ਟੈਕਸੀ ਚਲਾਏ ਬਿਨਾ ਰਿਹਾ ਨ੍ਹੀਂ ਜਾਂਦਾ

ਟੈਕਸੀਨਾਮਾ-16
ਕੈਨੇਡਾ ਵੱਸਦੇ ਨੌਜਵਾਨ ਲੇਖਕ ਹਰਪ੍ਰੀਤ ਸੇਖਾ ਨੇ ਐਤਕੀਂ ਉਸ ਬਜ਼ੁਰਗ ਟੈਕਸੀ ਡਰਾਈਵਰ ਬਾਰੇ ਗੱਲਾਂ ਕੀਤੀਆਂ ਹਨ ਜਿਸ ਨੇ ਕੈਨੇਡਾ ਦੇ ਟੈਕਸੀ ਵਾਲੇ ਕੰਮ-ਕਾਰ ਵਿਚ, ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਮੋਕਲਾ ਕੀਤਾ। ਮਨਬਚਨੀ ਦੇ ਸਟਾਈਲ ਵਿਚ ਲਿਖੇ ਇਸ ਲੇਖ ਵਿਚ ਪਹਿਲੀਆਂ ਵਿਚ ਭਾਰਤੀਆਂ ਨੂੰ ਦਰਪੇਸ਼ ਦਿੱਕਤਾਂ ਦੇ ਦਰਸ਼ਨ ਹੁੰਦੇ ਹਨ। ਹਰਪ੍ਰੀਤ ਸੇਖਾ ਬੁਨਿਆਦੀ ਰੂਪ ਵਿਚ ਕਹਾਣੀਕਾਰ ਹੈ।

ਉਹਦੇ ਦੋ ਕਹਾਣੀ ਸੰਗ੍ਰਿਹ ‘ਬੀ ਜੀ ਮੁਸਕਰਾ ਪਏ’ ਅਤੇ ‘ਬਾਰਾਂ ਬੂਹੇ’ ਛਪ ਚੁੱਕੇ ਹਨ। ‘ਟੈਕਸੀਨਾਮਾ’ ਉਹਦੀ ਨਿਵੇਕਲੀ ਰਚਨਾ ਹੈ ਜਿਸ ਵਿਚ ਉਹਨੇ ਟੈਕਸੀ ਚਲਾਉਣ ਵਾਲਿਆਂ ਦੇ ਕਿੱਤੇ ਅਤੇ ਮਨਾਂ ਅੰਦਰ ਝਾਤੀ ਮਾਰੀ ਹੈ। -ਸੰਪਾਦਕ

“ਦੂਸਰੇ ਡਰਾਈਵਰ ਮੁਝੇ ਦਾਦਾ ਬੋਲਤੇ ਹੈਂ। ਮੇਰੀ ਇੱਜ਼ਤ ਕਰਤੇ ਹੈਂ। ਉਨਹੇਂ ਮਾਲੂਮ ਹੈ ਕਿ ਮੈਂਨੇ ਉਨਕੇ ਲੀਏ ਰਾਸਤਾ ਬਨਾਇਆ ਹੈ।”

ਮੈਂ ਸੱਤਰ ਸਾਲ ਦਾ ਹਾਂ। ਬੁਢਾਪਾ ਪੈਨਸ਼ਨ ਲੱਗੀ ਹੋਈ ਹੈ। ਮੇਰਾ ਬੇਟਾ ਵੀ ਹਰ ਮਹੀਨੇ ਪੈਸੇ ਭੇਜਦਾ ਹੈ, ਪਰ ਮੈਂ ਫਿਰ ਵੀ ਕਦੇ-ਕਦਾਈਂ ਟੈਕਸੀ ਚਲਾਉਣ ਚਲਿਆ ਜਾਂਦਾ ਹਾਂ। ਜਦੋਂ ਟੈਕਸੀ ਚਲਾਉਣ ਜਾਂਦਾ ਹਾਂ ਤਾਂ ਪ੍ਰਭੂ ਮੂਹਰੇ ਬੇਨਤੀ ਕਰ ਕੇ ਜਾਨਾਂ ਕਿ ਅੰਗ-ਸੰਗ ਰਹੀਂ। ਇਹ ਖਤਰਨਾਕ ਕੰਮ ਐ। ਇੱਕ ਗੱਲ ਸਵੇਰੇ ਘਰੋਂ ਨਿਕਲਦਿਆਂ ਮਨ ਵਿਚ ਜ਼ਰੂਰ ਆਉਂਦੀ ਹੈ ਕਿ ਵਾਪਸ ਘਰ ਮੁੜ ਕੇ ਆਊਂਗਾ ਵੀ ਕਿ ਨਹੀਂ; ਫਿਰ ਵੀ ਪਤਾ ਨੀ ਕਿਉਂ ਟੈਕਸੀ ਚਲਾਉਣ ਬਿਨਾ ਰਿਹਾ ਨਹੀਂ ਜਾਂਦਾ। ਪੈਸੇ ਦਿੱਤੇ ਬਿਨਾ ਭੱਜਣ ਵਾਲੇ ਤਾਂ ਕਈ ਵਾਰੀ ਮਿਲੇ ਹਨ। ਨਿੱਕੇ-ਮੋਟੇ ਐਕਸੀਡੈਂਟ ਵੀ ਹੋਏ, ਪਰ ਇਕ ਘਟਨਾ ਨੂੰ ਯਾਦ ਕਰ ਕੇ ਹਾਲੇ ਵੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ।
ਇਕ ਵਾਰੀ ਪਿਛਲੀ ਸੀਟ ‘ਤੇ ਬੈਠੀ ਸਵਾਰੀ ਨੇ ਮੇਰੀ ਸੀਟ ਬੈਲਟ ਪਿੱਛੋਂ ਖਿੱਚ ਲਈ। ਮੇਰਾ ਸਾਹ ਰੁਕਣ ਲੱਗਾ। ਮੇਰੇ ਪੈਰ ਚੁੱਕੇ ਗਏ। ਈਸ਼ਵਰ ਦੀ ਕ੍ਰਿਪਾ ਨਾਲ ਜਦੋਂ ਉਸ ਨੇ ਬੈਲਟ ਖਿੱਚੀ ਮੇਰਾ ਹੱਥ ਉਸ ਦੀ ਕੂਹਣੀ ਨੂੰ ਪੈ ਗਿਆ। ਮੈਂ ਉਹ ਪਿਛਾਂਹ ਧੱਕ ਦਿੱਤੀ। ਉਸ ਦੀ ਪਕੜ ਢਿੱਲੀ ਪੈ ਗਈ, ਪਰ ਮੇਰਾ ਗਲ਼ਾ ਫੁੱਲ ਗਿਆ। ਮੈਂ ਦੋ ਹਫ਼ਤੇ ਹਸਪਤਾਲ ਰਿਹਾ। ਉਹ ਪੈਸੇ ਲੈ ਕੇ ਭੱਜ ਗਿਆ। ਪੁਲਿਸ ਵੀ ਆਈ। ਐਂਬੂਲੈਂਸ ਆ ਕੇ ਮੈਨੂੰ ਹਸਪਤਾਲ ਲੈ ਗਈ, ਪਰ ਉਹ ਬੰਦਾ ਫੜਿਆ ਨ੍ਹੀਂ ਗਿਆ।

1964 ਵਿਚ ਫਿਜੀ ਤੋਂ ਕੈਨੇਡਾ ਆਇਆ। ਪਹਿਲਾਂ ਮੈਂ ਇਕੱਲਾ ਆਇਆ ਸੀ, ਫਿਰ 1965 ਵਿਚ ਆਪਣੇ ਬੀਵੀ-ਬੱਚਿਆਂ ਨੂੰ ਵੀ ਨਾਲ ਲੈ ਆਇਆ। ਸ਼ੁਰੂ ‘ਚ ਮੈਂ ਦੋ ਥਾਂਵਾਂ ‘ਤੇ ਕੰਮ ਕਰਦਾ ਸੀ। ਇੱਕ ਫੈਕਟਰੀ ਵਿਚ ਪੱਕੀ ਨੌਕਰੀ ਸੀ। ਲੋਹੇ ਨੂੰ ਪਾਲਿਸ਼ ਕਰਨ ਦਾ ਕੰਮ ਸੀ। ਕੰਮ ਬਹੁਤ ਭਾਰਾ ਸੀ। ਮੈਨੂੰ ਲੋਹੇ ਦੀ ਧੂੜ ਚੜ੍ਹਦੀ ਸੀ। ਸ਼ਨਿੱਚਰ-ਐਤਵਾਰ ਟੈਕਸੀ ਚਲਾਉਂਦਾ ਸੀ।

ਸਾਲ 1966-67 ਵਿਚ ਬਲੈਕ ਟਾਪ ਕੰਪਨੀ ਦੀ ਟੈਕਸੀ ਚਲਾਉਣ ਲੱਗਾ। ਫਿਜੀ ਵਿਚ ਵੀ ਮੈਂ ਟੈਕਸੀ ਚਲਾਉਂਦਾ ਸੀ। ਇਥੇ ਵੀ ਮੈਂ ਪੱਕੀ ਹੀ ਟੈਕਸੀ ਚਲਾਉਣੀ ਚਾਹੁੰਦਾ ਸੀ। ਚਾਹੁੰਦਾ ਸੀ ਕਿ ਮੇਰੀ ਆਪਣੀ ਟੈਕਸੀ ਹੋਵੇ ਤਾਂ ਕਿ ਟੈਕਸੀ ਦੇ ਮਾਲਕ ਨੂੰ 55% ਕਮਾਈ ਨਾ ਦੇਣੀ ਪਵੇ (ਬਲੈਕ ਟਾਪ ਕੰਪਨੀ ਵਿਚ ਮੀਟਰ ‘ਤੇ ਚੱਲੇ ਕਿਰਾਏ ਦਾ 45% ਹਿੱਸਾ ਡਰਾਈਵਰ ਦਾ ਹੁੰਦਾ ਹੈ ਤੇ 55% ਹਿੱਸਾ ਟੈਕਸੀ ਮਾਲਕ ਦਾ) ਪਰ ਕੰਪਨੀ ਵਾਲੇ ਮੈਨੂੰ ਟੈਕਸੀ ਵੇਚਦੇ ਨਹੀਂ ਸੀ। ਫਿਰ ਮੈਂ ਸਿਟੀ ਹਾਲ ਨੂੰ ਚਿੱਠੀ ਲਿਖੀ ਕਿ ਮੇਰੇ ਕੋਲ ਟੈਕਸੀ ਚਲਾਉਣ ਦਾ ਤਜਰਬਾ ਹੈ, ਮੈਨੂੰ ਆਪਣੀ ਟੈਕਸੀ ਪਾਉਣ ਦਾ ਲਾਈਸੈਂਸ ਦਿੱਤਾ ਜਾਵੇ। ਉਨ੍ਹਾਂ ਜਵਾਬ ਲਿਖ ਭੇਜਿਆ ਕਿ ਅਸੀਂ ਟੈਕਸੀ ਦਾ ਨਵਾਂ ਲਾਈਸੈਂਸ ਨਹੀਂ ਦੇ ਸਕਦੇ। ਜੇ ਕੋਈ ਹੋਰ ਵੇਚਦਾ ਹੈ ਤਾਂ ਤੂੰ ਉਸ ਕੋਲੋਂ ਖਰੀਦ ਸਕਦਾ ਹੈਂ। ਜਿਸ ਗੋਰੇ ਦੀ ਟੈਕਸੀ ਮੈਂ ਵੀਕਐਂਡ ‘ਤੇ ਚਲਾਉਂਦਾ ਸੀ, ਉਸ ਨੂੰ ਮੈਂ ਉਹ ਸਿਟੀ ਹਾਲ ਵਾਲੀ ਚਿੱਠੀ ਦਿਖਾਈ ਤੇ ਟੈਕਸੀ ਖਰੀਦਣ ਦੀ ਇੱਛਾ ਦੱਸੀ। ਉਹ ਕਹਿੰਦਾ, ਉਸ ਦੀ ਟੈਕਸੀ ਖਰੀਦ ਲਵਾਂ। ਮੈਂ ਟੈਕਸੀ ਖਰੀਦ ਲਈ। ਹੋਰ ਗੋਰੇ ਮਾਲਕ ਮੇਰੇ ਨਾਲ ਬਹੁਤ ਈਰਖਾ ਕਰਨ ਲੱਗੇ। ਉਹ ਆਖਣ, ਮੈਂ ਟੈਕਸੀ ਨਹੀਂ ਖਰੀਦ ਸਕਦਾ। ਮੈਂ ਕਿਹਾ, ਮੇਰੇ ਕੋਲ ਸਿਟੀ ਦੀ ਇਜਾਜ਼ਤ ਹੈ। ਫਿਰ ਉਨ੍ਹਾਂ ਕੰਪਨੀ ਦਾ ਰੂਲ ਬਣਾਇਆ ਕਿ ਜੇ ਕਿਸੇ ਨਵੇਂ ਬੰਦੇ ਨੇ ਟੈਕਸੀ ਖਰੀਦਣੀ ਹੋਵੇ ਤਾਂ ਕੰਪਨੀ ਦੇ ਡਾਇਰੈਕਟਰਾਂ ਦੀ ਇਜਾਜ਼ਤ ਲੈਣੀ ਜ਼ਰੂਰੀ ਹੋਵੇਗੀ। ਨਾਲ ਦੀ ਨਾਲ ਉਨ੍ਹਾਂ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਕਿ ਕਿਵੇਂ ਨਾ ਕਿਵੇਂ ਇਸ ਨੂੰ ਕੱਢਿਆ ਜਾਵੇ, ਪਰ ਮੈਨੂੰ ਉਹ ਕੰਪਨੀ ਵਿਚੋਂ ਕੱਢ ਨਹੀਂ ਸੀ ਸਕਦੇ। ਮੈਂ ਟੈਕਸੀ ਦਾ ਮਾਲਕ ਸੀ। ਫਿਰ ਹੋਰ ਆਪਣੇ ਬੰਦੇ ਵੀ ਟੈਕਸੀਆਂ ਖਰੀਦਣ ਲੱਗ ਪਏ।

ਉਸ ਵੇਲੇ ਟੈਕਸੀ ਇੰਡਸਟਰੀ ‘ਤੇ ਗਰੀਕ ਤੇ ਇਟਾਲੀਅਨ ਲੋਕਾਂ ਦਾ ਕਬਜ਼ਾ ਸੀ। ਵੈਨਕੂਵਰ ਦੀਆਂ ਹੋਰ ਟੈਕਸੀ ਕੰਪਨੀਆਂ ਜਿਵੇਂ ਯੈਲੋ ਕੈਬ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਡਰਾਈਵਰ ਤਾਂ ਰੱਖ ਲੈਂਦੇ, ਪਰ ਉਨ੍ਹਾਂ ਨੂੰ ਟੈਕਸੀਆਂ ਨਹੀਂ ਸੀ ਵੇਚਦੇ ਤੇ ਐਡਵਾਂਸ ਕੈਬ ਕੰਪਨੀ ਵਾਲੇ ਤਾਂ ਆਪਣੇ ਲੋਕਾਂ ਨੂੰ ਡਰਾਈਵਰ ਵੀ ਨਹੀਂ ਸੀ ਰੱਖਦੇ।

ਪਹਿਲਾਂ ਅਨਪੜ੍ਹ ਤੇ ਸੁਸਤ ਕਿਸਮ ਦੇ ਬੰਦੇ ਟੈਕਸੀ ਚਲਾਉਂਦੇ ਸੀ। ਆਪਣੇ ਬੰਦੇ ਜਿਹੜੇ ਟੈਕਸੀ ਸਨਅਤ ਵਿਚ ਆਏ, ਉਹ ਪੜ੍ਹੇ-ਲਿਖੇ ਤੇ ਮਿਹਨਤੀ ਹਨ। ਗੋਰੇ ਡਰਾਈਵਰ ਸ਼ਨਿੱਚਰ-ਐਤਵਾਰ ਕੰਮ ਕਰ ਕੇ ਰਾਜ਼ੀ ਨਾ ਹੁੰਦੇ। ਅਸੀਂ ਤਾਂ ਘਰ ਬੈਠਦੇ ਹੀ ਨਹੀਂ ਸੀ। ਸੋਲ਼ਾਂ-ਸੋਲ਼ਾਂ, ਅਠਾਰਾਂ-ਅਠਾਰਾਂ ਘੰਟੇ ਟੈਕਸੀ ਚਲਾਉਂਦੇ। ਉਸ ਵਕਤ ਸੋਲ਼ਾਂ-ਅਠਾਰਾਂ ਘੰਟਿਆਂ ਵਿਚ ਪੰਤਾਲੀ-ਪੰਜਾਹ ਡਾਲਰ ਬਣ ਜਾਂਦੇ ਸਨ। ਉਨ੍ਹਾਂ ਵੇਲਿਆਂ ਵਿਚ ਇਹ ਬਹੁਤ ਹੁੰਦੇ ਸਨ। ਉਸ ਵੇਲੇ ਮੈਂ ਤਿੰਨ ਹਜ਼ਾਰ ਡਾਲਰ ਦੀ ਬਿਲਕੁਲ ਨਵੀਂ ਕਾਰ ਖਰੀਦ ਕੇ ਟੈਕਸੀ ਪਾਈ ਸੀ। ਪਹਿਲਾ ਪਰਮਿਟ ਮੈਂ ਉਨੀ ਹਜ਼ਾਰ ਡਾਲਰ ਵਿਚ ਖਰੀਦਿਆ ਸੀ। ਕੁਝ ਸਾਲ ਪਹਿਲਾਂ ਇਹ ਤਿੰਨ ਲੱਖ ਦਾ ਵੇਚਿਆ। ਇਕ ਪਰਮਿਟ ਮੈਂ ਪਹਿਲਾਂ ਵੇਚ ਦਿੱਤਾ ਸੀ ਦੋ ਲੱਖ ਪੈਂਤੀ ਹਜ਼ਾਰ ‘ਚ। ਹੁਣ ਪੈਸੇ ਵੱਲੋਂ ਬਹੁਤ ਸੁਖੀ ਹਾਂ। ਕੰਮ ਸਾਰੀ ਉਮਰ ਡਟ ਕੇ ਕੀਤਾ ਹੈ। ਮੈਂ ਵਿਆਹ-ਸ਼ਾਦੀਆਂ ਤੇ ਹੋਰ ਫੰਕਸ਼ਨਾਂ ਵਿਚ ਵੀ ਨਹੀਂ ਸੀ ਜਾਂਦਾ। ਬੱਸ ਕੰਮ ਹੀ ਕੰਮ। ਘਰਵਾਲੀ ਤੇ ਬੱਚਿਆਂ ਨੂੰ ਭੇਜ ਦਿੰਦਾ। ਮੈਂ ਸੋਚਦਾ ਕਿ ਬੱਚਿਆਂ ਖਾਤਿਰ ਏਥੇ ਆਏ ਹਾਂ ਤਾਂ ਬੱਚੇ ਚੰਗੀ ਵਿੱਦਿਆ ਪ੍ਰਾਪਤ ਕਰ ਜਾਣ। ਯੂਨੀਵਰਸਿਟੀ ਤੱਕ ਪੜ੍ਹ ਲੈਣ। ਕਦੇ ਛੁੱਟੀ ਕਰਨ ਬਾਰੇ ਸੋਚਿਆ ਵੀ ਨ੍ਹੀਂ ਸੀ। ਇਹ ਕੰਮ ਹੀ ਐਸਾ ਹੈ ਕਿ ਕੰਮ ਕਰੋਗੇ ਤਾਂ ਹੀ ਘਰ ਡਾਲਰ ਆਉਣਗੇ। ਨਾ ਕਿਸੇ ਛੁੱਟੀ ਦੀ ਤਨਖਾਹ ਮਿਲਣੀ ਹੈ, ਨਾ ਕੋਈ ਬਿਮਾਰੀ ਦੀ ਛੁੱਟੀ। ਮੇਰੇ ਤਿੰਨ ਬੱਚੇ ਹਨ। ਵੱਡਾ ਬੇਟਾ ਬਹੁਤ ਵੱਡਾ ਡਾਕਟਰ ਹੈ। ਬਹੁਤ ਕਮਾਈ ਹੈ ਉਸ ਦੀ। ਮੈਨੂੰ ਬਹੁਤ ਆਦਰ ਦਿੰਦਾ ਹੈ। ਹੋਰਾਂ ਨੂੰ ਉਹ ਮਾਣ ਨਾਲ ਦੱਸਦਾ ਹੈ ਕਿ ਉਸ ਦੇ ਡੈਡੀ ਨੇ ਸਖਤ ਮਿਹਨਤ ਕਰ ਕੇ ਉਸ ਨੂੰ ਪੜ੍ਹਾਇਆ ਹੈ। ਹਰ ਮਹੀਨੇ ਉਹ ਮੈਨੂੰ 2500 ਡਾਲਰ ਭੇਜਦਾ ਹੈ। ਬੇਟੀ ਅਕਾਊਂਟੈਂਟ ਹੈ। ਉਸ ਦੀ ਸ਼ਾਦੀ ਪ੍ਰੋਫੈਸਰ ਨਾਲ ਹੋਈ ਹੈ। ਇਕ ਬੇਟੀ ਰਜਿਸਟਰਡ ਨਰਸ ਹੈ।

ਜਿਨ੍ਹਾਂ ਦਿਨਾਂ ‘ਚ ਮੈਂ ਟੈਕਸੀ ਚਲਾਉਣੀ ਸ਼ੁਰੂ ਕੀਤੀ ਸੀ, ਉਨ੍ਹਾਂ ਦਿਨਾਂ ਵਿਚ ਪੱਖਪਾਤ ਬਹੁਤ ਹੁੰਦਾ ਸੀ। ਸਵੇਰੇ ਜਦੋਂ ਮੈਂ ਟੈਕਸੀ ਦੀ ਚਾਬੀ ਲੈਣ ਜਾਣਾ ਤਾਂ ਜਿਹੜਾ ਬੰਦਾ ਚਾਬੀ ਫੜਾਉਂਦਾ ਹੁੰਦਾ ਸੀ, ਉਸ ਨੇ ਕਲੋਰੈਸ ਦੀ ਗੋਲੀ (ਚਿਊ-ਗਮ) ਨਾਲ ਫੜਾ ਕੇ ਆਖਣਾ ਕਿ ਤੇਰੇ ਮੂੰਹ ‘ਚੋਂ ਮੁਸ਼ਕ ਆਉਂਦਾ ਹੈ, ਪਹਿਲਾਂ ਇਹ ਚੱਬ। ਮੈਨੂੰ ਡਿਸਪੈਚਰ ਵੀ ਰੱਦੀ ਟ੍ਰਿੱਪ ਦਿੰਦਾ। ਗਰੋਸਰੀ ਸਟੋਰਾਂ ਤੋਂ। ਏਅਰਪੋਰਟ ਵਾਲੇ ਤੇ ਹੋਰ ਲੰਮੇ ਟ੍ਰਿੱਪ ਮੈਨੂੰ ਨਾ ਦਿੰਦਾ। ਉਸ ਵੇਲੇ ਰੇਡੀਓ ਡਿਸਪੈਚ ਸਿਸਟਮ ਹੁੰਦਾ ਸੀ। ਡਿਸਪੈਚਰ ਦੀ ਆਵਾਜ਼ ਸਾਰੀਆਂ ਟੈਕਸੀਆਂ ‘ਚ ਸੁਣਦੀ। ਮੇਰੇ ਟ੍ਰਿੱਪ ਦੂਜੇ ਡਰਾਈਵਰ ਚੁੱਕ ਲਿਜਾਂਦੇ। ਮੈਂ ਜਦੋਂ ਸ਼ਿਕਾਇਤ ਕਰਦਾ ਤਾਂ ਕੋਈ ਸੁਣਵਾਈ ਨਹੀਂ ਸੀ ਹੁੰਦੀ। ਉਦੋਂ ਕਈ ਵਾਰੀ ਇਸ ਤਰ੍ਹਾਂ ਵੀ ਹੋਣਾ ਕਿ ਜਦੋਂ ਮੈਂ ਕਿਸੇ ਸਵਾਰੀ ਨੂੰ ਚੁੱਕਣ ਜਾਣਾ, ਉਸ ਨੇ ਵਾਪਸ ਭੇਜ ਦੇਣਾ ਕਿ ਮੈਨੂੰ ਨਹੀਂ ਹਿੰਦੂ ਡਰਾਈਵਰ ਦੀ ਟੈਕਸੀ ਚਾਹੀਦੀ।
ਹੁਣ ਭਾਵੇਂ ਪੱਖਪਾਤ ਬਹੁਤ ਘਟ ਗਿਆ ਹੈ, ਪਰ ਹੋਟਲਾਂ ਵਾਲਿਆਂ ਨਾਲ ਤੇ ਹੋਰ ਬਿਜ਼ਨੈਸ ਵਾਲਿਆਂ ਨਾਲ ਗੱਲਬਾਤ ਕਰਨ ਲਈ ਮੈਨੇਜਮੈਂਟ ਵਿਚ ਹਾਲੇ ਵੀ ਸਾਨੂੰ ਗੋਰੇ ਲੋਕਾਂ ਨੂੰ ਹੀ ਮੂਹਰੇ ਰੱਖਣਾ ਪੈਂਦਾ ਹੈ, ਪਰ ਅਸੀਂ ਉਨ੍ਹਾਂ ਨਾਲੋਂ ਕਿਸੇ ਪੱਖੋਂ ਵੀ ਘੱਟ ਨਹੀਂ। ਹੁਣ ਗੋਰੇ ਸਾਡੀਆਂ ਟੈਕਸੀਆਂ ਦੇ ਡਰਾਈਵਰ ਲੱਗੇ ਹੋਏ ਹਨ। ਇੱਕ ਵਾਰੀ ਇਕ ਗੋਰੇ ਡਰਾਈਵਰ ਨੇ ਮੇਰੇ ਘਰ ਟੈਕਸੀ ਛੱਡਣੀ ਸੀ। ਮੇਰਾ ਘਰ ਦੇਖ ਕੇ ਕਹਿੰਦਾ, ਤੂੰ ਤਾਂ ਮਹਿਲ ‘ਚ ਰਹਿਨੈਂ ਤੇ ਮੈਂ, ਜਿਹੜਾ ਤੇਰੀ ਟੈਕਸੀ ਚਲਾਉਨੈਂ, ਇਕ ਕਮਰੇ ‘ਚ ਗੁਜ਼ਾਰਾ ਕਰਦਾਂ। ਤੂੰ ਫਿਰ ਵੀ ਕਮਾਈ ਦਾ 55% ਹਿੱਸਾ ਭਾਲਦੈਂ। ਮੈਂ ਉਹਨੂੰ ਕਿਹਾ ਕਿ ਇਹ ਮਹਿਲ ਐਵੇਂ ਨ੍ਹੀਂ ਬਣ ਗਿਆ। ਵਾਧੂ ਘਾਟੂ ਗੱਲ ਕਰਨ ਦੀ ਲੋੜ ਨ੍ਹੀਂ, ਜੇ ਟੈਕਸੀ ਚਲਾਉਣੀ ਐ ਤਾਂ ਚਲਾ, ਨਹੀਂ ਮੈਂ ਹੋਰ ਡਰਾਈਵਰ ਲੱਭ ਲਵਾਂਗਾ।