ਸ਼੍ਰੋਮਣੀ ਅਕਾਲੀ ਦਲ ਦੀਆਂ ਸਦਭਾਵਨਾ ਰੈਲੀਆਂ ਮੁੱਕ ਗਈਆਂ ਹਨ, ਪਰ ਇਸ ਦੇ ਲੀਡਰਾਂ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਜਿਉਂ ਦੀਆਂ ਤਿਉਂ ਕਾਇਮ ਹਨ। ਅਜੇ ਪਹਿਲੇ ਝਟਕਿਆਂ ਤੋਂ ਸੱਤਾਧਾਰੀ ਅਕਾਲੀ ਦਲ ਸੰਭਲਿਆ ਨਹੀਂ ਸੀ ਕਿ ਗੁਰਮੀਤ ਸਿੰਘ ਪਿੰਕੀ ਨੇ ਝੂਠੇ ਪੁਲਿਸ ਮੁਕਾਬਲਿਆਂ ਦੀ ਤਫਸੀਲ ਦੱਸ ਕੇ, ਕੱਲ੍ਹ ਤੱਕ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਦੇ ਖਾਸਮਖਾਸ ਰਹੇ ਪੁਲਿਸ ਅਫਸਰ ਸੁਮੇਧ ਸੈਣੀ ਨੂੰ ਕਟਹਿਰੇ ਵਿਚ ਖੜ੍ਹ ਕਰ ਦਿੱਤਾ ਹੈ।
ਇਹ ਉਹੀ ਪੁਲਿਸ ਅਫਸਰ ਹੈ ਜਿਸ ਦੇ ਪੰਜਾਬ ਪੁਲਿਸ ਦਾ ਮੁਖੀ ਬਣਦਿਆਂ ਹੀ ਉਸ ਨੂੰ ਹਟਾਉਣ ਦੀ ਮੰਗ ਮਨੁੱਖੀ ਅਧਿਕਾਰਾਂ ਲਈ ਜੂਝ ਰਹੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਨੇ ਕੀਤੀ ਸੀ, ਪਰ ਚੜ੍ਹਤ ਦੇ ਦਿਨਾਂ ਵਿਚ ਬਾਦਲਾਂ ਨੇ ਕਿਸੇ ਦੀ ਵੀ ਨਾ ਸੁਣੀ। ਫਿਰ ਜਦੋਂ ਬਾਦਲ, ਸਿਰਸਾ ਡੇਰੇ ਨੂੰ ਮੁਆਫੀ ਅਤੇ ਪਾਵਨ ਬੀੜਾਂ ਦੀ ਬੇਅਦਬੀ ਵਾਲੇ ਮਾਮਲਿਆਂ ਵਿਚ ਬੁਰੀ ਤਰ੍ਹਾਂ ਘਿਰ ਗਏ ਤਾਂ ਕਿਤੇ ਜਾ ਕੇ ਇਸ ਅਫਸਰ ਨੂੰ ਲਾਂਭੇ ਕੀਤਾ ਗਿਆ। ਅਸਲ ਵਿਚ ਜਿਸ ਤਰ੍ਹਾਂ ਗੁਰਮੀਤ ਸਿੰਘ ਪਿੰਕੀ ਨੂੰ ਖਾੜਕੂਆਂ ਨੂੰ ਫੜਾਉਣ ਤੇ ਮਰਵਾਉਣ ਦਾ ਇਨਾਮ ਦੇ ਕੇ ਪੁਲਿਸ ਇੰਸਪੈਕਟਰ ਦੇ ਅਹੁਦੇ ਨਾਲ ਨਿਵਾਜਿਆ ਗਿਆ ਸੀ, ਐਨ ਉਸੇ ਤਰ੍ਹਾਂ ਸੁਮੇਧ ਸੈਣੀ ਨੂੰ ਸੀਨੀਅਰ ਅਫਸਰਾਂ ਦੀ ਅਣਦੇਖੀ ਕਰ ਕੇ ਪੰਜਾਬ ਪੁਲਿਸ ਦੇ ਮੁਖੀ ਦਾ ਅਹੁਦਾ ਬਖਸ਼ਿਆ ਗਿਆ ਸੀ। ਨਿਵਾਜੇ ਜਾਣ ਦੀ ਇਹ ਲੜੀ ਕਦੀ ਟੁੱਟੀ ਨਹੀਂ। ਇਸੇ ਲੜੀ ਵਿਚ ਹੁਣ ਦੋ ਹੋਰ ਨਾਂ ਸਾਹਮਣੇ ਆ ਗਏ ਹਨ। ਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ਦੂਜਾ ਹੈ ਸ਼ਿਵ ਲਾਲ ਡੋਡਾ। ਦੋਵੇਂ ਅਕਾਲੀ ਦਲ ਦੇ ਪ੍ਰਧਾਨ ਦੇ ਨੇੜਲਿਆਂ ਵਿਚ ਗਿਣੇ ਜਾਂਦੇ ਹਨ। ਔਰਬਿਟ ਬੱਸ ਕਾਂਡ ਤੋਂ ਬਾਅਦ ਜਦੋਂ ਬਾਦਲਾਂ ਖਿਲਾਫ ਰੋਹ ਦੇ ਭਾਂਬੜ ਉਠੇ ਸਨ ਅਤੇ ਬਾਦਲਾਂ ਦੀਆਂ ਬੱਸਾਂ ਸੜਕਾਂ ਤੋਂ ਲਾਹ ਦਿੱਤੀਆਂ ਗਈਆਂ ਸਨ ਤਾਂ ਉਦੋਂ ਸਭ ਤੋਂ ਵੱਧ ਇਮਦਾਦ ਡਿੰਪੀ ਢਿੱਲੋਂ ਨੇ ਹੀ ਕੀਤੀ ਸੀ। ਉਸ ਦੀ ਬੱਸ ਕੰਪਨੀ ਨਿਊ ਦੀਪ ਬੱਸ ਸਰਵਿਸ ਦੇ ਕਾਰਿੰਦਿਆਂ ਨੇ ਅੰਦੋਲਨ ਦੀ ਅਗਵਾਈ ਕਰ ਰਹੇ ਵਿਦਿਆਰਥੀ ਆਗੂਆਂ ਉਤੇ ਵਧੀਕੀਆਂ ਦੀ ਵਾਛੜ ਕੀਤੀ ਸੀ। ਹੁਣ ਇਸੇ ਬੱਸ ਕੰਪਨੀ ਦੀ ਬੱਸ ਨੇ ਇਕ ਨੰਨ੍ਹੀ ਬੱਚੀ ਦੀ ਜਾਨ ਲੈ ਲਈ ਅਤੇ ਜਦੋਂ ਲੋਕਾਂ ਨੇ ਇਨਸਾਫ ਖਾਤਰ ਧਰਨਾ ਲਾਇਆ ਤਾਂ ਪੁਲਿਸ ਕੁੜੀ ਦੀ ਲਾਸ਼ ਧੂਹ ਕੇ ਲੈ ਗਈ। ਇਸੇ ਤਰ੍ਹਾਂ ਦਾ ਮਾਮਲਾ ਸ਼ਿਵ ਲਾਲ ਡੋਡਾ ਦਾ ਹੈ, ਜਿਸ ਦਾ ਸ਼ਰਾਬ ਦਾ ਕਾਰੋਬਾਰ ਹੈ। ਇਹ ਬੰਦਾ ਪੈਸੇ ਅਤੇ ਪਾਵਰ ਦੇ ਜ਼ੋਰ ਅਕਾਲੀ ਦਲ ਦਾ ਆਗੂ ਬਣਿਆ। ਇਸ ਨੇ 2012 ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਬੋਹਰ ਹਲਕੇ ਤੋਂ ਭਾਜਪਾ ਕੋਲੋਂ ਟਿਕਟ ਮੰਗੀ ਸੀ, ਪਰ ਇਨਕਾਰ ਹੋ ਜਾਣ ‘ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ, ਪਰ ਸੁਨੀਲ ਜਾਖੜ ਹੱਥੋਂ ਹਾਰ ਗਿਆ। ਉਦੋਂ ਇਸ ਹਲਕੇ ਵਿਚ ਭਾਜਪਾ ਅਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਦੀ ਤਾਂ ਜ਼ਮਾਨਤ ਵੀ ਜ਼ਬਤ ਹੋ ਗਈ ਸੀ। ਇਸ ਤੋਂ ਛੇਤੀ ਹੀ ਬਾਅਦ ਡੋਡਾ ਨੂੰ ਅਕਾਲੀ ਦਲ ਦੇ ਹਲਕਾ ਇੰਚਾਰਜ ਦਾ ਅਹੁਦਾ ਮਿਲ ਗਿਆ ਅਤੇ ਉਸ ਦੀ ਗਿਣਤੀ ਸੁਖਬੀਰ ਦੇ ਨੇੜਲਿਆਂ ਵਿਚ ਹੋਣ ਲੱਗ ਪਈ।
ਇਨ੍ਹਾਂ ਘਟਨਾਵਾਂ ਤੋਂ ਅੱਜ ਦੇ ਪੰਜਾਬ ਦੇ ਸਿਆਸੀ, ਸਮਾਜਕ, ਆਰਥਿਕ ਤੇ ਧਾਰਮਿਕ ਪੱਖ ਉਜਾਗਰ ਹੁੰਦੇ ਹਨ ਅਤੇ ਇਹ ਸੂਹ ਵੀ ਲਗਦੀ ਹੈ ਕਿ 21ਵੀਂ ਸਦੀ ਦੇ ਦੂਜੇ ਦਹਾਕੇ ਵਿਚੋਂ ਲੰਘ ਰਿਹਾ ਪੰਜਾਬ ਕਿਸ ਪਾਸੇ ਜਾ ਰਿਹਾ ਹੈ। ਬਾਦਲਾਂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿਚ ਸਰਕਾਰ ਚਲਾਉਂਦਿਆਂ ਦਸ ਸਾਲ ਹੋ ਚੱਲੇ ਹਨ। ਇਸ ਸਮੇਂ ਦੌਰਾਨ ਕੋਈ ਦਿਨ-ਮਹੀਨਾ-ਸਾਲ ਅਜਿਹਾ ਨਹੀਂ ਲੰਘਿਆ ਹੋਣਾ ਜਦੋਂ ਸੱਤਾ ਧਿਰ ਦੀਆਂ ਤੱਦੀਆਂ ਜੱਗ-ਜ਼ਾਹਿਰ ਨਾ ਹੋਈਆਂ ਹੋਣ। ਹੋਰ ਤਾਂ ਹੋਰ ਫੈਡਰਲ ਢਾਂਚੇ ਅਤੇ ਸੂਬਿਆਂ ਨੂੰ ਵੱਧ ਅਧਿਕਾਰਾਂ ਦਾ ਮੁੱਦਾ ਉਠਾਉਣ ਦੇ ਦਾਅਵੇ ਕਰਨ ਵਾਲੇ ਬਾਦਲ, ਹਰਿਆਣਾ ਦੇ ਸਿੱਖਾਂ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਸੌਂਪਣ ਤੋਂ ਵੀ ਇਨਕਾਰੀ ਹੋ ਗਏ। ਸਿਹਤ, ਸਿੱਖਿਆ ਅਤੇ ਹੋਰ ਬੁਨਿਆਦੀ ਮਸਲਿਆਂ ਦੇ ਮਾਮਲੇ ਵਿਚ ਜੋ ਨਿਘਾਰ ਆਇਆ ਹੈ, ਉਸ ਦਾ ਕੋਈ ਹਿਸਾਬ ਹੀ ਨਹੀਂ ਹੈ। ਅਸਲ ਵਿਚ ਲੋਕ ਜੇ ਵਾਰ-ਵਾਰ ਸੜਕਾਂ ‘ਤੇ ਉਤਰ ਰਹੇ ਹਨ ਤਾਂ ਇਸ ਦਾ ਇਕ ਹੀ ਕਾਰਨ ਹੈ ਕਿ ਸੱਤਾਧਾਰੀਆਂ ਨੇ ਜਿਹੜਾ ਪ੍ਰਬੰਧ ਉਨ੍ਹਾਂ ਨੂੰ ਦਿੱਤਾ ਹੈ, ਉਸ ਤੋਂ ਉਹ ਅਸੰਤੁਸ਼ਟ ਹਨ। ਲੋਕਾਂ ਦਾ ਇਹੀ ਰੋਹ ਅਤੇ ਰੋਸ ਵਾਰ ਵਾਰ ਵੱਖ ਵੱਖ ਮਸਲਿਆਂ ਵੇਲੇ ਸਾਹਮਣੇ ਆ ਰਿਹਾ ਹੈ। ਇਸ ਦਾ ਪ੍ਰਗਟ ਰੂਪ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਹੀ ਸਾਹਮਣੇ ਆ ਗਿਆ ਸੀ। ਉਸ ਵੇਲੇ ਸੱਤਾਧਾਰੀਆਂ ਕੋਲ ਇਕ ਮੌਕਾ ਵੀ ਸੀ, ਪਰ ਵੋਟ ਸਿਆਸਤ ਦੇ ਗਿੱਝੇ ਹੋਏ ਸਿਆਸਤਦਾਨ ਅਕਸਰ ਇਹੀ ਸੋਚਦੇ ਹਨ ਕਿ ਚੋਣਾਂ ਮੌਕੇ ਲੋਕਾਂ ਨੂੰ ਭੁਚਲਾ ਕੇ ਵੋਟਾਂ ਬਟੋਰੀਆਂ ਜਾ ਸਕਦੀਆਂ ਹਨ। ਪਿਛਲੇ ਸਮਿਆਂ ਦੌਰਾਨ ਅਜਿਹਾ ਹੁੰਦਾ ਵੀ ਰਿਹਾ ਹੈ, ਪਰ ਹੁਣ ਪੰਜਾਬ ਉਹ ਦੌਰ ਪਾਰ ਕਰ ਆਇਆ ਹੈ ਅਤੇ ਇਸ ਦਾ ਪਹਿਲਾ ਸੁਨੇਹਾ ਬਾਦਲਾਂ ਨੂੰ ਮਿਲਿਆ ਹੈ। ਉਂਜ, ਹੁਣ ਮਸਲਾ ਤਾਂ ਇਹ ਹੈ ਕਿ ਇਨ੍ਹਾਂ ਸੱਤਾਧਾਰੀਆਂ ਦੀ ਥਾਂ ਲਵੇਗਾ ਕੌਣ! ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਬਠਿੰਡਾ ਵਾਲੀ ਇਕੋ ਹੀ ਰੈਲੀ ਨਾਲ ਸੱਤਾਧਾਰੀਆਂ ਦੀਆਂ ‘ਸਦਭਾਵਨਾ ਰੈਲੀਆਂ’ ਦਾ ਤਕੜਾ ਤੋੜ ਪੇਸ਼ ਕਰ ਦਿੱਤਾ ਹੈ, ਪਰ ਉਨ੍ਹਾਂ ਦੇ ਆਲੇ-ਦੁਆਲੇ ਉਹੀ ਚਿਹਰੇ ਇਕ ਵਾਰ ਫਿਰ ਦਿਸਣੇ ਸ਼ੁਰੂ ਹੋ ਗਏ ਹਨ ਜਿਨ੍ਹਾਂ ਨੇ ਪਹਿਲਾਂ ਕੈਪਟਨ ਦੀਆਂ ਬੇੜੀਆਂ ਵਿਚ ਵੱਟੇ ਪਾਏ ਸਨ। ਆਮ ਆਦਮੀ ਪਾਰਟੀ (ਆਪ) ਤੋਂ ਆਸ ਲਾਈ ਬੈਠੇ ਲੋਕ ਇਸ ਪਾਰਟੀ ਅਤੇ ਇਸ ਦੇ ਆਗੂਆਂ ਦੀ ਆਪੋ-ਧਾਪੀ ਬਾਰੇ ਸੋਚਣ ਲਈ ਮਜਬੂਰ ਹੋ ਗਏ ਹਨ। ਗਰਮਖਿਆਲ ਧਿਰਾਂ ਇਕ ਵਾਰ ਫਿਰ ਵੱਡਾ ਮੌਕਾ ਮਿਲਣ ਦੇ ਬਾਵਜੂਦ ਸਿਆਸੀ ਪਿੜ ਵਿਚ ਠੁੱਕ ਬੰਨ੍ਹਣ ਵਿਚ ਨਾਕਾਮ ਰਹੀਆਂ ਹਨ। ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਰੜਕਣੋਂ ਹੀ ਹਟ ਗਈ ਹੈ। ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸਦਾ ਆਪਣੀ ਹੀ ਸਿਆਸਤ ਰਹੀ ਹੈ ਅਤੇ ਵੱਖ-ਵੱਖ ਖੱਬੀਆਂ ਧਿਰਾਂ ਦੀ ਸਿਆਸਤ ਨੂੰ ਚਿਰਾਂ ਦਾ ਸਲ੍ਹਾਬਾ ਚੜ੍ਹਿਆ ਹੋਇਆ ਹੈ। ਜ਼ਾਹਿਰ ਹੈ ਕਿ ਪੰਜਾਬ ਫਿਲਹਾਲ ਟੁਣਕਵੀਂ ਅਗਵਾਈ ਨੂੰ ਉਡੀਕ ਰਿਹਾ ਹੈ।