16 ਦਸੰਬਰ 2012 ਨੂੰ ਦਿੱਲੀ ਵਿਚ ਵਾਪਰੇ ਗੈਂਗਰੇਪ ਦੀ ਚਰਚਾ ਇਕ ਵਾਰ ਫਿਰ ਚੱਲ ਪਈ ਹੈ। ਇਸ ਕੇਸ ਦੇ ਇਕ ਦੋਸ਼ੀ ਰਿਹਾਈ ਦਾ ਮਾਮਲਾ ਭਖਿਆ ਹੋਇਆ ਹੈ। ਇਸ ਘਟਨਾ ਦੀ ਨਪੀੜੀ ਲੜਕੀ ਦੇ ਮਾਪੇ ਤੜਫ ਰਹੇ ਹਨ। ਦੂਜੇ ਪਾਸੇ, ਬਾਲ ਕਾਨੂੰਨ ਸਾਫ ਕਹਿੰਦਾ ਹੈ ਕਿ ਕਿਸੇ ਬੱਚੇ ਨੂੰ ਤਿੰਨ ਸਾਲ ਤੋਂ ਵੱਧ ਜੇਲ੍ਹ ਅੰਦਰ ਨਹੀਂ ਰੱਖਿਆ ਜਾ ਸਕਦਾ।
ਦੂਜੀ ਚਰਚਾ ਇਸ ਕਾਂਡ ਬਾਰੇ ਬਣੀ ਦਸਤਾਵੇਜ਼ੀ ਫਿਲਮ ‘ਡੌਟਰਜ਼ ਆਫ਼ ਮਦਰ ਇੰਡੀਆ’ ਦੇ ਹਵਾਲੇ ਨਾਲ ਹੋ ਰਹੀ ਹੈ। ਇਹ ਫਿਲਮ ਵਿਭਾ ਬਖਸ਼ੀ ਨੇ ਬਣਾਈ ਹੈ ਅਤੇ ਇਹ ਗੈਂਗਰੇਪ ਤੋਂ ਬਾਅਦ ਦੇ ਹਾਲਾਤ ਬਾਰੇ ਹੈ। ਇਸ ਫਿਲਮ ਵਿਚ ਉਸ ਨੇ ਪੁਲਿਸ ਦੀ ਨਾਕਾਰਾਤਮਿਕ ਭੂਮਿਕਾ ਨੂੰ ਮੁੱਖ ਰੂਪ ਵਿਚ ਉਜਾਗਰ ਕੀਤਾ ਹੈ। ਇਹ ਫਿਲਮ ਵੱਖ-ਵੱਖ ਫਿਲਮ ਮੇਲਿਆਂ ਵਿਚ ਦਿਖਾਈ ਜਾ ਚੁੱਕੀ ਹੈ ਅਤੇ ਇਸ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ। ਇਹ ਫਿਲਮ ‘ਵਾਇਆਕੌਮ 18 ਨੈਟਵਰਕ’ ਵੱਲੋਂ ਛੇਤੀ ਹੀ ਆਪਣੇ ਚੈਨਲਾਂ ‘ਤੇ ਦਿਖਾਈ ਜਾ ਰਹੀ ਹੈ। ਨੈਟਵਰਕ ਨੇ ਇਹ ਫਿਲਮ ਪੰਜ ਹੋਰ ਭਾਸ਼ਾਵਾਂ ਵਿਚ ਵੀ ਡਬ ਕਰਵਾਈ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਫਿਲਮ ਦਾ ਸੁਨੇਹਾ ਹਾਸਲ ਕਰ ਸਕਣ। ਵਿਭਾ ਬਖਸ਼ੀ ਦੱਸਦੀ ਹੈ ਕਿ ਜਦੋਂ ਇਸੇ ਵਿਸ਼ੇ ‘ਤੇ ਬਰਤਾਨਵੀ ਫਿਲਮਸਾਜ਼ ਲੈਸਲੀ ਓਡਵਿਨ ਵੱਲੋਂ ਬਣਾਈ ਫਿਲਮ ‘ਇੰਡੀਆ’ਜ਼ ਡੌਟਰ’ ਉਤੇ ਭਾਰਤ ਵਿਚ ਪਾਬੰਦੀ ਲਾ ਦਿੱਤੀ ਗਈ ਤਾਂ ਉਸ ਦਾ ਦਿਲ ਇਕ ਵਾਰ ਤਾਂ ਡੋਲ ਗਿਆ ਸੀ, ਪਰ ਹੁਣ ਉਹ ਆਪਣੀ ਫਿਲਮ ਨੂੰ ਮਿਲੇ ਹੁੰਗਾਰੇ ਤੋਂ ਬਹੁਤ ਖੁਸ਼ ਹੈ। ਉਸ ਨੂੰ ਇਸ ਫਿਲਮ ਲਈ ਕੌਮੀ ਪੁਰਸਕਾਰ ਵੀ ਮਿਲ ਚੁੱਕਾ ਹੈ। ਵਿਭਾ ਬਖਸ਼ੀ ਮੁਤਾਬਕ ਇਸ ਫਿਲਮ ਦੀ ਸਭ ਤੋਂ ਵੱਡੀ ਪ੍ਰਾਪਤੀ ਇਸ ਮਾਮਲੇ ਬਾਰੇ ਲੋਕਾਂ ਵਿਚ ਚੇਤਨਾ ਦਾ ਪਸਾਰ ਹੈ। ਹਰ ਪੱਧਰ ‘ਤੇ ਇਸ ਫਿਲਮ ਨੂੰ ਪ੍ਰਵਾਨ ਕੀਤਾ ਗਿਆ ਹੈ। ਹੋਰ ਤਾਂ ਹੋਰ ਜਿਸ ਪੁਲਿਸ ਵਿਭਾਗ ਦੀ ਫਿਲਮ ਵਿਚ ਤਿੱਖੀ ਨੁਕਤਾਚੀਨੀ ਕੀਤੀ ਗਈ ਹੈ, ਉਹੀ ਵਿਭਾਗ ਆਪਣੇ ਮੁਲਾਜ਼ਮਾਂ ਨੂੰ ਇਹ ਫਿਲਮ ਦਿਖਾ ਰਿਹਾ ਹੈ। ਇਸ ਤੋਂ ਇਲਾਵਾ ਮੀਡੀਆ ਨੇ ਵੀ ਭਰਪੂਰ ਹੁੰਗਾਰਾ ਭਰਿਆ ਹੈ। ਉਂਜ ਵੀ 2012 ਤੋਂ ਬਾਅਦ ਲਗਾਤਾਰ ਮੀਡੀਆ ਦੀ ਭੂਮਿਕਾ ਸਲਾਹੁਣਯੋਗ ਰਹੀ ਹੈ ਅਤੇ ਸਰਕਾਰੀ ਏਜੰਸੀਆਂ ਨੂੰ ਸੱਚ ਸਾਹਮਣੇ ਲਿਆਉਣ ਲਈ ਮਜਬੂਰ ਹੋਣਾ ਪਿਆ ਸੀ। ਵਿਭਾ ਬਖਸ਼ੀ ਆਖਦੀ ਹੈ ਕਿ ਇਸ ਕਾਂਡ ਤੋਂ ਬਾਅਦ ਉਠਿਆ ਅੰਦੋਲਨ ਅਸਲ ਵਿਚ ਉਹ ਖਮੋਸ਼ੀ ਤੋੜਦਾ ਹੈ ਜੋ ਭਾਰਤੀ ਲੋਕਾਂ ਦੇ ਜ਼ਿਹਨ ਅੰਦਰ ਬਹੁਤ ਡੂੰਘੀ ਬੈਠ ਚੁੱਕੀ ਹੈ। ਉਹਦਾ ਦਾਅਵਾ ਹੈ ਕਿ ਇਸ ਕਾਂਡ ਤੋਂ ਬਾਅਦ ਜਬਰ ਜਨਾਹ ਬਾਰੇ ਕੇਸ ਪਹਿਲਾਂ ਨਾਲੋਂ ਵੱਧ ਰਿਪੋਰਟ ਹੋਰ ਰਹੇ ਹਨ। ਵਿਭਾ ਬਖਸ਼ੀ ਹੁਣ ਸ਼ਕਤੀ ਮਿਲਜ਼ ਜਬਰ ਜਨਾਹ ਕੇਸ ਅਤੇ ਮੁਲੰਦ ਕੇਸ ਬਾਰੇ ਵੀ ਦਸਤਾਵੇਜ਼ੀ ਫਿਲਮਾਂ ਬਣਾ ਰਹੀ ਹੈ।
-ਸਿਮਰਨ ਕੌਰ