ਪੰਜਾਬੀਆਂ ਦਾ ਦੂਜੇ ਦੇਸ਼ਾਂ ਨੂੰ ਪਰਵਾਸ ਅੰਗਰੇਜ਼ਾਂ ਦਾ ਪੰਜਾਬ ਉਤੇ 1849 ਵਿਚ ਕਬਜ਼ਾ ਹੋਣ ਤੋਂ ਬਾਅਦ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਆਪਣੀ ਜੰਮਣ ਭੌਂ ਛੱਡਣ ਵਾਲੇ ਫੌਜੀ ਸਨ ਜੋ ਆਪਣੀ ਨੌਕਰੀ ਕਾਰਨ ਆਪਣੇ ਦੇਸ਼ ਅਤੇ ਦੂਜੇ ਦੇਸ਼ਾਂ ਵਿਚ ਘੁੰਮੇ। ਉਨ੍ਹਾਂ ਤੋਂ ਹੀ ਪਰਵਾਸ ਦਾ ਆਰੰਭ ਹੋਇਆ ਜੋ ਬਾਅਦ ਵਿਚ ਆਮ ਹੋ ਗਿਆ।
ਸਮਾਜ ਵਿਗਿਆਨ (ਸੋਸਿਆਲੋਜੀ) ਦੇ ਪ੍ਰੋਫੈਸਰ ਪਰਮਜੀਤ ਸਿੰਘ ਜੱਜ ਨੇ ਪਰਵਾਸ ਬਾਰੇ ਖੋਜ ਭਰਪੂਰ ਕਿਤਾਬ ‘ਪਰਵਾਸੀ ਪੰਜਾਬੀ: ਇਤਿਹਾਸਕ ਤੇ ਸਮਾਜਕ ਸੰਦਰਭ’ ਲਿਖੀ ਹੈ ਜਿਸ ਵਿਚ ਉਨ੍ਹਾਂ ਪਰਵਾਸ ਦੇ ਸਮੁੱਚੇ ਵਰਤਾਰੇ ਅਤੇ ਉਸ ਤੋਂ ਬਾਅਦ ਦੇ ਹਾਲਾਤ ਬਾਰੇ ਵਿਸਥਾਰ ਸਹਿਤ ਛਾਣ-ਬੀਣ ਕੀਤੀ ਹੈ। ਇਸ ਲੇਖ ਵਿਚ ਉਨ੍ਹਾਂ ਪੰਜਾਬੀਆਂ ਦੇ ਪਰਵਾਸ ਦੇ ਪਿਛੋਕੜ ਉਤੇ ਝਾਤੀ ਮਾਰੀ ਹੈ ਅਤੇ ਇਸ ਦੇ ਕੁਝ ਕੁ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ ਹੈ।
ਪਰਮਜੀਤ ਸਿੰਘ ਜੱਜ
ਪਰਵਾਸ ਅਜਿਹੀ ਪ੍ਰਕਿਰਿਆ ਹੈ ਜਿਸ ਵਿਚ ਇਕ ਬੰਦਾ ਜਾਂ ਸਮੂਹ ਆਪਣਾ ਜੱਦੀ ਵਸੇਬਾ ਛੱਡ ਕੇ ਕਿਸੇ ਦੂਸਰੀ ਥਾਂ ਜਾ ਵੱਸਦਾ ਹੈ। ਇਹ ਪ੍ਰਕਿਰਿਆ ਜੇ ਇਕ ਦੇਸ਼ ਤੋਂ ਦੂਸਰੇ ਦੇਸ਼ ਜਾਂ ਦੇਸ਼ਾਂ ਵਿਚ ਜਾ ਕੇ ਵੱਸਣ ਦੀ ਹੋਵੇ ਤਾਂ ਇਹ ਨਵੀਂ ਕਿਸਮ ਦੀ ਮਨੁੱਖੀ ਗਤੀਸ਼ੀਲਤਾ ਹੁੰਦੀ ਹੈ ਜਿਸ ਵਿਚ ਆਦਮੀ ਆਪਣੀ ਸਭਿਆਚਾਰਕ ਪਛਾਣ ਦੇ ਖਤਰੇ ਨੂੰ ਜਾਣਦਾ ਹੋਇਆ ਨਵੇਂ ਸਮਾਜ ਤੇ ਸਭਿਆਚਾਰ ਵਿਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਆਪਣਾ ਸਮਾਜ ਤੇ ਸਭਿਆਚਾਰ ਇਤਨਾ ਮਜ਼ਬੂਤ ਹੁੰਦਾ ਹੈ ਕਿ ਇਸ ਤੋਂ ਬਾਹਰ ਨਿਕਲਣ ਦੀ ਸੋਚ ਹੀ ਬੰਦੇ ਨੂੰ ਅਸੁਰੱਖਿਅਤ ਕਰ ਦਿੰਦੀ ਹੈ। ਇਹੀ ਕਾਰਨ ਹੈ ਕਿ ਦੁਨੀਆਂ ਭਰ ਦੇ ਸਮਾਜ, ਜਿਹੜੇ ਆਪਣੀਆਂ ਰਵਾਇਤਾਂ ਤੇ ਕਦਰਾਂ-ਕੀਮਤਾਂ ਬਾਰੇ ਚੇਤੰਨ ਰਹਿੰਦੇ ਹਨ, ਪਰਵਾਸ ਨੂੰ ਮਾੜਾ ਸਮਝਦੇ ਹਨ।
ਕੋਈ ਸਮਾਂ ਸੀ ਜਦੋਂ ਪੁਰਾਤਨ ਸਮਾਜਾਂ ਵਿਚ ਲੋਕ ਇਕ ਸਥਾਨ ਤੋਂ ਦੂਸਰੇ ਸਥਾਨ ਨੂੰ ਕਬੀਲੇ ਦੇ ਤੌਰ ‘ਤੇ ਪਰਵਾਸ ਕਰਦੇ ਸਨ। ਅਜਿਹੇ ਸਮਾਜਾਂ ਵਿਚ ਵੀ ਇਕੱਲੇ ਬੰਦੇ ਲਈ ਪਰਵਾਸ ਕਰਨਾ ਅਸੰਭਵ ਸੀ। ਸਮੂਹ ਦੇ ਤੌਰ ‘ਤੇ ਪਰਵਾਸ ਦੀ ਪ੍ਰਕਿਰਿਆ ਦੁਨੀਆਂ ਭਰ ਵਿਚ ਪੁਰਾਤਨ ਸਮੇਂ ਵਿਚ ਮੌਜੂਦ ਰਹੀ ਹੈ। ਹਿੰਦੁਸਤਾਨ ਵਿਚ ਆਰੀਆ ਵਰਗ ਦੇ ਲੋਕਾਂ ਦਾ ਆਉਣਾ ਆਪਣੇ ਆਪ ਵਿਚ ਮਨੁੱਖੀ ਗਤੀਸ਼ੀਲਤਾ ਦੀ ਮਿਸਾਲ ਹੈ।
ਜਦੋਂ ਅਜਿਹੇ ਪਰਵਾਸੀ ਕਬੀਲੇ ਇਕ ਥਾਂ ਟਿਕ ਕੇ ਆਪਣੀ ਆਰਥਿਕਤਾ ਨੂੰ ਖੇਤੀਬਾੜੀ ਨਾਲ ਜੋੜ ਲੈਂਦੇ ਹਨ ਤਾਂ ਉਨ੍ਹਾਂ ਵਿਚ ਪਰਵਾਸ ਦੇ ਰੁਝਾਨ ਦੀ ਪ੍ਰਕਿਰਿਆ ਵੀ ਮਿਟ ਜਾਂਦੀ ਹੈ, ਪਰ ਇਹੋ ਜਿਹੇ ਸਮਾਜਾਂ ਵਿਚ ਵੀ ਵਪਾਰੀ ਵਰਗ ਹਮੇਸ਼ਾ ਗਤੀਸ਼ੀਲ ਰਿਹਾ ਹੈ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਕ ਹੋਰ ਵਰਗ ਵੀ ਗਤੀਸ਼ੀਲ ਰਿਹਾ ਹੈ- ਧਰਮ ਪ੍ਰਚਾਰਕ ਅਤੇ ਤੀਰਥ ਯਾਤਰੀਆਂ ਦਾ ਵਰਗ। ਇਨ੍ਹਾਂ ਦੋਹਾਂ ਵਿਚ ਧਰਮ ਪ੍ਰਚਾਰਕਾਂ ਦੀ ਬਹੁਤ ਮਹੱਤਤਾ ਰਹੀ ਹੈ। ਬੁੱਧ, ਈਸਾਈ ਅਤੇ ਇਸਲਾਮ ਧਰਮਾਂ ਦੇ ਪੈਰੋਕਾਰਾਂ ਅਤੇ ਪ੍ਰਚਾਰਕਾਂ ਨੇ ਹਜ਼ਾਰਾਂ ਮੀਲ ਘੁੰਮ-ਘੁੰਮ ਕੇ ਆਪਣੇ ਧਰਮ ਫੈਲਾਏ।
ਧਰਮਾਂ ਦੇ ਇਕ ਸਥਾਨ ਤੱਕ ਸੀਮਤ ਨਾ ਹੋਣ ਕਰ ਕੇ ਲੋਕਾਂ ਨੂੰ ਤੀਰਥ ਯਾਤਰਾ ਲਈ ਦੂਸਰੇ ਦੇਸ਼ਾਂ ਵਿਚ ਜਾਣਾ ਪਿਆ। ਇਸ ਤਰ੍ਹਾਂ ਕਦਰਾਂ-ਕੀਮਤਾਂ, ਯਾਤਰਾ ਦੇ ਉਲਟ ਹੋਣ ਦੇ ਬਾਵਜੂਦ ਸਮਾਜ ਵਿਚ ਕੁਝ ਨਾ ਕੁਝ ਇਹੋ ਜਿਹਾ ਜ਼ਰੂਰ ਰਿਹਾ ਜਿਸ ਕਾਰਨ ਲੋਕਾਂ ਵਿਚ ਗਤੀਸ਼ੀਲਤਾ ਬਣੀ ਰਹਿੰਦੀ ਸੀ, ਪਰ ਇਉਂ ਲੱਗਦਾ ਹੈ ਕਿ ਵਪਾਰ ਗਤੀਸ਼ੀਲਤਾ ਵਧਾਉਣ ਵਿਚ ਕੇਂਦਰੀ ਮਹੱਤਤਾ ਰੱਖਦਾ ਹੈ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਵਪਾਰ ਵਿਚ ਵਾਧਾ ਉਥੋਂ ਦੀ ਪੈਦਾਵਾਰ ਵਿਚ ਵਾਧੇ ਕਾਰਨ ਵੀ ਹੁੰਦਾ ਹੈ।
ਤੇਰ੍ਹਵੀਂ ਸਦੀ ਵਿਚ ਮੈਡੀਟੀਰੇਨੀਅਨ ਸਮੁੰਦਰ (ਭੂ-ਮੱਧ ਸਾਗਰ) ਦੇ ਆਲੇ-ਦੁਆਲੇ ਵਸੇ ਦੇਸ਼ਾਂ ਵਿਚ ਆਪਸੀ ਵਪਾਰ ਕਾਰਨ ਲੋਕਾਂ ਦਾ ਇਕ ਤੋਂ ਦੂਜੀ ਥਾਂ ‘ਤੇ ਜਾਣਾ ਕਾਫੀ ਆਮ ਹੋ ਗਿਆ ਸੀ। ਹੌਲੀ-ਹੌਲੀ ਵਪਾਰ ਰਾਹੀਂ ਪੈਸਾ ਕਮਾਉਣ ਦੀ ਭੁੱਖ ਯੂਰਪ ਦੇ ਕਈ ਹੌਸਲਾ-ਪਸੰਦ ਬੰਦਿਆਂ ਨੂੰ ਨਵੇਂ ਸਥਾਨਾਂ ਦੀ ਖੋਜ ਲਈ ਪ੍ਰੇਰਿਤ ਕਰਨ ਲੱਗ ਪਈ। ਇਸ ਦੇ ਨਤੀਜੇ ਵਜੋਂ ਸੋਲ੍ਹਵੀਂ ਸਦੀ ਦੇ ਅੰਤ ਤੱਕ ਤਕਰੀਬਨ ਸਾਰੀ ਦੁਨੀਆਂ ਦੇ ਦੇਸ਼ਾਂ ਬਾਰੇ ਯੂਰਪੀ ਲੋਕਾਂ ਨੇ ਗਿਆਨ ਹਾਸਲ ਕਰ ਲਿਆ ਸੀ। ਇਸ ਵਿਚ ਪੱਛਮੀ ਯੂਰਪ ਦੇ ਮੁਲਕ ਮੁੱਖ ਸਨ; ਖਾਸ ਤੌਰ ‘ਤੇ ਬਰਤਾਨੀਆ, ਫਰਾਂਸ, ਹਾਲੈਂਡ, ਸਪੇਨ ਅਤੇ ਪੁਰਤਗਾਲ। ਇਸ ਸਮੇਂ ਤੋਂ ਬਸਤੀਵਾਦ ਦਾ ਯੁੱਗ ਸ਼ੁਰੂ ਹੋਇਆ ਜਿਸ ਦੇ ਨਤੀਜੇ ਵਜੋਂ ਤਕਰੀਬਨ ਸਾਰਾ ਸੰਸਾਰ ਇਕ ਆਰਥਿਕ ਪ੍ਰਣਾਲੀ ਵਿਚ ਪਰੋਇਆ ਗਿਆ। ਇਸ ਆਰਥਿਕ ਪ੍ਰਣਾਲੀ ਦਾ ਕੇਂਦਰ ਬਿੰਦੂ ਪੱਛਮੀ ਯੂਰਪ ਸੀ ਤੇ ਪੂੰਜੀਵਾਦੀ ਪੈਦਾਵਾਰ ਇਸ ਦਾ ਆਧਾਰ ਸੀ। ਬਸਤੀਵਾਦ ਦੇ ਦੋ ਮੁੱਖ ਪਹਿਲੂ ਸਨ- ਮਜ਼ਦੂਰਾਂ ਦੀ ਗਤੀ ਅਤੇ ਪੂੰਜੀ ਦੀ ਗਤੀ।
ਮਜ਼ਦੂਰਾਂ ਦੀ ਗਤੀ ਦੋ ਪੜਾਵਾਂ ਵਿਚ ਵਾਪਰੀ। ਪਹਿਲੇ ਪੜਾਅ ਵਿਚ ਗੁਲਾਮਾਂ ਦੇ ਵਪਾਰ ਰਾਹੀਂ ਬਹੁਤ ਵੱਡੇ ਪੈਮਾਨੇ ‘ਤੇ ਯੂਰਪੀ ਲੋਕਾਂ ਨੇ ਅਫਰੀਕਨਾਂ ਨੂੰ ਅਮਰੀਕਾ ਦੇ ਦੋਵਾਂ ਮਹਾਂਦੀਪਾਂ ਵਿਚ ਭੇਜਿਆ। ਕਿਹਾ ਜਾਂਦਾ ਹੈ ਕਿ ਇੰਗਲੈਂਡ ਦੀ ਰਾਣੀ ਐਲਿਜ਼ਬੈਥ (ਪਹਿਲੀ) ਵੀ ਇਸ ਵਪਾਰ ਵਿਚ ਸ਼ਾਮਲ ਸੀ। ਦੂਸਰੇ ਪੜਾਅ ਵਿਚ ਮਜ਼ਦੂਰਾਂ ਦੀ ਗਤੀ ਨਵੇਂ ਢੰਗ ਨਾਲ ਸ਼ੁਰੂ ਹੋਈ। ਉਨੀਵੀਂ ਸਦੀ ਦੇ ਅੰਤ ਤੱਕ ਬਸਤੀਵਾਦ ਆਪਣੀ ਬੁਲੰਦੀ ‘ਤੇ ਪਹੁੰਚ ਚੁੱਕਾ ਸੀ।
ਕਈ ਥਾਵਾਂ ‘ਤੇ ਇਨ੍ਹਾਂ ਬਸਤੀਵਾਦੀ ਸ਼ਕਤੀਆਂ, ਖਾਸ ਤੌਰ ‘ਤੇ ਬਰਤਾਨੀਆ ਨੇ ਅਫਰੀਕੀ ਮੁਲਕਾਂ ਵਿਚ ਵਿਕਾਸ ਦੇ ਕੰਮ ਸ਼ੁਰੂ ਕੀਤੇ ਜਾਂ ਕਮਾਦ ਅਤੇ ਰਬੜ ਦੀ ਖੇਤੀ ਸ਼ੁਰੂ ਕੀਤੀ। ਕਮਾਦ ਤੇ ਰਬੜ ਦੀ ਖੇਤੀ ਲਈ ਇਨ੍ਹਾਂ ਨੇ ਕਈ ਬਸਤੀਆਂ ਤੋਂ ਆਰਜ਼ੀ ਬੰਧੂਆ ਮਜ਼ਦੂਰ ਉਥੇ ਭੇਜੇ। ਹਿੰਦੁਸਤਾਨ ਤੋਂ ਵੀ ਬਹੁਤ ਵੱਡੇ ਪੈਮਾਨੇ ‘ਤੇ ਮਜ਼ਦੂਰ ਭੇਜੇ ਗਏ। ਆਰਜ਼ੀ ਬੰਧੂਆ ਮਜ਼ਦੂਰ ਭਾਰਤ ਤੋਂ ਬਿਹਾਰ ਦੇ ਛੋਟੇ ਨਾਗਪੁਰ ਇਲਾਕੇ ਅਤੇ ਤਾਮਿਲਨਾਡੂ (ਮਦਰਾਸ ਪ੍ਰੈਜ਼ੀਡੈਂਸੀ ਕਹਿਣਾ ਜ਼ਿਆਦਾ ਠੀਕ ਹੋਵੇਗਾ) ਤੋਂ ਵੈਸਟ ਇੰਡੀਜ਼, ਦੱਖਣੀ ਅਫ਼ਰੀਕਾ, ਮਲਾਇਆ, ਫਿਜ਼ੀ, ਮੌਰੇਸ਼ੀਅਸ ਆਦਿ ਮੁਲਕਾਂ ਲਈ ਕਮਾਦ ਅਤੇ ਰਬੜ ਦੀ ਖੇਤੀ ਅਤੇ ਖਾਣਾਂ ਵਿਚ ਕੰਮ ਕਰਨ ਲਈ ਲਿਜਾਏ ਗਏ। ਇਨ੍ਹਾਂ ਲੋਕਾਂ ਦਾ ਪਿਛੋਕੜ ਗਰੀਬੀ ਦਾ ਸੀ ਅਤੇ ਜ਼ਿਆਦਾਤਰ ਮਰਦ ਸਨ।
ਠੇਕੇ ਦੀ ਮਜ਼ਦੂਰੀ ਲਈ ਮਜ਼ਦੂਰ ਅਤੇ ਕਾਰੀਗਰ ਲੋਕਾਂ ਨੂੰ ਵੱਡੇ ਪੈਮਾਨੇ ‘ਤੇ ਰੇਲ ਦੀ ਲਾਈਨ ਉਸਾਰਨ ਲਈ ਭਾਰਤ ਤੋਂ ਕੀਨੀਆ ਤੇ ਯੁਗਾਂਡਾ ਆਦਿ ਮੁਲਕਾਂ ਵਿਚ ਲਿਜਾਇਆ ਗਿਆ। ਉਥੇ ਪੰਜਾਬ ਤੋਂ ਕਾਫੀ ਗਿਣਤੀ ਵਿਚ ਰਾਮਗੜ੍ਹੀਆ ਭਾਈਚਾਰੇ ਦੇ ਲੋਕ ਅਫਰੀਕਾ ਗਏ। ਵੀਹਵੀਂ ਸਦੀ ਦੇ ਸ਼ੁਰੂ ਵਿਚ ਰਾਮਗੜ੍ਹੀਆਂ ਦਾ ਅਫਰੀਕਾ ਜਾਣਾ ਪੰਜਾਬ ਦੇ ਕੁਝ ਬਦਲਦੇ ਹਾਲਾਤ ਕਰ ਕੇ ਸੰਭਵ ਹੋਇਆ। ਸੰਨ 1900 ਵਿਚ ਬਰਤਾਨੀਆ ਸਰਕਾਰ ਨੇ ਪੰਜਾਬ ਵਿਚ Ḕਦਿ ਲੈਂਡ ਐਲੀਅਨੇਸ਼ਨ ਐਕਟ’ ਪਾਸ ਕਰ ਦਿੱਤਾ ਸੀ। ਇਸ ਕਾਨੂੰਨ ਅਨੁਸਾਰ ਗੈਰ ਰਵਾਇਤੀ ਖੇਤੀ ਕਰਨ ਵਾਲੀਆਂ ਜਾਤਾਂ ਜ਼ਮੀਨ ਨਹੀਂ ਖਰੀਦ ਸਕਦੀਆਂ ਸਨ। ਇਹ ਕਾਨੂੰਨ ਭਾਵੇਂ ਪੰਜਾਬ ਵਿਚ ਵੱਸਦੇ ਕਿਸਾਨਾਂ ਉਤੇ ਕਰਜ਼ੇ ਦੇ ਮੱਦੇਨਜ਼ਰ ਪਾਸ ਕੀਤਾ ਗਿਆ ਸੀ, ਪਰ ਉਹ ਜਾਤਾਂ ਵੀ ਇਸ ਦੀ ਲਪੇਟ ਵਿਚ ਆ ਗਈਆਂ ਜੋ ਆਪਣੀ ਸਮਾਜਕ ਗਤੀਸ਼ੀਲਤਾ ਵੱਲ ਰੁਚਿਤ ਸਨ ਤੇ ਜ਼ਮੀਨ ਖਰੀਦਣਾ ਉਨ੍ਹਾਂ ਦਾ ਮੁੱਖ ਨਿਸ਼ਾਨਾ ਸੀ। ਅੰਗਰੇਜ਼ਾਂ ਦੇ ਰਾਜ ਦੌਰਾਨ ਸਨਅਤ ਦੇ ਵਧਣ ਕਰ ਕੇ ਰਾਮਗੜ੍ਹੀਆਂ ਉਤੇ ਕਾਫੀ ਅਸਰ ਪਿਆ, ਪਰ ਉਨ੍ਹਾਂ ਦਿਨਾਂ ਵਿਚ ਜ਼ਮੀਨ ਸਮਾਜਕ ਗਤੀਸ਼ੀਲਤਾ ਲਈ ਕਾਫੀ ਜ਼ਰੂਰੀ ਸੀ। ਇਸ ਪ੍ਰਕਿਰਿਆ ਵਿਚ ਉਨ੍ਹਾਂ ਦਾ ਬਾਹਰ ਜਾਣਾ ਸੁਭਾਵਕ ਹੀ ਲੱਗਦਾ ਸੀ।
ਪੰਜਾਬੀਆਂ ਦਾ ਉੱਤਰੀ ਅਮਰੀਕਾ ਪਹੁੰਚਣਾ: ਅਮਰੀਕਾ ਅਤੇ ਕੈਨੇਡਾ ਵੱਲ ਪਰਵਾਸ ਕਰਨ ਵਾਲੇ ਪਹਿਲੇ ਪੰਜਾਬੀ ਤਕਰੀਬਨ ਮੱਧ ਕਿਸਾਨੀ ਨਾਲ ਸਬੰਧਤ ਸਾਬਕਾ ਫੌਜੀ ਸਨ। ਉਨ੍ਹਾਂ ਨੂੰ ਫੌਜ ਵਿਚ ਹੋਣ ਕਰ ਕੇ ਪਹਿਲਾਂ ਹੀ ਬਰਤਾਨਵੀ ਸਾਮਰਾਜ ਅਧੀਨ ਕਈ ਦੇਸ਼ਾਂ ਵਿਚ ਘੁੰਮਣ ਦਾ ਮੌਕਾ ਮਿਲ ਚੁੱਕਾ ਸੀ। ਇਸ ਲਈ ਨੌਕਰੀ ਤੋਂ ਮੁਕਤ ਹੋਣ ਉਪਰੰਤ ਉਹ ਪੂਰਬੀ ਏਸ਼ੀਆ ਦੇ ਦੇਸ਼ਾਂ ਵਿਚ ਜਾ ਕੇ ਨੌਕਰੀ ਕਰਨ ਲੱਗੇ। ਇਹ ਉਨ੍ਹਾਂ ਦੇਸ਼ਾਂ ਵਿਚ ਜ਼ਿਆਦਾ ਸਨ ਜਿਥੇ ਅੰਗਰੇਜ਼ਾਂ ਦੀ ਹਕੂਮਤ ਸੀ, ਤੇ ਜਾਂ ਉਨ੍ਹਾਂ ਦਾ ਪ੍ਰਭਾਵ ਸੀ। ਇਸ ਲਈ ਇਹ ਮਲਾਇਆ, ਥਾਈਲੈਂਡ, ਬਰਮਾ, ਸਿੰਗਾਪੁਰ, ਹਾਂਗਕਾਂਗ ਅਤੇ ਸ਼ੰਘਾਈ (ਚੀਨ) ਵਿਚ ਜਾ ਕੇ ਵੱਸ ਗਏ। ਇਨ੍ਹਾਂ ਨੂੰ ਜ਼ਿਆਦਾਤਰ ਚੌਕੀਦਾਰੀ ਦੀ ਨੌਕਰੀ ਮਿਲਦੀ ਸੀ ਅਤੇ ਆਮ ਤੌਰ ‘ਤੇ ਇਨ੍ਹਾਂ ਦਾ ਮਾਲਕ ਗੋਰਾ ਹੀ ਹੁੰਦਾ ਸੀ, ਪਰ ਬਹੁਤ ਛੇਤੀ ਇਨ੍ਹਾਂ ਵਿਚੋਂ ਕਈਆਂ ਨੇ ਆਰਥਿਕ ਤਰੱਕੀ ਕੀਤੀ ਅਤੇ ਬਹੁਤ ਅਮੀਰ ਹੋ ਗਏ।
ਕੈਨੇਡਾ ਵਿਚ ਪਹੁੰਚੇ ਪੰਜਾਬੀ ਵੈਨਕੂਵਰ ਵਿਚ ਜਾ ਕੇ ਵੱਸ ਗਏ। ਉਨ੍ਹਾਂ ਦੇ ਪਹਿਲੇ ਦੋ ਦਹਾਕੇ ਬਹੁਤ ਸੰਘਰਸ਼ਮਈ ਸਨ। ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਵਿਚ ਪ੍ਰਸ਼ਾਂਤ ਮਹਾਂਸਾਗਰ ਰਾਹੀਂ ਏਸ਼ੀਆ ਤੋਂ ਭਾਰੀ ਗਿਣਤੀ ਵਿਚ ਲੋਕਾਂ ਦਾ ਪਰਵਾਸ ਹੋਣਾ ਸ਼ੁਰੂ ਹੋ ਗਿਆ ਸੀ। ਇਸ ਪ੍ਰਾਂਤ ਵਿਚ ਲੱਕੜੀ ਦਾ ਕੰਮ ਬਹੁਤ ਜ਼ਿਆਦਾ ਸੀ ਤੇ ਲੋਕਾਂ ਨੂੰ ਆਮ ਨੌਕਰੀ ਮਿਲ ਜਾਂਦੀ ਸੀ। ਇਸ ਤੋਂ ਇਲਾਵਾ ਫਰੇਜ਼ਰ ਘਾਟੀ ਵਿਚ ਚੱਲ ਰਹੀ ਖੇਤੀ ਵਿਚ ਵੀ ਮਜ਼ਦੂਰੀ ਦਾ ਕੰਮ ਮਿਲ ਜਾਂਦਾ ਸੀ। ਇਤਿਹਾਸ ਗਵਾਹ ਹੈ ਕਿ ਜਲਦੀ ਹੀ ਮੇਜ਼ਬਾਨ ਲੋਕਾਂ ਵਿਚ ਏਸ਼ਿਆਈ ਮੂਲ ਦੇ ਲੋਕਾਂ ਪ੍ਰਤੀ ਨਫਰਤ ਪੈਦਾ ਹੋ ਗਈ ਅਤੇ ਉਨ੍ਹਾਂ ਦੇ ਵਿਰੁੱਧ ਦੰਗੇ ਵੀ ਹੋਏ। Ḕਲਗਾਤਾਰ ਯਾਤਰਾ ਦਾ ਨਿਯਮ’ ਖਾਸ ਤੌਰ ‘ਤੇ ਭਾਰਤ ਤੋਂ ਆਉਣ ਵਾਲੇ ਲੋਕਾਂ ਨੂੰ ਰੋਕਣ ਦੇ ਉਦੇਸ਼ ਵਜੋਂ ਬਣਾਇਆ ਗਿਆ ਸੀ। ਕਾਮਾਗਾਟਾਮਾਰੂ ਦੀ ਘਟਨਾ ਤੋਂ ਸਭ ਜਾਣੂ ਹਨ। ਕੈਨੇਡਾ ਵਿਚ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਦਾ ਰੁਝਾਨ ਪੈਦਾ ਹੋਣਾ ਉਨ੍ਹਾਂ ਪ੍ਰਤੀ ਵਿਤਕਰੇ ਅਤੇ ਨਫਰਤ ਦਾ ਵਿਹਾਰ ਮੁੱਖ ਕਾਰਨ ਹੈ।
ਇਸ ਦੇ ਨਾਲ ਹੀ ਕਾਫੀ ਗਿਣਤੀ ਪੰਜਾਬੀ, ਅਮਰੀਕਾ ਜਾ ਕੇ ਵੱਸਣ ਲੱਗੇ। ਇੰਪੀਰੀਅਲ ਵੈਲੀ, ਅਤੇ ਯੂਬਾ ਸਿਟੀ ਦੋ ਮੁੱਖ ਸਥਾਨ ਸਨ ਜਿਥੇ ਪੰਜਾਬੀਆਂ ਨੇ ਜਾ ਕੇ ਆਪਣਾ ਡੇਰਾ ਲਾਇਆ। ਬਹੁ-ਗਿਣਤੀ ਵਿਚ ਇਹ ਸਾਬਕਾ ਫੌਜੀ ਹੀ ਸਨ, ਪਰ ਉਨ੍ਹਾਂ ਦੇ ਦੋਸਤ ਅਤੇ ਰਿਸ਼ਤੇਦਾਰ ਵੀ ਇਨ੍ਹਾਂ ਮੁੱਢਲੇ ਪਰਵਾਸੀਆਂ ਵਿਚ ਸ਼ਾਮਲ ਸਨ। ਇਥੇ ਦੋ ਕਿਸਮ ਦੇ ਪੱਖ ਉਭਰ ਕੇ ਸਾਹਮਣੇ ਆਉਂਦੇ ਹਨ- ਪਹਿਲਾ ਪੱਖ ਉਨ੍ਹਾਂ ਵਿਚ ਦੇਸ਼ ਭਗਤੀ ਦੀ ਚੇਤਨਾ ਦਾ ਪੈਦਾ ਹੋਣਾ ਹੈ ਜਿਸ ਦੇ ਨਤੀਜੇ ਵਜੋਂ ਗਦਰ ਪਾਰਟੀ ਲਹਿਰ ਨੇ ਜਨਮ ਲਿਆ। ਦੂਸਰਾ ਪੱਖ ਇਨ੍ਹਾਂ ਦੀ ਸਮਾਜਕ ਹੋਂਦ ਨਾਲ ਸਬੰਧਤ ਹੈ।
ਤਕਰੀਬਨ ਸਾਰੇ ਪੰਜਾਬੀ ਮਰਦ ਸਨ ਅਤੇ ਆਪਣੇ ਪਰਿਵਾਰਾਂ ਤੋਂ ਨਿਖੜੇ ਹੋਏ ਸਨ। ਕੈਨੇਡਾ ਵਿਚ ਤਾਂ ਉਨ੍ਹਾਂ ਨੂੰ ਵੀਹਵੀਂ ਸਦੀ ਦੇ ਤੀਸਰੇ ਦਹਾਕੇ ਵਿਚ ਆਪਣੀਆਂ ਪਤਨੀਆਂ ਅਤੇ ਬੱਚਿਆਂ ਨੂੰ ਲਿਆਉਣ ਦੀ ਸਰਕਾਰ ਤੋਂ ਇਜਾਜ਼ਤ ਮਿਲੀ ਸੀ। ਅਮਰੀਕਾ ਵਿਚ, ਖਾਸ ਤੌਰ ਉਤੇ ਇੰਪੀਰੀਅਲ ਵੈਲੀ ਵਿਚ ਰਹਿੰਦੇ ਪੰਜਾਬੀਆਂ ਨੇ ਆਪਣੀਆਂ ਪਰਿਵਾਰਕ ਜ਼ਰੂਰਤਾਂ ਨੂੰ ਕੁਝ ਹੋਰ ਢੰਗ ਨਾਲ ਪੂਰਾ ਕੀਤਾ, ਪਰ ਦੋਵਾਂ ਥਾਵਾਂ ‘ਤੇ ਦੂਸਰੇ ਦਹਾਕੇ ਵਿਚ ਪੰਜਾਬੀਆਂ ਨੇ ਉਥੋਂ ਦੇ ਵਸਨੀਕਾਂ ਤੋਂ ਇੱਜ਼ਤ ਪ੍ਰਾਪਤ ਕਰ ਲਈ ਸੀ। ਇਹ ਉਨ੍ਹਾਂ ਦੀ ਸਖਤ ਮਿਹਨਤ ਅਤੇ ਆਰਥਿਕ ਤਰੱਕੀ ਕਰ ਕੇ ਸੰਭਵ ਹੋਇਆ ਸੀ।
ਕੈਲੀਫੋਰਨੀਆ ਵਿਚ ਉਨ੍ਹਾਂ ਨੇ ਜ਼ਮੀਨਾਂ ਖਰੀਦ ਲਈਆਂ ਤੇ ਜ਼ਿਮੀਂਦਾਰ ਬਣ ਗਏ ਜਿਸ ਕਰ ਕੇ ਉਹ ਅਮਰੀਕੀਆਂ ਦੀ ਇੱਜ਼ਤ ਦੇ ਹੱਕਦਾਰ ਵੀ ਬਣੇ। ਇਸ ਇੱਜ਼ਤ ਦੀ ਇਕ ਮਿਸਾਲ ਜ਼ਰੂਰੀ ਹੈ। ਜਦੋਂ ਕੈਲੀਫੋਰਨੀਆ ਪ੍ਰਾਂਤ ਦੀ ਸਰਕਾਰ ਨੇ ਏਸ਼ਿਆਈ ਲੋਕਾਂ ਉਤੇ ਜ਼ਮੀਨ ਦੇ ਮਾਲਕ ਬਣਨ ਵਿਰੁੱਧ ਕਾਨੂੰਨ ਪਾਸ ਕੀਤਾ ਤਾਂ ਕਈ ਅਮਰੀਕੀਆਂ ਨੇ ਇਨ੍ਹਾਂ ਜ਼ਮੀਨਾਂ ਨੂੰ ਉਦੋਂ ਤੱਕ ਆਪਸੀ ਸਹਿਮਤੀ ਨਾਲ ਆਪਣੀ ਮਾਲਕੀ ਵਿਚ ਰੱਖਿਆ ਜਦ ਤੱਕ ਇਹ ਕਾਨੂੰਨ ਖਤਮ ਨਹੀਂ ਹੋਇਆ।
ਅਮਰੀਕਾ ਵਿਚ ਰਹਿੰਦੇ ਇਨ੍ਹਾਂ ਪੰਜਾਬੀਆਂ ਨੇ ਆਪਣੀ ਜ਼ਮੀਨ ਬਚਾਉਣ ਤੇ ਪਰਿਵਾਰਕ ਜ਼ਰੂਰਤਾਂ ਪੂਰੀਆਂ ਕਰਨ ਲਈ ਇਕ ਹੋਰ ਢੰਗ ਵੀ ਅਪਣਾਇਆ। ਕੈਲੀਫੋਰਨੀਆ, ਅਮਰੀਕਾ ਦਾ ਮੈਕਸੀਕੋ ਦੇ ਸਰਹੱਦ ਦੇ ਨਾਲ ਲੱਗਦਾ ਪ੍ਰਾਂਤ ਹੈ ਜਿਥੇ ਮੈਕਸੀਕੋ ਤੋਂ ਕਾਫੀ ਗਿਣਤੀ ਵਿਚ ਔਰਤਾਂ ਤੇ ਮਰਦ ਖੇਤਾਂ ਵਿਚ ਕੰਮ ਕਰਨ ਆਉਂਦੇ ਸਨ। ਉਪਰ ਦੱਸੇ ਕਾਨੂੰਨ ਅਨੁਸਾਰ ਉਹ Ḕਓਪਰੇ’ ਨਹੀਂ ਸਨ। ਪੰਜਾਬੀਆਂ ਨੇ ਕਾਫੀ ਗਿਣਤੀ ਵਿਚ ਮੈਕਸੀਕਨ ਔਰਤਾਂ ਨਾਲ ਵਿਆਹ ਕੀਤਾ। ਪੰਜਾਬੀ ਲੋਕ ਹਿੰਦੂ, ਸਿੱਖ ਅਤੇ ਮੁਸਲਮਾਨ ਸਨ, ਜਦਕਿ ਮੈਕਸੀਕਨ ਰੋਮਨ ਕੈਥੋਲਿਕ ਸਨ। ਵਿਆਹਾਂ ਤੋਂ ਬਾਅਦ ਬੱਚੇ ਹੋਏ ਤੇ ਪਰਿਵਾਰ, ਸਥਾਪਤ ਹੋਂਦ ਵਿਚ ਰਹਿਣ ਲੱਗੇ। ਬੱਚਿਆਂ ਦਾ ਧਾਰਮਿਕ ਸਮਾਜੀਕਰਨ ਰੋਮਨ ਕੈਥੋਲਿਕ ਹੀ ਰਿਹਾ।
ਅਮਰੀਕਾ ਅਤੇ ਕੈਨੇਡਾ ਵਿਚ ਪਹੁੰਚਣ ਵਾਲੇ ਪੰਜਾਬੀਆਂ ਦੀਆਂ ਕੁਝ ਸਾਂਝੀਆਂ ਵਿਸ਼ੇਸ਼ਤਾਵਾਂ ਸਨ ਜਿਨ੍ਹਾਂ ਦਾ ਵਰਣਨ ਕਰਨਾ ਇਥੇ ਜ਼ਰੂਰੀ ਹੈ:
ਬਹੁ-ਗਿਣਤੀ ਪੰਜਾਬੀ ਪਿੰਡਾਂ ਤੋਂ ਕਿਸਾਨ ਪਰਿਵਾਰਾਂ ਨਾਲ ਸਬੰਧਤ ਮਰਦ ਸਨ।
ਇਹ ਆਮ ਤੌਰ ‘ਤੇ ਅਨਪੜ੍ਹ ਸਨ। ਅੰਗਰੇਜ਼ੀ ਦੇ ਥੋੜ੍ਹੇ ਜਿਹੇ ਲਫ਼ਜ਼ ਇਨ੍ਹਾਂ ਨੇ ਅੰਗਰੇਜ਼ੀ ਹਕੂਮਤ ਕਾਰਨ ਜਾਣ ਲਏ ਸਨ। ਸਾਧੂ ਸਿੰਘ ਧਾਮੀ ਨੇ ਆਪਣੇ ਨਾਵਲ Ḕਮਲੂਕਾ’ ਵਿਚ ਜ਼ਿਕਰ ਕੀਤਾ ਹੈ ਕਿ ਕਿਸ ਤਰ੍ਹਾਂ ਦੋ ਪੰਜਾਬੀਆਂ ਨੇ ਮੁਰਗੀ ਦੇ ਅੰਡੇ ਖਰੀਦਣ ਲੱਗਿਆਂ ਦੁਕਾਨਦਾਰ ਨੂੰ ਸਮਝਾਇਆ।
ਬਹੁ-ਗਿਣਤੀ ਪੰਜਾਬੀ ਜੱਟ ਸਿੱਖ ਸਨ, ਸ਼ਾਇਦ 80 ਫੀਸਦੀ ਪੰਜਾਬੀ ਜੱਟ ਸਿੱਖ ਸਨ। ਇਸ ਦਾ ਪਰਵਾਸ ਦੇ ਰੂਪ ਵਿਚ ਅਤੇ ਪੰਜਾਬੀ ਭਾਈਚਾਰੇ ਦੇ ਕਿਰਦਾਰ ‘ਤੇ ਡੂੰਘਾ ਪ੍ਰਭਾਵ ਪਿਆ। ਇਸ ਦੇ ਨਤੀਜੇ ਅੱਜ ਵੀ ਵੇਖੇ ਜਾ ਸਕਦੇ ਹਨ।
ਸਿੱਖਾਂ ਦੇ ਬਹੁ-ਗਿਣØਤੀ ਵਿਚ ਵਖਰੇਵੇਂ ਵਾਲਾ ਰੁਝਾਨ ਨਹੀਂ ਸੀ। ਕੁਝ ਹੀ ਸਾਲਾਂ ਵਿਚ ਗੁਰਦੁਆਰੇ ਨਾ ਸਿਰਫ ਪੰਜਾਬੀਆਂ, ਬਲਕਿ ਬਾਕੀ ਪਰਵਾਸੀਆਂ ਲਈ ਵੀ ਸਭਿਆਚਾਰਕ ਕੇਂਦਰ ਬਣ ਗਏ।
ਜ਼ਿਆਦਾਤਰ ਪੰਜਾਬੀ ਮਜ਼ਦੂਰ ਜਮਾਤ ਨਾਲ ਹੀ ਸਬੰਧਤ ਸਨ। ਕੁਝ ਪੰਜਾਬੀ ਭਾਵੇਂ ਆਰਥਿਕ ਤਰੱਕੀ ਕਰ ਗਏ, ਪਰ ਇਹ ਸਾਰੇ ਪੰਜਾਬੀਆਂ ਲਈ ਸਾਂਝੀ ਵਿਸ਼ੇਸ਼ਤਾ ਨਹੀਂ ਸੀ, ਪਰ ਸਭ ਤੋਂ ਸਾਂਝਾ ਗੁਣ ਇਨ੍ਹਾਂ ਮੁੱਢਲੇ ਪੰਜਾਬੀਆਂ ਦਾ ਇਹ ਦੇਖਣ ਵਿਚ ਆਉਂਦਾ ਹੈ ਕਿ 1929-32 ਦੇ ਵਿਸ਼ਵ ਵਿਆਪੀ ਆਰਥਿਕ ਸੰਕਟ ਵਿਚ ਇਹ ਡਟੇ ਰਹੇ। ਸਾਨੂੰ ਸਾਰਿਆਂ ਨੂੰ ਇਹ ਪਤਾ ਹੀ ਹੈ ਕਿ ਪੰਜਾਬ ਵਿਚ ਭਾਰਤ ਦੀ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਅਮਰੀਕਾ ਤੇ ਕੈਨੇਡਾ ਤੋਂ ਵਾਪਸ ਆਏ ਗਦਰੀ ਬਾਬਿਆਂ ਨੇ ਆਰੰਭ ਕੀਤਾ ਸੀ।
ਪੰਜਾਬੀਆਂ ਦਾ ਇੰਗਲੈਂਡ ਪਹੁੰਚਣਾ: ਇੰਗਲੈਂਡ ਵੱਲ ਭਾਰਤੀ ਲੋਕਾਂ ਦਾ ਜਾਣਾ ਭਾਵੇਂ ਬਹੁਤ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ, ਪਰ ਪੰਜਾਬੀਆਂ ਦਾ ਉਥੇ ਵੱਸਣਾ ਦੋ ਮਹਾਂ ਯੁੱਧਾਂ ਦੇ ਵਿਚਕਾਰ ਦੇ ਸਮੇਂ ਵਿਚ ਸ਼ੁਰੂ ਹੋਇਆ। ਹੁਣ ਇਹ ਗੱਲ ਦਿਲਚਸਪੀ ਵਾਲੀ ਲੱਗੇਗੀ ਕਿ ਪੰਜਾਬੀਆਂ ਵਿਚ ਸਭ ਤੋਂ ਪਹਿਲਾਂ ਭਾਟੜੇ ਸਿੱਖਾਂ ਨੇ ਉਥੇ ਜਾ ਕੇ ਵੱਸਣਾ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਘਰ-ਘਰ ਜਾ ਕੇ ਫੇਰੀ ਲਾ ਕੇ ਚੀਜ਼ਾਂ ਵੇਚਣ, ਖਾਸ ਕਰ ਕੇ ਉਧਾਰ ‘ਤੇ ਕੰਮ ਸ਼ੁਰੂ ਕੀਤਾ। ਹੌਲੀ-ਹੌਲੀ ਹੋਰ ਸਿੱਖ ਅਤੇ ਦੂਸਰੇ ਪੰਜਾਬੀ ਵੀ ਇੰਗਲੈਂਡ ਵਿਚ ਵੱਸਣੇ ਸ਼ੁਰੂ ਹੋ ਗਏ। ਇਨ੍ਹਾਂ ਸਿੱਖਾਂ ਦੇ ਪ੍ਰਸੰਗ ਵਿਚ ਬਹੁਤ ਜ਼ਿਆਦਾ ਖੋਜ ਨਹੀਂ ਹੋਈ। ਇਨ੍ਹਾਂ ਮੁਢਲੇ ਪਰਵਾਸੀਆਂ ਦੀ ਸਭ ਤੋਂ ਵੱਡੀ ਭੂਮਿਕਾ ਇਹ ਹੈ ਕਿ 1950 ਤੋਂ ਬਾਅਦ ਸ਼ੁਰੂ ਹੋਏ ਬਹੁਤ ਵੱਡੇ ਪੈਮਾਨੇ ‘ਤੇ ਪੰਜਾਬੀਆਂ ਦੇ ਪਰਵਾਸ ਨੂੰ ਇਨ੍ਹਾਂ ਨੇ ਸੰਭਾਲਿਆ ਅਤੇ ਰਹਿਣ ਲਈ ਘਰ ਦਿੱਤੇ।