ਕਸ਼ਮੀਰ ਯਾਤਰਾ: ਇਕ ਯਾਦ

ਬਲਰਾਜ ਸਾਹਨੀ (ਪਹਿਲੀ ਮਈ 1913-13 ਅਪਰੈਲ 1973) ਨੇ ਬਤੌਰ ਅਦਾਕਾਰ, ਹਿੰਦੀ ਫਿਲਮ ਜਗਤ ਵਿਚ ਨਾਮਣਾ ਖੱਟਿਆ। ਇਸ ਦੇ ਨਾਲ-ਨਾਲ ਉਨ੍ਹਾਂ ਪੰਜਾਬੀ ਵਾਰਤਕ ਰਚਨਾ ਨੂੰ ਵੀ ਮਾਲਾਮਾਲ ਕੀਤਾ। ਉਨ੍ਹਾਂ ਦਾ ਲਿਖਿਆ ‘ਮੇਰਾ ਪਾਕਿਸਤਾਨੀ ਸਫਰਨਾਮਾ’ ਭਲਾ ਕਿਸ ਨੂੰ ਭੁੱਲ ਸਕਦਾ ਹੈ! ਇਸੇ ਤਰ੍ਹਾਂ ‘ਮੇਰਾ ਰੂਸੀ ਸਫਰਨਾਮਾ’ ਵਿਚ ਉਸ ਨੇ ਜ਼ੋਰ-ਏ-ਕਲਮ ਦਿਖਾਇਆ।

‘ਮੇਰੀ ਫਿਲਮੀ ਆਤਮਕਥਾ’, ‘ਗੈਰ ਜਜ਼ਬਾਤੀ ਡਾਇਰੀ’, ‘ਕਾਮੇ’, ‘ਇਕ ਸਫਰ ਇਕ ਦਾਸਤਾਂ’ ਆਦਿ ਕਿਤਾਬਾਂ ਉਨ੍ਹਾਂ ਪੰਜਾਬੀ ਸਾਹਿਤ ਜਗਤ ਨੂੰ ਦਿੱਤੀਆਂ। ਇਸ ਵਾਰ ਅਸੀਂ ਉਨ੍ਹਾਂ ਦੀ ਕਸ਼ਮੀਰ ਯਾਦ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਸ ਰਚਨਾ ਵਿਚਲਾ ਬਿਰਤਾਂਤ ਆਜ਼ਾਦੀ ਤੋਂ ਪਹਿਲਾਂ ਦਾ ਹੈ ਅਤੇ ਇਹ ਰਚਨਾ ਆਜ਼ਾਦੀ ਤੋਂ ਵੀਹ ਸਾਲ ਬਾਅਦ ਦੀ ਹੈ, ਪਰ ਇਸ ਵਿਚ ਜ਼ਾਹਿਰ ਕੀਤੇ ਖਦਸ਼ੇ ਅੱਜ ਵੀ ਜਿਉਂ ਦੇ ਤਿਉਂ ਹਨ। -ਸੰਪਾਦਕ

ਬਲਰਾਜ ਸਾਹਨੀ
ਚਾਲੀ ਸਾਲ ਪਹਿਲਾਂ ਦੀ ਗੱਲ ਹੈ, ਮੈਂ ਆਪਣੇ ਮਾਤਾ-ਪਿਤਾ ਤੇ ਭਰਾ-ਭੈਣਾਂ ਨਾਲ ਰਾਵਲਪਿੰਡੀ ਤੋਂ ਕਸ਼ਮੀਰ ਜਾ ਰਿਹਾ ਸਾਂ। ਸਿਆਲ ਦੀ ਰੁੱਤ ਰਾਵਲਪਿੰਡੀ ਵਿਚ ਅਤੇ ਹੁਨਾਲ ਦੀ ਰੁੱਤ ਕਸ਼ਮੀਰ ਵਿਚ ਬਿਤਾਉਣੀ ਸਾਡੇ ਪਰਿਵਾਰ ਦਾ ਦਸਤੂਰ ਸੀ। ਦੋਹੀਂ ਥਾਈਂ ਸਾਡੇ ਆਪਣੇ ਘਰ ਸਨ ਤੇ ਦੋਹੀਂ ਥਾਈਂ ਪਿਤਾ ਜੀ ਦਾ ਕਾਰੋਬਾਰ ਸੀ।
ਕਿਹੋ ਜਿਹੀ ਹੈਰਾਨੀ ਭਰੀ ਤਬਦੀਲੀ ਵਿਚੋਂ ਲੰਘਿਆ ਹੈ ਜ਼ਮਾਨਾ ਵੀ। ਰਾਵਲਪਿੰਡੀ, ਮੇਰੀ ਮਾਤ ਭੂਮੀ, ਹੁਣ ਪਰਾਏ ਮੁਲਕ ਦੀ ਰਾਜਧਾਨੀ ਬਣ ਚੁੱਕੀ ਹੈ। ਤੇ ਹੁਣ ਜਦ ਮੈਂ ਸ੍ਰੀਨਗਰ ਤੋਂ ਹਵਾਈ ਜਹਾਜ਼ ਵਿਚ ਬੈਠ ਕੇ ਲਗਭਗ ਚਾਰ ਘੰਟਿਆਂ ਵਿਚ ਬੰਬਈ ਪਹੁੰਚ ਜਾਂਦਾ ਹਾਂ, ਤਾਂ ਉਸ ਜ਼ਮਾਨੇ ਨੂੰ ਯਾਦ ਕਰ ਕੇ ਅਚੰਭਾ ਹੁੰਦਾ ਹੈ, ਜਦ ਸ੍ਰੀਨਗਰ ਤੋਂ ਰਾਵਲਪਿੰਡੀ ਤੱਕ ਦਾ ਡੇਢ-ਪੌਣੇ ਦੋ ਸੌ ਮੀਲ ਦਾ ਫਾਸਲਾ ਤੈਅ ਕਰਨ ਵਿਚ ਕਈ-ਕਈ ਦਿਨ ਲੱਗ ਜਾਂਦੇ ਸਨ।
ਹਾਂ, ਇਹ ਚਾਲੀ ਸਾਲ ਪਹਿਲਾਂ ਦੀ ਗੱਲ ਹੈ, ਜਦ ਮੈਂ ਲਾਹੌਰ ਬੀæਏæ ਵਿਚ ਪੜ੍ਹਦਾ ਸਾਂ। ਗਰਮੀ ਦੀਆਂ ਛੁੱਟੀਆਂ ਹੋਈਆਂ, ਤਾਂ ਮੈਂ ਪਹਿਲਾਂ ਰਾਵਲਪਿੰਡੀ ਗਿਆ ਤੇ ਉਥੋਂ ਪਰਿਵਾਰ ਨਾਲ ਕਸ਼ਮੀਰ ਲਈ ਰਵਾਨਾ ਹੋਇਆ। ਅਸੀਂ ਬੱਸ ਵਿਚ ਅਗਲੀਆਂ ਸੀਟਾਂ ‘ਤੇ ਬੈਠੇ ਹੋਏ ਸਾਂ ਤੇ ਪਿਛਲੀਆਂ ਸੀਟਾਂ ‘ਤੇ ਡਰਾਈਵਰ ਨੇ ਸਾਮਾਨ ਰੱਖਿਆ ਹੋਇਆ ਸੀ। ਸਫਰ ਵਿਚ ਇਕ ਰਾਤ ਲਈ ਕਿਤੇ ਪੜਾਅ ਕਰਨਾ ਪੈਂਦਾ ਸੀ। ਇਸ ਵਾਰ ਦੁਮੇਲ ਪਹੁੰਚ ਕੇ ਪੜਾਅ ਕੀਤਾ। ਉਸ ਥਾਂ ਨੂੰ ਮੁਜ਼ੱਫਰਾਬਾਦ ਵੀ ਕਹਿੰਦੇ ਹਨ। ਉਥੇ ਮੇਰੇ ਫੁੱਫੜ ਜੀ ਰਿਆਸਤੀ ਪੁਲਿਸ ਵਿਚ ਥਾਣੇਦਾਰ ਲੱਗੇ ਹੋਏ ਸਨ। ਅਸੀਂ ਉਨ੍ਹਾਂ ਦੇ ਘਰ ਜਾ ਕੇ ਠਹਿਰੇ। ਖਾਣਾ ਖਾਣ ਪਿਛੋਂ ਅਸੀਂ ਬਿਸਤਰਿਆਂ ‘ਤੇ ਲੰਮੇ ਪਏ ਤਾਂ ਮੋਹਲੇਧਾਰ ਮੀਂਹ ਵਰ੍ਹਨ ਲੱਗਾ। ਰਾਤ ਭਰ ਮੀਂਹ ਵਰ੍ਹਦਾ ਰਿਹਾ। ਸਵੇਰ ਹੋਣ ‘ਤੇ ਵੀ ਬੰਦ ਨਾ ਹੋਇਆ। ਫੁੱਫੜ ਜੀ ਨੇ ਰਾਏ ਦਿੱਤੀ ਕਿ ਅਜਿਹੇ ਮੌਸਮ ਵਿਚ ਅਸੀਂ ਅੱਗੇ ਨਾ ਜਾਈਏ, ਕਿਤੇ ਕੋਈ ਦੁਰਘਟਨਾ ਨਾ ਹੋ ਜਾਵੇ, ਪਰ ਬੱਸ ਦਾ ਡਰਾਇਵਰ ਉਥੇ ਰੁਕਣ ਲਈ ਤਿਆਰ ਨਹੀਂ ਸੀ। ਉਸ ਨੂੰ ਯਕੀਨ ਸੀ ਕਿ ਦੋ-ਤਿੰਨ ਘੰਟਿਆਂ ਵਿਚ, ਕੱਚੇ ਪਹਾੜੀ ਰਾਹ ਤੋਂ ਹੋ ਕੇ ਉੜੀ ਪਹੁੰਚ ਜਾਵਾਂਗੇ। ਜੇ ਰੁਕੇ ਰਹੇ ਤਾਂ ਕੀ ਪਤਾ ਮਗਰੋਂ ਅੱਗੇ ਜਾ ਹੀ ਨਾ ਸਕੀਏ।
ਕਿਸੇ ਹੱਦ ਤੱਕ ਉਸ ਦਾ ਅੰਦਾਜ਼ਾ ਠੀਕ ਸਾਬਤ ਹੋਇਆ ਤੇ ਕਿਸੇ ਹੱਦ ਤੱਕ ਮੇਰੇ ਫੁੱਫੜ ਜੀ ਦਾ। ਚਿਨਾਰੀ ਤੱਕ ਅਸੀਂ ਬੜੇ ਆਰਾਮ ਨਾਲ ਗਏ। ਉਥੋਂ ਉੜੀ ਤੱਕ ਦਾ ਫਾਸਲਾ ਲਗਭਗ ਅਠਾਰਾਂ ਮੀਲ ਸੀ। ਮੀਂਹ ਲਗਾਤਾਰ ਵਰ੍ਹੀ ਜਾ ਰਿਹਾ ਸੀ, ਪਰ ਅਸੀਂ ਨਿਸਚਿੰਤ ਜਾਂਦੇ ਸੋਚ ਰਹੇ ਸਾਂ ਕਿ ਅਗਾਂਹ ਦਾ ਸਫ਼ਰ ਵੀ ਇਸੇ ਤਰ੍ਹਾਂ ਬਿਨਾ ਕਿਸੇ ਰੁਕਾਵਟ ਦੇ ਤੈਅ ਹੋ ਜਾਏਗਾ। ਕੁਝ ਅੱਗੇ ਜਾਣ ‘ਤੇ ਅਸੀਂ ਇਕ ਸੜਕ ਉਤੇ ਬਹੁਤ ਸਾਰੀਆਂ ਬੱਸਾਂ ਵੇਖੀਆਂ ਜੋ ਰੁਕੀਆਂ ਖੜ੍ਹੀਆਂ ਸਨ। ਨੇੜੇ ਪਹੁੰਚੇ ਤਾਂ ਫੁੱਫੜ ਜੀ ਦੀ ਭਵਿੱਖਬਾਣੀ ਸੱਚ ਹੁੰਦੀ ਪ੍ਰਤੀਤ ਹੋਈ। ਪਹਾੜ ਦਾ ਇਕ ਹਿੱਸਾ ਟੁੱਟ ਕੇ ਥੱਲੇ ਬਿਫ਼ਰੇ ਹੋਏ ਜਿਹਲਮ ਦਰਿਆ ਵਿਚ ਡਿਗ ਪਿਆ ਸੀ। ਚੰਗੇ ਭਾਗਾਂ ਨੂੰ ਉਸ ਵੇਲੇ ਕੋਈ ਬੱਸ ਉਥੇ ਸੜਕ ਉਤੇ ਨਹੀਂ ਸੀ। ਸਾਡਾ ਡਰਾਈਵਰ ਅਕਲਮੰਦ ਸੀ। ਇਸ ਤੋਂ ਪਹਿਲਾਂ ਕਿ ਪਿਛੋਂ ਆਉਣ ਵਾਲੀਆਂ ਬੱਸਾਂ ਸਾਡਾ ਰਾਹ ਰੋਕਦੀਆਂ, ਉਹ ਬੱਸ ਨੂੰ ਮੋੜ ਕੇ ਵਾਪਸ ਦੁਮੇਲ ਵੱਲ ਰਵਾਨਾ ਹੋ ਗਿਆ। ਉਸ ਦਾ ਖਿਆਲ ਸੀ ਕਿ ਸੜਕ ਮੁਰੰਮਤ ਹੋਣ ਵਿਚ ਛੇ-ਸੱਤ ਦਿਨ ਜ਼ਰੂਰ ਲੱਗ ਜਾਣਗੇ। ਜਦ ਅਸੀਂ ਚਿਨਾਰੀ ਪਹੁੰਚੇ, ਤਾਂ ਪਤਾ ਲੱਗਾ ਕਿ ਅੱਗੇ ਪਹਾੜ ਦਾ ਇਕ ਹੋਰ ਹਿੱਸਾ ਟੁੱਟ ਕੇ ਡਿਗ ਪਿਆ ਹੈ। ਹੁਣ ਦੁਮੇਲ ਦਾ ਰਾਹ ਬੰਦ ਹੋ ਗਿਆ ਸੀ। ਸਾਨੂੰ ਮਜਬੂਰ ਹੋ ਕੇ ਚਿਨਾਰੀ ਵਿਚ ਹੀ ਰੁਕਣਾ ਪਿਆ।
ਚਿਨਾਰੀ ਪਿੰਡ ਵਿਚ ਲਗਭਗ ਇਕ ਸੌ ਘਰ ਸਨ-ਵਧੇਰੇ ਕਰ ਕੇ ਸੜਕ ਦੇ ਦੋਹੀਂ ਪਾਸੀਂ ਬਣੇ ਹੋਏ ਕੱਚੇ ਮਕਾਨ। ਸਾਨੂੰ ਉਹੋ ਮਕਾਨ ਰਹਿਣ ਲਈ ਮਿਲ ਗਿਆ। ਕੱਚਾ ਹੋਣ ਦੇ ਬਾਵਜੂਦ ਉਹ ਬੜਾ ਰੁਮਾਂਟਿਕ ਸੀ। ਉਸ ਦੀ ਹੇਠਲੀ ਮੰਜ਼ਿਲ ‘ਤੇ ਉਸ ਦੇ ਮਾਲਕ ਦਾ ਢਾਬਾ ਸੀ। ਡਰਾਈਵਰ ਤੇ ਮੁਸਾਫ਼ਿਰ ਉਸ ਢਾਬੇ ਦਾ ਖਾਣਾ ਬਹੁਤ ਪਸੰਦ ਕਰਦੇ ਸਨ।
ਮਕਾਨ ਦੀ ਉਪਰਲੀ ਮੰਜ਼ਿਲ ‘ਤੇ ਨਾਲ-ਨਾਲ ਦੋ ਕਮਰੇ ਸਨ ਤੇ ਦੋਹਾਂ ਦੇ ਅੱਗੇ ਤੇ ਪਿਛੇ ਵਰਾਂਡਾ ਸੀ। ਅੱਗੇ ਦਾ ਵਰਾਂਡਾ ਸੜਕ ਵੱਲ ਖੁੱਲ੍ਹਦਾ ਸੀ, ਤੇ ਪਿਛਲੇ ਵਰਾਂਡੇ ਵਿਚ ਖੜ੍ਹੋ ਕੇ ਪਹਾੜਾਂ, ਧਾਨ ਦੇ ਖੇਤਾਂ ਅਤੇ ਲਹਿਰਾਉਂਦੇ ਹੋਏ ਜਿਹਲਮ ਦਰਿਆ ਨੂੰ ਵੇਖਿਆ ਜਾ ਸਕਦਾ ਸੀ। ਇਕ ਕਮਰੇ ਵਿਚ ਢਾਬੇ ਵਾਲਾ ਆਪਣੀ ਜਵਾਨ ਤੇ ਚੰਚਲ ਪਤਨੀ ਨਾਲ ਰਹਿੰਦਾ ਸੀ। ਦੂਜਾ ਕਮਰਾ ਉਸ ਨੇ ਸਾਨੂੰ ਦੇ ਦਿੱਤਾ। ਅਸੀਂ ਜਿਵੇਂ-ਕਿਵੇਂ ਕਰ ਕੇ ਉਥੇ ਦਿਨ ਕੱਟਣ ਲੱਗੇ।
ਇਸ ਤਰ੍ਹਾਂ ਅਚਾਨਕ ਰੁਕਣ ਅਤੇ ਪੜਾਅ ਕਰਨ ਦਾ ਆਪਣਾ ਖਾਸ ਮਜ਼ਾ ਸੀ। ਢਾਬੇ ਵਾਲੇ ਦੀ ਪਤਨੀ ਚੋਰੀ-ਚੋਰੀ ਮੇਰੇ ਨਾਲ ਅੱਖਾਂ ਚਾਰ ਕਰਨ ਲੱਗੀ। ਵੇਖਣ ਨੂੰ ਉਹ ਬਹੁਤ ਸੁਹਣੀ ਨਹੀਂ ਸੀ, ਪਰ ਪੇਂਡੂ ਲਿਬਾਸ ਵਿਚ ਉਸ ਦੇ ਅੰਗਾਂ ਦੀ ਸੁਡੌਲਤਾ ਗਜ਼ਬ ਢਾਉਂਦੀ ਸੀ। ਉਸ ਦਾ ਅਧਖੜ ਉਮਰ ਦਾ ਪਤੀ ਦਿਨ ਭਰ ਢਾਬੇ ‘ਤੇ ਰੋਟੀਆਂ ਬਣਾਉਂਦਾ ਤੇ ਕਦੇ ਕਦਾਈਂ ਹੀ ਕਮਰ ਸਿੱਧੀ ਕਰਨ ਲਈ ਕੁਝ ਚਿਰ ਲਈ ਉਪਰ ਆਉਂਦਾ। ਮੈਂ ਪਿਛਲੇ ਵਰਾਂਡੇ ਵਿਚ ਮੰਜਾ ਡਾਹ ਕੇ ਦਿਨ ਭਰ ਕਿਤਾਬਾਂ ਪੜ੍ਹਨਾ ਆਪਣਾ ਸ਼ੁਗਲ ਬਣਾ ਲਿਆ ਸੀ। ਇਸ ਦਾ ਇਕ ਕਾਰਨ ਇਹ ਵੀ ਸੀ ਕਿ ਉਥ ਲੰਮਿਆਂ ਪੈ ਕੇ ਮੈਂ ਸੌਖੀ ਤਰ੍ਹਾਂ ਦੂਜੇ ਕਮਰੇ ਵਿਚ ਝਾਕ ਸਕਦਾ ਸਾਂ। ਢਾਬੇ ਵਾਲੇ ਦੀ ਪਤਨੀ ਇਸ ਗੱਲ ਨੂੰ ਜਾਣਦੀ ਸੀ ਤੇ ਆਪਣੀਆਂ ਚੰਚਲ ਅਦਾਵਾਂ ਨਾਲ ਮੇਰੇ ਉਤੇ ਬਿਜਲੀਆਂ ਸੁੱਟਦੀ ਰਹਿੰਦੀ ਸੀ, ਪਰ ਮੈਂ ਬੇਹੱਦ ਡਰਾਕਲ ਤੇ ਨਾ-ਤਜਰਬੇਕਾਰ ਹੋਣ ਕਰ ਕੇ ਉਸ ਜਾਦੂ ਭਰੇ ਰੁਮਾਂਸ ਨੂੰ ਅੱਖਾਂ ਸੇਕਣ ਦੀ ਹੱਦ ਤੋਂ ਅੱਗੇ ਨਾ ਲੈ ਜਾ ਸਕਿਆ। ਅਜੀਬ ਗੱਲ ਹੈ ਕਿ ਉਹ ਨਾਕਾਮ ਹਸਰਤ ਅੱਜ ਵੀ ਮੇਰੇ ਦਿਲ ਵਿਚ ਤਿੱਖੀ ਚੀਸ ਪੈਦਾ ਕਰਦੀ ਹੈ। ਮੈਂ ਅੱਜ ਵੀ ਕਦੇ-ਕਦੇ ਆਪਣੇ-ਆਪ ਨੂੰ ਕੋਸਣ ਲਗਦਾ ਹਾਂ ਕਿ ਮੈਂ ਤਦ ਹਿੰਮਤ ਤੋਂ ਕੰਮ ਕਿਉਂ ਨਾ ਲਿਆ! ਉਸ ਪੇਂਡੂ ਮੁਟਿਆਰ ਦੀਆਂ ਨਿਡਰ, ਮਨਮੋਹਣੀਆਂ ਤੇ ਮਾਸੂਮ ਅਦਾਵਾਂ ਨੂੰ ਮੈਂ ਭੁਲਾ ਨਹੀਂ ਸਕਦਾ ਤੇ ਰਹਿ-ਰਹਿ ਕੇ ਸੋਚਣ ਲੱਗਦਾ ਹਾਂ ਕਿ ਕੀ ਉਹ ਅੱਜ ਵੀ ਜਿਉਂਦੀ ਹੋਵੇਗੀ? ਤੇ ਕਿਥੇ ਹੋਵੇਗੀ? ਮੁਲਕ ਦੀ ਵੰਡ ਵੇਲੇ ਜੋ ਕਤਲੇਆਮ ਹੋਇਆ ਸੀ, ਉਸ ਵਿਚ ਉਸ ਵਿਚਾਰੀ ਦਾ ਕੀ ਬਣਿਆ ਹੋਵੇਗਾ?
ਸੜਕ ਦਾ ਟੁੱਟਾ ਹੋਇਆ ਪਿਛਲਾ ਹਿੱਸਾ ਛੇਤੀ ਹੀ ਠੀਕ ਹੋ ਗਿਆ ਤੇ ਕਈ ਹੋਰ ਬੱਸਾਂ ਚਿਨਾਰੀ ਆ ਕੇ ਜਮ੍ਹਾਂ ਹੋ ਗਈਆਂ। ਅਗਲੇ ਟੁੱਟੇ ਹੋਏ ਹਿੱਸੇ ਦੀ ਮੁਰੰਮਤ ਪੀæਡਬਲਯੂæਡੀæ ਦੇ ਓਵਰਸੀਅਰ ਦੀ ਨਿਗਰਾਨੀ ਵਿਚ ਦਿਨ-ਰਾਤ ਹੋ ਰਹੀ ਸੀ। ਛੇ ਦਿਨ ਬੀਤ ਗਏ ਸਨ, ਪਰ ਸੜਕ ਦੇ ਚਾਲੂ ਹੋਣ ਦੀ ਕੋਈ ਆਸ ਨਜ਼ਰ ਨਹੀਂ ਆ ਰਹੀ ਸੀ। ਡਰਾਈਵਰ ਤੇ ਮੁਸਾਫ਼ਿਰ ਰੋਜ਼ ਉਥੇ ਜਾਂਦੇ ਤੇ ਓਵਰਸੀਅਰ ਨੂੰ ਛੇਤੀ ਸੜਕ ਠੀਕ ਕਰਾਉਣ ਲਈ ਕਹਿੰਦੇ। ਸਾਰੇ ਬਹੁਤ ਤੰਗ ਹੋ ਚੁੱਕੇ ਸਨ, ਤੇ ਸ੍ਰੀਨਗਰ ਪਹੁੰਚਣ ਲਈ ਬੇਹੱਦ ਉਤਾਵਲੇ ਸਨ। ਮੇਰੇ ਪਿਤਾ ਜੀ ਵੀ ਵਿਹਲੇ ਬੈਠੇ ਤੰਗ ਆ ਗਏ ਸਨ, ਪਰ ਮੈਨੂੰ ਉਥੋਂ ਜਾਣ ਦੀ ਕੋਈ ਕਾਹਲ ਨਹੀਂ ਸੀ; ਸਗੋਂ ਮੈਂ ਤਾਂ ਚਾਹੁੰਦਾ ਸਾਂ ਕਿ ਸੜਕ ਠੀਕ ਨਾ ਹੀ ਹੋਵੇ ਤਾਂ ਚੰਗਾ ਹੈ। ਪਿੰਡ ਵਿਚ ਆਟੇ-ਦਾਲ ਦੀ ਘਾਟ ਹੋਣ ਲੱਗੀ ਸੀ। ਪਿੰਡ ਵਾਲੇ ਵੀ ਸ਼ਹਿਰੀ ਪ੍ਰਾਹੁਣਿਆਂ ਤੋਂ ਤੰਗ ਆਏ ਹੋਏ ਸਨ। ਇਕ ਦਿਨ ਸੜਕ ਦੇ ਉਸ ਪਾਰ ਉਚੀ ਥਾਂ ‘ਤੇ ਬਣੇ ਹੋਏ ਇਕ ਘਰ ਦੀ ਛੱਤ ਤੋਂ ਪਿੰਡ ਦੀਆਂ ਕੁੜੀਆਂ ਨੇ ਪਰਦੇਸੀ ਦਾ ਪੁਤਲਾ ਬਣਾ ਕੇ ਜਲਾਉਣ ਦੀ ਖੇਡ ਖੇਡੀ। ਇਹ ਇਕ ਕਿਸਮ ਦਾ ਟੂਣਾ ਸੀ, ਤਾਂ ਜੋ ਪਰਦੇਸੀਆਂ ਦੇ ਰੂਪ ਵਿਚ ਆਈ ਹੋਈ ਬਲਾ ਛੇਤੀ ਟਲ ਜਾਏ। ਮੇਰੀ ਉਸ ਪ੍ਰੀਤਮਾ ਨੇ ਵੀ ਉਸ ਟੂਣੇ ਵਿਚ ਹਿੱਸਾ ਲਿਆ ਹੈ, ਇਹ ਜਾਣ ਕੇ ਮੈਨੂੰ ਬੇਹੱਦ ਗੁੱਸਾ ਆਇਆ।
ਅਖੀਰ, ਦਸਵੇਂ ਜਾਂ ਗਿਆਰ੍ਹਵੇਂ ਦਿਨ ਸੜਕ ਚਾਲੂ ਹੋਈ। ਉਹ ਦ੍ਰਿਸ਼ ਵੀ ਵੇਖਣ ਲਾਇਕ ਸੀ। ਅਣਗਿਣਤ ਬੱਸਾਂ ਤੇ ਮੋਟਰਾਂ ਦੀਆਂ ਪਾਲਾਂ ਖੜ੍ਹੀਆਂ ਸਨ। ਪੀæਡਬਲਯੂæਡੀæ ਦੇ ਕਰਮਚਾਰੀ ਹੱਥ ਹਿਲਾ-ਹਿਲਾ ਕੇ ਡਾਈਵਰਾਂ ਨੂੰ ਅੱਗੇ ਵਧਣ ਲਈ ਕਹਿ ਰਹੇ ਸਨ, ਪਰ ਡਰਾਈਵਰ ਸਨ ਕਿ ਅੱਗੇ ਵਧਣ ਦਾ ਨਾਂ ਹੀ ਨਹੀਂ ਸਨ ਲੈਂਦੇ। ਮੁਸਾਫ਼ਿਰ ਵੀ ਜੋ ਉਥੇ ਜਾਣ ਲਈ ਏਨੇ ਉਤਾਵਲੇ ਬਣੇ ਹੋਏ ਸਨ, ਉਸ ਵੇਲੇ ਚੁੱਪ ਕੀਤੇ ਖੜ੍ਹੇ ਸਨ। ਬੱਸਾਂ ਵਿਚ ਜਾ ਕੇ ਬੈਠਣਾ ਤਾਂ ਇਕ ਪਾਸੇ, ਕੋਈ ਪੈਦਲ ਤੁਰ ਕੇ ਵੀ ਅੱਗੇ ਵਧਣ ਲਈ ਤਿਆਰ ਨਹੀਂ ਸੀ। ਸੱਜੇ ਹੱਥ ਕੱਚਾ ਪਹਾੜ ਸੀ, ਤੇ ਖੱਬੇ ਖੱਡ ਦੀ ਸਪਾਟ ਕੰਧ ਸੀ ਜੋ ਥੱਲੇ ਜਿਹਲਮ ਦੇ ਕੰਢੇ ਨੂੰ ਛੂੰਹਦੀ ਸੀ। ਮਲਬੇ ਵਿਚੋਂ ਕੱਟ ਕੇ ਬਣਾਈ ਗਈ ਸੜਕ ਦੇ ਕੰਢੇ ਨਾ ਕੋਈ ਜੰਗਲਾ ਸੀ, ਨਾ ਪੱਥਰਾਂ ਦੀ ਕੰਧ। ਉਸ ‘ਤੇ ਖੜੋਣ ‘ਤੇ ਡਰ ਲਗਦਾ ਸੀ।
ਅੱਧਾ ਘੰਟਾ ਇਸੇ ਤਰ੍ਹਾਂ ਬੀਤ ਗਿਆ। ਸਾਰੇ ਹੈਰਾਨ-ਪ੍ਰੇਸ਼ਾਨ ਹੋਏ ਇਕ-ਦੂਜੇ ਦਾ ਮੂੰਹ ਵੇਖ ਰਹੇ ਸਨ। ਓਵਰਸੀਅਰ ਇਹ ਯਕੀਨ ਦਿਵਾ-ਦਿਵਾ ਕੇ ਥੱਕ ਗਿਆ ਸੀ ਕਿ ਸੜਕ ਮਜ਼ਬੂਤ ਹੈ ਤੇ ਉਸ ‘ਤੇ ਤੁਰਨ ਵਿਚ ਕੋਈ ਖਤਰਾ ਨਹੀਂ ਹੈ। ਅਖੀਰ ਉਹ ਪੱਥਰ ‘ਤੇ ਜਾ ਕੇ ਚੁੱਪ-ਚਾਪ ਬੈਠ ਗਿਆ। ਏਨੇ ਵਿਚ ਪਿਛੋਂ ਇਕ ਛੋਟੀ ਜਿਹੀ ਹਰੇ ਰੰਗ ਦੀ ਮੋਟਰ ਆਉਂਦੀ ਦਿਸੀ। ਉਸ ਵਿਚ ਸਿਰਫ ਇਕੋ ਬੰਦਾ ਸੀ ਜੋ ਉਸ ਨੂੰ ਚਲਾ ਰਿਹਾ ਸੀ। ਉਹ ਕੋਈ ਅੰਗਰੇਜ਼ ਸੀ। ਨੇੜੇ ਆਉਣ ‘ਤੇ ਜਦ ਉਸ ਨੇ ਲੋਕਾਂ ਤੇ ਬੱਸਾਂ ਦੀ ਏਨੀ ਭੀੜ ਵੇਖੀ ਤਾਂ ਰੁਕ ਕੇ, ਕੁਝ ਹੈਰਾਨੀ ਨਾਲ ਵੇਖਣ ਪਿਛੋਂ ਮੈਨੂੰ ਪੁੱਛਿਆ, “ਕੀ ਹੋਇਆ ਏ ਏਥੇ?”
“ਕੁਝ ਨਹੀ”, ਮੈਂ ਕਿਹਾ, “ਮੀਂਹ ਕਰ ਕੇ ਸੜਕ ਟੁੱਟ ਕੇ ਥੱਲੇ ਵਹਿ ਗਈ ਸੀ। ਦਸਾਂ ਦਿਨਾਂ ਦੀ ਮੁਰੰਮਤ ਪਿਛੋਂ ਹੁਣ ਠੀਕ ਹੋਈ ਹੈ, ਪਰ ਕੋਈ ਡਰਾਈਵਰ ਅੱਗੇ ਵਧਣ ਦਾ ਹੌਸਲਾ ਨਹੀਂ ਕਰ ਰਿਹਾ।”
ਸੁਣ ਕੇ ਉਹ ਜ਼ੋਰ ਨਾਲ ਹੱਸਿਆ ਤੇ ਉਸੇ ਵੇਲੇ ਮੋਟਰ ਚਲਾ ਕੇ ਅੱਗੇ ਵਧਿਆ। ਵੇਖਦੇ-ਵੇਖਦੇ ਉਹ ਉਸ ਹਿੱਸੇ ਨੂੰ ਪਾਰ ਕਰ ਕੇ ਕਾਫ਼ੀ ਅੱਗੇ ਨਿਕਲ ਗਿਆ। ਉਸ ਦੇ ਲੰਘਣ ਦੀ ਦੇਰ ਸੀ ਕਿ ਡਰਾਈਵਰਾਂ ਵਿਚ ਹਲਚਲ ਮਚ ਗਈ। ਦੋਹਾਂ ਪਾਸਿਆਂ ਤੋਂ ਹਰ ਕੋਈ ਉਸ ਹਿੱਸੇ ਨੂੰ ਪਾਰ ਕਰਨ ਲਈ ਜਲਦਬਾਜ਼ੀ ਕਰਨ ਲਗਾ। ਨਾ ਓਧਰ ਵਾਲੇ ਏਧਰ ਵਾਲਿਆਂ ਦੀ ਕੋਈ ਗੱਲ ਸੁਣਨ ਲਈ ਤਿਆਰ ਸਨ, ਨਾ ਏਧਰ ਵਾਲੇ ਓਧਰ ਵਾਲਿਆਂ ਦੀ ਕੋਈ ਗੱਲ ਮੰਨਣ ਲਈ। ਲੜਾਈ-ਝਗੜਾ ਹੋਣ ਲੱਗਾ। ਉਸ ਬੌਖਲਾਹਟ ਵਿਚ ਇਕ ਬੱਸ ਦੀ ਛੱਤ ‘ਤੇ ਲੱਦਿਆ ਹੋਇਆ ਬਹੁਤ ਸਾਰਾ ਸਾਮਾਨ, ਬਿਸਤਰੇ, ਟਰੰਕ, ਟੋਕਰੀਆਂ ਆਦਿ ਖੱਡ ਵਿਚ ਡਿਗ ਪਿਆ। ਲੋਕਾਂ ਲਈ ਇਹ ਵੀ ਇਕ ਤਮਾਸ਼ਾ ਬਣ ਗਿਆ। ਇੱਕੜ-ਦੁੱਕੜ ਸਿਪਾਹੀਆਂ ਲਈ ਮੋਟਰਾਂ-ਬੱਸਾਂ ਨੂੰ ਕਿਸੇ ਤਰਤੀਬ ਵਿਚ ਵਧਾਉਣਾ ਬਹੁਤ ਔਖਾ ਹੋ ਗਿਆ। ਜੇ ਸਭ ਕੁਝ ਕਿਸੇ ਨੇਮ ਸਿਰ ਹੁੰਦਾ ਤਾਂ ਅੱਧੇ-ਪੌਣੇ ਘੰਟੇ ਵਿਚ ਭੀੜ ਘਟ ਜਾਂਦੀ, ਪਰ ਉਸ ਹਾਲਤ ਵਿਚ ਸਾਨੂੰ ਉਹ ਹਿੱਸਾ ਪਾਰ ਕਰਨ ਵਿਚ ਦੋ ਘੰਟੇ ਲੱਗ ਗਏ।
ਉਸ ਦਿਨ ਆਜ਼ਾਦ ਕੌਮ ਅਤੇ ਗੁਲਾਮ ਕੌਮ ਦਾ ਫਰਕ ਮੈਨੂੰ ਬਹੁਤ ਸਾਫ਼ ਤੌਰ ‘ਤੇ ਵਖਾਈ ਦਿੱਤਾ। ਮੈਂ ਜੋ ਕੁਝ ਕਿਤਾਬਾਂ ਵਿਚ ਨਹੀਂ ਸੀ ਪੜ੍ਹ ਸਕਦਾ, ਉਹ ਮੈਨੂੰ ਉਸ ਘਟਨਾ ਨੇ ਵਖਾ ਦਿੱਤਾ। ਅੰਗਰੇਜ਼ ਆਜ਼ਾਦ ਕੌਮ ਦਾ ਬੰਦਾ ਸੀ। ਆਜ਼ਾਦ ਕੌਮ ਦੇ ਲੋਕਾਂ ਵਿਚ ਖੁਦ ਸੋਚਣ ਤੇ ਫੈਸਲਾ ਕਰਨ ਦੀ ਹਿੰਮਤ ਹੁੰਦੀ ਹੈ। ਗੁਲਾਮ ਕੌਮ ਦੇ ਲੋਕਾਂ ਦਾ ਸੁਭਾਅ ਅਜਿਹਾ ਬਣ ਜਾਂਦਾ ਹੈ ਕਿ ਉਹ ਭੇਡਾਂ ਵਾਂਗ ਕਿਸੇ ਦੇ ਪਿਛੇ ਹੀ ਤੁਰਨਾ ਪਸੰਦ ਕਰਦੇ ਹਨ।
ਇਸ ਘਟਨਾ ਨੂੰ ਮੈਂ ਕਦੇ ਨਹੀਂ ਭੁੱਲ ਸਕਿਆ, ਕਿਉਂਕਿ ਇਸ ਰਾਹੀਂ ਪ੍ਰਾਪਤ ਕੀਤੀ ਸਿੱਖਿਆ ਦੀ ਸੱਚਾਈ ਦੇ ਸਬੂਤ ਮੈਨੂੰ ਆਪਣੇ ਮੁਲਕ ਦੀ ਸਮਾਜਕ ਜ਼ਿੰਦਗੀ ਵਿਚ ਅੱਜ ਤੱਕ ਮਿਲਦੇ ਰਹੇ ਹਨ।
ਜਦ ਮੈਂ ਸਰਕਾਰੀ ਦਫ਼ਤਰਾਂ ਵਿਚ ਵੇਖਦਾ ਹਾਂ ਕਿ ਮੰਤਰੀਆਂ ਤੋਂ ਲੈ ਕੇ ਕਲਰਕਾਂ ਤੱਕ ਕੋਈ ਵੀ ਬੰਦਾ ਫੈਸਲਾ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਲਈ ਤਿਆਰ ਨਹੀਂ ਹੁੰਦਾ, ਤਾਂ ਮੈਨੂੰ ਇਹ ਘਟਨਾ ਯਾਦ ਆ ਜਾਂਦੀ ਹੈ।
ਜਦ ਮੈਂ ਵੇਖਦਾ ਹਾਂ ਕਿ ਲੋਕ ਲੀਡਰਾਂ ਦੇ ਬਹਿਕਾਵੇ ਵਿਚ ਆ ਕੇ ਇਕ-ਦੂਜੇ ਦੇ ਘਰ ਸਾੜਦੇ ਹਨ, ਇਕ-ਦੂਜੇ ਦੀ ਜਾਨ ਲੈਂਦੇ ਹਨ, ਤੇ ਆਪਣੇ ਹੱਥੀਂ ਪੈਦਾ ਕੀਤੀਆਂ ਮੁਸੀਬਤਾਂ ਦਾ ਖੁਦ ਸ਼ਿਕਾਰ ਬਣਦੇ ਹਨ, ਤਾਂ ਮੈਨੂੰ ਇਹ ਘਟਨਾ ਯਾਦ ਆ ਜਾਂਦੀ ਹੈ।
ਆਖਰ ਇਹ ਗੁਲਾਮਾਂ ਵਰਗੀ ਭੇਡ-ਚਾਲ ਕਦ ਖਤਮ ਹੋਵੇਗੀ? ਕਦ ਸਾਡੇ ਮੁਲਕ ਦੇ ਲੋਕ ਆਪਣਾ ਨਫ਼ਾ-ਨੁਕਸਾਨ ਖੁਦ ਸੋਚਣ ਦੇ ਯੋਗ ਹੋਣਗੇ? ਕਦ ਉਹ ਸਮਝਣਗੇ ਕਿ ਮੁਲਕ ਦਾ ਤੇ ਆਪਣਾ ਫਾਇਦਾ ਏਕਤਾ ਤੇ ਜਥੇਬੰਦੀ ਵਿਚ ਹੈ, ਘਿਰਣਾ ਵਿਚ ਨਹੀਂ; ਤੇ ਧਰਮ ਦੇ ਨਾਂ ‘ਤੇ ਲੜਨ ਵਾਲੇ ਲੋਕ ਅੱਜ ਵੀ ਉਹੋ ਹਨ ਜੋ ਪਹਿਲਾਂ ਸਾਮਰਾਜ ਦੇ ਪਿੱਠੂ ਸਨ।
ਭਾਸ਼ਾ, ਸੰਸਕ੍ਰਿਤੀ, ਭਾਵਨਾਤਮਕ ਏਕਤਾ, ਪੁਰਾਣੇ ਇਤਿਹਾਸ ਆਦਿ ਨਾਲ ਸਬੰਧਤ ਕਿੰਨੀਆਂ ਹੀ ਅਜਿਹੀਆਂ ਸਮੱਸਿਆਵਾਂ ਹਨ, ਜਿਨ੍ਹਾਂ ਦਾ ਹੱਲ ਸਾਨੂੰ ਸੌਖੀ ਤਰ੍ਹਾਂ ਮਿਲ ਸਕਦਾ ਹੈ; ਬਸ਼ਰਤੇ ਅਸੀਂ ਗੁਲਾਮੀ ਦੇ ਦੌਰ ਵਿਚ ਸਿੱਖੀਆਂ ਗਲਤ ਗੱਲਾਂ ਛੱਡ ਕੇ ਨਵੇਂ ਸਿਰਿਓਂ, ਨਵੇਂ ਢੰਗ ਨਾਲ, ਸੁਤੰਤਰ ਹੋ ਕੇ ਸੋਚੀਏ ਤੇ ਨਿਰਪੱਖ ਹੋ ਕੇ ਫੈਸਲਾ ਕਰੀਏ।
ਪਰ ਮੈਂ ਆਮ ਤੌਰ ‘ਤੇ ਇਹ ਵੇਖਦਾ ਹਾਂ ਕਿ ਆਜ਼ਾਦੀ ਮਿਲਣ ਦੇ ਵੀਹ ਸਾਲ ਬਾਅਦ ਵੀ ਅਸੀਂ ਉਨ੍ਹਾਂ ਹੀ ਲੀਹਾਂ ‘ਤੇ ਸੋਚ ਰਹੇ ਹਾਂ ਜੋ ਅੰਗਰੇਜ਼ਾਂ ਨੇ ਪਾਈਆਂ ਸਨ। ਉਨ੍ਹਾਂ ਲੀਹਾਂ ਨੂੰ ਛੱਡਣ ਦੀ ਹਿੰਮਤ ਸਾਡੇ ਵਿਚ ਨਹੀਂ ਹੈ। ਏਸ ਲਈ ਸਾਡਾ ਏਨਾ ਸਾਰਾ ਸਮਾਂ ਦੇਸ਼ ਕਲਿਆਣ ਦੀ ਥਾਂ ਆਪਸੀ ਲੜਾਈ-ਝਗੜਿਆਂ ਅਤੇ ਵਿਅਰਥ ਦੀ ਨੱਸ-ਭੱਜ ਵਿਚ ਬਰਬਾਦ ਹੋ ਰਿਹਾ ਹੈ।