ਲੁਧਿਆਣੇ ਦਾ ਦੀਵਾਨ ਚੰਦ ਉਰਫ ਰਾਧੇ ਸ਼ਿਆਮ ਅਤੇ ਕੁਲਦੀਪ ਮਾਣਕ

ਯੋਗਤਾ ਦੀ ਇਸ ਯੁੱਗ ਵਿਚ ਕੋਈ ਘਾਟ ਨਹੀਂ ਪਰ ਇਸ ਦਾ ਮੁੱਲ ਤਾਂ ਨਹੀਂ ਪੈ ਰਿਹੈ ਕਿਉਂਕਿ ਹਕੂਮਤਾਂ ਸੱਤਾ ਦੇ ਨਸ਼ੇ ‘ਚ ਗੁੱਟ ਹਨ ਅਤੇ ਤੁਰਦਿਆਂ ਤੁਰਦਿਆਂ ਲੋਕ ਰਾਹਾਂ ਤੋਂ ਕੁਰਾਹੇ ਪੈ ਗਏ ਹਨ। ਹਾਕਮਾਂ ਨੂੰ ਵਹਿਮ ਹੈ ਕਿ ਬੀਜੋ ਭਾਵੇਂ ਅੱਕ, ਲੱਗਣਗੇ ਖਰਬੂਜੇ ਹੀ। ਏਦਾਂ ਹੋ ਤਾਂ ਨਹੀਂ ਰਿਹਾ ਪਰ ਵਿਗਿਆਨਕ ਯੁੱਗ ਵਿਚ ਇਨ੍ਹਾਂ ਲੋਕਾਂ ਨੇ ਹੀ ਤਰਕ ਖੁੰਡਾ ਕਰ ਦਿੱਤਾ ਹੈ।

ਧਾਰਮਿਕ ਅਸਥਾਨਾਂ ‘ਤੇ ਲੋਕ ਸ਼ਰਧਾ ਨਾਲ ਖੂਬਸੂਰਤ ਫੁੱਲ ਹੀ ਨਹੀਂ, ਤਾਜ਼ੇ ਵੀ ਤੋੜ ਕੇ ਲਿਜਾਂਦੇ ਹਨ ਪਰ ਦੁੱਖ ਇਸ ਗੱਲ ਦਾ ਹੈ ਕਿ ਪੁਜਾਰੀਆਂ ਦੀਆਂ ਆਦਤਾਂ ਬੇਹੀਆਂ ਨਹੀਂ ਹੋ ਰਹੀਆਂ। ਸੱਪ ਨੇ ਇਕ ਵਾਰ ਨਿਉਲੇ ਨੂੰ ਪੇਸ਼ਕਸ਼ ਕੀਤੀ ਕਿ ਆ ਆਪਾਂ ਗਲੇ ਲੱਗ ਕੇ ਮਿਲੀਏ, ਨਿਉਲਾ ਹੱਸ ਪਿਆ ਤੇ ਕਹਿਣ ਲੱਗਾ Ḕਗੱਲ ਤਾਂ ਤੇਰੀ ਮਨ ਨੂੰ ਲੱਗਦੀ ਆ ਤੇ ਹੈ ਵੀ ਸਿਆਣੀ ਪਰ ਯਕੀਨ ਨਹੀਂ ਬੱਝਦਾ ਕਿ ਤੂੰ ਜ਼ਹਿਰ ਨਹੀਂ ਵੰਡੇਗਾਂ’? ਸੱਪ ਨੇ ਹੈਰਾਨੀ ਨਾਲ ਅਗਲਾ ਸਵਾਲ ਕੀਤਾ Ḕਕਿਉਂ’? ਨਿਉਲਾ ਫਿਰ ਮੁਸਕਰਾ ਪਿਆ ਤੇ ਬੋਲਿਆ Ḕਤੂੰ ਦਿੱਲੀ ਰਹਿਨਾ ਏ ਮਿੱਤਰਾ ਤਾਂ ਕਰਕੇ’! ‘ਤੇ ਦੋਵੇਂ ਜਣੇ ਫਸ ਪਏ। ਤੋਤੇ ਨੂੰ ਕਿਸੇ ਆਸਾ ਰਾਮ ਵਰਗੇ ਬਾਪੂ ਨੇ ਪੁੱਛਿਆ Ḕਤੇਰੇ ਗਲ ‘ਚ ਏਨੀ ਖੂਬਸੂਰਤ ਗਾਨੀ ਕਿਉਂ ਐਂ?’ ਤੋਤੇ ਨੇ ਹੁੰਗਾਰਾ ਭਰਿਆ Ḕਮੈਂ ਤਾਂ ਸਿਰਫ ਮੈਨਾ ਦਾ ਹਾਂ ਇਹ ਉਸੇ ਦੀ ਨਿਸ਼ਾਨੀ ਏ, ਦੀਨ ਇਮਾਨ ਤੇ ਇਖਲਾਕ ਕਿਸੇ ਪਸ਼ੂ, ਪੰਛੀ ਤੇ ਜਾਨਵਰ ਨੇ ਨਹੀਂ ਵੇਚਿਆ’ ਤੇ ਬਾਪੂ ਵਿਚਾਰਾ ਜੇਲ੍ਹ ਵਿਚ ਫਿਰ ਰੋਣ ਲੱਗ ਪਿਆ। ਸਾਹਿਤਕਾਰ ਤੇ ਕਵੀ ਹੁਣ ਆ ਕੇ ਚਿੰਤਤ ਹੋਣ ਲੱਗੇ ਹਨ ਕਿ ਉਨ੍ਹਾਂ ਦੀ ਗਿਣਤੀ ਤਾਂ ਵਧੀ ਹੈ ਪਰ ਸਾਹਿਤ ਤੇ ਕਵਿਤਾ ਫਿਰ ਵੀ ਉਨ੍ਹਾਂ ਦੇ ਗਲ ਲੱਗ ਕੇ ਕੁAਂ ਰੋ ਰਹੇ ਨੇ? ਚਰਿੱਤਰਹੀਣ ਪਤੀ ਦੀਆਂ ਆਦਤਾਂ ਬੀਵੀ ਨੂੰ ਚੰਗੀਆਂ ਤਾਂ ਲੱਗਣ ਲੱਗ ਪਈਆਂ ਹਨ ਕਿਉਂਕਿ ਉਹ ਵੀ ਉਹਦੇ ਕਈ ਅਵੱਲੇ ਸ਼ੌਕ Ḕਹਊ ਪਰੇ’ ਕਰਨ ਲੱਗ ਪਿਆ ਹੈ। ਇਹ ਪੜ੍ਹ ਕੇ ਤੁਹਾਨੂੰ ਲੱਗੇਗਾ ਕਿ ਕਈ ਮੇਰੇ ਵਾਂਗ ਪੈਰਾਂ ਦੇ ਹੁੰਦਿਆਂ ਵੀ ਯਾਤਰਾ ਨਹੀਂ ਕਰ ਸਕੇæææ।

ਐਸ ਅਸ਼ੋਕ ਭੌਰਾ
ਅਨੁਸਾਸ਼ਨ ਦਾ ਦੂਜਾ ਨਾ ਫੌਜੀ ਹੁੰਦਾ ਹੈ। ਪਰ ਹੁਣ ਕਈ ਥਾਂ ਧੋਤੀ, ਟੋਪੀ ਅਤੇ ਬੋਦੀ ਦਾ ਅਰਥ ਬ੍ਰਾਹਮਣ ਨਹੀਂ ਰਿਹਾ।
ਜਿਸ ਯੁੱਗ ਨੂੰ ਪੜ੍ਹਿਆਂ-ਲਿਖਿਆਂ ਦਾ ਅਤੇ ਵਿਗਿਆਨ ਦਾ ਯੁੱਗ ਕਹਿ ਰਹੇ ਹਾਂ ਉਸ ਯੁੱਗ ‘ਚ ਜੇ ਹਕੂਮਤਾਂ ਕਰਨ ਵਾਲੇ ਪੰਜ ਜਮਾਤਾਂ ਪਾਸ ਜਾਂ ਦਸਵੀਂ ਨਹੀਂ ਟੱਪ ਸਕੇ ਤਾਂ ਲੱਗਦਾ ਨਹੀਂ ਕਿ ਅੰਨ੍ਹੇ ਸੁਰਮਾ ਪਾਉਣ ਦਾ ਠਰਕ ਛੱਡ ਨਹੀਂ ਰਹੇ।
ਕੁਲਦੀਪ ਮਾਣਕ ਨੂੰ ਕੌਣ ਨਹੀਂ ਜਾਣਦਾ, ਜਿਹੜੇ ਉਹਨੂੰ ਨੇੜੇ ਤੋਂ ਜਾਣਦੇ ਰਹੇ ਨੇ ਉਹ ਉਹਦੇ ਦਫਤਰ ਵਿਚ ਕੰਮ ਕਰਦੇ ਰਹੇ ਦੋ ਸਕੇ ਭਰਾਵਾਂ ਨੂੰ ਵੀ ਜਾਣਦੇ ਨੇ, ਭਾਵ ਮੇਵਾ ਸਿੰਘ ਨੌਰਥ ਅਤੇ ਸੇਵਾ ਸਿੰਘ ਨੌਰਥ। ਗੱਲ 1983 ਦੀ ਹੋਵੇਗੀ। ਸਾਡੇ ਪਿੰਡ ਦੀ ਸਹਿਕਾਰੀ ਸਭਾ ਦੇ ਫੋਨ ‘ਤੇ ਮੈਨੂੰ ਇਕ ਕਾਲ ਆਈ, ਜੋ ਮੇਵਾ ਸਿੰਘ ਨੌਰਥ ਦੀ ਸੀ। ਮੈਂ ਭੱਜ ਕੇ ਸੁਣਨ ਗਿਆ ਤਾਂ ਉਹ ਕਹਿ ਰਿਹਾ ਸੀ Ḕਤੂੰ ਜਿਥੇ ਵੀ ਆਂ, ਹੁਣੇ ਬੱਸ ਫੜ ‘ਤੇ ਲੁਧਿਆਣੇ ਆ, ਤੇਰੀ ਕਿਸਮਤ ਖੁੱਲ੍ਹ ਗਈ ਹੈ, ਪੈਸਾ ਹੀ ਪੈਸਾ, ਬੱਲੇ ਬੱਲੇ, ਕਾਰਾਂ, ਕੋਠੀਆਂ, ਲੈ ਜਾ ਆ ਕੇ, ਦੇਰ ਨਾ ਕਰੀਂ’। ਮੈਂ ਪੁੱਛਿਆ ਲਾਟਰੀ ਤਾਂ ਮੈਂ ਕੋਈ ਪਾਈ ਹੀ ਨਹੀਂ। ਉੁਹ ਆਖਣ ਲੱਗਾ “ਰੱਬ ਜਦੋਂ ਲਾਟਰੀ ਕੱਢਦਾ ਉਹ ਤਾਂ ਛੱਤ ਪਾੜ ਦਿੰਦਾ, ਪਰਚੀ ਪਾਉਣ ਦੀ ਲੋੜ ਨਹੀਂ ਹੁੰਦੀ, ਤੂੰ ਦੇਰ ਨਾ ਕਰ ਬੱਸ ਫੜ ਤੇ ਸਿੱਧਾ ਲੁਧਿਆਣੇ ਮਾਣਕ ਦੇ ਦਫਤਰ ਆ ਜਾ।”
ਸਾਈਕਲ ਤੇ ਬੰਗੇ, ਤੇ ਬੰਗਿਆਂ ਤੋਂ ਵਾਇਆ ਫਗਵਾੜਾ ਲੁਧਿਆਣੇ ਬੱਸ ‘ਚ ਪਹੁੰਚ ਗਿਆ। ਮੇਵਾ ਸਿੰਘ ਘੁੱਟ ਕੇ ਮਿਲਿਆ। ਬੋਲਿਆ “ਚਾਹ ਮੁੜ ਕੇ ਪਿਲਾਵਾਂਗੇ, ਪਹਿਲਾਂ ਸਾਈਕਲ ਤੇ ਬੈਠ, ਅਮੀਰ ਹੋਣ ਵਿਚ ਸਿਰਫ ਦੋ ਘੰਟੇ ਰਹਿ ਗਏ ਨੇ, ਆਪਾਂ ਦੀਵਾਨ ਚੰਦ ਦੇ ਘਰ ਜਾਣੈ।” ਹਾੜ੍ਹ ਦੀ ਗਰਮੀ, ਸੈਕਲ (ਸਾਈਕਲ) ਨੂੰ ਕੈਰੀਅਰ ਕੋਈ ਨਾ ਤੇ ਉਹਨੇ ਮੈਨੂੰ ਮੂਹਰਲੇ ਡੰਡੇ ‘ਤੇ ਬਿਠਾਇਆ ਤੇ ਸੱਚ ਜਾਣਿਓਂ ਇਹ ਸੈਕਲ ਉਹਨੇ ਸ਼ਾਨੇ ਪੰਜਾਬ ਤੋਂ ਵੀ ਵੱਧ ਭਜਾਇਆ ਤੇ ਵੀਹਾਂ ਪੱਚੀਆਂ ਮਿੰਟਾਂ ਵਿਚ ਜਲੰਧਰ ਬਾਈ ਪਾਸ ਪਹੁੰਚ ਗਏ। ਇਕ ਘਰ ‘ਚ ਮੈਨੂੰ ਲੈ ਕੇ ਗਿਆ, ਦੇਵੀ ਦੇਵਤਿਆਂ ਦੀਆਂ ਤਸਵੀਰਾਂ ਅੱਗੇ ਟੰਗਵੀਂ ਧੋਤੀ ਲਾਈ ਬੈਠਾ, ਮੱਥੇ ਤੇ ਤਿਲਕ ਵਾਲਾ ਇਕ ਪੰਡਿਤ। ਮੇਰੇ ਵੱਲ ਵੇਖੇ ਬਿਨਾਂ ਹੀ ਮੇਵਾ ਸਿੰਘ ਨੂੰ ਕਹਿਣ ਲੱਗਾ, ਇਸ ਬੰਦੇ ਦੀ ਮਾੜੀ ਕਿਸਮਤ ਹੈ ਇਹ ਲੇਟ ਹੋ ਗਿਐ, ਮੇਵਾ ਸਿੰਘ ਮੈਂ ਤੈਨੂੰ ਬਹੁਤ ਕਿਹਾ ਸੀ ਇਹ ਖਜ਼ਾਨਾ ਕਦੇ ਕਦੇ ਮਿਲਦਾ ਹੈ, ਇਹ ਦਸ ਦਿਨ ਦਾ ਸਮਾਂ ਗੁਜ਼ਰ ਗਿਆ ਹੈ, ਹੁਣ ਇਹ ਸਮਾਂ ਆਉਣ ਨੂੰ ਘੱਟੋ ਘੱਟ ਪੰਜਾਹ ਸਾਲ ਲੱਗਣਗੇ। ਮੈਂ ਬਿਨਾਂ ਕੋਈ ਭੇਦ ਸੁਣਿਆਂ ਮੱਥੇ ‘ਤੇ ਹੱਥ ਮਾਰਿਆ ਕਿ ਗਰੀਬ ਦੀ ਜੇਬ ਅੱਜ ਫਿਰ ਕੱਟੀ ਗਈ। ਪਰ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਮੇਵਾ ਸਿੰਘ ਨੇ ਤਰਲਾ ਕੀਤਾ, “ਇਹ ਸਾਡਾ ਵੀ ਤੇ ਕੁਲਦੀਪ ਮਾਣਕ ਦਾ ਵੀ ਖਾਸ ਬੰਦਾ ਹੈ, ਕੁਝ ਕਰੋ।” ਇਕ ਮਿੰਟ ਸੋਚ ਕੇ ਉਹ ਕਹਿਣ ਲੱਗਾ, ਹਾਂ ਇਕ ਗੱਲ ਬਣ ਸਕਦੀ ਹੈ ਕਿ ਜਿਹੜਾ ਮੈਂ ਸਮਾਨ ਕਿਸੇ ਹੋਰ ਲਈ ਤਿਆਰ ਕੀਤੈ, ਉਹ ਬੰਦਾ ਹਾਲੇ ਤੱਕ ਲੈਣ ਨਹੀਂ ਆਇਆ ਤੇ ਉਂਝ ਮੈਂ ਤਿੰਨ ਸੌ ਰੁਪਿਆ ਲੈਨਾ ਪਰ ਉਹਦੇ ਤੋਂ ਬਾਰਾਂ ਸੌ ਰੁਪਿਆ ਲੈਣਾ ਸੀ, ਜੇ ਇਹ ਮੈਨੂੰ ਬਾਰਾਂ ਸੌ ਰੁਪਿਆ ਲਿਆ ਕੇ ਦੇਵੇ ਤਾਂ ਉਹ ਸਮਾਨ ਮੈਂ ਇਹਨੂੰ ਦੇ ਦਿਆਂਗਾ।
ਮੇਰੇ ਕੋਲ ਪੰਜ ਕੁ ਸੌ ਰੁਪਏ ਸਨ। ਮੈਂ ਤਰਲਾ ਕੀਤਾ, ਇੰਨਿਆਂ ਨਾਲ ਨਹੀਂ ਸਰਦਾ? ਉਹ ਕਹਿਣ ਲੱਗਾ, ਰਾਮ ਰਾਮ, ਮਾਇਆ ਤੋਂ ਬਿਨਾਂ ਗੱਲ ਨਹੀਂ ਬਣਦੀ। ਮੈਂ ਬਾਹਰ ਆ ਕੇ ਮੇਵਾ ਸਿੰਘ ਨੂੰ ਕਿਹਾ, ਜਿੰਨੇ ਪੈਸੇ ਘਟਦੇ ਆ ਮੈਂ ਕੁਲਦੀਪ ਮਾਣਕ ਤੋਂ ਲੈ ਆਉਨਾਂ। ਮੈਂ ਤੀਹਾਂ ਰੁਪਿਆਂ ਵਿਚ ਪਿੰਡ ਥਰੀਕੇ ਮਾਣਕ ਦੇ ਘਰ ਤੋਂ ਆਉਣ ਜਾਣ ਲਈ ਥ੍ਰੀ ਵੀਲ੍ਹਰ ਕਰ ਲਿਆ। ਰਸਤੇ ਵਿਚ ਜਦੋਂ ਕੋਈ ਲਾਲ ਲਾਈਟ ਆਵੇ ਜਾਂ ਟਰੈਫਿਕ ਵਧੇ ਤਾਂ ਮੇਰੇ ਹੌਲ ਪੈਣ, ਹਾਇਓ ਰੱਬਾ ਕਿਤੇ ਮੇਰੀ ਕਿਸਮਤ ਸਾਥ ਹੁਣ ਨਾ ਛੱਡ ਦੇਵੇ। ਥਰੀਕੇ ਪਹੁੰਚੇ। ਮੇਵਾ ਸਿੰਘ ਕਹਿਣ ਲੱਗਾ, ਤੂੰ ਹੀ ਜਾਹ ਮੈਂ ਥੱਲੇ ਖੜਦਾਂ।
ਸਬੱਬੀਂ ਮਾਣਕ ਘਰ ਹੀ ਸੀ। ਮੈਂ ਕਿਹਾ, “ਬਾਕੀ ਗੱਲਾਂ ਫਿਰ ਕਰਾਂਗੇ, ਪਹਿਲਾਂ ਮੈਨੂੰ ਸੱਤ ਸੌ ਰੁਪਿਆ ਦੇਹ।” ਉਹ ਟਿੱਚਰੀ ਸੁਭਾਅ ‘ਚ ਕਹਿਣ ਲੱਗਾ, “ਤੈਂ ਸਿਰ ‘ਚ ਮਾਰਨੇ ਆ” ਤੇ ਮੈਂ ਕਿਹਾ ਮੁੜ ਕੇ ਆ ਕੇ ਦੱਸਦਾਂ, ਸੁਨਹਿਰੀ ਕਿਸਮਤ ਮੇਰੀ ਉਡੀਕ ਕਰ ਰਹੀ ਹੈ। ਉਹ ਕਹੇ, ਪਹਿਲਾਂ ਗੱਲ ਦੱਸ। ਮੈਂ ਕਿਹਾ, ਮੇਵਾ ਥੱਲੇ ਖੜ੍ਹੈ, ਉਹਨੂੰ ਪਤੈ। ਉਹ ਹੱਸ ਪਿਆ, ਕਹਿੰਦਾ, “ਲੁੱਟ ਹੋਣ ਲੱਗਾਂ, ਲਿਆ ਉਹਨੂੰ ਉਪਰ।” ਮੇਵੇ ਨੇ ਦੱਸਿਆ ਕਿ ਪੰਡਿਤ ਨੇ ਪੰਜ ਸਾਲ ਤਪੱਸਿਆ ਕਰਨ ਤੋਂ ਬਾਅਦ ਦਸ ਦਿਨ ਗ੍ਰਹਿ ਕਾਬੂ ਹੇਠ ਕਰਕੇ ਇਕ ਮੁੰਦਰੀ ਬਣਾਈ ਐ, ਜਿਹਦੇ ਵਿਚ ਸਾਰੇ ਗ੍ਰਹਿਆਂ ਦੇ ਨਗ ਨੇ ਤੇ ਜਿਹੜਾ ਅੱਜ ਰਾਤ ਨੂੰ ਚੰਨ ਚੜ੍ਹਨ ਤੋਂ ਪਹਿਲਾਂ ਪਾ ਗਿਆ, ਉਹ ਸਾਰੀ ਉਮਰ ਬਾਦਸ਼ਾਹੀਆਂ ਹੀ ਭੋਗੇਗਾ। ਮਾਣਕ ਗਿੱਠ ਭਰ ਉਲਰਿਆ ਤੇ ਬੋਲਿਆ, ਕਿਤੇ ਸਾਲਾ ਦੀਵਾਨ ਚੰਦ ਤਾਂ ਨ੍ਹੀਂ, ਉਹਨੇ ਮੰਜੇ ਹੇਠ ਡਿੱਗੀ ਮੁੰਦਰੀ ਚੁੱਕ ਕੇ ਲਿਆਂਦੀ। ਕਹਿੰਦਾ, ਆਹੀ ਆ ਜਿਹੜੀ ਮੈਂ ਚਿੱਥ ਕੇ ਉਦਾਂ ਦੀ ਕਰ’ਤੀ ਜਿੱਦਾਂ ਮੁਰਗਾ ਮਾਲ ਗੱਡੀ ਥੱਲੇ ਆ ਗਿਆ ਹੋਵੇ।
ਮੈਂ ਮਾਣਕ ਨੂੰ ਪੁੱਛਿਆ, ਮੈਨੂੰ ਤਾਂ ਹਾਲੇ ਮੁੰਦਰੀ ਮਿਲੀ ਹੀ ਨਹੀਂ। ਉਹ ਬੋਲਿਆ, Ḕਇਹ ਕੱਲ੍ਹ ਪ੍ਰੀਤਮ ਬਰਾੜ ਦੇ ਮੈਂ ਪਾਈ ਦੇਖੀ ਸੀ, ਉਹ ਵੀ ਤੇਰੇ ਵਾਂਗੂ ਹੀ ਬਾਦਸ਼ਾਹ ਬਣਨ ਦੀ ਉਡੀਕ ਵਿਚ ਸੀ ਪਰ ਮੈਨੂੰ ਪਤਾ ਸੀ ਇਸ ਕੰਜਰ ਨੇ ਇਕ ਗਾਉਣ ਵਾਲੀ ਕੁੜੀ ਨਾਲ ਵਿਆਹ ਕਰਾਉਣ ਕਰਕੇ ਇਹ ਪੰਗਾ ਲਿਆ। ਪਹਿਲਾਂ ਤਾਂ ਬਰਾੜ ਇਹ ਮੁੰਦਰੀ ਲਾਹ ਕੇ ਨਾ ਫੜਾਵੇ, ਪਈ ਫਿਰ ਇਹ ਕੱਚੀ ਲੱਸੀ ਨਾਲ ਧੋ ਕੇ ਪਾਉਣੀ ਪੈਣੀ ਆ। ਮੈਂ ਦੁੱਧ ਦਾ ਗਲਾਸ ਹੀ ਭਰ ਕੇ ਲੈ ਆਇਆ। ਜਦੋਂ ਲਾਹੀ ਮੈਂ ਦੰਦਾਂ ਨਾਲ ਚਿੱਥ ਕੇ ਓਹ ਮਾਰੀ ਪਰ੍ਹੇ। ਨਗਾਂ ਵਾਲੇ ਸਾਰੇ ਗ੍ਰਹਿ ਮੈਂ ਅੰਦਰ ਹੀ ਲੰਘਾ ਲਏ। ਤੂੰ ਜਾਹ ਨੌਕਰੀ ਨੂਕਰੀ ਲੱਭ ਐਵੇਂ ਨਾ ਲੁੱਟਿਆ ਜਾਈਂ।
ਉਨੀਆਂ ਸਾਲਾਂ ਦੀ ਨਿਆਣੀ ਉਮਰ, ਪਾਖੰਡ ਦਾ ਕੋਈ ਇਲਮ ਨਹੀਂ ਸੀ ਤੇ ਲੱਗਦਾ ਮੈਨੂੰ ਇੱਦਾਂ ਸੀ ਕਿ ਰੱਬ ਮੇਰੇ ਨਾਲ ਨਾਲ ਤੁਰਨ ਲੱਗ ਪਿਆ ਹੈ ਪਰ ਮੈਂ ਉਥੋਂ ਬਹੁਤ ਨਿਰਾਸ਼ਾ ਵਿਚ ਪਰਤਿਆ। ਗੁੱਸੇ ‘ਚ ਮੈਂ ਥ੍ਰੀ ਵੀਲ੍ਹਰ ਵਿਚ ਬੈਠਦਿਆਂ ਮੇਵਾ ਸਿੰਘ ਨੂੰ ਕਿਹਾ, ਮਾਣਕ ਨੇ ਮੈਨੂੰ ਸੱਤ ਸੌ ਰੁਪਿਆ ਤਾਂ ਨ੍ਹੀਂ ਦਿੱਤਾ ਕਿ ਇਸ ਵਿਹਲੇ ਬੰਦੇ ਨੇ ਮੋੜਨਾ ਕਿੱਥੋਂ ਹੈ? ਮਾਣਕ ਨੇ ਮੇਰੀ ਕਿਸਮਤ ਵਿਚ ਲੱਤ ਨਹੀਂ ਦੋਵੇਂ ਲੱਤਾਂ ਮਾਰੀਆਂ ਹਨ। ਮੇਵਾ ਸਿਹਾਂ ਮੈਂ ਵੀ ਹੁਣ ਮਾਣਕ ਬਾਰੇ ਇਕ ਅੱਖਰ ਨ੍ਹੀਂ ਲਿਖਿਆ ਕਰਨਾ। ਤੇ ਇੰਜ ਪਹਿਲੀ ਵਾਰ ਕਿਸਮਤ ਬੂਹਾ ਖੜਕਾ ਕੇ ਪਰਤ ਗਈ।
ਛੇ ਕੁ ਮਹੀਨੇ ਗੁਜ਼ਰੇ। Ḕਵੇਖਣ ਵਾਲੀ ਚੀਜ਼ ਮੇਲਾ ਪਿੰਡ ਛਪਾਰ ਦਾ’ ਗਾਉਣ ਵਾਲਾ ਨੇਕੀ ਕਾਤਲ ਤੇ ਕੁਲਦੀਪ ਮਾਣਕ ਦਾ ਸ਼ਾਗਿਰਦ ਬਲਵਿੰਦਰ ਭਗਤਾ ਮੈਨੂੰ ਦੀਦਾਰ ਸੰਧੂ ਦੇ ਦਫਤਰ ਮਿਲੇ। ਕਹਿਣ ਲੱਗੇ, ਲੁਧਿਆਣੇ ਜੇਲ੍ਹ ‘ਚ ਇਕ ਬੰਦਾ ਇੱਦਾਂ ਦੀ ਹੀ ਮੁੰਦਰੀ ਦਿੰਦਾ, ਬੜੇ ਲੋਕਾਂ ਦੀ ਕਿਸਮਤ ਉਨ੍ਹੇ ਬਦਲ ਦਿੱਤੀ ਹੈ, ਅਸੀਂ ਵੀ ਅੱਜ-ਕਲ੍ਹ ਜਾਣੈ ਉਹਦੇ ਕੋਲ। ਪੈਸੇ ਦਾ ਬੰਦੋਬਸਤ ਕਰਦੇ ਫਿਰਦੇ ਆਂ, ਜੇ ਤੇਰੇ ਕੋਲ ਹੈਗੇ ਆ ਤਾਂ ਤੂੰ ਹੁਣ ਜਾ ਆ। ਮੈਂ ਇਕ ਵਾਰੀ ਫਿਰ ਅੰਧ ਵਿਸ਼ਵਾਸੀ ਦੇ ਚੱਕਰਵਿਊ ਵਿਚ ਅਭਿਮੰਨਯੂ ਵਾਂਗ ਉਲਝ ਗਿਆ। ਰਿਕਸ਼ਾ ਫੜਿਆ, ਸਿੱਧਾ ਤਾਜਪੁਰ ਰੋਡ ‘ਤੇ ਸੈਂਟਰਲ ਜੇਲ੍ਹ ਦੇ ਬੂਹੇ ਅੱਗੇ ਜਾ ਖੜਾ ਹੋਇਆ। ਮੈਨੂੰ ਯਾਦ ਸੀ ਕਿ Ḕਤਸਵੀਰ’ ਮੈਗਜ਼ੀਨ ਵਿਚ Ḕਯਾਦਾਂ ਜੇਲ੍ਹ ਦੀਆਂ’ ਲਿਖਣ ਵਾਲਾ ਜੇਲ੍ਹਰ ਇਸੇ ਜੇਲ੍ਹ ਵਿਚ ਹੀ ਲੱਗਾ ਹੋਇਆ ਹੈ। ਮੈਂ ਸੰਤਰੀ ਨੂੰ ਕਿਹਾ, ਮੈਂ ਅਖਬਾਰ ਵਿਚੋਂ ਆਇਆਂ ਤੇ ਰਾਮਪਾਲ ਨੂੰ ਮਿਲਣਾ। ਉਹ ਅੰਦਰੋਂ ਪੁੱਛ ਕੇ ਮੈਨੂੰ ਲੈ ਗਿਆ। ਦਫਤਰ ਵਿਚ ਕੁਰਸੀ ‘ਤੇ ਬੈਠੇ ਨੂੰ ਮੈਂ ਸਾਸਰੀਕਾਲ ਬੁਲਾ ਕੇ ਉਹਦੇ ਲੜੀਵਾਰ ਕਾਲਮ ਦੀਆਂ ਦੋ ਚਾਰ ਸਿਫਤਾਂ ਕੀਤੀਆਂ। ਆਪਣੇ ਲਿਖਣ ਬਾਰੇ ਦੱਸਿਆ ਤਾਂ ਉਹ ਕਹਿਣ ਲੱਗਾ, ਸੇਵਾ ਦੱਸ। ਮੈਂ ਕਿਹਾ, ਇਥੇ ਇਕ ਪੰਡਿਤ ਮੁੰਦਰੀ ਦਿੰਦੈ ਕਿਸਮਤ ਬਦਲਣ ਲਈ। ਉਹ ਉਚੀ ਉਚੀ ਹੱਸਿਆ ਤੇ ਕਹਿਣ ਲੱਗਾ, ਜਲੰਧਰ ਬਾਈਪਾਸ ਆਲਾ ਦੀਵਾਨ ਚੰਦ! ਮੈਂ ਖੁਸ਼ ਹੋ ਗਿਆ ਕਿ ਹੁਣ ਲੱਗੇ ਭਾਗ ਜਾਗਣ, ਹਾਂ ਵਿਚ ਸਿਰ ਹਿਲਾ ਦਿੱਤਾ।
ਅਸਲ ‘ਚ ਨੇਕੀ ਕਾਤਲ ਤੇ ਬਲਵਿੰਦਰ ਭਗਤੇ ਨੇ ਮੇਰੇ ਨਾਲ ਟਿੱਚਰ ਕੀਤੀ ਸੀ। ਪਰ ਜੋ ਕੁਝ ਮੈਨੂੰ ਜੇਲ੍ਹਰ ਨੇ ਦੱਸਿਆ, ਉਹ ਹੋਰ ਵੀ ਦਿਲਚਸਪ ਸੀ। ਕਹਿਣ ਲੱਗਾ, ਘਰ ਨੂੰ ਮੁੜ ਜਾਹ, ਲੁੱਟਿਆ ਜਾਏਂਗਾ। ਇਹ ਤਾਂ ਸਾਲਾ ਕੁੱਟਿਆ ਵੀ ਗਿਆ ਤੇ ਛੁੱਟੇਗਾ ਵੀ ਨਹੀਂ। ਇਹਦੀ ਗੱਲ ਸੁਣ ਲੈ, ਇਹਨੇ ਕਿਸੇ ਮੁੰਡੇ ਨੂੰ ਇੱਦਾਂ ਦੀ ਮੁੰਦਰੀ ਦਿੱਤੀ ਸੀ ਕਿ ਤੂੰ ਬੇਫਿਕਰ ਹੋ ਕੇ ਉਸ ਕੁੜੀ ਦੇ ਘਰ ਜਾਇਆ ਕਰ ਜਿਹਨੂੰ ਤੂੰ ਪਿਆਰ ਕਰਦੈਂ, ਉਹਦੇ ਭਰਾ ਤੇਰਾ ਵਾਲ ਵਿੰਗਾ ਨੀ ਕਰ ਸਕਦੇ, ਪਰ ਮੁੰਦਰੀ ਰੋਜ਼ ਕੱਚੀ ਲੱਸੀ ਵਿਚ ਧੋ ਕੇ ਪਾਈਂ। ਉਹ ਸਾਲਾ ਮੁੰਦਰੀ ਪਾ ਕੇ ਕੁੜੀ ਦੇ ਘਰ ਚਲਾ ਗਿਆ। ਭਰਾਵਾਂ ਤੋਂ ਗੁੱਸੇ ਵਿਚ ਬਾਲ੍ਹਾ ਹੀ ਛਿੱਲਿਆ ਗਿਆ। ਚੌਥੇ ਦਿਨ ਮਰ ਗਿਆ। ਇਹ ਸਾਲਾ ਮੁੰਦਰੀ ਆਲੇ ਕਤਲ ਕੇਸ ਵਿਚ ਆਇਆ ਇਥੇ। ਮੇਰੇ ਚਾਹ ਦਾ ਘੁੱਟ ਨਾ ਲੰਘੇ ਤੇ ਮੈਂ ਪੁੱਠੇ ਪੈਰੀਂ ਵਾਪਿਸ ਭੱਜਿਆ।
ਇਹ ਜੇਲ੍ਹਰ ਤਾਂ ਮੈਨੂੰ ਫਿਰ ਵੀ ਮਿਲਦਾ ਰਿਹਾ ਪਰ ਪੰਡਿਤ ਦੀ ਸ਼ਕਲ ਮੁੜ ਕੇ ਕਿਤੇ ਨਾ ਦੇਖੀ।
ਸਾਲ ਦੋ ਹਜ਼ਾਰ ਦੀ ਗੱਲ ਐ। ਲੁਧਿਆਣੇ ਦੇ ਇਕ ਹਸਪਤਾਲ ਵਿਚ ਮੇਰੇ ਜੀਜਾ ਜੀ ਬ੍ਰੇਨ ਟਿਊਮਰ ਕਾਰਨ ਬੇਹੋਸ਼ੀ ਵਿਚ ਸਨ। ਰੋਟੀ-ਪਾਣੀ ਪਰਮਿੰਦਰ ਸੰਧੂ ਜਾਂ ਕੁਲਦੀਪ ਮਾਣਕ ਦੇ ਘਰੋਂ ਆਉਂਦਾ ਸੀ। ਖਾਣਾ ਦੇਣ ਆਏ ਮੁੰਡੇ ਨਾਲ ਇਕ ਹੋਰ ਮੁੰਡਾ ਆਇਆ। ਕਹਿਣ ਲੱਗਾ, ਰਾਧੇ ਸ਼ਿਆਮ ਇਕ ਪੰਡਿਤ ਐ, ਕੱਲ੍ਹ ਇਸੇ ਹਸਪਤਾਲ ਵਿਚ ਇਕ ਮੁੰਡਾ ਐਕਸੀਡੈਂਟ ‘ਚ ਜ਼ਖਮੀ ਹੋ ਕੇ ਆਇਆ ਸੀ, ਉਹਦੇ ਸਿਰ ਵਿਚ ਸੱਟ ਸੀ ਪਰ ਉਹ ਬਚ ਗਿਆ। ਬਚਣ ਆਲੇ ਦਾ ਭਰਾ ਸਿੱਧਾ ਰਾਧੇ ਸ਼ਿਆਮ ਕੋਲ ਪਹਿਲਾਂ ਗਿਆ ਸੀ। ਇਸ ਹਸਪਤਾਲ ਦੇ ਅੱਧੇ ਮਰੀਜ਼ ਉਹ ਠੀਕ ਕਰਦਾ। ਬੱਸ ਰੁਪਿਆ ਦਸ ਹਜ਼ਾਰ ਲੱਗੇਗਾ, ਪੰਡਿਤ ਉਹ ਉਪਾਅ ਕਰੇਗਾ ਕਿ ਤੁਹਾਡਾ ਮਰੀਜ਼ ਸਵੇਰ ਨੂੰ ਨਾ ਨੌਂ ਬਰ ਨੌਂ ਹੋ ਗਿਆ ਤਾਂ ਮੈਨੂੰ ਕਿਹੋ।’
ਉਦੋਂ ਤੱਕ ਉਮਰ ਦੇ ਹਿਸਾਬ ਨਾਲ ਮੈਂ ਕਾਫੀ ਸੰਭਲ ਚੁੱਕਾ ਸੀ ਤੇ ਤਰਕ ਸੋਚ ਹੋਣ ਕਾਰਨ ਇਸ ਪਾਖੰਡ ਦੇ ਖਿਲਾਫ ਵੀ ਬੜਾ ਸੀ ਪਰ ਮੈਂ ਘਰ ਵਿਚ ਔਰਤਾਂ ਦੇ ਦਬਾਅ ਪਾਉਣ ਕਰਕੇ ਇਹ ਤਜ਼ਵੀਜ਼ ਤਾਂ ਮੰਨ ਲਈ ਕਿ ਰੱਬ ਸ਼ਾਇਦ ਏਦਾਂ ਹੀ ਮਿਹਰਬਾਨ ਹੋ ਜਾਵੇ, ਕਿਉਂਕਿ ਜੇ ਕੁਝ ਜੀਜੇ ਨੂੰ ਹੋ ਗਿਆ ਤਾਂ ਭਾਣਜੇ-ਭਾਣਜੀਆਂ ਛੋਟੇ ਛੋਟੇ ਨੇ, ਉਨ੍ਹਾਂ ਦਾ ਕੀ ਬਣੇਗਾ? ਤੇ ਮੈਂ ਇਸ ਬਹਿਕਾਵੇ ਵਿਚ ਆ ਗਿਆ। ਅਗਲੇ ਦਿਨ ਉਹੀ ਮੁੰਡਾ ਆਇਆ। ਮੈਂ ਉਹਨੂੰ ਦਸ ਹਜ਼ਾਰ ਰੁਪਏ ਦਿੱਤੇ। ਉਹਨੇ ਮੈਨੂੰ ਢਾਈ ਕਿੱਲੋ ਸਿੱਕਾ, ਬਾਰਾਂ ਲੱਡੂ, ਚਾਂਦੀ ਦਾ ਸੱਪ ਅਤੇ ਗਿਆਰਾਂ ਛੜੀਆਂ ਲੋਹੇ ਦੀਆਂ ਰਾਹੋਂ ਰੋਡ ਵਾਲੇ ਪਾਸੇ ਮੱਤੇਵਾਲ ਕੋਲ ਸਤਲੁਜ ਦਰਿਆ ਦੇ ਕੰਢੇ ਨਾਲ ਲੈ ਕੇ ਆਉਣ ਲਈ ਕਿਹਾ। ਮੈਂ ਉਹਨੂੰ ਹੀ ਪੰਜ ਹਜ਼ਾਰ ਰੁਪਿਆ ਹੋਰ ਦੇ ਦਿੱਤਾ ਕਿ ਇਹ ਸਮਾਨ ਤੂੰ ਹੀ ਲੈ ਆਵੀਂ ਕਿਉਂਕਿ ਦਸ ਹਜ਼ਾਰ ਤਾਂ ਸਿਰਫ ਪੂਜਾ ਦੀ ਭੇਟਾ ਹੀ ਸੀ।
ਵੀਰਵਾਰ ਦਾ ਦਿਨ, ਸੇਵੇਰੇ ਨੌ ਵਜੇ ਨਹਾ ਧੋ ਕੇ ਮੈਂ ਦਰਿਆ ਦੇ ਕਿਨਾਰੇ ਜਾ ਪੁੱਜਾ। ਜਦੋਂ ਮੈਂ ਸਾਹਮਣੇ ਰਾਧੇ ਸ਼ਿਆਮ ਨੂੰ ਵੇਖਿਆ ਤਾਂ ਮੇਰੇ ਅੱਗ ਲੱਗ ਗਈ। ਦਿਲ ਕੀਤਾ ਕਿ ਇਹ ਢਾਈ ਕਿੱਲੋ ਦਾ ਸਿੱਕਾ ਇਹਦੇ ਸਿਰ ਵਿਚ ਮਾਰਾਂ। ਮੈਂ ਉਖੜ ਕੇ ਪੈ ਨਿਕਲਿਆ, ਤੂੰ ਸਾਲਿਆ ਦੀਵਾਨ ਚੰਦ ਐਂ, ਰਾਧੇ ਸ਼ਿਆਮ ਨਹੀਂ, ਤੂੰ ਜੇਲ੍ਹ ਵਿਚ ਵੀ ਗਿਆਂ, ਤੂੰ ਮੈਨੂੰ ਮੁੰਦਰੀ ਵਿਚ ਵੀ ਠਗਣਾ ਚਾਹੁੰਦਾ ਸੀ, ਤੂੰ ਨਾਂ ਬਦਲ ਕੇ ਠਗੀਆਂ ਮਾਰਦੈਂ। ਉਹ ਪੈਰਾਂ ਤੇ ਪਾਣੀ ਨਾ ਪੈਣ ਦੇਵੇ। ਕਹੇ, ਨਹੀਂ ਮੈਂ ਦੀਵਾਨ ਚੰਦ ਨਹੀਂ, ਰਾਧੇ ਸ਼ਿਆਮ ਹਾਂ।
ਮੈਂ ਉਨੇ ਦੁਖੀ ਮਨ ਨਾਲ ਫਿਰ ਮੁੜ ਕੇ ਆ ਗਿਆ ਜਿੰਨਾ ਦੁਖੀ ਮਾਣਕ ਦੇ ਘਰੋਂ ਆਇਆ ਸੀ ਪਈ ਇਹ ਕੰਜਰ ਦਾ ਦਮੂਹਾ ਸੱਪ ਮੈਨੂੰ ਬਾਰ ਬਾਰ ਕਿਉਂ ਟੱਕਰਦੈ।
ਅਸਲ ਵਿਚ ਇਸ ਰਾਧੇ ਸ਼ਿਆਮ ਨੇ ਆਪਣੇ ਠਗ ਪ੍ਰਚਾਰਕ ਲੁਧਿਆਣੇ ਦੇ ਉਸ ਬਹੁ ਚਰਚਿਤ ਹਸਪਤਾਲ ਵਿਚ ਛੱਡੇ ਹੋਏ ਸਨ।
ਬਦਕਿਸਮਤੀ ਕਿ ਕੁਝ ਦਿਨਾਂ ਪਿੱਛੋਂ ਮੇਰੇ ਜੀਜਾ ਜੀ ਦੀ ਮੌਤ ਹੋ ਗਈ। ਕੁਲਦੀਪ ਮਾਣਕ ਜਦੋਂ ਅਫਸੋਸ ਲਈ ਆਇਆ ਤਾਂ ਮੈਂ ਦੀਵਾਨ ਚੰਦ ਤੇ ਰਾਧੇ ਸ਼ਿਆਮ ਦੋ ਨਾਵਾਂ ਦੀ ਚਰਚਾ ਕਰਦਿਆਂ ਦੱਸਿਆ ਕਿ ਉਸ ਦਿਨ ਮੈਂ ਤੇਰੇ ਨਾਲ ਗੁੱਸੇ ਸੀ ਜਦੋਂ ਤੂੰ ਮੈਨੂੰ ਸੱਤ ਸੌ ਰੁਪਿਆ ਨਹੀਂ ਸੀ ਦਿੱਤਾ। ਫਿਰ ਮੈਂ ਤੈਨੂੰ ਬਿਨਾਂ ਦੱਸੇ ਇਹਨੂੰ ਜੇਲ੍ਹ ਵਿਚ ਮਿਲਣ ਗਿਆ, ਤੇਰੇ ਸ਼ਾਗਿਰਦ ਨੇਕੀ ਕਾਤਲ ਤੇ ਬਲਵਿੰਦਰ ਭਗਤੇ ਦੇ ਕਹਿਣ ‘ਤੇ। ਮਾਣਕ ਨੇ ਉਸ ਦਿਨ ਦੱਸਿਆ ਕਿ ਪ੍ਰੀਤਮ ਬਰਾੜ ਨੂੰ ਉਨੇ ਸਾਢੇ ਅੱਠ ਸੌ ‘ਚ ਮੁੰਦਰੀ ਦਿੱਤੀ ਸੀ, ਇਹ ਕਹਿ ਕੇ ਤੇਰੀ ਚੜ੍ਹਾਈ ਕੁਲਦੀਪ ਮਾਣਕ ਤੋਂ ਵੀ ਉਪਰ ਹੋਵੇਗੀ, ਕੋਠੀਆਂ ਕਾਰਾਂ ਤੇਰੇ ਥੱਲੇ ਹੋਣਗੀਆਂ ਪਰ ਜਿਹੜੀ ਗਾਇਕਾ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ, ਉਹਨੂੰ ਉਹੀ ਨਗ੍ਹਾ ਵਾਲੀ ਮੁੰਦਰੀ ਇਸ ਦੀਵਾਨ ਚੰਦ ਨੇ ਬਾਈ ਸੌ ਵਿਚ ਵੇਚੀ ਸੀ ਤੇ ਫਿਰ ਟਿੱਚਰ ਕਰਦਿਆਂ ਕਹਿਣ ਲੱਗਾ, ਜਨਾਨੀਆਂ ਪੈਸੇ ਦੇਣ ਲੱਗੀਆਂ ਹੱਥ ਖੁੱਲ੍ਹਾ ਕਰ ਲੈਂਦੀਆਂ ਨੇ। ਇਹ ਸਾਲੇ ਲੁੱਚੇ ਜਨਾਨੀਆਂ ਦੀਆਂ ਕਮਜ਼ੋਰੀਆਂ ਜਾਣਦੇ ਹੁੰਦੇ ਨੇ।
ਫਿਰ ਕਈ ਸਾਲ ਬੀਤ ਗਏ।
ਦੋ ਹਜ਼ਾਰ ਅੱਠ ਵਿਚ ਜਦੋਂ ਮੈਂ ਅਮਰੀਕਾ ਸੀ ਤਦ ਇਕ ਫੋਨ ਮੈਨੂੰ ਨਿਊ ਯਾਰਕ ਤੋਂ ਆਇਆ। ਵਾਰਤਾਲਾਪ ਸੁਣੋ;
“ਤੁਸੀਂ ਅਸ਼ੋਕ ਭੌਰਾ ਬੋਲਦੇ ਹੋ?”
ਮੈਂ ਕਿਹਾ, “ਹਾਂ ਜੀ।”
“ਤੁਸੀਂ ਮੈਨੂੰ ਜਾਣਦੇ ਹੋ, ਤੁਹਾਨੂੰ ਲੋਕ ਬਹੁਤ ਜਾਣਦੇ ਨੇ, ਤੁਹਾਨੂੰ ਕੋਈ ਕੰਮ ਧੰਦਾ ਕਰਨ ਦੀ ਲੋੜ ਹੀ ਨਹੀਂ। ਕਿਸਮਤ ਤੁਹਾਡੀ ਮੈਂ ਖੋਲ੍ਹ ਦਿਆਂਗਾ ਬਸ ਜਿਵੇਂ ਮੈਂ ਕਹੂੰ ਉਵੇਂ ਕਰਨਾ।”
ਮੈਂ ਕਿਹਾ, “ਕਰਨਾ ਕੀ ਐ?”
ਕਹਿੰਦਾ, “ਗਾਹਕ ਲਿਆਉਣੇ ਆ, ਤੇ ਖਿਆਲ ਰੱਖਣਾ ਕਿ ਗਾਹਕਾਂ ਵਿਚ ਔਰਤਾਂ ਵੱਧ ਹੋਣ। ਕਿਤੇ ਇਕ ਅੱਧੀ ਲਾਈਨ ਕਿਸੇ ਅਖਬਾਰ ਵਿਚ ਲਿਖਣੀ ਐ, ਲਾਈਨਾਂ ਲੱਗ ਜਾਣਗੀਆਂ। ਪਰ ਹੁਣ ਬੋਲੀਂ ਨਾ, ਇੰਡੀਆ ਵਿਚ ਰੁਪਈਏ ਸੀ ਇਥੇ ਡਾਲਰ ਨੇ।”
ਮੈਂ ਕਿਹਾ, “ਮਿੱਤਰਾ ਦੱਸ ਤਾਂ ਦੇ ਤੂੰ ਹੈ ਕੌਣ?”
ਉਚੀ ਉਚੀ ਹੱਸਦਿਆਂ ਬੋਲਿਆ, “ਪਹਿਲਾਂ ਮੈਂ ਦੀਵਾਨ ਚੰਦ ਸੀ, ਫਿਰ ਰਾਧੇ ਸ਼ਿਆਮ ਤੇ ਹੁਣ ਅਮਰੀਕਾ ਆ ਕੇæææਬਣ ਗਿਆਂ।”
ਲੁੱਚੇ, ਬਦਮਾਸ਼ ਤੇ ਠਗ ਲਈ ਕਸ਼ਮੀਰ ਤੇ ਕੰਨਿਆ ਕੁਮਾਰੀ ਇੱਕੋ ਜਿਹੇ ਹੀ ਹੁੰਦੇ ਨੇ। ਇਨ੍ਹਾਂ ਨੂੰ ਪਤਾ ਹੁੰਦੈ ਕਿ ਲੋਕੀਂ ਜਾ ਕੇ ਜਿਥੇ ਮਰਜ਼ੀ ਵਸਣ, ਵਹਿਮਾਂ ਤੇ ਭਰਮਾਂ ਦੀ ਖਿਚੜੀ ਪਕਾਉਣ ਲਈ ਸਮਾਨ ਨਾਲ ਹੀ ਲੈ ਕੇ ਗਏ ਹੁੰਦੇ ਨੇ ਤੇ ਉਂਜ ਵੀ ਗਰੀਬ ਦੀ ਮੌਤ ਡਾਕਟਰ ਕੋਲ ਜਾ ਕੇ ਵੀ ਛੇਤੀ ਤਾਂ ਹੋ ਜਾਂਦੀ ਹੈ ਕਿ ਡਾਕਟਰ ਨੂੰ ਡਰ ਹੁੰਦਾ ਹੈ ਕਿ ਭੁਗਤਾਨ ਨਹੀਂ ਹੋਵੇਗਾ ਤੇ ਇਲਾਜ ਸ਼ੁਰੂ ਹੀ ਨਹੀਂ ਹੁੰਦਾ।

ਗੱਲ ਬਣੀ ਕਿ ਨਹੀਂ
ਐਸ ਅਸ਼ੋਕ ਭੌਰਾ।
ਭਜਨ ਸਿਹਾਂ ਹੋਰæææ!
ਤੂੰ ਪੁੱਛਦਾਂ ਏ ਕੀ ਕੀ ਹੋਇਆ?
ਹਰ ਕੋਈ ਧਾਹਾਂ ਮਾਰ ਕੇ ਰੋਇਆ,
ਲਹੂ ਬਣ ਬਣ ਅੱਥਰੂ ਚੋਇਆ,
ਦੁੱਖੜੇ ਦੱਸਾਂ ਖੋਲ੍ਹ,
ਭਜਨ ਸਿਹਾਂ ਹੋਰ ਨਾ ਵਰਕੇ ਫੋਲ।
ਅਮਰੀਕਾ ਵਾਲਾ ਗੰਜਾ ਭੋਲਾ।
ਉਹਦੇ ਸਿਰ ਵਿਚ ਵੱਜ ਗਿਆ ਠੋਲ੍ਹਾ।
ਬੇਗੀ ਨੂੰ ਢਾਹ ਗਿਆ ਏ ਗੋਲਾ।
ਭਾਈ ਨੇ ਦੱਬ ਲਈ ਪੈਲੀ ਸਾਰੀ,
ਬੇਈਮਾਨੀ ਦਾ ਪੈ ਗਿਆ ਫੋਲਾ।
ਤਾਹੀਓਂ ਲੋਕੀਂ ਕਹਿੰਦੇ,
ਦੁਨੀਆਂ ਪੈਸੇ ਵਰਗੀ ਗੋਲ।
ਭਜਨ ਸਿਹਾਂ ਹੋਰæææ।
ਰੱਤੋਂਵਾਲਾ ਸਾਧ ਹਰਾਮੀ।
ਤੀਵੀਂ ਲੈ ਗਿਆ ਕੱਢ ਕੇ ਸ਼ਾਮੀ।
ਲੀਡਰ ਜਿਹਦੀ ਭਰਦੇ ਹਾਮੀ।
ਸ਼ਹਿ ਦਿੰਦੇ ਸੀ ਪੂਰੀ ਤਾਹੀਓਂ,
ਸੀ ਜਿਨ੍ਹਾਂ ਲਈ ਮੋਟੀ ਸਾਮੀ।
ਬਿਨ ਡਗੇ ਤੋਂ ਵੱਜਦਾ ਵੇਖਿਆ
ਤੜਕੇ ਉਠ ਕੇ ਢੋਲ।
ਭਜਨ ਸਿਹਾਂ ਹੋਰæææ।

ਚਿੱਟਾ ਪੀਵੇ ਪੁੱਤ ਇਕੱਲਾ।
ਸਾਰਾ ਵੇਚ ਕੇ ਖਾ ਗਿਆ ਪੱਲਾ।
ਮੁੰਦਰੀ ਦਾ ਹੁਣ ਬਣ ਗਿਆ ਛੱਲਾ।
ਕੋਈ ਨੀਂ ਬਚਿਆ ਇਥੇ ਮਿੱਤਰਾ,
ਹਰ ਪਾਸੇ ਹੀ ਹੋ ਗਿਆ ਹੱਲਾ।
ਏਸ ਔਲਾਦ ਨੇ ਕੱਖਾਂ ਵਾਗੂੰ
ਮਾਪੇ ਦਿੱਤੇ ਰੋਲ।
ਭਜਨ ਸਿਹਾਂ ਹੋਰæææ।
ਆ ਗਈ ਰੁੱਤ ਵੋਟਾਂ ਦੀ ਅੜਿਆ।
ਇਹੋ ਸਭ ਨੂੰ ਤੇਈਆ ਚੜ੍ਹਿਆ।
ਸਾਰਾ ਸੇਬ ਪਿਆ ਹੈ ਸੜਿਆ।
ਚਿੱਟੀ ਤੇ ਕੋਈ ਨੀਲੀ ਪਾ ਕੇ,
ਕੋਈ ਪਹਿਨ ਕੇ ਟੋਪੀ ਅੜਿਆ।
ਆਪੇ ਕਰਕੇ ਫਾਇਰ ਸਿਤਮ ਦੇ,
ਚੁਗਦੇ Ḕਭੌਰੇ’ ਖੋਲ।
ਭਜਨ ਸਿੰਹਾਂ ਹੋਰæææ।