ਬੈਂਕ ਚੋਰੀ ਤੇ ਲੁੱਟ-ਖੋਹ ‘ਚ ਪੰਜਾਬ ਦਾ ਪਹਿਲਾ ਨੰਬਰ

ਬਠਿੰਡਾ: ਬੈਂਕ ਚੋਰੀ ਤੇ ਲੁੱਟ-ਖੋਹ ਵਿਚ ਪੰਜਾਬ ਦਾ ਦੇਸ਼ ਵਿਚੋਂ ਪਹਿਲਾ ਨੰਬਰ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ ਸਾਢੇ ਤਿੰਨ ਵਰ੍ਹਿਆਂ ਵਿਚ ਬੈਂਕ ਡਕੈਤੀ, ਲੁੱਟ-ਖੋਹ ਤੇ ਬੈਂਕਾਂ ਵਿਚ ਚੋਰੀ ਦੀਆਂ 258 ਵਾਰਦਾਤਾਂ ਹੋਈਆਂ ਹਨ, ਜਿਨ੍ਹਾਂ ਵਿਚ 10æ31 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਚਾਲੂ ਮਾਲੀ ਵਰ੍ਹੇ ਦੇ ਸਤੰਬਰ ਮਹੀਨੇ ਤੱਕ 34 ਵਾਰਦਾਤਾਂ ਹੋਈਆਂ ਹਨ, ਜਿਨ੍ਹਾਂ ਵਿਚ ਬੈਂਕਾਂ ਦਾ 1æ65 ਕਰੋੜ ਦਾ ਨੁਕਸਾਨ ਹੋਇਆ ਹੈ। ਪੰਜਾਬ ਵਿਚ ਔਸਤਨ ਹਰ ਦੂਜੇ ਦਿਨ ਇਕ ਬੈਂਕ ਫਰਾਡ ਹੁੰਦਾ ਹੈ ਤੇ ਇਸ ਮਾਮਲੇ ਵਿਚ ਪੰਜਾਬ ਦੇਸ਼ ਵਿਚੋਂ ਨੌਵੇਂ ਨੰਬਰ ਉਤੇ ਹੈ। ਬੀਤੇ ਸਾਢੇ ਤਿੰਨ ਸਾਲਾਂ ਵਿਚ ਪੰਜਾਬ ਵਿਚ 653 ਕਰੋੜ ਰੁਪਏ ਦੇ ਬੈਂਕ ਫਰਾਡ ਹੋਏ ਹਨ। ਚਾਲੂ ਮਾਲੀ ਵਰ੍ਹੇ ਦੇ ਸਤੰਬਰ ਮਹੀਨੇ ਤੱਕ ਪੰਜਾਬ ਵਿਚ ਅਜਿਹੇ 78 ਫਰਾਡ ਹੋ ਚੁੱਕੇ ਹਨ, ਜੋ 63æ59 ਕਰੋੜ ਰੁਪਏ ਦੇ ਹਨ। ਬਠਿੰਡਾ ਖਿੱਤੇ ਵਿਚ ਤਾਂ ਅਜਿਹੇ ਜ਼ਿਆਦਾ ਫਰਾਡ ਸਹਿਕਾਰੀ ਬੈਂਕਾਂ ਵਿਚ ਹੋ ਰਹੇ ਹਨ, ਜਿਨ੍ਹਾਂ ਵਿਚ ਬੈਂਕ ਅਧਿਕਾਰੀ ਤੇ ਮੁਲਾਜ਼ਮ ਵੀ ਸ਼ਾਮਲ ਹਨ। ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਸਾਲ 2012-13 ਤੋਂ ਸਤੰਬਰ 2015 ਤੱਕ ਦੇਸ਼ ਭਰ ਵਿਚ 15552 ਬੈਂਕ ਫਰਾਡ ਹੋਏ, ਜੋ 52925 ਕਰੋੜ ਦੇ ਹਨ। ਪੰਜਾਬ ਵਿਚ ਇਸ ਸਮੇਂ ਦੌਰਾਨ 575 ਬੈਂਕ ਫਰਾਡ ਹੋਏ, ਜੋ 653æ88 ਕਰੋੜ ਰੁਪਏ ਦੇ ਹਨ। ਹਰਿਆਣਾ ਵਿਚ ਸਾਢੇ ਤਿੰਨ ਸਾਲ ਵਿਚ ਤਕਰੀਬਨ 425 ਕਰੋੜ ਰੁਪਏ ਦੇ ਬੈਂਕ ਫਰਾਡ ਹੋਏ ਹਨ।
ਬੈਂਕਾਂ ਦੇ ਖਾਤਾਧਾਰਕ ਹੀ ਬੈਂਕਾਂ ਨੂੰ ਚੂਨਾ ਲਾ ਰਹੇ ਹਨ। ਜ਼ਿਆਦਾ ਕੇਸਾਂ ਵਿਚ ਰਿਕਾਰਡ ਵਿਚ ਛੇੜ-ਛਾੜ ਕੀਤੀ ਗਈ ਹੈ। ਖਾਸ ਕਰ ਕੇ ਮਾਲ ਮਹਿਕਮੇ ਦੇ ਰਿਕਾਰਡ ਨੇ ਬੈਂਕਾਂ ਨੂੰ ਵੱਡੇ ਪੱਧਰ ਉਤੇ ਧੋਖਾ ਦਿੱਤਾ ਹੈ। ਪਰਿਵਾਰਕ ਮੈਂਬਰਾਂ ਵੱਲੋਂ ਵੀ ਇਕ ਦੂਜੇ ਦੇ ਖਾਤਿਆਂ ਵਿਚ ਛੇੜ-ਛਾੜ ਕੀਤੀ ਜਾਂਦੀ ਹੈ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਸਾਲ 2012-13 ਵਿਚ ਇਕ ਲੱਖ ਜਾਂ ਇਸ ਤੋਂ ਜ਼ਿਆਦਾ ਦੇ 159 ਬੈਂਕ ਫਰਾਡ ਹੋਏ, ਜੋ 153 ਕਰੋੜ ਰੁਪਏ ਦੇ ਸਨ। ਸਾਲ 2013-14 ਵਿਚ 147 ਬੈਂਕ ਫਰਾਡ 255 ਕਰੋੜ ਦੀ ਰਾਸ਼ੀ ਦੇ ਤੇ ਸਾਲ 2014-15 ਵਿਚ 181 ਕਰੋੜ ਦੇ 191 ਬੈਂਕ ਫਰਾਡ ਹੋਏ। ਚੰਡੀਗੜ੍ਹ ਵਿਚ ਸਾਢੇ ਤਿੰਨ ਵਰ੍ਹਿਆਂ ਵਿਚ 91 ਬੈਂਕ ਫਰਾਡ ਹੋਏ। ਬੈਂਕ ਫਰਾਡ ਸਬੰਧੀ ਦੇਸ਼ ਵਿਚੋਂ ਪਹਿਲਾ ਨੰਬਰ ਮਹਾਰਾਸ਼ਟਰ ਦਾ ਹੈ, ਜਿਥੇ ਸਾਢੇ ਤਿੰਨ ਸਾਲ ਵਿਚ 15334 ਕਰੋੜ ਦੇ 2996 ਬੈਂਕ ਫਰਾਡ ਹੋਏ ਹਨ। ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਮਾ ਸਰਜਾ, ਸੰਗਤ, ਮਹਿਰਾਜ ਅਤੇ ਨਥਾਣਾ ਦੇ ਸਹਿਕਾਰੀ ਬੈਂਕਾਂ ਵਿਚ ਫਰਾਡ ਥੋੜ੍ਹਾ ਅਰਸਾ ਪਹਿਲਾਂ ਹੀ ਹੋਏ ਹਨ। ਜ਼ਿਲ੍ਹਾ ਮੁਕਤਸਰ ਦੇ ਪਿੰਡ ਥਾਂਦੇਵਾਲਾ ਦੀ ਸਹਿਕਾਰੀ ਬੈਂਕ ਵਿਚ ਵੱਡਾ ਬੈਂਕ ਫਰਾਡ ਹੋਇਆ ਸੀ। ਆਲ ਇੰਡੀਆ ਬੈਂਕ ਆਫੀਸਰਜ਼ ਕਨਫੈਡਰੇਸ਼ਨ ਦੇ ਜੁਆਇੰਟ ਜਨਰਲ ਸਕੱਤਰ ਚਮਨ ਲਾਲ ਸਿੰਗਲਾ ਨੇ ਕਿਹਾ ਕਿ ਲੋਕਾਂ ‘ਤੇ ਜਲਦੀ ਅਮੀਰ ਬਣਨ ਦੀ ਲਾਲਸਾ ਭਾਰੂ ਹੋ ਗਈ ਹੈ ਤੇ ਬੈਂਕਾਂ ਨਾਲ ਫਰਾਡ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਲ ਮਹਿਕਮੇ ਦੇ ਅਧਿਕਾਰੀ ਕਈ ਵਾਰ ਜਾਇਦਾਦ ਦੇ ਕਾਗਜ਼ਾਤ ਗਲਤ ਦੇ ਦਿੰਦੇ ਹਨ, ਜਿਸ ਕਰ ਕੇ ਬੈਂਕਾਂ ਨਾਲ ਧੋਖਾ ਹੋ ਜਾਂਦਾ ਹੈ। ਬੈਂਕ ਫਰਾਡਾਂ ਵਿਚ ਬੈਂਕ ਅਧਿਕਾਰੀਆਂ ਜਾਂ ਮੁਲਾਜ਼ਮਾਂ ਦੀ ਮਿਲੀਭੁਗਤ ਬਹੁਤ ਘੱਟ ਹੁੰਦੀ ਹੈ।
_________________________________________
ਜਾਅਲੀ ਕੀਟਨਾਸ਼ਕਾਂ ਦਾ ਕਾਰੋਬਾਰ ਵਧਿਆ
ਬਠਿੰਡਾ: ਪੰਜਾਬ ਖੇਤੀਬਾੜੀ ਮਹਿਕਮੇ ਵੱਲੋਂ ਸਤੰਬਰ-ਅਕਤੂਬਰ ਵਿਚ ਕੀਟਨਾਸ਼ਕਾਂ ਤੇ ਖਾਦਾਂ ਦੇ ਲਏ 3515 ਨਮੂਨਿਆਂ ਵਿਚੋਂ 146 ਫੇਲ੍ਹ ਹੋ ਗਏ ਹਨ, ਜੋ 4æ15 ਫੀਸਦੀ ਬਣਦੇ ਹਨ। ਕੇਂਦਰੀ ਖੇਤੀ ਮੰਤਰਾਲੇ ਦੇ ਤਾਜ਼ਾ ਵੇਰਵਿਆਂ ਅਨੁਸਾਰ ਪੰਜਾਬ ਦੇ ਨਾਲ ਹੋਰ ਸੂਬਿਆਂ ਵਿਚ ਵੀ ਅਜਿਹੇ 6011 ਨਮੂਨੇ ਭਰੇ ਗਏ ਸਨ, ਜਿਨ੍ਹਾਂ ਵਿਚੋਂ 157 ਫੇਲ੍ਹ ਹੋਏ ਹਨ, ਜੋ 2æ6 ਫੀਸਦੀ ਬਣਦੇ ਹਨ। ਪੰਜਾਬ ਵਿਚ ਚਿੱਟੇ ਮੱਛਰ ਦੇ ਹੱਲੇ ਮਗਰੋਂ ਕੀਟਨਾਸ਼ਕ ਸਕੈਂਡਲ ਸਾਹਮਣੇ ਆਇਆ ਤਾਂ ਜਾਂਚ ਲਈ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ। ਪੁਲਿਸ ਟੀਮ ਤੇ ਖੇਤੀ ਮਹਿਕਮੇ ਨੇ ਸਾਂਝੇ ਤੌਰ ‘ਤੇ ਬਠਿੰਡਾ ਵਿਚ ਵੀ 10 ਤੋਂ 25 ਸਤੰਬਰ ਤੱਕ ਤਕਰੀਬਨ 160 ਗੋਦਾਮਾਂ ਵਿਚੋਂ ਖਾਦਾਂ ਤੇ ਕੀਟਨਾਸ਼ਕਾਂ ਦੇ 390 ਨਮੂਨੇ ਭਰੇ ਸਨ। ਇਸ ਸਮੇਂ ਦੌਰਾਨ ਰਾਜ ਵਿਚ ਗੈਰ ਪ੍ਰਵਾਨਿਤ ਡੀਲਰਾਂ ਖਿਲਾਫ 21 ਪੁਲਿਸ ਕੇਸ ਦਰਜ ਕਰਵਾਏ ਗਏ ਹਨ।