ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਉਦਾਸੀ ਵਿਚ ਡੁੱਬਿਆ ਮਨ ਸੋਚਾਂ ਦੇ ਖੰਭ ਲਾ ਕੇ ਪਿੰਡ ਉਡ ਜਾਂਦਾ ਹੈ। ਪਿੰਡ ਦੀਆਂ ਗਲੀਆਂ ਵਿਚ ਉਡਦਾ ਕਈ ਵਾਰ ਉਸ ਜਗ੍ਹਾ ਟਿਕ ਜਾਂਦਾ ਹੈ ਜਿਸ ਨੂੰ ਮੈਂ ਭੁਲਾ ਚੁੱਕਿਆ ਹਾਂ। ਮੈਂ ਇਸ ਨੂੰ ਉਥੋਂ ਉਡਾਉਣਾ ਚਾਹੁੰਦਾ ਹਾਂ, ਪਰ ਇਹ ਦੁੱਖਾਂ ਦੀਆਂ ਕਹਾਣੀਆਂ ਖੋਲ੍ਹ ਲੈਂਦਾ ਹੈ। ਬਹੁਤ ਰੋਕਣ ‘ਤੇ ਵੀ ਕਾਲਜ ਪੜ੍ਹਦੇ ਯਾਰ ਹਾਕਮ ਦੀ ਉਸ ਪ੍ਰੇਮ ਕਹਾਣੀ ਦੀ ਗੰਢ ਖੋਲ੍ਹ ਲੈਂਦਾ ਹੈ:
“ਹਾਕਮਾ! ਕੁੜੀ ਜ਼ੈਲਦਾਰਾਂ ਦੀ ਧੀ ਏ। ਸਾਡੇ ਕੋਲ ਗਿਣਤੀ ਦੇ ਸਿਆੜ ਹਨ। ਅਗਲਿਆਂ ਤੈਨੂੰ ਘੁਲਾੜੀ ਵਿਚ ਗੰਨੇ ਵਾਂਗੂੰ ਪੀੜ ਦੇਣੈ। ਆਪਣੀਆਂ ਦੋਹਾਂ ਮੁਟਿਆਰ ਭੈਣਾਂ ਵੱਲ ਦੇਖ। ਜਿਨ੍ਹਾਂ ਦੇ ਘਰੇ ਕੰਧ ਤੋਂ ਉਚੀਆਂ ਧੀਆਂ-ਭੈਣਾਂ ਹੋਣ, ਉਹ ਇਸ਼ਕ ਦੇ ਰਾਹ ਪੈਣ ਬਾਰੇ ਸੋਚਦੇ ਵੀ ਨਹੀਂ। ਰਾਹ ਭਟਕ ਗਿਆ ਏਂ, ਵਾਪਸ ਮੁੜ ਆ, ਸਿਆਣਾ ਬਣ।” ਚਰਨੋਂ ਭਾਬੀ ਨੇ ਸਮਝਾਇਆ ਸੀ।
“ਭਾਬੀ ਜੀ! ਮੈਨੂੰ ਜੋ ਮਰਜ਼ੀ ਕਰ ਦੇਣ, ਮੈਂ ਪ੍ਰੀਤੀ ਤੋਂ ਬਿਨਾ ਨਹੀਂ ਰਹਿ ਸਕਦਾ।” ਹਾਕਮ ਨੇ ਕਿਹਾ।
“ਹਾਕਮਾ! ਤੈਨੂੰ ਪਤਾ ਹੀ ਹੈ ਕਿ ਅਸੀਂ ਤੈਨੂੰ ਕਿੰਨੀਆਂ ਤੰਗੀਆਂ-ਤੁਰਸ਼ੀਆਂ ਨਾਲ ਕਾਲਜ ਪੜ੍ਹਾਉਂਦੇ ਆਂ, ਕਿ ਤੂੰ ਪੜ੍ਹ-ਲਿਖ ਜਾਵੇਂ ਤੇ ਮੇਰੀ ਮਾਸੀ ਦੀ ਕੈਨੇਡਾ ਰਹਿੰਦੀ ਧੀ ਨਾਲ ਤੇਰਾ ਵਿਆਹ ਕਰ ਦੇਈਏ। ਮਾਸੀ ਹਮੇਸ਼ਾ ਕਹਿੰਦੀ ਹੈ, ਚਰਨੋਂ, ਹਾਕਮ ਨੂੰ ਪੜ੍ਹਾ-ਲਿਖਾ ਲੈ, ਅਸੀਂ ਇਸ ਨੂੰ ਕੈਨੇਡਾ ਬੁਲਾ ਲੈਣਾ। ਤੂੰ ਕੈਨੇਡਾ ਜਾਵੇਂਗਾ, ਤਾਂ ਤੇਰੀਆਂ ਭੈਣਾਂ ਨੂੰ ਵੀ ਵਧੀਆ ਘਰ ਮਿਲ ਜਾਣਗੇ।”
“ਭਾਬੀ ਜੀ! ਮੈਂ ਪ੍ਰੀਤੀ ਨੂੰ ਭੁਲਾਉਣ ਦੀ ਕੋਸ਼ਿਸ਼ ਕਰਾਂਗਾ।” ਇਹ ਕਹਿੰਦਿਆਂ ਹਾਕਮ ਬੂਹਾ ਟੱਪ ਗਿਆ ਸੀ।
ਕਾਲਜ ਵਿਚ ਅਗਲੇ ਦਿਨ ਹਾਕਮ ਨੂੰ ਘਾਹ ਦੀਆਂ ਤਿੜ੍ਹਾਂ ਪੁੱਟਦਿਆਂ ਦੇਖ ਪ੍ਰੀਤੀ ਨੇ ਆਉਂਦਿਆਂ ਹੀ ਪੁੱਛ ਲਿਆ ਸੀ, “ਕੀ ਗੱਲ ਐ ਮਾਲਕੋ?”
ਉਦਾਸ ਚਿਹਰਾ ਅਤੇ ਸੁਪਨੇ ਚਕਨਾਚੂਰ ਦਿਖਾਈ ਦੇ ਰਹੇ ਸਨ। ਹਾਕਮ ਨੇ ਸਿਰ ਮਸਾਂ ਉਤਾਂਹ ਕੀਤਾ, “ਪ੍ਰੀਤੀ! ਤੂੰ ਕਦੋਂ ਆਈ?” ਪ੍ਰੀਤੀ ਦੀ ਗੱਲ ਹਾਕਮ ਦੇ ਸਿਰ ਤੋਂ ਹਵਾ ਦੇ ਬੁੱਲ੍ਹੇ ਵਾਂਗ ਲੰਘ ਗਈ ਸੀ।
“ਚੱਲ ਉਠ ਕੰਟੀਨ ਚੱਲੀਏ, ਘੁੱਟ ਚਾਹ ਦਾ ਪੀਵੀਏ।” ਪ੍ਰੀਤੀ ਨੇ ਦੋਹਾਂ ਹੱਥਾਂ ਨਾਲ ਹਾਕਮ ਦੀ ਬਾਂਹ ਫੜ ਕੇ ਉਠਾਉਂਦਿਆਂ ਕਿਹਾ।
ਹਾਕਮ ਜਿਵੇਂ ਜਿਉਂਦੀ ਲਾਸ਼ ਤੁਰ ਪਈ ਹੋਵੇ।
“ਮਾਲਕੋ! ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕੁਝ। ਡੈਡੀ ਮੇਰੇ ਲਈ ਕੈਨੇਡੇ ਵਾਲਾ ਮੁੰਡਾ ਲੱਭੀ ਬੈਠੇ ਨੇ। ਰਾਏਪੁਰ ਵਾਲੇ ਸਰਦਾਰਾਂ ਦਾ ‘ਕੱਲਾ ਪੁੱਤ ਐ। ਮੇਰੇ ਡੈਡੀ ਤੇ ਉਸ ਦੇ ਡੈਡੀ ਇਕੱਠੇ ਆਰਮੀ ਵਿਚ ਅਫਸਰ ਸਨ। ਪੁਰਾਣੀ ਯਾਰੀ ਨੂੰ ਰਿਸ਼ਤੇਦਾਰੀ ਵਿਚ ਬਦਲਣਾ ਚਾਹੁੰਦੇ ਆ। ਫਿਰ ਨਾ ਆਖੀਂ ਜ਼ੈਲਦਾਰਾਂ ਦੀ ਧੀ ਧੋਖਾ ਕਰ ਗਈ। ਹੁਣ ਵੇਲਾ ਹੈ।” ਪ੍ਰੀਤੀ ਨੇ ਹਾਸੇ ਵਿਚ ਹਕੀਕਤ ਬਿਆਨ ਕੀਤੀ।
ਹਾਕਮ ਨੇ ਸਭ ਸੁਣ ਲਿਆ, ਪਰ ਬੋਲਿਆ ਕੁਝ ਵੀ ਨਾ।
“ਹਾਕਮਾ! ਤੂੰ ਸੁਣਿਐਂ ਜੋ ਮੈਂ ਕਿਹੈ। ਤੇਰੀ ਪ੍ਰੀਤੀ ਦਾ ਹਾਕਮ ਕੋਈ ਹੋਰ ਬਣਨ ਵਾਲੈ।”
“ਤੂੰ ਵਿਆਹ ਲਈ ‘ਹਾਂ’ ਕਰ ਦੇ, ਤੇ ਕੈਨੇਡਾ ਚਲੀ ਜਾਹ। ਕਿੱਥੇ ਗਰੀਬ ਜੱਟ ਦੇ ਚੁੱਲ੍ਹੇ ਵਿਚ ਫੂਕਾਂ ਮਾਰੀ ਜਾਵੇਂਗੀ। ਤੋਕੜ ਮੱਝਾਂ ਚੋਣੀਆਂ ਸੌਖੀਆਂ ਨਹੀਂ। ਹੁਸਨ ਤੇਰਾ ਮਿੱਟੀ-ਘੱਟੇ ਵਿਚ ਰੁਲ ਜਾਊ।” ਹਾਕਮ ਨੇ ਵੀ ਜਵਾਬ ਹਾਸੇ ਵਿਚ ਦਿੱਤਾ, ਪਰ ਕਹਿ ਉਹ ਦਿਲ ਦੀ ਗੱਲ ਗਿਆ।
“ਤੇਰੇ ਘਰ ਚੁੱਲ੍ਹਾ ਤਾਂ ਹੋਵੇਗਾ ਜਿਥੇ ਮੈਂ ਬੈਠ ਕੇ ਫੂਕਾਂ ਮਾਰ ਸਕਾਂæææਮੰਜੀ ਤਾਂ ਹੋਵੇਗੀ ਜਿਸ ਦੇ ਓਹਲੇ ਮੈਂ ਨਹਾ ਸਕਾਂæææਮੱਝਾਂ ਵੀ ਬੇਸ਼ੱਕ ਤੋਕੜਾਂ ਹੀ ਹੋਣ, ਮੈਨੂੰ ਮਨਜ਼ੂਰ ਹੈ; ਪਰ ਮੈਂ ਤੈਥੋਂ ਬਿਨਾਂ ਨਹੀਂ ਰਹਿ ਸਕਦੀ।”
ਗੱਲਾਂ ਕਰਦਿਆਂ ਉਹ ਗਿਆਨ ਚਾਚੇ ਦੀ ਕੰਟੀਨ ‘ਤੇ ਪਹੁੰਚ ਗਏ। ਉਦਾਸ ਜੋੜਾ ਆਉਂਦਿਆਂ ਦੇਖ ਚਾਚਾ ਸਾਰਾ ਕਿੱਸਾ ਸਮਝ ਗਿਆ। ਪਿਛਲੇ ਵੀਹ ਸਾਲਾਂ ਤੋਂ ਚਾਚੇ ਨੇ ਬੜੇ ਰਾਂਝੇ ਰੋਂਦੇ ਅਤੇ ਮਿਰਜ਼ੇ ਜੰਡ ਥੱਲੇ ਮਰਦੇ ਦੇਖੇ ਸਨ। ਬਹੁਤ ਘੱਟ ਸੋਹਣੀਆਂ ਕੱਚੇ ‘ਤੇ ਤਰਦੀਆਂ ਮਰੀਆਂ ਦੇਖੀਆਂ ਸਨ। ਚਾਚਾ ਪ੍ਰੇਮੀ ਜੋੜੇ ਨੂੰ ਇਕ ਵਾਰ ਜ਼ਰੂਰ ਸਮਝਾਉਂਦਾ। ਜੋ ਸਮਝ ਜਾਂਦੇ, ਅਫਸਰ ਬਣ ਜਾਂਦੇ; ਨਹੀਂ ਤਾਂ ਰੋਂਦੇ ਕਾਲਜ ਛੱਡ ਜਾਂਦੇ। ਹਾਕਮ ਤੇ ਪ੍ਰੀਤੀ ਦਾ ਪਿਆਰ ਉਸ ਲਈ ਨਵਾਂ ਨਹੀਂ ਸੀ। ਉਸ ਹਾਕਮ ਨੂੰ ਸਮਝਾਇਆ ਸੀ, “ਹਾਕਮਾ! ਕਾਲਜ ਪੜ੍ਹਦੇ ਮੁੰਡੇ ਕੁੜੀਆਂ ਮੈਨੂੰ ਆਪਣੇ ਬੱਚਿਆਂ ਵਾਂਗ ਹਨ। ਮੈਂ ਨਹੀਂ ਕਹਿੰਦਾ ਕਿ ਤੂੰ ਗਲਤ ਐਂ, ਪਰ ਕੁੱਲੀਆਂ ਵਾਲਿਆਂ ਦੀ ਯਾਰੀ ਕਦੇ ਮਹਿਲਾਂ ਵਾਲਿਆਂ ਨੇ ਸਵੀਕਾਰੀ ਨਹੀਂ। ਤੂੰ ਉਸ ਦਾ ਦਿਲ ਲਵਾਉਣ ਲਈ ਬੱਚੇ ਦੇ ਖਿਡਾਉਣੇ ਵਾਂਗ ਹੈ। ਤੂੰ ਆਪਣੀ ਪੜ੍ਹਾਈ ਪੂਰੀ ਕਰ, ਤੇ ਕੁਝ ਬਣ ਕੇ ਇਥੋਂ ਨਿਕਲ, ਤੇ ਸਾਡੀ ਪਿਲਾਈ ਚਾਹ ਨਾਲ ਆਪਣੀ ਮੰਜ਼ਿਲ ਸਰ ਕਰ। ਚਾਚੇ ਦੀ ਸਲਾਹ ਚੰਗੀ ਲੱਗੀ ਤਾਂ ਠੀਕ, ਨਹੀਂ ਤਾਂ ਚੱਲ ਸੋ ਚੱਲ।”
ਹਾਕਮ ਤੇ ਪ੍ਰੀਤੀ ਖੂੰਜੇ ਵਾਲੇ ਮੇਜ਼ ਉਤੇ ਬੈਠ ਗਏ। ਛੋਟੂ ਚਾਹ ਦੇ ਕੱਪ ਦੇ ਗਿਆ।
“ਪ੍ਰੀਤੀ ਤੇਰਾ ਡੈਡੀ ਸਾਡੇ ਵਿਆਹ ਲਈ ਮੰਨ ਜਾਊ? ਦਿਲ ਨਹੀਂ ਮੰਨਦਾ ਕਿ ਤੂੰ ਮੇਰੇ ਲਈæææ।”
“ਹਾਕਮਾ, ਤੂੰ ਆਪਣਾ ਦਿਲ ਤਕੜਾ ਕਰ, ਤੇ ਚੱਲ ਅੱਜ ਹੀ ਗੁਰੂਸਰ ਜਾ ਕੇ ਲਾਵਾਂ ਲੈ ਲਈਏ। ਡੈਡੀ ਦੀ ਗੋਲੀ ਪਹਿਲਾਂ ਮੇਰੀ ਹਿੱਕ ਵਿਚ ਵੱਜੂ। ਮੈਂ ਤੈਨੂੰ ਸੱਚੇ ਦਿਲੋਂ ਪਿਆਰ ਕੀਤਾ ਹੈ। ਪਿਆਰ ਜਾਤ, ਮਜ਼ਹਬ ਤੇ ਗਰੀਬੀ ਨਹੀਂ ਦੇਖਦਾ, ਨਾ ਮੈਂ ਦੇਖੀ ਹੈ। ਤੂੰ ਆਖ ਸਹੀ ਇਕ ਵਾਰ, ਨੰਗੇ ਪੈਰੀਂ ਭੱਜੀ ਆਵਾਂਗੀ।” ਪ੍ਰੀਤੀ ਦੇ ਹੰਝੂ ਡੁੱਲ੍ਹ ਪਏ।
ਹਾਕਮ ਨੇ ਪ੍ਰੀਤੀ ਦਾ ਸਿਰ ਆਪਣੇ ਮੋਢੇ ‘ਤੇ ਰੱਖ ਕੇ ਪਲੋਸਿਆ। ਇਕੱਠੇ ਜਿਉਣ-ਮਰਨ ਦੀਆਂ ਕਸਮਾਂ ਖਾ ਕੇ ਉਹ ਬਾਹਰ ਨਿਕਲ ਗਏ। ਚਾਚੇ ਨੇ ਪ੍ਰੀਤੀ ਦੀਆਂ ਲਾਲ ਹੋਈਆਂ ਅੱਖਾਂ ਵਿਚੋਂ ਸਭ ਕੁਝ ਪੜ੍ਹ ਲਿਆ ਸੀ।
“ਹਾਕਮਾ, ਸੂਏ ਵਾਲੇ ਖੇਤ ਆ ਜਾਵੀਂ ਦੁਪਹਿਰ ਦੀ ਰੋਟੀ ਲੈ ਕੇ, ਖਾਲ ਦੀ ਵੱਟ ਚਾੜ੍ਹਨੀ ਐ, ਫਿਰ ਪਾਣੀ ਛੱਡਾਂਗੇ।” ਵੱਡੇ ਬਾਈ ਨੇ ਕਿਹਾ ਸੀ।
“ਵੇ ਹਾਕਮਾ! ਤੂੰ ਪੱਗ ਬੰਨ੍ਹੀ ਜਾਨਾਂ ਏਂ, ਅੱਜ ਤਾਂ ਸਾਰਾ ਪੰਜਾਬ ਬੰਦ ਹੈ।” ਭਾਬੀ ਨੇ ਕੁੱਛੜ ਚੁੱਕਿਆ ਨਿਆਣਾ ਅੰਦਰ ਪਾਉਂਦਿਆਂ ਆਖਿਆ।
“ਉਹ ਹਾਂ ਸੱਚ ਭਾਬੀ, ਅੱਜ ਤਾਂ ਛੁੱਟੀ ਐ। ਚੱਲ ਫਿਰ ਮੈਨੂੰ ਰੋਟੀ ਪਾ ਦੇ।” ਹਾਕਮ ਨੇ ਅੱਧੀ ਬੰਨ੍ਹੀ ਪੱਗ ਲਾਹੁਦਿਆਂ ਕਿਹਾ।
ਚਰਨੋਂ ਨੇ ਰੋਟੀਆਂ ਥਾਲੀ ਵਿਚ ਰੱਖ, ਪੀੜ੍ਹੀ ਲਾਗੇ ਕਰ ਕੇ ਹਾਕਮ ਨੂੰ ਬਿਠਾ ਲਿਆ। ਉਹਨੇ ਆਖਰੀ ਬੁਰਕੀ ਮੂੰਹ ਪਾਈ ਤਾਂ ਚਰਨੋਂ ਨੇ ਪੁੱਛਿਆ, “ਹਾਕਮਾ! ਕੱਲ੍ਹ ਪ੍ਰੀਤੀ ਮਿਲੀ ਸੀ? ਕੀ ਬੋਲੀ ਉਹ?”
“ਭਾਬੀ ਸੱਚ ਦੱਸਾਂ, ਉਹ ਮੇਰੇ ਬਿਨਾਂ ਮਰ ਜਾਵੇਗੀ ਤੇ ਮੈਂ ਉਸ ਬਿਨਾਂ। ਤੁਸੀਂ ਮੈਨੂੰ ਮੁਆਫ ਕਰ ਦੇਵੋ।”
“ਹਾਕਮਾ! ਮੈਂ ਤੁਹਾਡੇ ਪਿਆਰ ਨੂੰ ਸਮਝਦੀ ਹਾਂ, ਤੂੰ ਇੰਜ ਕਰ, ਉਹਨੂੰ ਐਤਕੀਂ ਪੁੰਨਿਆ ਵਾਲੇ ਦਿਨ ਗੁਰੂਸਰ ਸੱਦ ਲਈਂ। ਮੈਂ ਉਸ ਨਾਲ ਗੱਲ ਕਰ ਕੇ ਕੋਈ ਹੱਲ ਕੱਢੂੰ।”
ਪੁੰਨਿਆ ਆ ਗਈ। ਚਰਨੋਂ ਨੇ ਪ੍ਰੀਤੀ ਨੂੰ ਸਰੋਵਰ ਪਿੱਛੇ ਬਣੀ ਖੂਹੀ ‘ਤੇ ਸੱਦ ਲਿਆ। ਪ੍ਰੀਤੀ ‘ਸਤਿ ਸ੍ਰੀ ਅਕਾਲ’ ਬੁਲਾ ਕੇ ਚਰਨੋਂ ਲਾਗੇ ਬੈਠ ਗਈ। ਕਿੰਨਾ ਚਿਰ ਚਰਨੋਂ ਪ੍ਰੀਤੀ ਵੱਲ ਨੀਝ ਲਾ ਕੇ ਤੱਕਦੀ ਰਹੀ। ਫਿਰ ਅੰਦਰਲੀ ਤਾਕਤ ਇਕੱਠਿਆਂ ਕਰਦੀ ਬੋਲੀ, “ਪ੍ਰੀਤੀ, ਤੂੰ ਅਮੀਰ ਬਾਪ ਦੀ ਧੀ ਏਂ। ਮੇਰੇ ਦਿਓਰ ਦੇ ਸਿਰੋਂ ਮਾਪਿਆਂ ਦਾ ਹੱਥ ਰੱਬ ਨੇ ਚੁੱਕ ਲਿਐ। ਮੈਂ ਤੇਰੇ ਅੱਗੇ ਪੱਲਾ ਅੱਡ ਕੇ ਕਹਿੰਦੀ ਹਾਂ ਕਿ ਮੇਰਾ ਦਿਓਰ ਮੈਨੂੰ ਵਾਪਸ ਮੋੜ ਦੇ। ਮੈਂ ਇਹਦਾ ਵਿਆਹ ਆਪਣੀ ਮਾਸੀ ਦੀ ਧੀ ਨਾਲ ਕਰਨਾ ਏਂ ਜੋ ਕੈਨੇਡਾ ਰਹਿੰਦੀ ਹੈ। ਹਾਕਮ ਨਾਲ ਮੈਂ ਆਪਣੇ ਘਰ ਦੀ ਗਰੀਬੀ ਦੂਰ ਕਰਨੀ ਹੈ। ਆਪਣੀਆਂ ਦੋਹਾਂ ਨਣਦਾਂ ਨੂੰ ਚੰਗੇ ਘਰੀਂ ਵਿਆਹੁਣਾ ਹੈ। ਹਾਕਮ ਨਾਲ ਹੀ ਸਾਡੇ ਸੁਪਨੇ ਸੱਚ ਹੋਣੇ ਹਨ। ਤੈਨੂੰ ਤਾਂ ਹਾਕਮ ਤੋਂ ਵਧੀਆ ਵਰ ਮਿਲ ਜਾਊ, ਪਰ ਸਾਥੋਂ ਇਕ ਵਾਰੀ ਕੈਨੇਡਾ ਵਾਲਾ ਰਿਸ਼ਤਾ ਖੁੰਝ ਗਿਆ ਤਾਂ ਸਾਰੀ ਜ਼ਿੰਦਗੀ ਆੜ੍ਹਤੀਏ ਦੇ ਸੀਰੀ ਬਣ ਜਾਵਾਂਗੇ।”
“ਭੈਣ ਜੀ, ਕਦੇ ਪਾਣੀ ਤੋਂ ਬਿਨਾਂ ਮੱਛੀ ਜਿਉਂਦੀ ਦੇਖੀ ਹੈ? ਤੁਸੀਂ ਮੈਨੂੰ ਹਾਕਮ ਦੇ ਦੋਵੋ, ਮੈਂ ਹੋਰ ਕੁਝ ਨਹੀਂ ਮੰਗਦੀ।” ਪ੍ਰੀਤੀ ਨੇ ਚਰਨੋਂ ਦਾ ਹੱਥ ਆਪਣੇ ਹੱਥ ਵਿਚ ਘੁੱਟਿਆ।
“ਪ੍ਰੀਤੀ! ਜਵਾਨੀ ਦੇ ਦਿਨਾਂ ਵਿਚ ਇਹ ਗੱਲਾਂ ਚੰਗੀਆਂ ਲੱਗਦੀਆਂ, ਪਰ ਜਵਾਨੀ ਢਲਣ ਨਾਲ ਹਨੇਰਾ ਹੋ ਜਾਂਦਾ। ਫਿਰ ਪਰਛਾਵੇਂ ਤੋਂ ਵੀ ਡਰ ਲੱਗਣ ਲੱਗਦਾ। ਅੱਜ ਤੈਨੂੰ ਪਿਆਰ ਵਿਚ ਕੰਡੇ ਵੀ ਫੁੱਲ ਲੱਗਦੇ ਨੇ, ਕੱਲ੍ਹ ਨੂੰ ਇਹ ਫੁੱਲ ਕੰਡਿਆਂ ਦਾ ਰਾਹ ਬਣ ਕੇ ਟੱਕਰਨਗੇ। ਪਾਣੀ ਪੁਲਾਂ ਥੱਲਿਓਂ ਲੰਘ ਜਾਵੇ ਤਾਂ ਮੁੜ ਕੇ ਨਹੀਂ ਆਉਂਦਾ ਹੁੰਦਾ।”
ਪ੍ਰੀਤੀ ਬਿਨਾ ਬੋਲਿਆਂ ਉਠ ਕੇ ਤੁਰ ਗਈ। ਚਰਨੋਂ ਪਿੰਡ ਤੱਕ ਹਾਕਮ ਨਾਲ ਨਹੀਂ ਬੋਲੀ। ਜੋ ਕੁਝ ਕਹਿਣਾ ਚਾਹੁੰਦੀ ਸੀ, ਉਹ ਕਹਿ ਆਈ ਸੀ। ਉਸ ਦੇ ਸਮਝਾਉਣ ਨਾਲ ਦੋਵੇਂ ਹੀ ਨਾ ਸਮਝੇ। ਪ੍ਰੀਤੀ ਨੇ ਹਾਕਮ ਬਾਰੇ ਆਪਣੇ ਡੈਡੀ ਨੂੰ ਦੱਸਿਆ। ਧੀ ਦੀ ਗੱਲ ਸੁਣ ਕੇ ਫੌਜੀ ਅਫਸਰ ਭੜਕ ਪਿਆ। ਜਿਪਸੀ ਵਿਚ ਬੰਦੇ ਭੇਜ ਕੇ ਹਾਕਮ ਨੂੰ ਕਾਲਜੋਂ ਚੁੱਕ ਲਿਆਂਦਾ। ਪਹਿਲਾਂ ਤਾਂ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਫਿਰ ਚੰਗੀ ਤੌਣੀ ਲਾਈ, ਪਰ ਹਾਕਮ ਟੱਸ ਤੋਂ ਮੱਸ ਨਾ ਹੋਇਆ। ਫੌਜੀ ਸਮਝ ਗਿਆ ਕਿ ਘਿਓ ਸਿੱਧੀ ਉਂਗਲ ਨਾਲ ਨਹੀਂ ਕੱਢਿਆ ਜਾਣਾ। ਉਹ ਵਿਆਹ ਲਈ ਮੰਨ ਗਿਆ। ਬੀæਏæ ਫਾਈਨਲ ਤੋਂ ਬਾਅਦ ਵਿਆਹ ਦਾ ਵਾਅਦਾ ਕੀਤਾ। ਵਿਆਹ ਤੱਕ ਦੋਵਾਂ ਤੋਂ ਨਾ ਮਿਲਣ ਦਾ ਇਕਰਾਰ ਵੀ ਕਰਵਾ ਲਿਆ।
ਹਾਕਮ ਖੁਸ਼ ਸੀ, ਪਰ ਚਰਨੋਂ ਨੂੰ ਪਤਾ ਸੀ ਕਿ ਸ਼ਿਕਾਰੀ ਨਿਮਰਤਾ ਨਾਲ ਨਹੀਂ ਝੁਕਦਾ, ਨਿਸ਼ਾਨਾ ਲਾਉਣ ਲਈ ਹੀ ਗੋਡਿਆਂ ਭਾਰ ਹੁੰਦਾ ਹੈ। ਫੌਜੀ ਪ੍ਰੀਤੀ ਨੂੰ ਵਡਿਆ ਕੇ ਪੂਨੇ ਲੈ ਗਿਆ ਤੇ ਉਸ ਦੀ ਮੰਗਣੀ ਰਾਏਪੁਰ ਵਾਲੇ ਮੁੰਡੇ ਨਾਲ ਕਰ ਦਿੱਤੀ ਅਤੇ ਹਾਕਮ ਦਾ ਟਰੱਕ ਨਾਲ ਐਕਸੀਡੈਂਟ ਕਰਵਾ ਦਿੱਤਾ। ਪ੍ਰੀਤੀ ਦਾ ਹਾਕਮ ਸਦਾ ਲਈ ਤੁਰ ਗਿਆ ਅਤੇ ਉਹ ਲਾਸ਼ ਬਣ ਕੇ ਕੈਨੇਡਾ ਵਾਲੇ ਦੀ ਹੋ ਗਈ। ਕਈ ਸਾਲ ਬੀਤਣ ਬਾਅਦ ਸੱਚ ਸਾਹਮਣੇ ਆਇਆ। ਉਸ ਸਮੇਂ ਤੱਕ ਗਵਾਹ ਅਤੇ ਮੌਕੇ ਬਦਲ ਚੁੱਕੇ ਸਨ। ਚਰਨੋਂ ਆਪਣੀਆਂ ਨਣਦਾਂ ਲਈ ਚੰਗੇ ਘਰ ਨਾ ਲੱਭ ਸਕੀ। ਹਾਕਮ ਦੇ ਪਿਆਰ ਨੇ ਘਰ ਨੂੰ ਪੰਜਾਹ ਸਾਲ ਪਿਛੇ ਪਾ ਦਿੱਤਾ ਸੀ। ਪ੍ਰੀਤੀ ਆਪਣੇ ਪਰਿਵਾਰ ਨਾਲ ਕੈਨੇਡਾ ਜਾ ਵਸੀ। ਪਤਾ ਨਹੀਂ ਹਾਕਮ ਦੀਆਂ ਯਾਦਾਂ ਨਾਲ ਜਿਉਂਦੀ ਹੈ ਜਾਂ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਾਲ!