ਸ਼ਰਾਬ ਨਸ਼ਾ ਨਹੀਂ?

ਗੁਰਨਾਮ ਕੌਰ ਕੈਨੇਡਾ
ਅਖਬਾਰਾਂ ਦੀਆਂ ਖਬਰਾਂ ਅਨੁਸਾਰ ਪਿਛਲੇ ਦਿਨੀਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਗਿੱਦੜਬਾਹਾ ਨੇੜੇ ਪਿੰਡ ਥੇੜੀ ਵਿਚ ਨਸ਼ਾ ਮੁਕਤੀ ਅਤੇ ਮੁੜ-ਵਸੇਬਾ ਕੇਂਦਰ ਦਾ ਉਦਘਾਟਨ ਕਰਦਿਆਂ ਜਿੱਥੇ ਇਹ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਇਹੋ ਜਿਹੇ ਹਸਪਤਾਲਾਂ ਦੀ ਕਿਸੇ ਨੂੰ ਲੋੜ ਨਾ ਪਵੇ; ਉਥੇ ਨਾਲ ਹੀ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਖਿਆਲ ਵੀ ਪ੍ਰਗਟਾਇਆ, “ਸ਼ਰਾਬ ਕੋਈ ਨਸ਼ਾ ਨਹੀਂ ਹੈ, ਸ਼ਰਾਬ ਨੂੰ ਨਸ਼ਾ ਨਹੀਂ ਕਿਹਾ ਜਾ ਸਕਦਾ।”

ਮੰਤਰੀ ਜਿਆਣੀ ਅਨੁਸਾਰ “ਸਰਕਾਰ ਸ਼ਰਾਬ ਦੀਆਂ ਫੈਕਟਰੀਆਂ ਨੂੰ ਮਨਜ਼ੂਰੀ ਦਿੰਦੀ ਹੈ, ਟੈਂਡਰ ਹੁੰਦੇ ਹਨ ਅਤੇ ਠੇਕੇ ਨਿਲਾਮ ਕੀਤੇ ਜਾਂਦੇ ਹਨ, ਫਿਰ ਸ਼ਰਾਬ ਨੂੰ ਨਸ਼ਾ ਕਿਵੇਂ ਕਿਹਾ ਜਾ ਸਕਦਾ ਹੈ? ਫ਼ੌਜ, ਵਿਚ ਸ਼ਰਾਬ, ਪਾਰਟੀਆਂ ਅਤੇ ਹੋਰ ਪ੍ਰੋਗਰਾਮਾਂ ਵਿਚ ਸ਼ਰਾਬ ਵਰਤੀ ਜਾਂਦੀ ਹੈ, ਫਿਰ ਸ਼ਰਾਬ ਨੂੰ ਨਸ਼ਾ ਕਿਵੇਂ ਕਿਹਾ ਜਾ ਸਕਦਾ ਹੈ? ਜਿਸ ਦਿਨ ਸਰਕਾਰ ਨੇ ਸ਼ਰਾਬ ਨੂੰ ਨਸ਼ਾ ਮੰਨ ਕੇ ਫੈਕਟਰੀਆਂ ਬੰਦ ਕਰ ਦਿੱਤੀਆਂ, ਉਦੋਂ ਕਿਹਾ ਜਾ ਸਕੇਗਾ ਕਿ ਸ਼ਰਾਬ ਨਸ਼ਾ ਹੈ।”
ਬੜਾ ਕਮਾਲ ਦਾ ਤਰਕ ਸਿਰਜਿਆ ਹੈ ਸੁਰਜੀਤ ਕੁਮਾਰ ਜਿਆਣੀ ਨੇ। ਸਰਕਾਰ ਨੂੰ ਸਭ ਤੋਂ ਵੱਧ ਆਮਦਨ ਤਾਂ ਫੈਕਟਰੀਆਂ ਦੀ ਮਨਜ਼ੂਰੀ ਦੇਣ, ਠੇਕਿਆਂ ਦੀ ਨਿਲਾਮੀ ਕਰਨ ਅਤੇ ਆਬਕਾਰੀ ਟੈਕਸ ਦੇ ਰੂਪ ਵਿਚ ਸ਼ਰਾਬ ਤੋਂ ਹੀ ਹੁੰਦੀ ਹੈ। ਹਰ ਤਰ੍ਹਾਂ ਦੀਆਂ ਚੋਣਾਂ (ਭਾਵੇਂ ਉਹ ਐਸ਼ ਜੀæ ਪੀæ ਸੀæ, ਅਸੈਂਬਲੀ, ਨਗਰ ਨਿਗਮ, ਪੰਚਾਇਤਾਂ, ਬਲਾਕ ਸੰਮਤੀ ਦੀਆਂ ਜਾਂ ਕੋਈ ਵੀ ਹੋਣ) ਵੇਲੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਸਭ ਤੋਂ ਵੱਧ ਧੰਦਾ ਸ਼ਰਾਬ ਹੀ ਤਾਂ ਸਾਰਦੀ ਹੈ। (ਇੰਟਰਨੈਟ ‘ਤੇ ਨਸ਼ਰ ਕੀਤੀਆਂ ਵੀਡੀਓਜ਼ ਵਿਚ ਬਠਿੰਡਾ ਰੈਲੀ ਵਿਚ ਇਹ ਸਾਰਾ ਤਮਾਸ਼ਾ ਨਜ਼ਰ ਆਉਂਦਾ ਹੈ)। ਭਲਾਂ ਫਿਰ ਏਨੇ ਧੰਦੇ ਸਾਰਨ ਵਾਲੀ ਸ਼ਰਾਬ ‘ਨਸ਼ਾ’ ਕਿਵੇਂ ਹੋਈ? ਪਹਿਲਾਂ ਹੀ ਕਰਜ਼ਈ ਹੋ ਚੁੱਕੇ ਪੰਜਾਬ ਦੀ ਆਮਦਨ ਦਾ ਸਰਕਾਰ ਕੋਲ ਕਿਹੜਾ ਸਾਧਨ ਰਹਿ ਜਾਵੇਗਾ? ਫਿਰ ਮੁੱਖ ਮੰਤਰੀ, ਡਿਪਟੀ ਮੰਤਰੀ ਹਵਾਈ ਜਹਾਜ਼ਾਂ ਵਿਚ ਸਫਰ ਕਿਵੇਂ ਕਰਨਗੇ?
ਇੱਕ ਖਬਰ ਨਸ਼ਰ ਹੋਈ ਸੀ ਕਿ ਕੌਮੀ ਸ਼ਾਹਰਾਹਾਂ ਤੇ ਰਾਜਮਾਰਗਾਂ ਉਤੇ ਸ਼ਰਾਬ ਦੇ ਠੇਕੇ ਬੰਦ ਕਰਨ ਬਾਰੇ ਹਾਈ ਕੋਰਟ ਦੇ ਹੁਕਮਾਂ ਵਿਰੁਧ ਸੁਪਰੀਮ ਕੋਰਟ ਵਿਚ ਵਿਸ਼ੇਸ਼ ਲੀਵ ਪਟੀਸ਼ਨ ਪਾ ਕੇ ਠੇਕੇ ਖੋਲ੍ਹਣ ਦੀ ਮੰਗ ਕਰਨ ਵਾਲਾ ਮੁਲਕ ਵਿਚ ਪੰਜਾਬ ਇੱਕੋ ਇੱਕ ਸੂਬਾ ਹੈ। ਇਸ ਮੁੱਦੇ ਉਤੇ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਸਰਕਾਰ ਨੇ ਮਾਲੀਏ ਦੀ ਦ੍ਰਿਸ਼ਟੀ ਤੋਂ ਠੇਕੇ ਨਾ ਚੁਕਵਾਉਣ ਦੀ ਦੁਹਾਈ ਪਾਈ ਹੈ। ਇਹ ਵੀ ਲਿਖਿਆ ਹੈ ਕਿ ਸਰਕਾਰ ਵੱਲੋਂ ਅਜਿਹਾ ਸਿਰਫ ਮਾਲੀਆ ਵੱਧ ਇਕੱਠਾ ਕਰਨ ਲਈ ਹੀ ਨਹੀਂ ਬਲਕਿ ਲੋਕਾਂ ਦੀਆਂ ਜੇਬਾਂ ਵਿਚੋਂ ਪੈਸਾ ਕੱਢ ਕੇ ਨਜ਼ਦੀਕੀਆਂ ਦੀ ਆਮਦਨ ਵਧਾਉਣ ਲਈ ਕੀਤਾ ਜਾ ਰਿਹਾ ਹੈ। ਸ਼ਰਾਬ ਦੇ ਜ਼ਿਆਦਾਤਰ ਵੱਡੇ ਕਾਰੋਬਾਰੀ ਸੱਤਾਧਾਰੀ ਧਿਰ ਨਾਲ ਸਬੰਧਤ ਹਨ ਅਤੇ ਇਨ੍ਹਾਂ ਵਿਚੋਂ ਕਈਆਂ ਦੀਆਂ ਤਾਂ ਸ਼ਰਾਬ ਦੀਆਂ ਫੈਕਟਰੀਆਂ ਹਨ। ਖਬਰਾਂ ਪੜ੍ਹ ਕੇ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਸਰਕਾਰ ਜਾਂ ਪੰਜਾਬ ਦਾ ਕੋਈ ਮੰਤਰੀ ਸ਼ਰਾਬ ਨੂੰ ਨਸ਼ਾ ਕਿਵੇਂ ਐਲਾਨ ਸਕਦਾ ਹੈ? ਅਤੇ ਜਦੋਂ ਤੱਕ ਪੰਜਾਬ ਸਰਕਾਰ ਐਲਾਨ ਨਹੀਂ ਕਰਦੀ ਕਿ ਸ਼ਰਾਬ ਨਸ਼ਾ ਹੈ, ਉਦੋਂ ਤੱਕ ਪੰਜਾਬ ਵਿਚ ਸ਼ਰਾਬ ਨੂੰ ਨਸ਼ਾ ਕਿਵੇਂ ਸਮਝਿਆ ਜਾ ਸਕਦਾ ਹੈ!
ਮਾਹਿਰਾਂ ਅਨੁਸਾਰ ਸ਼ਰਾਬ (ਅਲਕੋਹਲ) ਨੂੰ ‘ਸਪਿਰਿਟੁਅਸ’ ਤਰਲ ਦਾ ਪਰਾਇਵਾਚੀ ਮੰਨਿਆ ਗਿਆ ਹੈ ਜਿਸ ਦਾ ਅਰਥ ਹੈ ਜਿਸ ਵਿਚ ਸਪਿਰਿਟ ਹੋਵੇ, ਨਸ਼ੇ ਵਾਲਾ, ਨਸ਼ੀਲਾ ਪਦਾਰਥ। ਇਸ ਦੇ ਸੇਵਨ ਦਾ ਉਲੇਖ ਬੇਸ਼ੱਕ ਇਸ ਨੁੰ ਪੀਣ ਦੀਆ ਬੰਦਸ਼ਾਂ ਅਤੇ ਨਿਯਮਾਂ ਸਮੇਤ 1700 ਈæ ਪੂਰਬ ਤੱਕ ਜਾਂਦਾ ਹੈ। ਅਲਕੋਹਲ ਦੀਆਂ ਚਾਰ ਕਿਸਮਾਂ ਹਨ: ਬੁਟਿਅਲ ਅਲਕੋਹਲ, ਮੇਥਿਅਲ ਅਲਕੋਹਲ, ਈਥਲ ਅਲਕੋਹਲ ਤੇ ਪਰੌਪਿਲ ਅਲਕੋਹਲ; ਅਤੇ ਇਥਿਅਲ ਅਲਕੋਹਲ ਜਾਂ ਈਥਾਨੋਲ (ਸੀ2 ਐਚ5 ਈਥਾਨੋਲ ਅਲਕੋਹਲ ਕਿਸਮ) ਪੀਣ ਵਾਲੀਆਂ ਸ਼ਰਾਬਾਂ ਤਿਆਰ ਕਰਨ ਵਿਚ ਵਰਤੀ ਜਾਂਦੀ ਹੈ। ਬਾਕੀ ਦੀਆਂ ਤਿੰਨ ਕਿਸਮਾਂ ਮੇਥਿਅਲ, ਪਰੌਪਿਲ ਅਤੇ ਬੁਟਿਅਲ ਅਲਕੋਹਲ, ਜੇ ਇਨ੍ਹਾਂ ਨੁੰ ਖਾ/ਪੀ ਲਿਆ ਜਾਵੇ ਤਾਂ ਅੱਖਾਂ ਦੀ ਜੋਤ ਜਾ ਸਕਦੀ ਹੈ ਅਤੇ ਮੌਤ ਵੀ ਹੋ ਸਕਦੀ ਹੈ, ਬੇਸ਼ਕ ਬਹੁਤ ਥੋੜੀ ਮਾਤਰਾ ਵਿਚ ਹੀ ਸੇਵਨ ਕੀਤੀ ਹੋਵੇ।
ਅਲਕੋਹਲ ਜਾਂ ਈਥਾਨੋਲ ਨਸ਼ਾ ਦੇਣ ਵਾਲਾ ਪਦਾਰਥ ਹੈ ਜੋ ਬੀਅਰ, ਵਾਈਨ ਅਤੇ ਲਿਕਰ ਵਿਚ ਹੁੰਦਾ ਹੈ। ਅਮਰੀਕਾ ਵਰਗੇ ਮੁਲਕਾਂ ਦੀਆਂ ਸਰਕਾਰਾਂ ਨੇ ਵੀ ਇਕਸਾਰ ਕਾਨੂੰਨ ਬਣਾ ਦਿੱਤੇ ਹਨ ਜਿਸ ਵਿਚ ਡਰਿੰਕਿੰਗ ਉਮਰ 21 ਸਾਲ ਕਰ ਦਿੱਤੀ ਹੈ। ਹੁਣ ਸਾਰੀਆਂ ਸਟੇਟਾਂ ਨੇ ਕਾਨੂੰਨ ਰਾਹੀਂ ਬੰਦਿਸ਼ ਲਾ ਦਿੱਤੀ ਹੈ ਕਿ 21 ਸਾਲ ਤੋਂ ਛੋਟੀ ਉਮਰ ਦੇ ਕਿਸੇ ਵੀ ਨੌਜਵਾਨ ਲਈ ਸ਼ਰਾਬ ਖਰੀਦਣੀ ਜਾਂ ਵੇਚਣੀ ਗੈਰ-ਕਾਨੂੰਨੀ ਹੈ। ਅਮਰੀਕਾ ਦੇ ਸਰਜਨ ਜਨਰਲ ਦੇ ਦਫਤਰ ਅਨੁਸਾਰ ਯੁਨਾਈਟਿਡ ਸਟੇਟਸ ਵਿਚ ਨੌਜਵਾਨ ਪੀੜੀ ਤੰਬਾਕੂ ਜਾਂ ਇਲਿਸਟ ਡਰੱਗ ਨਾਲੋਂ ਵੀ ਸ਼ਰਾਬ ਦੀ ਵਰਤੋਂ ਵੱਧ ਕਰ ਰਹੀ ਹੈ ਜੋ ਕਿ ਪਬਲਿਕ ਹੈਲਥ ਦਾ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਡਰੱਗ ਫਰੀ ਡਾਟ ਕਾਮ ਦੇ ‘ਦਾ ਟਰੁੱਥ ਅਬਾਊਟ ਅਲਕੋਹਲ’ ਵਿਚ ਦੱਸਿਆ ਗਿਆ ਹੈ ਕਿ ਇਸ ਗੱਲ ‘ਤੇ ਮੁਨੱਸਰ ਕਰਦਿਆਂ ਕਿ ਕਿਸੇ ਨੇ ਕਿੰਨੀ ਕੁ ਮਾਤਰਾ ਵਿਚ ਅਲਕੋਹਲ ਲਈ ਹੈ ਅਤੇ ਉਸ ਦੀ ਸਰੀਰਕ ਹਾਲਤ ਕਿਸ ਕਿਸਮ ਦੀ ਹੈ, ਅਲਕੋਹਲ ਦਾ ਸੇਵਨ ਜ਼ੁਬਾਨ ਦਾ ਥਥਲਾਉਣਾ, ਊਂਘ ਆਉਣੀ, ਉਲਟੀਆਂ ਕਰਨਾ, ਦਸਤ ਲੱਗਣੇ, ਪੇਟ ਦੀ ਗੜਬੜ, ਸਿਰ ਦਰਦ, ਸਾਹ ਲੈਣ ਵਿਚ ਔਖਿਆਈ, ਦੇਖਣ-ਸੁਣਨ ਵਿਚ ਗੜਬੜ, ਫੈਸਲਾ ਕਰਨ ਵਿਚ ਵਿਗਾੜ, ਸੋਝੀ ਅਤੇ ਤਾਲ-ਮੇਲ ਸ਼ਕਤੀ ਦਾ ਘਟਣਾ, ਬੇਹੋਸ਼ੀ, ਅਨੀਮੀਆ, ਡੂੰਘੀ ਬੇਹੋਸ਼ੀ (ਕੌਮਾ), ਯਾਦ-ਸ਼ਕਤੀ ਦੀ ਗੜਬੜ ਆਦਿ ਕਿਸਮ ਦੀਆਂ ਥੋੜ੍ਹ-ਚਿਰੀ ਅਲਾਮਤਾਂ ਦਾ ਕਾਰਨ ਬਣ ਸਕਦਾ ਹੈ। ਬਹੁਤੀ ਅਤੇ ਲਗਾਤਾਰ ਸ਼ਰਾਬ ਪੀਣ ਨਾਲ ਇਸ ਦੇ ਸਿਹਤ ਉਪਰ ਲੰਮੇ ਸਮੇਂ ਤੱਕ ਮਾਰ ਕਰਨ ਵਾਲੇ ਅਸਰ ਇਸ ਕਿਸਮ ਦੇ ਹੋ ਸਕਦੇ ਹਨ: (1) ਗੈਰ-ਇਰਾਦਾ ਸੱਟਾਂ ਜਿਵੇਂ ਕਾਰ ਕਰੈਸ਼, ਡਿਗਣਾ, ਸੜਨਾ, ਡੁੱਬਣਾ ਆਦਿ। (2) ਜਾਣ-ਬੁੱਝ ਕੇ ਖਾਣ ਵਾਲੀਆਂ ਸੱਟਾਂ ਜਿਵੇਂ ਬਾਰੂਦੀ ਹਥਿਆਰਾਂ ਰਾਹੀਂ ਸੱਟਾਂ ਅਤੇ ਉਤਪਾਦਿਕਤਾ ਦਾ ਘਟ ਜਾਣਾ। (3) ਪਰਿਵਾਰਕ ਸਮੱਸਿਆਵਾਂ ਦਾ ਵਧਣਾ ਅਤੇ ਰਿਸ਼ਤਿਆਂ ਦਾ ਟੁੱਟਣਾ। ਸ਼ਰਾਬ ਦੀ ਜ਼ਹਿਰ। ਲਹੂ ਦੇ ਦਬਾ ਵਿਚ ਵਾਧਾ, ਸਟਰੋਕ ਅਤੇ ਦਿਲ ਦੇ ਰੋਗਾਂ ਦਾ ਹੋਣਾ, ਜ਼ਿਗਰ ਦੇ ਰੋਗ, ਨਸਾਂ ਦੀ ਤਬਾਹੀ, ਦਿਮਾਗ ਦਾ ਪੱਕੇ ਤੌਰ ‘ਤੇ ਤਬਾਹ ਹੋ ਜਾਣਾ। ਵਿਟਾਮਿਨ ‘ਬੀ’ ਦੀ ਘਾਟ ਜੋ ਕਿ ਅਮਨੇਸ਼ੀਆ ਨਾਲ ਹੋਣ ਵਾਲੇ ਜਿਵੇਂ ਉਤਸ਼ਾਹ-ਹੀਣਤਾ ਅਤੇ ਬੇਮੁੱਖਤਾ ਆਦਿ ਵਿਗਾੜ ਪੈਦਾ ਹੋ ਜਾਂਦੇ ਹਨ। ਅਲਸਰ ਬਣ ਜਾਣੇ, ਪੇਟ ਦੀਆਂ ਮਾਸ-ਪੇਸ਼ੀਆਂ ਦਾ ਫੁੱਲਣਾ। ਅਸੰਤੁਲਤ ਭੋਜਨ ਅਤੇ ਮੂੰਹ ਤੇ ਗਲੇ ਦਾ ਕੈਂਸਰ।
ਮਾਹਿਰਾਂ ਵੱਲੋਂ ਸ਼ਰਾਬ ਦੇ ਨਸ਼ਈਪੁਣੇ ਨੂੰ ਬਹੁਤ ਹੀ ਗੰਭੀਰ ਮੈਡੀਕਲ ਸਮੱਸਿਆ ਮੰਨਿਆ ਗਿਆ ਹੈ। ਵੱਧਦੀ ਹੋਈ ਸ਼ਰਾਬ ਦੀ ਆਦਤ ਸੇਵਨ ਕਰਨ ਵਾਲੇ ਦੀ ਆਪਣੀ ਅਤੇ ਪਰਿਵਾਰ ਦੀ ਜ਼ਿੰਦਗੀ ਤਬਾਹ ਕਰ ਦਿੰਦੀ ਹੈ। ਇਹ ਬਿਲਕੁਲ ਸੰਭਵ ਹੈ ਕਿ ਇਹ ਉਸ ਪੱਧਰ ‘ਤੇ ਪਹੁੰਚ ਜਾਵੇ ਜਿੱਥੇ ਜਾ ਕੇ ਜੀਵਨ ਨੂੰ ਖਤਰਾ ਪੈਦਾ ਹੋ ਜਾਵੇ ਕਿਉਂਕਿ ਇਸ ਨਾਲ ਸਵਾਸ-ਜੰਤਰ ਦਬ ਜਾਵੇ ਅਤੇ ਸਾਹ ਆਉਣਾ ਬੰਦ ਹੋ ਜਾਵੇ। ਇਸ ਦੇ ਨਸ਼ੇ ਦਾ ਜੇ ਕੋਈ ਆਦੀ ਹੋ ਜਾਵੇ ਤਾਂ ਉਸ ਦਾ ਸਰੀਰ ਏਨਾ ਨਿਰਭਰ ਹੋ ਜਾਂਦਾ ਹੈ ਕਿ ਇਸ ਦੇ ਗੰਭੀਰ ਸਿੱਟਿਆਂ ਦਾ ਪਤਾ ਹੋਣ ਦੇ ਬਾਵਜੂਦ ਉਹ ਇਸ ਨੂੰ ਛੱਡ ਨਹੀਂ ਸਕਦਾ। ਲੰਬੇ ਸਮੇਂ ਤੱਕ ਲੱਗੀ ਸ਼ਰਾਬ ਦੀ ਲਤ ਨੂੰ ਜੇ ਮਨੁੱਖ ਬਿਨਾ ਕਿਸੇ ਸਹੀ ਡਾਕਟਰੀ ਸਹਾਇਤਾ ਅਤੇ ਦੇਖ-ਰੇਖ ਦੇ ਛੱਡੇ ਤਾਂ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਨਸ਼ਾ ਛੱਡਣ ਦੀ ਕਿਰਿਆ ਦੇ ਲੱਛਣਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਨਸ਼ੇ ਦਾ ਰੋਗ ਵਧੇ ਹੋਏ ਪੱਧਰ ‘ਤੇ ਪਹੁੰਚ ਗਿਆ ਹੈ ਅਤੇ ਇਸ ਦੀ ਅਣਗਹਿਲੀ ਨਹੀਂ ਕੀਤੀ ਜਾ ਸਕਦੀ। ਇਸ ਦੇ ਲੱਛਣਾਂ ਵਿਚ ਸਰੀਰਕ ਕੰਬਣੀਆਂ, ਕੜਵੱਲ, ਹੱਥਾਂ ਜਾਂ ਸਾਰੇ ਸਰੀਰ ਦਾ ਬੇਕਾਬੂ ਕੰਬਣਾ, ਠੰਡ ਵਿਚ ਵੀ ਬਹੁਤ ਜ਼ਿਆਦਾ ਪਸੀਨਾ ਆਉਣਾ, ਲੋੜੋਂ ਵੱਧ ਉਤੇਜਨਾ ਅਤੇ ਚਿੰਤਾ, ਲਗਾਤਾਰ ਉਨੀਂਦਰਾ ਰੋਗ, ਜੀਅ ਕਚਿਆਉਣਾ ਅਤੇ ਉਲਟੀਆਂ ਆਉਣਾ ਆਦਿ। ਸਰੀਰਕ ਤੌਰ ‘ਤੇ ਮਨੁੱਖ ਦਾ ਨਰਵਸ ਸਿਸਟਮ, ਦਿਮਾਗ, ਦਿਲ, ਗੁਰਦੇ, ਜਿਗਰ ਸਭ ‘ਤੇ ਮਾਰੂ ਅਸਰ ਪੈਂਦਾ ਹੈ। ਇਸ ਦੇ ਸੇਵਨ ਨਾਲ ਮਨੁੱਖ ਦੀ ਕੰਮ ਕਰਨ ਦੀ ਸ਼ਕਤੀ ਹੀਣ ਹੋ ਜਾਂਦੀ ਹੈ ਜਿਸ ਨਾਲ ਅਨੇਕਾਂ ਆਰਥਿਕ, ਸਮਾਜਕ ਅਤੇ ਪਰਿਵਾਰਕ ਸਮੱਸਿਆਵਾਂ ਪੈਦਾ ਹੋ ਜਾਂਦੀਆ ਹਨ ਅਤੇ ਜੀਵਨ ਤਬਾਹੀ ਦੀ ਦੰਦੀ ‘ਤੇ ਆ ਕੇ ਖੜਾ ਹੋ ਜਾਂਦਾ ਹੈ। ਸੰਸਾਰ ਪੱਧਰ ‘ਤੇ ਇਸ ਨੂੰ ਚਕਿਸਤਕ ਰੋਗ ਮੰਨਿਆ ਜਾ ਚੁੱਕਾ ਹੈ। ਅਲਕੋਹਲ ਕਾਰਨ ਅਮੈਰਿਕਾ ਅਤੇ ਕੈਨੇਡਾ ਵਿਚ ਹਰ ਸਾਲ ਲਗਭਗ ਇੱਕ ਲੱਖ ਮੌਤਾਂ ਹੋ ਜਾਂਦੀਆਂ ਹਨ।
ਉਪਰ ਦਿੱਤੀ ਸੰਖੇਪ ਜਿਹੀ ਵਿਚਾਰ-ਚਰਚਾ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸ਼ਰਾਬ ਜਾਂ ਅਲਕੋਹਲ ਇੱਕ ਨਸ਼ਾ ਹੈ। ਪੰਜਾਬ ਦਾ ਕੋਈ ਪਿੰਡ, ਕਸਬਾ, ਸ਼ਹਿਰ ਇਹੋ ਜਿਹਾ ਨਹੀਂ ਹੈ ਜਿੱਥੇ ਸ਼ਰਾਬ ਕਾਰਨ ਮੌਤਾਂ ਨਾ ਹੋਈਆਂ ਹੋਣ ਅਤੇ ਇਸ ਨੇ ਪਰਿਵਾਰਾਂ ਦੇ ਜੀਵਨ ‘ਤੇ ਅਸਰ ਨਾ ਪਾਇਆ ਹੋਵੇ। ਭਾਵੇਂ ਇਸ ਦਾ ਸੇਵਨ ਫੌਜ, ਪਾਰਟੀਆਂ, ਵਿਆਹਾਂ ਵਿਚ ਹੁੰਦਾ ਹੈ ਪਰ ਇਸ ਦਾ ਅਰਥ ਇਹ ਹਰਗਿਜ਼ ਨਹੀਂ ਹੈ ਕਿ ਸ਼ਰਾਬ ਇੱਕ ਨਸ਼ਾ ਨਹੀਂ ਹੈ। ਸਿਰਫ ਮਾਲੀਆ ਇਕੱਠਾ ਕਰਨ ਲਈ ਅਤੇ ਆਪਣਿਆਂ ਦੀਆਂ ਜੇਬਾਂ ਭਰਨ ਲਈ ਸ਼ਰਾਬ ਦੇ ਥਾਂ ਥਾਂ ਠੇਕੇ ਖੋਲ੍ਹਣੇ ਅਤੇ ਇਹ ਕਹਿਣਾ ਕਿ ਇਹ ਨਸ਼ਾ ਨਹੀਂ ਹੈ ‘ਪੰਥਕ ਸਰਕਾਰ’ ਦੇ ਮੰਤਰੀਆਂ ਨੂੰ ਸ਼ੋਭਦਾ ਨਹੀਂ। ਪੰਜਾਬ ਵਿਚ ਸਭ ਤੋਂ ਵੱਧ ਐਕਸੀਡੈਂਟ ਹੁੰਦੇ ਹਨ। ਇਸ ਦਾ ਇਕ ਕਾਰਨ ਸ਼ਰਾਬ ਪੀ ਕੇ ਗੱਡੀ ਚਲਾਉਣਾ ਹੈ, ਪਰ ‘ਪੰਥਕ ਸਰਕਾਰ’ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕਰ ਰਹੀ ਹੈ ਕਿ ਰਾਜਮਾਰਗਾਂ ਅਤੇ ਸ਼ਾਹਰਾਹਾਂ ਤੋਂ ਠੇਕੇ ਨਾ ਚੁਕਵਾਏ ਜਾਣ ਕਿਉਂਕਿ ਇਸ ਨਾਲ ਮਾਲੀਏ ‘ਤੇ ਅਸਰ ਪਵੇਗਾ। ਅਨੇਕਾਂ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾਸ ਕਰਕੇ ਦੇ ਚੁੱਕੀਆਂ ਹਨ ਕਿ ਉਨ੍ਹਾਂ ਦੇ ਪਿੰਡਾਂ ਵਿਚੋਂ ਸ਼ਰਾਬ ਦੇ ਠੇਕੇ ਚੁੱਕੇ ਜਾਣ ਪਰ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕੀ। ਲੋਕਾਂ ਦਾ ਕੀ ਹੈ? ਉਨ੍ਹਾਂ ਦੀ ਲੋੜ ਤਾਂ ਵੋਟਾਂ ਵੇਲੇ ਹੁੰਦੀ ਹੈ, ਜਦਕਿ ਮਾਲੀਆ ਤਾਂ ਅੱਜ ਦੀ ਜ਼ਰੂਰਤ ਹੈ। ਲੋਕਾਂ ਨੇ ਤਾਂ ਚਾਰ ਦਿਨ ਰੌਲਾ ਪਾ ਕੇ ਹਾਰ-ਹੁੱਟ ਕੇ ਬੈਠ ਜਾਣਾ ਹੈ। ਜੇ ਸ਼ਰਾਬ ਕਾਰਨ ਕਿਸੇ ਦੀ ਜਾਨ ਜਾਂਦੀ ਏ ਤਾਂ ਮੰਤਰੀ ਜੀ ਕੀ ਕਰਨ? ਸਾਡੇ ਲੋਕ ਤਾਂ ਵੈਸੇ ਵੀ ਬਹੁਤ ਭਾਵੁਕ ਸੁਭਾਅ ਦੇ ਹਨ। ਕਿਸੇ ਵੀ ਮੁੱਦੇ ‘ਤੇ ਇੱਕ ਦਮ ਉਤੇਜਿਤ ਹੋ ਜਾਂਦੇ ਹਨ ਅਤੇ ਫਿਰ ਛੇਤੀ ਹੀ ਭੁੱਲ-ਭੁਲਾ ਜਾਂਦੇ ਹਨ। ਮੁੱਖ ਮੰਤਰੀ, ਉਪ ਮੁੱਖ ਮੰਤਰੀ ਜਾਂ ਕੋਈ ਮੰਤਰੀ ਭਾਵੁਕ ਜਿਹੇ ਦੋ ਬੋਲ ਬੋਲ ਦੇਵੇ ਤਾਂ ਸਾਡੇ ਸਿੱਧੇ-ਸਾਦੇ, ਭੋਲੇ ਲੋਕ ਝੱਟ ਪਸੀਜ ਜਾਂਦੇ ਹਨ ਅਤੇ ਪਿਛਲਾ ਕੀਤਾ ਮੁਆਫ ਕਰ ਦਿੰਦੇ ਹਨ।
ਹੈਰਾਨੀ ਨਸ਼ਾ ਛੁਡਾਊ ਕੇਂਦਰ ਦੇ ਪ੍ਰਬੰਧਕਾਂ ‘ਤੇ ਵੀ ਹੁੰਦੀ ਹੈ ਜਿਨ੍ਹਾਂ ਵਿਚੋਂ ਕਿਸੇ ਨੇ ਵੀ ਮੰਤਰੀ ਨੂੰ ਟੋਕਿਆ ਨਹੀਂ ਕਿ ਮੰਤਰੀ ਜੀ ਸ਼ਰਾਬ ਵੀ ਇੱਕ ਨਸ਼ਾ ਹੈ ਅਤੇ ਇਥੇ ਦੂਜੇ ਨਸ਼ਿਆਂ ਦੇ ਨਾਲ ਕਲ੍ਹ-ਕਲੋਤਰ ਨੂੰ ਸ਼ਰਾਬ ਤੋਂ ਪਿੱਛਾ ਛੁਡਾਉਣ ਵਾਲਿਆਂ ਜਾਂ ਉਨ੍ਹਾਂ ਦੇ ਮਾਪਿਆਂ ਨੇ ਵੀ ਪਹੁੰਚ ਕਰਨੀ ਹੈ। ਕੀ ਜੇ ਆਉਣ ਵਾਲੇ ਸਮੇਂ ਵਿਚ, ਰੱਬ ਨਾ ਕਰੇ, ਮਾਲੀਏ ਖਾਤਰ ਸਰਕਾਰ ਡੋਡੇ ਅਤੇ ਅਫੀਮ ਦੀ ਕਾਸ਼ਤ ਨੂੰ ਕਾਨੂੰਨੀ ਬਣਾ ਦੇਵੇ, ਤੰਬਾਕੂ ਉਗਾਉਣ ਦੀ ਇਜਾਜ਼ਤ ਦੇ ਦੇਵੇ (ਸੂਤਰਾਂ ਅਨੁਸਾਰ ਕਈ ਤਮਾਕੂ ਕੰਪਨੀਆਂ ਪੰਜਾਬ ਸਰਕਾਰ ਤੱਕ ਪਹੁੰਚ ਵੀ ਕਰ ਰਹੀਆਂ ਹਨ ਜਿਨ੍ਹਾਂ ਦਾ ਵਿਰੋਧ ਕਈ ਮਨੁੱਖੀ ਅਧਿਕਾਰ ਅਦਾਰਿਆਂ ਵੱਲੋਂ ਹੋ ਰਿਹਾ ਹੈ) ਤਾਂ ਕੀ ਫਿਰ ਡੋਡੇ, ਅਫੀਮ, ਤੰਬਾਕੂ ਇਹ ਸਭ ਨਸ਼ਾ ਨਹੀਂ ਰਹਿਣਗੇ?
ਗੁਰਮਤਿ ਮਰਿਆਦਾ ਅਨੁਸਾਰ ਸ਼ਰਾਬ ਪੀਣ ਦੀ ਮਨਾਹੀ ਕੀਤੀ ਗਈ ਹੈ, ਹਰ ਤਰ੍ਹਾਂ ਦੇ ਨਸ਼ੇ ਦੀ ਮਨਾਹੀ ਕੀਤੀ ਗਈ ਹੈ ਕਿਉਂਕਿ ਇਹ ਮਨੁੱਖ ਦੇ ਨਿਜੀ, ਸਮਾਜਕ, ਆਰਥਿਕ ਅਤੇ ਨੈਤਿਕ ਜੀਵਨ ਨੂੰ ਨਸ਼ਟ ਕਰਦੇ ਹਨ ਅਤੇ ਮਨੁੱਖ ਦੇ ਹਰ ਤਰ੍ਹਾਂ ਦੇ ਵਿਕਾਸ ਦੇ ਰਾਹ ਦਾ ਰੋੜਾ ਬਣਦੇ ਹਨ।
ਗੁਰੂ ਅਮਰਦਾਸ ਫੁਰਮਾਉਂਦੇ ਹਨ ਕਿ ਸ਼ਰਾਬ ਦਾ ਪੀਣਾ ਮਨੁੱਖ ਦੇ ਅਕਾਲ ਪੁਰਖ ਨਾਲ ਮੇਲ ਦੇ ਰਸਤੇ ਵਿਚ ਰੁਕਾਵਟ ਪਾਉਂਦਾ ਹੈ। ਗੁਰੂ ਜੀ ਦੱਸਦੇ ਹਨ ਕਿ ਇੱਕ ਮਨੁੱਖ ਨੇ ਸ਼ਰਾਬ ਦਾ ਭਾਂਡਾ ਭਰ ਕੇ ਲਿਆਂਦਾ ਅਤੇ ਦੂਜੇ ਨੇ ਉਸ ਵਿਚੋਂ ਭਰ ਕੇ ਪੀ ਲਿਆ। ਪਰ ਇਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਅਤੇ ਝੱਲਪੁਣਾ ਸਵਾਰ ਹੋ ਜਾਂਦਾ ਹੈ, ਆਪਣੇ-ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਕ ਵੱਲੋਂ ਧੱਕੇ ਪੈਂਦੇ ਹਨ। ਜਿਸ ਦੇ ਪੀਤਿਆਂ ਪਰਮਾਤਮਾ ਵਿਸਰ ਜਾਂਦਾ ਹੈ, ਅਕਾਲ ਪੁਰਖ ਦੀ ਦਰਗਾਹ ਵਿਚ ਸਜ਼ਾ ਮਿਲਦੀ ਹੈ ਅਜਿਹੀ ਮਦ (ਸ਼ਰਾਬ) ਕਿਉਂ ਪੀਣੀ ਹੈ? ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਅਕਾਲ ਪੁਰਖ ਦੀ ਮਿਹਰ ਹੋਵੇ ਅਤੇ ਮਨੁੱਖ ਨੂੰ ਰੱਬ ਦੇ ਨਾਮ ਦਾ ਨਸ਼ਾ ਮਿਲ ਜਾਂਦਾ ਹੈ, ਜਿਸ ਨੂੰ ਗੁਰੂ ਮਿਲ ਪਵੇ ਉਹ ਪਰਮਾਤਮ-ਰੰਗ ਵਿਚ ਰੰਗਿਆ ਰਹਿੰਦਾ ਹੈ ਅਤੇ ਉਸ ਨੂੰ ਅਕਾਲ ਪੁਰਖ ਦੀ ਦਰਗਾਹ ਵਿਚ ਥਾਂ ਮਿਲ ਜਾਂਦੀ ਹੈ, ਸਤਿਕਾਰ ਮਿਲਦਾ ਹੈ,
ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ॥
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥
ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ॥
ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ॥੧॥ (ਪੰਨਾ 554)