ਸਦਭਾਵਨਾ ਨੂੰ ਸੱਟ ਮਾਰੇ ਕੱਟੜਤਾ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਆਮ ਨਾਵਾਂ ਨਾਲੋਂ ਹਟ ਕੇ, ਅਜੀਬ ਜਿਹੇ ਨਾਂ ਵਾਲੇ ਸੱਜਣ ਨਾਲ ਫੇਸਬੁੱਕ ‘ਤੇ ਬਹਿਸ ਚੱਲ ਰਹੀ ਸੀ। ਮੇਰੀਆਂ ਆਸਤਿਕ ਦਲੀਲਾਂ ਨੂੰ ਉਹ ਨਾਸਤਿਕ ਵਿਚਾਰਾਂ ਦੀ ਤਿੱਖੀ ਕੈਂਚੀ ਨਾਲ ਕੱਟ ਰਿਹਾ ਸੀ। ਚੱਲਦੀ ਬਹਿਸ ਵਿਚ ਉਸ ਦੀ ਸੁਰ ਨਾਲ ਸੁਰ ਮਿਲਾਉਂਦਾ ਹੋਇਆ ਲਖਵਿੰਦਰ ‘ਤਰਕਸ਼ੀਲ’ ਨਾਂ ਦਾ ਇਕ ਹੋਰ ਸ਼ਖਸ ਵੀ ਆਪਣੇ ਵਿਚਾਰ ਲਿਖਣ ਲੱਗ ਪਿਆ।

‘ਹਮ ਕੋ ਹਮਾਰਾ ਖੂਬ, ਤੁਮ ਕੋ ਤੁਮਾਰਾ ਖੂਬ’ ਦੀ ਪਾਲਣਾ ਕਰਦਿਆਂ ਭਾਵੇਂ ਮੈਂ ਬਹਿਸ ਵਿਚ ਖੰਡਨ-ਮੰਡਨ ਕਰਨ ਤੋਂ ਗੁਰੇਜ਼ ਕਰ ਲਿਆ, ਪਰ ਲਖਵਿੰਦਰ ਦੇ ਕਈ ਵਜ਼ਨਦਾਰ ਨੁਕਤਿਆਂ ਤੋਂ ਮਹਿਸੂਸ ਹੋਇਆ ਕਿ ਇਹ ਭਰਾ ਆਪਣੇ ਨਾਂ ਪਿਛੇ ਐਵੇਂ ਨਹੀਂ ‘ਤਰਕਸ਼ੀਲ’ ਦਾ ਲੇਬਲ ਚਿਪਕਾਈ ਫਿਰਦਾ; ਸਗੋਂ ਇਹ ਵਾਕਿਆ ਹੀ ਪੜ੍ਹਿਆ-ਗੁੜਿਆ ਜਾਪਦਾ ਹੈ। ਅੱਗਾ-ਪਿੱਛਾ ਪੁੱਛਿਆ ਤਾਂ ਮੈਨੂੰ ਕੈਲੀਫੋਰਨੀਆ ਬੈਠੇ ਨੂੰ ਹੋਰ ਖੁਸ਼ੀ ਹੋਈ, ਕਿਉਂਕਿ ਇਹ ਨੌਜਵਾਨ ਮੇਰੇ ਇਲਾਕੇ ਦੇ ਪ੍ਰਸਿੱਧ ਕਸਬੇ ਰਾਹੋਂ ਦਾ ਵਸਨੀਕ ਨਿਕਲਿਆ।
ਫੋਨ ‘ਤੇ ਗੱਲਬਾਤ ਕਰਦਿਆਂ ਉਸ ਨੇ ਸੰਖੇਪ ਜਿਹਾ ਦੱਸਿਆ ਕਿ ਉਹਨੇ ਪਲੱਸ-2 ਕਰਨ ਮਗਰੋਂ ਵੈੱਬ-ਡਿਜ਼ਾਈਨਿੰਗ ਦਾ ਕੰਪਿਊਟਰ ਕੋਰਸ ਵੀ ਕੀਤਾ ਹੋਇਆ ਹੈ। ਚੇਤਨਾ ਜਗਾਉਣ ਵਾਲਾ ਅਗਾਂਹਵਧੂ ਸਾਹਿਤ ਪੜ੍ਹਨਾ ਉਹਦਾ ਪ੍ਰਥਮ ਸ਼ੌਕ ਹੈ। ਜਦ ਪੁੱਛਿਆ ਕਿ ਅੱਜ ਕੱਲ੍ਹ ਕੀ ਕਰਦੇ ਹੋ? ਤਾਂ ਉਸ ਨੇ ਬੇਝਿਜਕ ਦੱਸਿਆ ਕਿ ਉਹਦਾ ਬਾਪੂ ਰਾਹੋਂ ਦੇ ਬੱਸ ਅੱਡੇ ਵਿਚ ਜੁੱਤੀਆਂ ਗੰਢਣ ਦਾ ਕੰਮ ਕਰਦਾ ਹੁੰਦਾ ਸੀ, ਸੰਨ 1999 ਵਿਚ ਉਸ ਦੀ ਮੌਤ ਹੋ ਗਈ ਤਾਂ ਉਸੇ ਥਾਂ ਮੈਂ ਮੋਚੀ ਬਣ ਕੇ ਬਹਿ ਗਿਆ। ਇੰਜ ਘਰ ਦਾ ਰੋਟੀ-ਪਾਣੀ ਚਲਾ ਰਿਹਾ ਹਾਂ।
ਇਹ ਗੱਲ 2014 ਦੇ ਨਵੰਬਰ-ਦਸੰਬਰ ਦੀ ਹੈ, ਜਦੋਂ ਮੈਂ ਪੰਜਾਬ ਜਾਣ ਦਾ ਪ੍ਰੋਗਰਾਮ ਬਣਾ ਰਿਹਾ ਸਾਂ। ਮੈਂ ਉਸ ਨੂੰ ਇਹ ਜਾਣਕਾਰੀ ਦਿੱਤੀ ਤਾਂ ਉਸ ਨੇ ਖੁਸ਼ ਹੁੰਦਿਆਂ ਮੈਨੂੰ ਨਿਮਰਤਾ ਨਾਲ ਪੁੱਛਿਆ ਕਿ ਤੁਸੀਂ ਮੇਰੇ ਵਿਆਹ ‘ਤੇ ਆਉਣਾ ਪਸੰਦ ਕਰੋਗੇ ਜੋ ਜਨਵਰੀ-ਫਰਵਰੀ ਵਿਚ ਹੋਣਾ ਹੈ। ਮੈਂ ਵੀ ਪ੍ਰਸੰਨਤਾ ਜ਼ਾਹਿਰ ਕਰਦਿਆਂ ਉਸ ਨੂੰ ‘ਹਾਂ’ ਕਰ ਦਿੱਤੀ।
ਦਸੰਬਰ ਮਹੀਨੇ ਮੈਂ ਪਿੰਡ ਪਹੁੰਚ ਗਿਆ। ਉਸ ਦੇ ਵਿਆਹ ਤੋਂ ਕੁਝ ਹਫਤੇ ਪਹਿਲਾਂ ਹੀ ਬਿਨਾਂ ਅਗਾਊਂ ਸੂਚਿਤ ਕੀਤਿਆਂ ‘ਸਰਪ੍ਰਾਈਜ਼’ ਦੇਣ ਲਈ ਮੈਂ ਇਕ ਦੁਪਹਿਰ ਆਪਣਾ ਸਕੂਟਰ ਚੁੱਕਿਆ ਤੇ ਰਾਹੋਂ ਬੱਸ ਅੱਡੇ ਉਤੇ ਜਾ ਖੜ੍ਹਾ ਹੋਇਆ। ਫੇਸਬੁੱਕ ਉਤੇ ਫੋਟੋ ਦੇਖੀ ਹੋਣ ਕਰ ਕੇ ਅਸੀਂ ਦੋਹਾਂ ਨੇ ਇਕ-ਦੂਜੇ ਨੂੰ ਪਛਾਣ ਲਿਆ। ਹਥਲੇ ਬੂਟ ਨੂੰ ਟਾਂਕੇ ਲਾਉਣੇ ਛੱਡ ਕੇ ਉਹ ਮੇਰੇ ਸਤਿਕਾਰ ਵਜੋਂ ਇਕਦਮ ਹੱਥ ਜੋੜ ਕੇ ਖੜ੍ਹ ਗਿਆ। ਉਸ ਮੌਕੇ ਦਾ ਦ੍ਰਿਸ਼-ਚਿਤਰਨ ਉਸ ਦੇ ਆਪਣੇ ਹੀ ਸ਼ਬਦਾਂ ਵਿਚ ਬਿਆਨ ਕੀਤਾ ਹੋਇਆ ਪੜ੍ਹੋ ਜੋ ਉਸ ਨੇ ਫੇਸਬੁੱਕ ‘ਤੇ ਪੋਸਟ ਦੇ ਰੂਪ ਵਿਚ ਪਾਇਆ ਹੋਇਆ ਹੈ:
“æææ ਕੱਲ੍ਹ ਮੇਰੇ ਖੌਂਸੜੇ ਗੰਢਣ ਵਾਲੇ ‘ਦਫਤਰ’ ਵਿਚ æææ(ਮੇਰਾ ਨਾਂ) ਨੇ ਆਉਣ ਕੀਤਾ। ਸਾਡੀ ਕੋਈ ਰਿਸ਼ਤੇਦਾਰੀ ਨ੍ਹੀਂ, ਨਾ ਹੀ ਅਸੀਂ ਪਹਿਲਾਂ ਕਦੀ ਮਿਲੇ ਸੀ, ਸਿਰਫ ਅਖਬਾਰੀ ਲਿਖਤਾਂ ਤੇ ਫੇਸਬੁੱਕ ਰਾਹੀਂ ਹੀ ਸਾਂਝ ਸੀ ਸਾਡੀ, ਤੇ ਦੂਜਾ ਇਨਸਾਨੀਅਤ ਦਾ ਜਜ਼ਬਾ ਸੀ। ਮੇਰਾ ਉਨ੍ਹਾਂ ਨਾਲ ਫੇਸਬੁੱਕ ‘ਤੇ ਹੋਇਆ ਪਹਿਲਾ ਰਾਬਤਾ ਕੋਈ ਬਹੁਤਾ ਹਾਂ-ਪੱਖੀ ਨਹੀਂ ਸੀ, ਪਰ ਉਨ੍ਹਾਂ ਦੀਆਂ ਲਿਖਤਾਂ ਜੋ ਅਲੱਗ-ਅਲੱਗ ਅਖਬਾਰਾਂ ਵਿਚ ਛਪਦੀਆਂ ਰਹਿੰਦੀਆਂ ਨੇ, ਜੋ ਮੈਂ ਅਕਸਰ ਬੜੇ ਧਿਆਨ ਨਾਲ ਪੜ੍ਹਦਾ ਸੀ, ਤੇ ਹੁਣ ਵੀ ਬੜੀ ਰੀਝ ਨਾਲ ਪੜ੍ਹੀਦੀਆਂ ਨੇ, ਕਾਫੀ ਕੁਝ ਸਿੱਖਿਆ ਹੈ ਮੈਂ ਇਨ੍ਹਾਂ ਤੋਂ। ਇਨ੍ਹਾਂ ਨੂੰ ਮਿਲਣ ਦੀ ਤਮੰਨਾ ਵੀ ਸੀ, ਪਰ ਮੈਂ ਕਦੇ ਵੀ ਇਹ ਨਹੀਂ ਸੋਚਿਆ ਸੀ ਕਿ ਉਹ ਮੈਨੂੰ ਇਸ ਤਰ੍ਹਾਂ ਮਿਲਣ ਆਉਣਗੇ। ਇਸ ਤਰ੍ਹਾਂ ਕਦੇ ਮੇਰੇ ਅਖੌਤੀ ਆਪਣਿਆਂ ਨੇ ਨ੍ਹੀਂ ਗਲੇ ਲਗਾਇਆ, ਜਿਵੇਂ ਦੁਪਾਲਪੁਰੀ ਜੀ ਨੇ ਖੌਂਸੜੇ ਗੰਢਦੇ ਨੂੰ ਲਗਾਇਆ। ਨਹੀਂ ਤਾਂ ਬਹੁਤਿਆਂ ਨੂੰ ਸ਼ਰਮ ਮਹਿਸੂਸ ਹੋਣ ਲੱਗ ਪੈਂਦੀ ਏ ਮੇਰੇ ਵਰਗੇ ਕਿਰਤੀਆਂ ਕੋਲ ਖੜ੍ਹਨ ਲੱਗਿਆਂ! ਬਰੋਬਰ ਬਹਿ ਕੇ ਚਾਹ ਦੀ ਪਿਆਲੀ ਪੀਤੀ, ਤੇ ਹੋਰ ਦੁੱਖ ਦੀਆਂ, ਸੁੱਖ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਸਭ ਤੋਂ ਵੱਡੀ ਗੱਲ ਜੋ ਉਨ੍ਹਾਂ ਕੀਤੀ, ਉਹ ਮੇਰੇ ਦਿਲ ਵੀ ਨਹੀਂ ਸੀ- ਉਨ੍ਹਾਂ ਵੱਲੋਂ ਲਿਆਂਦਾ ਅਣਮੁੱਲਾ ਤੋਹਫਾ ਤੇ ਇਹ ਮਿਲਣੀ ਹਮੇਸ਼ਾ ਯਾਦ ਰਵੇਗੀ। ਅੰਤ ਵਿਚ ਮੈਂ ਸਲਾਮ ਕਰਦਾਂæææ ਜੀ ਨੂੰ।”
ਹਰ ਤਰ੍ਹਾਂ ਦੇ ਨਸ਼ੇ-ਪੱਤੇ ਤੋਂ ਰਹਿਤ ਲਖਵਿੰਦਰ ਨੂੰ ਜਦੋਂ ਮੈਂ ਗਲਵੱਕੜੀ ਪਾ ਕੇ ਮਿਲ ਰਿਹਾ ਸਾਂ ਤਾਂ ਪਿਛਿਉਂ ਲੁਧਿਆਣਾ ਤੋਂ ਨਵਾਂ ਸ਼ਹਿਰ ਆ ਰਹੀ ਬੱਸ ਲੰਘੀ ਜਿਸ ਵਿਚ ਸਫਰ ਕਰ ਰਹੇ ਸਾਡੇ ਪਿੰਡ ਦੇ ਕਿਸੇ ਸੱਜਣ ਅਤੇ ਉਸ ਦੀ ਘਰਵਾਲੀ ਨੇ ਮੈਨੂੰ ਦੇਖਿਆ ਹੋਵੇਗਾ। ਰਾਹੋਂ ਵਾਲੀ ਮਿਲਣੀ ਤੋਂ ਦੂਜੇ ਦਿਨ ਸ਼ਾਮ ਨੂੰ ਜਦ ਮੈਂ ਸੈਰ ਕਰਨ ਦਰਿਆ ਵੱਲ ਨਿਕਲਿਆ, ਤਾਂ ਰਾਹ ਵਿਚ ਉਹ ਅੰਮ੍ਰਿਤਧਾਰੀ ਸੱਜਣ ਮੇਰੇ ਨਾਲ ਬਹਿਸ ਕਰਨ ਲੱਗ ਪਿਆ; ਅਖੇ, ਇਕ ਸਿੱਖ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਨੂੰ ਅਜਿਹੇ ਬੰਦਿਆਂ ਨਾਲ ਮੇਲ-ਮਿਲਾਪ ਸ਼ੋਭਾ ਨਹੀਂ ਦਿੰਦਾ। ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਵਜੋਂ ਮੈਂ ਕਿਹਾ ਕਿ ਜੇ ਸਾਡਾ ਗੁਰੂ ਚਮੜੇ ਦਾ ਕੰਮ ਕਰਨ ਵਾਲੇ, ਕੱਪੜੇ ਬੁਣਨ ਜਾਂ ਰੰਗਣ ਤੇ ਕਸਾਈ ਦਾ ਕਿੱਤਾ ਕਰਨ ਵਾਲੇ ਕਿਰਤੀਆਂ ਨੂੰ ਆਪਣੇ ਬਰਾਬਰ ਬਹਾ ਕੇ ਉਨ੍ਹਾਂ ਦੀ ਲਿਖੀ ਹੋਈ ਬਾਣੀ ਨੂੰ ਪੂਜਣਯੋਗ ਬਣਾ ਸਕਦਾ ਹੈ ਤਾਂ ਉਸ ਗੁਰੂ ਦੇ ਪੈਰੋਕਾਰ ਹੁੰਦਿਆਂ ‘ਸਭ ਕੋ ਮੀਤ ਹਮ ਆਪਨ ਕੀਨਾ’ ਦੇ ਮਾਰਗ ‘ਤੇ ਕਿਉਂ ਨਾ ਤੁਰੀਏ? ਪਰ ਉਹ ਹੂੜ੍ਹਮਤੀਆ ਸੱਜਣ ਮੇਰੀਆਂ ਸਾਰੀਆਂ ਦਲੀਲਾਂ ‘ਤੇ ਕਾਟਾ ਫੇਰਦਿਆਂ ਇਹ ਢੁੱਚਰ ਡਾਹ ਕੇ ਤੁਰਦਾ ਬਣਿਆ- ‘ਗੁਰੂਆਂ ਦੀ ਰੀਸ ਅਸੀਂ ਥੋੜ੍ਹੀ ਕਰ ਸਕਦੇ ਆਂ?’
ਖੈਰ! ਲਖਵਿੰਦਰ ਨੇ ਫੋਨ ‘ਤੇ ਦੱਸਿਆ ਕਿ ਉਹਦੀ ਬਰਾਤ ਵਿਚ ਤਾਂ ਪੰਜ-ਸੱਤ ਕੁ ਬੰਦੇ ਹੀ ਜਾਣਗੇ, ਤੁਸੀਂ ਇਕ ਦਿਨ ਪਹਿਲਾਂ ਚਾਹ-ਪਾਣੀ ਛਕ ਜਾਇਓ ‘ਦਾਸ’ ਦੇ ਘਰੇ। ਕਈ ਰੁਝੇਵੇਂ ਹੋਣ ਦੇ ਬਾਵਜੂਦ ਮੈਂ ਵਿਆਹ ਤੋਂ ਇਕ ਦਿਨ ਪਹਿਲਾਂ ਉਸ ਦੇ ਘਰੇ ਗਿਆ। ਘਰ ਦੀ ਛੱਤ ਉਪਰ ਲੱਗੇ ਸ਼ਾਮਿਆਨੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਰਿਹਾ ਦੇਖ ਕੇ ਮੈਂ ਹੈਰਾਨ ਜਿਹਾ ਹੋਇਆ। ਮੈਨੂੰ ਪਤਾ ਸੀ ਕਿ ਤਰਕਸ਼ੀਲ ਹੋਣ ਦੇ ਨਾਤੇ ਲਖਵਿੰਦਰ ਦਾ ਰੱਬ ਜਾਂ ਧਰਮ ਵਿਚ ਕੋਈ ਵਿਸ਼ਵਾਸ ਨਹੀਂ ਹੈ। ਫਿਰ ਇਹ ਸਭ ਕਿਵੇਂ ਹੋ ਰਿਹਾ ਹੋਵੇਗਾ? ਪਰ ਉਦੋਂ ਮੈਂ ਹੋਰ ਹੈਰਾਨ ਹੋ ਗਿਆ, ਜਦ ਉਸ ਨੇ ਚਾਹ ਪਿਲਾਉਣ ਵੇਲੇ ਮੇਰੀਆਂ ਅੱਖਾਂ ਵਿਚ ਤੈਰ ਰਹੇ ਸਵਾਲ ਦਾ ਆਪੇ ਉੱਤਰ ਦਿੰਦਿਆਂ ਦੱਸਿਆ- “ਮੇਰੀ ਬੀਬੀ (ਮਾਂ) ਦੀ ਰੀਝ ਸੀ ਸੁਖਮਨੀ ਸਾਹਿਬ ਦਾ ਪਾਠ ਕਰਾਉਣ ਦੀ।” ਬਿਨਾਂ ਕਿਸੇ ਲੁਕ-ਲੁਕਾ ਜਾਂ ਲਿਫਾਫੇਬਾਜ਼ੀ ਦੇ ਉਹਦੇ ਮੂੰਹੋਂ ਸੱਚ ਸੁਣ ਕੇ ਮੈਂ ਉਸ ਤੋਂ ਹੋਰ ਪ੍ਰਭਾਵਿਤ ਹੋਇਆ।
ਅੱਧਾ ਕੁ ਘੰਟਾ ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਕੇ, ਆਪਣੇ ਘਰਦਿਆਂ ਵੱਲੋਂ ਭੇਜਿਆ ਨਿਕ-ਸੁਕ ਉਸ ਨੂੰ ਅਤੇ ਉਸ ਦੀ ਭੈਣ ਹੱਥ ਫੜਾਇਆ। ਥੋੜ੍ਹਾ ਚਿਰ ਹੋਰ ਹਾਜ਼ਰੀ ਭਰ ਕੇ ਮੈਂ ਉਥੋਂ ਕਿਸੇ ਹੋਰ ਪ੍ਰੋਗਰਾਮ ‘ਤੇ ਚਲਾ ਗਿਆ।
ਹੁਣ ਸੁਣੋ ਸਦਭਾਵਨਾ ਨੂੰ ਸਾੜਨ ਵਾਲੀ ਕੱਟੜਤਾ ਦਾ ਅਗਲਾ ਦਿਲਚਸਪ ਕਿੱਸਾ- ਸੱਤ ਦਸੰਬਰ 2015 ਵਾਲੇ ਦਿਨ ਲਖਵਿੰਦਰ ਨੇ ਮੈਨੂੰ ਫੋਨ ‘ਤੇ ਖੁਸ਼ਖਬਰੀ ਦਿੱਤੀ ਕਿ ਉਸ ਘਰ ਪੁੱਤਰ ਨੇ ਜਨਮ ਲਿਆ ਹੈ। ਵਧਾਈਆਂ ਦੇ ਆਦਾਨ-ਪ੍ਰਦਾਨ ਤੋਂ ਬਾਅਦ ਮੈਂ ਆਪਣੀ ਆਦਤ ਮੁਤਾਬਕ ਕਾਕੇ ਦਾ ਕੋਈ ਸੋਹਣਾ ਜਿਹਾ ਨਾਂ ਰੱਖਣ ਲਈ ਕਿਹਾ। ਖੁਸ਼ ਹੁੰਦਿਆਂ ਉਸ ਨੇ ਮੈਨੂੰ ਹੀ ਕੋਈ ਵਧੀਆ ਨਾਂ ਸੁਝਾਉਣ ਲਈ ਕਿਹਾ ਤੇ ਨਾਲੇ ਮਾਣ ਨਾਲ ਦੱਸਿਆ ਕਿ ਸਾਡੇ ਘਰ ਦੇ ਬਜ਼ੁਰਗ ਤਾਇਆ ਜੀ ਗੁਰੂ ਗ੍ਰੰਥ ਸਾਹਿਬ ਵਿਚੋਂ ਇਕ ਸ਼ਬਦ ਲੈ ਕੇ ਆਏ ਨੇ।
‘ਵਟਸਐਪ’ ਜ਼ਰੀਏ ਸ਼ਬਦ ਦੀਆਂ ਪਹਿਲੀਆਂ ਤੁਕਾਂ ਮੈਨੂੰ ਭੇਜ ਕੇ ਲਖਵਿੰਦਰ ਨੇ ਕਿਹਾ ਕਿ ‘ਪੱਪੇ’ ਅੱਖਰ ਤੋਂ ਸ਼ੁਰੂ ਹੁੰਦਾ ਕੋਈ ਪਾਪੂਲਰ ਜਿਹਾ ਨਾਂ ਲਿਖ ਭੇਜੋ। ‘ਪ੍ਰਦੀਪ-ਪ੍ਰਤੀਕ-ਪਰਮਜੀਤ’ ਵਗੈਰਾ ਕੁਝ ਨਾਂ ਲਿਖ ਕੇ ਉਸ ਨੂੰ ਭੇਜ ਦਿੱਤੇ, ਪਰ ਕੁਝ ਘੰਟਿਆਂ ਬਾਅਦ ਉਸ ਨੇ ਮੈਨੂੰ ਫੋਨ ‘ਤੇ ਦੱਸਿਆ ਕਿ ਸਾਡੇ ਤਾਇਆ ਜੀ ਨੇ ਲਿਖਾ-ਪੜ੍ਹੀ ਕਰਦਿਆਂ ਬਾਬੇ, ਤਾਏ, ਚਾਚੇ ਅਤੇ ਦਾਦੀ ਦੇ ਨਾਵਾਂ ਦਾ ਪਹਿਲਾ ਇਕ-ਇਕ ਅੱਖਰ ਲੈ ਕੇ ਨਾਲ ਜੋੜ ਲਿਆ, ਲਖਵਿੰਦਰ ਦਾ ਪਹਿਲਾ ਅੱਖਰ ‘ਲੱਲਾ’ æææ ਇੰਜ ਨਵ-ਜੰਮੇ ਬੱਚੇ ਦਾ ਨਾਂ ਰੱਖਿਆ ‘ਪ੍ਰਬਜੋਤ ਕਮਲ।’
ਇਹ ਸਾਰਾ ਵੇਰਵਾ ਸੁਣ ਕੇ ਮੈਂ ਵਿਸਮਾਦਿਤ ਹੋ ਉਠਿਆ। ਮੈਂ ਅਜਿਹਾ ਪਹਿਲੀ ਵਾਰ ਸੁਣਿਆ ਸੀ ਕਿ ਕਿਸੇ ਨਵ-ਜੰਮੇ ਬਾਲ ਦਾ ਨਾਂ ਪੁਰਖਿਆਂ ਦੇ ਨਾਵਾਂ ਵਿਚੋਂ ਅੱਖਰ ਚੁਣ-ਚੁਣ ਕੇ ਰੱਖਿਆ ਗਿਆ ਹੋਵੇ। ਇਹ ਗੱਲ ਵੀ ਨੋਟ ਕਰਨ ਵਾਲੀ ਸੀ ਕਿ ਧਾਰਮਿਕ ਰਹੁ-ਰੀਤਾਂ ਵਿਚ ਆਪਣਾ ਕੋਈ ਵਿਸ਼ਵਾਸ ਨਾ ਹੋਣ ਦੇ ਬਾਵਜੂਦ ਲਖਵਿੰਦਰ ਨੇ ਆਪਣੇ ਤਾਇਆ ਜੀ ਦਾ ਮਾਣ ਰੱਖਿਆ। ਪਰਿਵਾਰਕ ਸਦਭਾਵਨਾ ਕਾਇਮ ਰੱਖੀ ਅਤੇ ਆਪਣਾ ਕੋਈ ‘ਫਲਸਫਾ’ ਨਹੀਂ ਘੋਟਿਆ।
ਵੱਡੀ ਪ੍ਰਸੰਨਤਾ ਨਾਲ ਮੈਂ ਇਸ ਸਾਰੇ ਬਿਰਤਾਂਤ ਦੀ ਸੰਖੇਪ ਜਿਹੀ ਖਬਰ ਬਣਾ ਕੇ ‘ਲਖਵਿੰਦਰ ਤਰਕਸ਼ੀਲ ਨੂੰ ਵਧਾਈਆਂ’ ਦੀ ਸੁਰਖੀ ਹੇਠ ਦੇਸ਼-ਵਿਦੇਸ਼ ਦੀਆਂ ਕਈ ਅਖਬਾਰਾਂ ਵਿਚ ਛਪਵਾ ਦਿੱਤੀ। ਇਸ ਪ੍ਰਚਾਰ ਪਿਛੇ ਮੇਰੀ ਭਾਵਨਾ ਇਹੀ ਸੀ ਕਿ ਅਜੋਕੇ ਯੁਗ ਵਿਚ ਜਦੋਂ ਕਈ ਅਮੀਰਜ਼ਾਦੇ ਆਪਣੇ ਮਾਪਿਆਂ ਦਾ ਤ੍ਰਿਸਕਾਰ ਕਰਦੇ ਨੇ ਤੇ ਉਨ੍ਹਾਂ ਨੂੰ ਬੁਢਾਪਾ ਰੋਲਣ ਲਈ ਬਿਰਧ ਆਸ਼ਰਮਾਂ ਵਿਚ ਧੱਕ ਰਹੇ ਹਨ, ਤਾਂ ਅਜਿਹੇ ਨਿਰਦਈ ਦੌਰ ਵਿਚ ਇਕ ਗਰੀਬ ਨੌਜਵਾਨ ਦੀ ਕਹਾਣੀ ਦਾ ਵੀ ਲੋਕਾਂ ਨੂੰ ਪਤਾ ਲੱਗੇ, ਜੋ ਇਸ ਕਦਰ ਵਡਿੱਕਿਆਂ ਦਾ ਮਾਣ-ਸਨਮਾਨ ਕਰਦਾ ਹੈ!
ਜਲੰਧਰੋਂ ਛਪਦੀ ਇਕ ਅਖਬਾਰ ਵਿਚ ਇਹ ਖਬਰ ਦੇਖ ਕੇ ਲਖਵਿੰਦਰ ਤੇ ਉਸ ਦਾ ਪਰਿਵਾਰ ਬਹੁਤ ਖੁਸ਼ ਹੋਏ। ਉਸ ਨੇ ਬੜੇ ਭਾਵ-ਪੂਰਤ ਸ਼ਬਦਾਂ ਵਿਚ ਮੇਰਾ ਧੰਨਵਾਦ ਵੀ ਕੀਤਾ, ਪਰ ਇਸ ਧੰਨਵਾਦੀ ਸੁਨੇਹੇ ਤੋਂ ਥੋੜ੍ਹਾ ਚਿਰ ਬਾਅਦ ਹੀ ਉਹਦਾ ਮੈਨੂੰ ਧੁੜਕੂ ਲਾਉਂਦਾ ਸੁਨੇਹਾ ਆ ਗਿਆ; ਅਖੇ, ਭਾਅ ਜੀ ਇਕ ਹੋਰ ਹੀ ਪੰਗਾ ਪੈ ਗਿਐ! ਕਈ ਤਰਕਸ਼ੀਲ ਦੋਸਤ ਨਾਰਾਜ਼ ਹੋ ਗਏ ਨੇæææ ਉਹ ਕਹਿੰਦੇ ਕਿ ਤੂੰ ਨਾਂ ਰੱਖਣ ਲਈ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਿਉਂ ਵਰਤਿਆ?æææ ਕੋਈ ਉਸ ਨੂੰ ਕਹਿ ਰਿਹਾ ਸੀ ਕਿ ਤੂੰ ਖਬਰ ਦੀ ਤਰਦੀਦ ਕਰ।æææ ਕੋਈ ਤਰਕਸ਼ੀਲ ਲਹਿਰ ਤੋਂ ਅਲਹਿਦਾ ਹੋ ਜਾਣ ਦੇ ਆਦੇਸ਼ ਦੇਣ ਡਿਹਾ ਸੀ।
ਸੁਣ ਕੇ ਮੈਂ ਮੱਥਾ ਫੜ ਕੇ ਬਹਿ ਗਿਆ। ਵਾਹ!! ਹੁਣ ਤੱਕ ਧਾਰਮਿਕ ਲੋਕਾਂ ਦੀ ਕੱਟੜਤਾ ਬਾਰੇ ਸੁਣਿਆ ਸੀ, ਪਰ ਆਹ ਸਾਡੇ ਨਾਸਤਿਕ ਭਰਾਵਾਂ ਦੀ ਕੱਟੜਤਾ, ਧਰਮੀਆਂ ਨਾਲੋਂ ਵੀ ਕਿਤੇ ਵੱਧ ਦੇਖੀ। ਲਖਵਿੰਦਰ ਨੂੰ ਧਰਵਾਸ ਦਿੰਦਿਆਂ ਮੈਂ ਕਿਹਾ ਕਿ ਜਿਹੜੇ ‘ਦੁਖੀ ਤਰਕਸ਼ੀਲ’ ਤੈਨੂੰ ਫੋਨ ਕਰ ਰਹੇ ਨੇ, ਉਨ੍ਹਾਂ ਨੂੰ ਮੇਰਾ ਫੋਨ ਨੰਬਰ ਦੇਈ ਜਾਹ। ਇਸ ਮਾਮਲੇ ਬਾਰੇ ਮੈਂ ਤਰਕਸ਼ੀਲ ਲਹਿਰ ਦੇ ਪੁਰਾਣੇ ਪ੍ਰਚਾਰਕ ਮੇਘ ਰਾਜ ਮਿੱਤਰ ਨੂੰ ਫੋਨ ਮਿਲਾਇਆ। ਉਨ੍ਹਾਂ ਬੜੀ ਸੁਹਿਰਦਤਾ ਨਾਲ ਜਵਾਬ ਦਿੱਤਾ ਕਿ ਇਹ ਕੋਈ ਐਡਾ ਗੰਭੀਰ ਮਸਲਾ ਨਹੀਂ; ਨਾਲੇ ਤਰਕਸ਼ੀਲਤਾ ਤਾਂ ਵਿਗਿਆਨਕ ਸੋਚ ਹੈ। ਇਹ ਕੋਈ ਸਿਆਸੀ ਪਾਰਟੀ ਨਹੀਂ ਜੋ ਕਿਸੇ ਨੂੰ ਕਿਹਾ ਜਾਵੇ ਕਿ ਫਲਾਣਿਆਂ, ਤੂੰ ਇਸ ਤੋਂ ਬਾਹਰ ਹੋ ਜਾ।
ਸ੍ਰੀ ਮੇਘ ਰਾਜ ਮਿੱਤਰ ਨੂੰ ਮੈਂ ਤਰਕਸ਼ੀਲ ਜਥੇਬੰਦੀ ਦਾ ਸਰਵੇ-ਸਰਵਾ ਸਮਝਦਾ ਸਾਂ, ਪਰ ਜਦੋਂ ਮੈਂ ਉਨ੍ਹਾਂ ਨਾਲ ਹੋਈ ਸਾਰੀ ਗੱਲ ਬਾਰੇ ਲਖਵਿੰਦਰ ਨੂੰ ਜਾਣਕਾਰੀ ਦਿੱਤੀ ਤਾਂ ਉਸ ਤੋਂ ਪਤਾ ਲੱਗਾ ਕਿ ਇਹ ਲੋਕ ਵੀ ਸਿਆਸੀ ਦਲਾਂ ਵਾਂਗ ਦੋਫਾੜ ਹੋਏ ਪਏ ਨੇ। ਉਹ ਦੱਸ ਰਿਹਾ ਸੀ ਕਿ ਮੇਘ ਰਾਜ ਹੁਰਾਂ ਵਾਲੇ ਤਰਕਸ਼ੀਲ ਹੋਰ ਨੇ; ਜਿਹੜੇ ਉਹਦੇ ਮਗਰ ਪਏ ਹੋਏ ਨੇ, ਇਹ ਅਲੱਗ ਹਨ।
ਸਦਭਾਵਨਾ ਵਿਚਾਰੀ ਕਿਵੇਂ ਵਧੇ-ਫੁੱਲੇ ਜਦ ਉਸ ਨੂੰ ਕੱਟੜਤਾ ਹੀ ਸਾੜੀ-ਫੂਕੀ ਜਾਂਦੀ ਹੈ!