ਮਾਂ ਬੋਲੀ ਪੰਜਾਬੀ ਦੀ ਅਦਿੱਖ ਸ਼ਕਤੀ

ਗੁਲਜ਼ਾਰ ਸਿੰਘ ਸੰਧੂ
ਪਿਛਲੇ ਦਿਨੀਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਾਕਿਸਤਾਨ ਗਈ ਤਾਂ ਉਸ ਦੀ ਮੁਲਾਕਾਤ ਨਵਾਜ਼ ਸ਼ਰੀਫ਼ ਦੇ ਪਰਿਵਾਰ ਨਾਲ ਵੀ ਹੋਈ। ਸ਼ੁਸ਼ਮਾ ਨੂੰ ਮਿਲ ਕੇ ਨਵਾਜ਼ ਸ਼ਰੀਫ਼ ਦੀ ਮਾਂ ਸ਼ਮੀਮ ਅਖਤਰ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਮਿਲਦੇ ਸਾਰ ਹੀ ਕਹਿਣ ਲੱਗੀ। ḔḔਆਪ ਮੇਰੇ ਵਤਨ ਸੇ ਆਈ ਹੈਂ ਵਾਅਦਾ ਕਰੋ ਕਿ ਆਪ ਲੋਗ ਭਾਰਤ-ਪਾਕਿ, ਰਿਸ਼ਤੋਂ ਕੋ ਸੁਧਾਰਨੇ ਕੀ ਪੂਰੀ ਕੋਸ਼ਿਸ਼ ਕਰੋਗੀ।” ਮੇਰੇ ਵਤਨ ਤੋਂ ਉਸ ਦਾ ਭਾਵ ਭਾਰਤ ਸੀ।

ਸ਼ੁਸ਼ਮਾ ਵੀ ਪਿਘਲ ਗਈ। ਬੋਲੀ, ḔḔਆਪ ਕਾ ਸਾਇਆ ਸਰ ਪਰ ਹੈ ਤੋ ਸਭ ਠੀਕ ਹੋ ਜਾਏਗਾ।” ਸ਼ਮੀਮ ਅਖ਼ਤਰ ਨੇ ਸ਼ੁਸ਼ਮਾ ਦੀ ਉਰਦੂ ਨੂੰ ਸਲਾਹਿਆ ਤਾਂ ਉਸ ਨੇ ਅਗਲਾ ਵਾਕ ਪੰਜਾਬੀ ਵਿਚ ਬੋਲ ਦਿੱਤਾ। ਫੇਰ ਕੀ ਸੀ। ਮੈਡਮ ਅਖਤਰ ਨੇ ਇਕ ਵਾਰ ਫੇਰ ਸ਼ੁਸ਼ਮਾ ਨੂੰ ਜੱਫੀ ਵਿਚ ਲੈ ਲਿਆ। ਉਸ ਤੋਂ ਪਿਛੋਂ ਉਨ੍ਹਾਂ ਨੇ ਜਿੰਨੀਆਂ ਵੀ ਗੱਲਾਂ ਕੀਤੀਆਂ, ਸਿਰਫ਼ ਪੰਜਾਬੀ ਵਿਚ ਕੀਤੀਆਂ। ਇਹ ਵੀ ਪਤਾ ਲੱਗਿਆ ਕਿ ਸ਼ਮੀਮ ਅਖਤਰ ਅਣਵੰਡੇ ਭਾਰਤ ਵਿਚ ਅੰਮ੍ਰਿਤਸਰ ਦੇ ਕਟੜਾ ਭੀਮ ਦੀ ਜੰਮਪਲ ਸੀ ਜਿਸ ਨੂੰ ਉਹ ਆਪਣਾ ਵਤਨ ਕਹਿੰਦੀ ਸੀ। ਏਸ ਸਾਂਝ ਨੂੰ ਉਜਾਗਰ ਕਰਨ ਵਾਲੀ ਪੰਜਾਬੀ ਭਾਸ਼ਾ ਸੀ ਮੈਡਮ ਅਖਤਰ ਦੀ ਮਾਂ ਬੋਲੀ।
ਮੈਡਮ ਅਖਤਰ ਦੀਆਂ ਗੱਲਾਂ ਨੇ ਮੈਨੂੰ ਆਪਣੀ ਪਤਨੀ ਸੁਰਜੀਤ ਕੌਰ ਦੀ ਮਨੀਲਾ ਫੇਰੀ ਚੇਤੇ ਕਰਵਾ ਦਿੱਤੀ। ਸੰਨ 1962 ਵਿਚ ਬੌਸਟਨ ਯੂਨੀਵਰਸਿਟੀ ਵਿਚ ਪੜਦਿਆਂ ਜਦੋਂ ਉਸ ਨੂੰ ਸੈਰ ਸਪਾਟੇ ਲਈ ਮਨੀਲਾ ਲਿਜਾਇਆ ਗਿਆ ਤਾਂ ਉਸ ਨੇ ਉਥੋਂ ਦਾ ਗੁਰਦੁਆਰਾ ਵੇਖਣਾ ਚਾਹਿਆ। ਟੈਲੀਫੋਨ ਡਾਇਰੈਕਟਰੀ ਵਿਚ ਸਿੰਘਾਂ ਦੇ ਨਾਂ ਵੇਖਣੇ ਸ਼ੁਰੂ ਕੀਤੇ ਤਾਂ ਉਨ੍ਹਾਂ ਦਾ ਕੋਈ ਅੰਤ ਨਹੀਂ ਸੀ। ਉਸ ਨੇ ਆਪਣੀ ਚੋਣ ਨੂੰ ਸੀਮਤ ਕਰਨ ਲਈ ਉਨ੍ਹਾਂ ਵਿਚ ਡਾਕਟਰਾਂ ਦੀ ਲਿਸਟ ਦੇਖੀ ਤੇ ਡਾਕਟਰ ਰਾਜਾ ਸਿੰਘ ਨੂੰ ਟੈਲੀਫੋਨ ਕੀਤਾ। ਉਸ ਦੀ ਪਤਨੀ ਨੇ ਟੈਲੀਫੋਨ ਚੁੱਕਿਆ ਤਾਂ ਸੁਰਜੀਤ ਨੇ ਗੁਰਦੁਆਰਾ ਦੇਖਣ ਦੀ ਇੱਛਾ ਪ੍ਰਗਟ ਕੀਤੀ। ਪਤਨੀ ਨੇ ਦੱਸਿਆ ਕਿ ਰਾਜਾ ਸਿੰਘ ਅੱਧੇ ਘੰਟੇ ਤੱਕ ਉਸ ਨੂੰ ਸਿੱਖ ਟੈਂਪਲ ਲੈ ਜਾਵੇਗਾ। ਜਿੱਥੇ ਉਹ ਅਕਸਰ ਜਾਂਦਾ ਰਹਿੰਦਾ ਸੀ।
ਰਾਜਾ ਸਿੰਘ ਦੀ ਅੰਗਰੇਜ਼ੀ ਭਾਸ਼ਾ ਉਤੇ ਪਕੜ ਉਹਦੀ ਪਤਨੀ ਨਾਲੋਂ ਵੀ ਚੰਗੀ ਸੀ। ਉਸ ਨੇ ਸੁਰਜੀਤ ਨੂੰ ਦੱਸਿਆ ਕਿ ਉਸ ਦਾ ਪਿਤਾ ਕਾਮਗਾਟਾਮਾਰੂ ਜਹਾਜ਼ ਦਾ ਯਾਤਰੀ ਸੀ ਤੇ ਜਦੋਂ ਜਹਾਜ਼ ਫਿਲਪੀਨ ਦੀ ਕਿਸੇ ਬੰਦਰਗਾਹ ਉਤੇ ਲੱਗਿਆ ਤਾਂ ਉਹ ਇਸ ਵਿਚੋਂ ਉਤਰ ਕੇ ਉਥੋਂ ਦਾ ਵਸਨੀਕ ਹੋ ਗਿਆ। ਫੇਰ ਉਸ ਨੇ ਆਪਣੀ ਪਤਨੀ ਤੇ ਬੱਚੇ ਨੂੰ ਮਨੀਲਾ ਸੱਦਿਆ। ਛੇ ਸਾਲ ਦਾ ਬਾਲਕ ਰਾਜਾ ਸਿੰਘ, ਉਸ ਦੀ ਮਾਂ ਤੇ ਉਸ ਦਾ ਚਾਚਾ ਬਰਮਾ ਬਾਰਡਰ ਰਾਹੀਂ ਪੈਦਲ ਤੁਰ ਕੇ ਫਿਲਪੀਨ ਪਹੁੰਚੇ ਸਨ।
ਰਾਜਾ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਫਿਲਪੀਨੋ ਸੀ। ਸਾਰਾ ਰਸਤਾ ਅੰਗਰੇਜ਼ੀ ਵਿਚ ਹੀ ਗੱਲਾਂ ਕਰਦੇ ਰਹੇ। ਪਰ ਜਿਉਂ ਹੀ ਰਾਜਾ ਸਿੰਘ ਤੇ ਸੁਰਜੀਤ ਗੁਰਦੁਆਰੇ ਪਹੁੰਚੇ ਤਾਂ ਰਾਜਾ ਸਿੰਘ ਨੇ ਠੇਠ ਪੰਜਾਬੀ ਵਿਚ ਭਾਈ ਜੀ ਨੂੰ ਲਲਕਾਰਿਆ, Ḕਭਾਈ ਜੀ ਦਰਵਾਜ਼ਾ ਖੋਲ੍ਹੋ, ਪੰਜਾਬ ਤੋਂ ਬੀਬੀ ਆਈ ਹੈ, ਦਰਸ਼ਨ ਕਰਨ।’
ਰਾਜਾ ਸਿੰਘ ਦੀ ਪੰਜਾਬੀ ਸੁਣਨ ਤੋਂ ਪਿਛੋਂ ਉਨ੍ਹਾਂ ਦੋਨਾਂ ਨੇ ਇਕ ਵੀ ਅੰਗਰੇਜ਼ੀ ਦਾ ਸ਼ਬਦ ਨਹੀਂ ਬੋਲਿਆ। ਸੁਰਜੀਤ ਨੇ ਸੋਚਿਆ ਕਿ ਛੇ ਸਾਲ ਦੀ ਉਮਰੇ ਫਿਲਪੀਨੋ ਬਣਿਆ ਰਾਜਾ ਸਿੰਘ ਪੰਜਾਬੀ ਕਿੱਥੇ ਜਾਣਦਾ ਹੋਵੇਗਾ। ਪਰ ਉਸ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਪੰਜਾਬੀ ਤੋਂ ਬਿਨਾਂ ਹੋਰ ਕੋਈ ਭਾਸ਼ਾ ਉਕਾ ਹੀ ਨਹੀਂ ਸੀ ਆਉਂਦੀ ਉਸੇ ਨੇ ਉਸ ਨੂੰ ਪਾਲਿਆ ਸੀ।
ਨਵਾਜ਼ ਸ਼ਰੀਫ ਦੀ ਮਾਂ ਸ਼ਮੀਮ ਅਖਤਰ ਤੇ ਡਾਕਟਰ ਰਾਜਾ ਸਿੰਘ ਦੀ ਪੰਜਾਬੀ ਉਤੇ ਪਕੜ ਸਿੱਧ ਕਰਦੀ ਹੈ ਕਿ ਮਾਂ ਬੋਲੀ ਵਿਚ ਜੁਗੋ ਜੁਗ ਜੀਵਤ ਰਹਿਣ ਦੀ ਕਿੰਨੀ ਸ਼ਕਤੀ ਹੁੰਦੀ ਹੈ। ਅੱਜ ਦੇ ਦਿਨ ਤਾਂ ਪੰਜਾਬੀ ਅਣਗਿਣਤ ਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀ ਮਾਂ ਬੋਲੀ ਬਣ ਚੁੱਕੀ ਹੈ।
ਅਰਪਨਾ ਕੌਰ ਤੇ ਸੁਰਜੀਤ ਕੌਰ: ਬੀਤੇ ਹਫਤੇ ਚੰਡੀਗੜ੍ਹ ਵਿਚ ਦੋ ਜਾਣੀਆਂ-ਪਛਾਣੀਆਂ ਮਹਿਲਾ ਕਲਾਕਾਰਾਂ ਦੇ ਦਰਸ਼ਨ ਹੋਏ। ਚੰਡੀਗੜ੍ਹ ਲਲਿਤ ਕਲਾ ਅਕਾਦਮੀ ਦੇ ਸੱਦੇ ਉਤੇ ਅਰਪਨਾ ਕੌਰ ਨੇ ਸਰਕਾਰੀ ਮਿਊਜ਼ੀਅਮ ਤੇ ਆਰਟ ਗੈਲਰੀ ਆਪਣੇ ਜੀਵਨ ਤੇ ਕਲਾ ਕ੍ਰਿਤੀਆਂ ਦੀ ਪੇਸ਼ਕਾਰੀ ਇਕ ਸਲਾਈਡ ਸ਼ੋਅ ਰਾਹੀਂ ਪੇਸ਼ ਕਰਕੇ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ। ਜੇ ਉਹ ਦਿੱਲੀ ਤੋਂ ਆਈ ਸੀ ਤਾਂ ਜਲੰਧਰ ਤੋਂ ਕਰੀਬ ਓਨਾ ਹੀ ਫਾਸਲਾ ਤੈਅ ਕਰਕੇ ਉਸ ਤੋਂ ਦੋ ਦਿਨ ਪਿਛੋਂ ਪੰਜਾਬ ਲਲਿਤ ਕਲਾ ਅਕਾਦਮੀ ਦੇ ਸੱਦੇ ਉਤੇ ਸੁਰਜੀਤ ਕੌਰ ਪੰਜਾਬ ਕਲਾ ਭਵਨ ਦੀ ਆਰਟ ਗੈਲਰੀ ਵਿਚ ਹਾਜ਼ਰ ਸੀ। ਇਹ ਸਬੱਬ ਦੀ ਗੱਲ ਹੈ ਕਿ ਦੋਨੋਂ ਇੱਕੋ ਸਮੇਂ ਚੰਡੀਗੜ੍ਹ ਆਈਆਂ ਭਾਵੇਂ ਦੋਨਾਂ ਦੀ ਚਿੱਤਰਕਾਰੀ ਦਾ ਰੰਗ ਆਪੋ-ਆਪਣਾ ਹੈ। ਅਰਪਨਾ ਅਰਸ਼ ਤੇ ਫਰਸ਼ ਦੀ ਬਾਤ ਪਾਉਂਦੀ ਹੈ। ਸੂਖਮ ਛੂਹਾਂ ਨਾਲ ਸਹਿਜੇ ਹੀ ਦੇਖਣ ਵਾਲੇ ਨੂੰ ਆਪਣੇ ਨਾਲ ਵਹਾ ਲੈਂਦੀ ਹੈ। ਸੁਰਜੀਤ ਕੌਰ ਮਾਨਵੀ ਅਕਾਰਾਂ ਨੂੰ ਅਦਭੁਤ ਕਲਾ ਕੌਸ਼ਲਤਾ ਨਾਲ ਚਿਤਰਨ ਤੋਂ ਪਿੱਛੋਂ ਹੁਣ ਸਬਜ਼ਾਜ਼ਾਰ ਦ੍ਰਿਸ਼ਾਂ ਨੂੰ ਅਸਲ ਨਾਲੋਂ ਵੱਧ ਸਰਸਬਾਜ਼ ਕਰਕੇ ਦਰਸ਼ਕ ਨੂੰ ਵਿੰਨ੍ਹ ਕੇ ਖਲਿਆਰ ਲੈਂਦੀ ਹੈ।
ਚਿਤਰਕਾਰੀ ਅਜਿਹੀ ਕਲਾ ਹੈ ਕਿ ਤੁਸੀਂ ਇਸ ਨੂੰ ਸਾਹਿਤ ਵਾਂਗ ਬੋਝੇ ਅਤੇ ਬਸਤੇ ਵਿਚ ਬੰਨ੍ਹ ਕੇ ਆਪਣੇ ਨਾਲ ਨਹੀਂ ਲਿਜਾ ਸਕਦੇ ਤੇ ਨਾ ਹੀ ਗਾਇਕਾਂ ਵਾਂਗ ਗਲੇ ਦੀਆਂ ਸੁਰਾਂ ਵਿਚ ਰਚਾ ਕੇ ਜਿਥੇ ਮਰਜ਼ੀ ਜਾ ਸਕਦੇ ਹੋ। ਅਰਪਨਾ ਨੇ ਆਪਣੀ ਕਲਾ ਦੀ ਪੇਸ਼ਕਾਰੀ ਲਈ ਸਲਾਈਡ ਸ਼ੋਅ ਦਾ ਆਸਰਾ ਲਿਆ ਜਦੋਂਕਿ ਸੁਰਜੀਤ ਕੌਰ, ਜਿਸ ਨੇ ਪਿਛਲੇ ਕਈ ਸਾਲਾਂ ਤੋਂ ਮਿਨੀਏਚਰ ਚਿੱਤਰਾਂ ਦੀ ਕਲਾ ਅਪਨਾ ਰੱਖੀ ਹੈ। ਸੱਜਰੀ ਕਲਾ ਪ੍ਰਦਰਸ਼ਨੀ ਵਿਚ ਅੱਸੀਆਂ ਵਿਚੋਂ ਸੱਠ ਮਿਨੀਏਚਰ ਕ੍ਰਿਤਾਂ ਸਨ। ਦੋਨਾਂ ਚਿੱਤਰਕਾਰਾਂ ਦੇ ਨਵੇਂ ਢੰਗ ਤਰੀਕੇ ਉਨ੍ਹਾਂ ਨੂੰ ਆਪਣੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਹੀ ਨਹੀਂ ਲਈ ਫਿਰਦੇ ਵਿਦੇਸ਼ਾਂ ਦਾ ਗਮਨ ਵੀ ਕਰਾਉਂਦੇ ਹਨ। ਅਰਪਨਾ ਦਿੱਲੀ, ਕੋਲਕਾਤਾ ਬੰਗਲੌਰ, ਚੇਨਈ ਹੀ ਨਹੀਂ, ਲੰਡਨ, ਗਲਾਸਗੋ, ਬਰਲਿਨ ਐਮਸਟਰਡਮ ਸਿੰਘਾਪੁਰ, ਕੋਪਨਹੈਗਨ, ਮਿਊਨਿਕ ਤੇ ਨਿਊ ਯਾਰਕ ਤੱਕ ਆਪਣੇ ਚਿੱਤਰ ਲੈ ਕੇ ਜਾ ਚੁੱਕੀ ਹੈ।
ਅੰਤਿਕਾ: (ਚਨ ਆਹੂਜਾ ਦੀ Ḕਚਮਨਜ਼ਾਰ’ ਵਿਚੋਂ)
ਪੂਜੇਂਗੇ ਅਪਨੇ ਬੁੱਤ ਕੋ ਕਿ ਹੈ ਜਲਵਾ ਸਾਮਨੇ
ਪੂਜੇਂ ਕਿਉਂ ਉਸ ਖੁਦ ਕੋ ਕਿ ਦੀਦਾਰ ਭੀ ਨਹੀਂ।
ਮੈਂ ਵੁਹ ਚਮਨ ਹੂੰ ਜਿਸ ਮੇਂ ਨਾ ਆਈ ਕਭੀ ਬਹਾਰ।
ਸਦ ਸ਼ੁਕਰ ਹੈ ਮਗਰ ਕਿ ਮੈਂ ਪੁਰਖਾਰ ਭੀ ਨਹੀਂ।