‘ਖਿਚੜੀ ਅਜੇ ਵੀ ਰਿੱਝ ਰਹੀ ਸੀ’ ਵਿਚ ਕਾਨਾ ਸਿੰਘ ਨੇ ਅੰਮ੍ਰਿਤਾ ਦੇ ਇਮਰੋਜ਼ ਬਾਰੇ ਬਾਤਾਂ ਪਾਈਆਂ ਹਨ ਅਤੇ ਮੁਕੰਮਲ ਰੂਪ ਵਿਚ ਅੰਮ੍ਰਿਤਾ ਨੂੰ ਸਮਰਪਿਤ ਇਸ ਚਿੱਤਰਕਾਰ-ਸ਼ਾਇਰ ਦੇ ਦਿਲ-ਦਰਪਣ ਦੀਆਂ ਕੁਝ ਸਾਂਝਾਂ ਆਪਣੇ ਇਸ ਲੇਖ ਵਿਚ ਉਲੀਕੀਆਂ ਹਨ।
ਇਨ੍ਹਾਂ ਬਾਤਾਂ ਵਿਚ ਨਿਰਮਲਤਾ ਵੀ ਹੈ ਅਤੇ ਨਿਰਮਾਣਤਾ ਵੀ। ਇਸ ਵਿਚ ਡੁੱਲ੍ਹ-ਡੁੱਲ੍ਹ ਪੈਂਦੇ ਪਿਆਰ ਦਾ ਅਹਿਸਾਸ ਠਾਠਾਂ ਮਾਰਦਾ ਪ੍ਰਤੀਤ ਹੁੰਦਾ ਹੈ। -ਸੰਪਾਦਕ
ਕਾਨਾ ਸਿੰਘ
ਠੀਕ ਸਾਢੇ ਨੌਂ ਵਜੇ ਅਸਾਂ ਬੈਲ ਦਿੱਤੀ। ਦਰਵਾਜ਼ਾ ਖੁੱਲ੍ਹਿਆ। ਚਿਤਕਬਰੇ ਵਾਲ, ਸੂਖਮ ਸਰੀਰ, ਜੀਨ ਜੈਕੇਟ ਤੇ ਗੋਲਾ ਬੂਟਾਂ ਵਿਚ ਤੈਸ ਲੈਸ, ਜਿਵੇਂ ਹੁਣੇ ਹੀ ਕਿਧਰੋਂ ਆਇਆ ਹੋਵੇ ਜਾਂ ਉਸ ਕਿਧਰੇ ਜਾਣਾ ਹੋਵੇ, ਇਕ ਬੰਦਾ।
‘ਇਮਰੋਜ਼’ ਤਾਰਨ ਗੁਜਰਾਲ ਦੇ ਪਰੀਚੈ ਕਰਾਣ Ḕਤੇ ਮੈਨੂੰ ਝਟਕਾ ਲੱਗਾ।
“ਕੀ ਹਾਲ ਹੈ ਅੰਮ੍ਰਿਤਾ ਜੀ ਦਾ?” ਤਾਰਨ ਨੇ ਅੰਦਰ ਵੜਦਿਆਂ ਪੁੱਛਿਆ। ਮੇਰੇ ਮੂੰਹ ਵਿਚ ਤਾਂ ਜਿਵੇਂ ਜੀਭ ਹੀ ਨਹੀਂ ਸੀ।
“ਹੁਣ ਕੁਝ ਠੀਕ ਹਨ। ਹੁਣੇ ਹੀ ਸੁੱਤੇ ਹਨ। ਝਟ ਕੁ ਪਹਿਲਾਂ।”
“ਕੀ ਹੋਇਆ ਸੀ?”
“ਫੂਡ ਪਾਇਜ਼ਨਿੰਗ।”
“ਕਿਵੇਂ ਹੋਈ?”
“ਬਸ ਹੋ ਗਈ। ਅਸਾਂ ਤੇ ਕਦੇ ਪਾਣੀ ਉਬਾਲ ਕੇ ਨਹੀਂ ਪੀਤਾ ਤੇ ਨਾ ਹੀ ਫ਼ਿਲਟਰ ਰੱਖਿਆ ਹੋਇਐ। ਕੀ ਬਨਾਣਾ ਜਿਸਮ ਨੂੰ ਏਨਾ ਨਾਜ਼ੁਕ। ਤੇ ਠੀਕ ਹੀ ਰਹੀਦਾ ਸੀ, ਪਰ ਸਮਝ ਨਹੀਂ ਆਈ ਕਿ ਕਿਸ ਤਰ੍ਹਾਂ ਆ ਗਈ ਇਹ ਇਨਫੈਕਸ਼ਨ।æææਕੋਈ ਗੱਲ ਨਹੀਂæææਹੋ ਜਾਣਗੇ ਠੀਕæææਬਿਮਾਰੀਆਂ ਤਾਂ ਆਂਦੀਆਂ ਜਾਂਦੀਆਂ ਰਹਿੰਦੀਆਂ ਨੇ।”
000
ਇਹ ਸੀ 22 ਫ਼ਰਵਰੀ, 1992 ਦੀ ਸਵੇਰ।
ਨੋਇਡਾ ਦੀ ਮਕਾਨ ਉਸਾਰੀ ਤੋਂ ਹਾਲੇ ਪੂਰੀ ਤਰ੍ਹਾਂ ਵਿਹਲੀ ਨਾ ਸੀ ਹੋਈ ਕਿ ਉਥੇ ਹੀ ਰਹਿੰਦੀ ਨੂੰ ਸਰਬ ਹਿੰਦ ਪੰਜਾਬੀ ਕਾਨਫਰੰਸ ਵਿਚ ਸ਼ਾਮਿਲ ਹੋਣ ਦਾ ਸੱਦਾ ਆਇਆ। ਕਾਨਫਰੰਸ ਦੇ ਪਹਿਲੇ ਸਮਾਗਮ ਦੌਰਾਨ ਹੀ Ḕਪ੍ਰੀਤ ਲੜੀḔ ਦੇ ਉਸੇ ਮਹੀਨੇ ਦੇ ਅੰਕ ਵਿਚ ਮੇਰਾ ਲੇਖ Ḕਬਸ ਏਨੀ ਕੁ ਅੰਮ੍ਰਿਤਾ’ ਛਪਣ ਅਤੇ ਨਾਲ ਹੀ ਅੰਮ੍ਰਿਤਾ ਦੇ ਸਖ਼ਤ ਬਿਮਾਰ ਹੋਣ ਦਾ ਵੀ ਸਮਾਚਾਰ ਮਿਲਿਆ। ਮੇਰੇ ਉਸ ਲੇਖ ਦਾ ਅੰਤ ਸੀ:
ਫਗਣੇ ਚੇਤਰੇ ਨੀ ਬਹਾਰ ਹੋਸੀ ਖਿੜੀ ਖਿੜੀ
ਤੇ ਮੈਂ ਮਿਲਣ ਵੈਸਾਂ ਅੰਮ੍ਰਿਤਾ ਨੂੰ, ਰੱਬ ਖ਼ੈਰ ਕਰੇ।
ਫੱਗਣ ਤਾਂ ਚੜ੍ਹ ਚੁਕਿਆ ਸੀ ਪਰ ਆਪਣੇ ਖਲਜਗਣਾਂ ਨੂੰ ਸੰਭਾਲਦੀ, ਸਮੇਟਦੀ ਮੈਂ ਏਨੀ ਥੱਕ ਚੁਕੀ ਸਾਂ, ਕਮਜ਼ੋਰ ਨੀਰਸ ਤੇ ਮੁਰਝਾਈ ਹੋਈ ਕਿ ਇਕ ਅੱਧ ਮਹੀਨਾ ਹੋਰ ਸੁਸਤਾਅ, ਅਲਸਾਅ ਕੇ ਹੀ ਅੰਮ੍ਰਿਤਾ ਵੱਲ ਜਾਣਾ ਚਾਹੁੰਦੀ ਸਾਂ ਤੇ ਹੁਣ ਉਸ ਦੀ ਹਾਲਤ ਚਿੰਤਾਜਨਕ ਸੁਣਨ ਨੂੰ ਮਿਲੀ। Ḕਰੱਬ ਸੁੱਖ ਕਰੇ ਸਹੀ’æææ।
ਮੈਂ ਇਕਦਮ ਅੰਮ੍ਰਿਤਾ ਨੂੰ ਮਿਲਣ ਦਾ ਮਨ ਬਣਾ ਲਿਆ। ਉਸ ਕਾਨਫਰੰਸ ਵਿਚ ਤਾਰਨ ਗੁਜਰਾਲ ਵੀ ਸੀ। ਤਾਰਨ ਦਾ ਅੰਮ੍ਰਿਤਾ ਹੋਰਾਂ ਵੱਲ ਆਣਾ-ਜਾਣਾ ਸੀ। ਉਸ ਨੇ ਹੀ ਇਮਰੋਜ਼ ਨੂੰ ਫੋਨ ਕਰ ਕੇ ਅਗਲੀ ਸਵੇਰ ਦੀ ਮੁਲਾਕਾਤ ਮਿਥੀ। ਪੌੜੀਆਂ ਸਾਹਵੇਂ ਲੌਬੀ ਦੀਆਂ ਕੁਰਸੀਆਂ ਵਿਚ ਸਾਨੂੰ ਬਿਠਾ ਕੇ ਇਮਰੋਜ਼, ਅੰਮ੍ਰਿਤਾ ਦੇ ਕਮਰੇ ਵੱਲ ਚਲਾ ਗਿਆ।
“ਕਾਨਾ, ਤੂੰ ਬਹੁਤ ਦੇਰ ਕਰ ਦਿੱਤੀ ਹੈ, ਹੁਣ ਤਾਂ ਰੱਬ ਹੀ ਜਾਣੇ।” ਤਾਰਨ ਨੇ ਮੇਰੀਆਂ ਨਮ ਅੱਖਾਂ ਵਿਚ ਝਾਕਦਿਆਂ ਕਿਹਾ।
“ਕਦੇ ਵੀ ਇਸ ਤਰ੍ਹਾਂ ਦਾ ਕੋਈ ਵਿਘਨ ਪੈ ਜਾਵੇ ਤਾਂ ਬੇਜੀ ਆਖਿਆ ਕਰਦੇ ਸਨ: Ḕਮਾੜ੍ਹਾ ਵੇਲਾ ਅੱਛਣਾ ਤੈ ਗੌਧਮ ਪਈ ਗੱਛਣਾ’।” ਮੈਂ ਤਾਰਨ ਦੇ ਕੰਨਾਂ ਵਿਚ ਫੁਸਫੁਸਾਈ।
ਤਾਰਨ ਵੀ ਪੋਠੋਹਾਰਨ ਹੈ। ਮੇਰੀ ਜਨਮ ਭੂਮੀ, ਗੁਜਰਖਾਨ ਦੀ ਹੀ ਜੰਮਪਲ। ਉਨ੍ਹਾਂ ਹੀ ਗਲੀਆਂ ਵਿਚ ਖੇਡੀ ਵਿਗਸੀ, ਉਹ ਮੈਥੋਂ ਰਤਾ ਪਹਿਲੇ ਪਰੋਟ ਦੀ ਹੈ, ਮੇਰੀਆਂ ਵੱਡੀਆਂ ਭੈਣਾਂ ਦੀ ਹਾਣਨ, ਜਮਾਤਣ। ਇਸ ਗੱਲ ਦਾ ਪਤਾ ਭਾਵੇਂ ਮੈਨੂੰ ਇਨ੍ਹੀਂ ਦਿਨੀਂ ਉਸ ਨਾਲ ਮੇਲ ਮਿਲਾਪ ਦੌਰਾਨ ਹੀ ਲੱਗਾ ਸੀ।
“ਹਾਂ, ਇਹ ਸਾਡੇ ਪੋਠੋਹਾਰ ਦੇ ਲੋਕ ਗੀਤ ਦਾ ਬੰਦ ਹੈ:
ਮਾੜ੍ਹੀ ਵਾਰੀ ਆਈ ਆ
ਤੈ ਦੇਰੀ ਕੀਹਾਂ ਲਾਈ ਆæææ
ਮਾੜ੍ਹਾ ਵੇਲਾ ਅੱਛਣਾ
ਤੈ ਗੌਧਮ ਪਈ ਗੱਛਣਾ’।”
“ਵਾਹ, ਕਿਤਨੀ ਮਿੱਠੀ ਏ ਸਾਡੀ ਬੋਲੀ, ਨਿਰਾ ਮਾਖਿਓਂ।” ਤੇ ਹੁਣ ਮੈਂ ਇਸ ਤਰ੍ਹਾਂ ਤਾਜ਼ੀ ਹੋ ਗਈ ਸਾਂ ਜਿਵੇਂ ਜੇਠ ਹਾੜ੍ਹ ਦੀ ਭੱਠ ਤਪਸ਼ ਵਿਚ ਸਤੂਆਂ ਦੇ ਸ਼ਰਬਤ ਦਾ ਛੰਨਾਂ ਡੀਕ ਲਿਆ ਹੋਵੋ।
000
“ਸੌਂ ਰਹੀ ਹੈ।” ਇਮਰੋਜ਼ ਨੇ ਮੁੜ ਲੌਬੀ ਵਿਚ ਵੜਦਿਆਂ ਦੱਸਿਆ।
“ਮੈਂ ਉਨ੍ਹਾਂ ਨੂੰ ਇਸ ਹਾਲਤ ਵਿਚ ਵੇਖਣਾ ਵੀ ਨਹੀਂ।” ਮੇਰੇ ਲਫ਼ਜ਼ ਸਨ, ਭਿੱਜੇ ਭਿੱਜੇ।
“ਠੀਕ ਸੋਚਦੇ ਹੋ ਤੁਸੀਂ। ਮੇਰੀ ਦਾਦੀ ਦੀ ਮੌਤ ਦੀ ਖ਼ਬਰ ਆਈ। ਮੈਂ ਨਹੀਂ ਗਿਆ। ਮੁਰਦੇ ਦਾ ਕੀ ਮੂੰਹ ਵੇਖਣਾ? ਮੈਂ ਉਸ ਨੂੰ ਉਸੇ ਤਰ੍ਹਾਂ ਜਿਉਂਦੀ ਜਾਗਦੀ ਹਸਦੀ ਦੁਲਾਰਦੀ ਨੂੰ ਚੇਤੇ ਵਿਚ ਸੰਭਾਲੀ ਰੱਖਣਾ ਚਾਹੁੰਦਾ ਸਾਂ। ਤੇ ਲੋਕੀ ਨੇ ਕਿ ਆਪਣੇ ਸਕਿਆਂ-ਮਿਤਰਾਂ ਦੇ ਮ੍ਰਿਤਕ ਸਰੀਰਾਂ ਦੇ ਦਰਸ਼ਨ ਲਈ ਸੱਤ ਸਮੁੰਦਰੋਂ ਪਾਰ ਉਡੇ ਆਉਂਦੇ ਨੇ; ਉਂਜ ਭਾਵੇਂ ਮਨ ਵਿਚ ਸੋਗ ਹੋਵੇ ਜਾਂ ਨਾ। ਬਸ ਝੂਠੀ ਲੋਕਾਚਾਰੀ। ਏਥੇ ਦੂਰਦਰਸ਼ਨ ਉਤੇ ਚਾਰ ਦਿਨ ਇੰਦਰਾ ਗਾਂਧੀ ਦਾ ਮੁਰਦਾ ਹੀ ਵਿਖਾਂਦੇ ਰਹੇ- ਇਹ ਮੁਰਦਾਪ੍ਰਸਤ ਲੋਕ।”
“ਖੁਰਾਕ ਕੀ ਦੇ ਰਹੇ ਹੋ ਅੰਮ੍ਰਿਤਾ ਜੀ ਨੂੰ?” ਮੈਂ ਪੁੱਛਿਆ।
“ਅਜੇ ਤਕ ਤਾਂ ਸੂਪ ਤੇ ਜੂਸ ਦੇ ਰਹੇ ਸਾਂ ਪਰ ਅੱਜ ਖਿਚੜੀ ਦਿਆਂਗੇ।” ਇਮਰੋਜ਼ ਨੇ ਸਾਹਮਣੇ ਗੈਸ ਦੇ ਚੁੱਲ੍ਹੇ ‘ਤੇ ਸੀਟੀਆਂ ਮਾਰਦੇ ਕੁੱਕਰ ਵਲ ਇਸ਼ਾਰਾ ਕਰਦਿਆਂ ਕਿਹਾ।
“ਚਾਹ ਪੀਓਗੇ?”
ਮੈਂ ਨਾਂਹ ਵਿਚ ਸਿਰ ਹਿਲਾਇਆ।
“ਹਛਾ ਕੁਝ ਦੇਰ ਬਾਅਦ ਸਹੀ। ਖਿਚੜੀ ਰਿੱਝ ਜਾਵੇ। ਉਂਜ ਅਸਾਂ ਕਦੇ ਕਿਸੇ ਲਈ ਉਚੇਚ ਨਹੀਂ ਕੀਤਾ। ਕਦੇ ਕਿਸੇ ਨੂੰ ਚਾਹ ਉਤੇ ਵੀ ਨਹੀਂ ਬੁਲਾਂਦੇ ਤੇ ਨਾ ਹੀ ਕਦੇ ਕਿਸੇ ਦੀ ਰੋਟੀ ਆਖੀ ਹੈ। ਬਸ ਜੋ ਕੁਝ ਸਾਡੇ ਲਈ ਰਿਧਿਆ ਪਕਿਆ ਹੁੰਦਾ ਹੈ, ਉਹੀ ਵੰਡ ਲਈਦਾ ਹੈ। ਮਹਿਮਾਨ ਅਸੀਂ ਕਦੇ ਕਿਸੇ ਨੂੰ ਸਮਝਦੇ ਹੀ ਨਹੀਂ। ਸਾਰਾ ਕੰਮ ਅਸਾਂ ਆਪੇ ਕਰਨਾ ਹੁੰਦਾ ਹੈ। ਘਰ ਵਿਚ ਕੋਈ ਨੌਕਰ ਨਹੀਂ। ਅੱਜ ਕਲ੍ਹ ਆਉਂਦੀ ਹੈ ਇਕ ਸਫ਼ਾਈ ਕਰਨ ਵਾਲੀ, ਨਹੀਂ ਤਾਂ ਉਹ ਵੀ ਆਪੇ ਹੀ ਕਰ ਲਈਦੀ ਸੀ। ਅੰਮ੍ਰਿਤਾ ਲਿਖਣ ਵਿਚ ਰੁਝੀ ਹੋਵੇ ਤਾਂ ਮੈਂ ਖਾਣਾ ਬਣਾ ਲੈਂਦਾ ਹਾਂ ਤੇ ਉਸ ਨੂੰ ਵੀ ਖੁਆ ਦੇਂਦਾ ਹਾਂ। ਮੈਂ ਰੁਝਿਆ ਹੋਵਾਂ ਤਾਂ ਉਹæææ।”
ਇਕæææਦੋæææਤਿੰਨæææਸੀਟੀਆਂ ਵੱਜ ਰਹੀਆਂ ਸਨ ਖਿਚੜੀ ਵਾਲੇ ਕੁੱਕਰ ਦੀਆਂ।æææḔਦਾਲ, ਚੌਲ, ਪਾਣੀ, ਇਕ ਅੱਧ ਸੀਟੀ ਤੇ ਬਸ। ਖਿੱਚੜੀ ਦਾ ਕੀ ਰਿੱਝਣਾ?Ḕ ਮੈਂ ਸੋਚ ਰਹੀ ਸਾਂ।
“ਤੁਹਾਡੀ ਖਿੱਚੜੀ ਭੱਤ ਬਣ ਜਾਵੇਗੀ।” ਮੈਂ ਯਾਦ ਕਰਾਣਾ ਚਾਹਿਆ, ਪਰ ਚੁੱਪ ਹੀ ਰਹੀ।
“ਜਿੱਥੇ ਵੀ ਦੋ ਭਾਂਡੇ ਇਕੱਠੇ ਹੋਣ, ਠਹਿਕਣਾ ਕੁਦਰਤੀ ਹੈ। ਕਿਧਰੇ ਤਾਂ ਵਿਚਾਰਾਂ ਦਾ ਟਕਰਾਓ ਹੁੰਦਾ ਹੋਵੇਗਾ? ਕੀ ਐਡਜਸਟਮੈਂਟ ਵਿਚ ਕੋਈ ਤਕਲੀਫ਼ ਨਹੀਂ ਹੁੰਦੀ?” ਇਹ ਕੋਈ ਪੂਰਵ-ਮਿਥੀ ਮੁਲਾਕਾਤ ਤਾਂ ਨਹੀਂ ਸੀ ਪਰ ਮੈਨੂੰ ਲਗਦਾ ਹੈ ਕਿ ਇਮਰੋਜ਼ ਦੇ ਸਹਿਜ-ਸੁਭਾਅ ਗੱਲ-ਬਾਤੀ ਰੌਂਅ ਨੇ ਸੁਤੇ-ਸਿੱਧ ਹੀ ਮੈਨੂੰ ਪ੍ਰਸ਼ਨ ਕਰਤਾ ਬਣਾ ਦਿੱਤਾ।
“ਐਡਜਸਟਮੈਂਟ ਦਾ ਮਸਲਾ ਪਿਆਰ ਦਾ ਨਹੀਂ, ਵਿਉਂਤੀਆਂ ਸ਼ਾਦੀਆਂ ਦਾ ਹੈ। ਅਹੁਦਿਆਂ, ਧੰਦਿਆਂ ਤੇ ਦਾਜਾਂ-ਵਰੀਆਂ ਨਾਲ ਖਰੀਦੇ ਹੋਏ ਰਿਸ਼ਤਿਆਂ ਦਾ। ਪਿਆਰ ਵਿਚ ਤਾਂ ਆਪਣੇ ਪਿਆਰੇ ਦਾ ਸੁੱਖ ਤੇ ਉਸ ਦੀ ਚਾਹਤ ਵੇਖੀ ਜਾਂਦੀ ਹੈ। ਉਸ ਦੀ ਖੁਸ਼ੀ ਦਾ ਸਥਾਨ ਸਭ ਤੋਂ ਉਚਾ ਹੁੰਦਾ ਹੈæææਅੱਗਿਉਂ ਪਿਆਰ ਦੀਆਂ ਵੀ ਮੰਜ਼ਿਲਾਂ ਹੁੰਦੀਆਂ ਹਨ। ਇਕ ਪਿਆਰ ਕਰਨ ਦੀ, ਇਕ ਪਿਆਰ ਵਿਚ ਡੁੱਬਣ ਦੀ। ਆਈ ਡੌਂਟ ਲਵ ਅੰਮ੍ਰਿਤਾ, ਆਈ ਐਮ ਇਨ ਲਵ ਵਿਦ ਹਰ। ਮੈਨੂੰ ਕੇਵਲ ਉਹੀ ਨਹੀਂ, ਬਲਕਿ ਉਸ ਨਾਲ ਸਬੰਧਤ ਹਰ ਚੀਜ਼, ਹਰ ਸਬੰਧੀ, ਹਰ ਬੰਦਾ ਪਿਆਰਾ ਹੈ। ਮਸਲਨ ਕਿਸੇ ਕਾਰਨ-ਵੱਸ ਰਾਤੀਂ ਕਾਰ ਬੰਦ ਪੈ ਜਾਣ ‘ਤੇ ਜੇ ਬੇਟਾ ਕਿਧਰੇ ਦਸ ਮੀਲ ਦੂਰ ਛੱਡ ਆਵੇ ਤਾਂ ਮੈਂ ਲੈਣ ਚਲਾ ਜਾਨਾਂ। ਬੱਚਿਆਂ ਨੂੰ ਸਕੂਲ ਪੁਚਾਣ ਵਿਚ ਉਹ ਸੁਸਤੀ ਕਰ ਜਾਵੇ ਤਾਂ ਮੈਂ ਛੱਡ ਆਉਨਾਂ। ਇਹ ਤਾਂ ਅੱਗੇ ਵਧ ਕੇ, ਉਮਲ੍ਹ ਉਮਲ੍ਹ ਕੇ ਕੰਮ ਆਉਣ ਦਾ ਚਾਅ ਹੈ। ਇਸ ਵਿਚ ਐਡਜਸਟਮੈਂਟ ਵਾਲੀ ਕਿਹੜੀ ਗੱਲ ਹੈ?æææਪਿਆਰ ਦੇ ਰਿਸ਼ਤੇ ਵਿਚ ਇਸ ਲਫਜ਼ ਦੀ ਕੋਈ ਥਾਂ ਨਹੀਂ।”
“ਪਰæææ।”
“ਸਾਡੇ ਗੁਆਂਢ ਵਿਚ ਅਧਿਆਪਕਾ ਰਹਿੰਦੀ ਹੈ।” ਇਮਰੋਜ਼ ਨੇ ਆਪਣੀ ਗੱਲ ਜਾਰੀ ਰੱਖੀ, “ਉਹ ਸੇਵਾ ਮੁਕਤ ਹੈ। ਉਸ ਦਾ ਇਕੋ ਇਕ ਪੁੱਤਰ ਹੈ। ਪੁੱਤਰ ਦੇ ਵਿਆਹ ਮਗਰੋਂ ਉਹ ਨੂੰਹ ਨਾਲ ਨਹੀਂ ਰਹਿ ਸਕੀ। ਨਿੱਕੀਆਂ ਨਿੱਕੀਆਂ ਗੱਲਾਂ ‘ਤੇ ਨੁਕਤਾਚੀਨੀ। ਅਖ਼ੇ, Ḕਨੂੰਹ ਪੱਖਾ ਬੰਦ ਕਰਨਾ ਭੁੱਲ ਜਾਂਦੀ ਹੈḔ, ਵਗੈਰਾ ਵਗੈਰਾ। ਨੂੰਹ ਉਸ ਦੀ ਡਾਂਟ ਫਟਕਾਰ ਨਾ ਸਹਿ ਸਕੀ ਤੇ ਵੱਖ ਹੋ ਗਈ। ਹੁਣ ਉਸ ਦੇ ਪੁਤਰ ਦੀ ਅੱਧੀ ਤਨਖਾਹ ਮਕਾਨ ਦੇ ਕਿਰਾਏ ਵਿਚ ਚਲੀ ਜਾਂਦੀ ਹੈ ਤੇ ਇਧਰ ਉਹ ਔਰਤ ਵੀ ਬੁੱਢਾਪੇ ਵਿਚ ਏਨੀ ਵੱਡੀ ਬਿਲਡਿੰਗ ਵਿਚ ਰਹਿੰਦੀ ਇਕੱਲ ਦਾ ਸੰਤਾਪ ਹੰਢਾ ਰਹੀ ਹੈ। ਹੁਣ ਦੱਸੋ, ਇਹ ਕਿੰਨੀ ਛੋਟੀ ਵਜ੍ਹਾ ਹੈ ਪਾੜ ਦੀ। ਬਈ ਜੇ ਨੂੰਹ ਪੱਖਾ ਬੰਦ ਕਰਨਾ ਭੁੱਲ ਜਾਂਦੀ ਹੈ ਤਾਂ ਤੁਸੀਂ ਉਠ ਕੇ ਬੰਦ ਕਰ ਦਿਓ। ਇਕ ਵੇਰਾਂ ਭੁੱਲੇਗੀ, ਦੋ ਵੇਰਾਂ ਭੁੱਲੇਗੀ, ਫੇਰ ਆਪੇ ਆਦਤ ਪੈ ਜਾਵੇਗੀæææ। ਉਂਜ, ਅੰਮ੍ਰਿਤਾ ਵੀ ਕਮਰੇ ਵਿਚੋਂ ਬਾਹਰ ਨਿਕਲਦਿਆਂ ਅਕਸਰ ਬੱਤੀ ਜਾਂ ਪੱਖਾਂ ਬੰਦ ਕਰਨਾ ਭੁੱਲ ਜਾਂਦੀ ਹੈ। ਮੈਂ ਜਾ ਕੇ ਬਟਣ ਦਬਾ ਦੇਂਦਾ ਹਾਂ। ਕੀ ਫਰਕ ਪੈਂਦਾ ਹੈ? ਇਸ ਵਿਚ ਔਖੇ ਹੋਣ ਵਾਲੀ ਜਾਂ ਖਰ੍ਹਵਾ ਬੋਲਣ ਵਾਲੀ ਕਿਹੜੀ ਗੱਲ ਹੈ?æææਪਿਆਰ ਵਿਚ ਤਾਂ ਕੌੜਾ ਸ਼ਬਦ ਹੋਠਾਂ ‘ਤੇ ਆ ਹੀ ਨਹੀਂ ਸਕਦਾ ਪਰ ਸਾਡੇ ਖੁਸ਼ਵੰਤ ਸਿੰਘ, ਰਾਜਿੰਦਰ ਸਿੰਘ ਬੇਦੀ ਤੇ ਬਲਵੰਤ ਗਾਰਗੀ ਵਰਗੇ ਮਹਾਨ ਸਾਹਿਤਕਾਰਾਂ ਦਾ ਕਹਿਣਾ ਹੈ ਕਿ ਗਾਲ੍ਹ ਕੱਢਣੀ ਪੰਜਾਬੀਆਂ ਦੇ ਸੁਭਾਅ ਦਾ ਮੁੱਖ ਅੰਗ ਹੈ। ਉਹ ਕਹਿੰਦੇ ਹਨ ਕਿ ਜਿਹੜਾ ਪਿਆਰ ਵਿਚ ਗਾਲ੍ਹ ਨਾ ਕੱਢੇ, ਉਹ ਪੰਜਾਬੀ ਹੀ ਨਹੀਂæææ। ਮੈਂ ਇਸ ਨੂੰ ਨਹੀਂ ਮੰਨਦਾ। ਗਾਲ੍ਹ ਗੰਦ ਹੈ, ਕੋਝ ਹੈ। ਗਾਲ੍ਹ ਤਾਂ ਦੂਰ ਦੀ ਗੱਲ, ਪਿਆਰ ਵਿਚ ਡੁੱਬੇ ਲੋਕ ਤਾਂ ਰੁੱਖਾ ਵੀ ਨਹੀਂ ਬੋਲ ਸਕਦੇæææਕਿਸੇ ਨਾਲ ਵੀ ਨਹੀਂæææਅਕਸਰ ਵੇਖਣ ਵਿਚ ਆਇਆ ਹੈ ਕਿ ਲੋਕੀਂ ਚੰਗੇ ਭਲੇ ਮਹਿਮਾਨਾਂ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹੁੰਦੇ ਹਨ ਤੇ ਵਿਚੋਂ ਨੌਕਰ ਨੂੰ ਕੋਈ ਹਦਾਇਤ ਦੇਣੀ ਹੋਵੇ ਤਾਂ Ḕਅਰੇ ਓਏ’ ਕਰਦੇ ਝੱਟ ਖਰ੍ਹਵੀ ਸੁਰ ਅਖਤਿਆਰ ਕਰ ਲੈਂਦੇ ਹਨ। ਅਜਿਹੇ ਲੋਕ ਕਦੇ ਪਿਆਰ ਵਿਚ ਡੁੱਬੇ ਹੀ ਨਹੀਂ, ਨਹੀਂ ਤਾਂ ਕਿਵੇਂ ਉਹ ਇਕੋ ਵੇਲੇ ਅਜਿਹੇ ਪੈਂਤੜੇ ਬਦਲ ਸਕਦੇ ਹਨ?æææਉਚਾ, ਤਿੱਖਾ ਜਾਂ ਕੌੜਾ ਨਾ ਕਦੇ ਅੰਮ੍ਰਿਤਾ ਹੀ ਕਿਸੇ ਨਾਲ ਬੋਲਦੀ ਹੈ ਤੇ ਨਾ ਹੀ ਮੈਂ। ਜੇ ਉਸ ਨੂੰ ਕੋਈ ਗੱਲ ਚੁੱਭ ਜਾਵੇ, ਤੇ ਬੜਾ ਕੁਝ ਚੁਭਣ ਵਾਲਾ ਹੁੰਦਾ ਹੈ। ਸਾਡੇ ਸਾਹਿਤ ਜਗਤ ਵਿਚ ਤਾਂ ਚੋਭਾਂ ਹੀ ਚੋਭਾਂ ਨੇ, ਤਾਂ ਉਹ ਉਦਾਸ ਹੋ ਜਾਂਦੀ ਹੈ, ਸਿਰਫ਼ ਉਦਾਸ। ਨਾ ਗੁੱਸੇ ਵਿਚ ਆਉਂਦੀ ਹੈ ਤੇ ਨਾ ਹੀ ਖਿਝਦੀ ਹੈ।”
“ਤੁਸਾਂ ਕਦੇ ਕੋਈ ਗਾਲ੍ਹ ਨਹੀਂ ਕੱਢੀ?”
“ਕੱਢਦਾ ਸਾਂ, ਪਰ ਅੰਮ੍ਰਿਤਾ ਨੂੰ ਮਿਲਣ ਤੋਂ ਪਹਿਲਾਂæææਇਕ ਭੈੜਾ ਜਿਹਾ ਲਫ਼ਜ਼ ਮੇਰੇ ਮੂੰਹ ਬੜਾ ਚੜ੍ਹਿਆ ਹੋਇਆ ਸੀ। ਮੇਰੀ ਭਰਜਾਈ ਸੀ ਇਕ। ਉਹ ਮੈਨੂੰ ਬੜਾ ਪਿਆਰ ਕਰਦੀ ਸੀ। ਉਹ ਮੈਨੂੰ ਗਾਲ੍ਹਾਂ ਕੱਢਦੇ ਨੂੰ ਹਮੇਸ਼ਾ ਵਿਚੋਂ ਟੋਕ ਕੇ ਆਖਿਆ ਕਰੇ, Ḕਇਸ ਵਿਚਲੇ ਸ਼ਬਦ ਦਾ ਕੀ ਮਤਲਬ?’ ਬਸ ਮੈਂ ਆਪੇ ਹੀ ਉਹ ਲਫ਼ਜ਼ ਵਿਚੋਂ ਖਾਰਜ ਕਰਦਾ ਗਿਆ। ਉਸ ਤੋਂ ਬਾਅਦ ਕਿਸੇ ਵੀ ਗਾਲ੍ਹ ਦਾ ਆਦੀ ਨਾ ਰਿਹਾ।”
ਇਕਸਾਰ ਮਾਹੌਲ ਭਾਵੇਂ ਕਿੰਨਾ ਹੀ ਸੁਖਾਵਾਂ ਕਿਉਂ ਨਾ ਹੋਵੇ, ਬੰਦੇ ਦਾ ਉਖੜਨਾ ਸੁਭਾਵਕ ਹੀ ਹੈ। ਸਦੀਵੀ ਨੇੜਤਾ ਕੁਝ ਬੋਰੀਅਤ ਨਹੀਂ ਲੈ ਆਉਂਦੀ? ਤੁਹਾਡਾ ਮੂਡ ਕਦੇ ਨਹੀਂ ਵਿਗੜਦਾ?
“ਜਿਸ ਰਿਸ਼ਤੇ ਵਿਚ ਸੰਪੂਰਨ ਸੁਤੰਤਰਤਾ ਹੋਵੇ, ਉਸ ਤੋਂ ਬੰਦਾ ਕਦੇ ਨਹੀਂ ਅੱਕਦਾ। ਨਾਲੇ ਉਦਾਸੀ ਜਾਂ ਖੁਸ਼ੀ ਕੁਝ ਵੀ ਤਾਂ ਸਦੀਵੀ ਨਹੀਂ। ਹਰ ਮੂਡ ਨੇ ਆਣਾ, ਤੇ ਆ ਕੇ ਜਾਣਾ ਹੁੰਦੈæææਕਦੇ ਕਦੇ ਪਿੰਡ ਜਾਂਦਾ ਹਾਂ। ਅੰਮ੍ਰਿਤਾ ਨੂੰ ਕਹਿ ਕੇ ਜਾਂਦਾ ਹਾਂ ਕਿ ਮਹੀਨਾ ਲਗਾਵਾਂਗਾ; ਦੂਜੇ ਤੀਜੇ ਦਿਨ ਹੀ ਵਾਪਸ ਮੁੜ ਆਉਂਦਾ ਹਾਂ। ਉਥੇ ਮੇਰੀ ਜ਼ਮੀਨ ਹੈ, ਪਰ ਖੇਤੀ ਵਿਚ ਮੈਨੂੰ ਕੋਈ ਦਿਲਚਸਪੀ ਨਹੀਂ। ਭਤੀਜੇ ਵਾਹੀ ਕਰਦੇ ਨੇ ਤੇ ਕਮਾਈ ਵੀ ਉਹੀ ਖਾਂਦੇ ਨੇ। ਤੇ ਹੈ ਵੀ ਠੀਕ। ਜਿਹੜਾ ਵਾਹੇ, ਉਹੀ ਖਾਵੇ। ਸੋ, ਉਥੇ ਵੀ ਮੇਰਾ ਕੋਈ ਝਗੜਾ ਨਹੀਂ। ਪੈਸੇ ਦਾ ਤੇਰ ਮੇਰ ਨਾ ਇਥੇ ਹੈ, ਨਾ ਉਥੇ। ਆਪਣੀ ਆਪਣੀ ਕਮਾਈਏ ਤੇ ਆਪੇ ਜਿਵੇਂ ਜੀ ਆਵੇ, ਖਰਚੀਏ ਖਾਈਏæææ।”
ਜੇ ਤੁਹਾਡੇ ਨਾਲ ਵੀ ਕੋਈ ਏਸੇ ਤਰ੍ਹਾਂ ਜੁੜ ਜਾਵੇ?
“ਇਹ ਉਸ ਦੀ ਸਮੱਸਿਆ ਹੋਵੇਗੀ, ਮੇਰੀ ਨਹੀਂ।”
ਜ਼ਿੰਦਗੀ ਦਾ ਕੀ ਭਰੋਸਾ, ਕੀ ਵਿਛੜਨ ਦਾ ਖੌਫ ਕਦੇ ਹਾਵੀ ਨਹੀਂ ਹੁੰਦਾ?
000
ਉਹ ਪਲ ਭਰ ਚੁੱਪ ਰਿਹਾ ਤੇ ਫੇਰ ਲੰਮਾ ਸਾਹ ਛੱਡ ਕੇ ਬੋਲਿਆ, “ਜਿਹੜੇ ਮਿਲਦੇ ਨੇ, ਉਨ੍ਹਾਂ ਵਿਛੜਨਾ ਵੀ ਜ਼ਰੂਰ ਹੁੰਦੈ। ਕਿਸੇ ਨੇ ਪਹਿਲਾਂ ਜਾਣਾ ਹੁੰਦਾ, ਤੇ ਕਿਸੇ ਨੇ ਮਗਰੋਂ। ਸਮੱਸਿਆ ਪੰਜ ਸੱਤ ਜਾਂ ਦਸ ਸਾਲਾਂ ਦੀ ਵਿੱਥ ਦੀ ਹੀ ਹੈ ਨਾ? ਤੇ ਪੰਜ ਸੱਤ ਸਾਲਾਂ ਦਾ ਵਿਛੋੜਾ ਪੈਂਤੀ, ਚਾਲ੍ਹੀ ਵਰ੍ਹਿਆਂ ਦੇ ਮਿਲਾਪ ਸਾਹਵੇਂ ਕਿੰਨਾ ਨਿਗੂਣਾ ਹੈ?æææਅੰਮ੍ਰਿਤਾ ਕੋਈ ਇਕ ਸਰੀਰ ਤਕ ਹੀ ਸੀਮਿਤ ਹੈ? ਕੀ ਇਹ ਘਰ ਬਾਹਰ, ਆਲਾ ਦੁਆਲਾ ਉਸ ਨਾਲ ਨਹੀਂ ਜੁੜਿਆ ਹੋਇਆ?æææਸੋ, ਜੀਵਨ ਤੁਰਦਾ ਰਹੇਗਾ, ਏਸੇ ਤਰ੍ਹਾਂ। ਬੰਦਾ ਕਿਸੇ ਇਕ ਘਰ, ਸ਼ਹਿਰ ਜਾਂ ਵਤਨ ਨਾਲ ਬੰਦਿਆਂ ਖ਼ਾਤਰ ਹੀ ਜੁੜਿਆ ਹੁੰਦੈ। ਆਪਣਿਆਂ ਬਗ਼ੈਰ ਕਾਹਦਾ ਸ਼ਹਿਰ ਤੇ ਕਾਹਦਾ ਵਤਨæææ? ਜਿਸ ਘੜੀ ਮੈਨੂੰ ਮਹਿਸੂਸ ਹੋਇਆ ਕਿ ਇਸ ਆਲੇ ਦੁਆਲੇ ਨਾਲ ਮੇਰੀ ਪਿਆਰ ਤੰਦ ਟੁੱਟ ਗਈ ਹੈ ਜਾਂ ਏਥੇ ਮੇਰੀ ਲੋੜ ਨਹੀਂ ਰਹੀ, ਮੈਂ ਚਲਾ ਜਾਵਾਂਗਾ। ਉਸੇ ਛਣ। ਬਿਨਾਂ ਕੋਈ ਨੋਟਿਸ ਦਿਤਿਆਂ। ਮੈਂ ਆਇਆ ਵੀ ਏਸੇ ਤਰ੍ਹਾਂ ਸੀ। ਨੌਕਰੀ ਵੀ ਏਸੇ ਤਰ੍ਹਾਂ ਹੀ ਛੱਡੀ ਸੀ। ਮਸਾਂ ਮਸਾਂ ਤਾਂ ਇਕ ਬੰਦਾ ਮਿਲਿਆ ਸੀ, ਪਿਆਰ ਕਰਨ ਵਾਲਾ ਤੇ ਨੌਕਰੀ ਮੈਨੂੰ ਉਸ ਕੋਲੋਂ ਦੂਰ ਰੱਖਦੀ ਸੀ। ਮੇਰਾ ਬਹੁਤ ਸਾਰਾ ਵਕਤ ਬਰਬਾਦ ਕਰਦੀ ਸੀ। ਇਕ ਦਿਨ ਅਚਾਨਕ ਹੀ ਮੈਂ ਘਰ ਬੈਠ ਗਿਆ। ਕੰਮ ਲਈ ਤਿਆਰ ਹੀ ਨਾ ਹੋਇਆ। ਅੰਮ੍ਰਿਤਾ ਘਬਰਾਈ। ਉਹ ਉਦੋਂ ਅਕਾਸ਼ਵਾਣੀ ‘ਤੇ ਅਨਾਊਂਸਰ ਸੀ। ਉਸ ਨੂੰ ਇਕ ਦਿਨ ਦੇ ਕੰਮ ਦੇ ਸਿਰਫ਼ ਪੰਜ ਰੁਪਏ ਮਿਲਦੇ ਸਨ ਤੇ ਉਹ ਵੀ ਜੇ ਨਾ ਜਾਏ ਤਾਂ ਨਹੀਂ ਸਨ ਮਿਲਦੇ। Ḕਕਿਵੇਂ ਗੁਜ਼ਾਰਾ ਹੋਵੇਗਾ?’ ਉਹ ਫਿਕਰਮੰਦ ਹੋਈ। ਮੈਂ ਕਿਹਾ, ਮੈਂ ਕੰਮ ਕਰਾਂਗਾ। ਉਸੇ ਤਰ੍ਹਾਂ, ਸਗੋਂ ਉਸ ਤੋਂ ਵੀ ਜ਼ਿਆਦਾ ਸ਼ਿੱਦਤ ਨਾਲ, ਪਰ ਘਰ ਵਿਚ ਹੀ।”
ਤੇ ਏਸ ਤੱਤ-ਖੜੱਤ ਫੈਸਲੇ ਦਾ ਹੋਰ ਕੋਈ ਕਾਰਨ ਨਹੀਂ ਸੀ?
“ਕਾਰਨ ਸੀ ਵੀ ਤੇ ਨਹੀਂ ਵੀ, ਪਰ ਮਾਮੂਲੀ ਹੀ। ਮੇਰੇ ਬਣਾਏ ਸਕੈਚਾਂ ਉਪਰ ਸੰਪਾਦਕ ਨੇ ਰਿਮਾਰਕ ਲਿਖ ਦਿੱਤਾ, Ḕਥਰਡ ਰੇਟ ਸਕੈਚਿਜ਼’æææਤੇ ਮੈਂ ਵੇਖਦਿਆਂ ਹੀ ਉਸ ਉਪਰ ਲਿਖ ਦਿੱਤਾ, Ḕਥਰਡ ਰੇਟ ਕੋਮੈਂਟਸ’æææਤੇ ਉਨ੍ਹਾਂ ਨੂੰ ਉਸੇ ਵੇਲੇ ਮੇਰਾ ਹਿਸਾਬ ਕਰ ਦੇਣ ਲਈ ਕਹਿ ਦਿੱਤਾæææ। ਜੇ ਮੈਂ ਇਕ ਮਹੀਨੇ ਦਾ ਨੋਟਿਸ ਦੇਂਦਾ ਤਾਂ ਸਾਰਾ ਮਹੀਨਾ ਉਹ ਮੇਰੀ ਸੂਰਤ ਬਰਦਾਸ਼ਤ ਕਰਦੇ ਤੇ ਮੈਂ ਉਨ੍ਹਾਂ ਦੀ।æææਮੈਂ ਘਰ ਵਿਚ ਹੀ ਸਟੂਡੀਓ ਬਣਾ ਲਿਆ।”
ਤੁਸੀਂ ਆਪਣੀਆਂ ਕਿਰਤਾਂ ਦੀਆਂ ਹੁਣ ਤਕ ਕਿੰਨੀਆਂ ਕੁ ਨੁਮਾਇਸ਼ਾਂ ਲਗਾ ਚੁੱਕੇ ਹੋ?
“ਕੀ ਸੂਰਜ ਆਪਣੀ ਨੁਮਾਇਸ਼ ਲਗਾਂਦਾ ਤੇ ਐਲਾਨ ਕਰਦਾ ਫਿਰਦਾ ਹੈ ਕਿ ਮੈਂ ਕੱਲ੍ਹ ਸਵੇਰੇ ਫਲਾਣੀ ਜਗ੍ਹਾ Ḕਤੇ ਉਗਣੈ? ਜਿਸ ਨੇ ਜਿਥੇ ਉਸ ਨੂੰ ਵੇਖਣਾ ਹੁੰਦੈ, ਵੇਖ ਲੈਂਦੇ। ਕੋਈ ਪਹਾੜਾਂ ਉਤੇ ਜਾ ਕੇ, ਖਾਸ ਨੁਕਤਿਆਂ ਤੋਂ ਸੂਰਜ ਦੇ ਚੜ੍ਹਨ ਤੇ ਡੁੱਬਣ ਦੇ ਦ੍ਰਿਸ਼ ਦਾ ਅਨੰਦ ਮਾਣਦਾ ਹੈ ਤੇ ਕੋਈ ਸਮੁੰਦਰ ਦੇ ਕੰਢੇ ਤੋਂ। ਕਿਸੇ ਨੂੰ ਆਪਣੀ ਖਿੜਕੀ ‘ਚੋਂ ਉਸ ਦਾ ਦੀਦਾਰ ਕਰਨਾ ਚੰਗਾ ਲਗਦਾ ਹੈ ਤੇ ਕਿਸੇ ਨੂੰ ਆਪਣੀ ਬੋਤਲ ਵਿਚੋਂ ਹੀ। ਮੈਂ ਤਾਂ ਕਦੇ ਕਿਸੇ ਨੂੰ ਆਪਣੇ ਕਮਰੇ ਵੱਲ ਝਾਕਣ ਲਈ ਵੀ ਨਹੀਂ ਆਖਿਆ। ਕੋਈ-ਕੋਈ ਸਰਸਰੀ ਨਜ਼ਰ ਨਾਲ ਇਕ-ਅੱਧ ਕੋਨਾ ਵੇਖ ਕੇ ਤੁਰ ਜਾਂਦਾ ਹੈ। ਬਾਹਲੇ ਬਾਹਰੋਂ ਹਾਲ ਵਿਚੋਂ ਹੀ ਵਾਪਸ ਚਲੇ ਜਾਂਦੇ ਹਨ। ਮੇਰਾ ਕੰਮ ਤਾਂ ਸਿਰਜਣਾ ਦੇ ਪੂਰੇ ਹੋਣ ਨਾਲ ਹੀ ਖ਼ਤਮ ਹੋ ਜਾਂਦਾ ਹੈ।”
ਅੰਮ੍ਰਿਤਾ ਜੀ ਨਾਲ ਤੁਸੀਂ ਵੀ ਬਾਹਰਲੇ ਮੁਲਕਾਂ ਦੇ ਦੌਰਿਆਂ Ḕਤੇ ਜਾਂਦੇ ਰਹੇ ਹੋਵੋਗੇ। ਕਿਹੜੇ-ਕਿਹੜੇ ਦੇਸਾਂ ਦੀ ਸੈਰ ਕੀਤੀ?
“ਕਦੇ ਪੈਸੇ ਹੀ ਨਹੀਂ ਹੋਏ ਬਾਹਰ ਦੀਆਂ ਸੈਰਾਂ ਲਈ। ਇਕ ਵੇਰਾਂ ਪੈਰਿਸ ਜ਼ਰੂਰ ਗਿਆ ਸੀ ਅੰਮ੍ਰਿਤਾ ਨਾਲ, ਪਰ ਆਪਣੇ ਖਰਚੇ ‘ਤੇ। ਅੰਮ੍ਰਿਤਾ ਤਾਂ ਉਨ੍ਹਾਂ ਦੀ ਮਹਿਮਾਨ ਸੀ। ਉਥੇ ਹੋਟਲ ਵਿਚ ਮੈਂ ਆਪਣਾ ਕਮਰਾ ਅਲੱਗ ਆਪਣੇ ਖਰਚੇ ‘ਤੇ ਬੁੱਕ ਕਰਾਇਆ ਸੀ। ਬੜਾ ਮਹਿੰਗਾ ਪਿਆ ਸੀ ਉਹ ਦੌਰਾ। ਪੈਰਿਸ ਦੇ ਬਜ਼ਾਰਾਂ ਵਿਚ ਘੁੰਮਦਿਆਂ ਫਿਰਦਿਆਂ ਅਸੀਂ ਇਕ ਰੈਸਤਰਾਂ ਅੱਗੇ ਜਾ ਖੜੋਤੇ। ਜੀ ਕੀਤਾ ਅੰਦਰ ਜਾ ਕੇ ਕੁਝ ਖਾਈਏ ਪੀਵੀਏ, ਪਰ ਬੂਹੇ ਦੇ ਬਾਹਰ ਲੱਗੇ ਬੋਰਡ ਉਤੇ ਰੇਟ ਲਿਸਟ ਪੜ੍ਹੀ ਤਾਂ ਸਾਰਾ ਜੋਸ਼ ਠੰਢਾ ਹੋ ਗਿਆ। ਉਥੇ ਘੱਟ ਤੋਂ ਘੱਟ ਦਰ ਵੀ ਪੰਜ ਪੌਂਡ ਸੀ। ਜ਼ਾਹਿਰ ਹੈ, ਜੇ ਅਸੀਂ ਇਕ-ਇਕ ਠੰਢਾ ਵੀ ਪੀ ਲੈਂਦੇ ਤਾਂ ਸਾਡੇ ਦਸ ਪੌਂਡ ਲੱਗ ਜਾਣੇ ਸਨ। ਸੋ ਅਸੀਂ ਅੰਦਰ ਵੜੇ ਹੀ ਨਹੀਂ, ਬਾਹਰੋਂ ਹੀ ਖਿਸਕ ਆਏ।æææਅੰਮ੍ਰਿਤਾ ਨੇ ਕਦੇ ਕਿਸੇ ਬਾਹਰਲੇ ਰਾਜ ਤੋਂ ਵਿਸ਼ੇਸ਼ ਸਹੂਲੀਅਤ ਜਾਂ ਲਿਹਾਜ਼ਾਂ ਦੀ ਮੰਗ ਨਹੀਂ ਕੀਤੀ ਤੇ ਨਾ ਹੀ ਕਬੂਲੀ। ਇਕ ਵੇਰਾਂ ਸ਼ ਗੁਰਬਖ਼ਸ਼ ਸਿੰਘ ਹੋਰਾਂ ਨੇ ਆਪਣੀ ਬਿਮਾਰੀ ਲਈ ਰੂਸ ਵਿਚ ਇਲਾਜ ਕਰਵਾਉਣ ਦੀ ਪ੍ਰਵਾਨਗੀ ਮੰਗੀ ਜੋ ਉਨ੍ਹਾਂ ਨੂੰ ਮਿਲ ਗਈ, ਪਰ ਵਾਪਸ ਆ ਕੇ ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਨੂੰ ਰੂਸ ਸਰਕਾਰ ਨੇ ਇਲਾਜ ਲਈ ਬੁਲਾਇਆ ਸੀ। ਭਲਾ ਪੁੱਛੋ, ਰੂਸੀਆਂ ਨੂੰ ਸਾਰੇ ਹਿੰਦੁਸਤਾਨ ਵਿਚੋਂ ਹੋਰ ਕੋਈ ਬਿਮਾਰ ਨਹੀਂ ਦਿਸਿਆ?æææਦਾਰ ਜੀ ਨੇ ਤਾਂ ਆਪਣੀ ਧੀ ਨੂੰ ਵੀ ਸੇਵਕ ਦੇ ਤੌਰ Ḕਤੇ ਲਿਜਾਣ ਦੀ ਇਜਾਜ਼ਤ ਮੰਗੀ ਸੀ, ਜੋ ਨਾ ਮਿਲੀ। ਕੀ ਰੂਸ ਵਿਚ ਉਨ੍ਹਾਂ ਦੀ ਤੀਮਾਰਦਾਰੀ ਦੇ ਯੋਗ ਕੋਈ ਨਰਸ ਨਹੀਂ ਸੀ?æææਇਨ੍ਹਾਂ ਦੂਹਰੀਆਂ ਕੀਮਤਾਂ ਕਰ ਕੇ ਹੀ ਸਾਡੇ ਸਾਹਿਤਕਾਰਾਂ ਦੀ ਲੋਕਪ੍ਰਿਯਤਾ ਵਕਤੀ ਹੁੰਦੀ ਹੈ।”
ਮੈਂ ਨਾਗਮਣੀ ਦੀ ਮੈਂਬਰ ਬਣਨਾ ਚਾਹੁਦੀ ਹਾਂ। ਕਿੰਨਾ ਚੰਦਾ ਏ? ਮੈਂ ਪਰਸ ਵਿਚੋਂ ਸੌ ਦਾ ਨੋਟ ਕੱਢਦਿਆਂ ਪੁੱਛਿਆ।
“ਸਾਨੂੰ ਚੰਦਾ ਸ਼ਬਦ ਪਸੰਦ ਨਹੀਂ। ਜਿਵੇਂ ਅਸੀਂ ਭਿਖਿਆ ਜਾਂ ਬਖ਼ਸ਼ੀਸ਼ ਮੰਗ ਰਹੇ ਹੋਈਏæææ। ਇਕ ਪੇਪਰ ਲਈ ਜਦੋਂ ਮੈਂ ਸਕੈਚ ਬਣਾਂਦਾ ਸਾਂ ਤਾਂ ਮੈਂ ਆਪੇ ਹੀ Ḕਚੰਦਾ’ ਸ਼ਬਦ ਕੱਟ ਕੇ ਉਸ ਦੀ ਥਾਂ Ḕਕੀਮਤ’ ਲਿਖ ਦਿੱਤਾ। ਮੈਨੂੰ ਯਾਦ ਹੈ, ਕਦੇ Ḕਪ੍ਰੀਤਲੜੀḔ ਵਿਚ ਪੜ੍ਹੀਦਾ ਸੀ ਕਿ ਦਾਰ ਜੀ ਦੇ ਜਨਮ ਦਿਨ ਉਤੇ ਹਰ ਪਾਠਕ ਦੋ ਨਵੇਂ ਮੈਂਬਰ ਬਣਾਵੇ। ਇਹ ਤਾਂ ਸ਼ਖਸੀਅਤ-ਪ੍ਰਸਤੀ ਹੋ ਗਈ। ਇਨ੍ਹਾਂ ਗੱਲਾਂ ਕਰ ਕੇ ਹੀ ਪ੍ਰੀਤ ਨਗਰ ਦਾ ਤਸੱਵਰ ਟੁੱਟ ਗਿਆ। ਅਸੀਂ ਤਾਂ ਪਾਠਕਾਂ ਨੂੰ ਪਿਛਲੀ ਕੀਮਤ ਪੁੱਗਣ ਬਾਰੇ ਯਾਦਨਾਮੇ ਵੀ ਨਹੀਂ ਭੇਜਦੇ, ਬੱਸ ਸੰਕੇਤ ਵਜੋਂ Ḕਡਿਊ’ ਦੀ ਇਕ ਮੋਹਰ ਲਗਾ ਦੇਂਦੇ ਹਾਂ। ਜਿਸ ਨੇ ਚਾਲੂ ਕਰਨਾ ਹੁੰਦਾ ਹੈ, ਆਪੇ ਅਗਾਂਹ ਲਈ ਪੈਸੇ ਪੁੱਜਦੇ ਕਰ ਦੇਂਦਾ ਹੈ।”
ਨਾਗਮਣੀ ਚਲਾਣ ਵਿਚ ਘਰ ਦੇ ਬਾਕੀ ਮੈਂਬਰਾਂ ਵਲੋਂ ਕਿੰਨਾ ਕੁ ਸਹਿਯੋਗ ਮਿਲਦਾ ਹੈ? ਉਹ ਵੀ ਸਾਹਿਤਕ ਰੁਚੀਆਂ ਰੱਖਦੇ ਹਨ?
“ਕੋਈ ਖਾਸ ਨਹੀਂ। ਸਿਰਫ਼ ਸਾਡੀ ਨੂੰਹ ਰੁਚੀ ਲੈਂਦੀ ਹੈ। ਉਹ ਪਰਚਿਆਂ ਉਪਰ ਸਲਿੱਪਾਂ ਲਾਣ ਤੇ ਡਾਕ ਪਾਣ ਵਿਚ ਮਦਦ ਕਰਦੀ ਹੈ। ਬਹੁਤ ਚੰਗੀ ਹੈ। ਅੱਜ ਕੱਲ੍ਹ ਦੀਆਂ ਕੁੜੀਆਂ ਵਰਗੀ ਨਹੀਂ। ਇਹ ਅਰੇਂਜਡ ਮੈਰਿਜ ਸੀ। ਸਾਡੇ ਮੁੰਡੇ ਦਾ ਪਹਿਲਾ ਵਿਆਹ ਟੁੱਟ ਗਿਆ ਸੀ। ਉਹ ਤਲਾਕਸ਼ੁਦਾ ਸੀ। ਕੁੜੀ ਵੇਖਣ ਲੱਗਿਆਂ ਸਾਡੇ ਮੁੰਡੇ ਨੇ ਇਕੋ ਸੁਆਲ ਕੀਤਾ, Ḕਘਰ ਵਸਾਵੇਂਗੀ?Ḕæææਤੇ ਉਸ ਦਾ ਜੁਆਬ ਸੀ, Ḕਜੇ ਘਰ ਦਿਓਗੇ ਤਾਂ ਜ਼ਰੂਰ ਵਸਾਵਾਂਗੀḔ, ਤੇ ਸਾਡੇ ਮੁੰਡੇ ਨੇ ਉਸੇ ਵੇਲੇ Ḕਹਾਂ’ ਕਰ ਦਿੱਤੀ। ਉਹ ਬਹੁਤੀ ਪੜ੍ਹੀ-ਲਿਖੀ ਵੀ ਨਹੀਂ। ਸਿਰਫ ਮੈਟਰਿਕ ਪਾਸ ਹੈ, ਪਰ ਸੱਚਮੁੱਚ ਉਸ ਨੇ ਬੜਾ ਸੁਹਣਾ ਘਰ ਬਣਾਇਆ ਹੈ। ਸਾਡੇ ਨਾਲ ਏਨੀ ਰਚ-ਮਿਚ ਗਈ ਹੈ ਕਿ ਅੱਵਲ ਤਾਂ ਪੇਕੇ ਜਾਂਦੀ ਹੀ ਨਹੀਂ, ਤੇ ਜੇ ਜਾਏ ਤਾਂ ਰਹਿੰਦੀ ਨਹੀਂ। ਬੱਸ, ਸਾਡੇ ਨਾਲ ਹੀ ਜੁੜੀ ਹੋਈ ਹੈ।”
ਭਾਵ, ਉਹਦਾ ਆਯੋਜਿਤ ਪਿਆਰ ਹੈ।
“ਕਾਨਾ, ਇਮਰੋਜ਼ ਜੀ ਦਾ ਸਟੂਡੀਓ ਨਹੀਂ ਵੇਖੇਂਗੀ?” ਤਾਰਨ ਨੇ ਸ਼ਾਇਦ ਮੇਰੀ ਗੱਲ ਨੂੰ ਅਣਗੌਲਿਆਂ ਕਰਨਾ ਚਾਹਿਆ।
“ਚਲੀਏ?”
“ਬੜੇ ਸ਼ੌਕ ਨਾਲ।”æææਤੇ ਹੁਣ ਅਸੀਂ ਇਮਰੋਜ਼ ਦੇ ਕਲਾ ਮੰਦਿਰ ਵਿਚ ਸਾਂ।
000
ਵਿਸ਼ਾਲ ਕਮਰੇ ਦੀ ਸਾਹਮਣੀ ਕੰਧ ਉਤੇ ਅੰਮ੍ਰਿਤਾ ਦੇ ਹਰ ਚਿਹਨ, ਹਰ ਭਾਵ, ਹਰ ਅਦਾ ਨੂੰ ਉਸ ਦੇ ਸ਼ਿਅਰਾਂ ਸਮੇਤ ਰੇਖਾਂਕਿਤ ਕਰਦੇ ਸਕੈਚ, ਸਾਕਾਰ ਸੁੰਦਰਤਾ ਦਾ ਹਾਲ, ਰਹੱਸਮਈ ਪ੍ਰਭਾਵ!
ਮੈਂ ਸਾਹਮਣੇ ਖੱਬੇ ਕੋਨੇ ਵਿਚ ਪਏ ਲਿਖਣ ਮੇਜ਼ ਵਲ ਵਧੀ। ਮੇਜ਼ ਉਪਰਲੇ ਪਾਰਦਰਸ਼ੀ ਸ਼ੀਸ਼ੇ ਹੇਠਾਂ ਮਨਜੀਤ ਟਿਵਾਣਾ ਦੀ ਹੱਥ-ਲਿਖਤ ਨਜ਼ਮ ਸੀ। ਨਾਲ ਹੀ ਨੋਟ ਵੀ ਟਿਕਿਆ ਹੋਇਆ, ਪੰਜ ਰੁਪਏ ਦਾ ਨੋਟ। ਭਲਾ ਇਹ ਕਿਉਂ? ਮੈਂ ਜਾਨਣ ਲਈ ਝੁਕੀ। ਨੀਝ ਨਾਲ ਵੇਖਿਆ। ਉਸ ਉਪਰ ਅੰਮ੍ਰਿਤਾ ਦਾ ਸਕੈਚ ਬਣਿਆ ਹੋਇਆ ਸੀ।
“ਇਹ ਅੰਮ੍ਰਿਤਾ ਦੇ ਇਕ ਪ੍ਰਸ਼ੰਸਕ ਦੀ ਭੇਂਟ ਹੈ।” ਮੇਰੇ ਪਿੱਛੇ ਆ ਖੜੋਤੇ ਇਮਰੋਜ਼ ਨੇ ਦੱਸਿਆ।
ਖੱਬੇ ਹੱਥ ਦੀ ਕੰਧ ਦੇ ਇਕ ਵੱਡੇ ਸਾਰੇ ਆਲੇ ਨੇ ਮੇਰਾ ਖਾਸ ਧਿਆਨ ਖਿਚਿਆ। ਉਸ ਵਿਚ ਘੜੀਆਂ ਸਨ, ਮੇਜ਼ ਘੜੀਆਂ। ਨਵੀਆਂ, ਪੁਰਾਣੀਆਂ, ਅਜੀਬ, ਅਨੋਖੀਆਂ, ਭਾਂਤ-ਭਾਂਤ ਦੀਆਂ ਘੜੀਆਂ, ਬਹੁਤ ਸਾਰੀਆਂ, ਘੜੀਆਂ ਹੀ ਘੜੀਆਂ ਪਰæææਸਭ ਬੰਦ ਸਨ। ਖਾਮੋਸ਼, ਪਤਾ ਨਹੀਂ ਕਦ ਤੋਂ!
ਮੈਂ ਇਕ-ਦੋ ਉਤੇ ਉਂਗਲ ਫੇਰੀ। ਖਾਸੀ ਧੂੜ ਸੀ। ਬਾਕੀ ਤਾਂ ਸਾਰਾ ਘਰ ਸਾਫ਼ ਸੀ, ਉਜਲਾ।
ਮੈਨੂੰ ਉਥੇ ਵਕਤ ਘੂਕ ਸੁੱਤਾ ਪਿਆ ਜਾਪਿਆ, ਧੂੜ ਦੇ ਲਿਹਾਫ਼ ਹੇਠ!
ਅੰਮ੍ਰਿਤਾ ਤੇ ਇਮਰੋਜ਼ ਮੈਨੂੰ ਇਕ ਘੜੀ ਦੀਆਂ ਦੋ ਸੂਈਆਂ ਜਾਪੀਆਂ, ਮੁਦਤਾਂ ਤੋਂ ਰੁਕੀਆਂ ਹੋਈਆਂ, ਇਕੋ ਹਿੰਦਸੇ ‘ਤੇ!
000
ਉਥੇ ਕਦ ਤਕ ਅਟਕੀ ਰਹੀ ਹੋਵਾਂਗੀ ਕਹਿ ਨਹੀਂ ਸਕਦੀ। ਮੁੜ ਆਪਣੇ ਆਪ ਵਿਚ ਆਈ ਤਾਂ ਮੈਂ ਉਥੇ ਇਕੱਲੀ ਸਾਂ। ਵਾਪਸ ਮੁੜਨ ਲਗੀ ਤਾਂ ਖੱਬੇ ਹੱਥ ‘ਤੇ ਫਰਸ਼ ਉਤੇ ਵਿਛੇ ਆਸਣ ਅਤੇ ਘੁਲੇ ਹੋਏ ਰੰਗਾਂ ਦੀ ਪੈਲੇਟ ਸਾਹਵੇਂ ਅਧੂਰੀ ਕੈਨਵੈਸ ਨੇ ਮੁੜ ਮੈਨੂੰ ਰੋਕ ਲਿਆ। ਅਧੂਰਾ ਚਿਤਰ, ਪਰ ਉਹੀ ਨੈਣ, ਉਹੀ ਨੀਝ, ਉਹੀ ਜ਼ੁਲਫ਼ਾਂ, ਉਹੀ ਨਕਸ਼, ਉਹੀ ਹੋਠ, ਉਹੀ ਮੁਸਕਰਾਹਟ ਅੰਮ੍ਰਿਤਾæææਅੰਮ੍ਰਿਤਾæææਅੰਮ੍ਰਿਤਾæææ।
ਮੈਂ ਤਾਂ ਉਥੇ ਹੀ ਸਾਂ, ਪਰ ਮੇਰੀ ਕਲਪਨਾ ਉਡਾਰੀ ਮਾਰ ਗਈ, ਕਾਫ਼ੀ ਅੱਗੇ ਭਵਿੱਖ ਵਿਚ ਅੱਜ ਤੋਂ ਪੰਝੀ-ਤੀਹ ਸਾਲ ਅੱਗੇ।æææਸਾਲ ਵੀਹ ਸੌ ਵੀਹ, ਪੰਝੀ ਜਾਂ ਤੀਹ!æææ
ਝੁੰਡਾਂ ਦੇ ਝੁੰਡ ਕੁੜੀਆਂ ਤੇ ਮੁੰਡੇ ਉਸ ਅਜਾਇਬ ਘਰ ਵਿਚੋਂ ਲੰਘ ਰਹੇ ਹਨ। ਅੰਮ੍ਰਿਤਾ ਦਾ ਸੌਣ ਕਮਰਾ, ਪਲੰਘ, ਲਿਖਣ ਮੇਜ਼, ਕੱਪੜੇ, ਕਿਤਾਬਾਂ, ਤੋਹਫ਼ੇ, ਸੁਗਾਤਾਂæææਬਾਲੜੀ ਅੰਮ੍ਰਿਤਾ ਦਾ ਚਿਤਰæææਵਡੇਰੀ, ਹੋਰ ਵਡੇਰੀ ਦਾæææਗ੍ਰਹਿਣੀ ਅੰਮ੍ਰਿਤਾæææਮਾਂ ਅੰਮ੍ਰਿਤਾ ਆਪਣੇ ਪਰਿਵਾਰ ਨਾਲ਼ææ।
ਹਰ ਚਿਤਰ ਨੂੰ ਸਤਿਕਾਰ ਨਾਲ ਵੇਖਦੇ, ਹਾਲ ਦੀਆਂ ਕੰਧਾਂ ਉਤੇ ਹਰ ਭਾਵ, ਹਰ ਮੂਡ, ਹਰ ਰੰਗ ਵਿਚ ਉਸ ਦੇ ਸ਼ਿਅਰਾਂ ਨੂੰ ਉਘਾੜਦੇ, ਇਮਰੋਜ਼ ਰਚਿਤ ਚਿਤਰਾਂ ਨੂੰ ਨੀਝਦੇ, ਲੌਬੀ ਵਲ ਵਧ ਰਹੇ ਹਨ, ਜਿਸ ਦੀ ਸੱਜੀ ਕੰਧ ਉਤੇ ਲੱਗੇ ਕਾਲੇ ਬੋਰਡ ਉਪਰ ਚਾਕ ਨਾਲ ਹੱਥ ਲਿਖਤ ਫੋਨਾਂ ਦੇ ਨੰਬਰ ਹਨ, ਨਾਵਾਂ ਸਮੇਤ, ਉਨ੍ਹਾਂ ਦੇ ਜਿਨ੍ਹਾਂ ਵਿਚੋਂ ਅਜੇ ਵੀ ਕੁਝ ਜਿਉਂਦੇ ਹਨ ਤੇ ਬਾਹਲੇ ਨਹੀਂ ਰਹੇ। ਲੈਂਪ ਦੇ ਸ਼ੇਡ ਉਤੇ ਅੰਮ੍ਰਿਤਾ ਦਾ ਸ਼ਿਅਰ:
ਇਕ ਦਰਦ ਸੀ, ਜੋ ਸਿਗਰਟ ਦੀ ਤਰ੍ਹਾਂ ਮੈਂ ਚੁੱਪ-ਚਾਪ ਪੀਤਾ ਹੈ
ਸਿਰਫ਼ ਕੁਝ ਨਜ਼ਮਾਂ ਹਨ, ਜੋ ਸਿਗਰਟ ਨਾਲੋਂ ਮੈਂ ਰਾਖ ਵਾਂਗਣ ਝਾੜੀਆਂæææਪੜ੍ਹਦੇ ਪੜ੍ਹਦੇ, ਉਹ ਬਾਲਕ ਇਮਰੋਜ਼ ਦੇ ਕਲਾ ਮੰਦਰ ਵਿਚ ਪ੍ਰਵੇਸ਼ ਕਰਦੇ ਹਨ ਤੇ ਉਨ੍ਹਾਂ ਬਾਲ-ਝੁੰਡਾਂ ਵਿਚ ਉਹ ਵੀ ਹੈæææਕਿਸ਼ੋਰੀ ਅੰਮ੍ਰਿਤਾ ਟੌਪ ਤੇ ਜੀਨ ਵਿਚ, ਜਾਂ ਸ਼ਾਇਦ ਸਕਰਟ ਤੇ ਬਲਾਊਜ਼ ਵਿਚ, ਜਾਂ ਕੋਈ ਹੋਰ ਆਉਣ ਵਾਲੇ ਸਮੇਂ ਦੀ ਮੌਡ ਪੁਸ਼ਾਕ ਵਿਚ, ਤੇ ਉਸ ਦੀ ਬਾਂਹ ਵਿਚ ਬਾਂਹ ਪਾਈ ਉਸ ਵਰਗਾ ਹੀ ਸੁਨੱਖਾ, ਸ਼ੋਖ ਕੋਈ ਕਿਸ਼ੋਰæææਹੱਸਦੇ, ਗੁਟਕਦੇ ਇਕ-ਦੂਜੇ ਵਿਚ ਗੁਆਚੇ, ਪਿਆਰ-ਕਲੋਲਾਂ ਵਿਚ ਗਲਤਾਨ ਪਲ ਦੀ ਪਲ ਉਸ ਕੋਲ ਆ ਖਲੋਂਦੇ ਹਨ ਤੇ ਫੇæææਰ ਅੱਗੇ ਤੁਰ ਜਾਂਦੇ ਹਨæææਪਰæææਚਿੱਟਾ ਸਿਰ, ਬਰਫ਼ ਭਰਵੱਟੇ, ਵਧੀ ਹੋਈ ਦਾਹੜੀ, ਝੁਰੜਾਇਆ ਚਿਹਰਾ, ਝੁਕੀ ਹੋਈ ਕਾਇਆ ਤੇ ਕੰਬਦੇ ਹੱਥਾਂ ਨਾਲ ਆਪਣੀ ਸਾਧਨਾ ਵਿਚ ਲੀਨæææਇਮਰੋਜ਼ ਅਜੇ ਵੀ ਚਿਤਰ ਰਿਹਾ ਹੈ-ਉਹੀ ਜ਼ੁਲਫ਼ਾਂ, ਉਹੀ ਹੋਠ, ਉਹੀ ਬੁਲ੍ਹ, ਉਹੀ ਅਧੂਰੀ ਮੁਸਕਰਾਹਟ, ਉਹੀ ਨੈਣ, ਉਹੀ ਨੀਝ, ਅੰਮ੍ਰਿਤਾæææਅੰਮ੍ਰਿਤਾæææਅੰਮ੍ਰਿਤਾæææ
000
“ਕਾਨਾ, ਚੱਲਣਾ ਨਹੀਂæææਕਿਥੇ ਗੁਆਚ ਗਈ ਏਂ?” ਤਾਰਨ ਦੀ ਆਵਾਜ਼ ਨਾਲ ਮੈਂ ਵਾਪਸ ਪਰਤੀ, ਮੁੜ ਵਰਤਮਾਨ ਵਿਚ!
“ਅੰਮ੍ਰਿਤਾ ਜੀ ਅਜੇ ਵੀ ਨਹੀਂ ਜਾਗੇ?” ਮੇਰੇ ਮੁੜ ਲੌਬੀ ਵਿਚ ਪ੍ਰਵੇਸ਼ ਕਰਨ ‘ਤੇ ਤਾਰਨ ਪੁੱਛ ਰਹੀ ਸੀ।
ਇਕ ਵੇਰਾਂ ਫੇਰ ਇਮਰੋਜ਼ ਅੰਮ੍ਰਿਤਾ ਦੇ ਸੌਣ ਕਮਰੇ ਵੱਲ ਗਿਆ।
ਭਾਫ਼ ਸੁੱਟਦੀ ਕੁੱਕਰ ਦੀ ਤੇਜ਼ ਸੀਟੀ ਨੇ ਮੇਰਾ ਧਿਆਨ ਮੁੜ ਰਸੋਈ ਵਲ ਮੋੜਿਆ। ਇਸ ਵੇਰਾਂ ਲੌਬੀ ਨੂੰ ਰਸੋਈ ਤੋਂ ਵੱਖ ਕਰਦੀ ਬਿਨਾਂ ਭਿੱਤਾਂ ਦੇ ਵੱਡੀ ਸਾਰੀ ਆਲਾਨੁਮਾ ਖਿੜਕੀ ਵਿਚ ਲਟਕਦੇ ਲੈਂਪ ਨੇ ਧਿਆਨ ਖਿੱਚਿਆ।
ਲਾਲ ਸੂਹੀ ਲਾਲਟੈਨ ਜੋ ਮੈਨੂੰ ਪੰਜਾਹ ਸਾਲ ਪਿੱਛੇ ਲੈ ਗਈ, ਅਤੀਤ ਵਿਚæææਸ਼ਾਮ ਹੁੰਦਿਆਂ ਹੀ ਘਰ ਦੀਆਂ ਸਾਰੀਆਂ ਲਾਲਟੈਨਾਂ ਦੇ ਸ਼ੀਸ਼ੇ ਲੱਕੜੀ ਦੇ ਬੁਰਾਦੇ ਨਾਲ ਸਾਫ਼ ਕਰ ਕੇ ਤੇ ਬੱਤੀਆਂ ਭੋਰ ਕੇ ਲੋਅ ਕਰਨ ਲਈ ਜਗਾਈਦਾ ਸੀ!
ਨਿੱਕੇ-ਨਿੱਕੇ ਬਾਲ ਹੱਥਾਂ ਨਾਲ Ḕਲੰਪ’ ਲਿਸ਼ਕਾਣ ਤੇ ਜਗਾਣ ਦਾ ਕੰਮ ਆਪਣੇ ਬਾਲ-ਹੱਠ ਸਦਕੇ ਮੈਂ ਆਪਣੇ ਜੁੰਮੇ ਲਿਆ ਹੁੰਦਾ ਸੀ। ਇਹ ਲੈਂਪ ਉਹੋ ਜਿਹਾ ਸੀ ਵੀ ਤੇ ਨਹੀਂ ਵੀ। ਇਸ ਨੂੰ ਜਗਾਣ ਲਈ ਤੇਲ ਜਾਂ ਮਾਚਿਸ ਦੀ ਕੋਈ ਲੋੜ ਨਹੀਂ ਸੀ। ਇਸ ਦੇ ਅੰਦਰ ਲਾਟੂ ਸੀ ਜੋ ਬਿਜਲੀ ਜਾਂ ਬੈਟਰੀ ਦੇ ਸੈਲ ਨਾਲ ਜਗਦਾ ਹੋਵੇਗਾ।
ਪੁਰਾਤਨ ਮੱਧਮ ਟਿਮਟਿਮਾਂਦੀ ਬੱਤੀ ਦੀ ਕੰਬਦੀ ਲੋਅ ਦੀ ਥਾਂ ਨਵੀਂ ਇਕਸਾਰ ਰੌਸ਼ਨੀ ਦੇਣ ਵਾਲਾ ਲਾਲਟੈਨ। ਪੁਰਾਤਨ ਵੀ, ਨਵੀਨ ਵੀ।
ਅੰਮ੍ਰਿਤਾ ਤੇ ਇਮਰੋਜ਼ ਸਮੇਤ ਘਰ ਦਾ ਸਮੁੱਚਾ ਵਾਤਾਵਰਣ ਹੀ ਮੈਨੂੰ ਕੁਝ ਅਜਿਹਾ ਲੱਗਾ, ਇਕ ਅਜਾਇਬ ਘਰæææਜਿਸ ਵਿਚ ਹਰ ਚੀਜ਼, ਹਰ ਵਸਤੂ ਸੋਚ ਸਮਝ ਕੇ ਰੱਖੀ, ਟਿਕਾਈ ਹੋਵੇæææਭਵਿੱਖ ਲਈ, ਮਿਸਰ ਦੀਆਂ ਮਮੀਆਂ ਵਾਂਗ।
000
“ਉਹ ਤਾਂ ਰਜਾਈ ਵਲ੍ਹੇਟ ਕੇ ਘੂਕ ਸੁੱਤੀ ਪਈ ਹੈ।” ਇਮਰੋਜ਼ ਨੇ ਮੁੜ ਆ ਕੇ ਸਾਡੇ ਨਾਲ ਬੈਠਦਿਆਂ ਕਿਹਾ।
“ਬਹੁਤ ਦੇਰ ਹੋ ਗਈ ਹੈ। ਕਾਨਫਰੰਸ ਦਾ ਪਹਿਲਾ ਸਮਾਗਮ ਤਾਂ ਸਾਡੇ ਜਾਣ ਤਕ ਖ਼ਤਮ ਹੋ ਗਿਆ ਹੋਵੇਗਾ। ਸਾਨੂੰ ਚੱਲਣਾ ਚਾਹੀਦੈ।” ਤਾਰਨ ਦੀ ਬੇਸਬਰੀ ਸਿਖਰ Ḕਤੇ ਸੀ।
“ਹੱਛਾ ਹੋ ਆਵੋ ਅੰਦਰ। ਵੇਖ ਲਵੋ। ਕੀ ਪਤਾ ਤੁਹਾਡੇ ਜਾਣ ਨਾਲ ਪਾਸਾ ਪਰਤ ਲਵੇ।” ਇਮਰੋਜ਼ ਨੇ ਮੈਨੂੰ ਮੁਖਾਤਿਬ ਹੋ ਕੇ ਆਖਿਆ।
000
ਜੰਗਪੁਰੇ ਤੋਂ ਥਰੀ ਵੀਲਰ ‘ਚ ਸੁਆਰ ਹੋਣ ਤੋਂ ਪਹਿਲਾਂ ਫੁਲੇਰੇ ਤੋਂ ਗੁਲਦਸਤਾ ਬਣਵਾਇਆ ਸੀ-ਸੂਹੇ, ਸੰਧੂਰੀ ਤੇ ਚਿੱਟੇ ਗੁਲਾਬਾਂ ਦਾ।
ਧੜਕਦੇ ਦਿਲ ਨਾਲ, ਪੋਲੇ ਪੈਰੀਂ, ਮੈਂ ਅੰਮ੍ਰਿਤਾ ਦੇ ਕਮਰੇ ‘ਚ ਦਾਖਲ ਹੋਈ। ਦੂਹਰੇ ਪਲੰਘ ਉਤੇ ਰਜਾਈ ਸੀ, ਨਿਰੀ ਰਜਾਈ। ਅੰਮ੍ਰਿਤਾ ਉਸ ਹੇਠਾਂ ਕਿਤੇ ਹੋਵੇਗੀ। ਉਸ ਦੇ ਉਥੇ ਸੁੱਤੇ ਹੋਣ ਦਾ ਭੁਲੇਖਾ ਜਿਹਾ ਹੀ ਪੈਂਦਾ ਸੀ। ਕਿਤਨਾ ਸੂਖਮ ਸਰੀਰ ਹੋਣੈ। ਮੇਰਾ ਮਨ ਭਰ ਆਇਆ।
ਪਲੰਘ ਦੀ ਢੋਅ ਵੱਲ ਦੀ ਸੈਟੀ ਉਪਰ ਗੁਲਦਸਤਾ ਰੱਖ, ਮਨ ਹੀ ਮਨ ਅੰਮ੍ਰਿਤਾ ਨੂੰ ਨਮਸਕਾਰਦੀ ਮੈਂ ਵਾਪਸ ਮੁੜੀ।
“ਮਾੜ੍ਹੀ ਵਾਰੀ ਆਈ ਆ ਤੈ ਦੇਰੀ ਕੀਹਾਂ ਲਾਈ ਆæææ।” ਮੈਂ ਸੋਚ ਰਹੀ ਸਾਂ।
000
“ਉਹ, ਤੁਸਾਂ ਚਾਹ ਤੇ ਪੀਤੀ ਹੀ ਨਹੀਂ।” ਸਾਡੇ ਵਿਦਾ ਲੈਣ ਤੇ ਗੈਸ-ਚੁੱਲ੍ਹੇ ਤੋਂ ਭਾਫ਼ ਸੁੱਟਦੇ, ਸੀਟੀਆਂ ਮਾਰਦੇ ਕੁੱਕਰ ਵੱਲ ਨਜ਼ਰ ਸੁੱਟਦਿਆਂ ਇਮਰੋਜ਼ ਨੇ ਕਿਹਾ।
ਖਿਚੜੀ ਅਜੇ ਵੀ ਰਿੱਝ ਰਹੀ ਸੀ।