ਬਠਿੰਡਾ: ਪੰਜਾਬ ਵਿਚ ਸਿਹਤ ਸਹੂਲਤਾਂ ਦਾ ਮੰਦਾ ਹਾਲ ਹੈ। ਸੂਬੇ ਵਿਚ 1æ19 ਲੱਖ ਲੋਕਾਂ ਪਿੱਛੇ ਇਕ ਸਰਕਾਰੀ ਹਸਪਤਾਲ ਹੈ। ਇਨ੍ਹਾਂ ਸਰਕਾਰੀ ਹਸਪਤਾਲਾਂ ਵਿਚ ਬੈੱਡਾਂ ਦੀ ਗਿਣਤੀ 11804 ਹੈ ਤੇ 2420 ਲੋਕਾਂ ਪਿੱਛੇ ਇਕ ਬੈੱਡ ਹੈ। ਸਰਕਾਰੀ ਹਸਪਤਾਲਾਂ ਵਿਚ ਵੱਡੀ ਕਮੀ ਡਾਕਟਰਾਂ ਦੀ ਹੈ।
ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਮਰੀਜ਼ਾਂ ਦੇ ਬੋਝ ਨੇ ਦਮ ਘੁੱਟ ਦਿੱਤਾ ਹੈ। ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦੇ ਓਵਰਲੋਡ ਦੇ ਮਾਮਲੇ ਵਿਚ ਪੰਜਾਬ ਦੇਸ਼ ਦਾ ਸਤਵਾਂ ਸੂਬਾ ਬਣ ਗਿਆ ਹੈ। ਬਹੁਤੇ ਸਰਕਾਰੀ ਹਸਪਤਾਲ ਤਾਂ ਮਰੀਜ਼ਾਂ ਨੂੰ ਰੈਫਰ ਕਰਨ ਵਾਲੇ ਹਸਪਤਾਲ ਹੀ ਬਣ ਗਏ ਹਨ। ਅਜਿਹੇ ਵਿਚ ਲੋਕ ਪ੍ਰਾਈਵੇਟ ਹਸਪਤਾਲਾਂ ਤੋਂ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹਨ।
ਸੈਂਟਰਲ ਬਿਊਰੋ ਆਫ ਹੈਲਥ ਇੰਟੈਲੀਜੈਂਸ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਜੋ ਰਿਪੋਰਟ ਦਿੱਤੀ ਹੈ, ਉਸ ਅਨੁਸਾਰ ਮਰੀਜ਼ਾਂ ਦੇ ਓਵਰਲੋਡ ਦੇ ਮਾਮਲੇ ਵਿਚ ਪਹਿਲਾ ਨੰਬਰ ਬਿਹਾਰ ਦਾ ਹੈ, ਜਿਥੇ 70,701 ਲੋਕਾਂ ਪਿੱਛੇ ਇਕ ਸਰਕਾਰੀ ਹਸਪਤਾਲ ਹੈ ਤੇ 8789 ਲੋਕਾਂ ਪਿੱਛੇ ਇਕ ਬੈੱਡ ਹੈ। ਦੂਸਰੇ ਨੰਬਰ ਉਤੇ ਮੱਧ ਪ੍ਰਦੇਸ਼ ਤੇ ਤੀਸਰੇ ਨੰਬਰ ਉਤੇ ਆਂਧਰਾ ਪ੍ਰਦੇਸ਼ ਹੈ।
ਪੰਜਾਬ ਦਾ ਨੰਬਰ ਸਤਵਾਂ ਹੈ, ਜਿਥੇ 1æ19 ਲੱਖ ਲੋਕਾਂ ਪਿੱਛੇ ਇਕ ਸਰਕਾਰੀ ਹਸਪਤਾਲ ਹੈ। ਇਨ੍ਹਾਂ ਸਰਕਾਰੀ ਹਸਪਤਾਲਾਂ ਵਿਚ ਬੈੱਡਾਂ ਦੀ ਗਿਣਤੀ 11804 ਹੈ ਤੇ 2420 ਲੋਕਾਂ ਪਿੱਛੇ ਇਕ ਬੈੱਡ ਹੈ। ਸਰਕਾਰੀ ਰਿਕਾਰਡ ਦੱਸਦਾ ਹੈ ਕਿ ਫਰੀਦਕੋਟ ਜ਼ਿਲ੍ਹੇ ਵਿਚ 100 ਬਿਸਤਰਿਆਂ ਵਾਲਾ ਹਸਪਤਾਲ ਮੌਜੂਦ ਹੈ ਪਰ ਇਥੇ ਬਿਸਤਰਿਆਂ ਦੀ ਗਿਣਤੀ 60 ਤੋਂ 70 ਹੀ ਹੈ। ਮੁਹਾਲੀ ਦੇ ਹਸਪਤਾਲ ਵਿਚ 200 ਵਿਚੋਂ 150 ਬਿਸਤਰ ਹਨ। ਇਸੇ ਤਰ੍ਹਾਂ ਬਰਨਾਲੇ ਵਿਚ 100 ਵਿਚੋਂ 70, ਪਟਿਆਲੇ ਦੇ 200 ਦੀ ਥਾਂ 120, ਲੁਧਿਆਣੇ ਵਿਚ 200 ਦੀ ਥਾਂ 100, ਹੁਸ਼ਿਆਰਪੁਰ ਜ਼ਿਲ੍ਹੇ ਵਿਚ 200 ਵਿਚੋਂ 100, ਨਵਾਂ ਸ਼ਹਿਰ ਵਿਚ 100 ਵਿਚੋਂ 80 ਤੋਂ 90, ਤਰਨਤਾਰਨ 100 ਵਿਚੋਂ 70-80, ਫਾਜ਼ਿਲਕਾ ਵਿਚ 100 ਵਿਚੋਂ 50 ਤੋਂ 60 ਬਿਸਤਰੇ ਹੀ ਮੌਜੂਦ ਹਨ। ਸਰਕਾਰੀ ਹਸਪਤਾਲਾਂ ਵਿਚ ਵੱਡੀ ਕਮੀ ਡਾਕਟਰਾਂ ਦੀ ਹੈ।
ਪੰਜਾਬ ਦੇ ਕਮਿਊਨਿਟੀ ਹੈਲਥ ਸੈਂਟਰਾਂ ਵਿਚ ਇਸ ਵੇਲੇ 600 ਸਪੈਸ਼ਲਿਸਟ ਡਾਕਟਰਾਂ ਦੀ ਲੋੜ ਹੈ ਜਦੋਂਕਿ ਹਸਪਤਾਲਾਂ ਵਿਚ ਸਿਰਫ 202 ਡਾਕਟਰ ਤਾਇਨਾਤ ਹਨ। ਜ਼ਿਲ੍ਹਾ ਪੱਧਰ ਦੇ ਸਰਕਾਰੀ ਹਸਪਤਾਲਾਂ ਵਿਚ 684 ਡਾਕਟਰਾਂ ਦੀ ਲੋੜ ਹੈ। ਸਬ ਡਿਵੀਜ਼ਨ ਪੱਧਰ ਦੇ ਸਰਕਾਰੀ ਹਸਪਤਾਲਾਂ ਵਿਚ 718 ਸਪੈਸ਼ਲਿਸਟ ਡਾਕਟਰਾਂ ਦੀ ਲੋੜ ਹੈ ਤੇ 202 ਡਾਕਟਰਾਂ ਦੀ ਘਾਟ ਹੈ। ਇਵੇਂ ਹੀ ਸਟਾਫ ਨਰਸਾਂ ਦੀ ਕਮੀ ਹੈ। ਪੰਜਾਬ ਵਿਚ ਕੁੱਲ 42013 ਡਾਕਟਰ ਰਜਿਸਟਰਡ ਹਨ, 23029 ਏæਐਨæਐਮਜ਼æ ਤੇ 41533 ਫਾਰਮਾਸਿਸਟ ਰਜਿਸਟਰਡ ਹਨ। ਇਸ ਦੇ ਬਾਵਜੂਦ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਤੋਂ ਇਲਾਵਾ ਪੈਰਾ ਮੈਡੀਕਲ ਸਟਾਫ ਦੀ ਵੀ ਕਮੀ ਹੈ।
ਪੈਰਾ ਮੈਡੀਕਲ ਫਰੰਟ ਦੇ ਸੂਬਾ ਪ੍ਰਧਾਨ ਸਵਰਨਜੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਸਰਕਾਰੀ ਹਸਪਤਾਲ ਹੁਣ ਸਿਰਫ ਮਰੀਜ਼ਾਂ ਨੂੰ ਰੈਫਰ ਕਰਨ ਜੋਗੇ ਰਹਿ ਗਏ ਹਨ। ਹਸਪਤਾਲਾਂ ਲਈ ਇਮਾਰਤਾਂ ਤਾਂ ਹਨ, ਪਰ ਸਟਾਫ ਤੇ ਦਵਾਈਆਂ ਨਹੀਂ ਹਨ। ਬਹੁਤੇ ਗਰੀਬ ਮਰੀਜ਼ ਇਲਾਜ ਖੁਣੋਂ ਮਰ ਜਾਂਦੇ ਹਨ। ਉਨ੍ਹਾਂ ਮਿਸਾਲ ਦਿੱਤੀ ਕਿ ਪੰਜਾਬ ਵਿਚ ਕਿਸੇ ਵੀ ਸਰਕਾਰੀ ਹਸਪਤਾਲ ਵਿਚ ਸਿਰ ਦੀ ਸੱਟ ਦਾ ਇਲਾਜ ਨਹੀਂ ਹੈ।
ਵੇਰਵਿਆਂ ਅਨੁਸਾਰ ਮੁੱਖ ਮੰਤਰੀ ਦੇ ਹਲਕਾ ਲੰਬੀ ਵਿਚ ਡਾਕਟਰਾਂ ਦੀਆਂ ਪੰਜਾਹ ਫੀਸਦੀ ਅਸਾਮੀਆਂ ਖਾਲੀ ਹਨ। ਪਿੰਡ ਬਾਦਲ ਵਿਚ ਸਬ ਡਿਵੀਜ਼ਨ ਪੱਧਰ ਦਾ ਸਰਕਾਰੀ ਹਸਪਤਾਲ ਹੈ, ਜਿਸ ਵਿਚ ਸਾਰੀਆਂ ਅਸਾਮੀਆਂ ਭਰੀਆਂ ਹੋਈਆਂ ਹਨ। ਦੂਸਰੀ ਤਰਫ ਪੰਜਾਬੀ ਸੂਬੇ ਦੇ ਬਾਨੀ ਸੰਤ ਬਾਬਾ ਫਤਿਹ ਸਿੰਘ ਦੀ ਯਾਦ ਵਿਚ ਉਨ੍ਹਾਂ ਦੇ ਪਿੰਡ ਬਦਿਆਲਾ ਵਿਚ ਬਣਿਆ ਸਰਕਾਰੀ ਹਸਪਤਾਲ ਮੰਦੇ ਹਾਲ ਵਿਚ ਹੈ। ਇਮਾਰਤ ਦਾ ਬੁਰਾ ਹਾਲ ਹੈ ਅਤੇ ਸਟਾਫ ਦੀ ਵੱਡੀ ਕਮੀ ਹੈ। ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਕਹਿਣਾ ਹੈ ਕਿ ਉਹ ਓæਪੀæਡੀæ ਦਾ ਸਰਵੇ ਕਰਾ ਕੇ ਬੈੱਡਾਂ ਦੀ ਗਿਣਤੀ ਵਧਾਉਣਗੇ ਤੇ ਜੱਚਾ ਬੱਚਾ ਹਸਪਤਾਲ ਹੁਣ ਜ਼ਿਲ੍ਹਾ ਪੱਧਰ ‘ਤੇ ਵੱਖਰੇ ਬਣਾਏ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦੀ ਓæਪੀæਡੀæ ਦਾ ਲੋਡ ਵਧੇਰੇ ਹੈ। ਇਮਾਰਤਾਂ ਤੇ ਸਾਜ਼ੋ ਸਾਮਾਨ ਦੀ ਕਮੀ ਤਾਂ ਕੋਈ ਨਹੀਂ ਪਰ ਸਟਾਫ ਦੀ ਘਾਟ ਹੈ, ਜਿਸ ਨੂੰ ਉਹ ਪੂਰਾ ਕਰਨ ਵਿਚ ਜੁਟੇ ਹੋਏ ਹਨ।
________________________________
ਬਾਦਲ ਦੇ ਪਿੰਡ ਸਭ ਕੁਝ ਠੀਕ
ਲੰਬੀ: ਪਿੰਡ ਬਾਦਲ ਵਿਚ ਸਬ ਡਿਵੀਜ਼ਨ ਪੱਧਰ ਦਾ ਸਰਕਾਰੀ ਹਸਪਤਾਲ ਹੈ, ਜਿਸ ਵਿਚ ਸਾਰੀਆਂ ਅਸਾਮੀਆਂ ਭਰੀਆਂ ਹੋਈਆਂ ਹਨ। ਮੁੱਖ ਮੰਤਰੀ ਦੇ ਪੁਰਖਿਆਂ ਦੇ ਪਿੰਡ ਘੁੱਦਾ ਵਿਚ ਹੁਣ ਸਬ ਡਿਵੀਜ਼ਨ ਪੱਧਰ ਦਾ ਹਸਪਤਾਲ ਬਣਾਇਆ ਗਿਆ ਹੈ, ਜੋ ਕਿ ਪਹਿਲਾਂ ਸੰਗਤ ਵਿਚ ਸੀ। ਇਥੇ ਵੀ ਡੈਪੂਟੇਸ਼ਨ ਉਤੇ ਕਾਫੀ ਸਟਾਫ ਲਾਇਆ ਹੋਇਆ ਹੈ।