ਭਵਿੱਖੀ ਚੋਣ ਮੇਲੇ ਵਾਸਤੇ ਸਜ ਰਹੀਆਂ ਸਿਆਸੀ ਦੁਕਾਨਾਂ!

ਗੁਰਬਚਨ ਸਿੰਘ ਭੁੱਲਰ
ਫੋਨ: 91-11425-02364
ਪੰਜਾਬ ਵਿਚ ਚੋਣਾਂ ਦੀ ਪੈਰ-ਚਾਲ ਦੀ ਆਵਾਜ਼ ਲਗਾਤਾਰ ਉਚੀ ਹੁੰਦੀ ਜਾ ਰਹੀ ਹੈ। ਜਦੋਂ ਕਿਸੇ ਪਿੰਡ-ਨਗਰ ਵਿਚ ਕੋਈ ਸਮਾਜਕ-ਸਭਿਆਚਾਰਕ ਮੇਲਾ ਲੱਗਣਾ ਹੁੰਦਾ ਹੈ, ਭਾਂਤ ਭਾਂਤ ਦੇ ਦੁਕਾਨਦਾਰ ਮੌਸਮੀ ਪੰਛੀਆਂ ਵਾਂਗ ਆ ਉਤਰਦੇ ਹਨ ਅਤੇ ਆਪੋ-ਆਪਣੀ ਦੁਕਾਨ ਨੂੰ ਦੂਜਿਆਂ ਨਾਲੋਂ ਵੱਧ ਮਨਮੋਹਣੀ ਤੇ ਖਿੱਚ-ਭਰਪੂਰ ਬਣਾਉਣ ਵਿਚ ਜੁਟ ਜਾਂਦੇ ਹਨ।

ਸਵਾ ਸਾਲ ਨੂੰ ਹੋਣ ਵਾਲੀਆਂ ਚੋਣਾਂ ਦੇ ਮੇਲੇ ਦੇ ਢੋਲ ਨੂੰ ਹੁਣੇ ਤੋਂ ਡਗਾ ਲਾ ਦਿੱਤਾ ਗਿਆ ਹੈ ਅਤੇ ਐਲਾਨੇ ਗਏ ਮੇਲੇ ਵਾਸਤੇ ਸਿਆਸੀ ਪਾਰਟੀਆਂ ਆਪੋ-ਆਪਣੀਆਂ ਦੁਕਾਨਾਂ ਅਗੇਤੀਆਂ ਹੀ ਸਜਾਉਣ ਲੱਗ ਪਈਆਂ ਹਨ। ਉਹ ਸਿਆਣੇ ਪੁਰਖਿਆਂ ਤੋਂ ਹੋਰ ਕੋਈ ਸਿੱਖਿਆ ਲੈਣ ਜਾਂ ਨਾ ਲੈਣ, ਪਰ “ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥ ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥” ਉਚਾਰਨ ਵਾਲੇ ਬਾਬਾ ਫ਼ਰੀਦ ਦੀ ਸਿੱਖਿਆ ਜ਼ਰੂਰ ਯਾਦ ਰਖਦੇ ਹਨ। ਜੇ ਇਕ ਵਾਰ ਮੇਲਾ ਉਨ੍ਹਾਂ ਦੇ ਦੁਕਾਨ ਸਜਾਉਣ ਤੋਂ ਪਹਿਲਾਂ ਹੀ ਭਰ ਗਿਆ, ਫੇਰ ਉਨ੍ਹਾਂ ਨੂੰ ਤੰਬੂ ਕੀਹਨੇ ਲਾਉਣ ਦੇਣਾ ਹੈ! ਇਸੇ ਕਰਕੇ ਚੋਣਾਂ ਦਾ ਰੌਣਕ-ਮੇਲਾ ਭਰਨ ਦੀ, ਅਰਥਾਤ ਪਿੰਡ ਬੱਝਣ ਦੀ ਉਡੀਕ ਕੀਤੇ ਬਿਨਾਂ ਵੋਟਾਂ ਦੇ ਮੰਗਤੇ ਆਪਣੀਆਂ ਬਗਲੀਆਂ ਦੇ ਮੂੰਹ ਖੋਲ੍ਹ ਕੇ ਭਿੱਖਿਆ ਮੰਗਣ ਤੁਰ ਪਏ ਹਨ।
ਹਰ ਪਾਰਟੀ ਹੁਣ ਤੋਂ ਹੀ ਸੇਵਾ ਦਾ ਮੌਕਾ ਮੰਗਣ ਲੱਗੀ ਹੈ। ਏਨੀਆਂ ਚੋਣਾਂ ਭੁਗਤਾਉਣ ਮਗਰੋਂ ਵੀ ਭੋਲੇ ਲੋਕ ਸਮਝਦੇ ਹਨ ਕਿ ਸਾਡੇ ਨੇਤਾ ਉਨ੍ਹਾਂ ਦੀ ਸੇਵਾ ਕਰਨ ਦਾ ਮੌਕਾ ਮੰਗ ਰਹੇ ਹਨ। ਉਹ ਇਹ ਨਹੀਂ ਸਮਝਦੇ ਕਿ ਨੇਤਾ ਮੂੰਹੋਂ ਭਾਵੇਂ ਕੁਝ ਵੀ ਕਹਿੰਦੇ ਰਹਿਣ, ਉਨ੍ਹਾਂ ਦੀ ਅੰਦਰਲੀ ਮਨਸ਼ਾ ਸੇਵਾ ਕਰਨ ਦਾ ਮੌਕਾ ਨਹੀਂ, ਸੇਵਾ ਕਰਵਾਉਣ ਦਾ ਮੌਕਾ ਹਾਸਲ ਕਰਨ ਦੀ ਹੁੰਦੀ ਹੈ। ਜਨਤਾ ਦੀ ਸੇਵਾ ਦਾ ਪਖੰਡ ਤਾਂ ਉਹ ਚੋਣਾਂ ਤੋਂ ਪਹਿਲਾਂ ਦੇ ਥੋੜ੍ਹੇ ਜਿਹੇ ਸਮੇਂ ਵਾਸਤੇ ਕਰਨ ਲਈ ਮਜਬੂਰ ਹੁੰਦੇ ਹਨ। ਇਹੋ ਕੁਝ ਦਿਨ ਹੁੰਦੇ ਹਨ ਜਦੋਂ ਉਨ੍ਹਾਂ ਨੂੰ ਏਅਰਕੰਡੀਸ਼ਨਡ ਕੋਠੀਆਂ ਵਿਚੋਂ ਬਾਹਰ ਨਿਕਲ ਕੇ ਤੇ ਕਾਰਾਂ ਪਿੱਛੇ ਛੱਡ ਕੇ ਪਿੰਡਾਂ ਦੇ ਗੰਦੇ ਗਲ਼ੀਆਂ-ਕੂਚਿਆਂ ਵਿਚ ਪੈਦਲ ਧੱਕੇ ਖਾਣੇ ਪੈਂਦੇ ਹਨ। ਇਹੋ ਕੁਝ ਦਿਨ ਹੁੰਦੇ ਹਨ ਜਦੋਂ ਉਨ੍ਹਾਂ ਦੇ ਮੂੰਹੋਂ ਕੈਲੇ ਨੂੰ ਕਰਨੈਲ ਸਿਉਂ ਜੀ ਤੇ ਜੈਲੇ ਨੂੰ ਜਰਨੈਲ ਸਿਉਂ ਜੀ ਨਿਕਲਦਾ ਹੈ।
ਕੁਝ ਲੋਕ ਇਸ ਗੱਲੋਂ ਹੈਰਾਨ ਵੀ ਹੁੰਦੇ ਹਨ ਕਿ ਇਹ ਰੱਜੇ-ਪੁੱਜੇ, ਸਗੋਂ ਆਫ਼ਰੇ ਹੋਏ ਸਫ਼ੈਦਪੋਸ਼ ਸਾਡੇ ਗਰੀਬੜਿਆ ਦੀਆਂ ਮਿੰਨਤਾਂ ਕਿਉਂ ਕਰਦੇ ਹਨ? ਸਭ ਕੁਝ ਹੁੰਦਿਆਂ-ਸੁੰਦਿਆ ਇਹ ਸਾਡੇ ਨਿਮਾਣੇ ਗਲ਼ੀਆਂ-ਕੂਚਿਆਂ ਵਿਚ ਰਾਜੇ ਤੋਂ ਰੰਕ ਤੇ ਦਾਤੇ ਤੋਂ ਭਿਖਾਰੀ ਕਾਹਦੇ ਲਈ ਬਣੇ ਫਿਰਦੇ ਹਨ? ਕੀ ਘਾਟਾ ਹੈ ਇਨ੍ਹਾਂ ਦੇ ਘਰ ਜੋ ਸਾਡੀ ਇਕ ਇਕ ਵੋਟ ਵਾਸਤੇ ਤਰਲੋ-ਮੱਛੀ ਹੋ ਰਹੇ ਹਨ? ਲੋਕਾਂ ਨੂੰ ਇਹ ਚੇਤੇ ਨਹੀਂ ਰਹਿੰਦਾ ਕਿ ਬਾਬਾ ਨਾਨਕ ਇਹ ਰਹੱਸ ਤਾਂ ਸਦੀਆਂ ਪਹਿਲਾਂ ਸਮਝਾ ਗਏ ਹਨ, “ਰਾਜਾ ਰਾਜਿ ਨ ਤ੍ਰਿਪਤਿਆ ਸਾਇਰ ਭਰੇ ਕਿਸੁਕ!” ਰਾਜਾ ਰਾਜ ਕਰ ਕੇ ਤ੍ਰਿਪਤ ਨਹੀਂ ਹੁੰਦਾ ਜਿਵੇਂ ਸਾਗਰ ਲਗਾਤਾਰ ਨਦੀਆਂ ਪੈਂਦੀਆਂ ਰਹਿਣ ਦੇ ਬਾਵਜੂਦ ਭਰਿਆ ਮਹਿਸੂਸ ਨਹੀਂ ਕਰਦਾ। ਸੱਤਾ ਦਾ ਨਸ਼ਾ ਸ਼ਰਾਬ, ਸਮੈਕ, ਭੁੱਕੀ ਤੇ ਉਨ੍ਹਾਂ ਹੋਰ ਸਭ ਨਸ਼ਿਆਂ ਨਾਲੋਂ ਵੱਧ ਹੱਡਾਂ ਵਿਚ ਰਚਦਾ ਹੈ ਜਿਹੜੇ ਸਾਡੇ ਇਨ੍ਹਾਂ ਹੀ ਨੇਤਾਵਾਂ ਦੀ ਕਿਰਪਾ ਨਾਲ ਹੁਣ ਪੰਜਾਬ ਵਿਚ ਘਰ ਘਰ ਪਹੁੰਚੇ ਹੋਏ ਹਨ। ਸਮੈਕ ਦਾ ਨਸ਼ਾ ਉਤਰੇ ਤੋਂ ਜਾਨ ਓਨੀ ਨਹੀਂ ਟੁਟਦੀ ਜਿੰਨੀ ਕੁਰਸੀ ਤੋਂ ਉਤਰੇ ਨੇਤਾ ਦੀ ਟੁਟਦੀ ਹੈ।
ਚੋਣਾਂ ਲੰਘੀਆਂ ਤੋਂ ਵੋਟਰਾਂ ਨੂੰ ਪਤਾ ਲਗਦਾ ਹੈ ਕਿ ਉਨ੍ਹਾਂ ਦੀ ਹਾਲਤ ਤਾਂ ‘ਉਸ ਜਨ ਤੋਰੀ ਪ੍ਰੀਤ ਰਾਤ ਭਰ ਕੀ/ ਭੋਰ ਭਈ ਤੂ ਕੌਨ, ਕੌਨ ਮੈਂ’ ਵਾਲੀ ਹੋ ਗਈ ਹੈ। ਆਪਣੇ ਨੇਤਾਵਾਂ ਦਾ ਕਿਸੇ ਅਰਜ਼-ਫ਼ਰਿਆਦ ਵਾਸਤੇ ਮੇਲ ਤਾਂ ਕੀ, ਦਰਸ਼ਨ ਵੀ ਦੁਰਲੱਭ ਹੋ ਜਾਂਦਾ ਹੈ। ਜੇ ਚੰਡੀਗੜ੍ਹ ਮਿਲਣ ਜਾਓ, ਗੜਵਈ ਜਵਾਬ ਦਿੰਦੇ ਹਨ, ਉਹ ਬਾਹਰ ਗਏ ਹੋਏ ਹਨ। ਜੇ ਨੇਤਾ ਜੀ ਦੇ ਚੰਡੀਗੜ੍ਹ ਹੋਣ ਦੀ ਜਾਣਕਾਰੀ ਦੱਸ ਦਿਉ, ਨੇਤਾ ਜੀ ਚੰਡੀਗੜ੍ਹ ਤਾਂ ਹੁੰਦੇ ਹਨ ਪਰ ਕੋਠੀ ਵਿਚ ਨਹੀਂ ਹੁੰਦੇ। ਜੇ ਕਹੋ ਕਿ ਪਤਾ ਲਗਿਆ ਹੈ, ਉਹ ਕੋਠੀ ਵਿਚ ਹੀ ਹਨ, ਤਾਂ ਉਹ ਜ਼ਰੂਰੀ ਮੀਟਿੰਗ ਵਿਚ ਹੁੰਦੇ ਹਨ। ਤੇ ਜ਼ਰੂਰੀ ਮੀਟਿੰਗ ਦਾ ਇਹ ਹਿਸਾਬ ਹੁੰਦਾ ਹੈ ਕਿ ਮੁੱਕੇ ਤਾਂ ਮੁੱਕੇ, ਨਾ ਮੁੱਕੇ ਤਾਂ ਨਾ ਹੀ ਮੁੱਕੇ!
ਸਾਡੇ ਦੇਸ ਦੀ ਰਾਜਨੀਤੀ ਜਿੰਨੀ ਬੇਸ਼ਰਮ ਤੇ ਅਧਰਮੀ ਹੁਣ ਹੈ, ਸ਼ਾਇਦ ਪਹਿਲਾਂ ਕਦੀ ਵੀ ਨਹੀਂ ਸੀ। ਇਉਂ ਲਗਦਾ ਹੈ ਜਿਵੇਂ ਬਾਬਾ ਨਾਨਕ ਨੇ ਇਹ ਬੋਲ ਸਾਡੇ ਸਮੇਂ ਵਾਸਤੇ ਹੀ ਉਚਾਰੇ ਹੋਣ, “ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ!” ਨੇਤਾ ਨਿਰਭੈ ਹੋ ਕੇ ਕੁਸੱਤ ਬੋਲਦੇ ਹਨ। ਕੁਰਸੀਧਾਰੀ ਨੇਤਾ ਨਿਧੜਕ ਹੋ ਕੇ ਪਿਛਲੀ ਵਾਰ ਵਾਲੇ ਵਾਅਦੇ ਹਿੱਕ ਥਾਪੜ ਥਾਪੜ ਦੁਹਰਾਉਣ ਲਗਦੇ ਹਨ। ਉਹ ਇਸ ਗੱਲ ਦੀ ਕੋਈ ਸ਼ਰਮ ਨਹੀਂ ਮੰਨਦੇ ਕਿ ਲੋਕ ਏਨੇ ਮੂਰਖ ਤਾਂ ਨਹੀਂ, ਉਹੋ ਵਾਅਦੇ ਦੁਬਾਰਾ ਸੁਣ ਕੇ ਇਹ ਨਾ ਸੋਚਣ ਕਿ ਤੁਹਾਨੂੰ ਪਿਛਲੀ ਵਾਰ ਕੀਤੇ ਇਹ ਵਾਅਦੇ ਪੂਰੇ ਕਰਨ ਵਾਸਤੇ ਏਨੇ ਸਾਲ ਮਿਲੇ ਸਨ, ਪੂਰੇ ਕਿਉਂ ਨਾ ਕੀਤੇ! ਬੰਦੇ ਦਾ ਧਰਮ ਆਖਦਾ ਹੈ, ਪ੍ਰਾਣ ਜਾਏ ਪਰ ਵਚਨ ਨਾ ਜਾਈ। ਇਥੇ ਵਚਨ ਨੂੰ ਵਿਸਾਰ ਕੇ ਪ੍ਰਾਣਾਂ ਦੀ ਸੁੱਖ ਮੰਗੀ ਜਾਂਦੀ ਹੈ।
ਮਿਸਾਲ ਵਜੋਂ ਜਦੋਂ ਹੁਣ ਅਕਾਲੀ ਸੱਤਾਧਾਰੀ ਆਉਂਦੇ ਮਹੀਨਿਆਂ ਵਿਚ ਸਵਰਗ ਨੂੰ ਗੁੱਟ ਤੋਂ ਫੜ ਕੇ ਖਿਚਦੇ ਹੋਏ ਪੰਜਾਬੀਆਂ ਦੇ ਵਿਹੜੇ ਲਿਆ ਸੁੱਟਣ ਦੀਆਂ ਫੜ੍ਹਾਂ ਮਾਰਦੇ ਹਨ, ਲੋਕ ਉਨ੍ਹਾਂ ਨੂੰ ਇਹ ਪੁੱਛਣੋਂ ਕਿਉਂ ਝਿਜਕਦੇ ਹਨ, ਮਹਾਰਾਜ, ਇਹ ਸ਼ੁਭ ਕਾਰਜ ਤੁਸੀਂ ਪਿਛਲੇ ਨੌਂ ਵਰ੍ਹਿਆਂ ਵਿਚ ਕਿਉਂ ਨਾ ਕੀਤਾ? ਆਪਣੇ ਸਾਹਿਰ ਲੁਧਿਆਣਵੀ ਕਹਿੰਦੇ ਹਨ, “ਜ਼ਰਾ ਮੁਲਕ ਕੇ ਰਹਿਬਰੋਂ ਕੋ ਬੁਲਾਓ/ ਯੇ ਕੂਚੇ, ਯੇ ਗਲ਼ੀਆਂ, ਯੇ ਮੰਜ਼ਰ ਦਿਖਾਓ/ ਜਿਨ੍ਹੇਂ ਨਾਜ਼ ਹੈ ਹਿੰਦ ਪਰ ਉਨ ਕੋ ਲਾਓ/ ਜਿਨ੍ਹੇਂ ਨਾਜ਼ ਹੈ ਹਿੰਦ ਪਰ ਵੁਹ ਕਹਾਂ ਹੈਂ?”
ਲੋਕਾਂ ਨੂੰ ਚਾਹੀਦਾ ਹੈ, ਅਕਾਲੀ ਰਹਿਬਰਾਂ ਨੂੰ ਬੁਲਾ ਕੇ ਆਪਣੇ ਗਲ਼ੀਆਂ-ਕੂਚਿਆਂ ਵਿਚ ਫਿਰਦੀ ਭੁੱਖ-ਨੰਗ, ਬੀਮਾਰੀ, ਅਨਪੜ੍ਹਤਾ, ਬੇਰੁਜ਼ਗਾਰੀ ਤੇ ਖ਼ੁਦਕੁਸ਼ੀ ਦਾ ਮੰਜ਼ਰ ਦਿਖਾਉਣ ਤੇ ਆਖਣ, “ਤੁਸੀਂ ਤਾਂ ਪੰਜਾਬ ਉਤੇ ਨਾਜ਼ ਹੋਣ ਦਾ ਦਾਅਵਾ ਕਰਦੇ ਨਹੀਂ ਥਕਦੇ, ਇਹ ਹੈ ਤੁਹਾਡਾ ਨਾਜ਼?”
ਇਸੇ ਤਰ੍ਹਾਂ ਵੋਟਰਾਂ ਨੂੰ ਚਾਹੀਦਾ ਹੈ ਕਿ ਕਾਂਗਰਸੀਆਂ ਨੂੰ ਕਹਿਣ, ਤੁਸੀਂ ਕਿਹੜਾ ਕੋਈ ਨਵੇਂ ਆਏ ਹੋ ਜੋ ਸਾਨੂੰ ਵਾਅਦਿਆ ਨਾਲ ਲੁਭਾਉਣ ਲੱਗੇ ਹੋ ਤੇ ਅਕਾਲੀਆਂ ਮਗਰ ਖੂੰਡਾ ਚੁੱਕੀ ਫਿਰਦੇ ਹੋ? ਇਹ ਤਾਂ 2012 ਵਿਚ ਤੁਹਾਡੇ ਆਪਣੇ ਕਾਟੋ-ਕਲੇਸ਼ ਨੇ ਅਕਾਲੀਆਂ ਦਾ ਦੁਬਾਰਾ ਦਾਅ ਲੁਆ ਦਿੱਤਾ, ਨਹੀਂ ਤਾਂ ਪੰਜਾਬ ਵਿਚ ਚਿਰਾਂ ਤੋਂ ਹਰ ਵਾਰ ਚਲਦੀ “ਉਤਰ ਕਾਟੋ ਮੈਂ ਚੜ੍ਹਾਂ, ਮੇਰੀ ਵਾਰੀ ਆਈ ਐ” ਦੀ ਰੀਤ ਅਨੁਸਾਰ ਰਾਜ ਤੁਹਾਡਾ ਹੀ ਆਉਣਾ ਸੀ। ਪਰ ਜੇ ਤੁਹਾਡੀ ਵਾਰੀ ਵੀ ਆ ਜਾਂਦੀ, ਤੁਸੀਂ ਕੀ ਕਰ ਦੇਣਾ ਸੀ? ਇਨ੍ਹਾਂ ਦੇ ਦੂਹਰੇ ਰਾਜ ਤੋਂ ਪਹਿਲਾਂ ਤੁਹਾਡਾ ਹੀ ਰਾਜ ਸੀ, ਉਦੋਂ ਤੁਸੀਂ ਕੀ ਰੱਬ ਨੂੰ ਟਾਕੀਆਂ ਲਾ ਦਿੱਤੀਆਂ ਸਨ?
ਪੰਜਾਬ ਦੇ ਵੋਟਰਾਂ ਦੀ ਮਜਬੂਰੀ ਰਹੀ ਹੈ ਕਿ ਉਹ ਅਕਾਲੀਆਂ ਦੇ ਰਾਜ ਤੋਂ ਅੱਕ ਜਾਂਦੇ ਹਨ ਤਾਂ ਕਾਂਗਰਸੀਆਂ ਦੇ ਲੜ ਲੱਗ ਜਾਂਦੇ ਹਨ ਤੇ ਜਦੋਂ ਉਹ ਵੀ ਕੁਝ ਨਹੀਂ ਕਰਦੇ, ਫੇਰ ਅਕਾਲੀਆਂ ਦੀ ਝੋਲੀ ਪੈ ਜਾਂਦੇ ਹਨ। ਕੋਈ ਤੀਜਾ ਬਦਲ ਹੁੰਦਾ ਹੀ ਨਹੀਂ ਸੀ। ਆਪਣੇ ਜ਼ਮਾਨੇ ਵਿਚ ਸ਼ਾਹ ਮੁਹੰਮਦ ਨੇ ਹਿੰਦੂਆਂ-ਸਿੱਖਾਂ ਤੇ ਮੁਸਲਮਾਨਾਂ ਨਾਲ ਚਿਰਾਂ ਤੋਂ ਵਸਦੇ ਪੰਜਾਬ ਵਿਚ ਅੰਗਰੇਜ਼ਾਂ ਨੂੰ ਆਏ ਦੇਖ ਕੇ ਕਿਹਾ ਸੀ, “ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ, ਕੋਈ ਨਹੀਂ ਸੀ ਦੂਸਰੀ ਜ਼ਾਤ ਆਹੀ।” ਇਸ ਸਮੇਂ ਸਿਆਸੀ ਪਾਰਟੀਆਂ ਦੇ ਪੱਖੋਂ ਪੰਜਾਬ ਦਾ ਇਹੋ ਹਾਲ ਰਿਹਾ ਹੈ। ਪਰ ਇਸ ਵਾਰ ਅਕਾਲੀਆਂ ਤੇ ਕਾਂਗਰਸੀਆਂ ਤੋਂ ਬਿਨਾਂ ਸ਼ਾਹ ਮੁਹੰਮਦ ਦੇ ਕਹੇ ਵਾਲੀ ਇਕ ਹੋਰ ਜ਼ਾਤ ਆਮ ਆਦਮੀ ਪਾਰਟੀ ਦੇ ਰੂਪ ਵਿਚ ਆ ਗਈ ਹੈ।
ਪੰਜਾਬ ਦੇ ਆਮ ਲੋਕ ਜਿਸ ਉਤਸਾਹ ਨਾਲ ‘ਆਮ ਆਦਮੀ ਪਾਰਟੀ’ ਜਾਂ ‘ਮੈਂ ਹਾਂ ਆਮ ਆਦਮੀ’ ਲਿਖੇ ਵਾਲੀਆਂ ਪੱਟੀਆਂ ਪੱਗਾਂ ਉਤੇ ਸਜਾ ਰਹੇ ਹਨ ਜਾਂ ਟੋਪੀਆਂ ਪਾ ਰਹੇ ਹਨ, ਹੋ ਸਕਦਾ ਹੈ, ਉਹ ਸੋਚਣ, ਇਹ ਦੋਵੇਂ ਪਾਰਟੀਆਂ ਤਾਂ ਕਈ ਕਈ ਵਾਰ ਪਰਖ ਲਈਆਂ, ਇਸ ਅਣਪਰਖੇ ਨਵੇਂ ਨੂੰ ਵੀ ਸੁਣ ਲਈਏ, ਇਹਦਾ ਕੀ ਕਹਿਣਾ ਹੈ। ਜੇ ਅਜਿਹੀ ਅਲੋਕਾਰ ਗੱਲ ਹੋ ਜਾਵੇ, ਅਕਾਲੀ ਤੇ ਕਾਂਗਰਸੀ ਨੇਤਾ ਵੋਟਰ ਜਨਤਾ ਨੂੰ ਉਲਾਂਭੇ ਤਾਂ ਜ਼ਰੂਰ ਦੇਣਗੇ, “ਨਵਿਆਂ ਦੇ ਲੜ ਲੱਗ ਗਈ, ਛੱਡ ਕੇ ਯਾਰ ਪੁਰਾਣੇ!” ਅਜਿਹੀ ਸੂਰਤ ਵਿਚ ਜਨਤਾ ਨੂੰ ਝਿਜਕਣ ਦੀ ਲੋੜ ਨਹੀਂ ਕਿਉਂਕਿ ਉਸ ਕੋਲ ਵਧੀਆ ਜਵਾਬ ਹੈ। ਉਹ ਦੱਸ ਸਕਦੀ ਹੈ ਕਿ ਤੁਸੀਂ ਲਾਰੇ ਲਾਉਂਦੇ ਰਹੇ, ਸੰਵਾਰਿਆ ਕਦੀ ਕੁਝ ਨਹੀਂ, ਕਦੀ ਕਿਸੇ ਕੰਮ ਨਹੀਂ ਆਏ, ਆਖ਼ਰ ਮਨ ਇਸ ਹਾਲਤ ਤੋਂ ਏਨਾ ਅੱਕ ਗਿਆ ਕਿ “ਮਰਦੀ ਨੇ ਅੱਕ ਚੱਬਿਆ, ਹਾਰ ਕੇ ਜੇਠ ਨਾਲ ਲਾਈਆਂ!”
ਸਾਡੇ ਦੇਸ ਦਾ ਸੰਵਿਧਾਨ ਬਣਾਉਣ ਵਾਲਿਆਂ ਨੇ ਕਮਾਲ ਦੀ ਦੂਰ-ਦ੍ਰਿਸ਼ਟੀ ਦਿਖਾਉਂਦਿਆਂ ਲੋਕਾਂ ਨੂੰ ਏਨੀ ਤਾਕਤ ਦਿੱਤੀ ਹੈ ਅਤੇ ਇਸ ਗੱਲ ਦੇ ਸਮਰੱਥ ਬਣਾਇਆ ਹੈ ਕਿ ਉਹ ਕੋਈ ਸਰਕਾਰ ਨਿਕੰਮੀ ਸਿੱਧ ਹੋਣ ਦੀ ਸੂਰਤ ਵਿਚ ਅਗਲੀਆਂ ਚੋਣਾਂ ਸਮੇਂ ਉਹਦੇ ਹੇਠੋਂ ਕੁਰਸੀ ਖਿੱਚ ਕੇ ਕਿਸੇ ਨਵੇਂ ਦੇ ਹਵਾਲੇ ਕਰ ਦੇਣ। ਸੂਝ-ਸਮਝ ਮੰਗ ਕਰਦੀ ਹੈ ਕਿ ਇਕ ਵਾਰ, ਦੋ ਵਾਰ, ਤਿੰਨ ਵਾਰ ਠੱਗੇ ਜਾਣ ਮਗਰੋਂ ਵੋਟਰ ਏਨੇ ਅਨੁਭਵੀ ਹੋ ਜਾਣ ਕਿ ਚੰਗੇ-ਮੰਦੇ ਦਾ ਨਿਖੇੜਾ ਕਰ ਸਕਣ ਅਤੇ ਕੁਝ ਕਰ ਕੇ ਦਿਖਾਉਣ ਵਾਲੀ ਸਰਕਾਰ ਚੁਣ ਲੈਣ। ਜੇ ਵਾਰ ਵਾਰ ਪਰਖੀਆਂ ਦੋਵਾਂ ਰਵਾਇਤੀ ਪਾਰਟੀਆਂ ਦੇ ਨਾਲ ਹੁਣ ਇਕ ਹੋਰ ਪਾਰਟੀ ਦਾ ਨਵਾਂ ਵਾਧਾ ਹੋ ਜਾਣ ਦੇ ਬਾਵਜੂਦ ਲੋਕ ਕੋਈ ਕੰਮ ਨਾ ਕਰਨ ਵਾਲੀ ਤੇ ਫੋਕੀਆਂ ਫੜ੍ਹਾਂ ਮਾਰਨ ਵਾਲੀ ਸਰਕਾਰ ਚੁਣ ਲੈਂਦੇ ਹਨ, ਫੇਰ ਤਾਂ ਬਾਬਾ ਨਾਨਕ ਦੇ ਕਹੇ ਬੋਲਾਂ “ਕੂੜੁ ਰਾਜਾ ਕੂੜੁ ਪਰਜਾ” ਅਨੁਸਾਰ ਅਫ਼ਸੋਸ ਨਾਲ ਇਹ ਮੰਨਣਾ ਪਵੇਗਾ ਕਿ ਸਿਰਫ਼ ਰਾਜਾ ਹੀ ਕੂੜ ਨਹੀਂ ਜੋ ਜਨਤਾ ਦੇ ਭਲੇ ਲਈ ਕੁਝ ਨਹੀਂ ਕਰਦਾ ਸਗੋਂ ਪਰਜਾ ਵੀ ਕੂੜ ਹੈ ਜੋ ਕਸਵੱਟੀ ਉਤੇ ਮੁੜ ਮੁੜ ਪਰਖੇ ਤੋਂ ਖੋਟੇ ਨਿੱਕਲੇ ਰਾਜਿਆਂ ਵਿਚੋਂ ਹੀ ਕਿਸੇ ਨੂੰ ਫੇਰ ਚੁਣ ਲੈਂਦੀ ਹੈ!