ਸਿਆਸੀ ਸਬਕਾਂ ਵਾਲਾ ਫਿਲਮਸਾਜ਼ ਸੁਧੀਰ ਮਿਸ਼ਰਾ

ਕੁਲਦੀਪ ਕੌਰ
ਯੇ ਦਾਗ-ਦਾਗ ਉਜਾਲਾ,
ਯੇ ਸਬਕਜ਼ਦਾ ਸਹਰ,
ਕਿ ਇੰਤਜ਼ਾਰ ਥਾ ਜਿਸ ਕਾ,
ਯੇ ਵੋ ਸਹਰ ਤੋਂ ਨਹੀਂæææ
ਫੈਜ਼ ਅਹਿਮਦ ਫੈਜ਼ ਦੀ ਮੁਲਕ ਦੀ ਆਜ਼ਾਦੀ ਦੇ ਖੋਖਲੇਪਣ ਬਾਰੇ ਲਿਖੀ ਇਸ ਜਜ਼ਬਾਤੀ ਨਜ਼ਮ ਨੂੰ ਸਿਨੇਮਈ ਸਕਰੀਨ ‘ਤੇ ਨਿਰਦੇਸ਼ਕ ਸੁਧੀਰ ਮਿਸ਼ਰਾ ਨੇ ਸਾਕਾਰ ਕੀਤਾ। ‘ਯੇ ਵੋਹ ਮੰਜ਼ਿਲ ਤੋ ਨਹੀਂ’ (1987) ਫਿਲਮ ਦਾ ਕਥਾਨਿਕ ਤਿੰਨ ਬਜ਼ੁਰਗ ਦੋਸਤਾਂ ਦੁਆਲੇ ਘੁੰਮਦਾ ਹੈ ਜਿਹੜੇ ਜਦੋਂ ਦਹਾਕਿਆਂ ਤੋਂ ਬਾਅਦ ਮਿਲਦੇ ਹਨ ਤਾਂ ਮਹਿਸੂਸ ਕਰਦੇ ਹਨ ਕਿ ਆਜ਼ਾਦੀ ਦੀ ਜਿਸ ਤਾਂਘ ਦੀ ਲੋਅ ਵਿਚ ਉਨ੍ਹਾਂ ਦੀ ਜਵਾਨੀ ਖਰਚ ਹੋਈ ਸੀ, ਉਹ ਅਜੇ ਤੱਕ ਆਵਾਮ ਦੇ ਵਿਹੜਿਆਂ ਤੱਕ ਨਹੀਂ ਪਹੁੰਚੀ। ਉਨ੍ਹਾਂ ਦੀ ਗੱਲਬਾਤ ਉਨ੍ਹਾਂ ਸੁਪਨਿਆਂ, ਜਜ਼ਬਾਤ, ਸੰਘਰਸ਼ਾਂ ਅਤੇ ਰੰਜ਼ ਦੁਆਲੇ ਘੁੰਮਦੀ ਹੈ ਜਿਹੜੇ ਉਨ੍ਹਾਂ ਨੂੰ ਦਿਨ-ਰਾਤ ਟਿਕਣ ਨਹੀਂ ਦਿੰਦੇ।

ਫਿਲਮ ਵਿਚ ਨਾਟਕਕਾਰ ਹਬੀਬ ਤਨਵੀਰ, ਮਨੋਹਰ ਸਿੰਘ, ਬੀæਐਨ ਸ਼ਾਹ, ਪੰਕਜ ਕਪੂਰ, ਨਸੀਰੂਦੀਨ ਸ਼ਾਹ ਤੇ ਸ਼ੁਸਮਿਤਾ ਮੁਖਰਜੀ ਮੁੱਖ ਭੂਮਿਕਾਵਾਂ ਵਿਚ ਸਨ। ਫਿਲਮ ਦੇ ਸਾਰੇ ਕਿਰਦਾਰਾਂ ਦੀ ਆਪਣੀ ਜ਼ਿੰਦਗੀ ਵੀ ਘੱਟ ਦਿਲਚਸਪ ਨਹੀਂ, ਪਰ ਉਨ੍ਹਾਂ ਦੀ ਦਿਲਚਸਪੀ ਦਾ ਕੇਂਦਰ ਬਿੰਦੂ ਆਵਾਮ ਦੇ ਮਸਲੇ ਹਨ। ਇਹ ਮਸਲੇ ਨਾ ਸਿਰਫ ਉਨ੍ਹਾਂ ਦੀ ਬੇਗਰਜ ਦੋਸਤੀ ਦਾ ਆਧਾਰ ਹਨ ਸਗੋਂ ਉਨ੍ਹਾਂ ਅੱਗੇ ਨਵੇਂ ਸਵਾਲ ਵੀ ਪੈਦਾ ਕਰਦੇ ਹਨ। ਰੇਲਗੱਡੀ ਦਾ ਸਫਰ ਉਨ੍ਹਾਂ ਨੂੰ ਮਸਲਿਆਂ ਪ੍ਰਤੀ ਸੋਚ ਲਈ ਮੁਹਾਜ਼ ਮਹੁੱਈਆ ਕਰਵਾਉਂਦਾ ਹੈ। ਸਫਰ ਦਾ ਅਰਥ ਨਵੇਂ ਸਫਰ ਦੀ ਤਲਾਸ਼ ਵਿਚ ਨਿਕਲਦਾ ਹੈ।
ਇਹ ਫਿਲਮ ਸੁਧੀਰ ਮਿਸ਼ਰਾ ਵੱਲੋਂ ਨਿਰਦੇਸ਼ਤ ਪਹਿਲੀ ਫਿਲਮ ਸੀ, ਸ਼ਾਇਦ ਇਸੇ ਕਾਰਨ ਉਨ੍ਹਾਂ ਦੇ ਦਿਲ ਦੇ ਨਜ਼ਦੀਕ ਵੀ ਸੀ। ਫਿਲਮ ‘ਚੋਂ ਉਨ੍ਹਾਂ ਦੀ ਸਮਾਜਕ ਸਮਝ ਅਤੇ ਵਿਚਾਰਧਾਰਕ ਪੇਚੀਦਗੀ ਨੂੰ ਸਮਝਿਆ ਜਾ ਸਕਦਾ ਹੈ। ਉਨ੍ਹਾਂ ਅਨੁਸਾਰ ਭਾਰਤੀ ਫਿਲਮ ਸਨਅਤ ਵਿਚ ਮਾੜੀਆਂ ਫਿਲਮਾਂ ਬਣਾਉਣ ਦਾ ਰੁਝਾਨ ਨਿਰਮਾਤਾਵਾਂ ਦੀ ਮੁੱਦਿਆਂ ਦੀ ਸਮਝ ਬਾਰੇ ਅਨਪੜ੍ਹਤਾ ਨਾਲ ਜੁੜਿਆ ਹੋਇਆ ਹੈ। ਜ਼ਿਆਦਾਤਰ ਨਿਰਮਾਤਾਵਾਂ ਲਈ ਫਿਲਮਾਂ ਬਣਾਉਣਾ ਪੈਸੇ ਤੋਂ ਪੈਸਾ ਬਣਾਉਣ ਵਾਲਾ ਕਾਰੋਬਾਰ ਹੈ। ਬਹੁਤਿਆਂ ਨੂੰ ਫਿਲਮ ਦੀ ਪਟਕਥਾ ਹੀ ਸਮਝ ਨਹੀਂ ਆਉਂਦੀ। ਇਸ ਤਰ੍ਹਾਂ ਮਾੜੀਆਂ ਫਿਲਮਾਂ ਬਣਦੀਆਂ ਰਹਿੰਦੀਆਂ ਹਨ ਤੇ ਚੰਗੀਆਂ ਫਿਲਮਾਂ ਬਣਾਉਣ ਵਾਲਿਆਂ ਦੀ ਜੱਦੋ-ਜਹਿਦ ਕਿਸੇ ਕੰਢੇ ਨਹੀਂ ਲੱਗਦੀ। ਇੱਕ ਵੱਖਰੇ ਇੰਟਰਵਿਊ ਵਿਚ ਸੁਧੀਰ ਮਿਸ਼ਰਾ ਦਰਸ਼ਕਾਂ ਦੁਆਰਾ ਚੰਗੀਆਂ ਫਿਲਮਾਂ ਦੀ ਬਜਾਇ ਮਾੜੀਆਂ ਫਿਲਮਾਂ ਨੂੰ ਤਰਜੀਹ ਦੇਣ ਨੂੰ ਹੈਰਾਨੀਜਨਕ ਮੰਨਦੇ ਹਨ।
ਇਸ ਫਿਲਮ ਵਿਚ ਸੁਧੀਰ ਮਿਸ਼ਰਾ ਦਰਸ਼ਕਾਂ ਅੱਗੇ ਉਸ ਪੀੜ੍ਹੀ ਦੀ ਬਾਤ ਪਾਉਂਦਾ ਹੈ ਜਿਹੜੀ ਆਜ਼ਾਦੀ ਸੰਗਰਾਮ ਦੇ ਆਦਰਸ਼ਾਂ ਨੂੰ ਪ੍ਰਨਾਈ ਆਖਰੀ ਪੀੜ੍ਹੀ ਹੈ। ਇਸ ਪੀੜ੍ਹੀ ਦੀ ਆਪਣੀ ਕਿਸਮ ਦੀ ਮਾਸੂਮੀਅਤ ਹੈ ਜਿਹੜੀ ਕੁਹਜ ਨੂੰ ਪਸੰਦ ਨਹੀਂ ਕਰਦੀ; ਆਪਣੀ ਕਿਸਮ ਦੀ ਸਾਦਗੀ ਹੈ ਜਿਹੜੀ ਫਕੀਰਾਂ ਵਾਂਗ ਸਾਰਿਆਂ ਨੂੰ ਸੁਖੀ ਵਸਣ ਦਾ ਵਰ ਦਿੰਦੀ ਹੈ; ਆਪਣੀ ਤਰ੍ਹਾਂ ਦੀ ਜ਼ਿਦ ਹੈ ਜਿਹੜੀ ਭੁੱਖ-ਨੰਗ ਤੇ ਜ਼ਲਾਲਤ ਨੂੰ ਨਫਰਤ ਕਰਦੀ ਹੈ। ਇਹ ਪੀੜ੍ਹੀ ਆਪਣੇ ਕੌਲ-ਕਰਾਰ ਨਿਭਾਉਣੇ ਜਾਣਦੀ ਹੈ; ਦਿੱਤੀਆਂ ਜ਼ੁਬਾਨਾਂ ਲਈ ਸਿਰ ਦੇ ਸਕਦੀ ਹੈ। ਸੁਧੀਰ ਮਿਸ਼ਰਾ ਉਸ ਪੀੜ੍ਹੀ ਦੀ ਜ਼ਿੰਦਗੀ ਨੂੰ ਕਵਿਤਾ ਦਾ ਲਕਬ ਦਿੰਦਿਆਂ ਆਖਦੇ ਹਨ ਕਿ ਇਹ ਕਵਿਤਾ ਅਗਲੀਆਂ ਪੀੜ੍ਹੀਆਂ ਨੂੰ ਹਰ ਹਾਲ ਸੁਣਾਈ ਜਾਣੀ ਚਾਹੀਦੀ ਹੈ।
ਸੁਧੀਰ ਮਿਸ਼ਰਾ ਉਤੇ ਆਪਣੇ ਹਿਸਾਬਦਾਨ ਪਿਤਾ ਦਵਿੰਦਰਨਾਥ ਮਿਸ਼ਰਾ ਦਾ ਪ੍ਰਤੱਖ ਪ੍ਰਭਾਵ ਹੈ। ਉਹ ਲਖਨਊ ਫਿਲਮ ਸੁਸਾਇਟੀ ਦੇ ਸੰਸਥਾਪਕ ਸਨ। ਜਦੋਂ ਫਿਲਮ ਤੇ ਟੀæਵੀ ਸੰਸਥਾ ਪੁਣੇ ਵਿਚ ਫਿਲਮ ਸਿੱਖਣ ਲਈ ਉਨ੍ਹਾਂ ਦੇ ਭਰਾ ਸੁਧਾਂਸ਼ੂ ਮਿਸ਼ਰਾ ਦੀ ਚੋਣ ਹੋਈ ਤਾਂ ਦੋਹਾਂ ਭਰਾਵਾਂ ਵਿਚਕਾਰ ਇਕ ਸਮਝੌਤਾ ਹੋਇਆ ਕਿ ਅਗਲੇ ਸਾਲਾਂ ਵਿਚ ਸੁਧੀਰ ਮਿਸ਼ਰਾ ਉਸ ਨੂੰ ਫਿਲਮਾਂ ਦਾ ਸੰਪਾਦਨ ਸਿਖਾਏਗਾ ਅਤੇ ਬਦਲੇ ਵਿਚ ਸੁਧਾਂਸ਼ੂ ਉਸ ਨੂੰ ਆਪਣਾ ਸਿਲੇਬਸ ਪੜ੍ਹਾਉਣਗੇ। ਇਉਂ ਦੋਹਾਂ ਭਰਾਵਾਂ ਨੇ ਆਪੋ-ਆਪਣੇ ਖੇਤਰ ਵਿਚ ਨਾਮ ਕਮਾਇਆ।
ਸੁਧੀਰ ਮਿਸ਼ਰਾ ਦੀਆਂ ਸਾਰੀਆਂ ਫਿਲਮਾਂ ਲੀਹ ਤੋਂ ਹਟਵੀਆਂ ਹਨ। ਉਨ੍ਹਾਂ ਦਾ ਸਿਨੇਮਾ ਸਿਆਸੀ ਸਬਕਾਂ ਦਾ ਸਿਨੇਮਾ ਹੈ। ਫਿਲਮਾਂ ਦੇ ਨਾਵਾਂ ਅਤੇ ਵਿਸ਼ਿਆਂ ਦਾ ਫਿਲਮਾਂਕਣ ਫਾਰਮੂਲਾ ਆਧਾਰਿਤ ਫਿਲਮਾਂ ਦੀ ਸਿਆਸਤ ਨੂੰ ਰੱਦ ਕਰਦਾ ਹੈ। ਇਹ ਆਪਣੀ ਕਿਸਮ ਦੀ ਸਿਆਸੀ ਪਾਲਾਬੰਦੀ ਹੈ ਜਿਸ ਨੂੰ ਸੁਧੀਰ ਮਿਸ਼ਰਾ ਨੇ ਹਰ ਨਵੀਂ ਫਿਲਮ ਨਾਲ ਹੋਰ ਮਜ਼ਬੂਤ ਕੀਤਾ ਹੈ। ‘ਯੇ ਵੋਹ ਮੰਜ਼ਿਲ ਤੋਂ ਨਹੀਂ’ ਦਾ ਅਗਲਾ ਪੰਨਾ ‘ਹਜ਼ਾਰੋ ਖਵਾਹਿਸ਼ੇਂ ਐਸੀ’ ਉਤੇ ਜਾ ਕੇ ਖੁੱਲ੍ਹਦਾ ਹੈ। ਇਹ ਸ਼ਾਇਦ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਫੈਜ਼ ਉਸ ਨੂੰ ਆਵਾਜ਼ ਮਾਰਦਾ ਰਹੇਗਾ:
ਚਲੇ ਚਲੋ ਕਿ ਵੋਹ ਮੰਜ਼ਿਲ
ਅਭੀ ਨਹੀਂ ਆਈ।