ਪਟਿਆਲਾ: ਸੀਨੀਅਰ ਪੱਤਰਕਾਰ ਕੰਵਰ ਸੰਧੂ ਅਤੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਪਟਿਆਲਾ ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਦਰਮਿਆਨ ਧੱਕਾ-ਮੁੱਕੀ ਹੋਣ ਦੀਆਂ ਖਬਰਾਂ ਹਨ। ਉਹ ਇੰਟਰਵਿਊ ਲਈ ਰਾਜੋਆਣਾ ਨੂੰ ਜੇਲ੍ਹ ਵਿਚ ਮਿਲਣ ਗਏ ਸਨ।
ਕਿਹਾ ਜਾ ਰਿਹਾ ਹੈ ਕਿ ਇੰਟਰਵਿਊ ਵੇਲੇ ਸਾਬਕਾ ਪੁਲਿਸ ਮੁਲਾਜ਼ਮ ਗੁਰਮੀਤ ਸਿੰਘ ਪਿੰਕੀ ਵੀ ਜੇਲ੍ਹ ਵਿਚ ਸੀ। ਇਸ ਮਾਮਲੇ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਵੱਲੋਂ ਪਟਿਆਲਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਯਾਦ ਰਹੇ ਕਿ ਕੰਵਰ ਸੰਧੂ ਵੱਲੋਂ ਪਿੰਕੀ ਨਾਲ ਕੀਤੀ ਇੰਟਰਵਿਊ ਵਿਚ ਪਿੰਕੀ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਰਾਜੋਆਣਾ ਦੀ ਮਦਦ ਨਾਲ ਜਗਤਾਰ ਸਿੰਘ ਹਵਾਰਾ ਅਤੇ ਸਾਥੀਆਂ ਵੱਲੋਂ ਜੇਲ੍ਹ ਵਿਚ ਸੁਰੰਗ ਪੁੱਟਣ ਦਾ ਪਤਾ ਲਾਇਆ ਸੀ। ਕੰਵਰ ਸੰਧੂ ਮੁਤਾਬਕ ਇਹ ਵੀਡੀਓ ਨਸ਼ਰ ਹੋਣ ਤੋਂ ਬਾਅਦ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਇਤਰਾਜ਼ ਜ਼ਾਹਿਰ ਕੀਤਾ ਸੀ ਕਿ ਇਸ ਬਾਰੇ ਰਾਜੋਆਣਾ ਦਾ ਪੱਖ ਨਹੀਂ ਲਿਆ ਗਿਆ। ਇਸ ‘ਤੇ ਤੈਅ ਹੋਇਆ ਕਿ ਉਹ, ਰਾਜੋਆਣਾ ਦਾ ਪੱਖ ਜਾਣਨ ਲਈ ਜੇਲ੍ਹ ਵਿਚ ਰਾਜੋਆਣਾ ਨੂੰ ਮਿਲਣਗੇ। ਇਸ ਮੌਕੇ ਕਮਲਦੀਪ ਕੌਰ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਉਹ ਆਪਣੇ ਨਾਲ ਗੁਰਮੀਤ ਸਿੰਘ ਪਿੰਕੀ ਨੂੰ ਵੀ ਨਾਲ ਲੈ ਕੇ ਆਉਣ ਤਾਂਕਿ ਆਹਮੋ-ਸਾਹਮਣੇ ਗੱਲ ਹੋ ਸਕੇ। ਸ੍ਰੀ ਕੰਵਰ ਸੰਧੂ ਨੇ ਦੱਸਿਆ ਕਿ ਉਨ੍ਹਾਂ ਕਮਲਦੀਪ ਕੌਰ ਦੇ ਕਹਿਣ ‘ਤੇ ਇਹ ਸੁਨੇਹਾ ਪਿੰਕੀ ਤੱਕ ਅਪੜਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਰਾਜੋਆਣਾ ਨਾਲ ਗੱਲਬਾਤ ਨੂੰ ਅਜੇ 15 ਕੁ ਸੈਕਿੰਡ ਹੀ ਹੋਏ ਸਨ ਕਿ ਕਮਲਦੀਪ ਕੌਰ ਦੇ ਪਤੀ ਬਲਜੀਤ ਸਿੰਘ ਅਤੇ ਜੇਲ੍ਹ ਦੇ ਕਿਸੇ ਮੁਲਾਜ਼ਮ ਵਿਚਕਾਰ ਮੁਲਾਕਾਤ ਬਾਰੇ ਤਕਰਾਰ ਹੋਣ ਲੱਗ ਪਈ। ਇਸ ਤੋਂ ਬਾਅਦ ਘਟਨਾਵਾਂ ਤੇਜ਼ੀ ਨਾਲ ਵਾਪਰੀਆਂ। ਉਨ੍ਹਾਂ ਨੂੰ ਲੱਗਿਆ ਕਿ ਰਾਜੋਆਣਾ ਹਮਲਾਵਰ ਰੁਖ ਅਪਣਾ ਰਿਹਾ ਹੈ। ਛੇਤੀ ਹੀ ਉਹ ਬਾਹਰ ਆ ਗਏ।
ਇਸੇ ਦੌਰਾਨ ਰਾਜੋਆਣਾ ਦਾ ਲਿਖਿਆ ਪੱਤਰ ਕਮਲਦੀਪ ਕੌਰ ਨੇ ਆਪਣੇ ਫੇਸਬੁੱਕ ਅਕਾਊਂਟ ਉਤੇ ਪਾ ਦਿੱਤਾ। ਪੱਤਰ ਵਿਚ ਰਾਜੋਆਣਾ ਨੇ ਕਿਹਾ ਕਿ ਬੁੜੈਲ ਜੇਲ੍ਹ ਵਿਚ ਉਹ ਕਦੇ ਵੀ ਪਿੰਕੀ ਉਸ ਨੂੰ ਨਹੀਂ ਮਿਲਿਆ, ਪਿੰਕੀ ਉਸ ਨਾਲ ਮੁਲਾਕਾਤ ਹੋਣ ਬਾਰੇ ਸਬੂਤ ਪੇਸ਼ ਕਰੇ। ਪਿੰਕੀ ਨੂੰ ਉਸ ਨੇ ਪਹਿਲੀ ਵਾਰ 2010 ਵਿਚ ਉਦੋਂ ਵੇਖਿਆ ਜਦੋਂ ਉਹ ਇਕ ਕੇਸ ਵਿਚ ਪਟਿਆਲਾ ਜੇਲ੍ਹ ਆਇਆ।
ਇਸੇ ਦੌਰਾਨ ਪੀæਟੀæਸੀæ ਚੈਨਲ ਉਤੇ ਇਹ ਖਬਰ ਜਿਸ ਢੰਗ ਨਾਲ ਪੇਸ਼ ਕੀਤੀ ਗਈ, ਉਸ ਬਾਰੇ ਪੱਤਰਕਾਰੀ ਦੇ ਹਲਕਿਆਂ ਵਿਚ ਖੂਬ ਚਰਚਾ ਹੈ। ਯਾਦ ਰਹੇ ਕਿ ਕੰਵਰ ਸੰਧੂ, ਕੇਬਲ ਅਤੇ ਪੰਜਾਬੀ ਚੈਨਲਾਂ ਦੇ ਮਾਮਲੇ ‘ਤੇ ਬਾਦਲਾਂ ਨਾਲ ਸਿੱਧੇ ਟਕਰਾਅ ਗਏ ਸਨ ਅਤੇ ਇਕ ਟੀæਵੀæ ਚੈਨਲ ਦੀ ਅਗਵਾਈ ਕਰਦਿਆਂ ਉਨ੍ਹਾਂ ਬਾਦਲਾਂ ਦੀ ਈਨ ਮੰਨਣ ਤੋਂ ਨਾਂਹ ਕਰ ਦਿੱਤੀ ਸੀ। ਪੀæਟੀæਸੀæ ਚੈਨਲ ਨੇ ਸਾਰਾ ਦਿਨ ਇਹੀ ਖਬਰ ਚਲਾਈ ਕਿ ਪੱਤਰਕਾਰ ਕੰਵਰ ਸੰਧੂ ਦਾ ਜੇਲ੍ਹ ਅੰਦਰ ਕੁਟਾਪਾ ਕੀਤਾ ਗਿਆ।
_________________________
ਬਾਦਲ ਵੱਲੋਂ ਮਾਮਲੇ ਦੀ ਜਾਂਚ ਦੇ ਹੁਕਮ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਪਟਿਆਲਾ ਕੇਂਦਰੀ ਜੇਲ੍ਹ ਵਿਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਵੱਲੋਂ ਪੱਤਰਕਾਰ ਕੰਵਰ ਸੰਧੂ ਉਤੇ ਹਮਲਾ ਕਰਨ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸਰਕਾਰੀ ਬਿਆਨ ਮੁਤਾਬਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਧੀਕ ਗ੍ਰਹਿ ਸਕੱਤਰ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਨੇ ਮਾਮਲੇ ਦੀ ਹਰ ਪਹਿਲੂ ਦੀ ਜਾਂਚ ਤੋਂ ਬਾਅਦ ਛੇਤੀ ਤੋਂ ਛੇਤੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।