ਜੇਤਲੀ ਕਾਰਨ ਭਾਜਪਾ ਨੂੰ ਪਏ ਲੈਣੇ ਦੇ ਦੇਣੇ

ਨਵੀਂ ਦਿੱਲੀ: ਤਕਰੀਬਨ ਪੌਣੇ ਦੋ ਸਾਲ ਪਹਿਲਾਂ ਪਾਕ-ਸਾਫ ਅਕਸ ਦੇ ਦਾਅਵੇ ਨਾਲ ਭਾਰਤ ਦੀ ਕੇਂਦਰੀ ਸੱਤਾ ਵਿਚ ਆਈ ਭਾਜਪਾ ਦੀ ਅਗਵਾਈ ਵਾਲੀ ਐਨæਡੀæਏæ ਸਰਕਾਰ ਭ੍ਰਿਸ਼ਟਾਚਾਰ ਦੇ ਮੁੱਦੇ ਉਤੇ ਮੁੜ ਕਟਹਿਰੇ ਵਿਚ ਹੈ। ਇਸ ਵਾਰ ਭਾਜਪਾ ਦੇ ਆਪਣੇ ਹੀ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟ ਖਿਡਾਰੀ ਕੀਰਤੀ ਆਜ਼ਾਦ ਨੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਦਿੱਲੀ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀæਡੀæਸੀæਏæ) ਵਿਚ ਕਰੋੜਾਂ ਰੁਪਏ ਦੀ ਹੇਰਾ-ਫੇਰੀ ਦੇ ਮਾਮਲੇ ‘ਤੇ ਘੇਰਿਆ ਹੋਇਆ ਹੈ।

ਕੀਰਤੀ ਆਜ਼ਾਦ ਨੇ ਘਪਲਿਆਂ ਦੇ ਪੁਖਤਾ ਸਬੂਤ ਵੀ ਪੇਸ਼ ਕੀਤੇ ਹਨ, ਪਰ ਭਾਜਪਾ ਅਰੁਣ ਜੇਤਲੀ ਦੇ ਹੱਕ ਵਿਚ ਡਟ ਗਈ ਹੈ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਸ੍ਰੀ ਜੇਤਲੀ ਨੂੰ ਬੇਦਾਗ ਸ਼ਖ਼ਸੀਅਤ ਦੱਸ ਰਹੇ ਹਨ। ਡੀæਡੀæਸੀæਏæ ਵਿਚ ਘਪਲੇ ਦਾ ਮੁੱਦਾ ਕੀਰਤੀ ਪਿਛਲੇ ਕਾਫੀ ਸਮੇਂ ਤੋਂ ਉਠਾ ਰਹੇ ਹਨ, ਪਰ ਸਰਕਾਰ ਇਸ ਮੁੱਦੇ ਨੂੰ ਠੰਢਾ ਕਰਨ ਵਿਚ ਜੁਟੀ ਰਹੀ ਹੈ। ਹੁਣ ਜਦੋਂ ਸੀæਬੀæਆਈæ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫਤਰ ਵਿਚ ਛਾਪਾ ਮਾਰਿਆ ਤਾਂ ਦੋਸ਼ ਲੱਗੇ ਕਿ ਇਹ ਕਾਰਵਾਈ ਡੀæਡੀæਸੀæਏæ ਨਾਲ ਸਬੰਧਤ ਫਾਈਲ ਹਾਸਲ ਕਰ ਲਈ ਕੀਤੀ ਗਈ। ਆਮ ਆਦਮੀ ਪਾਰਟੀ ਵੱਲੋਂ ਵੀ ਅਰੁਣ ਜੇਤਲੀ ਖਿਲਾਫ ਮੋਰਚਾ ਖੋਲ੍ਹਣ ਪਿਛੋਂ ਇਹ ਮਾਮਲਾ ਭਖ ਗਿਆ। ਦੂਜੇ ਪਾਸੇ, ਜੇਤਲੀ ਵੱਲੋਂ ਸ੍ਰੀ ਕੇਜਰੀਵਾਲ ਸਮੇਤ ‘ਆਪ’ ਦੇ ਪੰਜ ਹੋਰ ਆਗੂਆਂ ਖਿਲਾਫ ਮਾਣਹਾਨੀ ਦਾ ਕੇਸ ਕਰ ਦਿੱਤਾ ਤੇ ਹਰਜਾਨੇ ਵਜੋਂ ਦਸ ਕਰੋੜ ਰੁਪਏ ਮੰਗ ਲਏ।
ਯਾਦ ਰਹੇ ਕਿ ਦਰਭੰਗਾ ਲੋਕ ਸਭਾ ਹਲਕੇ ਤੋਂ ਤੀਜੀ ਵਾਰ ਚੁਣੇ ਗਏ ਭਾਜਪਾ ਦੇ ਕੀਰਤੀ ਆਜ਼ਾਦ ਨੇ ਸਾਬਕਾ ਕ੍ਰਿਕਟਰਾਂ ਗੇਂਦਬਾਜ਼ ਬਿਸ਼ਨ ਸਿੰਘ ਬੇਦੀ ਤੇ ਸੁਰਿੰਦਰ ਖੰਨਾ ਨਾਲ ਡੀæਡੀæਸੀæਏæ ਵਿਚ ਹੋਈ ਗੜਬੜੀ ਦੇ ਵੇਰਵੇ ਦਿੱਤੇ ਹਨ। ਉਨ੍ਹਾਂ ਵਿਕੀਲੀਕਸ ਫਾਰ ਇੰਡੀਆ ਤੇ ਇਕ ਪ੍ਰਾਈਵੇਟ ਕੰਪਨੀ ਵੱਲੋਂ ਤਿਆਰ ਕੀਤੇ ਵੀਡੀਓ ਰਾਹੀਂ ਡੀæਡੀæਸੀæਏæ ਵਿਚ ਮਹਿੰਗੇ ਭਾਅ ਉਤੇ ਕੰਪਿਊਟਰ ਤੇ ਪ੍ਰਿੰਟਰ ਕਿਰਾਏ ਉਪਰ ਲੈਣ, ਕਈ ਜਾਅਲੀ ਪਤਿਆਂ ਵਾਲੀਆਂ ਕੰਪਨੀਆਂ ਨੂੰ ਠੇਕੇ ਦੇਣ ਤੇ ਕਰੋੜਾਂ ਰੁਪਏ ਦੀ ਗੜਬੜੀ ਦਾ ਖੁਲਾਸਾ ਕੀਤਾ। ਇਹ ਗੜਬੜੀਆਂ ਉਸ ਸਮੇਂ ਦੀਆਂ ਹਨ ਜਦੋਂ ਸ੍ਰੀ ਜੇਤਲੀ ਡੀæਡੀæਸੀæਏæ ਦੇ ਮੁਖੀ ਸਨ। ਸ੍ਰੀ ਆਜ਼ਾਦ ਮੁਤਾਬਕ ਉਹ ਪਿਛਲੇ ਨੌਂ ਸਾਲਾਂ ਤੋਂ ਇਸ ਭ੍ਰਿਸ਼ਟਾਚਾਰ ਖਿਲਾਫ ਲੜ ਰਹੇ ਹਨ। ਉਨ੍ਹਾਂ ਮੁਤਾਬਕ 24 ਕਰੋੜ ਰੁਪਏ ਦਾ ਠੇਕਾ ਵਧਾ ਕੇ 57 ਕਰੋੜ ਰੁਪਏ ਦਾ ਕੀਤਾ ਗਿਆ ਤੇ ਬਿੱਲਾਂ ਵਿਚ ਵੀ ਗੜਬੜੀ ਕੀਤੀ ਗਈ।
ਇਸ ਤੋਂ ਪਹਿਲਾਂ ਲਲਿਤ ਮੋਦੀ ਤੇ ਵਿਆਪਮ ਘੁਟਾਲੇ ਉਤੇ ਵੀ ਭਾਜਪਾ ਦੇ ਕਈ ਸੀਨੀਅਰ ਆਗੂ ਘਿਰੇ ਸਨ, ਪਰ ਪਾਰਟੀ ਨੇ ਡਟ ਕੇ ਉਨ੍ਹਾਂ ਦਾ ਸਾਥ ਦਿੱਤਾ। ਭਾਜਪਾ ਸਰਕਾਰ ਦੀ ਮਹਿਲਾ ਮੰਤਰੀ ਮੰਤਰੀ ਸੁਸ਼ਮਾ ਸਵਰਾਜ ਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਕ੍ਰਿਕਟ ਜਗਤ ਦੇ ਬੇਤਾਜ ਬਾਦਸ਼ਾਹ ਲਲਿਤ ਮੋਦੀ ਦੀ ਮਦਦ ਕਰਨ ਖਾਤਰ ਆਪੋ-ਆਪਣੇ ਅਹੁਦੇ ਤੇ ਰੁਤਬੇ ਦੀ ਮਰਿਆਦਾ ਦਾਅ ਉਤੇ ਲਾਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਦੋਂ ਵੀ ਇਨ੍ਹਾਂ ਦੋਵਾਂ ਮਾਮਲਿਆਂ ਬਾਰੇ ਚੁੱਪ ਧਾਰੀ ਰੱਖੀ ਤੇ ਹੁਣ ਸ੍ਰੀ ਜੇਤਲੀ ਮਾਮਲੇ ‘ਤੇ ਪਰਦਾ ਪਾਉਣ ਵਿਚ ਕਸਰ ਨਹੀਂ ਛੱਡੀ ਜਾ ਰਹੀ। ਸ੍ਰੀ ਮੋਦੀ ਉਹੀ ਸ਼ਖਸ ਹਨ ਜੋ ਭ੍ਰਿਸ਼ਟਾਚਾਰ ਦੇ ਖਾਤਮੇ ਦਾ ਨਾਅਰਾ ਲਾ ਕੇ ਕੇਂਦਰੀ ਸੱਤਾ ਵਿਚ ਆਏ ਸਨ। ਵਰਨਣਯੋਗ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਯੂæਪੀæਏæ ਸਰਕਾਰ ਦੀ ਬੇੜੀ ਭ੍ਰਿਸ਼ਟਾਚਾਰ ਨੇ ਹੀ ਡੋਬੀ ਸੀ। ਆਪਣੇ ਸ਼ਾਸਨ ਦੇ ਆਖਰੀ ਵਰ੍ਹੇ ਯੂæਪੀæਏæ ਸਰਕਾਰ ਦੇ ਕਈ ਘੁਟਾਲੇ ਸਾਹਮਣੇ ਆਏ, ਜਿਸ ਕਰ ਕੇ ਭਾਜਪਾ ਨੇ ਲੋਕ ਸਭਾ ਚੋਣਾਂ ਵਿਚ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾਉਂਦਿਆਂ ਤੇ ਸਾਫ-ਸੁਥਰਾ ਸ਼ਾਸਨ ਦੇਣ ਦਾ ਵਾਅਦਾ ਕੀਤਾ। ਲੋਕਾਂ ਨੇ ਵੀ ਭਾਜਪਾ ਦੇ ਇਸ ਵਾਅਦੇ ਨੂੰ ਸੱਚ ਮੰਨ ਉਨ੍ਹਾਂ ਨੂੰ ਕੇਂਦਰੀ ਸੱਤ ਵਿਚ ਪਹੁੰਚਾ ਦਿੱਤਾ, ਪਰ ਹੁਣ ਇਸ ਪਾਰਟੀ ਦੇ ਸੀਨੀਅਰ ਆਗੂਆਂ ਬਾਰੇ ਖੁਲਾਸੇ ਮੋਦੀ ਲਈ ਨਮੋਸ਼ੀ ਬਣੇ ਹੋਏ ਹਨ।
_________________________________________
ਮਨਮੋਹਨ ਬਨਾਮ ਜੇਤਲੀ
ਨਵੀਂ ਦਿੱਲੀ: ਜਦੋਂ ਯੂæਪੀæਏæ ਉਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਤਾਂ ਸ੍ਰੀ ਅਰੁਣ ਜੇਤਲੀ ਜੋ ਉਸ ਵਕਤ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸਨ, ਨੇ ਕਿਹਾ ਸੀ ਕਿ ਇਹ ਭ੍ਰਿਸ਼ਟਾਚਾਰ ਕਿਉਂਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਿਚ ਚੱਲ ਰਹੀ ਸਰਕਾਰ ਦੌਰਾਨ ਹੋਇਆ ਹੈ, ਇਸ ਲਈ ਸਾਰੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਦੀ ਹੈ। ਹੁਣ ਇਹੀ ਸਵਾਲ ‘ਆਪ’ ਆਗੂਆਂ ਨੇ ਸ੍ਰੀ ਜੇਤਲੀ ਉਤੇ ਕੀਤਾ ਜੋ ਉਸ ਸਮੇਂ ਦੌਰਾਨ ਡੀæਡੀæਸੀæਏæ ਦੇ ਮੁਖੀ ਸਨ ਜਦੋਂ ਘਪਲੇ ਅਤੇ ਬੇਨਿਯਮੀਆਂ ਹੋਈਆਂ।