‘ਵਿਗਿਆਨਕ-ਤਕਨਾਲੋਜੀਕਲ’ ਗਿਆਨ ਨਾਲ ਲੈਸ ਸਾਡੇ ਬੱਚੇ ਕਿਥੇ ਖਲੋਣਗੇ! ਇਹ ਤੱਥ ਇਸ ਚਿੰਤਾ ਵਿਚ ਹੋਰ ਵਾਧਾ ਕਰਦਾ ਹੈ ਕਿ ਇਸ ਸੋਚ ਅਤੇ ਵਿਦਿਅਕ ਨੀਤੀ ਉਤੇ ਖ਼ੁਦ ਪ੍ਰਧਾਨ ਮੰਤਰੀ ਦੀ ਪ੍ਰਵਾਨਗੀ ਦੀ ਮੋਹਰ-ਛਾਪ ਲਗੀ ਹੋਈ ਹੈ। ਕੁਝ ਸਮਾਂ ਪਹਿਲਾਂ ਮੁੰਬਈ ਦੇ ਇਕ ਪ੍ਰਸਿੱਧ ਆਧੁਨਿਕ ਹਸਪਤਾਲ ਵਿਚ ਹੋਈ ਪ੍ਰਮੁੱਖ ਡਾਕਟਰਾਂ ਅਤੇ ਸਰਜਨਾਂ ਦੀ ਇਕ ਕਾਨਫ਼ਰੰਸ ਵਿਚ ਮੋਦੀ ਜੀ ਨੇ ਆਪਣਾ ‘ਸੰਵਿਧਾਨਕ ਵਿਗਿਆਨਕ ਸੁਭਾਅ’ ਇਨ੍ਹਾਂ ਸ਼ਬਦਾਂ ਵਿਚ ਪ੍ਰਗਟ ਕੀਤਾ, “ਕਿਸੇ ਸਮੇਂ ਜੋ ਪ੍ਰਾਪਤੀਆਂ ਸਾਡੇ ਦੇਸ ਨੇ ਡਾਕਟਰੀ ਵਿਗਿਆਨ ਵਿਚ ਕਰ ਲਈਆਂ ਸਨ, ਸਾਨੂੰ ਉਨ੍ਹਾਂ ਦਾ ਮਾਣ ਹੋਣਾ ਚਾਹੀਦਾ ਹੈ। ਮਹਾਂਭਾਰਤ ਵਿਚ ਅਸੀਂ ਕਰਣ ਦਾ ਜ਼ਿਕਰ ਪੜ੍ਹਦੇ ਹਾਂ। ਜੇ ਅਸੀਂ ਕੁਝ ਵਧੇਰੇ ਡੂੰਘਾ ਸੋਚੀਏ, ਪਤਾ ਲਗਦਾ ਹੈ ਕਿ ਮਹਾਂਭਾਰਤ ਦਸਦੀ ਹੈ, ਕਰਣ ਆਪਣੀ ਮਾਂ ਦੀ ਕੁੱਖ ਵਿਚੋਂ ਪੈਦਾ ਨਹੀਂ ਸੀ ਹੋਇਆ। ਇਸ ਦਾ ਮਤਲਬ ਹੈ ਕਿ ਉਸ ਸਮੇਂ ਜੈਨੈਟਿਕ ਵਿਗਿਆਨ ਮੌਜੂਦ ਸੀ ਜਿਸ ਕਰਕੇ ਕਰਣ ਆਪਣੀ ਮਾਂ ਦੀ ਕੁੱਖ ਤੋਂ ਬਿਨਾਂ ਪੈਦਾ ਹੋ ਸਕਿਆ। ਅਸੀਂ ਗਣੇਸ਼ ਦੀ ਪੂਜਾ ਕਰਦੇ ਹਾਂ। ਉਸ ਸਮੇਂ ਕੋਈ ਪਲਾਸਟਿਕ ਸਰਜਨ ਜ਼ਰੂਰ ਹੋਵੇਗਾ ਜਿਸ ਨੇ ਹਾਥੀ ਦਾ ਸਿਰ ਮਨੁੱਖ ਦੇ ਧੜ ਉਤੇ ਲਾ ਦਿੱਤਾ ਅਤੇ ਉਥੋਂ ਪਲਾਸਟਿਕ ਸਰਜਰੀ ਦਾ ਮੁੱਢ ਬੱਝਿਆ। ਅਨੇਕ ਖੇਤਰ ਹਨ ਜਿਨ੍ਹਾਂ ਵਿਚ ਸਾਡੇ ਪੁਰਖਿਆਂ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ। ਕਈਆਂ ਨੂੰ ਤਾਂ ਸਾਰੀ ਦੁਨੀਆਂ ਪਰਵਾਨ ਕਰਦੀ ਹੈ। ਮੇਰੇ ਕਹਿਣ ਦਾ ਮਤਲਬ ਹੈ, ਅਸੀਂ ਇਕ ਅਜਿਹਾ ਦੇਸ ਹਾਂ ਜੋ ਏਨਾ ਸਮਰੱਥਾਵਾਨ ਹੁੰਦਾ ਸੀ। ਇਹ ਸਮਰੱਥਾਵਾਂ ਨਵੇਂ ਸਿਰਿਉਂ ਹਾਸਲ ਕਰਨ ਦੀ ਲੋੜ ਹੈ!”
ਵੈਸੇ ਸੰਵਿਧਾਨ ਵੱਲ ਆਪਣਾ ਨਜ਼ਰੀਆ ਆਰ ਐਸ ਐਸ ਨੇ ਉਹਦੇ ਖਰੜੇ ਦਾ ਅੰਤਿਮ ਰੂਪ ਤਿਆਰ ਹੋ ਜਾਣ ਤੋਂ ਚਾਰ ਦਿਨ ਮਗਰੋਂ, 30 ਨਵੰਬਰ 1949 ਨੂੰ ਆਪਣੇ ਪੱਤਰ ‘ਆਰਗੇਨਾਈਜ਼ਰ’ ਵਿਚ ਇਨ੍ਹਾਂ ਸ਼ਬਦਾਂ ਵਿਚ ਸਾਫ਼ ਕਰ ਦਿੱਤਾ ਸੀ, “ਭਾਰਤ ਦੇ ਨਵੇਂ ਸੰਵਿਧਾਨ ਦੀ ਸਭ ਤੋਂ ਮਾੜੀ ਗੱਲ ਇਹ ਹੈ ਕਿ ਇਸ ਦਾ ਕੁਝ ਵੀ ਭਾਰਤੀ ਨਹੀਂ।” ਮੰਨੂੰ ਦੇ ਨੇਮ-ਕਾਨੂੰਨ ਦੁਨੀਆਂ ਭਰ ਦੀ ਪ੍ਰਸੰਸਾ ਜਗਾਉਂਦੇ ਹਨ ਅਤੇ ਆਪਮੁਹਾਰੀ ਆਗਿਆਕਾਰਤਾ ਤੇ ਅਨੁਸਾਰਤਾ ਖਟਦੇ ਹਨ। ਪਰ ਸਾਡੇ ਸੰਵਿਧਾਨਕ ਪੰਡਿਤਾਂ ਵਾਸਤੇ ਇਸ ਗੱਲ ਦਾ ਕੋਈ ਮਹੱਤਵ ਨਹੀਂ। ਸ਼ਾਇਦ ਭਾਜਪਾ ਰਾਹੀਂ ਸੱਤਾ ਦੀ ਸੇਧ ਮਿਥ ਰਹੀ ਆਰ ਐਸ ਐਸ ਲਈ ਆਪਣੀ ਮੰਨੂੰਵਾਦੀ ਸੋਚ ਲਾਗੂ ਕਰਨ ਦਾ ਤੇ ‘ਗ਼ੈਰ-ਭਾਰਤੀ’ ਸੰਵਿਧਾਨ ਨੂੰ ‘ਦਰੁਸਤ’ ਕਰਨ ਦਾ ਸਮਾਂ ਆ ਗਿਆ ਹੈ। ਇਸ ਪੱਖੋਂ ਪਰੇਸ਼ਾਨ ਕਰਨ ਵਾਸਤੇ ਤਾਂ ਸੰਘ ਦੇ ਸਵੈਮਸੇਵਕ ਪ੍ਰਧਾਨ ਮੰਤਰੀ ਦੇ ਉਪਰੋਕਤ ਮਨੋਹਰ ਵਚਨ ਹੀ ਕਾਫ਼ੀ ਹਨ ਪਰ ਏਨੀ ਹੀ ਪਰੇਸ਼ਾਨੀ ਇਹ ਜਾਣ ਕੇ ਹੁੰਦੀ ਹੈ ਕਿ ਕਿਸੇ ਇਕ ਵੀ ਡਾਕਟਰ ਜਾਂ ਸਰਜਨ ਨੇ ਮੋਦੀ ਦੇ ਅੰਧਵਿਸ਼ਵਾਸ ਦਾ ਉਥੇ ਜਾਂ ਮਗਰੋਂ ਖੰਡਣ ਨਹੀਂ ਕੀਤਾ! ਮੋਦੀ ਦਾ ਇਹ ਭਾਸ਼ਨ ਪ੍ਰਧਾਨ ਮੰਤਰੀ ਦੇ ਸਰਕਾਰੀ ਵੈਬਸਾਈਟ ਉਤੇ ਅਜੇ ਵੀ ਮੌਜੂਦ ਹੈ। ਕੁਝ ਕਰਨ-ਕਰਾਉਣ ਬਾਰੇ ਤਾਂ ਦੇਸ ਦੇ ਲੋਕ, ਬਿਹਾਰ ਵਾਂਗ, ਢੁੱਕਵਾਂ ਸਮਾਂ ਆਏ ਤੋਂ ਸੋਚਣਗੇ ਪਰ ਫ਼ਿਲਹਾਲ, ਧਰਮ ਦੇ ਸਹਾਰੇ ਰਾਜਨੀਤੀ ਕਰਨ ਵਾਲਿਆਂ ਦੇ ਰਾਜ ਵਿਚ ਧਰਮ ਦਾ ਹੀ ਮੁਹਾਵਰਾ ਵਰਤ ਕੇ ਅਸੀਂ ਫ਼ਿਲਮ ‘ਦੋ ਆਂਖੇਂ ਬਾਰਾਹ ਹਾਥ’ ਵਾਸਤੇ ਲਿਖੀ ਭਰਤ ਵਿਆਸ ਦੀ ਰੱਬ ਨੂੰ ਵੰਗਾਰਦੀ ਹੋਈ ਅਰਦਾਸ ਤਾਂ ਕਰ ਹੀ ਸਕਦੇ ਹਾਂ: “ਐ ਮਾਲਿਕ ਤੇਰੇ ਬੰਦੇ ਹਮ!æææਯਿਹ ਅੰਧੇਰਾ ਘਨਾ ਛਾ ਰਹਾ, ਤੇਰਾ ਇਨਸਾਨ ਘਬਰਾ ਰਹਾ/ਹੋ ਰਹਾ ਬੇਖ਼ਬਰ, ਕੁਛ ਨਾ ਆਤਾ ਨਜ਼ਰ, ਸੱਚ ਕਾ ਸੂਰਜ ਛੁਪਾ ਜਾ ਰਹਾ/ਹੈ ਤੇਰੀ ਰੌਸ਼ਨੀ ਮੇਂ ਜੋ ਦਮ, ਤੋ ਅਮਾਵਸ ਕੋ ਕਰ ਦੇ ਪੂਨਮ!æææ ਐ ਮਾਲਿਕ ਤੇਰੇ ਬੰਦੇ ਹਮ!”