ਅਤਿਵਾਦ ਪੱਖੋਂ ਪੱਛਮੀ ਮੁਲਕਾਂ ਉਤੇ ਭਾਰੂ ਰਿਹਾ 2015 ਦਾ ਵਰ੍ਹਾ

ਨਵੀਂ ਦਿੱਲੀ: ਅਤਿਵਾਦੀ ਕਾਰਵਾਈਆਂ ਪੱਖੋਂ 2015 ਦਾ ਵਰ੍ਹਾ ਸਭ ਤੋਂ ਦਹਿਸ਼ਤ ਵਾਲਾ ਰਿਹਾ। ਇਸ ਵਰ੍ਹੇ ਪੱਛਮੀ ਮੁਲਕਾਂ ਨੂੰ ਵੀ ਅਤਿਵਾਦ ਦਾ ਸਾਹਮਣਾ ਕਰਨਾ ਪਿਆ। ਸਾਲ ਦੀ ਸ਼ੁਰੂਆਤ ਵਿਚ ਹੀ ਸੱਤ ਜਨਵਰੀ ਨੂੰ ਪੈਰਿਸ ਦੇ ਹਫਤਾਵਾਰੀ ਵਿਅੰਗ ਰਸਾਲੇ ਚਾਰਲੀ ਹੈਬਦੋ ਦੇ ਦਫਤਰ ਉਤੇ ਹਮਲਾ ਕਰਕੇ ਆਈæਐਸ਼ਆਈæਐਸ਼ ਨੇ ਇਸ ਮੈਗਜ਼ੀਨ ਦੇ ਸੰਪਾਦਕ ਸਮੇਤ 10 ਪੱਤਰਕਾਰਾਂ ਨੂੰ ਸਿਰਫ ਇਸ ਲਈ ਮਾਰ ਮੁਕਾਇਆ ਕਿਉਂਕਿ ਇਸ ਮੈਗਜ਼ੀਨ ਨੇ ਆਈæਐਸ਼ ਦੇ ਆਗੂ ਅਬੂ ਬਕਰ ਅਲ ਬਗਦਾਦੀ ‘ਤੇ ਕਾਰਟੂਨ ਛਾਪਿਆ ਸੀ।

ਇਸ ਹਮਲੇ ਦੇ ਅਗਲੇ ਹੀ ਦਿਨ ਫਰਾਂਸ ਦੇ ਦੱਖਣੀ ਹਿੱਸੇ ਵਿਚ ਇਕ ਰੈਸਟੋਰੈਂਟ ਵਿਚ ਮੁੜ ਹੋਏ ਧਮਾਕੇ ਨੇ ਇਕ ਮਹਿਲਾ ਪੁਲਿਸ ਅਧਿਕਾਰੀ ਦੀ ਜਾਨ ਲਈ, ਜਿਸ ਦੇ ਅਗਲੇ ਦਿਨ ਪੈਰਿਸ ਵਿਚ ਦੋ ਅਤਿਵਾਦੀ ਭਰਾਵਾਂ ਨੇ ਆਮ ਨਾਗਰਿਕਾਂ ਨੂੰ ਬੰਦੀ ਬਣਾ ਲਿਆ ਤੇ ਨਤੀਜੇ ਵਜੋਂ ਸੁਰੱਖਿਆ ਬਲਾਂ ਦੀ ਕਾਰਵਾਈ ਦੌਰਾਨ ਇਹ ਅਤਿਵਾਦੀ ਮਾਰੇ ਗਏ। ਪਾਕਿਸਤਾਨ ਦੇ ਗੁਆਂਢੀ ਦੇਸ਼ ਅਫ਼ਗਾਨਿਸਤਾਨ ਦੀ ਸਰਹੱਦ ਨੇੜੇ ਪਾਕਿਸਤਾਨ ਹਵਾਈ ਫੌਜ ਦੀ ਕਾਰਵਾਈ ਵਿਚ 53 ਅਤਿਵਾਦੀ ਮਾਰੇ ਗਏ।
30 ਜਨਵਰੀ ਨੂੰ ਪਾਕਿਸਤਾਨ ਦੇ ਸਿੰਧ ਰਾਜ ਵਿਚ ਇਕ ਸ਼ੀਆ ਮਸਜਿਦ ਵਿਚ ਹਫਤਾਵਾਰੀ ਨਮਾਜ਼ ਦੌਰਾਨ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਨੇ 51 ਵਿਅਕਤੀਆਂ ਦੀ ਜਾਨ ਲਈ। ਇਸ ਉਪਰੰਤ ਮੁੜ 13 ਫਰਵਰੀ ਨੂੰ ਪਿਸ਼ਾਵਰ ਸ਼ਹਿਰ ਦੀ ਸ਼ੀਆ ਮਸਜਿਦ ਵਿਚ ਅਤਿਵਾਦੀ ਹਮਲੇ ਦੌਰਾਨ 20 ਲੋਕ ਤੇ ਸੱਤ ਅਤਿਵਾਦੀ ਮਾਰੇ ਗਏ। 16 ਫਰਵਰੀ ਨੂੰ ਅਤਿਵਾਦੀ ਸੰਗਠਨ ਆਈæਐਸ਼ਆਈæਐਸ਼ ਵੱਲੋਂ 21 ਇਸਾਈਆਂ ਦਾ ਸਿਰ ਕਲਮ ਕਰਕੇ ਜਾਰੀ ਕੀਤੀ ਵੀਡੀਓ ਨੇ ਵੀ ਅਤਿਵਾਦ ਦੀ ਦਹਿਸ਼ਤ ਵਿਚ ਵਾਧਾ ਕੀਤਾ ਤੇ ਮਿਸਰ ਵੱਲੋਂ ਆਈæਐਸ਼ ਦੇ ਠਿਕਾਣਿਆਂ ਉਤੇ ਕੀਤੀ ਬੰਬਾਰੀ ਵਿਚ 64 ਅਤਿਵਾਦੀ ਮਾਰੇ ਗਏ। 17 ਫਰਵਰੀ ਨੂੰ ਲਾਹੌਰ ਦੇ ਪੁਲਿਸ ਹੈਡਕੁਆਰਟਰ ਦੇ ਬਾਹਰ ਆਤਮਘਾਤੀ ਹਮਲੇ ਵਿਚ ਅੱਠ ਵਿਅਕਤੀਆਂ ਦੀ ਮੌਤ ਹੋਈ। ਇਸੇ ਤਰ੍ਹਾਂ 18 ਫਰਵਰੀ ਨੂੰ ਇਰਾਕ ਦੇ ਅਲ-ਬਗਦਾਦੀ ਇਲਾਕੇ ਵਿਚ ਇਸਲਾਮਿਕ ਸਟੇਟ ਦੇ ਕੱਟੜਪੰਥੀਆਂ ਨੇ 45 ਲੋਕਾਂ ਨੂੰ ਜਿਉਂਦਾ ਸਾੜਨ ਦੀ ਵਹਿਸ਼ੀਆਨਾ ਕਾਰਵਾਈ ਨੂੰ ਅੰਜਾਮ ਦਿੱਤਾ। 15 ਮਾਰਚ ਨੂੰ ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਲਾਹੌਰ ਵਿਚ ਦੇਸ਼ ਦੀ ਸਭ ਤੋਂ ਵੱਡੀ ਇਸਾਈ ਕਾਲੋਨੀ ਦੇ ਗਿਰਜਾ ਘਰਾਂ ਵਿਚ ਆਤਮਘਾਤੀ ਹਮਲਿਆਂ ਦੌਰਾਨ 15 ਵਿਅਕਤੀ ਮਾਰੇ ਗਏ।
ਕੀਨੀਆ ਵਿਚ ਸੋਮਾਲੀਆਈ ਅਤਿਵਾਦੀ ਸੰਗਠਨ ਅਲਸ਼ਬਾਬ ਦੇ ਬੰਦੂਕਧਾਰੀਆਂ ਵੱਲੋਂ ਗਾਰੇਸਾ ਯੂਨੀਵਰਸਿਟੀ ਕਾਲਜ ਦੇ ਕੈਂਪਸ ਵਿਚ ਗੋਲੀਬਾਰੀ ਕਰਕੇ 70 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। 18 ਅਪਰੈਲ ਨੂੰ ਅਫ਼ਗਾਨਿਸਤਾਨ ਦੇ ਪੂਰਬੀ ਸ਼ਹਿਰ ਜਲਾਲਬਾਦ ਵਿਚ ਇਕ ਬੈਂਕ ਦੇ ਬਾਹਰ ਹੋਏ ਆਤਮਘਾਤੀ ਹਮਲੇ ਵਿਚ 33 ਲੋਕ ਮਾਰੇ ਗਏ। 13 ਮਈ ਨੂੰ ਕਰਾਚੀ ਸ਼ਹਿਰ ਵਿਚ ਪੁਲਿਸ ਵਰਦੀ ਵਿਚ ਆਏ ਅਤਿਵਾਦੀਆਂ ਨੇ ਸ਼ੀਆ ਮੁਸਲਮਾਨਾਂ ਨੂੰ ਲਿਜਾ ਰਹੀ ਬੱਸ ‘ਤੇ ਹਮਲਾ ਕਰਕੇ 47 ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਿਆ। ਜਿਸ ਦੇ ਅਗਲੇ ਦਿਨ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਤਾਲਿਬਾਨ ਅਤਿਵਾਦੀਆਂ ਨੇ ਰੈੱਸਟ ਹਾਊਸ ਉਤੇ ਹਮਲਾ ਕਰਕੇ ਚਾਰ ਭਾਰਤੀਆਂ ਸਮੇਤ 14 ਲੋਕਾਂ ਨੂੰ ਮਾਰ ਮੁਕਾਇਆ।
ਇਸੇ ਤਰ੍ਹਾਂ 20 ਮਈ ਨੂੰ ਪਾਕਿਸਤਾਨ ਦੇ ਗੱਦਾਫੀ ਸਟੇਡੀਅਮ ਬਾਹਰ ਆਤਮਘਾਤੀ ਹਮਲੇ ਵਿਚ ਦੋ ਵਿਅਕਤੀ, ਅਫ਼ਗਾਨਿਸਤਾਨ ਦੇ ਦੱਖਣੀ ਸੂਬੇ ਹੇਲਵੰਡ ਵਿਚ ਤਾਲਿਬਾਨ ਬਾਗੀਆਂ ਵੱਲੋਂ ਪੁਲਿਸ ਚੌਂਕੀ ‘ਤੇ ਕੀਤੇ ਹਮਲੇ ਦੌਰਾਨ 20 ਪੁਲਿਸ ਮੁਲਾਜ਼ਮ, ਅਮਰੀਕਾ ਵਿਚ 18 ਜੂਨ ਨੂੰ ਗਿਰਜਾ ਘਰ ਵਿਚ ਹੋਈ ਗੋਲਾਬਾਰੀ ਵਿਚ ਨੌਂ ਲੋਕ, 22 ਜੂਨ ਨੂੰ ਅਫਗਾਨ ਸੰਸਦ ‘ਤੇ ਹਮਲੇ ਦੌਰਾਨ ਸੱਤ ਅਤਿਵਾਦੀ ਤੇ ਦੋ ਨਾਗਰਿਕ, 16 ਅਗਸਤ ਨੂੰ ਲਾਹੌਰ ਵਿਚ ਆਤਮਘਾਤੀ ਹਮਲੇ ਦੌਰਾਨ ਪਾਕਿਸਤਾਨੀ ਪੰਜਾਬ ਦੇ ਗ੍ਰਹਿ ਮੰਤਰੀ ਸੂਜਾ ਖਾਨਜ਼ਾਦਾ ਸਮੇਤ 19 ਵਿਅਕਤੀ, 17 ਅਗਸਤ ਨੂੰ ਬੈਂਕਾਕ ਵਿਚ ਹੋਏ ਦੋ ਬੰਬ ਧਮਾਕਿਆਂ ਵਿਚ 27 ਵਿਅਕਤੀ, ਅੱਠ ਸਤੰਬਰ ਨੂੰ ਯਮਨ ਦੇ ਅਲਹੁਦੈਦਾ ਸ਼ਹਿਰ ਵਿਚ ਸਾਊਦੀ ਅਰਬ ਦੀ ਅਗਵਾਈ ਵਾਲੀ ਗਠਜੋੜ ਸੈਨਾ ਵੱਲੋਂ ਕੀਤੇ ਗਏ ਹਮਲੇ ਦੌਰਾਨ 20 ਭਾਰਤੀ, ਪਿਸ਼ਾਵਰ ਵਿਚ ਤਾਲਿਬਾਨੀ ਅਤਿਵਾਦੀਆਂ ਵੱਲੋਂ ਕੀਤੇ ਹਮਲੇ ਵਿਚ 29 ਵਿਅਕਤੀ ਤੇ 13 ਅਤਿਵਾਦੀ ਮਾਰੇ ਗਏ।
ਪਹਿਲੀ ਨਵੰਬਰ ਨੂੰ ਇਸਲਾਮਿਕ ਸਟੇਟ ਨੇ ਰੂਸੀ ਜਹਾਜ਼ ਡੇਗਿਆ, ਨਤੀਜੇ ਵਜੋਂ 224 ਲੋਕਾਂ ਦੀ ਮੌਤ ਹੋਈ। ਜਦੋਂ ਕਿ 14 ਨਵੰਬਰ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਹੋਏ ਆਤਮਘਾਤੀ ਬੰਬ ਧਮਾਕਿਆਂ ਤੇ ਗੋਲੀਬਾਰੀ ਦੌਰਾਨ 150 ਤੋਂ ਵੀ ਜ਼ਿਆਦਾ ਵਿਅਕਤੀਆਂ ਦੀ ਮੌਤ ਹੋਈ।
_____________________________________________
ਆਈæਐਸ਼ ਖਿਲਾਫ 34 ਅਰਬ ਦੇਸ਼ਾਂ ਦਾ ਏਕਾ
ਰਿਆਧ: ਸਾਊਦੀ ਅਰਬ ਨੇ ਅਤਿਵਾਦ ਨਾਲ ਲੜਨ ਲਈ 34 ਮੁਸਲਿਮ ਦੇਸ਼ਾਂ ਦੇ ਗੱਠਜੋੜ ਦਾ ਐਲਾਨ ਕੀਤਾ ਹੈ। ਕੱਟੜਪੰਥੀ ਇਸਲਾਮਿਕ ਜਥੇਬੰਦੀ ਇਸਲਾਮਿਕ ਸਟੇਟ ਦਾ ਮੁਕਾਬਲਾ ਕਰਨ ਲਈ ਖਾੜੀ ਦੇਸ਼ਾਂ ‘ਤੇ ਲਗਾਤਾਰ ਵਧ ਰਹੇ ਦਬਾਅ ਦੌਰਾਨ ਇਹ ਗੱਠਜੋੜ ਬਣਾਇਆ ਗਿਆ ਹੈ। ਸਰਕਾਰੀ ਮੀਡੀਆ ਮੁਤਾਬਕ ਰਾਜਧਾਨੀ ਰਿਆਦ ਵਿਚ ਸਾਂਝਾ ਅਪ੍ਰੇਸ਼ਨ ਸੈਂਟਰ ਸਥਾਪਤ ਕੀਤਾ ਗਿਆ ਹੈ। ਇਸ ਗੱਠਜੋੜ ਵਿਚ ਦੱਖਣ ਏਸ਼ੀਆਈ, ਅਫਰੀਕੀ ਤੇ ਅਰਬ ਦੇਸ਼ ਸ਼ਾਮਲ ਹਨ, ਪਰ ਅੰਤਰਰਾਸ਼ਟਰੀ ਮਾਮਲਿਆਂ ਵਿਚ ਸਾਊਦੀ ਅਰਬ ਦਾ ਲੰਬੇ ਸਮੇਂ ਤੋਂ ਵਿਰੋਧੀ ਰਿਹਾ ਈਰਾਨ ਸ਼ਾਮਲ ਨਹੀਂ ਹੈ। ਸਾਊਦੀ ਅਰਬ ਦੇ ਰੱਖਿਆ ਮੰਤਰੀ ਮੁਹੰਮਦ ਬਿਨ ਸਲਮਾਨ ਨੇ ਕਿਹਾ ਹੈ ਕਿ ਨਵਾਂ ਗੱਠਜੋੜ ਇਰਾਕ, ਸੀਰੀਆ, ਲੀਬੀਆ, ਮਿਸਰ ਤੇ ਅਫ਼ਗਾਨਿਸਤਾਨ ਵਿਚ ਵੱਖਵਾਦੀਆਂ ਖਿਲਾਫ ਲੜੇਗਾ। ਇਸ ਗੱਠਜੋੜ ਵਿਚ ਅਫ਼ਗਾਨਿਸਤਾਨ, ਇਰਾਕ ਤੇ ਸੀਰੀਆ ਸ਼ਾਮਲ ਨਹੀਂ ਹਨ। ਮੁਹੰਮਦ ਬਿਨ ਨੇ ਕਿਹਾ ਕਿ”ਹੁਣ ਸਾਰੇ ਮੁਸਲਿਮ ਦੇਸ਼ ਵੱਖਵਾਦੀਆਂ ਖਿਲਾਫ ਇਕੱਲੇ ਆਪਣੇ ਦਮ ‘ਤੇ ਲੜ ਰਹੇ ਹਨ, ਇਸ ਲਈ ਕੋਸ਼ਿਸ਼ਾਂ ਵਿਚ ਸਮਾਨਤਾ ਹੋਣੀ ਬਹੁਤ ਜ਼ਰੂਰੀ ਹੈ।
_________________________________________________
ਭਾਰਤ ਨੂੰ ਵੀ ਲੱਗਾ ਅਤਿਵਾਦ ਦਾ ਸੇਕ
ਨਵੀਂ ਦਿੱਲੀ: ਭਾਰਤ ਵਿਚ ਵੀ ਸਮੁੱਚੇ ਵਰ੍ਹੇ ਦੌਰਾਨ ਅਤਿਵਾਦੀਆਂ ਦੇ ਹਮਲੇ ਤੇ ਪਾਕਿਸਤਾਨ ਵਾਲੇ ਪਾਸਿਓਂ ਘੁਸਪੈਠ ਦਾ ਸਿਲਸਿਲਾ ਜਾਰੀ ਰਿਹਾ। ਪੂਰਾ ਸਾਲ ਜਿਥੇ ਜੰਮੂ ਅਤੇ ਕਸ਼ਮੀਰ ਵਿਚ ਘੁਸਪੈਠ ਤੇ ਅਤਿਵਾਦੀਆਂ ਦੇ ਹਮਲਿਆਂ ਦੀਆਂ ਦਰਜਨਾਂ ਘਟਨਾਵਾਂ ਵਾਪਰੀਆਂ, ਉਥੇ ਪੰਜਾਬ ਵਿਚ ਵੀ ਪਾਕਿਸਤਾਨੀ ਅਤਿਵਾਦੀਆਂ ਨੇ 27 ਜੁਲਾਈ ਨੂੰ ਦੀਨਾਨਗਰ ਵਿਖੇ ਵੱਡਾ ਹਮਲਾ ਕੀਤਾ। ਇਸ ਹਮਲੇ ਦੌਰਾਨ ਐਸ਼ਪੀæ ਸਮੇਤ ਚਾਰ ਪੁਲਿਸ ਕਰਮੀ, ਤਿੰਨ ਅਤਿਵਾਦੀ ਤੇ ਚਾਰ ਆਮ ਨਾਗਰਿਕ ਮਾਰੇ ਗਏ। ਇਸ ਤੋਂ ਪਹਿਲਾਂ ਜਨਵਰੀ ਵਿਚ ਜੰਮੂ-ਕਸ਼ਮੀਰ ਦੇ ਛੋਪੀਆਂ ਜ਼ਿਲ੍ਹੇ ਵਿਚ ਜੈਸ਼-ਏ-ਮੁਹੰਮਦ ਤੇ ਹਿਜਬੁਲ ਮੁਜਾਹਦੀਨ ਦੇ ਅਤਿਵਾਦੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਦੋ ਦਿਨ ਚੱਲੇ ਮੁਕਾਬਲੇ ਵਿਚ ਪੰਜ ਅਤਿਵਾਦੀ ਮਾਰੇ ਗਏ। ਅਪਰੈਲ ਮਹੀਨੇ ਵਿਚ ਬਾਰਾਮੁੱਲਾ ਜ਼ਿਲ੍ਹੇ ਵਿਚ ਦੋ ਜਵਾਨ ਤੇ ਇਕ ਨਾਗਰਿਕ ਮਾਰੇ ਗਏ। ਸ਼ੋਪੀਆਂ ਜ਼ਿਲ੍ਹੇ ਵਿਚ ਅਤਿਵਾਦੀਆਂ ਦੀ ਗੋਲੀ ਨਾਲ ਤਿੰਨ ਸੁਰੱਖਿਆ ਕਰਮੀਆਂ ਤੇ ਬਾਰਾਮੁੱਲਾ ਜ਼ਿਲ੍ਹੇ ਵਿਚ ਪੁਲਿਸ ਅਧਿਕਾਰੀ ਦੀ ਜਾਨ ਗਈ। 27 ਅਗਸਤ ਨੂੰ ਕਸ਼ਮੀਰ ਵਿਚ ਫੌਜ ਨਾਲ ਰਾਤ ਭਰ ਚੱਲੇ ਮੁਕਾਬਲੇ ਦੌਰਾਨ ਇਕ ਅਤਿਵਾਦੀ ਜਿਉਂਦਾ ਫੜਿਆ ਜਦੋਂ ਕਿ ਚਾਰ ਮਾਰੇ ਗਏ। ਇਸੇ ਤਰ੍ਹਾਂ ਮਨੀਪੁਰ ਵਿਚ ਫੌਜੀਆਂ ਦੇ ਕਾਫਲੇ ‘ਤੇ ਹੋਏ ਹਮਲੇ ਉਪਰੰਤ 10 ਜੂਨ ਨੂੰ ਭਾਰਤ ਦੇ ਕਰੀਬ 100 ਕਮਾਂਡੋਜ਼ ਨੇ ਮੀਆਂਮਾਰ ਵਿਚ ਤਕਰੀਬਨ 40 ਮਿੰਟਾਂ ਦਾ ਅਪ੍ਰੇਸ਼ਨ ਕਰਕੇ 100 ਤੋਂ ਵੀ ਵੱਧ ਬਾਗੀਆਂ ਨੂੰ ਮਾਰ ਮੁਕਾਇਆ।
_________________________________________________
ਅਤਿਵਾਦ ਘਟਣ ਦੇ ਦਾਅਵੇ?
ਕਰਾਚੀ: ਦਸੰਬਰ 2014 ਵਿਚ ਪਿਸ਼ਾਵਰ ਦੇ ਆਰਮੀ ਸਕੂਲ ਵਿਚ ਹੋਏ ਹਮਲੇ ਨੂੰ ਇਕ ਸਾਲ ਹੋ ਗਿਆ ਹੈ। ਅਜਿਹੇ ਵਿਚ ਅਤਿਵਾਦੀ ਕਾਰਵਾਈਆਂ ‘ਤੇ ਰੋਕ ਲਗਾਉਣ ਲਈ ਇਸ ਇਕ ਸਾਲ ਦੌਰਾਨ ਕੀ ਕਦਮ ਚੁੱਕੇ ਗਏ, ਮੀਡੀਆ ਵੱਲੋਂ ਲਗਾਤਾਰ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਸ ਦਰਦਨਾਕ ਹਮਲੇ ਤੋਂ ਬਾਅਦ ਸਰਕਾਰ ਨੇ ਕਈ ਅਹਿਮ ਫੈਸਲੇ ਲਏ, ਦੇਸ਼ ਵਿਚ ਫਾਂਸੀ ਉਤੇ ਲੱਗੀ ਰੋਕ ਨੂੰ ਹਟਾ ਦਿੱਤਾ ਗਿਆ ਤੇ ਫੌਜੀ ਅਦਾਲਤਾਂ ਸਥਾਪਤ ਕੀਤੀਆਂ ਗਈਆਂ। ਮਾਹਿਰਾਂ ਮੁਤਾਬਕ ਸਰਕਾਰ ਦੀ ਇਸ ਸਖਤੀ ਤੋਂ ਬਾਅਦ ਕਾਫੀ ਹੱਦ ਤੱਕ ਵਾਰਦਾਤਾਂ ‘ਤੇ ਰੋਕ ਲੱਗੀ ਹੈ ਤੇ ਦੇਸ਼ ਵਿਚ ਸੁਰੱਖਿਆ ਵਿਚ ਸੁਧਾਰ ਹੋਇਆ ਹੈ। ਹਾਲਾਂਕਿ ਕੁਝ ਅਖਬਾਰਾਂ ਦਾ ਕਹਿਣਾ ਹੈ ਕਿ 2014 ਤੋਂ ਬਾਅਦ ਵੀ ਹਮਲੇ ਨਹੀਂ ਰੁਕੇ। ਬੇਸ਼ੱਕ ਹਮਲੇ ਘਟੇ ਜ਼ਰੂਰ ਹੋ ਹੋਣ, ਪਰ ਇਸ ਨੂੰ ਲੈ ਕੇ ਜ਼ਿਆਦਾ ਸੁਧਾਰ ਕਰਨ ਦੀ ਲੋੜ ਹੈ। ਆਰਮੀ ਸਕੂਲ ਉਤੇ ਹੋਏ ਹਮਲੇ ਵਿਚ 140 ਮੌਤਾਂ ਹੋਈਆਂ ਸਨ।