ਡਾæ ਗੁਰਨਾਮ ਕੌਰ ਕੈਨੇਡਾ
ਭਗਤ ਕਬੀਰ ਜੀ ਦਾ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 482 ‘ਤੇ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਧਾਰਮਕ ਕਟੱੜਤਾ, ਕਰਮ-ਕਾਂਡ, ਜਾਤ-ਪਾਤ, ਸਮਾਜਕ-ਰਾਜਨੀਤਕ ਅਨਿਆਂ ਅਤੇ ਹੋਰ ਹਰ ਤਰ੍ਹਾਂ ਦੀਆਂ ਬੁਰਾਈਆਂ ਨਾਲ ਨਜਿੱਠਣ ਲਈ ਸੰਵਾਦ ਰਚਾਇਆ ਗਿਆ ਹੈ ਤਾਂ ਕਿ ਤਰਕ ਰਾਹੀਂ ਸਮੱਸਿਆ ਦੀ ਜੜ ਤੱਕ ਪਹੁੰਚ ਕੇ ਉਸ ਬੁਰਾਈ ਨੂੰ ਦੂਰ ਕੀਤਾ ਜਾ ਸਕੇ।
ਕਿਸੇ ਵੀ ਵਿਚਾਰ ਨੂੰ ਉਪਰੋਂ ਥੋਪਣ ਦੀ ਥਾਂ, ਉਸ ਦਾ ਤਰਕ ਸਿਰਜਿਆ ਗਿਆ ਹੈ। ਇਸ ਸ਼ਬਦ ਵਿਚ ਵੀ ਭਗਤ ਕਬੀਰ ਬ੍ਰਾਹਮਣ ਦੀ ਧਰਮ ਅਤੇ ਸਮਾਜ ਉਤੇ ਵਾਧੂ ਕਿਸਮ ਦੀ ਇਜ਼ਾਰੇਦਾਰੀ ਦੀ ਗੱਲ ਕਰਦੇ ਹਨ ਜਿਸ ਰਾਹੀਂ ਉਹ ਆਪਣੇ ਆਪ ਨੂੰ ਸਮਾਜ ਦਾ ਰਖਵਾਲਾ ਸਮਝਦਾ ਹੈ। ਬ੍ਰਾਹਮਣ ਜਾਂ ਕੋਈ ਵੀ ਪੁਜਾਰੀ ਜਮਾਤ ਧਾਰਮਕ ਚਿੰਨ੍ਹ ਪਹਿਨ ਕੇ ਆਪਣੇ ਆਪ ਨੂੰ ਧਰਮ ਅਤੇ ਸਮਾਜ ਦੀ ਠੇਕੇਦਾਰ ਸਮਝਣ ਲੱਗ ਪੈਂਦੀ ਹੈ ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਪੁਜਾਰੀ ਧਰਮ ਦਾ ਠੇਕੇਦਾਰ ਨਹੀਂ ਹੈ।
ਰੱਬ ਸਭ ਦਾ ਸਿਰਜਣਹਾਰ ਹੈ ਅਤੇ ਸਿਰਜਕ ਹੋਣ ਦੇ ਨਾਤੇ ਉਹ ਸਭ ਦਾ ਸਾਂਝਾ ਪਿਤਾ ਹੈ ਜਿਸ ਦੀ ਨਜ਼ਰ ਵਿਚ ਸਾਰੇ ਮਨੁੱਖ ਬਰਾਬਰ ਹਨ। ਕੋਈ ਵੀ ਮਨੁੱਖ ਗੁਰੂ ਦੇ ਦੱਸੇ ਰਸਤੇ ‘ਤੇ ਚੱਲ ਕੇ, ਅਕਾਲ ਪੁਰਖ ਦੇ ਨਾਮ ਸਿਮਰਨ ਰਾਹੀਂ ਰੱਬ ਨਾਲ ਸਿੱਧਾ ਰਿਸ਼ਤਾ ਕਾਇਮ ਕਰ ਸਕਦਾ ਹੈ ਜਿਸ ਵਿਚ ਕਿਸੇ ਪੁਰੋਹਿਤ ਜਾਂ ਪੁਜਾਰੀ ਦੀ ਜ਼ਰੂਰਤ ਨਹੀਂ ਹੈ। ਕੋਈ ਵੀ ਮਨੁੱਖ ਅਕਾਲ ਪੁਰਖ ਦੇ ਸਿਮਰਨ ਰਾਹੀਂ ਉਸ ਨੂੰ ਪਾ ਸਕਦਾ ਹੈ, ਉਸ ਨਾਲ ਨੇੜਤਾ ਕਾਇਮ ਕਰ ਸਕਦਾ ਹੈ। ਭਾਰਤੀ ਸਮਾਜ ਦੀ ਵੱਖ ਵੱਖ ਜਾਤਾਂ, ਉਪ-ਜਾਤਾਂ ਵਿਚ ਵੰਡ ਵਰਣ-ਆਸ਼ਰਮ ਧਰਮ ਦੇ ਸਿਧਾਂਤ ‘ਤੇ ਆਧਾਰਤ ਹੈ ਜਿਸ ਨੂੰ ਹਿੰਦੂ ਸ਼ਾਸਤਰਾਂ ਰਾਹੀਂ ਪ੍ਰਮਾਣਕਤਾ ਦਿੱਤੀ ਹੋਈ ਅਤੇ ਇਸ ਰਾਹੀਂ ਸਮਾਜ ਦੀਆਂ ਵੱਖ ਵੱਖ ਸ਼੍ਰੇਣੀਆਂ ਦਾ ਜੋ ਸੋਸ਼ਣ ਹੋਇਆ ਹੈ, ਸਦੀਆਂ ਤੋਂ ਜਿਸ ਕਿਸਮ ਦੇ ਸਮਾਜਕ ਅਤੇ ਧਾਰਮਕ ਅਨਿਆਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਅਤੇ ਕਰਨਾ ਪੈ ਰਿਹਾ ਹੈ, ਜਿਸ ਕਿਸਮ ਦਾ ਸੰਤਾਪ ਵੱਖ ਵੱਖ ਵਰਗਾਂ ਨੇ ਆਪਣੇ ਪਿੰਡਿਆਂ ‘ਤੇ ਝੇਲਿਆ ਹੈ, ਇਸ ਦੀ ਝਲਕ ਸਾਨੂੰ ਗੁਰਬਾਣੀ ਵਿਚ ਮਿਲ ਜਾਂਦੀ ਹੈ।
ਭਗਤ ਕਬੀਰ ਬ੍ਰਾਹਮਣ ਨੂੰ ਤਰਕ ਰਾਹੀਂ ਸਮਝਾਉਂਦੇ ਹਨ ਕਿ ਜਨੇਊ ਪਾ ਕੇ ਜੋ ਕਿ ਸੂਤ ਦੇ ਥੋੜ੍ਹੇ ਜਿਹੇ ਧਾਗਿਆਂ ਨਾਲ ਬਣਿਆ ਹੁੰਦਾ ਹੈ, ਆਪਣੇ ਆਪ ਨੂੰ ਸਾਡਾ ਅਰਥਾਤ ਸਮਾਜ ਦਾ ਅਤੇ ਧਰਮ ਦਾ ਰਾਖਾ ਮੰਨ ਬੈਠਾ ਹੈਂ ਅਤੇ ਆਪਣੀ ਉਚੀ ਜਾਤ ਹੋਣ ਦਾ ਮਾਣ ਕਰਦਾ ਹੈਂ, ਤਾਂ ਫਿਰ ਸਾਡੇ ਘਰ ਤਾਂ (ਭਗਤ ਕਬੀਰ ਜਾਤੀ-ਵੰਡ ਅਨੁਸਾਰ ਕੱਪੜਾ ਬੁਣਕਰ ਜਾਤ ਨਾਲ ਸਬੰਧਤ ਹਨ ਜਿਸ ਨੂੰ ਬ੍ਰਾਹਮਣੀ ਸ਼ਾਸਤਰਾਂ ਅਨੁਸਾਰ ਜਨੇਊ ਪਾਉਣ ਦਾ ਹੱਕ ਨਹੀਂ ਹੈ) ਬਹੁਤ ਸੂਤ ਪਿਆ ਹੈ ਜਿਸ ਨਾਲ ਅਸੀਂ ਨਿੱਤ ਤਾਣਾ ਤਣਦੇ ਅਤੇ ਕੱਪੜਾ ਬੁਣਦੇ ਹਾਂ। ਜਨੇਊ ਦੇ ਨਾਲ ਹੀ ਬ੍ਰਾਹਮਣ ਨੂੰ ਵੇਦ ਪੜ੍ਹਨ ਦਾ ਵੀ ਮਾਣ ਹੈ ਜਿਸ ਮਾਣ ਨੂੰ ਭਗਤ ਕਬੀਰ ਨਿਰਾ ਕੂੜ ਸਾਬਤ ਕਰਦੇ ਹਨ ਕਿਉਂਕਿ ਪੰਡਤ ਤਾਂ ਸਿਰਫ ਜੀਭ ਨਾਲ ਗਾਇਤ੍ਰੀ ਮੰਤਰ ਦਾ ਜਾਪ ਕਰਦਾ ਹੈ ਜਦਕਿ ਭਗਤ ਦੇ ਹਿਰਦੇ ਵਿਚ ਪਰਮਾਤਮਾ ਆਪ ਨਿਵਾਸ ਕਰ ਰਿਹਾ ਹੈ।
ਕਬੀਰ ਸਾਹਿਬ ਬ੍ਰਾਹਮਣ ਨੂੰ ਉਸ ਦੀ ਮੂਰਖਤਾ ਦਾ ਅਹਿਸਾਸ ਕਰਾਉਂਦੇ ਹਨ ਕਿ ਅਕਾਲ ਪੁਰਖ ਉਨ੍ਹਾਂ ਦੀ ਜੀਭ, ਅੱਖਾਂ ਅਤੇ ਦਿਲ ਵਿਚ ਵੱਸ ਰਿਹਾ ਹੈ ਅਰਥਾਤ ਉਨ੍ਹਾਂ ਦਾ ਰੋਮ ਰੋਮ ਪ੍ਰਭੂ-ਭਗਤੀ ਵਿਚ ਰੰਗਿਆ ਹੋਇਆ ਹੈ। ਭਗਤ ਕਬੀਰ ਪੰਡਤ ਨੂੰ ਪ੍ਰਸ਼ਨ ਕਰਦੇ ਹਨ ਕਿ ਜਦੋਂ ਧਰਮਰਾਜ ਦੀ ਕਚਹਿਰੀ ਵਿਚ ਲੇਖਾ ਦੇਣਾ ਪਵੇਗਾ ਤਾਂ ਉਹ ਕੀ ਦੱਸੇਗਾ ਕਿ ਸਾਰੀ ਉਮਰ ਧਰਮ ਦੀ ਕਿਹੜੀ ਕਮਾਈ ਕੀਤੀ ਹੈ? ਭਗਤ ਕਬੀਰ ਅੱਗੇ ਦੱਸਦੇ ਹਨ ਕਿ ਅਸੀਂ ਆਮ ਲੋਕ ਤਾਂ ਤੁਹਾਡੀਆਂ ਗਊਆਂ ਬਣੇ ਆ ਰਹੇ ਹਾਂ ਜਿਨ੍ਹਾਂ ਦੇ ਤੁਸੀਂ ਜਨਮਾਂ-ਜਨਮਾਂ ਤੋਂ ਭਾਵ ਸਦੀਆਂ ਤੋਂ ਰਾਖੇ ਬਣੇ ਆ ਰਹੇ ਹੋ ਅਤੇ ਸਾਡੇ ਮਾਲਕ ਗੁਆਲੇ ਬਣੇ ਆ ਰਹੇ ਹੋ। ਪਰ ਤੁਸੀਂ ਤਾਂ ਨਿਕੰਮੇ ਹੀ ਸਾਬਤ ਹੋਏ ਹੋ ਕਿਉਂਕਿ ਤੁਸੀਂ ਸਾਨੂੰ ਨਦੀ ਤੋਂ ਪਾਰ ਲੰਘਾ ਕੇ ਕਦੇ ਨਹੀਂ ਚਾਰਿਆ। ਭਗਤ ਕਬੀਰ ਦੇ ਕਹਿਣ ਦਾ ਅਰਥ ਹੈ ਕਿ ਆਪਣੇ ਧਾਰਮਕ ਕਰਮ-ਕਾਂਡ ਰਾਹੀਂ ਤੁਸੀਂ ਲੋਕਾਈ ਨੂੰ ਮੂਰਖ ਤਾਂ ਬਣਾਉਂਦੇ ਰਹੇ ਹੋ ਪਰ ਸੰਸਾਰ-ਸਮੁੰਦਰ ਤੋਂ ਪਾਰ ਲਗਾਉਣ ਦਾ ਕੋਈ ਰਾਹ ਨਹੀਂ ਦੱਸਿਆ।
ਭਗਤ ਕਬੀਰ ਹੋਰ ਦੱਸਦੇ ਹਨ, ਮੰਨ ਲਿਆ ਤੂੰ ਕਾਸ਼ੀ ਦਾ ਬ੍ਰਾਹਮਣ ਹੈਂ (ਕਾਸ਼ੀ ਨੂੰ ਸ਼ਾਸਤਰੀ ਵਿੱਦਿਆ ਦਾ ਕੇਂਦਰ ਮੰਨਿਆ ਜਾਂਦਾ ਸੀ) ਤੇ ਮੈਂ ਕੱਪੜਾ ਬੁਣਨ ਵਾਲਾ ਜੁਲਾਹਾ ਹਾਂ (ਜਿਸ ਨੂੰ ਸ਼ਾਸਤਰੀ ਵਿੱਦਿਆ ਹਾਸਲ ਕਰਨ ਦਾ ਹੱਕ ਨਹੀਂ ਹੈ) ਪਰ ਇਹ ਗੱਲ ਸੋਚਣ ਵਾਲੀ ਹੈ ਕਿ ਸ਼ਾਸਤਰੀ ਵਿੱਦਿਆ ਪ੍ਰਾਪਤ ਕਰਕੇ ਤੁਸੀਂ ਕੀ ਕਰਦੇ ਰਹੇ ਹੋ? ਤੁਸੀਂ ਰਾਜੇ ਰਾਣਿਆਂ ਦੇ ਦਰਵਾਜ਼ੇ ਤੋਂ ਮੰਗ ਕੇ ਖਾਂਦੇ ਰਹੇ ਹੋ ਜਦਕਿ ਮੇਰੀ ਸੁਰਤਿ ਅਕਾਲ ਪੁਰਖ ਨਾਲ ਜੁੜੀ ਹੋਈ ਹੈ:
ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ॥
ਤੁਮ੍ਹ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ॥੧॥
ਮੇਰੀ ਜਿਹਬਾ ਬਿਸਨੁ ਨੈਨ ਨਾਰਾਇਨ ਹਿਰਦੈ ਬਸਹਿ ਗੋਬਿੰਦਾ॥
ਜਮ ਦੁਆਰ ਜਬ ਪੂਛਸਿ ਬਵਰੇ ਤਬ ਕਿਆ ਕਹਸਿ ਮੁਕੰਦਾ॥੧॥ਰਹਾਉ॥
ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ॥
ਕਬਹੂੰ ਨ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ॥2॥
ਤੂੰ ਬਾਮ੍ਹਨ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ॥
ਤੁਮ੍ਹ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰਿ ਧਿਆਨਾ॥ (ਪੰਨਾ 482)
ਭਗਤ ਰਵੀਦਾਸ ਜੀ ਵੀ ਆਪਣੀ ਬਾਣੀ ਵਿਚ ਇਸ ਜਨਮ-ਆਧਾਰਤ ਸਮਾਜਕ ਨਾ-ਬਰਾਬਰੀ ਅਤੇ ਵਰਣ-ਵੰਡ ਦਾ ਪ੍ਰਗਟਾਵਾ ਕਰਦੇ ਹਨ ਜਿਸ ਦਾ ਸੰਤਾਪ ਉਨ੍ਹਾਂ ਨੇ ਸਮਾਜ ਵਿਚ ਰਹਿੰਦਿਆਂ ਆਪਣੇ ਪਿੰਡੇ ‘ਤੇ ਹੰਢਾਇਆ ਸੀ। ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ, ਹੇ ਪਰਮਾਤਮਾ ਤੂੰ ਚੰਦਨ ਦਾ ਬੂਟਾ ਹੈਂ ਤੇ ਮੈਂ ਨਿਮਾਣਾ ਅਰਿੰਡ ਦਾ ਬੂਟਾ ਹਾਂ ਪਰ ਮੈਨੂੰ ਤੇਰੇ ਚਰਨਾਂ ਵਿਚ ਥਾਂ ਮਿਲ ਗਈ ਹੈ ਜਿਸ ਕਰਕੇ ਤੇਰੀ ਮਿੱਠੀ ਖੁਸ਼ਬੋ ਮੇਰੇ ਅੰਦਰ ਵਸ ਗਈ ਹੈ ਅਤੇ ਮੈਂ ਹੁਣ ਨੀਵੇਂ ਤੋਂ ਉਚਾ ਹੋ ਗਿਆ ਹਾਂ। ਤੂੰ ਚਿੱਟਾ ਤੇ ਪੀਲਾ ਸੋਹਣਾ ਰੇਸ਼ਮ ਹੈਂ ਅਤੇ ਮੈਂ ਉਸ ਕੀੜੇ ਦੀ ਤਰ੍ਹਾਂ ਹਾਂ ਜੋ ਰੇਸ਼ਮ ਤੋਂ ਬਾਹਰ ਆ ਕੇ ਮਰ ਜਾਂਦਾ ਹੈ। ਮੇਰੇ ‘ਤੇ ਮਿਹਰ ਕਰ ਅਤੇ ਮੈਨੂੰ ਆਪਣੀ ਸੰਗਤ ਵਿਚ ਜੋੜੀ ਰੱਖ, ਜਿਵੇਂ ਸ਼ਹਿਦ ਦੀਆਂ ਮੱਖੀਆਂ ਸ਼ਹਿਦ ਦੇ ਛੱਤੇ ਵਿਚ ਟਿਕੀਆਂ ਰਹਿੰਦੀਆਂ ਹਨ। ਭਗਤ ਜੀ ਅੱਗੇ ਕਹਿੰਦੇ ਹਨ, ਮੈਂ ਚਮਿਆਰ ਆਖਦਾ ਹਾਂ ਕਿ ਸਮਾਜ ਦੀਆਂ ਨਜ਼ਰਾਂ ਵਿਚ ਮੇਰੀ ਜਾਤ, ਕੁਲ ਨੀਵੀਂ ਹੈ, ਮੇਰਾ ਜਨਮ ਨੀਵਾਂ ਹੈ ਪਰ ਤੇਰੀ ਭਗਤੀ ਕਰਕੇ ਮੈਂ ਉਚਾ ਹੋ ਗਿਆ ਹਾਂ। ਮੈਂ ਸੱਚ-ਮੁੱਚ ਨੀਵਾਂ ਹੋ ਜਾਵਾਂਗਾ ਜੇ ਤੇਰੀ ਭਗਤੀ ਤੋਂ ਟੁੱਟ ਗਿਆ:
ਤੁਮ ਚੰਦਨ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ॥
ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ॥੧॥
ਮਾਧਉ ਸਤਸੰਗਤਿ ਸਰਨਿ ਤੁਮ੍ਹਾਰੀ॥
ਹਮ ਅਉਗਨ ਤੁਮ੍ਹ ਉਪਕਾਰੀ॥੧॥ਰਹਾਉ॥
ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪੁਰੇ ਜਸ ਕੀਰਾ॥
ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ॥2॥
ਜਾਤੀ ਓਛਾ ਪਾਤੀ ਓਛਾ ਓਛਾ ਜਨਮੁ ਹਮਾਰਾ॥
ਰਾਜਾ ਰਾਮ ਕੀ ਸੇਵ ਨ ਕੀਨ੍ਹੀ ਕਹਿ ਰਵੀਦਾਸ ਚਮਾਰਾ॥3॥3॥ (ਪੰਨਾ 486)
ਇਸੇ ਨਾ-ਬਰਾਬਰੀ ਅਤੇ ਸਮਾਜਿਕ ਅਨਿਆਂ ਨੂੰ ਦੂਰ ਕਰਨ ਲਈ ਗੁਰੂ ਨਾਨਕ ਸਾਹਿਬ ਨੇ ਨੀਵੇਂ ਕਹੇ ਜਾਣ ਵਾਲੇ ਆਮ ਲੋਕਾਂ ਨਾਲ ਖੜਨ ਦਾ ਐਲਾਨ ਕੀਤਾ,
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥ (ਪੰਨਾ 15)
ਹੇਠਲੇ ਵਰਣਾਂ ਦੇ ਨਾਲ ਹੀ ਇੱਕ ਹੋਰ ਪੀੜਤ ਜਮਾਤ ਇਸਤਰੀ ਹੈ, ਜਿਸ ਨੂੰ ਹੇਠਲੇ ਵਰਗਾਂ ਵਾਲੀ ਹੀ ਜ਼ਿੱਲਤ ਸਦੀਆਂ ਤੱਕ ਸਹਿਣੀ ਪੈਂਦੀ ਰਹੀ ਹੈ। ਭਾਵੇਂ ਵੈਦਿਕ ਕਾਲ ਵਿਚ ਇਸਤਰੀ ਨੂੰ ਉਸ ਦੀ ਸਰਦੀ-ਬਣਦੀ ਥਾਂ ਪ੍ਰਾਪਤ ਸੀ। ਉਪਨਿਸ਼ਦਾਂ ਵਿਚ ਅਸੀਂ ਘੋਸ਼, ਲੋਪਮੁਦਰਾ, ਸੁਲਭਾ ਅਤੇ ਗਾਰਗੀ ਵਰਗੀਆਂ ਸੁਘੜ ਇਸਤਰੀਆਂ ਦਾ ਜ਼ਿਕਰ ਪੜ੍ਹਦੇ ਹਾਂ; ਖਾਸ ਕਰਕੇ ਗਾਰਗੀ ਜਿਸ ਨੂੰ ਪੁਰਸ਼ਾਂ ਵਾਂਗ ਹੀ ਸ਼ਾਸਤ੍ਰਾਰਥ ਕਰਨ ਦੀ ਮੁਹਾਰਤ ਪ੍ਰਾਪਤ ਹੈ ਅਤੇ ਗਾਰਗੀ ਦੇ ਸਲੋਕ ਵੀ ਉਪਨਿਸ਼ਦਾਂ ਦੀ ਰਚਨਾ ਦਾ ਹਿੱਸਾ ਹਨ। ਮਨੂ ਨੂੰ ਹਿੰਦੂ ਧਰਮ ਦਾ ਕਾਨੂੰਨ-ਘਾੜਾ ਕਿਹਾ ਜਾਂਦਾ ਹੈ ਅਤੇ ਮਨੂ-ਸਿਮ੍ਰਤੀ ਵਿਚ ਇਸਤਰੀ ਨੂੰ ਸ਼ੂਦਰ ਦੇ ਬਰਾਬਰ ਹੀ ਮੰਨਿਆ ਗਿਆ ਹੈ ਅਤੇ ਉਸ ਨੂੰ ਆਪਣਾ ਕੋਈ ਵੀ ਫੈਸਲਾ ਆਪ ਕਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ। ਹਿੰਦੂ ਸ਼ਾਸਤਰਾਂ ਅਨੁਸਾਰ ਇਸਤਰੀ ਦੇ ਕੁਝ ਕੁਦਰਤੀ ਕਾਰਨਾਂ ਕਰਕੇ ਉਸ ਨੂੰ ਅਪਵਿੱਤਰ ਵੀ ਮੰਨਿਆ ਗਿਆ ਹੈ ਅਤੇ ਛੋਟੀ ਉਮਰ ਵਿਚ ਹੀ ਵਿਆਹ ਕਰ ਦੇਣ ਦੇ ਅਦੇਸ਼ ਵੀ ਮਿਲਦੇ ਹਨ। ਮਨੂ-ਸਿਮ੍ਰਤੀ ਵਿਚ ਤਾਂ ਇੱਥੋਂ ਤੱਕ ਕਿਹਾ ਗਿਆ ਹੈ ਕਿ ਵਿਆਹ ਤੋਂ ਪਹਿਲਾਂ ਇਸਤਰੀ ਆਪਣੇ ਪਿਤਾ ਦੀ ਆਗਿਆ ਵਿਚ ਰਹੇ, ਵਿਆਹ ਪਿੱਛੋਂ ਪਤੀ ਅਤੇ ਬੁਢਾਪੇ ਵਿਚ ਪੁੱਤਰ ਦੀ ਆਗਿਆ ਵਿਚ ਅਰਥਾਤ ਜਿਸ ਪੁੱਤਰ ਦੀ ਉਹ ਜਨਮਦਾਤੀ ਹੈ, ਉਸ ਦੀ ਵੀ ਆਗਿਆ ਵਿਚ ਰਹੇ।
ਹਿੰਦੂ ਪਰੰਪਰਾ ਵਿਚ ਦੋ ਮਹਾਂਕਾਵਿ ਪ੍ਰਾਪਤ ਹਨ- ਰਮਾਇਣ ਤੇ ਮਹਾਂਭਾਰਤ; ਅਤੇ ਜਿਨ੍ਹਾਂ ਦੇ ਨਾਇਕ ਵਿਸ਼ਨੂੰ ਦੇ ਦੋ ਅਵਤਾਰਾਂ- ਰਾਮਚੰਦਰ ਅਤੇ ਕ੍ਰਿਸ਼ਨ ਦੀ ਪੂਜਾ ‘ਭਗਵਾਨ’ ਵਜੋਂ ਕੀਤੀ ਜਾਂਦੀ ਹੈ। ਦੋਵਾਂ ਦੀਆਂ ਇਸਤਰੀ ਨਾਇਕਾਵਾਂ ਰਾਮਚੰਦਰ ਦੀ ਪਤਨੀ ਸੀਤਾ ਅਤੇ ਪੰਜਾਂ ਪਾਂਡਵਾਂ ਦੀ ਪਤਨੀ ਦ੍ਰੋਪਤੀ ਨੂੰ ਜਿਸ ਕਿਸਮ ਦੀ ਜ਼ਿਲਤ ਸਹਿਣ ਕਰਨੀ ਪਈ ਹੈ, ਉਹ ਦੋਵਾਂ ਮਹਾਂਕਾਵਾਂ ਵਿਚ ਸਪੱਸ਼ਟ ਨਜ਼ਰ ਆਉਂਦੀ ਹੈ। ਇੱਕ ਪਾਸੇ ਸੀਤਾ ਨੂੰ ਮਾਤਾ ਕਹਿ ਕੇ ਪੁਜਿਆ ਜਾਂਦਾ ਹੈ। ਉਸ ਦੀ ਗੈਰਹਾਜ਼ਰੀ ਵਿਚ ਯੱਗ ਦੀ ਸੰਪੂਰਨਤਾ ਲਈ ਉਸ ਦੀ ਮੂਰਤੀ ਰਾਮਚੰਦਰ ਦੇ ਨਾਲ ਸੁਸ਼ੋਸ਼ਭਤ ਕੀਤੀ ਜਾਂਦੀ ਹੈ; ਦੂਜੇ ਪਾਸੇ ਰਾਵਣ ਕੋਲੋਂ ਛੁਡਾਉਣ ਤੋਂ ਬਾਅਦ ਉਸ ਦੀ ਪਵਿੱਤਰਤਾ ਨੂੰ ਪਰਖਣ ਲਈ ਉਸ ਦੀ ਅਗਨੀ-ਪ੍ਰੀਖਿਆ ਲਈ ਜਾਂਦੀ ਹੈ। ਇਹੀ ਨਹੀਂ ਗਰਭਵਤੀ ਹੋਣ ਦੀ ਅਵਸਥਾ ਦੇ ਬਾਵਜੂਦ ਉਸ ਨੂੰ ਘਰੋਂ ਕੱਢ ਦਿੱਤਾ ਜਾਂਦਾ ਹੈ।
ਦੂਜੇ ਮਹਾਂਕਾਵਿ ਦੀ ਨਾਇਕਾ ਦ੍ਰੋਪਤੀ ਦੀ ਪਹਿਲੀ ਬੇਇਜ਼ਤੀ ਪਾਂਡਵ ਉਸ ਨੂੰ ਜੂਏ ਵਿਚ ਦਾਅ ‘ਤੇ ਲਾ ਕੇ ਕਰਦੇ ਹਨ ਜਿਵੇਂ ਉਹ ਉਨ੍ਹਾਂ ਦੀ ਪਤਨੀ ਨਾ ਹੋ ਕੇ ਉਨ੍ਹਾਂ ਦੀ ‘ਵਸਤੂ’ ਹੋਵੇ। ਦੂਸਰੀ ਬੇਇਜ਼ਤੀ ਦੁਰਯੋਧਨ ਕਰਦਾ ਹੈ ਜੋ ਭਰੇ ਦਰਬਾਰ ਵਿਚ ਉਸ ਦਾ ਚੀਰ ਹਰਨ ਦੀ ਕੋਸ਼ਿਸ਼ ਕਰਦਾ ਹੈ। ਦੁਰਯੋਧਨ ਬੁਰਾਈ ਦਾ ਪ੍ਰਤੀਕ ਹੈ, ਉਸ ਨੇ ਏਦਾਂ ਹੀ ਕਰਨਾ ਸੀ। ਪਰ ਦ੍ਰੋਪਤੀ ਦਾ ਦੁਰਭਾਗ ਇਸ ਤੱਥ ਵਿਚ ਹੈ ਕਿ ਉਸ ਸਭਾ ਵਿਚ ਖਾਨਦਾਨ ਦਾ ਬਜ਼ੁਰਗ ਭੀਸ਼ਮ ਪਿਤਾਮਾ ਹਾਜ਼ਰ ਹੈ, ਦਰੋਣਾਚਾਰੀਆ ਵਰਗਾ ਕੁਲ-ਗੁਰੂ ਹਾਜ਼ਰ ਹੈ ਅਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਹਨ ਪਰ ਕੋਈ ਵੀ ਦ੍ਰੋਪਤੀ ਲਈ ਉਠ ਕੇ ਖੜਾ ਨਹੀਂ ਹੁੰਦਾ ਜੋ ਉਸ ਦੁਰਗਤੀ ਤੋਂ ਉਸ ਨੂੰ ਬਚਾਵੇ। ਭਾਈ ਗੁਰਦਾਸ ਇਸ ਦਾ ਜ਼ਿਕਰ ਭਾਵੇਂ ਭਗਤੀ ਦੇ ਸੰਦਰਭ ਵਿਚ ਕਰਦੇ ਹਨ ਕਿਉਂਕਿ ਕ੍ਰਿਸ਼ਨ ਨੇ ਉਸ ਦੀ ਲਾਜ ਬਚਾਈ ਦੱਸੀ ਗਈ ਹੈ:
ਅੰਦਰਿ ਸਭਾ ਦੁਸਾਸਣੈ ਮਥੇਵਾਲਿ ਦ੍ਰੋਪਤੀ ਆਂਦੀ॥
ਦੂਤਾ ਨੋ ਫੁਰਮਾਇਆ ਨੰਗੀ ਕਰਹੁ ਪੰਚਾਲੀ ਬਾਂਦੀ॥
ਪੰਜੇ ਪਾਂਡੋ ਵੇਖਦੇ ਅਉਘਟਿ ਰੁਧੀ ਨਾਰਿ ਜਿਨਾ ਦੀ।æææ(ਵਾਰ 1028)
ਗੁਰੂ ਨਾਨਕ ਸਾਹਿਬ ਨੇ ਸਮਾਜ ਵਿਚ ਇਸਤਰੀ ਦੇ ਮਾਣ-ਸਨਮਾਨ ਵਿਚ ਨਾ ਸਿਰਫ ਆਵਾਜ਼ ਉਠਾਈ ਬਲਕਿ ਇਹ ਅਹਿਸਾਸ ਪੈਦਾ ਕੀਤਾ ਕਿ ਇਸਤਰੀ ਤੋਂ ਬਿਨਾ ਸਮਾਜ ਦੀ ਹੋਂਦ ਹੀ ਸੰਭਵ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਜਿੱਥੇ ਸਤੀ ਅਤੇ ਪਰਦੇ ਵਰਗੀਆਂ ਘਟੀਆ ਰਸਮਾਂ ਦੀ ਨਿਖੇਧੀ ਕੀਤੀ ਗਈ ਹੈ, ਉਥੇ ਅਮਲੀ ਤੌਰ ‘ਤੇ ਵੀ ਇਸਤਰੀ ਨੂੰ ਧਾਰਮਕ, ਅਧਿਆਤਮਕ, ਸਮਾਜਿਕ ਅਤੇ ਪ੍ਰਬੰਧਕੀ ਅਧਿਕਾਰ ਪੁਰਸ਼ ਦੇ ਬਰਾਬਰ ਦਿੱਤੇ ਗਏ ਹਨ।
ਮਨੂ-ਸਿਮ੍ਰਤੀ ਦਾ ਅਸਰ ਅੱਜ ਵੀ ਹਿੰਦੂ ਸਮਾਜ ਵਿਚ ਉਵੇਂ ਕਾਇਮ ਹੈ। ਹੁਣੇ ਹੁਣੇ ਮਹਾਰਾਸ਼ਟਰ ਵਿਚ ਅਜਿਹੀ ਹੀ ਇੱਕ ਘਿਨਾਉਣੀ ਘਟਨਾ ਵਾਪਰੀ ਹੈ ਜੋ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਆਈ ਤੇ ਸੋਸ਼ਲ ਮੀਡੀਆ ਰਾਹੀਂ ਜੱਗ-ਜ਼ਾਹਿਰ ਹੋਈ ਹੈ। ਮਹਾਰਾਸ਼ਟਰ ਦੇ ਅਹਿਮਦਨਗਰ ਦੇ ਇੱਕ ਕਸਬੇ ਸ਼ਿਗਨਾਪੁਰ ਵਿਚ ਇਕ ਇਸਤਰੀ ਨੇ ਸ਼ਨੀ ਦੇ ਮੰਦਰ ਵਿਚ ਤੇਲ ਚੜ੍ਹਾਇਆ ਤਾਂ ਉਸ ਤੇ ਬੇਹੱਦ ਹੰਗਾਮਾ ਹੋਇਆ। ਇੱਥੋਂ ਤੱਕ ਕਿ ਅਖ਼ਬਾਰਾਂ ਦੀਆਂ ਖ਼ਬਰਾਂ ਅਨੁਸਾਰ, ਮੰਦਰ ਦੇ ਸੱਤ ਕਰਮਚਾਰੀਆਂ ਨੂੰ ਉਨ੍ਹਾਂ ਦੀ ਅਣਗਹਿਲੀ ਕਾਰਨ ਕਿ ਉਨ੍ਹਾਂ ਨੇ ਉਸ ਔਰਤ ਨੂੰ ਮੰਦਰ ਵਿਚ ਕਿਉਂ ਆਉਣ ਦਿੱਤਾ, ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ। ਇਹ ਵੀ ਖ਼ਬਰ ਹੈ ਕਿ ਟਰੱਸਟੀਆਂ ਵਿਚੋਂ ਇੱਕ ਨੇ ਪਵਿੱਤਰਤਾ ਭੰਗ ਹੋਣ ‘ਤੇ ਅਸਤੀਫਾ ਦੇਣ ਦੀ ਗੱਲ ਕੀਤੀ ਹੈ। ਪੰਜਾਬ ਦੀ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਬਿਲਕੁਲ ਸਹੀ ਗਿਲਾ ਕੀਤਾ ਹੈ ਕਿ ਮੰਦਰ ਵਿਚ ਤੇਲ ਅਭਿਸ਼ੇਕ ਕਰਨ ‘ਤੇ ਜੋ ਹੰਗਾਮਾ ਹੋਇਆ ਹੈ ਇਸ ਦੇ ਵਿਰੁਧ ਅਤੇ ਇਸਤਰੀ ਦੇ ਹੱਕ ਵਿਚ ਰਾਜ ਸਭਾ ਜਾਂ ਲੋਕ ਸਭਾ ਵਿਚ ਕਿਧਰੇ ਵੀ ਇਸ ਘਟਨਾ ਦੀ ਨਿਖੇਧੀ ਨਹੀਂ ਕੀਤੀ ਗਈ। ਉਹ ਇਸ ਸਾਰੇ ਵਰਤਾਰੇ ਨੂੰ ਸ਼ਰਮਨਾਕ ਘਟਨਾ ਦੱਸਦੀ ਹੈ ਕਿ ਜੇ ਕਿਸੇ ਪੁਰਸ਼ ਨਾਲ ਅਜਿਹਾ ਵਰਤਾਓ ਹੁੰਦਾ ਤਾਂ ਜਿਹੜੇ ਲੋਕ ਜਾਤ ਦੇ ਨਾਂ ‘ਤੇ ਵੋਟਾਂ ਲੈਂਦੇ ਹਨ, ਉਨ੍ਹਾਂ ਰੱਜ ਕੇ ਰੌਲਾ ਪਾਉਣਾ ਸੀ। ਉਸ ਦਾ ਇਹ ਵੀ ਕਹਿਣਾ ਹੈ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਇੱਕ ਇਸਤਰੀ ਕਾਰਨ ਮੂਰਤੀ ਨੂੰ ਦੁੱਧ ਨਾਲ ਨੁਹਾ ਕੇ ਪਵਿੱਤਰ ਕੀਤਾ ਗਿਆ ਅਤੇ ਉਸ ਦਾ ਪ੍ਰਸ਼ਨ ਹੈ ਕਿ ਕੀ ਗਾਂ ਜਾਂ ਮੱਝ ਜਿਸ ਵੀ ਕਿਸੇ ਦਾ ਦੁੱਧ ਵਰਤਿਆ ਗਿਆ ਹੈ, ਉਹ ਮਾਦਾ ਨਹੀਂ ਹਨ?
ਬੀਬੀ ਚਾਵਲਾ ਦਾ ਧੰਨਵਾਦ ਕਰਨਾ ਬਣਦਾ ਹੈ ਕਿ ਉਸ ਨੇ ਆਪਣੇ ਹੀ ਧਰਮ ਵਿਚ ਚੱਲ ਰਹੀਆਂ ਕੁਰੀਤੀਆਂ, ਕਰਮਕਾਂਡ ਅਤੇ ਔਰਤਾਂ ਨਾਲ ਦੁਜੈਲੇ ਵਰਤਾਰੇ ਖ਼ਿਲਾਫ ਆਵਾਜ਼ ਉਠਾਈ ਹੈ। ਪਰ ਉਹ ਸ਼ਾਇਦ ਭੁੱਲ ਜਾਂਦੀ ਹੈ ਕਿ ਇਸ ਮੁਲਕ ਵਿਚ ਮਾਨਵ ਖਾਸ ਕਰਕੇ ਇਸਤਰੀ ਹੋਣ ਦੀ ਕਦਰ ਨਹੀਂ ਹੈ, ਬਾਕੀ ਸਭ ਪਸ਼ੂ-ਪੰਛੀ, ਕੁੱਤਾ-ਬਿੱਲਾ, ਸੱਪ, ਚੂਹਾ, ਦਰੱਖਤ-ਪੌਦੇ ਪਵਿੱਤਰ ਮੰਨੇ ਜਾਂਦੇ ਹਨ। ਅਜਿਹੇ ਮੁਲਕ ਦਾ ਕੀ ਹੋ ਸਕਦਾ ਹੈ ਜਿਸ ਵਿਚ ਕਈ ਸਤਿਕਾਰਤ ਇਸਤਰੀਆਂ ਜਿਹੜੀਆਂ ਵਰਤਮਾਨ ਪਾਰਲੀਮੈਂਟ ਵਿਚ ਸੰਵਿਧਾਨ ਦੀ ਸੌਂਹ ਖਾ ਕੇ ਮੰਤਰੀ ਤਾਂ ਬਣੀਆਂ ਬੈਠੀਆਂ ਹਨ ਪਰ ਇਸਤਰੀ ਦੇ ਹੱਕ ਵਿਚ ਆਵਾਜ਼ ਉਠਾਉਣ ਦੀ ਉਨ੍ਹਾਂ ਦੀ ਹਿੰਮਤ ਨਹੀਂ ਹੈ ਜਦਕਿ ਸੰਵਿਧਾਨ ਵਿਚ ਇਸਤਰੀ-ਪੁਰਸ਼ ਨੂੰ ਬਰਾਬਰ ਦਾ ਹੱਕ ਪ੍ਰਾਪਤ ਹੈ। ਬਾਕੀਆਂ ਦੀ ਗੱਲ ਤਾਂ ਛੱਡੋ ਹਰਸਿਮਰਤ ਕੌਰ ਬਾਦਲ ਤਾਂ ‘ਨੰਨ੍ਹੀ ਛਾਂ’ ਦੀ ਸਰਪ੍ਰਸਤ ਹੈ ਅਤੇ ਉਸ ਧਰਮ ਨਾਲ ਸਬੰਧਤ ਹੈ ਜਿਸ ਦੇ ਮੋਢੀ ਗੁਰੂ ਨਾਨਕ ਸਾਹਿਬ ਨੇ ਆਖਿਆ ਹੈ, ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਅਤੇ ‘ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੈ ਧੋਇ॥’
ਇਹ ਪੁਜਾਰੀ, ਟਰੱਸਟੀ ਅਤੇ ਹੱਲਾ-ਗੁੱਲਾ ਮਚਾਉਣ ਵਾਲੇ ਇਸ ਸੰਸਾਰ ਦੀ ਹਵਾ ਕਿਵੇਂ ਖਾਂਦੇ ਜੇ ਮਾਂ-ਰੂਪ ਵਿਚ ਇਸਤਰੀ ਨੇ ਉਨ੍ਹਾਂ ਨੂੰ ਜਨਮ ਨਾ ਦਿੱਤਾ ਹੁੰਦਾ? ਕੀ ਇੱਕ ਪੱਥਰ ਦੀ ਮੂਰਤੀ ਜਿਉਂਦੀ-ਜਾਗਦੀ ਮਾਂ ਨਾਲੋਂ ਜ਼ਿਆਦਾ ਅਹਿਮੀਅਤ ਰੱਖਦੀ ਹੈ? ਪੱਥਰ ਵੀ ਉਹ ਜਿਸ ਨੂੰ ਛੈਣੀ ਨਾਲ ਘੜ ਘੜ ਕੇ ਮੂਰਤੀ ਦਾ ਅਕਾਰ ਦਿੱਤਾ ਗਿਆ?