ਮਨਫ਼ੀ ਹੋਂਦ

‘ਮਨਫੀ ਹੋਂਦ’ ਕਹਾਣੀ ਵਿਚ ਆਮ ਬੰਦੇ ਦਾ ਹਾਲ ਬਿਆਨ ਕੀਤਾ ਗਿਆ ਹੈ। ਇਸ ਬਿਆਨ ਵਿਚ ਬੰਦਾ ਕਰੂਰ ਹਕੀਕਤਾਂ ਨਾਲ ਜੂਝਦਾ ਆਖਰਕਾਰ ਅਜਿਹੇ ਮੋੜ ਉਤੇ ਆਣ ਖੜ੍ਹਾ ਹੁੰਦਾ ਹੈ ਜਿਥੇ ਉਸ ਦੀ ਹੋਂਦ ਹੀ ਸਵਾਲ ਬਣ ਜਾਂਦੀ ਹੈ।

ਸਮੁੱਚੇ ਆਲੇ-ਦੁਆਲੇ ਵਿਚ ਉਹ ਇਕੱਲਾ ਰਹਿ ਜਾਂਦਾ ਹੈ। ਲੇਖਕ ਨੇ ਪੈਰ-ਪੈਰ ‘ਤੇ ਪਛੜਦੇ ਜਾਂਦੇ ਆਮ ਬੰਦੇ ਦੀ ਹੋਣੀ ਨੂੰ ਬੜੇ ਸਹਿਜ ਨਾਲ ਪੇਸ਼ ਕੀਤਾ ਹੈ। -ਸੰਪਾਦਕ

ਅਮਰਜੀਤ ਸਿੰਘ ਮਾਨ
ਡੌਰ-ਭੌਰ ਹੋਏ ਖੜ੍ਹੇ ਚੇਤੂ ਦਾ ਜਵਾਬ ਸੁਣ ਕੇ ਡਿਪਟੀ ਸਮੇਤ ਬਾਕੀ ਮੋਹਤਬਰਾਂ ਦਾ ਵੀ ਹਾਸਾ ਨਿਕਲ ਗਿਆ ਸੀ। ਚੇਤੂ ਨੂੰ ਕੋਈ ਜਵਾਬ ਸੁੱਝਿਆ ਹੀ ਨਹੀਂ ਸੀ। ਅਜਿਹੇ ਮਾਹੌਲ ਵਿਚ ਕਿਸੇ ਸਾਧਾਰਨ ਬੰਦੇ ਨੂੰ ਸੁੱਝ ਵੀ ਕੀ ਸਕਦਾ ਹੈ?
ਚੇਤੂ ਪਿੰਡ ਦਾ ਸਧਾਰਨ ਕਿਸਾਨ। ਆਪਣੇ ਦੋ-ਢਾਈ ਕਿੱਲਿਆਂ ਦੇ ਨਾਲ-ਨਾਲ ਗੁਆਂਢੀਆਂ ਦੇ ਤਿੰਨ ਕੁ ਕਿੱਲੇ ਠੇਕੇ ‘ਤੇ ਲੈ ਕੇ ਵਾਹੀ ਕਰਨ ਵਾਲਾ ਬੰਦਾ। ਘਰੋਂ ਖੇਤ ਤੇ ਖੇਤੋਂ ਘਰ ਤਕ ਦੇ ਸਫ਼ਰ ਦਾ ਪਾਂਧੀ। ਜੇ ਹਾੜ੍ਹੀ ਸਾਉਣੀ ਬਿਨਾਂ ਕਿਸੇ ਕੁਦਰਤੀ ਕਰੋਪੀ ਤੋਂ ਸਿਰੇ ਚੜ੍ਹ ਜਾਂਦੀ ਤਾਂ ਇੰਨੀ ਕੁ ਖੇਤੀਬਾੜੀ ਦੀ ਆਮਦਨ ਨਾਲ ਛੋਟੇ ਪਰਿਵਾਰ ਦਾ ਗੁਜ਼ਾਰਾ ਨਿਭੀ ਜਾਂਦਾ। ਕਣਕਾਂ ਦੀ ਸਿੰਜਾਈ ਲਈ ਤਾਂ ਕਿਸੇ ਗੁਆਂਢੀ ਦੀ ਮੋਟਰ ਵੀ ਮਿਲ ਜਾਂਦੀ, ਪਰ ਸਾਉਣੀ ਵੇਲੇ ਜਦੋਂ ਸਾਰਿਆਂ ਨੇ ਜੀਰੀ ਲਾਈ ਹੁੰਦੀ, ਉਸ ਵੇਲੇ ਚੇਤੂ ਨੂੰ ਆਪਣਾ ਨਰਮਾ ਪਾਲਣ ਵਿਚ ਬਹੁਤ ਕਠਿਨਾਈ ਆਉਂਦੀ। ਇਸੇ ਕਾਰਨ ਉਸ ਨੂੰ ਆੜ੍ਹਤੀਏ ਤੋਂ ਵਾਧੂ ਕਰਜ਼ਾ ਚੁੱਕ ਕੇ ਆਪਣੇ ਖੇਤ ਡੂੰਘਾ ਬੋਰ ਕਰਨ ਦਾ ਅੱਕ ਚੱਬਣਾ ਪਿਆ ਸੀ। ਮੋਟਰ ਲਈ ਮਹਿੰਗਾ ਬਿਜਲੀ ਕੁਨੈਕਸ਼ਨ ਲੈਣ ਦੀ ਪਹੁੰਚ ਉਸ ਵਿਚ ਨਹੀਂ ਸੀ। ਸੋ, ਉਸ ਨੇ ਪੁਰਾਣਾ ਇੰਜਣ ਖ਼ਰੀਦ ਲਿਆ। ਕੁਝ ਪੈਸੇ ਉਸ ਦੀ ਮੁਰੰਮਤ ‘ਤੇ ਲਾ ਕੇ ਚਲਦਾ ਕਰ ਲਿਆ।
ਉਸ ਦਾ ਖੇਤ ਪਿੰਡ ਦੀ ਹੱਦ ‘ਤੇ ਛੋਟੀ ਖਾਰੀ ਵਾਲੇ ਜ਼ੈਲਦਾਰਾਂ ਦੇ ਖੇਤਾਂ ਦੇ ਨੇੜੇ ਪੈਂਦਾ। ਜ਼ੈਲਦਾਰਾਂ ਦੀ ਸਾਰੀ ਪੈਲ਼ੀ ਦਾ ਇਥੇ ਹੀ ਵੱਡਾ ਟੱਕ ਸੀ। ਉਨ੍ਹਾਂ ਦੇ ਜ਼ਿਆਦਾਤਰ ਸੰਦ ਖੇਤ ਹੀ ਪਏ ਰਹਿੰਦੇ।
ਇੱਕ ਰਾਤ ਚੇਤੂ ਨਹਿਰੀ ਪਾਣੀ ਦੀ ਵਾਰੀ ਲਾਉਣ ਗਿਆ। ਖੂਹ ‘ਤੇ ਉਸ ਦਾ ਇੰਜਣ ਨਹੀਂ ਸੀ। ਉਸ ਨੂੰ ਧਰਤੀ ਹਿੱਲਦੀ ਮਹਿਸੂਸ ਹੋਈ। ਉਸ ਨੂੰ ਪਾਣੀ ਦੀ ਵਾਰੀ ਭੁੱਲ ਗਈ। ਉਹ ਬੈਟਰੀ ਦੀ ਰੌਸ਼ਨੀ ‘ਚ ਇਧਰ-ਉਧਰ ਦੇਖਣ ਲੱਗਿਆ। ਟਰੈਕਟਰ ਦੀ ਤਾਜ਼ੀ ਲੀਹ ਸਪਸ਼ਟ ਦਿਸ ਪਈ। ਇੰਜਣ ‘ਚੋਂ ਡੁੱਲ੍ਹੇ ਤੇਲ ਦੀ ਪਤਲੀ ਧਾਰ ਟਰੈਕਟਰ ਦੀ ਲੀਹ ਦੇ ਨਾਲ-ਨਾਲ ਦਿਖਾਈ ਦੇ ਰਹੀ ਸੀ। ਚੇਤੂ ਉਸ ਲੀਹ ਦੇ ਮਗਰ-ਮਗਰ ਹੋ ਤੁਰਿਆ। ਟਰੈਕਟਰ ਅਤੇ ਤੇਲ ਦੇ ਨਿਸ਼ਾਨ ਜਿੰਦਰ ਕੇ ਡੇਅਰੀ ਵਾਲੇ ਵਾਗਲ ‘ਚ ਜਾ ਕੇ ਖ਼ਤਮ ਹੋ ਗਏ। ਚੇਤੂ ਨੂੰ ਗੱਲ ਸਮਝਦਿਆਂ ਦੇਰ ਨਾ ਲੱਗੀ।
ਜਿੰਦਰ ਵੱਡੇ ਘਰ ਵਾਲਿਆਂ ਦਾ ਛੋਟਾ ਮੁੰਡਾ, ਜਿਸ ਨੇ ਵੱਧ ਰਿਸਕ, ਵੱਧ ਮਿਹਨਤ ਤੇ ਘੱਟ ਕਮਾਈ ਵਾਲਾ ਡੇਅਰੀ ਫਾਰਮ ਦਾ ਕੰਮ ਬਦਲ ਕੇ ਕਬਾੜ ਦਾ ਕੰਮ ਸ਼ੁਰੂ ਕਰ ਲਿਆ ਸੀ। ਚੋਣਾਂ ਮਗਰੋਂ ਸਰਕਾਰ ਬਦਲਣ ‘ਤੇ ਆਪਣੇ ਮਸੇਰੇ ਭਰਾ ਬਲਵੰਤ ‘ਫੱਟੇਚੱਕ’ ਦੀ ਸਰਪ੍ਰਸਤੀ ਮਿਲਣ ਮਗਰੋਂ ਉਹ ਕੁਝ ਮਹੀਨਿਆਂ ਵਿਚ ਹੀ ਬਹੁਤ ਤਰੱਕੀ ਕਰ ਗਿਆ। ਹੁਣ ਉਸ ਦੇ ਕਬਾੜ ਸਟੋਰ ਤੋਂ ਸਾਈਕਲ ਦੇ ਚੇਨਕਵਰ ਤੋਂ ਲੈ ਕੇ ਟਰੱਕ-ਟਰਾਲੇ ਦਾ ਕੋਈ ਵੀ ਭਾਰੀ ਸਪੇਅਰ ਪਾਰਟ ਮਿਲ ਸਕਦਾ ਸੀ।
ਚੇਤੂ ਦੇ ਇੰਜਣ ਚੋਰੀ ਦੀ ਗੱਲ ਵੱਡੀ ਖਾਰੀ ਦੀਆਂ ਗਲੀਆਂ ਵਿਚੋਂ ਲੰਘਦੀ ਛੋਟੀ ਖਾਰੀ ਦੇ ਜ਼ੈਲਦਾਰਾਂ ਦੀਆਂ ਤਵੀਆਂ ਚੋਰੀ ਹੋਣ ਦੀ ਗੱਲ ਨਾਲ ਜਾ ਰਲੀ। ਚੇਤੂ ਦੇ ਦਸਤਖਤਾਂ ਵਾਲੀ ਦਰਖਾਸਤ, ਜ਼ੈਲਦਾਰ ਨਾਲ ਜਾ ਕੇ ਥਾਣੇ ਦੇ ਆਏ। ਅਖੀਰ ਅਖ਼ਬਾਰਾਂ ਦੇ ਕੰਧੇੜੇ ਚੜ੍ਹੀ ਗੱਲ ਅੱਗੇ ਵਧਦੀ ਗਈ। ਨੇੜਲੇ ਪਿੰਡਾਂ ਦੇ ਖੇਤਾਂ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੋਂ ਲੋਕ ਦੁਖੀ ਸਨ। ਥਾਣੇ ਰਿਪੋਰਟਾਂ ਪਹਿਲਾਂ ਵੀ ਪਹੁੰਚੀਆਂ ਸਨ, ਪਰ ਪੁਲਿਸ ਚੋਰਾਂ ਨੂੰ ਫੜਨ ਵਿਚ ਅਸਫਲ ਰਹੀ ਸੀ। ਹੁਣ ਵੀ ਬਲਵੰਤ ਫੱਟੇਚੱਕ ਰਾਹੀਂ ਹਲਕਾ ਵਿਧਾਇਕ ਦੇ ਫੋਨ ਆਉਣ ਕਾਰਨ ਪੁਲਿਸ ਢਿੱਲੀ ਪਈ ਹੋਈ ਸੀ।
ਵੱਡੀ ਖਾਰੀ ਦੀਆਂ ਸੱਥਾਂ ਵਿਚ ਚਰਚਾ ਹੋਣ ਲੱਗ ਪਈ। ਕੋਈ ਕਹਿੰਦਾ, “ਜ਼ੈਲਦਾਰ ਤਾਂ ਬਾਹਲੇ ਗਰਮ ਨੇæææਕਹੀ ‘ਤੇ ਟੁੱਕ ਖਾਣ ਆਲੇæææਉਹ ਤਾਂ ਊਂ ਨ੍ਹੀਂ ਮਾਣ ਸੀ, ਹੁਣ ਤਾਂ ਸੰਦ ਚੋਰੀ ਹੋਇਆæææਤੇ ਚੋਰ ਵੀ ਸਾਹਮਣੇ ਐ, ਹੁਣ ਨ੍ਹੀਂ ਉਹ ਟਲਦੇ।” ਕੋਈ ਹੋਰ ਕਹਿੰਦਾ, “ਲੈ ਦੇਖੀ ਜਾਊ। ਤਵੀਆਂ ਛੇ ਮਹੀਨੇ ਪਹਿਲਾਂ ਈ ਲਿਆਏ ਸੀæææਨਵੀਆਂ। ਚਾਲੀ ਹਜ਼ਾਰ ਤੋਂ ਵੱਧ ਲੱਗੇ ਹੋਣੇ ਐæææਬਿੱਲੀ ਦੇ ਕੰਨਾਂ ਵਰਗੇ।”
“ਜਿੰਦਰ ਵੀ ਲੋਹੜਾ ਮਾਰ ਗਿਆ ਯਾਰæææਫੱਟੇਚੱਕ ਮਸੇਰ ਦੀ ਚੁੱਕ ‘ਚ ਆ ਕੇ!”
“ਕੱਲਾ ਮਸੇਰ ਕੀ, ਹਿੱਸਾ ਜਾਂਦਾ ਹੋਊ ਉਤਾਂਹ ਤਕæææ।”
“ਹੋਰ ਹੁਣ ਤਕ ਐਵੇਂ ਪੁਲਿਸ ਹੱਥ ‘ਤੇ ਹੱਥ ਧਰੀ ਬੈਠੀ ਰਹੀ ਐ!”
“ਹੱਥ ਦਾ ਤਾਂ ਅੱਜ ਲੱਗ ਜਾ?ੂ ਪਤਾ, ਧਰਦੀ ਐ ਕਿ ਨਾ? ਦਸ ਵਜੇ ਧਰਨਾ ਦੇਣਾ ਥਾਣੇ ਮੂਹਰੇæææਯੂਨੀਅਨ ਆਲੇ ਵੀ ਆਉਣਗੇ ਅੱਜ ਤਾਂ।”
“ਠੀਕ ਐ ਬਾਈ, ਚੱਲਾਂਗੇ ਵੱਧ ਤੋਂ ਵੱਧ। ਜੇ ਅੱਜ ਚੇਤੂ ਦਾ ਇੰਜਣ ਚੁੱਕਿਆ, ਕੱਲ੍ਹ ਨੂੰ ਆਪਣੀ ਵਾਰੀ ਵੀ ਲੱਗ ਸਕਦੀ ਐ!”
ਵੱਡੀ ਖਾਰੀ ਦੀ ਸੱਥ ‘ਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਪਿੰਡ ਵਾਲੇ ਧਰਨੇ ‘ਚ ਜਾਣ ਲਈ ਤਿਆਰ ਹੋ ਗਏ।
ਚੇਤੂ ਨੇ ਰਿਪੋਰਟ ਤਾਂ ਲਿਖਾ ਦਿੱਤੀ ਸੀ, ਪਰ ਇਹ ਪੰਜ ਦਿਨ ਉਸ ਲਈ ਬੜੇ ਸੰਤਾਪ ਵਾਲੇ ਸਨ। ਬਲਵੰਤ ਉਹਦਾ ਗੁਆਂਢੀ ਸੀ। ਉਸ ਨੇ ਚੇਤੂ ਨੂੰ ਇੰਜਣ ਦੇ ਪੈਸੇ ਦਿਵਾਉਣ ਦਾ ਲਾਲਚ ਵੀ ਦਿੱਤਾ ਸੀ। ਫਿਰ ਨਵਾਂ ਇੰਜਣ ਲੈ ਕੇ ਦੇਣ ਦਾ ਵਾਅਦਾ ਵੀ ਕਰਦਾ ਸੀ, ਬਸ਼ਰਤੇ ਚੇਤੂ ਇਸ ਕੇਸ ਵਿਚੋਂ ਪਿੱਛੇ ਹਟ ਜਾਵੇ, ਪਰ ਚੇਤੂ ਨੂੰ ਆਪਣੇ ਖੇਤ ਦੇ ਗੁਆਂਢੀ ਜ਼ੈਲਦਾਰਾਂ ‘ਤੇ ਬੜਾ ਮਾਣ ਸੀ। ਉਸ ਨੇ ਸੋਚਿਆ: ‘ਜ਼ੈਲਦਾਰ ਕੀ ਕਹਿਣਗੇæææਅੱਠ-ਦਸ ਹਜ਼ਾਰ ਪਿੱਛੇ ਪਿੱਠ ਦਿਖਾ ਗਿਆ? ਨਾਲੇ ਹੁਣ ਤਾਂ ਹੋਰ ਪਿੰਡਾਂ ਦੇ ਲੋਕ ਵੀ ਨਾਲ ਨੇæææਉਨ੍ਹਾਂ ਨਾਲ ਕਿਵੇਂ ਵਿਸਾਹਘਾਤ ਕਰਾਂ?’
ਜਦੋਂ ਚੇਤੂ ਨੇ ਕਿਸੇ ਵੀ ਤਰ੍ਹਾਂ ਬਲਵੰਤ ਦੀ ਗੱਲ ਨਾ ਮੰਨੀ ਤਾਂ ਉਹ ਜਾਂਦਾ ਹੋਇਆ ਧਮਕੀ ਵਾਂਗੂੰ ਕਹਿ ਗਿਆ ਸੀ, “ਚੱਲ ਭੱਜ ਲੈæææਭੱਜਣਾ ਜਿੱਥੋਂ ਤਕ!” ਫੱਟੇਚੱਕ ਦੇ ਚਿੱਥ ਕੇ ਬੋਲੇ ਇਹ ਬੋਲ ਚੇਤੂ ਦੇ ਗੋਲੀ ਵਾਂਗ ਵੱਜੇ। ਉਹ ਥੋੜ੍ਹਾ ਡੋਲ ਵੀ ਗਿਆ ਸੀ। ਉਹ ਸੋਚਣ ਲੱਗ ਪਿਆ, ‘ਬਲਵੰਤ ਵਰਗੇ ਮਾੜੇ ਬੰਦੇ ਨਾਲ ਕਾਹਦੇ ਪਿੱਛੇ ਵਿਗਾੜਨੀ ਐ! ਗੰਦ ‘ਚ ਪੱਥਰ ਮਾਰਾਂਗੇ, ਛਿੱਟੇ ਈ ਪੈਣਗੇ। ਨਾਲੇ ਗੁਆਂਢੀ ਵੀ ਆਂ। ਸਿਆਣੇ ਕਹਿੰਦੇ ਐæææਗੁਆਂਢੀ ਨਾਲ ਤਾਂ ਬਣਾ ਕੇ ਰੱਖਣੀ ਚਾਹੀਦੀ ਐ! ਨਾਲੇ ਜੇ ਜਿੰਦਰ ‘ਤੇ ਕੇਸ ਪਵਾ ਵੀ ਦਿੱਤਾæææਫੇਰ ਕੀ ਮਿਲ ਜਾਊ? ਖੱਜਲ-ਖੁਆਰ ਤਾਂ ਆਪ ਨੂੰ ਬਰਾਬਰ ਹੋਣਾ ਪਊ। ਕੌਣ ਤਰੀਕਾਂ ਭੁਗਤੇ? ਕੋਈ ਵਕੀਲ ਵੀ ਕਰਨਾ ਪੈਣਾ। ਇੰਜਣ ਦੇ ਮੁੱਲ ਜਿੰਨੇ ਤਾਂ ਵਕੀਲ ਈ ਲੈ ਜਾਊ।’
ਅਜਿਹੀਆਂ ਗੱਲਾਂ ਸੋਚਦਾ ਉਹ ਬਲਵੰਤ ਕੋਲ ਰਾਜ਼ੀਨਾਮੇ ਬਾਰੇ ਹਾਮੀ ਭਰਨ ਦੀ ਸੋਚਦਾ, ਪਰ ਨਾਲ ਹੀ ਮਨਬਚਨੀ ਕਰਦਾ, ‘ਐਂ ਫੇਰ ਸ਼ਰੀਕ ਸੋਚੂæææਡਰ ਗਿਆ ਮੈਥੋਂ। ਮੈਂ ਭਲਾ ਡਰਦਾਂ ਓਹਤੋਂ? ਨਾਲੇ ਮੈਨੂੰ ਇਹਦੇ ਨਾਲ ਕੀæææਚੋਰ ਤਾਂ ਜਿੰਦਰ ਐ।æææਜ਼ੈਲਦਾਰ ਵੀ ਤਾਂ ਨਾਲ ਨੇæææਐਂ ਕੀ ਹੋ ਜਾਊ? ਅੱਜ ਤਾਂ ਯੂਨੀਅਨ ਆਲੇ ਤੇ ਹੋਰ ਪਿੰਡਾਂ ਦੇ ਲੋਕ ਵੀ ਆਉਣਗੇ।æææਦੇਖਦੇ ਆਂ ਕੀ ਬਣਦਾ!’ ਉਹ ਸਿਰ ‘ਤੇ ਪਰਨਾ ਲਪੇਟਦਾ ਘਰੋਂ ਬਾਹਰ ਹੋ ਗਿਆ। ਆਪਣੇ ਪੱਖ ਦੇ ਚਾਰ-ਪੰਜ ਬੰਦੇ ਲੈ ਕੇ ਥਾਣੇ ਵੱਲ ਤੁਰ ਪਿਆ।
ਥਾਣੇ ਕੋਲ ਨੇੜਲੇ ਪਿੰਡਾਂ ਦੇ ਦੁਖੀ ਕਿਸਾਨਾਂ ਤੋਂ ਇਲਾਵਾ ਵੱਡੀ ਖਾਰੀ ਤੋਂ ਆਈਆਂ ਦੋ ਟਰਾਲੀਆਂ ਸਮੇਤ ਲੋਕਾਂ ਦਾ ਕਾਫ਼ੀ ਇਕੱਠ ਹੋ ਗਿਆ ਸੀ। ਯੂਨੀਅਨ ਦੇ ਕਿਸੇ ਵੱਡੇ ਲੀਡਰ ਦੀ ਥਾਂ ਵੱਡੀ ਖਾਰੀ ਦੇ ਹੀ ਦੋ ਵਰਕਰ ਮਿੱਠੂ ਤੇ ਪ੍ਰੀਤਮ ਹੀ ਦਿਖਾਈ ਦੇ ਰਹੇ ਸਨ, ਪਰ ਛੋਟੀ ਖਾਰੀ ਤੋਂ ਜ਼ੈਲਦਾਰਾਂ ਦੀ ਘਾਟ ਇਕੱਠੇ ਹੋਏ ਲੋਕਾਂ ਨੂੰ ਰੜਕਣ ਲੱਗ ਪਈ। ਜਦੋਂ ਮੁੱਦਈ ਧਿਰ ਹੀ ਨਾ ਆਈ ਤਾਂ ਛੋਟੀ ਖਾਰੀ ਤੋਂ ਟਰਾਲੀਆਂ ਭਰ ਕੇ ਕਿਸ ਨੇ ਆਉਣਾ ਸੀ?
ਮਿੱਠੂ ਤੇ ਪ੍ਰੀਤਮ ਨੇ ਆਸੇ-ਪਾਸੇ ਟੋਲੀਆਂ ਵਿਚ ਖੜ੍ਹੇ ਲੋਕਾਂ ਨੂੰ ਥਾਣੇ ਦੇ ਸਾਹਮਣੇ ਇਕੱਠਾ ਕਰ ਲਿਆ। ਪੰਜ-ਸੱਤ ਮਿੰਟ ਦੀ ਜ਼ਿੰਦਾਬਾਦ-ਮੁਰਦਾਬਾਦ ਤੋਂ ਬਾਅਦ ਸਬ-ਇੰਸਪੈਕਟਰ ਤੇ ਹੌਲਦਾਰ ਬਾਹਰ ਆਏ। ਚੇਤੂ ਤੇ ਹੋਰ ਦੁਖੀ ਕਿਸਾਨਾਂ ਦੀ ਗੱਲ ਭੀੜ ਦੇ ਰੌਲੇ-ਰੱਪੇ ਵਿਚ ਸੁਣੀ ਗਈ। ਅਖੀਰ ਸਾਰਿਆਂ ਨੂੰ ਚੁੱਪ ਕਰਾਉਂਦਿਆਂ ਸਬ-ਇੰਸਪੈਕਟਰ ਨੇ ਕਹਿਣਾ ਸ਼ੁਰੂ ਕੀਤਾ, “ਦੇਖੋ ਭਰਾਵੋ! ਅਸੀਂ ਵੀ ਤੁਹਾਡੇ ਵਾਂਗ ਕਿਸਾਨ ਪਰਿਵਾਰਾਂ ‘ਚੋਂ ਈ ਆਂæææ। ਅਸੀਂ ਤੁਹਾਡੀ ਸਾਰੀ ਸਮੱਸਿਆ ਸਮਝਦੇ ਆਂ। ਦੇਖੋ, ਸਰਦਾਰ ਜੀ ਹੁਣ ਮੌਕੇ ‘ਤੇ ਹੈ ਨ੍ਹੀਂ ਥਾਣੇ ‘ਚ æææਪਰ ਮੈਂ ਆਪਣੇ ਵੱਲੋਂ ਤੁਹਾਨੂੰ ਪੂਰਾ ਯਕੀਨ ਦਿਵਾਉਂਦਾ ਹਾਂ ਕਿ ਪੂਰਾ ਇਨਸਾਫ਼ ਦਿਆਵਾਂਗੇ। ਬਸ ਦੋ ਦਿਨ ਹੋਰ ਰੁਕ ਜਾਓæææਭਾਲ ਹੋ ਰਹੀ ਐ ਚੋਰਾਂ ਦੀæææਛੇਤੀ ਫੜੇ ਜਾਣਗੇ। ਪਰਚਾ ਤਾਂ ਤੁਹਾਨੂੰ ਪਤਾ ਈ ਐ ਕਿਹੋ ਜਿਹਾ ਬਣਾਉਂਦਾ ਮੈਂæææਚੋਰ-ਮੋਰੀਆਂ ਨ੍ਹੀਂ ਛੱਡਦਾ। ਤੁਸੀਂ ਮੇਰੇ ਜਾਤ ਭਰਾ ਓæææਇਕੇਰਾਂ ਧਰਨਾ ਚੁੱਕ ਦਿਓ। ਚੋਰਾਂ ਨੂੰ ਫੜ ਕੇ ਮੈਂ ਆਪ ਬੁਲਾਊਂ ਤੁਹਾਨੂੰ! ਠੀਕ ਐ?” ਕਿਸੇ ਆਗੂ ਦੀ ਘਾਟ ਕਾਰਨ ਸਬ-ਇੰਸਪੈਕਟਰ ਦੁਆਰਾ ਲਾਇਆ ਲਾਰਾ ਵਧੀਆ ਕੰਮ ਕਰ ਗਿਆ। ਪਰਨੇ ਝਾੜ ਕੇ ਮੋਢਿਆਂ ‘ਤੇ ਧਰਦੇ ਕਿਸਾਨ ਖਿੰਡ-ਪੁੰਡ ਗਏ।
ਸ਼ਾਮ ਨੂੰ ਵੱਡੀ ਖਾਰੀ ਦੀ ਸੱਥ ਫੇਰ ਜੁੜ ਗਈ।
“ਇਕੇਰਾਂ ਤਾਂ ਬਾਈ ਦੱਬ ‘ਤੀ ਗੱਲ ਪੁਲਿਸ ਨੇ। ਮੋੜ ਦਿੱਤੇ ਜੱਟ ਮਿੱਠੀ ਗੋਲੀ ਦੇ ਕੇ।”
“ਹੋਰ ਬਾਈ ਪੁਲਿਸ ਨੂੰ ਪਤਾ, ਇਕੇਰਾਂ ‘ਕੱਠੇ ਹੋਏ ਨੇ ਖਿੰਡਾ ਦਿਓ ਕਿਵੇਂ ਨਾ ਕਿਵੇਂæææਮੁੜ ਕੇ ਗੰਢ ਬੱਝਦੀ ਨ੍ਹੀਂ ਛੇਤੀ-ਛੇਤੀ।”
“ਜੈਲਦਾਰ-ਜੈਲਦਾਰ ਕਰਦੇ ਸੀæææਧਰਨੇ ‘ਤੇ ਆਏ ਈ ਨ੍ਹੀਂæææਵੱਡੇ ਜੈਲਦਾਰ!”
“ਮੈਂ ਤਾਂ ਸੁਣਿਐæææਕੀਲ ਲਏ ਉਡਣੇ ਸੱਪæææਫੱਟੇਚੱਕ ਨੇæææਤਵੀਆਂ ਨਵੀਆਂ ਦਿਵਾ ਦਿੱਤੀਆਂ!”
“ਫੇਰ ਤਾਂ ਅਗਲਿਆਂ ਨੇ ਟਿਕਣਾ ਈ ਐæææਉਹ ਐਵੇਂ ਪੁਲਿਸ ਦੇ ਮੱਥੇ ਲੱਗਦੇ ਫਿਰਨ!”
“ਤੇ ਯੂਨੀਅਨ ਆਲੇæææ?”
“ਉਹ ਵੀ ਭਰਾਵਾ ਓਥੇ ਜਾਂਦੇ ਨੇ, ਜਿੱਥੇ ਪੀੜਤ ਬੰਦਾ ਆਪ ਬਰਾਬਰ ਖੜ੍ਹੇ। ਏਥੇ ਦੁਖੀਏ ਤਾਂ ਚੁੱਪ ਕਰ ਗਏ ਪੈਸੇ ਲੈ ਕੇ।æææਬਾਹਲਾ ਕੁਝ ਸੋਚਣਾ ਪੈਂਦਾ ਉਨ੍ਹਾਂ ਨੂੰ ਵੀ ਮੋਰਚਾ ਲਾਉਣ ਤੋਂ ਪਹਿਲਾਂ।”
“ਭਾਵੇਂ ਕਿਵੇਂ ਵੀ ਐæææਹੋਈ ਮਾੜੀ ਐ ਚੇਤੂ ਨਾਲ਼ææਜ਼ੈਲਦਾਰਾਂ ਦੇ ਹਟਣ ਨਾਲ ਹੁਣ ਨਾ ਪਰਚਾ ਪੈਣਾ, ਨਾ ਇੰਜਣ ਮਿਲੇ।”
“ਬਾਕੀ ਪੁਲਿਸ ਤਾਂ ਬੰਨ੍ਹੀ ਹੋਈ ਐ ਫੱਟੇਚੱਕ ਨੇ।”
“ਨਾ ਬਾਈ ਇੱਕ ਹੰਭਲਾ ਤਾਂ ਹੋਰ ਮਾਰਾਂਗੇ ਇਕੇਰਾਂ। ਥਾਣੇਦਾਰ ਨਾ ਕਰੂ ਕੁਝ ਤਾਂ ਡਿਪਟੀ ਦੇ ਜਾਵਾਂਗੇ, ਪਰ ਅਜੇ ਦੇਖਦੇ ਆਂ ਦੋ-ਚਾਰ ਦਿਨ।” ਪ੍ਰੀਤਮ ਨੇ ਇੱਕ ਵਾਰ ਸਭ ਚੁੱਪ ਕਰਾ ਦਿੱਤੇ।
“ਇਉਂ ਤਾਂ ਭਰਾਵਾ ਜਦੋਂ ਕਹੇਂਗਾæææਅਸੀਂ ਤਾਂ ਫੇਰ ਪਾ ਲਵਾਂਗੇ ਟਰਾਲੀ ਦੇ ਡਾਲੇ ਨੂੰ ਹੱਥ।”
ਸੱਥ ਦੀ ਚਰਚਾ ਚਲਦੀ ਰਹੀ।
ਜ਼ੈਲਦਾਰਾਂ ਦੇ ਪਿੱਛੇ ਹਟਣ ਨਾਲ ਚੇਤੂ ਵਿਚ ਹੋਰ ਵੀ ਹੀਣਤਾ ਆ ਗਈ। ਧਰਨੇ ਵਿਚ ਭਾਵੇਂ ਹੋਰ ਵੀ ਪਿੰਡਾਂ ਦੇ ਲੋਕ ਆਏ ਸਨ, ਪਰ ਸਾਰੇ ਹੀ ਚੇਤੂ ਦੇ ਮੋਢੇ ‘ਤੇ ਰੱਖ ਕੇ ਨਿਸ਼ਾਨਾ ਵਿੰਨ੍ਹਣਾ ਚਾਹੁੰਦੇ ਸਨ। ਯੂਨੀਅਨ ਵਾਲਿਆਂ ਤੋਂ ਵੀ ਹੁਣ ਕੋਈ ਉਮੀਦ ਨਹੀਂ ਸੀ। ਘਰ ਦੇ ਹਾਲਾਤ ਵੀ ਸਾਥ ਦੇਣ ਤੋਂ ਇਨਕਾਰੀ ਸਨ। ਚੇਤੂ ਨੂੰ ਆਪਣਾ-ਆਪ ਝਾੜੀਆਂ ‘ਚ ਫਸੀ ਬਿੱਲੀ ਵਰਗਾ ਲੱਗਣ ਲੱਗ ਪਿਆ।
ਹਮਦਰਦੀ ਤਾਂ ਸਾਰੇ ਪਿੰਡ ਦੀ ਚੇਤੂ ਦੇ ਨਾਲ ਸੀ, ਪਰ ਉਸ ਨੂੰ ਸਿਰਫ਼ ਪ੍ਰੀਤਮ ਤੇ ਮਿੱਠੂ ਵੱਲੋਂ ਹੀ ਥੋੜ੍ਹੀ-ਬਹੁਤ ਹੱਲਾਸ਼ੇਰੀ ਮਿਲਦੀ ਸੀ। ਧਰਨੇ ਤੋਂ ਚਾਰ-ਪੰਜ ਦਿਨ ਮਗਰੋਂ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਈ। ਦੋਵੇਂ ਵਰਕਰਾਂ ਨੇ ਆਪਣੇ ਯਤਨਾਂ ਨਾਲ ਹੀ ਪਿੰਡਾਂ ਦੇ ਪੰਚਾਂ-ਸਰਪੰਚਾਂ, ਨੰਬਰਦਾਰਾਂ ਤੇ ਹੋਰ ਮੁਲਾਜ਼ਮ-ਮਜ਼ਦੂਰ ਜਥੇਬੰਦੀਆਂ ਸਮੇਤ ਨੇੜਲੇ ਪਿੰਡਾਂ ਦੇ ਮੋਹਤਬਰਾਂ ਨੂੰ ਨਾਲ ਲੈ ਕੇ ਡੀæਐਸ਼ਪੀæ ਨੂੰ ਮਿਲਣ ਦਾ ਪ੍ਰੋਗਰਾਮ ਬਣਾ ਲਿਆ। ਅਣਮੰਨੇ ਮਨ ਨਾਲ ਚੇਤੂ ਵੀ ਉਨ੍ਹਾਂ ਦੇ ਨਾਲ ਤੁਰ ਪਿਆ। ਹੁਣ ਤਕ ਭਾਵੇਂ ਉਸ ਨੂੰ ਮਹਿਸੂਸ ਹੋ ਚੁੱਕਾ ਸੀ ਕਿ ਜਦੋਂ ਮੁੱਦਈ ਧਿਰਾਂ ਪਿੱਛੇ ਰਹਿ ਜਾਣ ਤਾਂ ਜਥੇਬੰਦੀਆਂ ਦੀਆਂ ਚਾਰਾਜੋਈਆਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ।
ਇੱਥੇ ਇਕੱਠੇ ਹੋਏ ਸਾਰੇ ਲੋਕ ਚੇਤੂ ਲਈ ਨਵੇਂ ਚਿਹਰੇ ਸਨ। ਡੀæਐਸ਼ਪੀæ ਦੇ ਬੁਲਾਉਣ ‘ਤੇ ਉਹ ਸਭ ਦਫ਼ਤਰ ਅੰਦਰ ਲੰਘ ਗਏ। ਅਫ਼ਸਰ ਦੀ ਕੁਰਸੀ ਦੇ ਸਾਹਮਣੇ ਪਏ ਵੱਡੇ ਮੇਜ਼ ਦੁਆਲੇ ਚਾਰ-ਪੰਜ ਕੁਰਸੀਆਂ ‘ਤੇ ਪ੍ਰੀਤਮ, ਮਿੱਠੂ ਤੇ ਕੁਝ ਹੋਰ ਮੋਹਤਬਰ ਬੰਦੇ ਬੈਠ ਗਏ। ਬਾਕੀ ਉਨ੍ਹਾਂ ਕੁਰਸੀਆਂ ਦੀਆਂ ਬਾਹਾਂ ਤੇ ਢੋਅ ਆਦਿ ਦਾ ਸਹਾਰਾ ਲੈ ਕੇ ਖੜ੍ਹ ਗਏ।
“ਹਾਂ ਜੀ ਪ੍ਰੀਤਮ ਸਿੰਘ ਜੀ, ਹੁਕਮ ਕਰੋ!” ਡਿਪਟੀ ਨੇ ਉਸ ਨੂੰ ਨਾਮ ਲੈ ਕੇ ਬੁਲਾਇਆ।
“ਜੀ ਸਮੱਸਿਆ ਲੈ ਕੈ ਆਏ ਆਂ ਇੱਕæææ!”
“ਸਮੱਸਿਆ ਤਾਂ ਜਿਹੜੀ ਵੀ ਹੈ, ਸੁਣਾਂਗੇ ਈ ਤੁਹਾਡੀ। ਪਹਿਲਾਂ ਜਾਣ-ਪਛਾਣ ਨਾ ਹੋ ਜਾਏ ਸਾਰਿਆਂ ਦੀ?” ਪ੍ਰੀਤਮ ਦੀ ਗੱਲ ਕੱਟਦਿਆਂ ਡਿਪਟੀ ਬੋਲਿਆ।
ਚੇਤੂ ਨੂੰ ਅਫ਼ਸਰ ਦਾ ਅੰਦਾਜ਼, ਗੱਲ ਦੀ ਗੰਭੀਰਤਾ ਘੱਟ ਕਰਨ ਵਾਲਾ ਲੱਗਿਆ।
ਡਿਪਟੀ ਨੇ ਭਰਵੱਟੇ ਹਿਲਾ ਕੇ ਮਿੱਠੂ ਵੱਲ ਇਸ਼ਾਰਾ ਕੀਤਾ, “ਹੂੰਅ?”
“ਜੀ ਮਿੱਠੂ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ।”
“ਠੀਕ।” ਕਹਿ ਨਾਲ ਹੀ ਬੈਠੇ ਦੂਜੇ ਬੰਦੇ ਵੱਲ ਡਿਪਟੀ ਝਾਕਿਆ।
“ਜੀ ਸੇਵਕ ਸਿੰਘ, ਪੰਚਾਇਤ ਮੈਂਬਰ ਹਰਰਾਇਪੁਰ।”
“ਹੂੰਅ।” ਡਿਪਟੀ ਦੇ ਇਸ਼ਾਰੇ ਨਾਲ ਤੀਜਾ ਬੋਲਿਆ, “ਗੁਰਦੀਪ ਸਿੰਘ, ਸਾਬਕਾ ਸਰਪੰਚ ਸ਼ੇਰਗੜ੍ਹ।”
ਇਸ ਤੋਂ ਬਾਅਦ ਡਿਪਟੀ ਦੇ ਬਿਨਾਂ ਕੁਝ ਬੋਲੇ ਸਿਰਫ਼ ਅੱਖਾਂ ਘੁਮਾਉਣ ਨਾਲ ਹੀ ਅਗਲੇ ਬੰਦੇ ਆਪਣੀ ਪਛਾਣ ਦੱਸਣ ਲੱਗ ਪਏ।
“ਗਮਦੂਰ ਸਿੰਘ ਸੰਧੂ, ਬਲਾਕ ਸਕੱਤਰ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ।”
“ਐਮæਕੇæ ਜਿੰਦਲ, ਸੈਕਟਰੀ ਇੰਪਲਾਈਜ਼ ਫੈਡਰੇਸ਼ਨ।”
“ਜਗਤਾਪ ਸ਼ਰਮਾ, ਪ੍ਰਧਾਨ ਕਾਂਵੜ ਸੇਵਾ ਸੰਮਤੀ।”
ਕੋਈ ਪ੍ਰਧਾਨ, ਕੋਈ ਸੈਕਟਰੀ, ਮੈਂਬਰ, ਸਰਪੰਚ ਦੀ ਜਾਣ-ਪਛਾਣ ਸੁਣ ਕੇ ਚੇਤੂ ਨੂੰ ਉਨ੍ਹਾਂ ਖ਼ਾਸ ਬੰਦਿਆਂ ਵਿਚ ਆਪਣਾ-ਆਪ ਹੀਣਾ ਜਿਹਾ ਮਹਿਸੂਸ ਹੋਣ ਲੱਗ ਪਿਆ। ਫਿਰ ਵੀ ਉਸ ਨੂੰ ਲੱਗਿਆ ਕਿ ਬਾਕੀ ਰਹਿੰਦੇ ਬੰਦੇ, ਸ਼ਾਇਦ ਉਸ ਵਰਗੇ ਹੋਣ। ਡਿਪਟੀ ਨੇ ਦਾੜ੍ਹੀ ਬੰਨ੍ਹੀ ਵਾਲੇ ਕੱਦਾਵਰ ਬੰਦੇ ਵੱਲ ਇਸ਼ਾਰਾ ਕੀਤਾ।
“ਜਨਾਬ! ਸੁਰਿੰਦਰਪਾਲ ਸਿੰਘ ਸਰਾਂ, ਰਿਟਾਇਰਡ ਸੂਬੇਦਾਰ, ਬਲਾਕ ਪ੍ਰੈਜ਼ੀਡੈਂਟ ਸਾਬਕਾ ਸੈਨਿਕ ਮੰਡਲ।”
“ਦਲਵੀਰ ਸਿੰਘ, ਪ੍ਰੈਸ ਸਕੱਤਰ ਯੁਵਕ ਭਲਾਈ ਕਲੱਬ।”
ਚੇਤੂ ਸੋਚੀਂ ਪੈ ਗਿਆ। ਉਹ ਆਪਣੇ-ਆਪ ਨੂੰ ਕੀ ਕਹਿ ਕੇ ਡਿਪਟੀ ਨੂੰ ਪਛਾਣ ਦੱਸੇਗਾ? ਉਹ ਤਾਂ ਆਪਣਾ ਇੰਜਣ ਚੋਰੀ ਹੋਣ ਬਾਰੇ ਸ਼ਿਕਾਇਤ ਕਰਨ ਆਇਆ ਹੈ, ਪਰ ਹਾਲੇ ਵਿਚਕਾਰ ਦੋ ਬੰਦੇ ਬਾਕੀ ਰਹਿੰਦੇ ਸਨ। ਹੋ ਸਕਦਾ, ਉਨ੍ਹਾਂ ਵਿਚੋਂ ਹੀ ਕੋਈ ਉਸ ਵਰਗਾ ਪੀੜਤ ਹੋਵੇ!
ਉਹ ਵੀ ਆਪਣੀ ਪਛਾਣ ਡਿਪਟੀ ਨੂੰ ਦੱਸ ਗਏ- “ਸੁਰਿੰਦਰ ਕੁਮਾਰ, ਸਹਾਰਾ ਜਨਸੇਵਾ ਕਲੱਬ।”
ਚੇਤੂ ਦੀ ਨੀਵੀਂ ਪੈ ਗਈ। ਉਸ ਨੂੰ ਫਿਰ ਵੀ ਲੱਗਿਆ ਕਿ ਨਾਲ ਸਿਰ ‘ਤੇ ਪਰਨਾ ਵਲ੍ਹੇਟੀ ਖੜ੍ਹਾ ਇਹ ਬੰਦਾ ਜ਼ਰੂਰ ਦਰਦਮੰਦ ਹੋਵੇਗਾ। ਅਫ਼ਸਰ ਦੇ ਇਸ਼ਾਰੇ ‘ਤੇ ਉਹ ਬੋਲਿਆ, “ਜੀ ਫਿੱਡੂ ਸਿੰਘ, ਪ੍ਰਧਾਨ ਖੇਤ-ਮਜ਼ਦੂਰ ਯੂਨੀਅਨ।”
ਚੇਤੂ ਦੀ ਵਾਰੀ ਆ ਗਈ। ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਉਹ ਸੋਚੀਂ ਪਿਆ ਨੀਵੀਂ ਪਾਈ ਖੜ੍ਹਾ ਰਿਹਾ। “ਹਾਂ ਬਈæææਆਪਾਂ?” ਅਫ਼ਸਰ ਦੀ ਭਾਰੀ ਤੇ ਉਚੀ ਆਵਾਜ਼ ਨਾਲ ਚੇਤੂ ਤ੍ਰਬਕਿਆ, “ਜੀ ਮੈਂæææਮੈਂ ਤਾਂ ਜੀæææਕੁਝ ਵੀ ਨ੍ਹੀਂ!”
ਪੰਚਾਂ, ਸਰਪੰਚਾਂ, ਪ੍ਰਧਾਨਾਂ, ਸਕੱਤਰਾਂ ‘ਚ ਘਿਰੇ ਖੜ੍ਹੇ ਚੇਤੂ ਤੋਂ ਅੱਗੇ ਬੋਲਿਆ ਨਾ ਗਿਆ, ਜਿਵੇਂ ਉਸ ਨੇ ਆਪਣੀ ਮਨਫ਼ੀ ਹੋ ਚੁੱਕੀ ਹੋਂਦ ਨੂੰ ਸਵੀਕਾਰ ਕਰ ਲਿਆ ਹੋਵੇ।