ਗੁਲਜ਼ਾਰ ਸਿੰਘ ਸੰਧੂ
ਦੁਆਬੇ ਦੇ ਕਈ ਪਿੰਡਾਂ ਦਾ ਨਾਂ ਕਿਸੇ ਹੋਰ ਪਿੰਡ ਨਾਲ ਜੋੜ ਕੇ ਲਿਆ ਜਾਂਦਾ ਹੈ। ਜਿਵੇਂ ਮਾਹਿਲਪੁਰ-ਬਾੜੀਆਂ, ਨਿੱਕਾ-ਲਬਾਣਾ, ਔੜ-ਅੜਾਪੜ, ਸ਼ੇਖੂਪੁਰ ਤੇ ਦਾਤਾ ਚੇਲਾ। ਦਾਤਾ ਅਤੇ ਚੇਲਾ ਏਨੇ ਛੋਟੇ ਪਿੰਡ ਹਨ ਕਿ ਇਨ੍ਹਾਂ ਦਾ ਡਾਕਘਰ ਵੀ ਅਪਣਾ ਨਹੀਂ। ਪਰ ਚੇਲਾ ਵਾਲਿਆਂ ਨੇ ਅਪਣੀ ਪਛਾਣ ਵਿਗਿਆਨਕ ਵਿਦਿਆ ਨਾਲ ਬਣਾਈ। ਏਸ ਪਿੰਡ ਦਾ ਪਿਆਰਾ ਸਿੰਘ ਗਿੱਲ ਅੰਤਰ-ਰਾਸ਼ਟਰੀ ਪ੍ਰਸਿੱਧੀ ਵਾਲੇ ਭੌਤਕ ਵਿਗਿਆਨੀ ਸਨ।
ਨਹਿਰੂ ਸਰਕਾਰ ਵੇਲੇ ਸੀæ ਐਸ਼ ਆਈ ਆਰ ਦਾ ਡਾਇਰੈਕਟਰ ਜਨਰਲ। ਅੱਜ ਏਥੋਂ ਦਾ ਸੁਰਜੀਤ ਸਿੰਘ ਗਿੱਲ ਕੀਨੀਆਂ ਤੇ ਬੋਟਸਵਾਨਾ (ਅਫਰੀਕਾ) ਦਾ ਵਸਨੀਕ ਹੋਣ ਦੇ ਨਾਤੇ ਉਸ ਨੇ ਉਥੋਂ ਦੇ ਚੇਲਾ ਵਰਗੇ ਨਿੱਕੇ ਪਿੰਡ ਵਿਚ ਮੋਲੇਪੋਲੇ ਅਥਲੈਟਿਕਸ ਕਲੱਬ ਸਥਾਪਤ ਕੀਤਾ ਜਿਸ ਦਾ ਉਹ ਚੇਅਰਮੈਨ ਹੈ। ਉਸ ਦੇ ਤਿਆਰ ਕੀਤੇ ਮੁੰਡੇ ਕੁੜੀਆਂ 50-100 ਕਿਲੋਮੀਟਰ ਦੀਆਂ ਲੰਮੀਆਂ ਤੇ ਚੌਕੀ ਦੌੜਾਂ ਵਿਚ ਹਾਲੈਂਡ, ਮਿਸਰ, ਫਰਾਂਸ, ਜਰਮਨੀ, ਕੀਨੀਆ, ਜ਼ਿਮਬਾਵੇ, ਦੱਖਣੀ ਅਫਰੀਕਾ ਤੇ ਹੋਰ ਕਈ ਦੇਸ਼ਾਂ ਵਿਚ ਭਾਗ ਲੈ ਚੁੱਕੇ ਹਨ। ਤਿੰਨ ਕੁੜੀਆਂ ਸਪੇਨ ਦੀਆਂ ਦੌੜਾਂ ਵਿਚ ਭਾਗ ਲੈ ਚੁੱਕੀਆਂ ਹਨ। ਇਨ੍ਹਾਂ ਦੀ ਪੇਂਡੂ ਕਲੱਬ ਵਿਚ ਬਾਹਰਲੇ ਦੇਸ਼ ਵੀ ਭਾਗ ਲੈਂਦੇ ਹਨ। 2005 ਵਿਚ ਇਨ੍ਹਾਂ ਨੂੰ ਨਾਮਬੀਆ ਦੇ 47 ਨੌਜਵਾਨ ਸਾਂਭਣੇ ਪਏ। ਉਹ ਇਨ੍ਹੀਂ ਦਿਨੀਂ ਆਪਣੇ ਬੇਟੇ ਹਰਕੀਰਤ ਦੀ ਮਨਦੀਪ ਕੌਰ ਨਾਲ ਸ਼ਾਦੀ ਦੇ ਸਬੰਧ ਵਿਚ ਚੇਲੇ ਆਇਆ ਹੋਇਆ ਹੈ। ਖੇਡਾਂ ਦੇ ਸ਼ੌਕ ਨੇ ਉਹਦਾ ਪਿੱਛਾ ਨਹੀਂ ਛੱਡਿਆ ਤੇ 12 ਦਸੰਬਰ ਵਾਲੇ ਦਿਨ ਵਿਸ਼ੇਸ਼ ਸਪੋਰਟਸ ਟੂਰਨਾਮੈਂਟ ਰਚਾ ਕੇ ਹੱਟਿਆ ਹੈ।
ਬਾਰਾਂ ਦਸੰਬਰ ਨੂੰ ਹੋਣ ਵਾਲੀਆਂ ਮੁੰਡਿਆਂ ਦੀਆਂ ਦਸ ਕਿਲੋਮੀਟਰ ਤੇ ਕੁੜੀਆਂ ਦੀਆਂ ਪੰਜ ਕਿਲੋਮੀਟਰ ਦੌੜਾਂ ਤੇ ਹੋਰ ਖੇਡਾਂ ਦੀ ਰਿਹਰਸਲ ਅੱਠ ਦਸੰਬਰ ਨੂੰ ਕੀਤੀ ਗਈ ਜਿਹੜੀ ਮੈਂ ਖੁਦ ਵੇਖੀ। ਇਹ ਰਿਹਰਸਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਈਸਪੁਰ ਮਖਸੂਸਪੁਰ ਚੇਲਾ ਦੇ ਪ੍ਰਿੰਸੀਪਲ ਭਾਰਤ ਭੂਸ਼ਨ ਦੀ ਆਗਿਆ ਨਾਲ ਸਕੂਲ ਗਰਾਉਂਡ ਵਿਚ ਕਰਵਾਈ ਗਈ। ਇਸ ਵਿਚ ਸੱਤਰਾਂ-ਪੰਝਤਰਾਂ ਨੂੰ ਢੁੱਕੇ ਬਜ਼ੁਰਗਾਂ ਤੋਂ ਲੈ ਕੇ 8-10 ਸਾਲ ਦੇ ਬੱਚਿਆਂ ਨੇ ਹਿੱਸਾ ਲਿਆ। ਹਰ ਟੀਮ ਵਿਚ ਪੰਜ ਹਾਣੀ ਰੱਖੇ ਗਏ। ਉਨ੍ਹਾਂ ਵਿਚ ਇਕ ਮਰਦ 75 ਸਾਲ ਦਾ ਸੀ ਤੇ ਇੱਕ ਮਾਈ ਅੱਸੀ ਸਾਲ ਦੀ। ਸੁਰਜੀਤ ਸਿੰਘ ਗਿੱਲ ਨਾਲ ਬੋਟਸਵਾਨਾ ਤੋਂ ਇੱਕ ਮਿਸਜ਼ ਮੌਲੀ ਵੇਟ ਨਾਂ ਦੀ ਮੇਮ ਵੀ ਆਈ ਹੋਈ ਸੀ। ਵਿਜੇਤਿਆਂ ਨੂੰ ਦੇਣ ਵਾਲੇ ਸਰਟੀਫਿਕੇਟ ਤਗਮੇ, ਸੋਵੀਨੀਰ, ਤੇ ਗਿਫਟ ਵੀ ਉਸਨੇ ਬੜੇ ਸ਼ੌਕ ਨਾਲ ਬਣਵਾਏ ਸਨ।
ਛੋਟੀ ਉਮਰ ਦੇ ਬੱਚਿਆਂ ਸਮੇਤ ਟੀਮਾਂ ਦੀ ਗਿਣਤੀ ਏਨੀ ਵਧ ਗਈ ਕਿ ਪਤਲੀਆਂ ਪਾਈਪਾਂ ਕਟ ਕੇ ਬਣਾਏ ਬੈਟਨ ਥੁੜ ਗਏ ਅਤੇ ਬੈਟਨ ਦੰਦ ਸਾਫ ਕਰਨ ਵਾਲੀਆਂ ਦਾਤਣਾ ਜਾਂ ਕੱਖ ਕਾਨੇ ਕੱਟ ਕੇ ਬਣਾਉਣੇ ਪਏ। ਚੇਲਾ ਗਿੱਲ ਜੱਟਾਂ ਦਾ ਪਿੰਡ ਹੈ। ਮੈਨੂੰ ਸੱਦਾ ਦੇਣ ਵਾਲੇ ਬਲਬੀਰ ਸਿੰਘ ਫੌਜ ਦੀ ਨੌਕਰੀ ਤੋਂ ਪਿੱਛੋਂ ਜਲੰਧਰ ਵਿਖੇ ਜਿਲ੍ਹਾ ਰੋਜ਼ਗਾਰ ਅਫ਼ਸਰ ਲੱਗਿਆ ਹੋਇਆ ਹੈ ਤੇ ਉਸ ਦੀ ਪਤਨੀ ਅਧਿਆਪਕਾ ਹੈ ਜਿਹੜੀ ਉਥੇ ਨੰਨੇ-ਮੁੰਨੇ ਬੱਚਿਆਂ ਲਈ ਪਲੇਅ ਸਕੂਲ ਚਲਾਉਂਦੀ ਹੈ। ਉਹ ਦੋਵੇਂ ਛੁੱਟੀ ਲੈ ਕੇ ਦੋਵੇਂ ਦਿਨ ਆਏ। ਮੈਂ ਖੇਡਾਂ ਦਾ ਚਾਹਵਾਨ ਨਹੀਂ ਪਰ ਮੇਰੀ ਪਤਨੀ ਅਪਣੇ ਸਕੂਲ ਤੇ ਕਾਲਜ ਵਿਚ ਹਿੱਸਾ ਲੈਂਦੀ ਰਹੀ ਹੈ। ਉਹਦੇ ਵਲੋਂ ਪ੍ਰਵਾਨ ਕੀਤੇ ਏਸ ਸੱਦੇ ਕਾਰਨ ਮੈਂ ਵੀ ਖੇਡਾਂ ਦੀ ਦੁਨੀਆਂ ਦੇਖ ਆਇਆ। ਇਸ ਨੇ ਮੈਨੂੰ ਅਪਣੇ ਸਕੂਲ ਸਮੇਂ ਦੀ ਸਾਈਕਲ ਦੌੜ ਚੇਤੇ ਕਰਵਾ ਦਿੱਤੀ ਜਿਸ ਵਿਚ ਭਾਗ ਲੈਂਦਿਆਂ ਸਾਈਕਲ ਦਾ ਚਿਮਟਾ ਟੁੱਟਣ ਕਾਰਨ ਮੈਂ ਆਪਣੇ ਚਾਰ ਦੰਦ ਤੁੜਵਾ ਲਏ ਸਨ। ਬੜਾ ਮਜ਼ਾ ਆਇਆ। ਜੇ ਸੁਰਜੀਤ ਸਿੰਘ ਗਿੱਲ ਵਰਗੇ ਖੇਡਾਂ ਦੇ ਪ੍ਰੇਮੀ ਏਸ ਤਰ੍ਹਾਂ ਦਾ ਸ਼ੌਕ ਰੱਖਦੇ ਹੋਣ ਤਾਂ ਪੰਜਾਬ ਦੀ ਜਵਾਨੀ ਨਸ਼ਿਆ ਤੋਂ ਛੁਟਕਾਰਾ ਪਾ ਸਕਦੀ ਹੈ।
ਜੰਗੀ ਨਾਇਕ ਬ੍ਰਿਗੇਡੀਅਰ ਸੰਤ ਸਿੰਘ: ਪੈਂਹਠ ਤੇ ਇੱਕ੍ਹਤਰ ਦੀਆਂ ਜੰਗਾਂ ਦਾ ਨਾਇਕ ਸੇਵਾ ਮੁਕਤ ਬ੍ਰਿਗੇਡੀਅਰ ਸੰਤ ਸਿੰਘ 94 ਵਰ੍ਹਿਆਂ ਦੀ ਲੰਮੀ ਤੇ ਸਫਲ ਜ਼ਿੰਦਗੀ ਜੀਊ ਕੇ ਤੁਰ ਗਿਆ ਹੈ। ਉਹ ਦੋਨਾਂ ਭਾਰਤ-ਪਾਕਿ ਜੰਗਾਂ ਦਾ ਮਹਾਵੀਰ ਚੱਕਰ ਵਿਜੇਤਾ ਸੀ। 1965 ਦੀ ਜੰਗ ਤੋਂ ਪਿਛੋਂ ਪੁਣਛ ਛਾਉਣੀ ਦੀ ਇਕ ਪੂਰੀ ਦੀ ਪੂਰੀ ਲਾਈਨ ਦਾ ਨਾਂ ਉਸਦੇ ਨਾਂ ਉਤੇ ਹੈ। 1971 ਦੀ ਜੰਗ ਸਮੇਂ ਬੰਗਲਾ ਦੇਸ਼ ਦੀ ਮੁਕਤੀ ਵਾਹਿਨੀ ਨੂੰ ਸਿੱਖਲਾਈ ਦੇ ਕੇ ਪ੍ਰਚੰਡ ਕਰਨ ਵਾਲਾ ਵੀ ਉਹੀਓ ਸੀ। ਪਾਕਿਸਤਾਨੀ ਜਨਰਲ ਕੇ ਨਿਆਜ਼ੀ ਨੂੰ ਹਾਰ ਮੰਨਣ ਲਈ ਮਜ਼ਬੂਰ ਕਰਨ ਵਿਚ ਉਸਦਾ ਰੋਲ ਅਤਿਅੰਤ ਮਹਤਵਪੂਰਨ ਸੀ। ਉਸਨੇ ਨਿਆਜ਼ੀ ਤੋਂ ਪ੍ਰਾਪਤ ਕੀਤਾ ਇਕ ਟਾਈਮਪੀਸ ਕਲ੍ਹ ਤੱਕ ਸੋਵੀਨੀਰ ਵੱਜੋਂ ਸੰਭਾਲ ਕੇ ਰੱਖਿਆ ਹੋਇਆ ਸੀ, ਜਿਸਦੀਆਂ ਸੂਈਆਂ ਸਮਰਪਣ ਸਮੇਂ ਰੁਕੀਆਂ ਹੋਈਆਂ ਹਨ।
ਸੰਨ 1973 ਵਿਚ ਸੇਵਾ ਮੁਕਤੀ ਤੋਂ ਪਿੱਛੋਂ ਵੀ ਉਹ ਸੈਨਿਕ ਸੇਵਾ ਨਾਲ ਸਬੰਧਤ ਜਥੇਬੰਦੀਆਂ ਨਾਲ ਜੁੜਿਆ ਰਿਹਾ। ਇਨ੍ਹਾਂ ਜਥੇਬੰਦੀਆਂ ਰਾਹੀਂ ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਤੇ ਬੱਚਿਆਂ ਲਈ ਪੈਨਸ਼ਨਾਂ, ਦਵਾਈਆਂ ਤੇ ਫੀਸ ਡੈਕੋਰੇਟਿਡ ਇੰਡੀਆ ਨਾਂ ਦਾ ਟਰੱਸਟ ਸਥਾਪਤ ਕਰਕੇ 50 ਲੱਖ ਰੁਪਏ ਵਾਲੀ ਪ੍ਰਭਾਵੀ ਸੰਸਥਾ ਹੋਂਦ ਵਿਚ ਲਿਆਂਦੀ। ਅੱਜ ਇਸ ਦਾ ਪ੍ਰਧਾਨ ਇੱਕ ਹੋਰ ਮਹਾਵੀਰ ਚੱਕਰ ਵਿਜੇਤਾ ਬ੍ਰਿਗੇਡੀਅਰ ਐਨæ ਐਸ ਸੰਧੂ ਹੈ। ਸੰਤ ਸਿੰਘ ਹੁਰਾਂ ਦੀ ਸੇਵਾ ਭਾਵਨਾ, ਉਦਮ, ਸਾਦਗੀ ਤੇ ਸਹਿਣਸ਼ਕਤੀ ਦੇ ਸਾਰੇ ਕਿੱਸੇ ਸੁਣਨੇ ਹੋਣ ਤਾਂ ਉਹਦੇ ਕੋਲ ਹਨ। ਸਾਡਾ ਸੈਨਿਕ ਨਾਇਕ ਵੀ ਗਿੱਲ ਜੱਟ ਸੀ। ਜੈ ਜਵਾਨ! ਜੈ ਕਿਸਾਨ!!
ਅੰਤਿਕਾ: (ਕੰਵਲ ਦੀ ਪੁਸਤਕ Ḕਅਮਿਤੋਜ ਹਾਜ਼ਰ ਹੈ’ ਵਿਚ ਅਮਿਤੋਜ)
ਦੇਸ ਬਿਗਾਨੇ ਰਾਤ ਪਈ ਤਾਂ ਚੇਤੇ ਆਈਆਂ ਮਾਂਵਾਂ
ਯਾਰਾਂ ਦੇ ਗਲ ਲੱਗ ਕੇ ਰੋਈਆਂ ਥੱਕੀਆਂ ਟੁੱਟੀਆਂ ਬਾਹਵਾਂ।
ਪੂਰਨ ਪੁੱਤ ਪਰਦੇਸੀਂ ਜਾਂਦੇ ਟੁੱਕ ਕਮਾਵਣ ਖਾਤਰ
ਰੋ ਰੋ ਕੇ ਬੁੱਢੀਆਂ ਹੋ ਜਾਵਣ, ਇੱਛਰਾਂ ਵਰਗੀਆਂ ਮਾਂਵਾਂ।