ਕੂਟਨੀਤੀ ਦੇ ਕੂਹਣੀ ਮੋੜ ਤੋਂ ਮਾਇਆ ਦੀ ਮੁਥਾਜੀ ਤੱਕ ਬਹੁਤ ਕੁਝ ਵਿਖਾ ਗਿਐ ਜਾਣ ਵਾਲਾ ਸਾਲ

-ਜਤਿੰਦਰ ਪਨੂੰ
ਮਿਆਦ ਮੁਕਾ ਕੇ ਸਾਡੇ ਤੋਂ ਹੱਥ ਛੁਡਾਉਣ ਵਾਲਾ ਸਾਲ ਜਿੰਨੇ ਹੰਗਾਮਿਆਂ ਵਾਲਾ ਰਿਹਾ, ਸਾਰੇ ਸਾਲ ਇਸ ਤਰ੍ਹਾਂ ਦੇ ਨਹੀਂ ਹੁੰਦੇ, ਕਦੇ ਕੋਈ ਵਿਰਲਾ ਸਾਲ ਹੁੰਦਾ ਹੈ। ਇਸ ਨੇ ਦੇਸ਼ ਤੋਂ ਦੁਨੀਆਂ ਤੱਕ ਕਈ ਹੰਗਾਮੇ ਵਰਤਾਏ ਹਨ। ਜਾਣ ਲੱਗਾ ਆਖਰੀ ਹਫਤੇ ਵਿਚ ਵੀ ਭਾਰਤ-ਪਾਕਿ ਸਬੰਧਾਂ ਵਿਚ ਉਹ ਤਮਾਸ਼ਬੀਨੀ ਕਰ ਗਿਆ, ਜਿਸ ਬਾਰੇ ਭਾਰਤੀ ਲੋਕਾਂ ਨੇ ਕਦੇ ਸੁਫਨਾ ਨਹੀਂ ਸੀ ਲਿਆ। ਕੂਹਣੀ ਮੋੜ ਵਰਗੀ ਕੂਟਨੀਤੀ ਆਮ ਲੋਕਾਂ ਦੇ ਸਮਝ ਹੀ ਨਹੀਂ ਆਈ।

ਅਸੀਂ ਇੱਕ ਪੰਜਾਬੀ ਗਾਣਾ ਸੁਣ ਰੱਖਿਆ ਸੀ: ‘ਪੈਸਾ ਜਿਵੇਂ ਨਚਾਈ ਜਾਂਦਾ, ਦੁਨੀਆਂ ਨੱਚੀ ਜਾਂਦੀ ਹੈ।’ ਭਾਰਤ-ਪਾਕਿ ਵਿਚਾਲੇ ਕੂਟਨੀਤੀ ਦਾ ਇਹ ਕੂਹਣੀ ਮੋੜ ਵੀ ਪੈਸੇ ਵਾਲਿਆਂ ਦੀ ਮੰਗ ਮੁਤਾਬਕ ਕੱਟਿਆ ਗਿਆ ਸੁਣੀਂਦਾ ਹੈ।
ਅਸੀਂ ਕੂਟਨੀਤੀ ਦੇ ਪੰਡਿਤਾਂ ਵਿਚੋਂ ਨਹੀਂ, ਪਰ ਜਦੋਂ ਕੂਟਨੀਤੀ ਦੇ ਪੈਂਤੜੇ ਚੱਲ ਚੁੱਕੇ ਹੁੰਦੇ ਹਨ, ਘਟਨਾਵਾਂ ਦੇ ਵਹਿਣ ਤੋਂ ਸਿੱਟੇ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਭਾਰਤ-ਪਾਕਿ ਸਬੰਧਾਂ ਵਿਚ ਇਹ ਛੜੱਪਾ ਸਾਨੂੰ ਕੂਹਣੀ ਮੋੜ ਜਾਪਣ ਦਾ ਕਾਰਨ ਇਹ ਹੈ ਕਿ ਕ੍ਰਿਸਮਸ ਦੀ ਸਵੇਰ ਨੂੰ ਕਾਬਲ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਦਹਿਸ਼ਤਗਰਦੀ ਨੂੰ ਸ਼ਹਿ ਦੇਣ ਕਾਰਨ ਪਾਕਿਸਤਾਨ ਦੀ ਨਿਖੇਧੀ ਕੀਤੀ ਤੇ ਸ਼ਾਮ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਘਰ ਜਾ ਵੜੇ। ਜਦੋਂ ਪਾਕਿਸਤਾਨ ਦਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਜਾਂ ਪ੍ਰਧਾਨ ਮੰਤਰੀ ਰਾਜਾ ਪਰਵੇਜ਼ ਅਸ਼ਰਫ ਆਏ ਸਨ ਤਾਂ ਭਾਰਤੀ ਜਨਤਾ ਪਾਰਟੀ ਕਹਿੰਦੀ ਸੀ ਕਿ ਕੰਟਰੋਲ ਰੇਖਾ ਉਤੇ ਸਾਡੇ ਜਵਾਨਾਂ ਦੇ ਸਿਰ ਲਾਹੁਣ ਵਾਲਿਆਂ ਨੂੰ ਮਨਮੋਹਨ ਸਿੰਘ ਸਰਕਾਰ ਬਰਿਆਨੀ ਖਵਾ ਰਹੀ ਹੈ। ਉਹ ਤਾਂ ਆਇਆਂ ਦਾ ਰਸਮੀ ਸਵਾਗਤ ਕਰਨ ਦੀ ਮਜਬੂਰੀ ਸੀ, ਹੁਣ ਉਨ੍ਹਾਂ ਦਾ ਆਪਣਾ ਆਗੂ ਪ੍ਰਧਾਨ ਮੰਤਰੀ ਬਣ ਕੇ ਉਥੇ ਜਾ ਪੁੱਜਾ ਤਾਂ ਦੂਸਰੇ ਲੋਕ ਬਰਿਆਨੀ ਖਾਣ ਦਾ ਮਿਹਣਾ ਦੇ ਰਹੇ ਹਨ।
ਇਸ ਪੈਂਤੜੇ ਦੇ ਪਿੱਛੇ ਪੂੰਜੀ ਦਾ ਦਖਲ ਦਿਸਦਾ ਹੈ। ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ ਦੇ ਬੜੇ ਜ਼ਿਆਦਾ ਚਰਚਿਤ ਸਕੈਂਡਲਾਂ ਵਿਚੋਂ ਇੱਕ ਸਕੈਂਡਲ ਕੋਲੇ ਦੀਆਂ ਖਾਨਾਂ ਵਾਲਾ ਸੀ। ਉਸ ਵਿਚ ਮੁੰਬਈ ਦੇ ਇੱਕ ਕਾਂਗਰਸੀ ਐਮ ਪੀ ਦਾ ਨਾਂ ਵੀ ਆਇਆ ਸੀ, ਜੋ ਬਹੁਤ ਵੱਡੇ ਅਖਬਾਰ ਦਾ ਮਾਲਕ ਹੈ। ਪਾਰਲੀਮੈਂਟ ਚੋਣਾਂ ਨੇੜੇ ਅਚਾਨਕ ਉਹ ਗੁਜਰਾਤ ਗਿਆ ਤੇ ਉਥੋਂ ਦੇ ਭਾਜਪਾ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਸੋਹਲੇ ਗਾਈ ਜਾਵੇ। ਉਦੋਂ ਕਈ ਲੋਕ ਇਹ ਗੱਲ ਸਮਝ ਗਏ ਸਨ ਕਿ ਸਟੀਲ ਤੇ ਕੋਲੇ ਦੀ ਸਨਅਤ ਵਾਲੇ ਪੂੰਜੀਪਤੀ ਇਸ ਵਾਰੀ ਭਾਜਪਾ ਦੀ ਜਿੱਤ ਲਈ ਥੈਲੀਆਂ ਦਾ ਮੂੰਹ ਖੋਲ੍ਹਣਗੇ। ਹਰਿਆਣੇ ਦਾ ਕਾਂਗਰਸੀ ਐਮ ਪੀ ਨਵੀਨ ਜਿੰਦਲ ਕੋਲਾ ਸਕੈਂਡਲ ਦੀ ਮੁਕੱਦਮੇਬਾਜ਼ੀ ਵਿਚ ਫਸਿਆ ਤਾਂ ਲੋਕ ਕਹਿੰਦੇ ਸਨ ਕਿ ਹੁਣ ਨਿਕਲ ਨਹੀਂ ਸਕਣਾ, ਕਿਉਂਕਿ ਅੱਗੇ ਭਾਜਪਾ ਰਾਜ ਆ ਸਕਦਾ ਹੈ। ਉਹ ਹੱਸ ਕੇ ਟਾਲ ਜਾਂਦਾ ਸੀ। ਹੱਸਣ ਦਾ ਕਾਰਨ ਉਸ ਨੂੰ ਪਤਾ ਸੀ, ਸਾਨੂੰ ਕਿਸੇ ਨੂੰ ਜਾਣਕਾਰੀ ਨਹੀਂ ਸੀ। ਨਵੀਨ ਜਿੰਦਲ ਦਾ ਭਰਾ ਸੱਜਣ ਜਿੰਦਲ ਕਾਂਗਰਸ ਦੀ ਸ਼ਰੀਕ ਭਾਜਪਾ ਦੇ ਪ੍ਰਧਾਨ ਮੰਤਰੀ ਵੱਲੋਂ ਉਮੀਦਵਾਰ ਬਣ ਚੁੱਕੇ ਨਰਿੰਦਰ ਮੋਦੀ ਦੇ ਬਹੁਤ ਨੇੜੇ ਸੀ। ਅਫਗਾਨਿਸਤਾਨ ਤੋਂ ਖਰੀਦੇ ਕੱਚੇ ਲੋਹੇ ਨੂੰ ਭਾਰਤ ਲਿਆਉਣ ਵਿਚ ਉਸ ਪਰਿਵਾਰ ਨੂੰ ਸਮੁੰਦਰੀ ਰਸਤਾ ਵਰਤਣਾ ਮਹਿੰਗਾ ਪੈਂਦਾ ਸੀ ਤੇ ਉਹ ਪਾਕਿਸਤਾਨ ਦੇ ਸਟੀਲ ਕਾਰੋਬਾਰੀ ਨਵਾਜ਼ ਸ਼ਰੀਫ ਨਾਲ ਮਿਲ ਕੇ ਕੋਈ ਕੂਟਨੀਤਕ ਸੌਦਾ ਵੱਜਾ ਚਾਹੁੰਦੇ ਸਨ। ਪਿਛਲੇ ਸਾਲ ਜਦੋਂ ਬਹੁਤ ਨੇੜੇ ਆ ਕੇ ਨਰਿੰਦਰ ਮੋਦੀ ਤੇ ਨਵਾਜ਼ ਸ਼ਰੀਫ ਵਿਚ ਫਿਰ ਦੂਰੀਆਂ ਪੈ ਗਈਆਂ, ਨੇਪਾਲ ਵਿਚ ਦੋਵੇਂ ਇੱਕੋ ਮੰਚ ਉਤੇ ਬੈਠੇ ਵੀ ਅੱਖ ਨਹੀਂ ਸੀ ਮਿਲਾ ਰਹੇ, ਉਦੋਂ ਅੱਧੀ ਰਾਤ ਮੋਦੀ ਨੇ ਸੱਜਣ ਜਿੰਦਲ ਨੂੰ ਫੋਨ ਕਰ ਕੇ ਕਿਹਾ ਕਿ ਜਿਹੜੀ ਵੀ ਫਲਾਈਟ ਮਿਲੇ, ਲੈ ਕੇ ਨੇਪਾਲ ਆ ਜਾਹ। ਉਹ ਜਦੋਂ ਉਥੇ ਗਿਆ ਤਾਂ ਸਾਰੀ ਦੁਨੀਆਂ ਦੀਆਂ ਅੱਖਾਂ ਤੋਂ ਓਹਲੇ ਨਰਿੰਦਰ ਮੋਦੀ ਤੇ ਨਵਾਜ਼ ਸ਼ਰੀਫ ਦੀ ਮੀਟਿੰਗ ਕਰਵਾ ਦਿੱਤੀ ਤੇ ਜਿਹੜੇ ਦੋ ਪ੍ਰਧਾਨ ਮੰਤਰੀਆਂ ਨੇ ਪਹਿਲੇ ਦਿਨ ਅੱਖ ਨਹੀਂ ਸੀ ਮਿਲਾਈ, ਉਹੋ ਦੋਵੇਂ ਅਗਲੇ ਦਿਨ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਘਰ ਇੱਕ ਦੂਸਰੇ ਦਾ ਹੱਥ ਫੜ ਕੇ ਤੇਤੀ ਸੈਕਿੰਡ ਹਿਲਾਈ ਗਏ ਅਤੇ ਹੱਸ-ਹੱਸ ਫੋਟੋ ਖਿਚਵਾਈ ਗਏ ਸਨ।
ਪਾਕਿਸਤਾਨ ਨਾਲ ਸਬੰਧਾਂ ਵਿਚ ਸੁਧਾਰ ਦੇ ਅਸੀਂ ਮੁੱਢ ਤੋਂ ਹਮਾਇਤੀ ਹਾਂ, ਇਸ ਦੀ ਕਾਮਨਾ ਵੀ ਕਰਦੇ ਰਹੇ ਹਾਂ, ਪਰ ਇਸ ਗੱਲੋਂ ਦੁੱਖ ਹੈ ਕਿ ਦੁਵੱਲੀ ਕੂਟਨੀਤੀ ਪੂੰਜੀਪਤੀਆਂ ਦੀ ਮਦਦ ਦਾ ਮੁਥਾਜ ਹੋ ਗਈ ਤੇ ਇਸ ਦੇ ਬਦਲੇ ਉਹ ਮੋਟਾ ਮਾਲ ਕਮਾ ਜਾਣਗੇ। ਪਹਿਲੀ ਖੱਟੀ ਤਾਂ ਇਹੋ ਹੈ ਕਿ ਇੱਕ ਭਰਾ ਵੱਲੋਂ ਕੀਤੀ ਇਸ ਵਿਚੋਲਗੀ ਨਾਲ ਦੂਸਰੇ ਕਾਂਗਰਸੀ ਐਮ ਪੀ ਭਰਾ ਦੇ ਖਿਲਾਫ ਬਣੇ ਕੋਲਾ ਸਕੈਂਡਲ ਦੇ ਕੇਸ ਤੋਂ ਛੁਟਕਾਰਾ ਹੋ ਜਾਵੇਗਾ।
***
ਇਸ ਸਾਲ ਨੇ ਦੁਨੀਆਂ ਨੂੰ ਦਹਿਸ਼ਤਗਰਦੀ ਦੀਆਂ ਸੱਟਾਂ ਨਾਲ ਬੜੇ ਡੂੰਘੇ ਜ਼ਖਮ ਵੀ ਦਿੱਤੇ ਹਨ। ਫਰਾਂਸ ਇਸ ਦਾ ਸਭ ਤੋਂ ਵੱਡਾ ਪੀੜਤ ਹੈ। ਉਥੇ ਸਾਲ ਦੇ ਸ਼ੁਰੂ ਵਿਚ ਸ਼ਾਰਲੀ ਹੈਬਦੋ ਅਖਬਾਰ ਦੇ ਦਫਤਰ ਉਤੇ ਹਮਲੇ ਮੌਕੇ ਬਾਰਾਂ ਜਣਿਆਂ ਦੀ ਜਾਨ ਗਈ ਸੀ। ਫਿਰ ਗਿਆਰ੍ਹਵੇਂ ਮਹੀਨੇ ਇੱਕ ਸੌ ਤੀਹ ਲੋਕਾਂ ਦੀ ਜਾਨ ਲੈਣ ਵਾਲਾ ਵੱਡਾ ਦਹਿਸ਼ਤਗਰਦ ਕਾਂਡ ਹੋ ਗਿਆ। ਅਮਰੀਕਾ ਵਿਚ ਵੀ ਕੁਝ ਘਟਨਾਵਾਂ ਹੋਈਆਂ ਤੇ ਇਨ੍ਹਾਂ ਘਟਨਾਵਾਂ ਦੇ ਨਾਲ ਦਹਿਸ਼ਤ ਵਧੀ ਹੈ। ਉਂਜ ਸਾਡੀ ਦੁਨੀਆਂ ਨੂੰ ਕਈ ਹੋਰ ਇਸ ਨਾਲੋਂ ਵੱਡੀਆਂ ਘਟਨਾਵਾਂ ਦਾ ਝਟਕਾ ਹੀ ਨਹੀਂ ਲੱਗਾ, ਕਿਉਂਕਿ ਉਹ ਬੜੇ ਪਛੜੇ ਹੋਏ ਦੇਸ਼ਾਂ ਵਿਚ ਵਾਪਰੀਆਂ ਹਨ। ਨਾਈਜੀਰੀਆ ਵਿਚ ਜੁਲਾਈ ਦੇ ਪਹਿਲੇ ਦੋ ਦਿਨਾਂ ਵਿਚ ਹੀ ਬੋਕੋ ਹਰਮ ਦੇ ਦਹਿਸ਼ਤਗਰਦਾਂ ਨੇ ਇੱਕ ਸੌ ਪੰਜਤਾਲੀ ਲੋਕਾਂ ਨੂੰ ਮਾਰ ਦਿੱਤਾ ਸੀ। ਉਨ੍ਹਾਂ ਨੇ 2015 ਦਾ ਸਾਲ ਚੜ੍ਹਨ ਵੇਲੇ ਜਨਵਰੀ ਦੇ ਪਹਿਲੇ ਹਫਤੇ ਵੀ ਨਾਈਜੀਰੀਆ ਵਿਚ ਕੁਝ ਪਿੰਡ ਘੇਰ ਕੇ ਦੋ ਹਜ਼ਾਰ ਦੇ ਕਰੀਬ ਲੋਕ ਮਾਰ ਦਿੱਤੇ ਸਨ, ਪਰ ਬਾਕੀ ਦੁਨੀਆਂ ਦੇ ਮੀਡੀਆ ਲਈ ਉਹ ਪੰਜਵੇਂ-ਛੇਵੇਂ ਸਫੇ ਦੀ ਖਬਰ ਹੀ ਬਣੇ ਸਨ। ਕੀਨੀਆ ਦੀ ਗਰੀਸਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਸਣੇ ਇੱਕ ਸੌ ਅਠਤਾਲੀ ਲੋਕ ਅਪਰੈਲ ਵਿਚ ਮਾਰੇ ਗਏ ਅਤੇ ਸਾਨੂੰ ਕਿਸੇ ਨੂੰ ਉਨ੍ਹਾਂ ਦੀ ਖਬਰ ਬਾਰੇ ਵੀ ਚੇਤਾ ਨਹੀਂ। ਏਥੋਂ ਪਤਾ ਲੱਗਦਾ ਹੈ ਕਿ ਭਾਰਤ-ਪਾਕਿ ਕੂਟਨੀਤੀ ਵਾਂਗ ਸੰਸਾਰ ਵਿਚ ਮਨੁੱਖੀ ਰੰਜ ਵੀ ਵਿਕਸਤ ਤੇ ਵਿਕਾਸਸ਼ੀਲ ਦੇਸ਼ਾਂ ਦੇ ਲੋਕਾਂ ਦੀ ਮੌਤ ਬਾਰੇ ਵੱਖੋ-ਵੱਖ ਹੈ। ਗਰੀਬ ਦਾ ਮਰਨਾ ਜਿਵੇਂ ਕੋਈ ਗੌਲਦਾ ਹੀ ਨਹੀਂ।
***
ਭਾਰਤੀ ਕੂਟਨੀਤੀ ਵਾਂਗ ਭਾਰਤੀ ਰਾਜਨੀਤੀ ਵੀ ਬੜੇ ਅਜੀਬ ਰੰਗ ਵਿਖਾਉਂਦੀ ਹੈ। ਦਿੱਲੀ ਨੂੰ ਕਈ ਲੋਕ ਇਸ ਦੇਸ਼ ਦੀ ਰਾਜਧਾਨੀ ਤੋਂ ਅੱਗੇ ਵਧ ਕੇ ‘ਮਿੰਨੀ ਹਿੰਦੁਸਤਾਨ’ ਕਹਿੰਦੇ ਹਨ। ਇਸ ਸਾਲ ਦਿੱਲੀ ਇਹੋ ਜਿਹਾ ਦ੍ਰਿਸ਼ ਵਿਖਾ ਗਈ ਕਿ ਉਸ ਤੋਂ ਸਾਰੇ ਦੇਸ਼ ਦੀ ਰਾਜਨੀਤੀ ਪ੍ਰਭਾਵਤ ਹੋਈ ਹੈ। ਜਨਵਰੀ ਵਿਚ ਇਸ ਦੀ ਵਿਧਾਨ ਸਭਾ ਦੀ ਚੋਣ ਸ਼ੁਰੂ ਹੋ ਗਈ ਸੀ। ਸਾਡੇ ਪ੍ਰਧਾਨ ਮੰਤਰੀ ਨੇ ਇਸ ਚੋਣ ਨੂੰ ਜਿੱਤਣ ਲਈ ਗਣਤੰਤਰ ਦਿਵਸ ਪਰੇਡ ਦਾ ਮੌਕਾ ਵੀ ਵਰਤਣਾ ਚਾਹਿਆ। ਉਦੋਂ ਪਰੇਡ ਵਾਲੇ ਮੰਚ ਮੂਹਰੇ ਕਿਰਨ ਬੇਦੀ ਦੀ ਉਚੇਚੀ ਇੰਟਰਵਿਊ ਕਰਵਾਈ ਗਈ। ਇਹੀ ਨਹੀਂ, ਉਸ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਉਚੇਚਾ ਸੱਦ ਕੇ ਦੋ ਦਿਨ ਉਸ ਨਾਲ ਹਰ ਥਾਂ ਘੁੰਮਦੇ ਹੋਏ ਇਹ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਪ੍ਰਧਾਨ ਮੰਤਰੀ ਬਣਨ ਮਗਰੋਂ ਭਾਰਤ ਦੇ ਇਸ ਅਹੁਦੇ ਦਾ ਕੱਦ ਏਨਾ ਕੁ ਵਧ ਗਿਆ ਹੈ ਕਿ ਮਹਾਂਸ਼ਕਤੀ ਦਾ ਮੁਖੀ ਮੇਰੇ ਨਾਲ-ਨਾਲ ਤੁਰਿਆ ਫਿਰਦਾ ਹੈ। ਇਹ ਖੇਡ ਵੀ ਆਖਰ ਨੂੰ ਪੁੱਠੀ ਪੈ ਗਈ। ਜਾਣ ਤੋਂ ਪਹਿਲਾਂ ਇੱਕੋ ਮੀਟਿੰਗ ਓਬਾਮਾ ਨੇ ਮੋਦੀ ਤੋਂ ਬਿਨਾ ਕੀਤੀ ਅਤੇ ਉਸ ਵਿਚ ਘੱਟ ਗਿਣਤੀਆਂ ਨਾਲ ਸਬੰਧਤ ਤਿੰਨ ਵਿਅਕਤੀਆਂ-ਸ਼ਾਹਰੁਖ ਖਾਨ ਮੁਸਲਮਾਨ, ਮੈਰੀਕਾਮ ਇਸਾਈ ਤੇ ਮਿਲਖਾ ਸਿੰਘ ਸਿੱਖ ਦਾ ਉਚੇਚਾ ਜ਼ਿਕਰ ਕਰ ਕੇ ਨਸੀਹਤ ਦੇ ਦਿੱਤੀ ਕਿ ਤਰੱਕੀ ਕਰਨੀ ਹੈ ਤਾਂ ਇਨ੍ਹਾਂ ਦੀ ਅਹਿਮੀਅਤ ਚੇਤੇ ਰੱਖਣੀ ਪਊ। ਦਿੱਲੀ ਚੋਣਾਂ ਵਿਚ ਇਹੋ ਗੱਲ ਨਹੀਂ, ਕਈ ਕਾਰਨ ਹੋਰ ਵੀ ਭਾਜਪਾ ਦੇ ਖਿਲਾਫ ਗਏ ਤੇ ਨਤੀਜਾ ਉਹ ਨਿਕਲਿਆ ਕਿ ‘ਮਿੰਨੀ ਹਿੰਦੁਸਤਾਨ’ ਕਹੀ ਜਾਂਦੀ ਦਿੱਲੀ ਵਿਚੋਂ ਉਖੜੇ ਭਾਜਪਾ ਦੇ ਪੈਰ ਫਿਰ ਕਿਸੇ ਹੋਰ ਥਾਂ ਸਾਰਾ ਸਾਲ ਨਹੀਂ ਲੱਗ ਸਕੇ। ਬਿਹਾਰ ਇਸ ਦੀ ਸਭ ਤੋਂ ਵੱਡੀ ਮਿਸਾਲ ਹੈ, ਜਿੱਥੇ ਭਾਜਪਾ ਅੱਗੇ ਵਧਣ ਦੀ ਥਾਂ ਹੋਰ ਵੀ ਪਿਛਾਂਹ ਜਾ ਡਿੱਗੀ ਹੈ।
***
‘ਮਿੰਨੀ ਹਿੰਦੁਸਤਾਨ’ ਦਿੱਲੀ ਦੇ ਫਤਵੇ ਦਾ ਅਸਰ ਪੰਜਾਬ ਵਿਚ ਵੀ ਹੋਇਆ ਹੈ। ਅਸੀਂ ਸਾਲ ਦੇ ਮੁੱਢਲੇ ਦਿਨਾਂ ਵਿਚ ਲਿਖਿਆ ਸੀ ਕਿ ਭਾਜਪਾ ਹੁਣ ਅਕਾਲੀ ਦਲ ਦਾ ਖਹਿੜਾ ਛੱਡਣ ਤੇ ਰਗੜਾ ਕੱਢਣ ਦਾ ਮਨ ਬਣਾਈ ਬੈਠੀ ਹੈ ਤੇ ਗੱਠਜੋੜ ਦੀ ਸਰਕਾਰ ਸਾਲ ਲੰਘਾਉਂਦੀ ਨਹੀਂ ਲੱਗਦੀ। ਉਸ ਤੋਂ ਪਹਿਲਾਂ ਦਸੰਬਰ ਵਿਚ ਜਦੋਂ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਮੂਹਰੇ ਪੇਸ਼ੀ ਲਈ ਸੱਦਿਆ ਗਿਆ ਸੀ ਤਾਂ ਭਾਜਪਾ ਦੇ ਯੁਵਾ ਮੋਰਚੇ ਨੇ ਮਜੀਠੀਆ ਦੀ ਅਰਥੀ ਸਾੜੀ ਸੀ। ਜਨਵਰੀ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਨਸ਼ਿਆਂ ਦੇ ਵਿਰੁੱਧ ਅੰਮ੍ਰਿਤਸਰ ਵਿਚ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਸੀ, ਪਰ ਦਿੱਲੀ ਦੀ ਚੋਣ ਵਿਚ ਹਾਲਤ ਵਿਗੜਦੀ ਵੇਖ ਕੇ ਰੈਲੀ ਕਰਨ ਦੀ ਥਾਂ ਅਕਾਲੀਆਂ ਨਾਲ ਉਥੇ ਗੱਠਜੋੜ ਦੀ ਆਪ ਪੇਸ਼ਕਸ਼ ਕਰਨੀ ਪਈ, ਜਦ ਕਿ ਪਹਿਲਾਂ ਨਾਲ ਨਹੀਂ ਸਨ ਲੈਂਦੇ ਹੁੰਦੇ ਤੇ ਇਕੱਲੇ ਰੈਲੀਆਂ ਕਰੀ ਜਾ ਰਹੇ ਸਨ। ਦਿੱਲੀ ਅਤੇ ਬਿਹਾਰ ਦੀਆਂ ਚੋਣਾਂ ਨੇ ਭਾਜਪਾ ਦੇ ਮੋਦੀ-ਰੱਥ ਨੂੰ ਪੁੱਠਾ ਗੇਅਰ ਲਾ ਦਿੱਤਾ ਤਾਂ ਉਹ ਫਿਰ ਪੰਜਾਬ ਵਿਚ ਪਿਛਲੀ ਤਨਖਾਹ ਉਤੇ ਅਕਾਲੀਆਂ ਦੀ ਚਾਕਰੀ ਕਰਨ ਲਈ ਆਪਣੇ ਵਰਕਰਾਂ ਨੂੰ ਮਾਨਸਿਕ ਤੌਰ ਉਤੇ ਤਿਆਰ ਕਰਨ ਲੱਗੇ ਹਨ। ਹੁਣ ਉਨ੍ਹਾਂ ਨੂੰ ਏਥੇ ਕੁਝ ਵੀ ਮਾੜਾ ਨਹੀਂ ਦਿਸਦਾ। ਜਿਹੜਾ ਕੁਝ ਕੁ ਮਾੜਾ ਪਹਿਲਾਂ ਭਾਜਪਾ ਨੂੰ ਦਿਸਣ ਲੱਗ ਪਿਆ ਸੀ ਤੇ ਹੁਣ ਨਹੀਂ ਦਿਸਦਾ, ਉਸ ਪੱਖੋਂ ਇਹ ਸਾਲ ਅਕਾਲੀ ਦਲ ਲਈ ਬਹੁਤ ਮਾੜਾ ਰਿਹਾ ਹੈ। ਮੋਗੇ ਦੇ ਬੱਸ ਕਾਂਡ ਤੋਂ ਤੁਰ ਕੇ ਬੇਅਦਬੀ ਕਾਂਡ ਤੋਂ ਲੰਘਦੇ ਹੋਏ ਅਬੋਹਰ ਦੇ ਸ਼ਿਵ ਲਾਲ ਡੋਡਾ ਕਾਂਡ ਤੱਕ ਹਰ ਗੱਲ ਉਨ੍ਹਾਂ ਦਾ ਅਕਸ ਵਿਗਾੜਨ ਵਾਲੀ ਸਾਬਤ ਹੋਈ ਹੈ। ਹੁਣ ਚੋਣਾਂ ਦਾ ਸਾਲ ਸ਼ੁਰੂ ਹੋਣ ਵਾਲਾ ਹੈ। ਇਸ ਦੇ ਬਾਵਜੂਦ ਹਾਕਮ ਧਿਰ ਨਾਲ ਜੁੜੇ ਹੋਏ ਲੋਕ ਆਪਣੇ ਚਾਲੇ ਨਹੀਂ ਬਦਲਣਾ ਚਾਹੁੰਦੇ।
ਸ਼ਾਇਦ ਉਹ ਇਹ ਸੋਚਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅੱਗੇ ਲਾਉਣ ਨਾਲ ਕਾਂਗਰਸ ਕੁਝ ਜ਼ੋਰ ਵੀ ਫੜ ਲਵੇ ਤਾਂ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਵਿਰੋਧ ਦੀਆਂ ਵੋਟਾਂ ਏਨੀਆਂ ਵੰਡ ਦੇਣੀਆਂ ਹਨ ਕਿ ਅਕਾਲੀਆਂ ਤੇ ਭਾਜਪਾ ਦਾ ਗੱਠਜੋੜ ਫਿਰ ਆਪਣਾ ਜਿੱਤ ਦਾ ਰਾਹ ਬਣਾ ਲਵੇਗਾ। ਜਿਨ੍ਹਾਂ ਘਟਨਾਵਾਂ ਨੂੰ ਹੋਰ ਲੋਕ ਗਲਤ ਕਹਿੰਦੇ ਤੇ ਅਕਾਲੀ ਦਲ ਦੇ ਅਕਸ ਨੂੰ ਨੁਕਸਾਨ ਪੁੱਜਾ ਸਮਝਦੇ ਹਨ, ਉਨ੍ਹਾਂ ਬਾਰੇ ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਹਿ ਦਿੱਤਾ ਹੈ ਕਿ ਘਟਨਾਵਾਂ ਦਾ ਕੀ ਹੈ, ਇਹ ਵਾਪਰਦੀਆਂ ਹੀ ਰਹਿੰਦੀਆਂ ਹਨ। ਸ਼ਾਇਦ ਉਹ ਆਪਣੇ ਹਿਸਾਬ ਨਾਲ ਠੀਕ ਕਹਿੰਦੇ ਹਨ। ਜਿਸ ਘਟਨਾ ਨੂੰ ਲੋਕ ਬਹੁਤ ਵੱਡੀ ਸਮਝਦੇ ਸਨ, ਉਸ ਦੇ ਮੁਦੱਈ ਨੇ ਅਦਾਲਤ ਵਿਚ ਆਪ ਜਾ ਕੇ ਕਹਿ ਦਿੱਤਾ ਹੈ ਕਿ ਉਸ ਦੀ ਪਤਨੀ ਤੇ ਮਰ ਚੁੱਕੀ ਧੀ ਕਦੇ ਉਸ ਬੱਸ ਵਿਚ ਚੜ੍ਹੀਆਂ ਹੀ ਨਹੀਂ ਸਨ। ਇਸ ਲੇਖ ਦੇ ਸ਼ੁਰੂ ਵਿਚ ਅਸੀਂ ਲਿਖ ਚੁੱਕੇ ਹਾਂ ਕਿ ‘ਪੈਸਾ ਜਿਵੇਂ ਨਚਾਈ ਜਾਂਦਾ, ਦੁਨੀਆ ਨੱਚੀ ਜਾਂਦੀ ਹੈ’, ਇਸ ਦਾ ਕਈ ਲੋਕ ਇੱਕ ਹੋਰ ਅਰਥ ਕੱਢ ਸਕਦੇ ਹਨ ਕਿ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ, ਜਾਇਜ਼ ਹੋਵੇ ਜਾਂ ਨਾਜਾਇਜ਼, ਪੈਸਾ ਹੀ ਪੱਲੇ ਚਾਹੀਦਾ ਹੈ, ਲੋੜ ਮੌਕੇ ਪੈਸਾ ਸੁੱਟ ਕੇ ਕਿਸੇ ਨੂੰ ਵੀ ਨੱਚਣ ਦੇ ਲਈ ਤਿਆਰ ਕੀਤਾ ਜਾ ਸਕਦਾ ਹੈ।
***
ਜਾਣ ਵਾਲਾ ਸਾਲ ਇੱਕ ਵਾਰ ਫਿਰ ਇਹ ਸੱਚ ਸਾਬਤ ਕਰ ਗਿਆ ਹੈ ਕਿ ਪੂੰਜੀਵਾਦ ਦੇ ਦੌਰ ਵਿਚ ਕੂਟਨੀਤੀ ਤੋਂ ਰਾਜਨੀਤੀ ਤੱਕ ਹਰ ਥਾਂ ‘ਪੈਸਾ ਜਿਵੇਂ ਨਚਾਈ ਜਾਂਦਾ, ਦੁਨੀਆਂ ਨੱਚੀ ਜਾਂਦੀ ਹੈ’, ਪਰ ਇੱਕ ਗੱਲ ਇਸ ਦੇ ਓਹਲੇ ਲੁਕੀ ਰਹੀ ਹੈ, ਜਿਹੜੀ ‘ਮਿੰਨੀ ਹਿੰਦੁਸਤਾਨ ਦਿੱਲੀ’ ਵਿਚ ਵੋਟਾਂ ਪੈਣ ਪਿੱਛੋਂ ਸੁਣੀ ਗਈ ਸੀ। ਉਥੇ ਚਾਹ ਦੇ ਖੋਖੇ ਵਾਲੇ ਇੱਕ ਹੱਦੋਂ ਬਾਹਲੇ ਗਰੀਬ ਬੰਦੇ ਨੇ ਇੱਕ ਟੀ ਵੀ ਚੈਨਲ ਦੇ ਕੈਮਰੇ ਮੂਹਰੇ ਕਿਹਾ ਸੀ, ਉਹ ਵੀ ਆ ਕੇ ਪੈਸੇ ਤੇ ਸ਼ਰਾਬ ਦੇ ਗਏ ਸਨ ਤੇ ਉਹ ਵੀ, ਮੈਂ ਦੋਵਾਂ ਤੋਂ ਲੈ ਕੇ ਸੰਭਾਲ ਲਏ ਤੇ ਵੋਟ ਤੀਸਰੇ ਨੂੰ ਪਾ ਦਿੱਤੀ ਸੀ। ਟੀ ਵੀ ਵਾਲੇ ਨੇ ਕਿਹਾ ਕਿ ਜਦੋਂ ਤੂੰ ਉਨ੍ਹਾਂ ਨੂੰ ਵੋਟ ਨਹੀਂ ਸੀ ਪਾਉਣੀ ਤਾਂ ਪੈਸੇ ਕਿਉਂ ਲਏ ਸਨ? ਉਸ ਨੇ ਹੱਸ ਕੇ ਕਿਹਾ, ਇਹ ਕਿਹੜੇ ਉਨ੍ਹਾਂ ਦੇ ਸਨ, ਉਨ੍ਹਾਂ ਦੀ ਜੇਬ ਵਿਚ ਸਾਡੇ ਪੈਸੇ ਹੀ ਸਨ, ਮੌਕਾ ਮਿਲਿਆ ਤਾਂ ਅਸੀਂ ਕੱਢਵਾ ਲਏ। ਸੌ ਹੱਥ ਰੱਸਾ ਅਤੇ ਸਿਰੇ ਉਤੇ ਗੰਢ ਵਾਲੀ ਇਹ ਗੱਲ ਵੀ ਕਈ ਲੋਕਾਂ ਨੂੰ ਸ਼ਾਇਦ ਇਹ ਜਾਣ ਵਾਲਾ ਸਾਲ ਸਮਝਾ ਗਿਆ ਹੋਵੇਗਾ।