ਕਮਲ਼ੇ ਯਾਰ

ਐਮਰਜੈਂਸੀ ਅਤੇ ‘ਕੱਖ-ਕਾਨਾਂ’ ਦੀ ਵਾਰੀ-3
‘ਐਮਰਜੈਂਸੀ ਤੇ ਕੱਖ-ਕਾਨਾਂ ਦੀ ਵਾਰੀ’ ਲੇਖ ਲੜੀ ਵਿਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਐਮਰਜੈਂਸੀ ਨਾਲ ਜੁੜੀਆਂ ਯਾਦਾਂ ਦਾ ਵਰਕਾ ਫਰੋਲਿਆ ਹੈ। ਉਹ ਅਜਿਹਾ ਵਕਤ ਸੀ ਜਦੋਂ ਵਿਰੋਧ ਦੀ ਹਰ ਆਵਾਜ਼ ਨੂੰ ਬੰਦ ਕਰਨ ਦਾ ਹੀਲਾ ਕੇਂਦਰ ਸਰਕਾਰ ਨੇ ਕੀਤਾ ਸੀ।

ਬਹੁਤ ਸਾਰੇ ਆਗੂਆਂ, ਪੱਤਰਕਾਰਾਂ, ਲੇਖਕਾਂ ਤੇ ਬੁੱਧੀਜੀਵੀਆਂ ਉਤੇ ਵੱਖ-ਵੱਖ ਕੇਸ ਪਾ ਕੇ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਡੱਕ ਦਿੱਤਾ ਗਿਆ। ਵਰਿਆਮ ਸਿੰਘ ਸੰਧੂ ਨੇ ਇਸ ਲੰਮੀ ਲੇਖ ਲੜੀ ਵਿਚ ਇਸ ਜੇਲ੍ਹ ਯਾਤਰਾ ਦੇ ਹਵਾਲੇ ਨਾਲ ਆਪਣੇ ਸਮਾਜ ਅਤੇ ਸਿਸਟਮ ਬਾਰੇ ਸਾਰਥਕ ਟਿੱਪਣੀਆਂ ਕੀਤੀਆਂ ਹਨ। ਇਨ੍ਹਾਂ ਟਿੱਪਣੀਆਂ ਵਿਚ ਬਤੌਰ ਲੇਖਕ ਉਨ੍ਹਾਂ ਆਵਾਮ ਦੇ ਸਰੋਕਾਰ ਸਾਂਝੇ ਕੀਤੇ ਹਨ। ‘ਕਮਲ਼ੇ ਯਾਰ’ ਵਿਚ ਉਨ੍ਹਾਂ ਸਾਥੀਆਂ ਦਾ ਖੁਲਾਸਾ ਹੈ ਜਿਹੜੇ ਹਰ ਮੌਸਮ ਵਿਚ ਤੁਹਾਡੇ ਅੰਗ-ਸੰਗ ਰਹਿੰਦੇ ਹਨ। -ਸੰਪਾਦਕ

ਵਰਿਆਮ ਸਿੰਘ ਸੰਧੂ
ਫੋਨ: 1-416-918-5212
ਅਜਾਇਬ ਸਿੰਘ ਸੰਧੂ ਰਿਸ਼ਤੇ ਵਿਚ ਮੇਰੀ ਦਾਦੀ ਦੇ ਭਰਾ ਦਾ ਪੋਤਰਾ ਸੀ। ਰਿਸ਼ਤੇ ਵਿਚ ਮੇਰਾ ਭਰਾ, ਪਰ ਉਮਰੋਂ ਲਗਭਗ ਮੇਰੇ ਪਿਓ ਦਾ ਹਾਣੀ। ਉਸ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਾਡੇ ਪਰਿਵਾਰ ਅਤੇ ਮੇਰੇ ਪਿਤਾ ਨਾਲ ਬਹੁਤ ਗੂੜ੍ਹਾ ਪਿਆਰ ਸੀ। ਦੇਸ਼ ਦੀ ਤਕਸੀਮ ਤੋਂ ਬਾਅਦ ਉਹ ਉਧਰੋਂ ਆ ਕੇ ਪਹਿਲਾਂ ਸਾਡੇ ਘਰ ਹੀ ਕੁਝ ਮਹੀਨੇ ਠਹਿਰੇ ਸਨ। ਪਿਛੋਂ ਉਨ੍ਹਾਂ ਨੂੰ ਖ਼ਾਲੀ ਪਿਆ ਮੁਸਲਮਾਨੀ ਮਕਾਨ ਸਾਡੇ ਗੁਆਂਢ ਹੀ ਮਿਲ ਗਿਆ। ਇੰਜ ਪਰਿਵਾਰਕ ਮੇਲ-ਜੋਲ ਲਗਾਤਾਰ ਬਣਿਆ ਰਿਹਾ। ਪਿਛੋਂ ਉਨ੍ਹਾਂ ਨੂੰ ਡਿੱਬੀਪੁਰ ਵਿਚ ਪੱਕੀ ਜ਼ਮੀਨ ਅਲਾਟ ਹੋ ਗਈ ਅਤੇ ਉਨ੍ਹਾਂ ਦਾ ਪਰਿਵਾਰ ਉਥੇ ਚਲਾ ਗਿਆ। ਅਜਾਇਬ ਸਿੰਘ ਨੂੰ ਬੈਂਕ ਵਿਚ ਨੌਕਰੀ ਵੀ ਮੇਰੇ ਪਿਤਾ ਦੀ ਸਿਫ਼ਾਰਸ਼ ਨਾਲ ਹੀ ਮਿਲੀ ਸੀ। ਇਸ ਲਈ ਉਹ ਮੇਰੇ ਪਿਤਾ ਨੂੰ ਸਦਾ ਵੱਡੇ ਭਰਾ ਵਾਂਗ ਸਤਿਕਾਰ ਦਿੰਦਾ ਰਿਹਾ ਸੀ। ਮੇਰੇ ਬਚਪਨ ਤੋਂ ਹੀ ਉਹ ਮੈਨੂੰ ਹੋਣਹਾਰ ਬੱਚੇ ਵਜੋਂ ਪਿਆਰਦਾ ਰਿਹਾ ਸੀ। ਪਿਛਲੇ ਕਈ ਸਾਲਾਂ ਤੋਂ ਉਹ ਸਟੇਟ ਬੈਂਕ ਆਫ਼ ਪਟਿਆਲਾ ਵਿਚ ਅਫ਼ਸਰ ਸੀ, ਬਹੁਤ ਹੀ ਸੂਝਵਾਨ, ਮਿਲਾਪੜਾ ਅਤੇ ਲੋਕਾਂ ਦੇ ਕੰਮ ਆਉਣ ਵਾਲਾ ਬੰਦਾ। ਇਸ ਲਈ ਪੱਟੀ ਅਤੇ ਆਸ-ਪਾਸ ਦੇ ਇਲਾਕੇ ਵਿਚ ਉਸ ਦੀ ਬਹੁਤ ਇੱਜ਼ਤ ਸੀ। ਪੱਟੀ ਦੇ ਸਾਰੇ ਅਫ਼ਸਰਾਂ ਨਾਲ ਉਸ ਦੇ ਬੜੇ ਸੁਖਾਵੇਂ ਸਬੰਧ ਸਨ। ਮੈਂ ਕਿਵੇਂ ਨਾ ਕਿਵੇਂ ਉਸ ਤੱਕ ਆਪਣੇ ਗ੍ਰਿਫ਼ਤਾਰ ਹੋਣ ਦੀ ਖ਼ਬਰ ਪਹੁੰਚਾ ਦਿੱਤੀ ਸੀ। ਸਾਡੇ ਪੇਸ਼ ਹੋਣ ਸਮੇਂ ਤੱਕ ਉਸ ਨੇ ਵਕੀਲ ਕਰ ਲਿਆ ਸੀ ਅਤੇ ਕੇਸ ਦੀ ਸਾਰੀ ਨੌਈਅਤ ਸਮਝ ਲਈ ਸੀ। ਉਸ ਨੇ ਕੁਝ ਮਹੀਨੇ ਪਹਿਲਾਂ ‘ਬਣੀ-ਠਣੀ’ ਵੇਖੀ ਰਜਵੰਤ ਨੂੰ ਬੁਰੇ ਹਾਲੀਂ ਵੇਖ ਕੇ ਸਿਰ ‘ਤੇ ਪਿਆਰ ਦੇ ਕੇ ਕਿਹਾ, “ਬੀਬੀ! ਜਦੋਂ ਮੈਂ ਇਥੇ ਬੈਠਾਂ, ਤੂੰ ਇਸ ਹਾਲਤ ਵਿਚ ਇਥੇ ਕਿਉਂ ਆਈ?”
ਸਾਨੂੰ ਐਸ਼ਡੀæਐਮæ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ‘ਸਰਕਾਰ ਬਨਾਮ ਵਰਿਆਮ ਸਿੰਘ’ ਨਾਂ ਦਾ ਇਹ ਕੇਸ ਧਾਰਾ 107/151 ਅਧੀਨ ਦਰਜ ਕੀਤਾ ਗਿਆ ਸੀ। ਇਸ ਮੁਤਾਬਕ ਮੈਥੋਂ ਸਰਕਾਰੀ ਅਮਨ ਕਾਨੂੰਨ ਨੂੰ ਖ਼ਤਰਾ ਸੀ। ਸਿਪਾਹੀ ‘ਸੁੰਦਰ’ ਮੈਨੂੰ ਕਹਿੰਦਾ, “ਗੱਲ ਈ ਕੋਈ ਨਹੀਂ। ਇਹ ਤਾਂ ਹੁਣੇ ਦਸ ਹਜ਼ਾਰ ਦੀ ਜ਼ਮਾਨਤ ਹੋਈ ਲਓ।”
ਕੇਸ ਕਿਉਂਕਿ ਕਾਬਲੇ-ਜ਼ਮਾਨਤ ਸੀ, ਸਾਡੇ ਵਕੀਲ ਨੇ ਜ਼ਮਾਨਤ ਲਈ ਆਖਿਆ। ਐਸ਼ਡੀæਐਮæ ਗੁਰਜੀਤ ਸਿੰਘ ਚੀਮਾ ਨੇ ਚੜ੍ਹਾ ਕੇ ਤੇ ਕੱਸ ਕੇ ਬੱਧੀ ਦਾੜ੍ਹੀ ਵਿਚੋਂ ਹੋਠ ਖੋਲ੍ਹੇ ਅਤੇ ਫੁਸਫੁਸਾਇਆ, “ਠੀਕ ਏ।”
ਸੁੰਦਰ ਨੇ ਖ਼ੁਸ਼ ਹੋ ਕੇ ਹੌਲੀ ਜਿਹੀ ਕਿਹਾ, “ਲਓ ਵਧਾਈ ਹੋਵੇ।”
ਮੈਂਂ ਕਿਹਾ, “ਸੁੰਦਰਾ ਧਿਆਨ ਨਾਲ ਸੁਣ।”
ਢਾਈ ਲੱਖ ਦੀ ‘ਨੰਬਰੀ ਜ਼ਮਾਨਤ’ ਮੰਗੀ ਗਈ ਸੀ। ਪੰਜਾਹ ਹਜ਼ਾਰ ਦਾ ਮੁਚੱਲਕਾ। ਮਤਲਬ ਸੀ ਕਿ ਜ਼ਮਾਨਤ ਦੇਣ ਵਾਲਾ ਆਪਣੀ ਜ਼ਮੀਨ-ਜਾਇਦਾਦ ਦਾ ਲਿਖਤੀ ਰਿਕਾਰਡ ਪਹਿਲਾਂ ਅਦਾਲਤ ਵਿਚ ਪੇਸ਼ ਕਰੇਗਾ। ਜ਼ਾਹਿਰ ਸੀ ਕਿ ਇਹ ਕੰਮ ਹੁਣੇ ਇੱਕ ਮਿੰਟ ਵਿਚ ਹੋਣ ਵਾਲਾ ਨਹੀਂ ਸੀ। ਐਸ਼ਡੀæਐਮæ ਨੇ ਸਾਨੂੰ ਜੇਲ੍ਹ ਭੇਜਣ ਦਾ ਹੁਕਮ ਦੇ ਕੇ ਅਗਲੀ ਪੇਸ਼ੀ ਦੀ ਤਰੀਕ ਪਾ ਦਿੱਤੀ।
ਬਾਹਰ ਆਏ ਤਾਂ ਅਜਾਇਬ ਸਿੰਘ ਨੇ ਕਿਹਾ ਕਿ ਇੱਕ-ਅੱਧੇ ਦਿਨ ਤੱਕ ਉਹ ਜ਼ਮਾਨਤ ਕਰਵਾ ਲਵੇਗਾ। ਮੈਨੂੰ ਪਤਾ ਸੀ ਕਿ ਜ਼ਮਾਨਤ ਕਰਾਉਣ ਦਾ ਕੋਈ ਲਾਭ ਨਹੀਂ। ਇਨ੍ਹਾਂ ਮੈਨੂੰ ਫਿਰ ਫੜ ਲੈਣਾ ਏ।
ਅਜਾਇਬ ਸਿੰਘ ਨੇ ਰਜਵੰਤ ਨੂੰ ਹੌਸਲਾ ਦੇ ਕੇ ਆਪਣੇ ਲੜਕੇ ਨਾਲ ਗਾਰਡਨ ਕਾਲੋਨੀ ਵਿਚਲੇ ਆਪਣੇ ਘਰ ਜਾਣ ਲਈ ਕਿਹਾ ਅਤੇ ਆਪ ਸੌ ਕੁ ਗ਼ਜ਼ ਦੂਰ ਸਬ-ਜੇਲ੍ਹ ਪੱਟੀ ਦੇ ਸੁਪਰਡੈਂਟ ਨੂੰ ਮਿਲਣ ਤੁਰ ਪਿਆ। ਸਾਡੇ ਜੇਲ੍ਹ ਜਾਣ ਸਮੇਂ ਉਹ ਜੇਲ੍ਹ ਸੁਪਰਡੈਂਟ ਦੇ ਦਫ਼ਤਰ ਵਿਚ ਬੈਠਾ ਸੀ। ਸਾਨੂੰ ਉਸ ਨਾਲ ਮਿਲਾ ਕੇ ਉਸ ਨੇ ਧਰਵਾਸ ਦਿੱਤਾ ਕਿ ਇਥੇ ਸਾਨੂੰ ਕੋਈ ਤਕਲੀਫ਼ ਨਹੀਂ ਹੋਣ ਲੱਗੀ। ਉਹ ਤੌਲੀਆ, ਸਾਬਣ-ਤੇਲ ਅਤੇ ਹੋਰ ਲੋੜੀਂਦਾ ਸਮਾਨ ਹੁਣੇ ਜਾ ਕੇ ਘਰੋਂ ਭੇਜ ਦਏਗਾ। ਸੁਪਰਡੈਂਟ ਨੇ ਵੀ ਸਾਨੂੰ ਤਸੱਲੀ ਰੱਖਣ ਲਈ ਕਿਹਾ।
ਅਸੀਂ ਜਦੋਂ ਬੈਰਕ ਵਿਚ ਵੜੇ ਤਾਂ ਅੰਦਰ ਹਵਾਲਾਤੀਆਂ ਵਿਚ ਤਾਸ਼ ਦੀ ਬਾਜ਼ੀ ਚੱਲ ਰਹੀ ਸੀ। ਨਵੇਂ ਸਾਥੀਆਂ ਦੀ ਆਮਦ ਦਾ ਸਵਾਗਤ ਕਰਨ ਲਈ ਉਨ੍ਹਾਂ ਨੇ ਤਾਸ਼ ਦੇ ਪੱਤੇ ਫ਼ਰਸ਼ ‘ਤੇ ਵਗਾਹ ਮਾਰੇ। ‘ਸਤਿ ਸ੍ਰੀ ਅਕਾਲ’ ਤੋਂ ਪਿਛੋਂ ਸਭ ਤੋਂ ਪਹਿਲਾਂ ‘ਕਿਸ ਜੁਰਮ ਅਧੀਨ ਆਏ ਹਾਂ?’ ਦੀ ਜਾਣਕਾਰੀ ਮੰਗੀ। ਅਸੀਂ ਦੱਸਿਆ ਕਿ ਅਸੀਂ ਕੋਈ ਇਖ਼ਲਾਕੀ ਜੁਰਮ ਅਧੀਨ ਨਹੀਂ ਆਏ। ਸਾਨੂੰ ਨਾਲ ਲੈ ਕੇ ਆਏ ਵਾਰਡਰ ਨੇ ਸਾਡੀ ਭੱਲ ਬਣਾ ਦਿੱਤੀ, “ਇਨ੍ਹਾਂ ਦੀ ਸਿੱਧੀ ਲੜਾਈ ਇੰਦਰਾ ਗਾਂਧੀ ਨਾਲ ਹੈ।”
ਦੂਜੇ ਹਵਾਲਾਤੀਆਂ ਸਾਹਮਣੇ ਇਕਦਮ ਸਾਡਾ ‘ਰੁਤਬਾ’ ਵਧ ਗਿਆ। ਉਹ ਸਾਨੂੰ ਆਦਰ ਦੀ ਨਜ਼ਰ ਨਾਲ ਵੇਖਣ ਲੱਗੇ। ਏਨੇ ਚਿਰ ਨੂੰ ਬਾਹਰੋਂ ਬੈਰਕ ਵਿਚ ਵੜਦਿਆਂ ਕਿਸੇ ਵਾਰਡਰ ਨੇ ਉਚੀ ਸਾਰੀ ਦਬਾਕੜਾ ਮਾਰਿਆ, “ਚਲੋ! ਉਠੋ ਉਏ! ਨਵੇਂ ਆਏ ਸੱਤ-‘ਕਵਿੰਜਾ ਵਾਲੇ! ਬਾਹਰ ਆ ਕੇ ਵਿਹੜੇ ਵਿਚ ਪੋਚਾ ਲਾਓ।”
ਸਾਰੇ ਚੁੱਪ ਹੋ ਗਏ ਅਤੇ ਸਾਡੇ ਮੂੰਹ ਵੱਲ ਵੇਖਣ ਲੱਗੇ।
ਇਹ ਹੁਕਮ ਸਾਡੇ ਸਵੈਮਾਣ ਲਈ ਵੰਗਾਰ ਸੀ। ਇਹੋ ਇੱਕ ਪਲ ਸੀ ਜਦੋਂ ਜੇਲ੍ਹ ਕਰਮਚਾਰੀਆਂ ਨੇ ਸਾਡੇ ‘ਤੇ ਕਾਠੀ ਪਾ ਲੈਣੀ ਸੀ ਅਤੇ ਸਾਡੇ ਨਾਲ ਆਮ ਕੈਦੀਆਂ ਨਾਲ ਕੀਤੇ ਜਾਣ ਵਾਲਾ ਗ਼ੈਰ-ਮਨੁੱਖੀ ਵਿਹਾਰ ਕਰਨਾ ਸੀ। ਅਸੀਂ ਹੁਣੇ ਹੀ ਦੂਜੇ ਕੈਦੀਆਂ ਅੱਗੇ ਬਣਾਏ ਆਪਣੇ ਵੱਕਾਰ ਨੂੰ ਕਾਇਮ ਰੱਖਦਿਆਂ ਕਰਮਚਾਰੀਆਂ ਨੂੰ ਇਹ ਅਹਿਸਾਸ ਕਰਵਾਉਣਾ ਸੀ ਕਿ ਅਸੀਂ ‘ਇਨ੍ਹਾਂ ਗੱਡਾਂ ਦੇ ਬੌਲਦ’ ਨਹੀਂ। ਇਸ ਪਲ ਨੂੰ ਸਾਂਭਣਾ ਬਹੁਤ ਜ਼ਰੂਰੀ ਸੀ। ‘ਹੁਕਮ ਅਦੂਲੀ ਕਰਨ’ ‘ਤੇ ਵਾਰਡਰਾਂ ਦੀ ਨਰਾਜ਼ਗੀ ਕਾਰਨ, ਉਨ੍ਹਾਂ ਵੱਲੋਂ ‘ਹੱਥਾਂ ਜਾਂ ਸ਼ਬਦਾਂ ਨਾਲ’ ਸਾਨੂੰ ਬੇਇਜ਼ਤ ਕਰਨ ਦੀ ਕਾਰਵਾਈ ਵੀ ਹੋ ਸਕਦੀ ਸੀ। ਅਸੀਂ ਆਪਣਾ ‘ਨਾਇਕਤਵ’ ਹਰ ਕੀਮਤ ‘ਤੇ ਬਚਾਈ ਰੱਖਣਾ ਸੀ!
“ਭਾਈ ਸਾਹਿਬ! ਅਸੀਂ ਤੇਰਾ ਪੋਚਾ ਮਾਰਨ ਵਾਲੇ ਨਹੀਂ। ਤੇਰੀ ਸਰਕਾਰ ਦੀ ਫੱਟੀ ਪੋਚਣ ਵਾਲੇ ਆਂ।” ਅਸੀਂ ਸ਼ੇਖ਼ੀ ਮਾਰੀ। ਆਪਣੀ ਪੈਂਠ ਬਣਾਉਣ ਲਈ ਇਹ ਜ਼ਰੂਰੀ ਵੀ ਸੀ। ਵਾਰਡਰ ਛਾਬਲ ਗਿਆ। ਸਾਰੇ ਹਵਾਲਾਤੀ ਸਾਥੋਂ ਪ੍ਰਭਾਵਿਤ ਹੋ ਕੇ ਖਿੜਖਿੜਾ ਕੇ ਹੱਸੇ। ਉਨ੍ਹਾਂ ਦੀ ਵੀ ਰਹਿ ਆ ਗਈ ਸੀ।
ਇੱਕ ਜਣੇ ਨੇ ਵਾਰਡਰ ਨੂੰ ਕਿਹਾ, “ਇਹ ਤੁਹਾਡੇ ਜਾਲ ਦੇ ਪੰਛੀ ਨਹੀਂ। ਅਸਮਾਨਾਂ ‘ਚ ਉਡਣ ਵਾਲੇ ਨੇ।”
ਉਹ ਆਪ ਹੀ ਉਹਨੂੰ ਸਾਡੇ ਬਾਰੇ ਵਧਾ-ਚੜ੍ਹਾ ਕੇ ਦੱਸਣ ਲੱਗੇ।
“ਚਲੋ ਤੁਸੀਂ ਉਠੋ ਉਏ!” ਛਿੱਥੇ ਪਏ ਵਾਰਡਰ ਨੇ ਹੋਰ ਦੋ ਜਣਿਆਂ ਨੂੰ ਉਠਣ ਦਾ ਹੁਕਮ ਦੇ ਦਿੱਤਾ। ਉਨ੍ਹਾਂ ‘ਚ ਹੁਕਮ ਅਦੂਲੀ ਕਰਨ ਦੀ ਹਿੰਮਤ ਨਹੀਂ ਸੀ।
“ਆ ਗਏ ਓ ਇਨਕਲਾਬੀਓ!” ਇਹ ਅਜਾਇਬ ਸਿੰਘ ਦਾ ਛੋਟਾ ਭਰਾ ਸਰਦੂਲ ਸੀ। ਫ਼ੌਜ ਵਿਚੋਂ ਆ ਕੇ ਅਜਾਇਬ ਸਿੰਘ ਦੀ ਸਿਫ਼ਾਰਸ਼ ਨਾਲ ਇਸ ਜੇਲ੍ਹ ਵਿਚ ਵਾਰਡਰ ਲੱਗ ਗਿਆ ਸੀ। ਸਾਨੂੰ ਹੋਰ ਵੀ ਹੌਸਲਾ ਹੋ ਗਿਆ।
ਸਰਦੂਲ ਰਾਹੀਂ ਲੋੜੀਂਦਾ ਸਮਾਨ ਮੇਰੇ ਲਈ ਅਜਾਇਬ ਸਿੰਘ ਦੇ ਘਰੋਂ ਆ ਗਿਆ। ਕੁਝ ਅਗਲੇ ਦਿਨੀਂ ਮੁਲਾਕਾਤਾਂ ਕਰਨ ਆਏ ਸਾਡੇ ਪਰਿਵਾਰਾਂ ਅਤੇ ਮਿੱਤਰਾਂ-ਸਨੇਹੀਆਂ ਵੱਲੋਂ ਪਹੁੰਚਾ ਦਿੱਤਾ ਗਿਆ। ਕੰਬਲ ਵੀ ਸਾਨੂੰ ਨਿਸਬਤਨ ਚੰਗੇ ਮਿਲ ਗਏ। ਅਸੀਂ ਚੜ੍ਹਦੇ ਪਾਸੇ ਕੰਧ ਨਾਲ ਲੱਗਦੀਆਂ ਖੱਡੀਆਂ ਮੱਲ ਲਈਆਂ ਅਤੇ ਉਨ੍ਹਾਂ ‘ਤੇ ਆਪਣੇ ਕੰਬਲ ਵਿਛਾ ਕੇ ਆਪਣਾ ‘ਆਸਣ ਗ੍ਰਹਿਣ’ ਕਰ ਲਿਆ।
ਅਸੀਂ ਸਾਥੀਆਂ ਨਾਲ ਸਰਕਾਰੀ ਤੰਤਰ ਦੇ ਧੱਕੇ ਅਤੇ ਜ਼ੋਰ-ਜਬਰ ਦੀ ਗੱਲ ਕਰਦੇ। ਲੋਕਾਂ ‘ਚੋਂ ਮਰ ਗਏ ਮੱਚ ‘ਤੇ ਅਫ਼ਸੋਸ ਕਰਦੇ। ਉਨ੍ਹਾਂ ਨੂੰ ਜੂਝਦੇ ਜੁਝਾਰ ਲੋਕਾਂ ਦੇ ਸੰਘਰਸ਼ ਦੀ ਦਾਸਤਾਂ ਸੁਣਾਉਂਦੇ। ਉਨ੍ਹਾਂ ਅੰਦਰ ਲੜਨ ਦੀ ਲੋੜ ਤੇ ਲੜਨ ਦੀ ਲਗਨ ਦਾ ਅਹਿਸਾਸ ਜਗਾਉਣ ਦੀ ਕੋਸ਼ਿਸ਼ ਕਰਦੇ।
ਇਹ ਗੱਲਾਂ ਕਰਦਿਆਂ ਜਦੋਂ ਕਿਤੇ ਆਪਣੇ ਆਪ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਤਾਂ ਮੈਂ ਆਪਣੀ ਸਥਿਤੀ ਬਾਰੇ ਵੀ ਸੋਚਣ ਲੱਗਦਾ।
ਮੇਰੇ ਆਸੇ-ਪਾਸੇ ਉਚੀਆਂ-ਉਚੀਆਂ ਕੰਧਾਂ ਸਨ ਜਿਨ੍ਹਾਂ ਦੇ ਬਾਹਰ ਸਾਰਾ ਸੰਸਾਰ ਆਪੋ-ਆਪਣੇ ਕੰਮਾਂ-ਧੰਦਿਆਂ ਵਿਚ ਜੁਟਿਆ ਹੋਇਆ ਸੀ। ਕੋਈ ਜਿਥੇ ਚਾਹੇ ਜਾ ਸਕਦਾ ਸੀ, ਜਿਥੇ ਚਾਹੇ ਬੈਠ ਸਕਦਾ ਸੀ, ਜਿਸ ਨੂੰ ਚਾਹੇ ਮਿਲ ਸਕਦਾ ਸੀ। ਆਪਣੇ ਪਰਿਵਾਰ ਵਿਚ ਬੈਠ ਕੇ ਹੱਸ-ਖੇਡ ਸਕਦਾ ਸੀ। ਆਪਣੀ ਮਾਂ, ਭੈਣਾਂ ਅਤੇ ਪਤਨੀ ਨੂੰ ਪਿਆਰ ਕਰ ਸਕਦਾ ਸੀ। ਆਪਣੇ ਬੱਚਿਆਂ ਨੂੰ ਲਾਡ ਲਡਾ ਸਕਦਾ ਸੀ, ਪਰ ਮੈਂ ਇਸ ਸਭ ਤੋਂ ਵਿਰਵਾ ਕਰ ਦਿੱਤਾ ਗਿਆ ਸਾਂ। ਪਤਾ ਨਹੀਂ ਮੈਨੂੰ ਕਿੰਨਾ ਚਿਰ ਅੰਦਰ ਰਹਿਣਾ ਪੈਣਾ ਸੀ। ਨਵੇਂ ਹਾਲਾਤ ਨਾਲ ਨਿਪਟਣ ਲਈ ਮੈਂ ਆਪਣੇ ਆਪ ਨੂੰ ਮਾਨਸਿਕ ਤੌਰ ‘ਤੇ ਤਿਆਰ ਕਰ ਰਿਹਾ ਸਾਂ। ਮੇਰੀ ਨੌਕਰੀ ਜਾ ਸਕਦੀ ਸੀ। ਮੇਰੇ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਮੇਰੇ ਸਿਰ ਉਪਰ ਸੀ। ਵਿਆਹ ਤੋਂ ਪਹਿਲਾਂ ਆਪਣੀ ਇਕੱਲੀ ਤਨਖ਼ਾਹ ਨਾਲ ਮੈਂ ਮਸਾਂ ਘਰ ਦਾ ਡੰਗ ਤੋਰਦਾ ਰਿਹਾ ਸਾਂ। ਹੁਣ ਭਾਵੇਂ ਪਤਨੀ ਦੀ ਤਨਖ਼ਾਹ ਵੀ ਨਾਲ ਜੁੜ ਗਈ ਸੀ, ਪਰ ਪਰਿਵਾਰਾਂ ਦੇ ਖ਼ਰਚੇ! ਔਖੇ ਵੇਲੇ ਲਈ ਕੋਈ ਵੀ ਜਮ੍ਹਾਂ ਪੂੰਜੀ ਕੋਲ ਨਹੀਂ ਸੀ। ਵਾਹੀ ‘ਚ ਖੂਹ ਦੀ ਮਿੱਟੀ ਖੂਹ ਨੂੰ ਲੱਗ ਰਹੀ ਸੀ। ਹਰ ਨਵੀਂ ਤਨਖ਼ਾਹ ਨਾਲ ਹੀ ਉਸ ਮਹੀਨੇ ਦੇ ਖ਼ਰਚੇ ਭੁਗਤਾਏ ਜਾਂਦੇ। ਘਰ ਵਾਲੀ ਪ੍ਰਸੂਤੀ ਛੁੱਟੀ ‘ਤੇ ਸੀ। ਮੇਰੀ ਤਨਖ਼ਾਹ ਬੰਦ ਹੋ ਜਾਣੀ ਸੀ। ਘਰ ਦਾ ਗ਼ੁਜ਼ਾਰਾ ਕਿਵੇਂ ਚੱਲੂ! ਮੇਰੀ ਪਤਨੀ ਤੇ ਮੇਰੀ ਨਿੱਕੀ ਧੀ ‘ਤੇ ਕੀ ਗੁਜ਼ਰੇਗੀ!
ਅਗਲੇ ਅਗਲੇਰੇ ਦਿਨ ਰਜਵੰਤ ਨਿੱਕੀ ਜਿੰਨੀ ਰੂਪ ਨੂੰ ਕੁੱਛੜ ਚੁੱਕੀ ਮੁਲਾਕਾਤ ਕਰਨ ਆਈ। ਮੈਂ ਆਪਣੀ ਧੀ ਨੂੰ ਘੁੱਟ ਕੇ ਗਲ ਨਾਲ ਲਾਇਆ। ਅੰਦਰੋਂ ਤਾਂ ਸ਼ਾਇਦ ਮੈਂ ਆਪਣੀ ਨਵ-ਜਨਮੀ ਧੀ ਵੱਲੋਂ ਜੇਲ੍ਹ ਦੀ ਡਿਓੜੀ ਲੰਘ ਕੇ ਪਿਓ ਦੀ ਮੁਲਾਕਾਤ ਕਰਨ ਆਉਣ ਦੀ ‘ਹੋਣੀ’ ‘ਤੇ ਦੁਖੀ ਸਾਂ ਪਰ ਜ਼ਾਹਿਰਾ ਤੌਰ ‘ਤੇ ਮੈਂ ਹੌਸਲਾ ਦਿਖਾਉਂਦਿਆਂ ‘ਡਾਇਲਾਗ’ ਮਾਰਿਆ, “ਮੇਰੀ ਰੂਪ ਉਨ੍ਹਾਂ ਬਹੁਤ ਹੀ ਥੋੜ੍ਹੀਆਂ ਪਰ ਬਹਾਦਰ ਧੀਆਂ ਵਿਚੋਂ ਇੱਕ ਹੈ, ਜਿਨ੍ਹਾਂ ਨੇ ਏਡੀ ਛੋਟੀ ਉਮਰ ਵਿਚ ਆਪਣੇ ਪਿਓ ਨਾਲ ਜੇਲ੍ਹ ਵਿਚ ਮੁਲਾਕਾਤ ਕੀਤੀ ਹੋਵੇ!” ਆਪਣੀ ਆਵਾਜ਼ ਦੀ ਕੰਬਣੀ ਤੇ ਅੱਖਾਂ ਵਿਚਲੀ ਤਰਲਤਾ ਲੁਕਾਉਣ ਲਈ ਮੈਂ ਰੂਪ ਦਾ ਮੱਥਾ ਚੁੰਮਣ ਲਈ ਆਪਣਾ ਚਿਹਰਾ ਝੁਕਾ ਲਿਆ।
ਇਸ਼ਾਰੇ ਨਾਲ ਮੈਂ ਪਤਨੀ ਨੂੰ ਘਰ ਦੇ ਖ਼ਰਚ-ਪਾਣੀ ਬਾਰੇ ਪੁੱਛਿਆ। ਬੀਬੀ ਵੀ ਨਾਲ ਸੀ। ਪਹਿਲਾਂ ਹੀ ਬੋਲ ਪਈ, “ਘਰ ਦਾ ਖ਼ਰਚਾ ਤਾਂ ਮੇਰੀ ਧੀ ਨੂੰ ਮਿਲਣ ਵਾਲੇ ਸ਼ਗਨਾਂ ਨਾਲ ਹੀ ਤੁਰਿਆ ਜਾਂਦੈ।” ਉਸ ਨੇ ਰੂਪ ਨੂੰ ਬਾਹਵਾਂ ‘ਤੇ ਹੁਲਾਰਿਆ। ਅੰਗ-ਸਾਕ ਅਤੇ ਜਾਣਕਾਰ ਲੋਕ ਮੇਰੀ ਗ੍ਰਿਫ਼ਤਾਰੀ ਬਾਰੇ ਜਾਣ ਕੇ ਮੇਰੀ ਪਤਨੀ ਕੋਲ ‘ਅਫ਼ਸੋਸ ਅਤੇ ਹਮਦਰਦੀ’ ਕਰਨ ਆਉਂਦੇ ਅਤੇ ਨਵ-ਜਨਮੀ ਬੱਚੀ ਦੇ ਹੱਥ ‘ਤੇ ਵੀ ਇੱਕ-ਅੱਧ ਰੁਪਈਆ ਰੱਖਦੇ, ਪਰ ਇਹ ਪੈਸੇ ਕਿੰਨਾ ਕੁ ਚਿਰ ਚੱਲਣੇ ਸਨ! ਉਨ੍ਹਾਂ ਦਿਨਾਂ ਵਿਚ ਸਾਡੇ ਪਿੰਡਾਂ ਵਿਚ ਤਾਂ ਸ਼ਰੀਕਾ-ਭਾਈਚਾਰਾ ਦੋ ਜਾਂ ਪੰਜ ਰੁਪਏ ਤੋਂ ਵੱਧ ਨਵ-ਜਨਮੀ ਕੁੜੀ ਨੂੰ ਸ਼ਗਨ ਕਿੱਥੇ ਪਾਉਂਦਾ ਸੀ! ਕੋਈ ਆਪਣਾ ਨੇੜਲਾ ਦਸ ਰੁਪਏ ਵੀ ਦੇ ਦਿੰਦਾ ਸੀ। ਬੀਬੀ ਦੀ ਗੱਲ ਵਧਾਈ ਚੜ੍ਹਾਈ ਸੀ। ਬੀਬੀ ਸਾਰੀ ਜ਼ਿੰਦਗੀ ਚੜ੍ਹਦੀ ਕਲਾ ਵਿਚ ਰਹੀ ਸੀ। ਉਹ ਮੈਨੂੰ ਡੋਲਣ ਨਹੀਂ ਸੀ ਦੇਣਾ ਚਾਹੁੰਦੀ।
ਪਤਨੀ ਨੇ ਦੱਸਿਆ, “ਬਾਪੂ ਜੀ ਆਪਣੇ ਕੋਲੋਂ ਸੌਦਾ-ਪੱਤਾ ਲਿਆ ਦੇਂਦੇ ਨੇ, ਪਰ ਇਹ ਵੀ ਕਹਿੰਦੇ ਨੇ, ‘ਬੀਬੀ ਮੈਂ ਓਨਾ ਚਿਰ ਈ ਸੌਦਾ ਲਿਆਉਣਾ ਜਿੰਨਾ ਚਿਰ ਤੇਰੀ ਤਨਖ਼ਾਹ ਨਹੀਂ ਮਿਲਦੀ।’ ਉਂਜ ਤੁਹਾਡੇ ਆਉਣ ਪਿਛੋਂ ਉਹ ਪੂਰੀ ਜ਼ਿੰਮੇਵਾਰੀ ਨਾਲ ਘਰ ਦਾ ਖ਼ਿਆਲ ਰੱਖਦੇ ਨੇ।”
ਬਾਪੂ ਦਾ ਸੁਭਾਅ ‘ਲਾਪ੍ਰਵਾਹੀ’ ਅਤੇ ‘ਬੇਪ੍ਰਵਾਹੀ’ ਦਾ ਮਿਲਗੋਭਾ ਸੀ। ਉਹ ਗੱਲਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਸੀ ਲੈਂਦਾ। ਉਸ ਨੇ ਆਪਣੇ ਹਿੱਸੇ ਦੀ ਜ਼ਮੀਨ ਕੋਲ ਰੱਖੀ ਹੋਈ ਸੀ ਅਤੇ ਉਸ ਦਾ ਹਿੱਸਾ-ਠੇਕਾ ਆਪਣੀ ਮਰਜ਼ੀ ਨਾਲ ਆਪਣੇ ਉਤੇ ਖ਼ਰਚਦਾ ਸੀ। ਗੰਢ ਦਾ ਪੂਰਾ ਸੀ। ਸਾਨੂੰ ਛੇਤੀ ਕੀਤੇ ਪੈਸਾ ਨਹੀਂ ਸੀ ਦਿੰਦਾ। ਆਖਦਾ-“ਸਰਦਾਰਾ! ਤੁਸੀਂ ਨਿਆਣਿਆਂ ਨੂੰ ਚਪੇੜਾਂ ਮਾਰ ਕੇ ਮੁਖ਼ਤ ‘ਚ ਸਰਕਾਰ ਦੀ ਢੂਈ ਕੁੱਟੀ ਜਾਂਦੇ ਜੇ। ਤੁਹਾਡੇ ਕੋਲ ਪੈਸਿਆਂ ਦਾ ਕੀ ਘਾਟਾ!”
ਖ਼ੁਸ਼ੀ ਹੋਈ; ਬਾਪੂ ਬਜ਼ੁਰਗਾਂ ਵਾਲਾ ਰੋਲ ਨਿਭਾਅ ਰਿਹਾ ਸੀ।
ਸਾਡੀ ਮੁਲਾਕਾਤ ਕਰਨਾ ਵੀ ਵੱਡੇ ਜਿਗਰੇ ਵਾਲਾ ਕੰਮ ਸਮਝਿਆ ਜਾਂਦਾ। ਕੋਈ ਸਹਿਜੇ ਕੀਤਿਆਂ, ਸਾਡਾ ‘ਹਮਦਰਦ’ ਬਣ ਕੇ, ਸਰਕਾਰ ਦੀ ਕਰੋਪੀ ਨਹੀਂ ਸੀ ਸਹੇੜਨਾ ਚਾਹੁੰਦਾ। ਸੀæਪੀæਆਈæ ਐਮਰਜੈਂਸੀ ਦੀ ਹਮਾਇਤ ਕਰ ਰਹੀ ਸੀ। ਉਨ੍ਹਾਂ ਦੀ ਫ਼ੈਡਰੇਸ਼ਨ ਨਾਲ ਸਬੰਧਿਤ ਪੈਰਾ-ਮੈਡੀਕਲ ਕਾਮਿਆਂ ਦਾ ਸੂਬਾ ਸਕੱਤਰ ਮੇਰੇ ਪਿੰਡ ਦਾ ਸੀ। ਉਸ ਨੇ ਮੇਰੀ ਮੁਲਾਕਾਤ ਕਰਨ ਆ ਰਹੇ ਮੇਰੇ ਦੋਸਤਾਂ ਨੂੰ ਚਿਤਾਵਨੀ ਦਿੱਤੀ, “ਤੁਸੀਂ ਬੜੇ ਕਮਲੇ ਓ ਜਿਹੜੇ ਉਹਦੀ ਮੁਲਾਕਾਤ ਕਰਨ ਚੱਲੇ ਹੋ! ਉਹ ਤਾਂ ਨਿਰੀ ‘ਛੂਤ ਦੀ ਬਿਮਾਰੀ’ ਹੈ। ਅਗਲੇ ਉਹਦੇ ਮੁਲਾਕਾਤੀਆਂ ‘ਤੇ ਨਜ਼ਰ ਰੱਖਦੇ ਨੇ। ਸ਼ਾਮ ਤੱਕ ਹੈਡ-ਆਫ਼ਿਸ ਤੱਕ ਇਤਲਾਹ ਪਹੁੰਚ ਜਾਂਦੀ ਹੈ। ਤੁਸੀਂ ਆਪ ਕਿਸੇ ਵੇਲੇ ਵੀ ਅੰਦਰ ਕੀਤੇ ਜਾ ਸਕਦੇ ਹੋ!”
ਫਿਰ ਵੀ ਸਾਡੇ ‘ਕਮਲੇ’ ਯਾਰ ਮੁਲਾਕਾਤ ਕਰਨ ਆਉਂਦੇ ਰਹਿੰਦੇ। ਹਫ਼ਤੇ ਕੁ ਬਾਅਦ ਜਦੋਂ ਸਾਨੂੰ ‘ਤਰੀਕ ਭੁਗਤਾਉਣ’ ਲਈ ਕਚਹਿਰੀ ਲੈ ਕੇ ਗਏ ਤਾਂ ਸਾਡੇ ਪਿੰਡਾਂ ਅਤੇ ਇਲਾਕੇ ਦੇ ਦਰਜਨਾਂ ਲੋਕ ਸਾਡੀ ਖ਼ੈਰ-ਸੁੱਖ ਪੁੱਛਣ ਲਈ ਉਥੇ ਹਾਜ਼ਰ ਸਨ। ਇਨ੍ਹਾਂ ਵਿਚ ਵੱਖ-ਵੱਖ ਪਿੰਡਾਂ ਵਿਚ ਬਣੀਆਂ ਨੌਜਵਾਨ ਭਾਰਤ ਸਭਾਵਾਂ ਦੇ ਕਾਰਕੁਨ ਵੀ ਸਨ। ਸਾਡੇ ਅਧਿਆਪਕੀ ਕਿੱਤੇ ਨਾਲ ਜੁੜੇ ਸਹਿ-ਕਰਮੀ ਵੀ ਸਨ। ਅਸੀਂ ਵੱਡੇ ਅਹਾਤੇ ਵਿਚ ਬੈਠ ਕੇ ਚਾਹ ਪੀਤੀ। ਸਭ ਦੇ ਬੈਠਣ ਲਈ ਮੰਜੀਆਂ ਅਤੇ ਬੈਂਚ ਥੁੜ੍ਹ ਗਏ। ਅਸੀਂ ਹੋਰ ਵੀ ਚੜ੍ਹਦੀ ਕਲਾ ਵਿਚ ਹੋ ਗਏ। ਇਸ ਅੱਤ ਦੇ ਸਰਕਾਰੀ ਆਤੰਕ ਦੇ ਮਾਹੌਲ ਵਿਚ ਵੀ ਬੇਖ਼ੌਫ਼ ਲੋਕ ਸਾਡੇ ਨਾਲ ਸਨ। ਉਨ੍ਹਾਂ ਨੂੰ ਸਾਥੋਂ ਲੱਗ ਜਾਣ ਵਾਲੀ ਕਿਸੇ ਵੀ ‘ਛੂਤ ਦੀ ਬੀਮਾਰੀ’ ਦਾ ਡਰ ਨਹੀਂ ਸੀ। ਉਹ ਸਾਡੀ ਗ਼ੈਰਹਾਜ਼ਰੀ ਵਿਚ ਸਾਡੇ ਹਿੱਸੇ ਦਾ ਕੰਮ ਸਾਂਭਣ ਦੀ ਜ਼ਿੰਮੇਵਾਰੀ ਚੁੱਕਣ ਲਈ ਹਰ ਤਰ੍ਹਾਂ ਤਿਆਰ ਸਨ। ‘ਸਰਕਾਰ ਨਾਲ ਮੱਥਾ ਲਾਉਣ’ ਲਈ ਇਹ ਲੋਕ ਸਾਡੀ ਤਾਕਤ ਸਨ। ਜੇਲ੍ਹ ਵਿਚ ਸਵੈਮਾਣ ਨਾਲ ਰਹਿਣ ਲਈ ਇਹ ਲੋਕ ਸਾਡਾ ਹੌਸਲਾ ਸਨ।
ਇੱਕ ਦਿਨ ਚਾਨਣ ਸਿੰਘ ਚੀਮਾ, ਰਾਜਪਾਲ ਸਿੰਘ ਅਤੇ ਪੂਰਨ ਸਿੰਘ ਆਏ। ਅਸੀਂ ਸਾਰੇ ਜਿਗਰੀ ਯਾਰ ਸਾਂ। ਡਿਓੜੀ ਵਿਚ ਹਾਸਾ-ਠੱਠਾ ਚੱਲ ਰਿਹਾ ਸੀ। ਪੂਰਨ ਸਿੰਘ ਬੜਾ ਗੰਭੀਰ ਹੋ ਕੇ ਬੋਲਿਆ, “ਅਸਲ ‘ਚ ਸਾਡਾ ਥੋੜ੍ਹਾ ਜਿਹਾ ਕੰਮ ਬਾਕੀ ਰਹਿ ਗਿਆ ਹੈ, ਜਿਸ ਦਿਨ ਪੂਰਾ ਹੋ ਗਿਆ, ਅਸੀਂ ਤੁਹਾਨੂੰ ਛੁਡਾਉਣ ਦਾ ਕੋਈ ਨ ਕੋਈ ਬੰਦੋਬਸਤ ਕਰ ਲੈਣਾ ਏਂ!”
ਅਸੀਂ ਹੈਰਾਨ ਹੋ ਕੇ ਉਸ ਦੇ ਮੂੰਹ ਵੱਲ ਵੇਖਣ ਲੱਗੇ। ਪੂਰਨ ਨੇ ਰਹੱਸ ਖੋਲ੍ਹਿਆ, “ਕੱਲ੍ਹ ਅਸੀਂ, ਮੈਂ ਤੇ ਮੇਰੀ ਘਰਵਾਲੀ, ਸੁਰ ਸਿੰਘ ਦੇ ਸਰਕਾਰੀ ਹਸਪਤਾਲ ਵਿਚ ਗਏ ਸਾਂ। ਹਸਪਤਾਲ ਦੀਆਂ ਕੰਧਾਂ ‘ਤੇ ਮੋਟੇ-ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਸੀ, ‘ਫੜੇ ਹੋਏ ਸਿਆਸੀ ਕੈਦੀ ਰਿਹਾਅ ਕਰੋ!’ ਮੇਰੀ ਘਰਵਾਲੀ ਲਈ ਜ਼ਰਾ ਮੁਸ਼ਕਿਲ ਬਣ ਗਈ! ਮੈਨੂੰ ਪੁੱਛਣ ਲੱਗੀ, ‘ਇਹ ਕੀ ਲਿਖਿਆ ਹੈ ਕਿ ਫੜੇ ਹੋਏ ‘ਛਿਆਸੀ’ ਕੈਦੀ ਰਿਹਾ ਕਰੋæææਦੋ ਤਾਂ ਹੋ ਗਏ ਵਰਿਆਮ ਤੇ ਰਘਬੀਰ, ਬਾਕੀ ਚੁਰਾਸੀ ਭਲਾ ਕਿਹੜੇ ਹੋਏ!’ ਬੱਸ ਉਨ੍ਹਾਂ ‘ਚੁਰਾਸੀਆਂ’ ਦਾ ਪਤਾ ਲੱਗ ਲੈਣ ਦਿਓ, ਫਿਰ ਤੁਹਾਨੂੰ ਸਭ ਨੂੰ ‘ਰਿਹਾਅ ਕਰਾਉਣ ਦਾ’ ਕੋਈ ਨ ਕੋਈ ਬੰਦੋਬਸਤ ਕਰਦੇ ਆਂ!”
ਸਾਡੇ ਹਾਸੇ ਨਾਲ ਡਿਓੜੀ ਗੂੰਜ ਉਠੀ।
ਅੱਜ ਵੀ ਪੂਰਨ ਦੀ ਘਰਵਾਲੀ ਦੇ ਇਹ ‘ਬਚਨ’ ਯਾਦ ਕਰ ਕੇ ਹਾਸਾ ਆਉਂਦਾ ਹੈ।
ਸਮਾਜ ਦੇ ਅੱਧੇ ਹਿੱਸੇ ਔਰਤ ਦਾ ਲੜੇ ਜਾ ਰਹੇ ਘੋਲਾਂ ਬਾਰੇ ਏਨਾ ਅਣਜਾਣ ਹੋਣਾ! ਇਸ ਵਿਚ ਸ਼ਾਇਦ ਮਰਦਾਂ ਦਾ ਹੀ ਕਸੂਰ ਹੈ। ‘ਸੰਘਰਸ਼ ਦੇ ਰਾਹ ਤੁਰੇ’ ਮਰਦਾਂ ਦਾ ਵੀ! ਉਨ੍ਹਾਂ ਵੀ ਬਹੁਤੀ ਵਾਰ ਔਰਤ ਨੂੰ ‘ਘਰੇਲੂ ਚੀਜ਼’ ਹੀ ਸਮਝਿਆ ਹੈ। ਸੰਘਰਸ਼ ਤਾਂ ‘ਘਰਾਂ ਤੋਂ ਬਾਹਰ ਦੀ ਚੀਜ਼’ ਹੋਇਆ! ਉਹਦੇ ਵਿਚ ਔਰਤ ਦਾ ਭਲਾ ਕੀ ਕੰਮ!
ਦੂਜਾ ਪੱਖ ਸ਼ਾਇਦ ਇਹ ਵੀ ਸੀ ਕਿ ਮਰਦਾਂ ਨੇ ਤਾਂ ਆਪ ਹਰ ਵੇਲੇ ‘ਲੰਮੇ ਘੋਲਾਂ ਦੇ ਸਿਲਸਿਲੇ ਵਿਚ’ ਘਰੋਂ ਬਾਹਰ ਰਹਿਣਾ ਹੋਇਆ। ਘਰ ਵਿਚ ਬੱਚਿਆਂ ਅਤੇ ਪਰਿਵਾਰ ਦੀ ਸਾਂਭ-ਸੰਭਾਲ ਲਈ ਘਰ ਵਿਚ ਔਰਤ ਦਾ ਹੋਣਾ ਜ਼ਰੂਰੀ ਹੈ। ਤੇ ਜੇ ਉਸ ਨੇ ਅੱਵਲ-ਆਖ਼ਿਰ ਘਰ ਵਿਚ ਹੀ ਰਹਿਣਾ ਹੈ ਤਾਂ ਉਹਨੂੰ ਬਹੁਤੇ ਸਿਧਾਂਤਕ ਅਤੇ ਸਿਆਸੀ ਗੁਰ ਸਮਝਾਉਣ ਦੀ ਕੀ ਲੋੜ ਹੈ! ਉਂਜ ਵੀ ਹਰ ਵੇਲੇ ‘ਮੁਹਾਜ਼ ‘ਤੇ ਰਹਿਣ ਵਾਲੇ’ ਬੰਦੇ ਕੋਲ ਆਪਣੀ ਪਤਨੀ ਨਾਲ ਏਨੀ ਲੰਮੀ ਵਿਚਾਰ-ਚਰਚਾ ਕਰਨ ਦਾ ਸਮਾਂ ਹੀ ਕਿੱਥੇ ਹੁੰਦਾ ਹੈ!
ਇੰਜ ਔਰਤ ਵੱਲ ਸਾਡਾ ਰਵੱਈਆ ਅਕਸਰ ਉਲਾਰ ਹੀ ਰਹਿੰਦਾ ਹੈ। ਲੋੜ ਤਾਂ ਹੈ ਉਸ ਨਾਲ ਸਾਥੀਆਂ ਵਾਲੀ ਸਾਂਝ ਪਾ ਕੇ ਸੂਝ ਦਾ ਸੰਚਾਰ ਕਰਨ ਦੀ, ਪਰ ਅਸੀਂ ਜਾਂ ਤਾਂ ਉਨ੍ਹਾਂ ਨੂੰ ਅਸਲੋਂ ਅਣਗੌਲਿਆਂ ਕਰ ਦਿੰਦੇ ਹਾਂ ਅਤੇ ਜਾਂ ਭਾਵੁਕਤਾ ਵੱਸ ਉਨ੍ਹਾਂ ‘ਤੇ ਉਲਾਰ ਸਿਧਾਂਤਕ ਅਤੇ ਮਾਨਸਿਕ ਬੋਝ ਲੱਦ ਕੇ ਆਪਣੇ ਕਾਰਜ-ਖੇਤਰ ਪ੍ਰਤੀ ਉਨ੍ਹਾਂ ਦਾ ਮੋਹ-ਭੰਗ ਕਰ ਦਿੰਦੇ ਹਾਂ।