ਕਾਹਦਾ ਮਾਣ ਬੰਬੀ ਦਾ!

ਬਲਜੀਤ ਬਾਸੀ
ਪੀਣ ਲਈ ਅਤੇ ਖੇਤੀ ਲਈ ਖੂਹ ਦੇ ਪਾਣੀ ਦੀ ਵਰਤੋਂ ਸਦੀਆਂ ਤੋਂ ਹੁੰਦੀ ਆਈ ਹੈ। ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਵਿਚ ਇਸ ਦੀ ਮਹਤੱਤਾ ਹੋਰ ਵੀ ਵੱਧ ਹੈ। ਪਿੰਡ ਦੇ ਦਰਵਾਜ਼ੇ ਜਾਂ ਖੇਤਾਂ ਵਿਚਾਲੇ ਖੂਹ ਰੌਣਕ ਦਾ ਬਿੰਦੂ ਹੈ। ਗ਼ੌਰਤਲਬ ਹੈ ਕਿ ਖੂਹ ਸ਼ਬਦ ਨਿਰਾ ਪਾਣੀ ਵਾਲੇ ਡੂੰਘੇ ਟੋਏ ਵੱਲ ਹੀ ਸੰਕੇਤ ਨਹੀਂ ਕਰਦਾ ਬਲਕਿ ਇਸ ਦਾ ਚੁਗਿਰਦਾ ਵੀ ਹੈ ਜਿਸ ਤੋਂ ਖੇਤੀ ਬਾੜੀ ਦਾ ਕੰਮ ਚਲਦਾ ਹੈ।

ਇਸ ਵਿਚ ਪਸ਼ੂਆਂ ਲਈ ਖੁਰਲੀਆਂ, ਟੋਕਾ ਮਸ਼ੀਨ, ਕੁਲ੍ਹਾੜੀ ਤੇ ਹੋਰ ਸੰਦ ਵਲੇਵੇ ਰੱਖਣ ਲਈ ਬਣਾਇਆ ਕੋਠਾ ਵੀ ਸ਼ਾਮਲ ਹੈ। ਧਰਤੀ ਚੋਂ ਸਿੰਜਾਈ ਦੇ ਸਾਧਨ ਵਜੋਂ ਪਾਣੀ ਕਢਣ ਲਈ ਸਮੇਂ ਸਮੇਂ ਤਕਨੀਕੀ ਤਰੱਕੀ ਨਾਲ ਨਵੇਂ ਨਵੇਂ ਸਾਧਨ ਵਿਕਸਿਤ ਹੁੰਦੇ ਰਹੇ ਹਨ। ਸਪਸ਼ਟ ਹੈ ਕਿ ਡੋਲ, ਬਾਲਟੀ ਜਾਂ ਟਿੰਡ ਨਾਲ ਪਾਣੀ ਕੱਢ ਕੇ ਖੇਤ ਨੂੰ ਸਿੰਜਿਆ ਨਹੀਂ ਜਾ ਸਕਦਾ। ਇਸ ਲਈ ਪਹਿਲਾਂ ਪਹਿਲ ਚਰਸ ਹੋਂਦ ਵਿਚ ਆਇਆ ਜੋ ਪੰਜਾਬ ਵਿਚ ਕਾਫੀ ਦੇਰ ਪ੍ਰਚਲਤ ਰਿਹਾ। ਚਮੜੇ ਦੇ ਬਣੇ ਚਰਸ ਵਿਚ ਪਾਣੀ ਦੇ ਪੰਜ-ਸੱਤ ਘੜੇ ਪੈ ਸਕਦੇ ਹਨ। ਇਸ ਨੂੰ ਬੋਕਾ ਵੀ ਆਖਦੇ ਹਨ। ਉਂਜ ਬੋਕਾ ਚਮੜੇ ਦਾ ਇਕ ਛੋਟਾ ਥੈਲਾ ਹੈ ਜਿਸ ਨੂੰ ਲੱਜ ਨਾਲ ਵਰ੍ਹਾ ਕੇ ਖੂਹ ਚੋਂ ਪਾਣੀ ਕਢਿਆ ਜਾਂਦਾ ਹੈ।
ਚਰਸ ਪਿਛੋਂ ਹਲਟ ਪ੍ਰਚਲਤ ਹੋਇਆ, ਜਿਸ ਰਾਹੀਂ ਖੂਹ ਵਿਚੋਂ ਮੁਕਾਬਲਤਨ ਵਧੇਰੇ ਪਾਣੀ ਕਢਿਆ ਜਾ ਸਕਦਾ ਸੀ। ਇਹ ਲੰਮਾ ਚੌੜਾ ਜੁਗਾੜ ਹੈ, ਪਰ ਹੈ ਸਾਰਾ ਅਰਧ-ਮਕੈਨਕੀ ਹੀ। ਚਰਸ ਤੇ ਹਲਟ ਬਹੁਤ ਸਮਾਂ ਇਕੱਠੇ ਹੀ ਚਲਦੇ ਰਹੇ ਪਰ ਤਕਨੀਕੀ ਤੌਰ ਤੇ ਹਲਟ ਨਿਸਚੇ ਹੀ ਚਰਸ ਤੋਂ ਅਗਲੇ ਪੜਾਅ ਦਾ ਹੈ। ਹਲਟ ਨੂੰ ਨੇਸਤੋ-ਨਾਬੂਦ ਕੀਤਾ ਬੰਬੀ ਅਤੇ ਟੂਵਲ (ਟਿਊਬ ਵੈਲ) ਨੇ। ਅੱਜ ਕੱਲ੍ਹ ਟੂਵਲ ਨੂੰ ਬੰਬੀ ਵੀ ਕਿਹਾ ਜਾਂਦਾ ਹੈ ਪਰ ਮੁਢਲੇ ਤੌਰ ਤੇ ਬੰਬੀ ਪਾਈਪ ਰਾਹੀਂ ਖੂਹ ਚੋਂ ਕਢਣ ਵਾਲੇ ਉਸ ਜੁਗਾੜ ਨੂੰ ਕਿਹਾ ਜਾਂਦਾ ਸੀ ਜੋ ਤੇਲ ਨਾਲ ਚੱਲਦਾ ਸੀ। ਬਾਅਦ ਵਿਚ ਬਿਜਲੀ ਦੀ ਮੋਟਰ ਨਾਲ ਚੱਲਣ ਵਾਲੇ ਅਜੇਹੇ ਜੁਗਾੜ ਨੂੰ ਟੂਵਲ ਕਿਹਾ ਜਾਣ ਲੱਗਾ ਪਰ ਬਹੁਤੇ ਲੋਕ ਇਸ ਨੂੰ ਵੀ ਬੰਬੀ ਹੀ ਆਖਦੇ ਹਨ। ਬੰਬੀ ਦੇ ਇੰਜਣ ਜਾਂ ਮੋਟਰ ਨੂੰ ਕੋਠੇ ਵਿਚ ਡੱਕਿਆ ਹੁੰਦਾ ਹੈ। ਬੰਬੀ ਸ਼ਬਦ ਨੇ ਵੀ ਖੂਹ ਵਾਂਗ ਵਿਸਤ੍ਰਿਤ ਅਰਥ ਧਾਰਨ ਕਰ ਲਏ ਹਨ। ਬੰਬੀ ਦਾ ਕੋਠਾ ਤਹਿਖਾਨੇ ਵਾਂਗੂੰ ਰਹੱਸ ਭਰਿਆ ਬਣ ਗਿਆ ਹੈ। ਬੰਬੀ ਵਿਚ ਨਹਾਉਣਾ ਗੰਗਾ ਨਹਾਉਣ ਵਾਂਗ ਹੈ ਪਰ ਇਸ Ḕਗੰਗਾ ਜਲੀ ਵਿਚ ਸ਼ਰਾਬḔ ਦਾ ਸੇਵਣ ਵੀ ਖੂਬ ਹੁੰਦਾ ਹੈ। ਕਹਿੰਦੇ ਹਨ, Ḕਭੁਖੇ ਜੱਟ ਕਟੋਰਾ ਲਭਾ, ਪਾਣੀ ਪੀ ਪੀ ਆਫਰਿਆḔ ਤੇ ਜੇ ਜੱਟ ਨੂੰ ਕਿਤੇ ਧੜਾ ਧੜ ਪਾਣੀ ਸਿੱਟਦੀ ਬੰਬੀ ਮਿਲ ਜਾਵੇ? ਬੱਸ ਫਿਰ ਅਤਿ ਹੀ ਸਮਝੋ। ਬੰਬੀ ਵਿਚ ਅਕਸਰ ਪੁਠੇ ਕੰਮ ਕੀਤੇ ਜਾਂਦੇ ਹਨ, ਕਤਲ ਆਦਿ ਦੀਆਂ ਸਾਜ਼ਸ਼ਾਂ ਰਚੀਆਂ ਜਾਂਦੀਆਂ ਹਨ ਤੇ ਕਈ ਵਾਰੀ ਏਥੇ ਸੁੱਤੇ ਪਏ ਜੱਟ ਜਾਂ ਉਸ ਦੇ ਭਈਏ ਕਤਲ ਦਾ ਸ਼ਿਕਾਰ ਹੁੰਦੇ ਸੁਣੇ ਹਨ। ਬੰਬੀ ਸ਼ਬਦ ਸਾਹਿਤ ਤੇ ਗੀਤਾਂ ਵਿਚ ਵੀ ਆਮ ਮਿਲਦਾ ਹੈ। ਲਾਲ ਸਿੰਘ ਦੀ ḔਗਦਰḔ, ਰਾਮ ਸਰੂਪ ਅਣਖੀ ਦੇ Ḕਕੋਠੇ ਖੜਕ ਸਿੰਘḔ ਅਤੇ ਵਰਿਆਮ ਸਿੰਘ ਸੰਧੂ ਦੀ Ḕਰਿਮ ਝਿਮ ਪਰਬਤḔ ਵਿਚ ਬੰਬੀ ਦਾ ਅਜੇਹਾ ਹੀ ਬਿੰਬ ਉਘੜਿਆ ਹੈ। ਸੰਧੂ ਦੀ ਰਚਨਾ ਵਿਚੋਂ ਨਮੂਨਾ ਦੇਖੋ, “ਤਿੰਨੋਂ ਮੁੰਡੇ ਸੜਕੋਂ ਉਤਰ ਕੇ ਕਮਾਦਾਂ ਦੇ ਓਹਲੇ ਵਿਚੋਂ ਲੰਘ ਕੇ ਅੱਗੇ ਹੋਏ ਤਾਂ ਵੇਖਿਆ ਅਰਜਨ ਸਿੰਘ ਗੋਭੀ ਦੀ ਪਨੀਰੀ ਗੋਡ ਰਿਹਾ ਸੀ। ਮਸਾਂ ਪੰਜਾਹ ਗਜ਼ ‘ਤੇ ਉਨ੍ਹਾਂ ਦੀ ਬੰਬੀ ਚੱਲ ਰਹੀ ਸੀ। ਬੰਬੀ ਦੀ ਕੰਧ ਵਿਚ ਗੱਡੀ ਲੋਹੇ ਦੀ ਨਿੱਕੀ ਜਿਹੀ ਕਿੱਲੀ ਨਾਲ ਉਹਨੇ ਆਪਣੀ ਤਿੰਨ ਫੁੱਟੀ ਕਿਰਪਾਨ ਟੰਗੀ ਹੋਈ ਸੀæææ।” ਇਕ ਗੀਤ ਦੇ ਬੋਲ ਹਨ, ‘ਮਿੱਤਰਾਂ ਦੀ ਬੰਬੀ ਉਤੇ ਹਰ ਵੇਲੇ ਵੈਲੀਆਂ ਦੀ ਢਾਣੀ ਰਹਿੰਦੀ ਆ।’
ਐਪਰ ਏਨੀ ਅਪਣੱਤ ਵਾਲਾ ਬੰਬੀ ਸ਼ਬਦ ਪੰਜਾਬ ਜਾਂ ਭਾਰਤ ਦੀ ਧਰਤੀ ਦਾ ਜਾਇਆ ਨਹੀਂ ਹੈ। ਇਸ ਦੀਆਂ ਜੜ੍ਹਾਂ ਬਹੁਤ ਦੂਰ ਦੁਰਾਡੇ ਦੇਸ਼ਾਂ ਵਿਚ ਹਨ। ਬੰਬੀ ਮੁਢਲੇ ਸ਼ਬਦ ‘ਬੰਬਾ’ ਦਾ ਲਘੁਤਾਸੂਚਕ ਇਸਤਰੀ ਲਿੰਗੀ ਰੂਪ ਹੈ, ਜੋ ਮੂਲੋਂ ਯੂਰਪ ਵਲੋਂ ਆਇਆ ਹੈ। ਖਿਆਲ ਹੈ ਕਿ ਇਹ ਪੁਰਤਗਾਲੀ ਭਾਸ਼ਾ ਤੋਂ ਸਾਡੀਆਂ ਭਾਸ਼ਾਵਾਂ ਵਿਚ ਦਾਖਲ ਹੋਇਆ। ਹਿੰਦੀ, ਮਰਾਠੀ, ਗੁਜਰਾਤੀ ਵਿਚ ਮੈਂ ਇਸ ਦੀ ਟੋਹ ਲਈ ਹੈ। ਇਨ੍ਹਾਂ ਭਾਸ਼ਾਵਾਂ ਵਿਚ ਇਸ ਦੇ ਅਰਥ ਫਾਇਰ ਬਰਿਗੇਡ, ਟੂਵਲ, ਨਾਲਾ ਤੇ ਪਾਣੀ ਗਰਮ ਕਰਨ ਵਾਲਾ ਹਮਾਮ ਹਨ। ਯੂਰਪੀ ਭਾਸ਼ਾਵਾਂ, ਖਾਸ ਤੌਰ ਤੇ ਸਪੇਨੀ ਵਿਚ ਵੀ ਇਹ ਸ਼ਬਦ ਖੂਬ ਚਲਦਾ ਹੈ। ਪੁਰਤਗਾਲੀ ਵਿਚ ਇਸ ਦਾ ਰੂਪ ਬੋਮਬਅ ਹੈ ਤੇ ਅਰਥ ਹੈ ਪਾਣੀ ਵਾਲਾ ਪੰਪ। ਸਪੇਨੀ, ਇਤਾਲਵੀ ਤੇ ਹੋਰ ਭਾਸ਼ਾਵਾਂ ਵਿਚ ਇਸ ਦੇ ਪੰਪ ਨਾਲ ਸਬੰਧਤ ਕਈ ਅਰਥ ਮਿਲਦੇ ਹਨ ਜਿਵੇਂ ਅੱਗ ਬੁਝਾਊ ਇੰਜਣ, ਪਟਰੌਲ ਪੰਪ, ਬੰਬ, ਬੁਲਬੁਲਾ ਆਦਿ। ਪੰਜਾਬੀ ਵਿਚ ਇਹ ਇੰਜਣ ਦੇ ਅਰਥਾਂ ਵਜੋਂ ਪ੍ਰਚਲਤ ਰਿਹਾ ਹੈ। ਦੇਖਿਆ ਜਾਵੇ ਤਾਂ ਇੰਜਣ ਵੀ ਉਦੋਂ ਪਾਣੀ ਦੀ ਭਾਫ ਨਾਲ ਚੱਲਦੇ ਸਨ ਜਿਨ੍ਹਾਂ ਵਿਚ ਪੰਪ ਦੀ ਤਰ੍ਹਾਂ ਭਾਫ਼ ਨੂੰ ਖਿੱਚਿਆ ਜਾਂਦਾ ਸੀ। ਮੈਨੂੰ ਧੁੰਦਲਾ ਜਿਹਾ ਇਕ ਗੀਤ ਯਾਦ ਹੈ,’ਬਾਰਾਂ ਬੰਬੇ ਲੱਗੇ ਆ ਪਟਿਆਲੇ ਵਾਲੀ ਰੇਲ ਨੂੰ’। ਪਟਿਆਲਾ ਰਾਜਿਆਂ ਦੀ ਧਰਤੀ ਹੈ, ਉਥੇ ਦੀ ਰੇਲ ਨੂੰ ਬਾਰਾਂ ਬੰਬੇ ਹੀ ਲੱਗਣੇ ਹੋਏ। ਪਟਿਆਲੇ ਵਿਚ ਬਾਬਾ ਬੰਬਾ ਸਿੰਘ ਛਾਉਣੀ ਵੀ ਪ੍ਰਸਿੱਧ ਹੈ। ਅੱਜ ਇੰਜਣ ਦੇ ਅਰਥਾਂ ਵਿਚ ਬੰਬਾ ਸ਼ਬਦ ਘਟ ਹੀ ਚਲਦਾ ਹੈ ਪਰ ਇਸ ਦੀ ਪਤਨੀ ਬੰਬੀ ਖੂਬ ਛਾਲਾਂ ਮਾਰ ਰਹੀ ਹੈ।
ਕੁਝ ਸਰੋਤ ਪੰਪ ਨੂੰ ਵੀ ਬੰਬਾ ਦਾ ਸੁਜਾਤੀ ਦੱਸਦੇ ਹਨ। ਪੀਪਿਆਂ ‘ਚੋਂ ਤੇਲ ਪੰਪ ਨਾਲ ਹੀ ਕਢਿਆ ਜਾਂਦਾ ਹੈ। ਪੰਪ ਪਾਣੀ ਜਾਂ ਹਵਾ ਨੂੰ ਪਾਈਪ ਰਾਹੀਂ ਕਢਣ ਦਾ ਸਾਧਨ ਹੈ। ਜਿਵੇਂ ਪਾਣੀ ਵਾਲਾ ਨਲਕਾ ਜਾਂ ਸਾਈਕਲ ਵਿਚ ਹਵਾ ਭਰਨ ਵਾਲੀ ਨਾਲੀ। ਨਲਕੇ ਨੂੰ ਹੈਂਡ ਪੰਪ ਵੀ ਕਿਹਾ ਜਾਂਦਾ ਹੈ, Ḕਸਿਗਰਟ ਲੰਪ ਦਾ, ਪਾਣੀ ਪੰਪ ਦਾḔ। ਨਲਕਾ ਗੇੜਨ ਨੂੰ ਪੰਪ ਮਾਰਨਾ ਕਿਹਾ ਜਾਂਦਾ ਹੈ। ਕਿਸੇ ਦੀ ਖੁਸ਼ਾਮਦ ਕਰਨ ਜਾਂ ਫੂਕ ਦੇਣ ਲਈ ਮੁਹਾਵਰਾ ਹੈ, ਪੰਪ ਦੇਣਾ। ਪਟਰੌਲ ਪੰਪ ਵਿਚ ਵੀ ਪੰਪ ਦਾ ਦਖਲ ਹੈ। ਪੰਪ ਸ਼ਬਦ ਸਾਡੀ ਭਾਸ਼ਾ ਵਿਚ ਅੰਗਰੇਜ਼ੀ ਵਲੋਂ ਆਇਆ।
ਕਈ ਨਿਰੁਕਤਕਾਰ ਪੰਪ ਅਤੇ ਬੰਬਾ ਸ਼ਬਦ ਦੀ ਸੁਜਾਤੀ ਸਾਂਝ ‘ਤੇ ਸ਼ੱਕ ਕਰਦੇ ਹਨ। ਇਕ ਚਰਚਾ ਸੰਖੇਪ ਵਿਚ ਪੇਸ਼ ਕਰਦਾ ਹਾਂ। ਅੰਗਰੇਜ਼ੀ ਬੰਬ ਜਿਸ ਨੇ ਪੰਜਾਬੀ ਵਿਚ ਵੀ ਧਮਾਕਾ ਕੀਤਾ ਹੈ, ਅੰਤਮ ਤੌਰ ਤੇ ਗਰੀਕ ਬੋਮਬੋਸ ਤੋਂ ਬਣਿਆ ਹੈ ਜਿਸ ਦਾ ਅਰਥ ਭਿਣਭਿਣਾਹਟ, ਭੀਂ ਭੀਂ ਜਿਹਾ ਹੈ। ਸਪਸ਼ਟ ਹੈ ਕਿ ਇਹ ਭਿਣਭਿਣਾਹਟ ਦੀ ਤਰ੍ਹਾਂ ਧੁਨੀ-ਅਨੁਕਰਣਕ ਹੈ। ਪੰਪ ਸ਼ਬਦ ਇਸੇ ਤੋਂ ਵਿਗਸਿਆ ਹੋ ਸਕਦਾ ਹੈ। ਹੋਰ ਲੋਕ ਇਸ ਨੂੰ ਜਰਮਨ ਪੁਮਪe ਰਾਹੀਂ ਸਪੈਨਿਸ਼ ਜਾਂ ਪੁਰਤਗੀਜ਼ ਬੰਬਾ ਤੋਂ ਨਿਕਲਿਆ ਬਿਆਨਦੇ ਹਨ। ਕੁਝ ਵੀ ਹੋਵੇ ਇਹ ਪੁਮਪe ਵੀ ਆਪਣੇ ਤੌਰ ਤੇ ਧੁਨੀ-ਅਨੁਕਰਣਕ ਹੈ ਜਿਸ ਦਾ ਗਰੀਕ ਦੇ ਸ਼ਬਦ ਨਾਲ ਕੋਈ ਸੁਜਾਤੀ ਸਬੰਧ ਨਹੀਂ। ਦਰਅਸਲ ਧੁਨੀ-ਅਨੁਕਰਣ ਦਾ ਵਰਤਾਰਾ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਲਗਭਗ ਇਕੋ ਤਰ੍ਹਾਂ ਦਾ ਹੁੰਦਾ ਹੈ। ਇਸ ਲਈ ਅਕਸਰ ਹੀ ਸੰਜੋਗੀ ਸਾਂਝ ਝਲਕਣ ਲਗਦੀ ਹੈ। ਮਿਸਾਲ ਵਜੋਂ ਪੰਜਾਬੀ ḔਮਿਆਉਂḔ ਦੀ ਅੰਗਰੇਜ਼ੀ ਮeੱ ਨਾਲ ਸੰਜੋਗੀ ਸਾਂਝ ਹੈ ਨਾ ਕਿ ਸੁਜਾਤੀ । ਏਹੀ ਗੱਲ ਬੋੱ-ੱੋੱ ਅਤੇ Ḕਬਊ ਬਊḔ ਬਾਰੇ ਕਹੀ ਜਾ ਸਕਦੀ ਹੈ। ਕੋਈ ਭਾਰੀ ਵਸਤੂ ਜਦ ਪਾਣੀ ਨਾਲ ਟਕਰਾਉਂਦੀ ਹੈ ਤਾਂ ḔਪੰਪḔ ਜਿਹੀ ਆਵਾਜ਼ ਸੁਣਾਈ ਦਿੰਦੀ ਹੈ। ਪੰਜਾਬੀ ਵਿਚ ਵੀ ਇਕ ਸ਼ਬਦ ਹੈ ḔਬੁੰਬḔ ਜੋ ਪਾਣੀ ਦੇ ਫੁੱਟਣ ਵੱਲ ਸੰਕੇਤ ਕਰਦਾ ਹੈ। Ḕਮਹਾਨ ਕੋਸ਼Ḕ ਵਿਚ ਇਸ ਸ਼ਬਦ ਦੇ ਅਰਥ ਇਸ ਤਰ੍ਹਾਂ ਕੀਤੇ ਗਏ ਹਨ, “ਕਿਸੇ ਛਿਦ੍ਰ ਵਿਚੋਂ ਜ਼ੋਰ ਨਾਲ ਨਿਕਲੀ ਹੋਈ ਜਲਧਾਰਾ, ਬੰਬ, ਮੁੰਬਅ”। ਪੰਜਾਬੀ ਬੰਬ ਸ਼ਬਦ ਦੇ ਅਰਥ ਹਨ, 1æ ਖ਼ਬਰ, ਸੋਘ: Ḕਧੰਧੇ ਹੀ ਮਹਿ ਮਰਿ ਗਇਓ ਬਾਹਰਿ ਭਈ ਨ ਬੰਬḔ (ਭਗਤ ਕਬੀਰ) 2æ ਜਲਧਾਰਾ, ਮੁੰਬਅ: “ਨਿਕਸੀ ਨੀਰ ਬੰਬ ਬਰਿਆਈ”æ 3æ ਧੂੰਏਂ ਦੀ ਭਾਰੀ ਆਵਾਜ਼ 4æ ਨਗਾਰੇ ਦੀ ਗੂੰਜ।
ਪ੍ਰਸੰਗ ਵੱਸ ਦੱਸ ਦੇਈਏ ਕਿ ਜਲਧਾਰਾ ਦੇ ਅਰਥਾਂ ਵਾਲਾ ਮੁੰਬਅ ਸ਼ਬਦ ਅਰਬੀ ਤੋਂ ਆਇਆ ਹੈ ਤੇ ਸੰਭਵ ਹੈ ਇਹ ਵੀ ਧੁਨੀ ਅਨੁਕਰਣਕ ਹੋਵੇ। ਪਰ ਇਸ ਸਾਰੀ ਚਰਚਾ ਤੋਂ ਇਹ ਨਤੀਜਾ ਨਹੀਂ ਕਢਿਆ ਜਾਣਾ ਚਾਹੀਦਾ ਕਿ ਅੱਜ ਦੀ ਚਰਚਾ ਦੇ ਸ਼ਬਦ ਬੰਬਾ, ਬੰਬੀ ਜਾਂ ਪੰਪ ਭਾਰਤੀ ਜਾਂ ਪੰਜਾਬੀ ਪਰਿਵੇਸ਼ ਦੇ ਧੁਨੀ-ਅਨੁਕਰਣਕ ਸ਼ਬਦ ਹੋਣਗੇ। ਇਹ ਨਿਸਚੇ ਹੀ ਯੂਰਪੀ ਪਿਛੋਕੜ ਦੇ ਹਨ। ਸੋ ਕਾਹਦਾ ਮਾਣ ਕਰਨਾ ਹੋਇਆ ਬੰਬੀ ਦਾ!