ਅਬੋਹਰ ਕਾਂਡ ਦੀ ਦਿਲ ਕੰਬਾਉਣ ਵਾਲੀ ਹੱਡਬੀਤੀæææ

ਅੰਮ੍ਰਿਤਸਰ: ਗੁਰਜੰਟ ਤੇ ਉਸ ਦੇ ਸਾਥੀ ਭੀਮ ਟਾਂਕ ਦੇ 11 ਦਸੰਬਰ ਨੂੰ ਅਕਾਲੀ ਆਗੂ ਦੇ ਫਾਰਮ ਹਾਊਸ ‘ਤੇ ਹੱਥ-ਪੈਰ ਵੱਢ ਦਿੱਤੇ ਗਏ ਸਨ। ਇਸ ਦੌਰਾਨ ਭੀਮ ਦੀ ਮੌਤ ਹੋ ਗਈ ਸੀ, ਜਦਕਿ ਗੁਰਜੰਟ ਅਜੇ ਵੀ ਅੰਮ੍ਰਿਤਸਰ ਦੇ ਹਸਪਤਾਲ ਵਿਚ ਇਲਾਜ ਅਧੀਨ ਹੈ।

ਪੀੜਤ ਮੁਤਾਬਕ ਹਮਲਾਵਰਾਂ ਨੇ ਤੇਜ਼ਧਾਰ ਤਲਵਾਰਾਂ ਨਾਲ ਉਨ੍ਹਾਂ ਦੇ ਹੱਥ ਪੈਰ ਵੱਡੇ। ਗੁਰਜੰਟ ਮੁਤਾਬਕ ਉਸ ਦਿਨ ਭੀਮ ਟਾਂਕ ਨੇ ਉਸ ਨੂੰ ਆਪਣੇ ਨਾਲ ਅਕਾਲੀ ਆਗੂ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ ਉਤੇ ਜਾਣ ਲਈ ਕਿਹਾ ਸੀ।
ਭੀਮ ਨੇ ਉਸ ਨੂੰ ਕਿਹਾ ਕਿ ਅਮਿਤ ਜੀ (ਸ਼ਿਵ ਲਾਲ ਡੋਡਾ ਦਾ ਭਤੀਜਾ) ਦਾ ਫੋਨ ਆ ਰਿਹਾ ਹੈ, ਪੁਰਾਣੇ ਮਾਲਕ ਹਨ ਤੇ ਉਨ੍ਹਾਂ ਕੋਲ ਜਾਣਾ ਹੈ। ਜਦ ਉਹ ਫਾਰਮ ਹਾਊਸ ਉਤੇ ਗਏ ਤਾਂ ਪਹਿਲਾਂ ਤੋਂ ਉਥੇ ਮੌਜੂਦ ਹਮਲਾਵਰਾਂ ਨੇ ਫਾਰਮ ਹਾਊਸ ਦਾ ਗੇਟ ਬੰਦ ਕਰ ਦਿੱਤਾ। ਅਮਿਤ ਦਾ ਕੰਮ ਸੰਭਾਲਣ ਵਾਲੇ ਹੈਰੀ ਨੇ ਉਥੇ ਮੌਜੂਦ ਦੂਸਰੇ ਲੋਕਾਂ ਨੂੰ ਕਿਹਾ ਇਨ੍ਹਾਂ ਦੇ ਹੱਥ-ਪੈਰ ਵੱਢ ਦਿਓ। ਉਥੇ ਖੜ੍ਹੇ ਤਕਰੀਬਨ 25 ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਗੁਰਜੰਟ ਮੁਤਾਬਕ ਹਮਲਾਵਰਾਂ ਨੇ ਮੇਰੇ ਸਾਹਮਣੇ ਭੀਮ ਦੇ ਹੱਥ-ਪੈਰ ਵੱਢ ਦਿੱਤੇ ਤੇ ਉਸ ਉਤੇ ਵੀ ਲਗਾਤਾਰ ਤਲਵਾਰਾਂ ਨਾਲ ਹਮਲਾ ਕਰ ਰਹੇ।
ਸਰੀਰ ਦੇ ਜਿਹੜੇ ਹਿੱਸੇ ਉਤੇ ਤੇਜ਼ਧਾਰ ਹਥਿਆਰ ਦਾ ਵਾਰ ਹੁੰਦਾ ਗਿਆ, ਉਹ ਹਿੱਸਾ ਸਰੀਰ ਤੋਂ ਵੱਖ ਹੋ ਗਿਆ। ਜਿਸ ਵੇਲੇ ਇਹ ਵੱਡ-ਟੁਕ ਚੱਲ ਰਹੀ ਸੀ, ਉਸ ਵੇਲੇ ਸਿਰਫ ਰੱਬ ਨੂੰ ਯਾਦ ਕਰ ਰਿਹਾ ਸੀ ਤੇ ਆਪਣੇ ਬੱਚਿਆਂ ਬਾਰੇ ਸੋਚ ਰਿਹਾ ਸੀ। ਇਸ ਦੌਰਾਨ ਅਚਾਨਕ ਗੁਰਜੰਟ ਦਾ ਭਰਾ ਰਣਜੀਤ ਸਿੰਘ ਰਾਣਾ ਅਮਿਤ ਡੋਡਾ ਦੇ ਫਾਰਮ ਹਾਊਸ ‘ਤੇ ਪਹੁੰਚਿਆ। ਰਾਣੇ ਨੇ ਜਦ ਅੰਦਰ ਦੇ ਹਾਲਾਤ ਦੇਖੇ ਤਾਂ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸਾਰੇ ਮੁਲਜ਼ਮ ਉਥੋਂ ਭੱਜ ਗਏ। ਰਾਣੇ ਨੇ ਭੀਮ ਤੇ ਗੁਰਜੰਟ ਨੂੰ ਅਬੋਹਰ ਦੇ ਹਸਪਤਾਲ ਪਹੁੰਚਾਇਆ।
________________________________________
ਮੁਲਜ਼ਮ ਦੇ ਠੇਕੇ ‘ਚ ਚੱਲਦੈ ਅਕਾਲੀ ਦਲ ਦਾ ਦਫਤਰ?
ਚੰਡੀਗੜ੍ਹ: ਪੰਜਾਬ ਕਾਂਗਰਸ ਨੇ ਦੋਸ਼ ਲਾਇਆ ਕਿ ਅਬੋਹਰ ਕਾਂਡ ਦੇ ਮੁੱਖ ਮੁਲਜ਼ਮ ਸ਼ਿਵ ਲਾਲ ਡੋਡਾ ਦੇ ਸ਼ਰਾਬ ਦੇ ਠੇਕੇ (ਐਲ-1) ਵਿਚ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦਾ ਦਫਤਰ ਚੱਲ ਰਿਹਾ ਹੈ ਤੇ ਸਰਕਾਰ ਵੱਲੋਂ ਪੀੜਤਾਂ ਨੂੰ ਸੁਰੱਖਿਆ ਦੇਣ ਦੀ ਥਾਂ ਮੁਲਜ਼ਮ ਦੇ ਸ਼ਰਾਬ ਦੇ ਠੇਕੇ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਪੰਜਾਬ ਕਾਂਗਰਸ ਵਿਧਾਇਕ ਦਲ ਦੇ ਸਾਬਕਾ ਆਗੂ ਸੁਨੀਲ ਜਾਖੜ ਨੇ ਤਸਵੀਰਾਂ ਸਹਿਤ ਦਾਅਵਾ ਕੀਤਾ ਕਿ ਅਬੋਹਰ ਕਾਂਡ ਦੇ ਮੁੱਖ ਮੁਲਜ਼ਮ ਸ਼ਿਵ ਲਾਲ ਡੋਡਾ ਦੇ ਸ਼ਰਾਬ ਦੇ ਐਲ-1 ਠੇਕੇ ਵਿਚ ਅਕਾਲੀ ਦਲ ਦਾ ਦਫਤਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ ਹੋ ਗਿਆ ਹੈ ਕਿ ਬਾਦਲ ਸਰਕਾਰ ਡਰੱਗ ਮਾਫੀਆ ਵਿਰੁੱਧ ਮੁਹਿੰਮ ਛੇੜਨ ਦਾ ਮਹਿਜ਼ ਡਰਾਮਾ ਕਰ ਕੇ ਨਸ਼ਿਆਂ ਦੇ ਵਪਾਰੀਆਂ ਦੀ ਸਰਪ੍ਰਸਤੀ ਕਰ ਰਹੀ ਹੈ।