ਕੈਪਟਨ ਨੇ ਅਕਾਲੀਆਂ ਤੋਂ ਮੁੱਦੇ ਖੋਹੇ

ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਕਮਾਨ ਮਿਲਣ ਪਿਛੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਸਰਗਰਮੀਆਂ ਅਤੇ ਰਣਨੀਤੀਆਂ ਨੇ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ। ਕੈਪਟਨ ਜਿਥੇ ਪੰਥਕ ਮਸਲਿਆਂ ਨੂੰ ਉਭਾਰ ਕੇ ਅਕਾਲੀ ਦਲ ਨੂੰ ਵੰਗਾਰ ਰਹੇ ਹਨ, ਉਥੇ ਹਮਖ਼ਿਆਲ ਪਾਰਟੀਆਂ ਨੂੰ ਬਿਹਾਰ ਵਾਂਗ ਮਹਾਂਗੱਠਜੋੜ ਲਈ ਦਿੱਤਾ ਸੱਦਾ ਵੀ ਅਕਾਲੀ ਦਲ ਲਈ ਚੁਣੌਤੀ ਬਣ ਗਿਆ ਹੈ। ਕੈਪਟਨ ਪੰਜਾਬੀਆਂ, ਖਾਸ ਕਰ ਕੇ ਸਿੱਖ ਵੋਟਰਾਂ ਦੀ ਮਾਨਸਿਕਤਾ ਤੋਂ ਚੰਗੀ ਤਰ੍ਹਾਂ ਵਾਕਫ ਹਨ।

ਇਸ ਲਈ ਉਹ ਉਹੀ ਮੁੱਦੇ ਉਭਾਰ ਰਹੇ ਹਨ ਜਿਨ੍ਹਾਂ ‘ਤੇ ਅਕਾਲੀ ਦਲ ਨੇ ਸਿਆਸਤ ਤਾਂ ਕੀਤੀ, ਪਰ ਕਦੇ ਵੀ ਖੜ੍ਹ ਕੇ ਪਹਿਰਾ ਨਹੀਂ ਦਿੱਤਾ।
ਕੈਪਟਨ ਨੇ ਪੰਜਾਬ ਦੇ ਕਾਲੇ ਦੌਰ ਦੌਰਾਨ ਹੋਏ ਫਰਜ਼ੀ ਮੁਕਾਬਲਿਆਂ ਦੀ ਜਾਂਚ ਕਰਵਾਉਣ ਦੀ ਮੰਗ ਉਠਾ ਕੇ ਅਕਾਲੀ ਦਲ ਨੂੰ ਵੱਡੀ ਚੁਣੌਤੀ ਦਿੱਤੀ ਹੈ। ਇਸ ਤੋਂ ਇਲਾਵਾ 15 ਦਸੰਬਰ ਦੇ ਸ਼ਕਤੀ ਪ੍ਰਦਰਸ਼ਨਾਂ ਨੇ ਬਹੁਤ ਕੁਝ ਸਪਸ਼ਟ ਕਰ ਦਿੱਤਾ ਹੈ। ਇਕ-ਦੂਜੇ ਨੂੰ ਵੰਗਾਰਨ ਲਈ ਪਟਿਆਲਾ ਅਤੇ ਬਠਿੰਡਾ ਵਿਚ ਕੀਤੀਆਂ ਗਈਆਂ ਇਨ੍ਹਾਂ ਰੈਲੀਆਂ ਵਿਚ ਇਕੱਠ ਪੱਖੋਂ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਪਛਾੜ ਦਿੱਤਾ।
ਦਿਲਚਸਪ ਗੱਲ ਹੈ ਕਿ ਅਕਾਲੀ ਦਲ ਨੇ ਰੈਲੀ ਵਿਚ ਇਕੱਠ ਲਈ ਪੂਰੀ ਸਰਕਾਰੀ ਮਸ਼ੀਨਰੀ ਝੋਕ ਦਿੱਤੀ ਸੀ ਤੇ ਕੈਪਟਨ ਦੀ ਰੈਲੀ ਵਿਚ ਅੜਿੱਕੇ ਵੀ ਪਾਏ। ਇਸ ਦੇ ਬਾਵਜੂਦ ਕੈਪਟਨ ਦਾ ਹੱਥ ਉਪਰ ਰਿਹਾ। ਉਂਝ, ਰੈਲੀ ਵਿਚ ਇਕੱਠ ਦੀ ਗੱਲ ਨੂੰ ਪਾਸੇ ਰੱਖ ਦਈਏ ਤਾਂ ਵੀ ਕਈ ਪੱਖ ਹਨ ਜੋ ਭਵਿੱਖ ਦੀ ਸਿਆਸਤ ਬਾਰੇ ਕਈ ਸੰਕੇਤ ਦੇ ਗਏ ਹਨ। ਕੈਪਟਨ ਦੀ ਰੈਲੀ ਵਿਚ ਪਿੰਡਾਂ ਦੇ ਲੋਕ ਹੁੰਮਹੁਮਾ ਕੇ ਪਹੁੰਚੇ। ਇਨ੍ਹਾਂ ਵਿਚ ਜ਼ਿਆਦਾਤਰ ਕਿਸਾਨ ਸਨ। ਸਿਆਸਤ ਵਿਚ ਆਮ ਧਾਰਨਾ ਹੈ ਕਿ ਪੇਂਡੂ ਕਿਸਾਨਾਂ ਵਿਚ ਅਕਾਲੀ ਦਲ ਦੀ ਚੰਗੀ ਪੈਂਠ ਹੈ ਪਰ ਕਿਸਾਨ ਵੋਟਰਾਂ ਦਾ ਕਾਂਗਰਸ ਵੱਲ ਝੁਕਾਅ ਅਕਾਲੀ ਦਲ ਲਈ ਫਿਕਰ ਦੀ ਗੱਲ ਹੈ। ਮੰਨਿਆ ਜਾ ਰਿਹਾ ਹੈ ਕਿ ਜਿਣਸਾਂ ਵੇਚਣ ਲਈ ਮੰਡੀਆਂ ਵਿਚ ਰੁਲਣ ਕਰ ਕੇ ਪੰਜਾਬ ਦਾ ਕਿਸਾਨ ਅਕਾਲੀ ਦਲ ਤੋਂ ਖਫ਼ਾ ਹੈ। ਕੈਪਟਨ ਦੀ ਰੈਲੀ ਵਿਚ ਸਿੱਖ ਜ਼ਿਆਦਾ ਗਿਣਤੀ ਵਿਚ ਪਹੁੰਚੇ। ਹੁਣ ਤੱਕ ਇਹ ਧਾਰਨਾ ਰਹੀ ਹੈ ਕਿ ਸਿੱਖਾਂ ਦੇ ਮਨਾਂ ਵਿਚ ਕਾਂਗਰਸ ਪ੍ਰਤੀ ਗਿਲਾ ਹੈ। ਇਸ ਲਈ ਸਿੱਖ ਵੋਟ ਨੂੰ ਅਕਾਲੀ ਦਲ ਤੇ ਹਿੰਦੂ ਵੋਟ ਨੂੰ ਕਾਂਗਰਸ ਦੇ ਖਾਤੇ ਵਿਚ ਮੰਨਿਆ ਜਾਂਦਾ ਸੀ ਪਰ ਭਵਿੱਖ ਵਿਚ ਬਦਲੇ ਹੋਏ ਸਮੀਕਰਨ ਨਜ਼ਰ ਆ ਰਹੇ ਹਨ।
ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਕਰ ਕੇ ਸਿੱਖਾਂ ਅੰਦਰ ਅਕਾਲੀ ਦਲ ਪ੍ਰਤੀ ਰੋਸ ਹੈ। ਸਿਆਸੀ ਮਾਹਿਰਾਂ ਮੁਤਾਬਕ ਅਕਾਲੀ ਦਲ ਪੰਜਾਬ ਵਿਚ ਕਾਲੇ ਦੌਰ ਦਾ ਹਊਆ ਖੜ੍ਹਾ ਕਰ ਕੇ ਹਿੰਦੂ ਵੋਟਰਾਂ ਦੀ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਤਾਂ ਕਰ ਰਿਹਾ ਹੈ, ਪਰ ਪੰਥਕ ਏਜੰਡੇ ਤੋਂ ਥਿੜਕ ਕੇ ਸਿੱਖ ਵੋਟਰਾਂ ਤੋਂ ਦੂਰੀ ਬਣਾ ਰਿਹਾ ਹੈ। ਇਸ ਨਾਲ ਸਿੱਖ ਵੋਟ ਕਾਂਗਰਸ ਵੱਲ ਖਿਸਕੇਗਾ ਪਰ ਹਿੰਦੂ ਵੋਟ ਅਕਾਲੀ ਦਲ ਦੀ ਬਜਾਏ ਭਾਜਪਾ ਦੇ ਹੱਕ ਵਿੱਚ ਭੁਗਤੇਗੀ। ਬਠਿੰਡਾ ਰੈਲੀ ਵਿਚ ਕੈਪਟਨ ਨੇ ਜਿਥੇ ਕਿਸਾਨਾਂ ਨੂੰ ਭਰੋਸੇ ਵਿਚ ਲਿਆ, ਉਥੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਕੇ ਆਪਣੀ ਰਣਨੀਤੀ ਸਪਸ਼ਟ ਕਰ ਦਿੱਤੀ। ਉਨ੍ਹਾਂ ਨੇ ਨਸ਼ਿਆਂ ਨੂੰ ਚਾਰ ਹਫਤਿਆਂ ਤੇ ਭ੍ਰਿਸ਼ਟਾਚਾਰ ਨੂੰ ਛੇ ਮਹੀਨਿਆਂ ਵਿਚ ਖਤਮ ਕਰਨ ਦਾ ਵਾਅਦਾ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ਏਜੰਡੇ ਰਾਹੀਂ ਪੰਜਾਬ ਹਿਤੈਸ਼ੀ ਹੋਣ ਦਾ ਪ੍ਰਭਾਵ ਦਿੱਤਾ।
ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਉਸ ਮਗਰੋਂ ਪੈਦਾ ਹੋਏ ਹਾਲਾਤ ਲਈ ਵੀ ਬਾਦਲ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਬਠਿੰਡਾ ਰੈਲੀ ਵਿਚ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਉਨ੍ਹਾਂ ਨੇ ਪੰਜਾਬੀਆਂ ਨਾਲ ਕਈ ਵਾਅਦੇ ਕੀਤੇ ਸਨ। ਇਸ ਨਾਲ ਉਨ੍ਹਾਂ ਗੁੱਝੇ ਰੂਪ ਵਿਚ ਪੰਥਕ ਵੋਟ ਦਾ ਆਪਣੇ ਵੱਲ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ। ਕਾਂਗਰਸ ਹਾਈਕਮਾਨ ਨੇ ਵੀ ਕੈਪਟਨ ਦੀ ਇਸੇ ਦਿਖ ਦਾ ਲਾਹਾ ਲੈਣ ਲਈ ਉਨ੍ਹਾਂ Ḕਮਿਸ਼ਨ 2017’ ਲਈ ਮੈਦਾਨ ਵਿਚ ਉਤਾਰਿਆ ਹੈ।