ਕੁਲਦੀਪ ਕੌਰ
ਫਿਲਮਸਾਜ਼ ਸੁਧੀਰ ਮਿਸ਼ਰਾ ਦੀ ਫਿਲਮ ‘ਮੈਂ ਜ਼ਿੰਦਾ ਹੂੰ’ ਦਾ ਸਭ ਤੋਂ ਖੂਬਸੂਰਤ ਪੱਖ ਫਿਲਮ ਦੇ ਕਿਰਦਾਰਾਂ ਲਈ ਚੁਣੇ ਗਏ ਅਦਾਕਾਰਾਂ ਦੀ ਸਜੀਵ ਅਤੇ ਹਕੀਕੀ ਅਦਾਕਾਰੀ ਸੀ। ਦੀਪਤੀ ਨਵਲ ਦੁਆਰਾ ਨਿਭਾਇਆ ਬੀਨਾ ਨਾਮ ਦੀ ਮੁਟਿਆਰ, ਅਣਚਾਹੀ ਬਹੂ ਦਾ ਕਿਰਦਾਰ ਭਾਰਤੀ ਸਿਨੇਮਾ ਦਾ ਯਾਦਗਾਰੀ ਪੰਨਾ ਹੈ। ਫਿਲਮ ਜ਼ਿੰਦਗੀ ਅਤੇ ਹੋਂਦ ਦੇ ਸਵਾਲਾਂ ਨੂੰ ਮੁਖਾਤਿਬ ਹੁੰਦਿਆਂ ਭਾਰਤੀ ਸਮਾਜ ਵਿਚ ਔਰਤ ਨਾਲ ਵਾਪਰਦੀਆਂ ਤਰਾਸਦੀਆਂ ਦੀ ਨਿਸ਼ਾਨਦੇਹੀ ਕਰਦੀ ਹੈ।
ਫਿਲਮ ਦੀ ਮੁੱਖ ਕਿਰਦਾਰ ਬੀਨਾ ਜਦੋਂ ਵਿਆਹ ਕਰਵਾ ਕੇ ਸਹੁਰੇ ਘਰ ਜਾਂਦੀ ਹੈ ਤਾਂ ਪਤੀ ਇਸ ਵਿਆਹ ਨੂੰ ਨਾ-ਮਨਜ਼ੂਰ ਕਰ ਦਿੰਦਾ ਹੈ। ਸਮਝਾਉਣ ਦਾ ਯਤਨ ਕਰਨ ‘ਤੇ ਘਰੋਂ ਭੱਜ ਜਾਂਦਾ ਹੈ। ਬੀਨਾ ਲਈ ਵਾਪਸ ਪੇਕੇ ਮੁੜਨਾ ਵੀ ਸੰਭਵ ਨਹੀਂ। ਪਤੀ ਵਿਆਹ ਤੋਂ ਪਹਿਲਾਂ ਹੀ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਤੋਂ ਕੰਨੀ ਕਤਰਾਉਣ ਦੀ ਫਿਰਾਕ ਵਿਚ ਹੈ। ਪਤਨੀ ਦੇ ਆਉਂਦਿਆਂ ਹੀ ਉਸ ਦਾ ਦਾਅ ਲੱਗ ਜਾਂਦਾ ਹੈ ਅਤੇ ਉਹ ਘਰ ਦੇ ਪੰਜ ਮੈਂਬਰਾਂ ਦੀ ਜ਼ਿੰਮੇਵਾਰੀ ਬੇਰੁਜ਼ਗਾਰ ਬੀਨਾ ਦੇ ਮੋਢਿਆਂ ‘ਤੇ ਸੁੱਟ ਕੇ ਭਗੌੜਾ ਹੋ ਜਾਂਦਾ ਹੈ। ਬੀਨਾ ਇਸ ਚੱਕਰਵਿਊ ਵਿਚ ਬੇਵੱਸ ਹੋ ਜਾਂਦੀ ਹੈ। ਉਸ ਲਈ ਇਸ ਜ਼ਿੰਮੇਵਾਰੀ ਤੋਂ ਭੱਜਣ ਦਾ ਕੋਈ ਵੀ ਦਰ ਖੁੱਲ੍ਹਾ ਨਹੀਂ। ਮਜਬੂਰ ਹੋ ਕੇ ਉਸ ਨੂੰ ਸ਼ਹਿਰ ਨੌਕਰੀ ਕਰਨੀ ਪੈਂਦੀ ਹੈ। ਨੌਕਰੀ ਕਰਦੀ ਬਹੂ ਦਾ ਸਹੁਰਾ ਪਰਿਵਾਰ ਉਸ ਨਾਲ ਹਮਦਰਦੀ ਰੱਖਣ ਜਾਂ ਕੰਮ ਵਿਚ ਉਸ ਦਾ ਹੱਥ ਵਟਾਉਣ ਦੀ ਥਾਂ ਉਸ ਨਾਲ ਮੁਫਤ ਦੀ ਨੌਕਰ ਵਾਂਗ ਵਰਤਾਉ ਕਰਦਾ ਹੈ। ਹਰ ਨਿੱਕੇ-ਮੋਟੇ ਕੰਮ ਲਈ ਉਸੇ ਦੀ ਜਵਾਬਦੇਹੀ ਕਰਨ ਦਾ ਚੱਕਰ ਚੱਲ ਪੈਂਦਾ ਹੈ।
ਘਰ ਤੋਂ ਬਾਹਰ ਵਾਲਿਆਂ ਲਈ ਬੀਨਾ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਉਸ ਦੇ ਗਲੀ ਵਿਚੋਂ ਲੰਘਣ ਸਮੇਂ ਉਸ ਸਬੰਧੀ ਕਿਆਸ-ਅਰਾਈਆਂ ਤੇ ਅੰਦਾਜ਼ਿਆਂ ਦਾ ਬਾਜ਼ਾਰ ਗਰਮ ਹੋ ਜਾਂਦਾ ਹੈ। ਪਤੀ ਦੇ ਹੁੰਦਿਆਂ ਵੀ ਪਤੀ ਤੋਂ ਬਿਨਾਂ ਸਹੁਰੇ ਘਰ ਦਾ ਪਾਲਣ-ਪੋਸ਼ਣ ਕਰਦੀ ਬਹੂ ਅਚਾਨਕ ਹੀ ਮੁਹੱਲੇ ਵਾਲਿਆਂ ਦੀਆਂ ਨਜ਼ਰਾਂ ਦੀ ਨਜ਼ਰਬੰਦੀ ਦਾ ਸ਼ਿਕਾਰ ਬਣ ਜਾਂਦੀ ਹੈ। ਸਾਰਾ ਮਹੁੱਲਾ ‘ਕੁਝ ਹੋ ਜਾਣ’ ਦੇ ਇੰਤਜ਼ਾਰ ਵਿਚ ਦਿਨ ਗੁਜ਼ਾਰ ਰਿਹਾ ਹੈ। ਮੁਹੱਲੇ ਦੇ ਦੋ ਬਜ਼ੁਰਗਾਂ ਲਈ ਉਹ ਨਾਇਕਾ ਹੈ।
ਉਨ੍ਹਾਂ ਵਿਚੋਂ ਇੱਕ ਜੋਤਹੀਨ ਬਜ਼ੁਰਗ ਦੂਜੇ ਤੋਂ ਉਸ ਸਬੰਧੀ ਜਾਣਨ ਤੋਂ ਬਾਅਦ ਕਿਸੇ ਨਾਵਲ ਦੀ ਕਥਾ ਦਾ ਜ਼ਿਕਰ ਕਰਦਾ ਹੈ। ਉਸ ਨਾਵਲ ਅਨੁਸਾਰ, ਔਰਤ ਦੀ ਇੱਛਾ-ਸ਼ਕਤੀ ਤੇ ਸਹਿਣ ਦੀ ਸਮਰੱਥਾ ਉਸ ਨੂੰ ਹਰ ਵਾਰ ਨਾਇਕਾ ਦੇ ਤੌਰ ‘ਤੇ ਉਚ ਦਰਜਾ ਦਿਵਾ ਦਿੰਦੀ ਹੈ, ਪਰ ਦੂਜਾ ਇਸ ਵਿਰੁੱਧ ਦਲੀਲ ਦਿੰਦਾ ਹੈ ਕਿ ਇਹ ਤਾਂ ਔਰਤ ਬਾਰੇ ਸਦੀਆਂ ਤੋਂ ਮਰਦਾਂ ਦੁਆਰਾ ਪ੍ਰਚਾਰਿਆ ਜਾ ਰਿਹਾ ਸ਼ਰਧਾਮਈ ਪ੍ਰਵਚਨ ਹੈ। ਸੁਧੀਰ ਮਿਸ਼ਰਾ ਇਸ ਨੂੰ ਮਰਦਾਂ ਦੁਆਰਾ ਔਰਤਾਂ ਦੀ ਕਲਪਨਾ ਅਬਲਾ ਜਾਂ ਨਾਇਕਾ ਜਾਂ ਫਿਰ ਦੇਵੀ ਦੇ ਭਰਮ-ਪਾਊ ਰੂਪਾਂ ਦੇ ਤੌਰ ‘ਤੇ ਕਰਨ ਦੇ ਹਾਸੋਹੀਣੇ ਸੰਕਲਪ ਨਾਲ ਜੋੜਦਾ ਹੈ। ਔਰਤ ਹੱਡ-ਮਾਸ ਦੀ ਇਨਸਾਨ ਹੈ ਅਤੇ ਇਨਸਾਨ ਦੇ ਤੌਰ ‘ਤੇ ਉਸ ਵਿਚ ਹਰ ਚੰਗਾ-ਮਾੜਾ ਗੁਣ ਜਾਂ ਔਗੁਣ ਹੈ।
‘ਮੈਂ ਜ਼ਿੰਦਾ ਹੂੰ’ ਦੇ ਸ਼ੁਰੂ ਵਿਚ ਬੀਨਾ ਦਾ ਪਿਤਾ ਉਸ ਨੂੰ ਦੱਸਦਾ ਹੈ ਕਿ ਜ਼ਿੰਦਗੀ ਜਿਉਣ ਦੇ ਦੋ ਹੀ ਤਰੀਕੇ ਹਨ। ਪਹਿਲਾ ਹੈ, ਭੀੜ ਵਿਚ ਭੀੜ ਹੋ ਜਾਣਾ। ਇਹ ਰਸਤਾ ਸੌਖਾ ਤੇ ਸਫਲ਼ ਹੈ। ਬੰਦੇ ਅਕਸਰ ਇਸ ਰਸਤੇ ਉਤੇ ਤੁਰਦਿਆਂ ਆਪਣੀ ਪਛਾਣ ਗਵਾ ਲੈਂਦੇ ਹਨ। ਆਪਣੇ ਆਪ ਦੀ ਤਲਾਸ਼ ਦੀ ਹਿੰਮਤ ਵੀ ਨਹੀਂ ਬਚਦੀ।
ਦੂਜਾ ਰਸਤਾ ਹੈ, ਇਕੱਲੇ ਤੁਰਨ ਤੇ ਆਪੇ ਦੀ ਪਛਾਣ ਦਾ ਰਸਤਾ। ਇਹ ਔਖਾ ਹੈ, ਹਮਰਾਹੀ ਕੋਈ ਨਹੀਂ ਤੇ ਮੰਜ਼ਿਲ ਦਾ ਟਿਕਾਣਾ ਵੀ ਕੋਈ ਨਹੀਂ, ਪਰ ਇਹ ਰਸਤਾ ਸੱਚ ਵੱਲ ਜਾਂਦਾ ਹੈ। ਇਸ ਰਸਤੇ ਦਾ ਰਾਹੀ ਆਪਣੇ-ਆਪ ਨੂੰ ਪਾ ਲੈਂਦਾ ਹੈ। ਫਿਲਮ ਆਧੁਨਿਕ ਮਨੁੱਖ ਦੀ ਹੋਂਦ ਦੇ ਦਵੰਦਾਂ ਨੂੰ ਬਾਰੇ ਗੱਲਾਂ ਕਰਦੀ ਹੈ। ਫਿਲਮ ਦੇ ਇੱਕ ਦ੍ਰਿਸ਼ ਵਿਚ ਜ਼ਿੰਦਗੀ ਤੋਂ ਹੈਰਾਨ-ਪਰੇਸ਼ਾਨ ਬੀਨਾ ਰੇਲ ਗੱਡੀ ਥੱਲੇ ਸਿਰ ਦੇ ਕੇ ਮਰਨ ਦੀ ਕੋਸ਼ਿਸ਼ ਕਰਦੀ ਹੈ। ਮਰਦੇ ਸਮੇਂ ਜਜ਼ਬਾਤੀ ਹੋ ਕੇ ਪੁਰਾਣੀਆਂ ਗੱਲਾਂ ਯਾਦ ਕਰਦਿਆਂ ਉਸ ਨੂੰ ਭਾਸਦਾ ਹੈ ਜਿਵੇਂ ਉਸ ਦੇ ਪਿਤਾ ਵਾਪਿਸ ਆ ਗਏ ਹਨ। ਪਿਤਾ ਉਸ ਨੂੰ ਆਖਦੇ ਹਨ, ਜਦੋਂ ਆਖਿਰ ਨੂੰ ਮਰ ਹੀ ਜਾਣਾ ਹੈ ਤਾਂ ਹੁਣੇ ਮਰਨ ਦੀ ਕੀ ਜ਼ਰੂਰਤ ਹੈ? ਜ਼ਿੰਦਗੀ ਹੋਰ ਬਿਹਤਰ ਮੌਕੇ ਵੀ ਤਾਂ ਦੇ ਸਕਦੀ ਹੈ। ਮੌਤ ਤਾਂ ਕਦੇ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੋ ਸਕਦੀ। ਫਿਰ ਵਕਤ ਤੋਂ ਪਹਿਲਾਂ ਮਰਨ ਨਾਲੋਂ ਜ਼ਿੰਦਗੀ ਨੂੰ ਹੀ ਕਿਸੇ ਹੋਰ ਤਰੀਕੇ ਜਿਉਣ ਦੀ ਹਿੰਮਤ ਕਿਉਂ ਨਹੀਂ ਕੀਤੀ ਜਾ ਸਕਦੀ? ਸਿਰਫ ਜ਼ਿੰਦਗੀ ਤੋਂ ਹੀ ਤਾਂ ਤਬਦੀਲੀ, ਉਮੀਦ ਅਤੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ।
ਬੀਨਾ ਲਈ ਇਹ ਹਨ੍ਹੇਰੀ ਸੁਰੰਗ ਤੋਂ ਚਾਨਣ ਦੀ ਕਿਰਨ ਵੱਲ ਜਾਣ ਦਾ ਪਲ ਹੋ ਨਿਬੜਦਾ ਹੈ। ਉਹ ਆਪਣਾ ਨਵਾਂ ਰਾਸਤਾ ਘੜਦੀ ਹੈ ਅਤੇ ਆਪਣੇ ਦਫਤਰ ਦੇ ਦੋਸਤ ਨਾਲ ਵਿਆਹ ਕਰਵਾਉਣ ਦਾ ਫੈਸਲਾ ਕਰਦੀ ਹੈ। ਅਚਾਨਕ ਉਸ ਦਾ ਪਤੀ ਵੀ ਘਰ ਪਰਤ ਆਉਂਦਾ ਹੈ, ਪਰ ਹੁਣ ਬੀਨਾ ਲਈ ਉਸ ਦੀ ਹੋਂਦ ਬੇਮਾਅਨਾ ਹੋ ਚੁੱਕੀ ਹੈ। ਹੁਣ ਉਹ ਦੁਨੀਆਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਹਿ ਸਕਦੀ ਹੈ- ‘ਹਾਂ, ਮੈਂ ਭੀ ਜ਼ਿੰਦਾ ਹੂੰ’।