ਜੇਲ੍ਹ ਦਾ ਸੰਸਾਰ

ਐਮਰਜੈਂਸੀ ਅਤੇ ‘ਕੱਖ-ਕਾਨਾਂ’ ਦੀ ਵਾਰੀ-4
‘ਐਮਰਜੈਂਸੀ ਤੇ ਕੱਖ-ਕਾਨਾਂ ਦੀ ਵਾਰੀ’ ਲੇਖ ਲੜੀ ਵਿਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਐਮਰਜੈਂਸੀ ਨਾਲ ਜੁੜੀਆਂ ਯਾਦਾਂ ਦਾ ਵਰਕਾ ਫਰੋਲਿਆ ਹੈ। ਉਹ ਅਜਿਹਾ ਵਕਤ ਸੀ ਜਦੋਂ ਵਿਰੋਧ ਦੀ ਹਰ ਆਵਾਜ਼ ਨੂੰ ਬੰਦ ਕਰਨ ਦਾ ਹੀਲਾ ਕੇਂਦਰ ਸਰਕਾਰ ਨੇ ਕੀਤਾ ਸੀ। ਬਹੁਤ ਸਾਰੇ ਆਗੂਆਂ, ਪੱਤਰਕਾਰਾਂ, ਲੇਖਕਾਂ ਤੇ ਬੁੱਧੀਜੀਵੀਆਂ ਉਤੇ ਵੱਖ-ਵੱਖ ਕੇਸ ਪਾ ਕੇ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਡੱਕ ਦਿੱਤਾ ਗਿਆ।

ਵਰਿਆਮ ਸਿੰਘ ਸੰਧੂ ਨੇ ਇਸ ਲੰਮੀ ਲੇਖ ਲੜੀ ਵਿਚ ਇਸ ਜੇਲ੍ਹ ਯਾਤਰਾ ਦੇ ਹਵਾਲੇ ਨਾਲ ਆਪਣੇ ਸਮਾਜ ਅਤੇ ਸਿਸਟਮ ਬਾਰੇ ਸਾਰਥਕ ਟਿੱਪਣੀਆਂ ਕੀਤੀਆਂ ਹਨ। ਇਨ੍ਹਾਂ ਟਿੱਪਣੀਆਂ ਵਿਚ ਬਤੌਰ ਲੇਖਕ ਉਨ੍ਹਾਂ ਆਵਾਮ ਦੇ ਸਰੋਕਾਰ ਸਾਂਝੇ ਕੀਤੇ ਹਨ। ਐਤਕੀਂ ‘ਜੇਲ੍ਹ ਦਾ ਸੰਸਾਰ’ ਵਿਚ ਜੇਲ੍ਹ ਅੰਦਰਲੀਆਂ ਉਨ੍ਹਾਂ ਗੱਲਾਂ ਦਾ ਖੁਲਾਸਾ ਹੈ ਜਿਹੜੀਆਂ ਬਾਹਰਲੇ ਸੰਸਾਰ ਅੰਦਰ ਸੋਚੀਆਂ ਵੀ ਨਹੀਂ ਜਾ ਸਕਦੀਆਂ। -ਸੰਪਾਦਕ

ਵਰਿਆਮ ਸਿੰਘ ਸੰਧੂ
ਫੋਨ: 1-416-918-5212
ਮੈਨੂੰ ਯਾਦ ਹੈ, ਆਪਣੇ ਵਿਆਹ ਪਿੱਛੋਂ ਮੈਂ ਆਪਣੀ ਪਤਨੀ ਨੂੰ ਜਿਹੜੀ ਪਹਿਲੀ ਪੂਰੀ ਫ਼ਿਲਮ ਵਿਖਾਉਣ ਲੈ ਕੇ ਗਿਆ ਸਾਂ, ਉਹ ਸੀ ਮਨੋਜ ਕੁਮਾਰ ਦੀ ਸ਼ਹੀਦ ਭਗਤ ਸਿੰਘ ‘ਤੇ ਬਣੀ ਫ਼ਿਲਮ ‘ਸ਼ਹੀਦ’। ਫ਼ਿਲਮ ਨਿਸਚੈ ਹੀ ਪ੍ਰਭਾਵਸ਼ਾਲੀ ਸੀ। ਮੇਰੀ ਆਪਣੀ ਪਸੰਦ! ਪਰ ਇੱਕ ਨਵ-ਵਿਆਹੀ ਕੁੜੀ ਦੇ ‘ਹਨੀਮੂਨ ਵਾਲੇ ਦਿਨਾਂ ਵਿਚ’ ਜ਼ਰੂਰੀ ਤਾਂ ਨਹੀਂ ਸੀ ਕਿ ਇਹ ਫ਼ਿਲਮ ਉਸ ਦੀ ਵੀ ‘ਮੇਰੇ ਵਰਗੀ ਹੀ ਪਸੰਦ ਹੋਵੇ!’ ਮੇਰੀ ਇਹ ਪਹੁੰਚ ਨਿਸਚੈ ਹੀ ਆਦਰਸ਼ਕ ਸੀ। ਮੇਰਾ ਰਵੱਈਆ ਕਿਸੇ ਤਰ੍ਹਾਂ ਵੀ ਯਥਾਰਥਕ ਨਹੀਂ ਸੀ। ਖ਼ਾਸ ਤੌਰ ‘ਤੇ ਉਸ ਕੁੜੀ ਲਈ ਜਿਸ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਰਾਜਸੀ ਜਾਂ ਸਿਧਾਂਤਕ ਪਿਛੋਕੜ ਨਹੀਂ ਸੀ। ਮੈਂ ਸਾਂ ਕਿ ਵਿਆਹ ਦੇ ਪਹਿਲੇ ਦਿਨੀਂ ਹੀ ਉਸ ਨੂੰ ‘ਸ਼ਹੀਦੀ ਦੇ ਪ੍ਰਸੰਗ’ ਵਿਖਾਉਣ ਲੈ ਗਿਆ ਸਾਂ! ਅੱਜ ਵੀ ਮੇਰੀ ਪਤਨੀ ਮੇਰੇ ਇਸ ‘ਭੋਲੇਪਣ’ ‘ਤੇ ਹੱਸ ਪੈਂਦੀ ਹੈ!
ਇੱਕ ਦਿਨ ਰਘਬੀਰ ਦੀ ਮਾਂ ਮੁਲਾਕਾਤ ਵਾਸਤੇ ਆਈ ਅਤੇ ਪੁਰਾਣੀਆਂ ਮਾਂਵਾਂ ਵਾਲੇ ਭੋਲੇਪਣ ਅਤੇ ਮਾਣ ਨਾਲ ਆਖਣ ਲੱਗੀ, “ਵੇਖ ਖਾਂ! ਕਿਵੇਂ ਆ ਕੇ ਸੀਖਾਂ ਪਿੱਛੇ ਬਹਿ ਗਏ ਨੇ! ਬੰਦੇ ਬਣ ਕੇ ਉਠ ਕੇ ਮੇਰੇ ਨਾਲ ਤੁਰ ਪਓ! ਫਿਰ ਨਾ ਆਖਿਓ! ਕੀ ਮਖ਼ੌਲ ਬਣਾਇਆ ਇਨ੍ਹਾਂ ਨੇ!”
ਸਾਡੇ ਬਾਹਰ ਜਾਣ ਲਈ ਜਿਵੇਂ ਉਸ ਦੇ ਇਸ ‘ਲਾਡਲੇ ਹੁਕਮ’ ਦੀ ਹੀ ਲੋੜ ਸੀ!
ਬਾਹਰ ਨਿਕਲਣਾ ਸਾਡੇ ਵੱਸ ਵਿਚ ਥੋੜ੍ਹਾ ਸੀ! ਮੇਰੀ ਜ਼ਮਾਨਤ ਦਾ ਕੰਮ ਵੀ ਢਿੱਲਾ ਪੈ ਗਿਆ ਸੀ। ਅਜਾਇਬ ਸਿੰਘ ਐਸ਼ਡੀæਐਮæ ਨੂੰ ਨਿੱਜੀ ਤੌਰ ‘ਤੇ ਮਿਲਿਆ ਸੀ ਅਤੇ ਮੇਰੇ ‘ਬੇਗੁਨਾਹ’ ਹੋਣ ਬਾਰੇ ਦੱਸਿਆ ਸੀ। ਐਸ਼ਡੀæਐਮæ ਨੇ ਉਹਨੂੰ ‘ਅੰਦਰਲੀ ਗੱਲ’ ਦੱਸੀ। ਕੇਸ ਭਾਵੇਂ ਕਾਬਲੇ-ਜ਼ਮਾਨਤ ਸੀ, ਪਰ ਸਰਕਾਰ ਦੀ ਹਦਾਇਤ ਸੀ ਕਿ ਸਾਨੂੰ ਛੱਡਿਆ ਨਾ ਜਾਵੇ! ਏਸੇ ਲਈ ਜ਼ਮਾਨਤ ਹੀ ‘ਏਡੀ ਵੱਡੀ’ ਮੰਗੀ ਗਈ ਸੀ ਕਿ ਕਿਸੇ ਨੇ ਅਜਿਹੇ ਹਾਲਾਤ ਵਿਚ ਦੇਣ ਲਈ ਤਿਆਰ ਨਹੀਂ ਹੋਣਾ! ਸਾਡੀ ਜ਼ਮਾਨਤ ਕਰਵਾ ਕੇ ਕੋਈ ਆਪ ‘ਅੰਦਰ ਹੋਣ ਦਾ ਖ਼ਤਰਾ’ ਕਿਉਂ ਸਹੇੜੇਗਾ!
ਅਜਾਇਬ ਸਿੰਘ ਲਈ ਬਹੁਤ ਹੀ ਸਾਊ ਅਤੇ ਸਿਆਣਾ ਜਾਪਣ ਵਾਲਾ ‘ਮੈਂ’ ਸਰਕਾਰ ਲਈ ਏਨਾ ਹੀ ‘ਖ਼ਤਰਨਾਕ’ ਸਾਂ! ਐਸ਼ਡੀæਐਮæ ਨੇ ਇਸ ਦਾ ਜਵਾਬ ‘ਹਾਂ’ ਵਿਚ ਦਿੰਦਿਆਂ ਮੈਨੂੰ ਸਰਕਾਰੀ ਕਾਗਜ਼ਾਂ ਵਿਚ ਵੱਡਾ ‘ਨਕਸਲੀ’ ਹੋਣਾ ਦੱਸਿਆ। “ਤੁਸੀਂ ਆਪਣੇ ਓਂ। ਆਹ ਵੇਖ ਲੌ ਉਹਦੀ ਕਹਾਣੀ ‘ਅੱਖਾਂ ਵਿਚ ਮਰ ਗਈ ਖੁਸ਼ੀ’; ਆਹ ਟਿੱਪਣੀ ਵੇਖੋ! ਇਸ ਵਿਚ ਕਾਂਗਰਸ ਦੇ ਤਿਰੰਗੇ ਝੰਡੇ ਨੂੰ ਪਾੜ ਕੇ ਉਸ ਦਾ ਬਸਤਾ ਬਣਾਉਣ ਲਈ ਲਿਖਿਆ ਗਿਆ ਹੈ।”
ਉਸ ਨੇ ਮੇਰੀਆਂ ਕਹਾਣੀਆਂ ‘ਲੋਹੇ ਦੇ ਹੱਥ’ ਅਤੇ ‘ਜੇਬ-ਕਤਰੇ’ ਦਾ ਨਾਂ ਵੀ ਲਿਆ ਤੇ ‘ਖ਼ਤਰਨਾਕ ਸਰਕਾਰ ਵਿਰੋਧੀ ਕਵਿਤਾਵਾਂ’ ਦਾ ਜ਼ਿਕਰ ਵੀ ਕੀਤਾ।
ਅਜਾਇਬ ਸਿੰਘ ਨੇ ਮੈਨੂੰ ਦੱਸਿਆ ਤਾਂ ਮੈਂ ਹੈਰਾਨ ਵੀ ਹੋਇਆ ਅਤੇ ਖ਼ੁਸ਼ ਵੀ।
ਹੱਛਾ ਜੀ! ਸਰਕਾਰ ਦੀ ਸੀæਆਈæਡੀæ ਸਾਡੀਆਂ ਲਿਖਤਾਂ ਵੀ ਪੜ੍ਹਦੀ ਹੈ ਅਤੇ ਸਾਨੂੰ ‘ਏਡੇ ਵੱਡੇ’ ਬੰਦੇ ਸਮਝਦੀ ਹੈ! ਇਸ ‘ਵਡੱਤਣ’ ਦਾ ਤਾਂ ‘ਮੁਲ ਤਾਰਨਾ’ ਬਣਦਾ ਹੀ ਸੀ!
ਹੁਣ ਤਾਂ ਬਾਪੂ ਨੂੰ ਵੀ ਯਕੀਨ ਹੋ ਗਿਆ ਹੋਣਾ ਕਿ ਉਹਦਾ ਪੋਤਰਾ ਵੀ ‘ਕੁਝ’ ਹੈ! ਨਹੀਂ ਤਾਂ ਕੁਝ ਸਾਲ ਪਹਿਲਾਂ, ਜਦੋਂ ਅਜੇ ਮੇਰਾ ਨਾਂ ਨਵਾਂ ਨਵਾਂ ਹੀ ‘ਸਰਕਾਰੀ-ਕਾਗ਼ਜ਼ਾਂ’ ਵਿਚ ਚੜ੍ਹਿਆ ਸੀ, ਤਾਂ ਇੱਕ ਸੀæਆਈæਡੀæ ਦਾ ਹਵਾਲਦਾਰ ਮੇਰੀ ‘ਹਿਸਟਰੀ ਸ਼ੀਟ’ ਤਿਆਰ ਕਰਨ ਲਈ ਮੇਰੀ ਗ਼ੈਰਹਾਜ਼ਰੀ ਵਿਚ ਘਰ ਆਇਆ ਸੀ ਅਤੇ ਬਾਪੂ ਨੂੰ ਕਿਹਾ ਸੀ ਕਿ ‘ਤੁਹਾਡੇ ਮੁੰਡੇ ਦੇ ਚੰਡੀਗੜ੍ਹੋਂ ਕਾਗ਼ਜ਼ ਆਏ ਨੇ’ ਤਾਂ ਬਾਪੂ ਨੇ ਹੱਸ ਕੇ ਮੇਰਾ ਮਖ਼ੌਲ ਉਡਾਉਂਦਿਆਂ ਕਿਹਾ ਸੀ, “ਸਰਦਾਰਾ ਕਿਉਂ ਕੁਫ਼ਰ ਤੋਲਦਾਂ! ਸਾਡੇ ਮੁੰਡੇ ਨੂੰ ਦੋਂਹ ਕੋਹਾਂ ‘ਤੇ ਕੋਈ ਨਹੀਂ ਜਾਣਦਾ, ਚੰਦੀਗੜ੍ਹ ਮੋਏ ਜਾਣਦੇ ਐਂ! ਤੂੰ ਆਂਹਦੈਂ ਇਹਨੂੰ ਸਰਕਾਰ ਖ਼ਤਰਨਾਕ ਸਮਝਦੀ ਐ। ਇਹਦੇ ਤੋਂ ਤਾਂ, ਜਿਨ੍ਹਾਂ ਨੂੰ ਪੜ੍ਹਾAੁਂਦੈ, ਸਕੂਲ ਦੇ ਮੁੰਡੇ ਨਹੀਂ ਡਰਦੇ ਹੋਣੇ! ਤੂੰ ਸਰਕਾਰਾਂ ਦੀ ਗੱਲ ਕਰਦੈਂ!”
ਹੁਣ ਜੇ ਅੰਦਰ ਹੀ ਰਹਿਣਾ ਪੈਣਾ ਸੀ ਤਾਂ ‘ਇਸ ਵਿਹਲ’ ਨੂੰ ਚੰਗੇ ਤਰੀਕੇ ਨਾਲ ਵਰਤਣ ਦੀ ਕੋਸ਼ਿਸ਼ ਕਿਉਂ ਨਾ ਕੀਤੀ ਜਾਏ! ਪਿਛਲੇ ਸਾਲ ਮੈਂ ਐਮæਏæ (ਪੰਜਾਬੀ) ਭਾਗ ਪਹਿਲਾ ਪ੍ਰਾਈਵੇਟ ਵਿਦਿਆਰਥੀ ਵਜੋਂ, ਯੂਨੀਵਰਸਿਟੀ ਵਿਚੋਂ ਪਹਿਲੇ ਨੰਬਰ ‘ਤੇ ਰਹਿ ਕੇ ਪਾਸ ਕਰ ਲਿਆ ਸੀ। ਦੂਜੇ ਭਾਗ ਦੀ ਤਿਆਰੀ ਲਈ ਰਜਵੰਤ ਨੂੰ ਆਖ ਕੇ ਕਿਤਾਬਾਂ ਮੰਗਵਾ ਲਈਆਂ। ਉਸ ਸਾਲ, ਜੇ ਮੈਂ ਭੁੱਲਦਾ ਨਹੀਂ ਤਾਂ, ਕੋਰਸ ਵਿਚ ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਸੰਤੋਖ ਸਿੰਘ ਧੀਰ, ਨਵਤੇਜ ਸਿੰਘ ਅਤੇ ਦਲੀਪ ਕੌਰ ਟਿਵਾਣਾ ਬਤੌਰ ਕਹਾਣੀਕਾਰ ਲੱਗੇ ਹੋਏ ਸਨ। ਬਾਕੀਆਂ ਦੇ ਸਬੰਧਿਤ ਕਹਾਣੀ ਸੰਗ੍ਰਿਹ ਅਤੇ ਸੇਖੋਂ ਤੇ ਵਿਰਕ ਦੇ ਸਾਰੇ ਕਹਾਣੀ ਸੰਗ੍ਰਿਹ ਮੈਂ ਜੇਲ੍ਹ ਵਿਚ ਮੰਗਵਾ ਲਏ।
ਵਿਹਲੇ ਸਮੇਂ ਵਿਚ ਮੈਂ, ਰਘਬੀਰ ਅਤੇ ਆਪਣੇ ਹਵਾਲਾਤੀ ਸਾਥੀਆਂ ਨਾਲ ਦੋਵਾਂ ਲੇਖਕਾਂ ਦੀਆਂ ਕਿਰਸਾਣੀ ਜੀਵਨ ਨਾਲ ਸਬੰਧਿਤ ਕਹਾਣੀਆਂ ਦੇ ਵੇਰਵੇ ਸਾਂਝੇ ਕਰਦਾ। ਵਧੇਰੇ ਹਵਾਲਾਤੀ ਜੱਟ ਕਿਰਸਾਣੀ ਨਾਲ ਸਬੰਧਿਤ ਹੋਣ ਕਰ ਕੇ ਇਨ੍ਹਾਂ ਕਹਾਣੀਆਂ ਨੂੰ ਬਹੁਤ ਪਸੰਦ ਕਰਦੇ। ਰਘਬੀਰ ਤਾਂ ਇਨ੍ਹਾਂ ਦੀ ਕਲਾ-ਕੌਸ਼ਲਤਾ ਅਤੇ ਸਾਹਿਤਕ ਵਡਿਆਈ ਵੀ ਸਮਝਦਾ। ਏਥੇ ਮੈਨੂੰ ਇਹ ਅਹਿਸਾਸ ਹੋਇਆ ਕਿ ਅਸੀਂ ਜਿਨ੍ਹਾਂ ਲੋਕਾਂ ਦੀਆਂ ਕਹਾਣੀਆਂ ਲਿਖਦੇ ਹਾਂ, ਉਨ੍ਹਾਂ ਨੂੰ ਹੀ ਪੜ੍ਹ ਜਾਂ ਬੋਲ ਕੇ ਸੁਣਾਉਣ ਦਾ ਅਨੁਭਵ ਕਿੰਨਾ ਸੁਖਾਵਾਂ ਹੁੰਦਾ ਹੈ! ਸਾਨੂੰ ਪਤਾ ਵੀ ਲੱਗ ਸਕਦਾ ਹੈ ਕਿ ਅਸੀਂ ਕਿੰਨੇ ਕੁ ਪਾਣੀ ਵਿਚ ਹਾਂ! ਸਾਡੀ ਰਚਨਾ ਕਿੰਨੀ ਕੁ ਅਸਰਦਾਰ ਹੈ! ਕਿੰਨੀ ਕੁ ਥੋਥੀ ਹੈ!
ਸਬ-ਜੇਲ੍ਹ ਪੱਟੀ ਵਿਚ ਬਹੁਤੇ ਉਹ ਹਵਾਲਾਤੀ ਸਨ, ਜਿਨ੍ਹਾਂ ਦੇ ਮੁਕੱਦਮੇ ਅਜੇ ਮੁਢਲੇ ਪੜਾਅ ‘ਤੇ ਸਨ। ਇਨ੍ਹਾਂ ਵਿਚ ਕੋਈ ਅਫ਼ੀਮ ਦਾ ਸਮਗਲਰ ਸੀ, ਕਿਸੇ ਦੀ ਸ਼ਰਾਬ ਦੀ ਭੱਠੀ ਫੜੀ ਗਈ ਸੀ, ਕੋਈ ਸੱਟ-ਫੇਟ ਲਾ ਕੇ ਜਾਂ ਮਾਰ-ਧਾੜ ਕਰ ਕੇ ਆਇਆ ਸੀ। ਬਹੁਤ ਥੋੜ੍ਹੇ ਸਨ ਜੋ ਸੁਭਾ ਪੱਖੋਂ ਹੀ ਅਪਰਾਧੀ ਸਨ। ਬਹੁਤੇ ਤਾਂ ਹਾਲਾਤ ਦੇ ਦਬਾਓ ਅਧੀਨ ਗੁਨਾਹ ਕਰ ਬੈਠੇ ਸਨ। ਹੁਣ ਪਛਤਾਉਂਦੇ ਵੀ ਸਨ। ਦੋ ਜਣਿਆਂ ਤੋਂ ਸਿਰਫ਼ ਇਸ ਕਰ ਕੇ ਬੰਦਾ ਮਰ ਗਿਆ ਸੀ ਕਿ ਉਨ੍ਹਾਂ ਨੇ ਮੰਡ ਵੱਲੋਂ ਘੋੜੀ ‘ਤੇ ਸ਼ਰਾਬ ਲਈ ਆਉਂਦੇ ਬੰਦੇ ਨੂੰ ਸ਼ਰਾਬ ਪਿਆ ਕੇ ਜਾਣ ਲਈ ਕਿਹਾ ਸੀ ਅਤੇ ਉਹ ਟਿਕਾਣੇ ‘ਤੇ ਪਹੁੰਚਣ ਦੀ ਕਾਹਲ ਕਰ ਕੇ ਮੰਨਿਆਂ ਨਹੀਂ ਸੀ। ਮੋਗੇ ਵੱਲ ਦਾ ਮਿੱਠਬੋਲੜਾ ‘ਬਾਈ’ ਅਫ਼ੀਮ ਦਾ ਸਮਗਲਰ ਸੀ ਅਤੇ ਉਸ ਦੀ ਸਾਡੇ ਪਿੰਡ ਦੇ ਕਿਸੇ ਸਮਗਲਰ ਨਾਲ ਸਾਂਝ-ਭਿਆਲੀ ਵੀ ਸੀ। ਜੇਲ੍ਹ ਤੋਂ ਬਾਹਰ ਜਾ ਕੇ ਵੀ ਸਾਨੂੰ ਮਿਲਦੇ-ਗਿਲਦੇ ਰਹਿਣ ਲਈ ਉਤਸ਼ਾਹ ਵਿਖਾਉਂਦਾ ਰਹਿੰਦਾ। ਉਸ ਦਾ ਹੀ ਇੱਕ ਹੋਰ ਸਾਥੀ ‘ਟੁੰਡਾ’ ਸੀ। ਦੁਪਹਿਰ ਨੂੰ ਤਾਸ਼ ਖੇਡਦੇ ਸਮੇਂ ਉਹ ਬਾਕੀ ਪੱਤੇ ਆਪਣੇ ਛੇ ਕੁ ਇੰਚ ਲੰਮੇ ਟੁੰਡ ਥੱਲੇ ਫਸਾ ਕੇ, ਇੱਕ ਪੱਤਾ ਅਲੱਗ ਕਰਦਾ ਅਤੇ ਜ਼ੋਰ ਦੀ ਜ਼ਮੀਨ ‘ਤੇ ਮਾਰ ਕੇ, ਵਿਰੋਧੀ ਧਿਰ ਦੀ ਜੇਤੂ ਚਾਲ ਨੂੰ ਰੋਕਦਿਆਂ ਉਚੀ-ਉਚੀ ਗਾਉਂਦਾ, “ਨੀ ਰੁਕ ‘ਜੇਂ ਗੀ ਰੇਲ ਗੱਡੀਏ, ਜਦੋਂ ਵੇਖ ਲਿਆ ਟੁੰਡ ਮੇਰਾ!”
ਮੇਰੇ ਪਿੰਡ ਦਾ ਬੀਰਾ ਗਲੀ ਵਿਚੋਂ ਕਿਸੇ ਦੇ ਖੰਘੂਰਾ ਮਾਰ ਕੇ ਲੰਘਣ ‘ਤੇ ਉਸ ਦਾ ਸਿਰ ਪਾੜ ਦੇਣ ਕਾਰਨ ਜੇਲ੍ਹ ਵਿਚ ਸੀ। ਮੈਂ ਜਦੋਂ ਪੱਕੇ ਫ਼ਰਸ਼ ‘ਤੇ ਚੌਕੜੀ ਮਾਰ ਕੇ ਪੜ੍ਹਦਿਆਂ ਥੱਕ ਜਾਂਦਾ ਤਾਂ ਪੈਰਾਂ ਭਾਰ ਬੈਠ ਜਾਂਦਾ। ਬੀਰਾ ਆਪਣੇ ਖ਼ਾਸ ਅੰਦਾਜ਼ ਵਿਚ ਆਖਦਾ, “ਵਾਹ! ਮਾਸਟਰ ਐਂ ਨਾ ਬਿਹਾ ਕਰ, ਜਿਵੇਂ ਜਨਾਨੀਆਂ ਭੋਗ ਕਰਨ ਪਿੱਛੋਂ ਬਹਿ ਜਾਂਦੀਆਂ ਨੇ!”
ਵਲਟੋਹੇ ਵੱਲ ਦੇ ਬਹੁਤ ਹੀ ਸਾਊ ਦਿਸਦੇ ਚਾਚਾ-ਭਤੀਜਾ ਸਿਰਫ਼ ਇਸ ਕਰਕੇ ‘ਛੱਬੀ’ ਦੇ ਕੇਸ ਵਿਚ ਫਸ ਗਏ ਸਨ ਕਿ ‘ਚਾਚੇ’ ਕੋਲੋਂ ਗਏ-ਗੁਜ਼ਰੇ ਅਮਲੀ ਅਤੇ ਸ਼ਰਾਬੀ ਸ਼ਰੀਕ ਨੂੰ ਰੋਜ਼ ਬਰਦਾਸ਼ਤ ਕਰਦੇ ਰਹਿਣ ਦੇ ਬਾਵਜੂਦ ਇੱਕ ਦਿਨ ਧੌਲ ਵੱਜ ਗਈ ਸੀ ਅਤੇ ਪੱਕੀ ਕੰਧ ਦੀ ਨੁੱਕਰ ਨਾਲ ਸਿਰ ਵੱਜਣ ਕਰ ਕੇ ਉਹਦਾ ਮੱਥਾ ਪਾਟ ਗਿਆ ਸੀ। ਉਸ ਦਾ ਮਕਸਦ ਸਿਰਫ਼ ‘ਚਪੇੜ’ ਮਾਰਨਾ ਹੀ ਸੀ, ਸਿਰ ਤਾਂ ਉਸ ਦਾ ਮਾੜੀ ਕਿਸਮਤ ਨੂੰ ਪਾਟ ਗਿਆ ਸੀ! ਉਹ ਹੱਸ ਕੇ ਆਖਦਾ, “ਹੁਣ ਤਾਂ ਉਹੋ ਚਪੇੜ ਆਪਣੇ ਮੂੰਹ ‘ਤੇ ਮਾਰਨ ਨੂੰ ਜੀ ਕਰਦਾ ਏ। ਅੱਗੇ ਵੀ ਤਾਂ ਉਹ ਗਾਲ੍ਹਾਂ ਕੱਢਦਾ ਰਹਿੰਦਾ ਸੀ, ਚੁੱਪ ਕਰ ਰਹੀਦਾ ਸੀ। ਉਸ ਦਿਨ ਐਵੇਂ ਈ ਰੰਜ ਆ ਗਿਆ। ਉਹਦੀ ਮੂਰਖ਼ਤਾ ਤਾਂ ਸਾਰੇ ਹੀ ਮੰਨਦੇ ਸਨ, ਉਸ ਦਿਨ ਅਸੀਂ ਵੀ ਮੂਰਖ਼ ਬਣ ਗਏ!”
ਕੁਝ ਇੱਕ ਇਹੋ ਜਿਹੇ ਵੀ ਸਨ ਜਿਨ੍ਹਾਂ ਨੂੰ ਆਪਣੇ ਕੀਤੇ ‘ਤੇ ਕੋਈ ਪਛਤਾਵਾ ਨਹੀਂ ਸੀ! ਇਨ੍ਹਾਂ ਵਿਚੋਂ ਇੱਕ ਸੀ ਤੇਰਾਂ-ਚੌਦਾਂ ਸਾਲ ਦਾ ਅਲੂੰਆਂ ਜਿਹਾ ਗੋਰੇ ਰੰਗ ਦਾ ਮੁੰਡਾ। ਉਹ ਸਾਰੀ ਜੇਲ੍ਹ ਵਿਚ ਘੁੰਮਦਾ ਰਹਿੰਦਾ। ਸਾਡੇ ਲਈ ਜੇਲ੍ਹ ਦੀਆਂ ਸਬਜ਼ੀ ਦੀਆਂ ਕਿਆਰੀਆਂ ਵਿਚੋਂ ਚੋਰੀ ਮੂਲ਼ੀਆਂ ਪੁੱਟ ਕੇ ਲਿਆਉਂਦਾ। ਚੋਰੀ ਦੀਆਂ ਦੋ ਮੂਲ਼ੀਆਂ ਹੀ ਸਾਡੇ ਲਈ ਬੜਾ ਵੱਡਾ ‘ਲਾਜ਼ਮਾ’ ਹੁੰਦਾ! ਸਾਰੇ ਉਸ ਮੁੰਡੇ ਨਾਲ ਹਾਸਾ-ਠੱਠ ਕਰਦੇ ਰਹਿੰਦੇ। ਵਾਰਡਰਾਂ ਨਾਲ ਬਹੁਤਾ ਘੁਲ-ਮਿਲ ਕੇ ਵਿਚਰਨ ਨਾਲ ਹੋਣ ਵਾਲੇ ‘ਉਸ ਦੇ ਨੁਕਸਾਨ’ ਬਾਰੇ ਉਹ ਉਹਨੂੰ ‘ਸੁਚੇਤ’ ਕਰਦੇ। ਉਹ ਹੱਸ ਛੱਡਦਾ ਤੇ ਆਖਦਾ, “ਮੈਨੂੰ ਇਨ੍ਹਾਂ ਦੇ ਚਿਤੜ ਸੇਕਣੇ ਆਉਂਦੇ ਨੇ!”
ਉਹਨੂੰ ਕਿਸੇ ਪੁਲਸੀਏ ਨੇ ਹੀ ਅਫ਼ੀਮ ਦਾ ਝੂਠਾ ਕੇਸ ਪਾ ਕੇ ਅੰਦਰ ਕਰਵਾਇਆ ਸੀ। ਦੂਜੇ ਹਵਾਲਾਤੀਆਂ ਦੇ ਛੇੜਨ ‘ਤੇ ਜਦੋਂ ਅਸੀਂ ਉਸ ਪੁਲਸੀਏ ਦੀ ਹਰਕਤ ਬਾਰੇ ਉਸ ਤੋਂ ਪੁੱਛਿਆ ਤਾਂ ਉਸ ਨੇ ਬੜੇ ਸਹਿਜ-ਭਾਵ ਨਾਲ ਆਖਿਆ, “ਉਹ ਜੀ ਮੇਰੀ ਮਾਂ ਦਾ ਯਾਰ ਐ। ਪਿਉ ਮੇਰਾ ਲੱਕ ‘ਚ ਸੱਟ ਲੱਗਣ ਕਰ ਕੇ ਮੰਜੇ ‘ਤੇ ਪਿਆ ਰਹਿੰਦਾ। ਹਿੱਲਣ ਤੁਰਨ ਜੋਗਾ ਨਹੀਂ ਵਿਚਾਰਾ! ਇਹ ਹੌਲਦਾਰ ਮੇਰੀ ਮਾਂ ਨਾਲ ਖ਼ੇਹ-ਖ਼ਰਾਬੀ ਕਰਦਾ ਸੀ। ਮੈਂ ਮਾਂ ਨੂੰ ਵੀ ਡੱਕਿਆ। ਉਹ ਹਟੀ ਨਹੀਂ। ਇੱਕ ਦਿਨ ਮੈਂ ਬਾਹਰੋਂ ਘਰ ਆਇਆ ਤਾਂ ਦੋਹਾਂ ਨੂੰ ਮੌਕੇ ‘ਤੇ ਫੜ ਲਿਆ। ਉਹਨੇ ਮੈਨੂੰ ‘ਫ਼ੀਮ ਦੇ ਕੇਸ ‘ਚ ਅੜਾ ‘ਤਾ।”
“ਨਹੀਂ ਨਹੀਂ, ਉਹ ਅਸਲੀ ਗੱਲ ਵੀ ਸੁਣਾæææਚਿੱਤੜਾਂ ਵਾਲੀ।” ਭੀੜ ਨੇ ਇਕ-ਮਤ ਹੋ ਕੇ ਕਿਹਾ।
“ਓ ਲੈ! ਉਹ ਕਿਹੜੀ ਗੱਲ ਆ! ਮੈਂ ਗਿਆ ਤਾਂ ਲੱਗੇ ਹੋਏ ਸੀ। ਮੈਂ ਨੁਕਰ ਵਿਚ ਪਿਆ ਉਹਦਾ ਹੀ ਬੈਂਤ ਚੁੱਕਿਆ ਤੇ ਦੋਹਾਂ ਦੇ ਚਿੱਤੜਾਂ ‘ਤੇ ਦੋ-ਦੋ ਬੈਂਤ ਵਾਹੇ ਪੂਰੇ ਜ਼ੋਰ ਨਾਲ। ਪੈਂਟ ਬੰਨ੍ਹਦਾ ਭੱਜ ਗਿਆ ਭੈਣ ਦਾ ਯਾਰ! ਹੋਰ ਕੀ! ਬਾਹਰ ਜਾ ਲੈਣ ਦੇ, ਜੇ ਪੁੱਤ ਦਾ ਗਾਟਾ ਨਾ ਲਾਹ ਦਿੱਤਾ ਤਾਂ ਆਖਿਓ!”
ਉਸ ਦੇ ਨਿਰ-ਉਚੇਚ ਬੋਲ ਸਨ ਅਤੇ ਚਿਹਰਾ ਅਸਲੋਂ ਹੀ ਨਿਰਭਾਵ! ਉਹਨੂੰ ਇਹੋ ਜਿਹਾ ਬਣਨ ਲਈ ਕਿੰਨੀ ਵੱਡੀ ਮਾਨਸਿਕ ਪੀੜ ਵਿਚੋਂ ਗੁਜ਼ਰਨਾ ਪਿਆ ਹੋਵੇਗਾ! ਕਿਹੋ ਜਿਹੇ ਹਾਲਾਤ ਹੋਣਗੇ, ਜਿਨ੍ਹਾਂ ਉਸ ਦਾ ਬਚਪਨ ਹੀ ਉਸ ਤੋਂ ਖੋਹ ਲਿਆ ਸੀ! ਉਸ ਦੀ ਸੰਵੇਦਨਾ ਅਤੇ ਸਹਿਜ ਲੁੱਟ ਲਿਆ ਸੀ! ਏਨੀ ਛੋਟੀ ਉਮਰ ਵਿਚ ਹੀ ਉਸ ਦੀਆਂ ਇਨਸਾਨੀ ਨੁੱਕਰਾਂ ਭੋਰ ਦਿੱਤੀਆਂ ਗਈਆਂ ਸਨ! ਕੀ ਉਹ ਹੁਣ ਆਮ ਇਨਸਾਨਾਂ ਵਾਂਗ ਜ਼ਿੰਦਗੀ ਵਿਚ ਵਿਚਰ ਸਕੇਗਾ! ਅਜਿਹੇ ਅਨੇਕਾਂ ਸਵਾਲ ਮੇਰੇ ਮਨ ਵਿਚ ਉਛਲਣ ਲੱਗੇ!
ਦੂਜਿਆਂ ਨਾਲ ਮਿਲ ਕੇ ਉਹ ਮੁੰਡਾ ਵੀ ਹੱਸਿਆ। ਮੈਂ ਵੀ ਹੱਸਿਆ। ਜ਼ਰੂਰ ਉਹ ਮੁੰਡਾ ਹੱਸਦਿਆਂ ਵੀ ਅੰਦਰੋਂ ਰੋਇਆ ਹੋਵੇਗਾ। ਕੀ ਮੈਂ ਵੀ ਅੰਦਰੋਂ ਰੋਇਆ ਸਾਂ! “ਐਧਰ ਆ ਉਏ! ਸਟੋਰ ‘ਚੋਂ ਸਮਾਨ ਲਿਆਈਏ।” ਕਿਸੇ ਵਾਰਡਰ ਨੇ ਉਹਨੂੰ ਆਵਾਜ਼ ਮਾਰੀ। ਉਹਨੂੰ ਤੁਰਦੇ ਨੂੰ ਕਿਸੇ ਨੇ ਛੇੜਿਆ, “ਸਟੋਰ ‘ਚ ਬਚ ਕੇ ਰਹੀਂ ਉਏ!”
ਸਟੋਰ ਵੱਲੋਂ ਮੁੜਦਿਆਂ ਉਹ ਝਕਾਨੀ ਦੇ ਕੇ ਸਾਡੇ ਕੋਲ ਆਇਆ ਅਤੇ ਇੱਕ ਤਰ੍ਹਾਂ ਸਾਡੇ ਕੋਲ ਸ਼ਿਕਾਇਤ ਲਾਈ, “ਆਹ ਵੇਖੋ ਕਾਮਰੇਡ ਜੀ! ਆਪਾਂ ਇਸ ਜੇਲ੍ਹ ‘ਚ ਬਹੱਤਰ ਬੰਦੇ ਆਂ। ਤੇ ਸਾਡੀ ਸਬਜ਼ੀ ਨੂੰ ਤੜਕਾ ਲਾਉਣ ਵਾਲਾ ਆਹ ਸਮਾਨ ਜੇ ਸਾਰਾ!”
ਉਹਦੇ ਹੱਥ ਵਿਚ ਸ਼ੀਸ਼ੀ ਫੜੀ ਹੋਈ ਸੀ ਜਿਸ ਵਿਚ ਛਟਾਂਕੀ ਕੁ ਤੇਲ ਹੋਵੇਗਾ। ਲੋਹੇ ਦੇ ਨਿੱਕੇ ਜਿਹੇ ਬਾਟੇ ਵਿਚ ਚਾਰ ਕੁ ਗੰਢੇ ਸਨ। ਕੁਝ ਚਮਚੇ ਹਲਦੀ, ਲੂਣ-ਮਿਰਚ ਤੇ ਹੋਰ ਨਿਕ-ਸੁਕ।
“ਅਸੀਂ ਤਾਂ ਪੁੱਛ ਨਹੀਂ ਸਕਦੇæææਕਾਮਰੇਡ ਜੀ! ਤੁਸੀਂ ਤਾਂ ਇਨ੍ਹਾਂ ਨੂੰ ਪੁੱਛ ਸਕਦੇ ਜੇ ਕਿ ਤੜਕੇ ਵਾਲਾ ਬਾਕੀ ਤੇਲ ਇਹ ਕਿਹੜੀ ਥਾਂਵੇਂ ਲਾਉਂਦੇ ਨੇ!” ਉਸ ਨੇ ਅਸ਼ਲੀਲ ਢੰਗ ਨਾਲ ਉਂਗਲ ਹਿਲਾਈ।
“ਤੂੰ ਏਥੇ ਥਣ ਫੜਦਾਂ ਉਏ! ਚੱਲ ਲੰਗਰ ਵੱਲ।” ਪਿੱਛੋਂ ਆ ਰਹੇ ਵਾਰਡਰ ਨੇ ਉਹਨੂੰ ਦਬਕਾ ਮਾਰਿਆ।
ਇਸ ਤੋਂ ਸਾਨੂੰ ਮਿਲਣ ਵਾਲੀ ਰੋਟੀ ਦੇ ਪੱਧਰ ਦਾ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਹੈ। ਕੀੜਾ ਲੱਗੀਆਂ ਦਾਲਾਂ, ਕੀੜਿਆਂ ਵਾਲੇ ਬਤਾਊਂ ਤੇ ਹੋਰ ਸਬਜ਼ੀਆਂ। ਵੱਖ-ਵੱਖ ਸਬਜ਼ੀਆਂ ਰਲਾ ਕੇ ਤਿਆਰ ਕੀਤੀ ‘ਮਿਕਸਡ ਵੈਜੀਟੇਬਲ’। ਕਈ ਵਾਰ ਸ਼ਰਤ ਵੀ ਲੱਗ ਜਾਂਦੀ ਕਿ ਹੈ ਕੋਈ ਪਿਉ ਦਾ ਪੁੱਤ ਜੋ ਦੱਸੇ ਕਿ ਇਹ ਕਿਹੜੀ ਸਬਜ਼ੀ ਬਣੀ ਹੈ! ਹਾਥੀ ਦੇ ਕੰਨ ਜਿਡੀਆਂ ਸੜੀਆਂ, ਧੁਆਂਖੀਆਂ ਤੇ ਸੁੱਕੀਆਂ ਹੋਈਆਂ ਪਤਲੀਆਂ ਜਿਹੀਆਂ ਰੋਟੀਆਂ। ਪਹਿਲੇ ਦਿਨ ਜਦੋਂ ਮੈਂ ਦਾਲ ਉਤੇ ਤਰਦੇ ਕੀੜੇ ਵੇਖੇ ਤਾਂ ਰੋਟੀ ਨਾ ਖਾਧੀ। ਬਾਹਰੋਂ ਮੁਲਾਕਾਤੀਆਂ ਵੱਲੋਂ ਆਏ ਫ਼ਲ ਖਾ ਕੇ ਗੁਜ਼ਾਰਾ ਕੀਤਾ। ਅਗਲੇ ਦਿਨ ਫਿਰ ਦਾਲ ਉਤੇ ਤਰਦੇ ਕੀੜੇ ਵੇਖ ਕੇ ਮੈਂ ਨੱਕ ਵੱਟਿਆ ਤਾਂ ਰਘਬੀਰ ਨੇ ਬੁਰਕੀ ਤੋੜ ਕੇ ਤਰੀ ਉਤੇ ਫੇਰੀ ਅਤੇ ਕੀੜਿਆਂ ਨੂੰ ਬਾਟੀ ਦੇ ਕੰਢਿਆਂ ਵੱਲ ਕਰਦਿਆਂ ਵਿਚੋਂ ਥੋੜ੍ਹਾ ਜਿਹਾ ਕੀੜਾ-ਰਹਿਤ ਥਾਂ ਬਣਾ ਲਿਆ ਤੇ ਤੁਰਤ ਦਾਲ ਨਾਲ ਬੁਰਕੀ ਭਿਉਂ ਕੇ ਬਾਹਰ ਕੱਢ ਲਈ, ਜਿਵੇਂ ਸਾਹ ਮੁੱਕਣ ਦੇ ਡਰੋਂ ਕੋਈ ਚੁੱਭੀ ਲਾਉਣ ਵਾਲਾ ਛੇਤੀ-ਛੇਤੀ ਪਾਣੀ ਵਿਚੋਂ ਸਿਰ ਬਾਹਰ ਕੱਢਦਾ ਹੈ! ਜਿਵੇਂ ਦੁਸ਼ਮਣ ਦੀ ਹੱਦ ਟੱਪ ਕੇ ‘ਐਕਸ਼ਨ’ ਕਰਨ ਵਾਲਾ ਸਿਪਾਹੀ ਸੁਰੱਖਿਅਤ ਵਾਪਸ ਆਪਣੀ ਹੱਦ ਵਿਚ ਪਰਤ ਆਇਆ ਹੋਵੇ!
“ਲੈ ਐਂ ਬੜੇ ਅਰਾਮ ਨਾਲ ਰੋਟੀ ਖਾਧੀ ਜਾ ਸਕਦੀ ਏ! ਬਹੁਤੀਆਂ ਨੁਕਸ-ਬੀਨੀਆਂ ਕੱਢਿਆਂ ਏਥੇ ਕਿੰਨਾ ਕੁ ਚਿਰ ਸਰੂ! ਭਾਬੀ ਦੇ ਪੱਕੇ ਪਰਾਉਂਠੇ ਮਿਲਣੋਂ ਤਾਂ ਰਹੇ। ਉਂਜ ਵੀ ਅਗਲੇ ਦਾਲ ਨਾਲ ਕੀੜਿਆਂ ਦਾ ਮੀਟ ਮੁਫ਼ਤੋ-ਮੁਫ਼ਤ ਦੇ ਰਹੇ ਨੇ! ਸਾਨੂੰ ਸਗੋਂ ਇਨ੍ਹਾਂ ਦਾ ਸ਼ੁਕਰਗ਼ੁਜ਼ਾਰ ਹੋਣਾ ਚਾਹੀਦਾ ਐ।”
ਉਂਜ ਸਰਕਾਰ ਦਾ ਦਾਅਵਾ ਸੀ ਕਿ ਸਾਨੂੰ ਸਿਹਤ ਅਸੂਲਾਂ ਮੁਤਾਬਕ ਬੜਾ ਵਧੀਆ ਖਾਣਾ ਦਿੱਤਾ ਜਾਂਦਾ ਹੈ! ਜੇਲ੍ਹ ਸਪੁਰਡੈਂਟ ਵੀ ਖਾਣਾ ‘ਚੈਕ’ ਕਰਦਾ। ਐਸ਼ਡੀæਐਮæ ਮੁਆਇਨਾ ਕਰਨ ਆਇਆ। ਉਸ ਨੇ ਚਮਚੇ ਦਾ ਸਿਰਾ ਉਸ ਅੱਗੇ ਰੱਖੀ ਪਲੇਟ ਵਿਚ ਛੁਹਾ ਕੇ ਬੁੱਲ੍ਹਾਂ ਨੂੰ ਲਾਇਆ ਅਤੇ ਸਬਜ਼ੀ ਦੀ ‘ਕੁਆਲਿਟੀ’ ‘ਤੇ ਸੰਤੋਸ਼ ਪ੍ਰਗਟ ਕੀਤਾ।
ਪਹੁੰਚ ਵਾਲਿਆਂ ਦਾ ਖਾਣਾ ਘਰੋਂ ਵੀ ਆਉਂਦਾ ਸੀ। ਕਿਸੇ ਚੰਗੇ ਘਰ ਦਾ ਮੁੰਡਾ ਇੱਕੋ ਵਾਰੀ ਮੁਰਗੀ ਦੇ ਸਾਰੇ ਆਂਡੇ ਹਾਸਲ ਕਰਨ ਲਈ ਕਿਸੇ ਬੈਂਕ ਵਿਚ ਡਾਕਾ ਮਾਰਨ ਪਿੱਛੋਂ ਫੜਿਆ ਗਿਆ ਸੀ। ਉਹ ਡਿਓੜੀ ਵਿਚ ਬੈਠ ਕੇ ਅਖ਼ਬਾਰ ਪੜ੍ਹਦਾ, ਮੁਲਕਾਤਾਂ ਕਰਾਉਣ ਵਿਚ ਜੇਲ੍ਹ ਵਾਲਿਆਂ ਦੀ ਮਦਦ ਕਰਦਾ; ਰਜਿਸਟਰ ਵਿਚ ਇੰਦਰਾਜ਼ ਕਰਦਾ। ਬੰਦ ਡੱਬਿਆਂ ਵਿਚ ਘਰੋਂ ਆਇਆ ਸਵਾਦੀ ਭੋਜਨ ਆਪ ਵੀ ਕਰਦਾ ਅਤੇ ਲਾਗੇ ਬੈਠੇ ਕਰਮਚਾਰੀਆਂ ਨੂੰ ਵੀ ਕਰਵਾਉਂਦਾ। ਜੇਲ੍ਹ ਵਿਚ ਉਹਦੀ ਆਮ ਜੇਲ੍ਹ ਕਰਮਚਾਰੀਆਂ ਜਿੰਨੀ ਹੀ ਚੱਲਦੀ ਸੀ। ਦੂਜੇ ਹਵਾਲਾਤੀ ਅਤੇ ਕੈਦੀ ਉਸ ਤੋਂ ਭੈਅ ਖਾਂਦੇ ਅਤੇ ਉਸ ਦੀ ਖ਼ੁਸ਼ਾਮਦ ਕਰਦੇ।
ਇੱਕ ਦਿਨ ਸਰਦੂਲ ਨੇ ਦੱਸਿਆ, “ਭਾਜੀ ਅਜਾਇਬ ਤੇਰੀ ਜ਼ਮਾਨਤ ਦੇਣ ਲਈ ਬੰਦਾ ਲੱਭ ਰਹੇ ਨੇ। ‘ਨੰਬਰੀ ਜ਼ਮਾਨਤ’ ਵਾਸਤੇ ਜ਼ਮਾਨਤ ਦੇਣ ਵਾਲੇ ਦੀ ਜਾਇਦਾਦ ਦਾ ਬਾਕਾਇਦਾ ਲਿਖਤੀ ਰਿਕਾਰਡ ਤੇ ਵੇਰਵਾ ਨਾਲ ਲਾਇਆ ਜਾਣਾ ਜ਼ਰੂਰੀ ਹੈ। ਜਿਸ ਦਿਨ ਇਹੋ ਜਿਹੀ ਸਾਮੀ ਟੱਕਰ ਗਈ, ਤੇਰੀ ਜ਼ਮਾਨਤ ਹੋ ਜਾਣੀ ਹੈ।”
ਤੇ ਆਖ਼ਰਕਾਰ ਇਹ ‘ਸਾਮੀ’ ਲੱਭ ਗਈ। ਅਜਾਇਬ ਸਿੰਘ ਦਾ ਇੱਕ ਸਨੇਹੀ ਮੇਰੀ ਜ਼ਮਾਨਤ ਦੇਣ ਲਈ ਤਿਆਰ ਹੋ ਗਿਆ। ਤਿੰਨ ਕੁ ਹਫ਼ਤੇ ਜੇਲ੍ਹ ਵਿਚ ਕੱਟਣ ਪਿਛੋਂ ਮੈਂ ਬਾਹਰ ਆ ਗਿਆ। ਪਤਨੀ, ਪਰਿਵਾਰ ਅਤੇ ਜਾਣਕਾਰ ਖ਼ੁਸ਼ ਸਨ, ਪਰ ਮੈਂ ਉਡੀਕ ਰਿਹਾ ਸਾਂ ਕਿ ਹੁਣ ਭਲਾ ਕਿਸ ਦਿਨ ਝਪਟਣਗੇ ‘ਲਾਲ ਪਗੜੀਆਂ ਵਾਲੇ ਆਲੋਚਕ’!
ਆਖ਼ਰਕਾਰ ਇੱਕ ਦਿਨ ਉਨ੍ਹਾਂ ਦੇ ‘ਦਰਸ਼ਨ’ ਹੋ ਹੀ ਗਏ।