ਆਖਰੀ ਖ਼ਤ
ਹਰਪਾਲ ਸਿੰਘ ਪੰਨੂ
ਫੋਨ: +91-94642-51454
ਛੱਤੀ ਸਾਲ ਦੀ ਹੀਥਰ ਮੈਕਮਾਨਮੀ ਵਿਸਕਾਨਸਿਨ (ਅਮਰੀਕਾ) ਦੀ ਵਸਨੀਕ ਕੈਂਸਰ ਦੀ ਬਿਮਾਰੀ ਨਾਲ ਖਤਮ ਹੋ ਗਈ। ਮਰਨ ਤੋਂ ਕੁਝ ਦਿਨ ਪਹਿਲੋਂ ਉਸ ਨੇ ਆਪਣੀ ਦਸ ਸਾਲ ਦੀ ਧੀ, ਪਤੀ ਅਤੇ ਸ਼ੁਭਚਿੰਤਕਾਂ ਨੂੰ ਖ਼ਤ ਲਿਖਿਆ ਤੇ ਕਿਹਾ, “ਮੇਰੇ ਮਰਨ ਪਿਛੋਂ ਪੜ੍ਹਿਓ।” ਖਤ ਹੈ:
ਤੁਹਾਨੂੰ ਦੇਣ ਵਾਸਤੇ ਇਕ ਖੁਸ਼ਖਬਰੀ ਹੈ, ਤੇ ਦੂਜੀ ਮਾੜੀ ਖਬਰ। ਮਾੜੀ ਖਬਰ ਦਿਸ ਹੀ ਰਹੀ ਹੈ, ਜਦੋਂ ਤੁਸੀਂ ਇਹ ਖ਼ਤ ਪੜ੍ਹੋਗੇ, ਉਦੋਂ ਮੈਂ ਮਰ ਚੁੱਕੀ ਹੋਵਾਂਗੀ। ਚੰਗੀ ਖਬਰ ਇਹ ਹੈ ਕਿ ਤੁਸੀਂ ਖ਼ਤ ਪੜ੍ਹਨ ਵਕਤ ਜਿਉਂਦੇ ਹੋਵੋਗੇ। ਮਰੇ ਬੰਦੇ ਤਾਂ ਵਾਈ-ਫਾਈ ਸੰਚਾਰ ਸਿਸਟਮ ਨਾਲ ਵੀ ਸੰਪਰਕ ਵਿਚ ਨਹੀਂ ਆਉਂਦੇ। ਮੈਂ ਉਹ ਖੁਸ਼ਕਿਸਮਤ ਔਰਤ ਹਾਂ ਜਿਸ ਨੇ ਸ਼ਾਨਦਾਰ ਦੋਸਤਾਂ ਵਿਚਕਾਰ ਪਿਆਰ ਅਤੇ ਅਨੰਦਮਈ ਜ਼ਿੰਦਗੀ ਬਿਤਾਈ। ਮੈਂ ਏਨੀ ਭਰੀ-ਭਕੁੰਨੀ ਜ਼ਿੰਦਗੀ ਬਤੀਤ ਕੀਤੀ ਕਿ ਕਣ-ਕਣ, ਪਲ-ਪਲ ਮਾਣੀ। ਮੈਨੂੰ ਤੁਸੀਂ ਪਿਆਰ ਕੀਤਾ ਤੇ ਜੀਵਨ ਵਿਚ ਵਿਸਮਾਦਪੂਰਨ ਰੰਗ ਭਰੇ, ਤੁਹਾਡਾ ਸ਼ੁਕਰਾਨਾ।
ਮੈਂ ਪ੍ਰਸੰਨ ਹਾਂ ਕਿ ਤੁਹਾਡੇ ਸਾਰਿਆਂ ਕੋਲ ਕਿਸੇ ਨਾ ਕਿਸੇ ਪ੍ਰਕਾਰ ਦਾ ਧਰਮ ਮੌਜੂਦ ਹੈ। ਅਸੀਂ, ਜਿਹੜੇ ਧਰਮੀ ਨਹੀਂ ਸਾਂ, ਤੁਸੀਂ ਸਾਨੂੰ ਵੀ ਪੂਰਨ ਆਦਰ ਮਾਣ ਦਿੱਤਾ। ਮੇਰੀ ਧੀ ਬਰੀਆਨਾ ਨੂੰ ਕਿਰਪਾ ਕਰ ਕੇ ਕਦੀ ਇਹ ਨਾ ਕਹਿਓ ਕਿ ਤੇਰੀ ਮੰਮੀ ਸੁਰਗ ਵਿਚ ਚਲੀ ਗਈ। ਉਹ ਸੋਚੇਗੀ, ਮੇਰੀ ਮਾਂ ਮੈਨੂੰ ਛੱਡ ਕੇ ਸੁਰਗ ਵਿਚ ਕਿਉਂ ਚਲੀ ਗਈ? ਉਹਨੂੰ ਲੱਗੇਗਾ ਜਿਵੇਂ ਮੈਂ ਆਪਣੀ ਮਰਜ਼ੀ ਨਾਲ ਗਈ ਹਾਂ। ਮੈਂ ਤਾਂ ਪੂਰੀ ਵਾਹ ਲਾ ਦਿੱਤੀ ਕਿ ਉਸ ਕੋਲੋਂ ਤੇ ਉਸ ਦੇ ਪਾਪਾ ਜੈਫ ਕੋਲੋਂ ਕਦੀ ਦੂਰ ਨਾ ਜਾਵਾਂ। ਜਿਥੇ ਮੇਰੀ ਧੀ, ਮੇਰਾ ਸੁਰਗ ਤਾਂ ਉਥੇ ਹੈ। ਜਿਹੜੀ ਗੱਲ ਸੱਚ ਨਹੀਂ, ਉਸ ਬਾਰੇ ਮੇਰੀ ਧੀ ਕਿਉਂ ਸੋਚੇ? ਮੈਂ ਸੁਰਗ ਵਿਚ ਹਾਂ ਈ ਨ੍ਹੀਂ ਜਦੋਂ। ਮੈਂ ਇਥੇ ਹੀ ਹਾਂ ਧਰਤੀ ਉਤੇ। ਜਿਸ ਜਰਜਰੇ ਜਿਸਮ ਵਿਚ ਰਿਹਾ ਕਰਦੀ ਸਾਂ, ਉਹ ਮੇਰੇ ਖਿਲਾਫ ਹੋ ਗਿਆ। ਮੇਰੀ ਸ਼ਾਨ, ਪਿਆਰ, ਹਾਸੇ, ਯਾਦਾਂ, ਤੁਹਾਡੇ ਆਲੇ-ਦੁਆਲੇ ਐਨ ਨੇੜੇ-ਤੇੜੇ ਤਾਂ ਹਨ। ਸੁਰਗ ਵਿਚ ਨਹੀਂ, ਤੁਹਾਡੇ ਕੋਲ ਹਾਂ ਮੈਂ।
ਮੇਰੇ ਬਾਰੇ ਸੋਚਣ ਲੱਗੋ ਤਾਂ ਬਈ ਉਦਾਸ ਹੋ ਕੇ ਨਹੀਂ, ਤਰਸ ਖਾ ਕੇ ਨਹੀਂ। ਮੇਰਾ ਚੇਤਾ ਆਏ ਤਾਂ ਮੁਸਕਾਨ ਤੁਹਾਡੇ ਹੋਠਾਂ ‘ਤੇ ਦਿਸੇ, ਏਨੀ ਛੇਤੀ ਭੁੱਲ ਗਏ ਕਿ ਆਪਾਂ ਹੱਸਦੇ ਤਾਂ ਹਾਸਿਆਂ ਦੇ ਛਣਕਾਟੇ ਅਸਮਾਨ ਤੱਕ ਗੂੰਜਿਆ ਕਰਦੇ? ਉਦਾਸ ਲੋਕ ਮੈਨੂੰ ਬੁਰੇ ਲੱਗਿਆ ਕਰਦੇ। ਮੇਰੀ ਕਹਾਣੀ ਦਾ ਦਰਦਨਾਕ ਹਿੱਸਾ ਕਿਉਂ ਫੋਲਣਾ? ਮੇਰੀ ਵਜ੍ਹਾ ਨਾਲ ਤੁਹਾਡੇ ਚਿਹਰੇ ਖਿੜ ਨਹੀਂ ਸਨ ਪੈਂਦੇ? ਬਰੀਆਨਾ ਨੂੰ ਉਹ ਸਾਰੀਆਂ ਗੱਲਾਂ ਦੱਸਿਓ ਜਿਹੜੀਆਂ ਮੈਂ ਉਹਦੇ ਬਾਰੇ ਤੁਹਾਡੇ ਕੋਲ ਕਰਿਆ ਕਰਦੀ ਸਾਂ, ਮੈਨੂੰ ਉਸ ਉਤੇ ਹਮੇਸ਼ਾ ਮਾਣ ਰਿਹਾ। ਮੈਂ ਉਹਦੀ ਮੰਮੀ ਹਾਂ, ਇਸ ਤੋਂ ਵਧੀਕ ਸੋਹਣੀ ਹੋਰ ਕੋਈ ਗੱਲ ਮੈਨੂੰ ਨ੍ਹੀਂ ਲੱਗੀ ਕਦੀ, ਕੋਈ ਵੀ ਨਾ। ਜਿਸ ਦਿਨ ਉਹ ਇਸ ਧਰਤੀ ਉਪਰ ਉਤਰੀ, ਉਦੋਂ ਤੱਕ ਮੈਨੂੰ ਕੋਈ ਪਤਾ ਨਹੀਂ ਸੀ ਕਿ ਉਸੇ ਸਦਕਾ ਜੀਵਨ ਦਾ ਹਰ ਪਲ ਖੁਸ਼ੀਆਂ-ਖੇੜਿਆਂ ਦੀ ਖਾਨ ਹੋਵੇਗਾ।
ਮੈਂ ਨ੍ਹੀਂ ਮੰਨਦੀ ਕਿ ਮੈਂ ਕੈਂਸਰ ਅੱਗੇ ਹਾਰ ਮੰਨ ਲਈ। ਕੈਂਸਰ ਨੇ ਮੈਥੋਂ ਕਈ ਕੁਝ ਖੋਹਿਆ, ਇਹ ਸਹੀ ਹੈ; ਪਰ ਮੇਰਾ ਪਿਆਰ, ਉਮੀਦ ਅਤੇ ਖੇੜਾ ਨਹੀਂ ਖੋਹ ਸਕੀ। ਉਸ ਨਾਲ ਮੇਰਾ ਕੋਈ ਯੁੱਧ ਨਹੀਂ ਸੀ, ਬੱਸ ਜੀਵਨ ਇਹੋ ਸੀ ਸਮਝੋ। ਜੀਵਨ ਕਦੀ-ਕਦੀ ਦਰਿੰਦਾ ਹੋ ਜਾਇਆ ਕਰਦਾ ਹੈ, ਬੇਇਨਸਾਫੀ ਹੋ ਜਾਂਦੀ ਹੁੰਦੀ ਹੈ ਬੱਸ। ਮੈਂ ਇਸ ਅੱਗੇ ਹਥਿਆਰ ਤਾਂ ਨ੍ਹੀਂ ਸੁੱਟੇ। ਕੈਂਸਰ ਦੇ ਹੁੰਦੇ-ਸੁੰਦੇ ਮੈਂ ਏਨੇ ਸਾਲ ਤੁਹਾਡੇ ਨਾਲ ਬਿਤਾਏ, ਕੀ ਇਹ ਜਿੱਤ ਨਹੀਂ?
ਸਭ ਨਾਲੋਂ ਮਾਣ-ਮੱਤੀ ਪ੍ਰਾਪਤੀ ਇਹ ਹੈ ਕਿ ਮੈਂ ਆਪਣੇ ਮੀਤ ਜੈਫ ਨਾਲ ਇਕ ਦਹਾਕਾ ਰਹੀ। ਉਸ ਨਾਲ ਰਹਿੰਦਿਆਂ ਯਕੀਨ ਹੋਇਆ ਕਿ ਮਿਲਾਪਾਂ ਦੇ ਫੈਸਲੇ ਆਕਾਸ਼ ਵਿਚ ਆਪੇ ਕੋਈ ਕਰ ਦਿੰਦੈ, ਕਿ ਦੋ ਜਿਸਮਾਂ ਵਿਚ ਇਕ ਜੋਤ ਹੋ ਸਕਦੀ ਹੈ। ਹਰ ਲਮਹਾ ਜੈਫ ਨੇ ਮੇਰੇ ਹੱਕ ਵਿਚ, ਮੇਰੇ ਪੱਖ ਵਿਚ ਬਿਤਾਇਆ। ਬ੍ਰਹਿਮੰਡ ਵਿਚ ਉਸ ਵਰਗਾ ਹੋਰ ਨਹੀਂ ਬਣਿਆ ਕੋਈ। ਸੰਤਾਪ ਦੌਰਾਨ ਲੋਕ ਮੂੰਹ ਫੇਰ ਲਿਆ ਕਰਦੇ ਹਨ, ਵਿਛੜ ਜਾਂਦੇ ਹਨ। ਅਸੀਂ ਹਰ ਰੋਜ਼ ਹੱਸਣ ਦਾ ਕੋਈ ਬਹਾਨਾ ਲੱਭ ਲਿਆ ਕਰਦੇ। ਉਸ ਦੇ ਪਿਆਰ ਦੀ ਹੱਦ ਜੀਵਨ ਤੋਂ ਪਾਰ ਤੱਕ ਹੈ, ਇਹੋ ਜਿਹਾ ਪਿਆਰ ਅਬਿਨਾਸੀ ਹੁੰਦੈ।
ਸੰਸਾਰ ਵਿਚ ਸਭ ਤੋਂ ਕੀਮਤੀ ਵਸਤੂ ਸਮਾਂ ਹੈ। ਅਸਾਂ ਦੋਵਾਂ ਨੇ ਇਕ-ਦੂਜੇ ਨੂੰ ਆਪੋ-ਆਪਣਾ ਪੂਰਾ ਸਮਾਂ ਸੁਗਾਤ ਵਜੋਂ ਦਿੱਤਾ। ਤੇਰਾ ਸ਼ੁਕਰਾਨਾ ਜੈਫ। ਮੈਂ ਤੈਨੂੰ ਪਿਆਰ ਕੀਤਾ। ਸਾਡੇ ਪਿਆਰ ਵਿਚੋਂ ਬਰੀਆਨਾ ਪ੍ਰਗਟ ਹੋ ਗਈ, ਏਨੀ ਸੋਹਣੀ ਚਿੜੀ। ਸਿਰਫ ਇਹ ਇਕ ਕੰਮ ਨਹੀਂ ਮੈਥੋਂ ਕੀਤਾ ਜਾਣਾ, ਹੱਥ ਹਿਲਾ ਕੇ ਮੈਂ ਬਰੀਆਨਾ ਨੂੰ ਅਲਵਿਦਾ ਨਹੀਂ ਕਹਿ ਸਕਦੀ। ਮੇਰੇ ਜਾਣ ਬਾਅਦ ਤੁਸੀਂ ਦੋਵੇਂ ਉਦਾਸ ਹੋਵੋਗੇ, ਇਸ ਖਿਆਲ ਕਾਰਨ ਮੇਰਾ ਦਿਲ ਬੈਠ ਜਾਂਦਾ ਹੈ; ਪਰ ਫੇਰ ਸਮਾਂ ਬੀਤਣ ਨਾਲ ਸਭ ਠੀਕ ਹੋ ਜਾਏਗਾ, ਤੁਸੀਂ ਭਲੇ ਦਿਨ ਯਾਦ ਕਰ ਕੇ ਹੱਸ ਪਿਆ ਕਰੋਗੇ। ਕਿਸੇ ਨਾ ਕਿਸੇ ਤਰ੍ਹਾਂ ਮੈਂ ਤੁਹਾਡੇ ਨੇੜੇ-ਤੇੜੇ ਰਿਹਾ ਕਰਾਂਗੀ, ਯਕੀਨ ਨਾ ਆਵੇ ਤਾਂ ਸਰਚ ਮਾਰ ਕੇ ਗੂਗਲ ਤੋਂ ਪੁੱਛ ਲਿਉ। ਤੁਸੀਂ ਮੇਰਾ ਪੂਰਾ ਜਹਾਨ ਹੋ, ਸ਼ਬਦਾਂ ਦੇ ਵਰਣਨ ਤੋਂ ਪਾਰ ਦਾ ਜਹਾਨ।
ਦੋਸਤੋ, ਤੁਸੀਂ ਮੇਰਾ ਪੂਰਾ ਜੀਵਨ ਵਿਸਮਾਦਮਈ ਬਣਾਇਆ, ਤੁਹਾਡਾ ਸ਼ੁਕਰਾਨਾ। ਡਾਕਟਰਾਂ ਅਤੇ ਨਰਸਾਂ ਦਾ ਸ਼ੁਕਰਾਨਾ, ਜਿਨ੍ਹਾਂ ਆਪਣੀ ਸਾਰੀ ਵਿਦਿਆ ਅਤੇ ਹਮਦਰਦੀ ਮੇਰੇ ਉਪਰ ਲੁਟਾਈ; ਜੋ ਕਰ ਸਕੇ, ਕੀਤਾ। ਸਾਰੇ ਸ਼ੁਭਚਿੰਤਕ ਦੋਸਤਾਂ ਦੇ ਜੀਵਨ ਖੇੜਿਆਂ ਨਾਲ ਭਰੇ ਰਹਿਣ। ਹਰ ਦਿਨ ਇਉਂ ਲੱਗੇ, ਜਿਵੇਂ ਨਵਾਂ ਤੋਹਫਾ ਹੈ।
ਮੇਰੀ ਅਰਥੀ ਚੁੱਕਣ ਵੇਲੇ ਬੀਅਰ ਦੇ ਢੱਕਣ ਖੁੱਲ੍ਹ ਜਾਣ ਤਾਂ ਕਿਵੇਂ ਰਹੇ? ਥੋੜ੍ਹੀ ਕੁ ਮੇਰੇ ਉਪਰ ਛਿੜਕ ਕੇ ਬਾਕੀ ਆਪ ਪੀਓ। ਸ਼ਾਨਦਾਰ ਪਾਰਟੀ ਲੱਗੇ, ਤੁਹਾਨੂੰ ਮੇਰੇ ਸ਼ੌਕ ਦਾ ਪਤਾ ਤਾਂ ਹੈ ਹੀ। ਅਲਵਿਦਾ ਦੀ ਥਾਂ, ਫਿਰ ਮਿਲਾਂਗੇ ਕਹਿਣਾ ਠੀਕ ਰਹੇਗਾ। ਇਕ-ਇਕ ਦਿਨ ਨਹੀਂ, ਇਕ-ਇਕ ਛਿਣ ਕੀਮਤੀ ਹੈ, ਯਾਦ ਰੱਖਣਾ।