ਰਣਜੀਤ ਸਿੰਘ ਗਿੱਲ

ਟੈਕਸੀਨਾਮਾ-15
ਕੈਨੇਡਾ ਵੱਸਦੇ ਨੌਜਵਾਨ ਲੇਖਕ ਹਰਪ੍ਰੀਤ ਸੇਖਾ ਨੇ ਐਤਕੀਂ ਕੈਨੇਡਾ ਦੇ ਟੈਕਸੀ ਬਿਜ਼ਨੈਸ ਵਿਚ ਮੱਲਾਂ ਮਾਰਨ ਵਾਲੇ ਰਣਜੀਤ ਸਿੰਘ ਗਿੱਲ ਬਾਰੇ ਚਰਚਾ ਛੇੜੀ ਹੈ। ਮਨਬਚਨੀ ਦੇ ਸਟਾਈਲ ਵਿਚ ਲਿਖੇ ਇਸ ਲੇਖ ਵਿਚ, ਪਹਿਲੀਆਂ ਵਿਚ ਪੰਜਾਬੀਆਂ ਨੂੰ ਦਰਪੇਸ਼ ਦਿੱਕਤਾਂ ਦੇ ਦਰਸ਼ਨ ਹੁੰਦੇ ਹਨ। ਹਰਪ੍ਰੀਤ ਸੇਖਾ ਬੁਨਿਆਦੀ ਰੂਪ ਵਿਚ ਕਹਾਣੀਕਾਰ ਹੈ। ਉਹਦੇ ਦੋ ਕਹਾਣੀ ਸੰਗ੍ਰਿਹ ‘ਬੀ ਜੀ ਮੁਸਕਰਾ ਪਏ’ ਅਤੇ ‘ਬਾਰਾਂ ਬੂਹੇ’ ਛਪ ਚੁੱਕੇ ਹਨ।

ਆਪਣੀਆਂ ਰਚਨਾਵਾਂ ਵਿਚ ਉਹ ਪਾਤਰਾਂ ਦੀ ਮਾਨਸਿਕਤਾ ਪੜ੍ਹਦਾ, ਆਲੇ-ਦੁਆਲੇ ਦਾ ਬਿਰਤਾਂਤ ਬੰਨ੍ਹਦਾ ਹੈ। ‘ਟੈਕਸੀਨਾਮਾ’ ਉਹਦੀ ਨਿਵੇਕਲੀ ਰਚਨਾ ਹੈ ਜਿਸ ਵਿਚ ਉਹਨੇ ਟੈਕਸੀ ਚਲਾਉਣ ਵਾਲਿਆਂ ਦੇ ਕਿੱਤੇ ਅਤੇ ਮਨਾਂ ਅੰਦਰ ਝਾਤੀ ਮਾਰੀ ਹੈ। -ਸੰਪਾਦਕ

ਹਰਪ੍ਰੀਤ ਸੇਖਾ
ਮੈਂ ਬੀæਸੀæ ਰੇਲ ਕੰਪਨੀ ‘ਚ ਕੰਮ ਕਰਦਾ ਸੀ। ਜਦੋਂ ਉਥੋਂ ਜੌਬ ਖਤਮ ਹੋ ਗਈ, ਮੈਂ ਸਰੀ ਆ ਗਿਆ। 1976 ਵਿਚ ‘ਡੈਲਟਾ ਸੰਨ ਸ਼ਾਈਨ ਕੈਬ ਕੰਪਨੀ’ ਵਿਚ ਟੈਕਸੀ ਚਲਾਉਣ ਲੱਗ ਪਿਆ। ਚਲਾਉਣ ਵਾਸਤੇ ਮੈਨੂੰ ਟੈਕਸੀ ਸਾਊਥ ਡੈਲਟਾ ‘ਚੋਂ ਚੁੱਕਣੀ ਪੈਂਦੀ ਸੀ। ਘਰੋਂ ਦੂਰ ਪੈਂਦਾ ਸੀ। ਮੈਂ ਸੋਚਿਆ, ਜੇ ਟੈਕਸੀ ਚਲਾਉਣੀ ਹੀ ਹੈ ਤਾਂ ਕਿਉਂ ਨਾ ਸਰੀ ਵਿਚ ਚਲਾਵਾਂ। ਸਰੀ ‘ਚ ਉਦੋਂ ਇਕ ਟੈਕਸੀ ਕੰਪਨੀ ਸੀ-ਪਰਾਈਡ ਡੈਲ ਟੈਕਸੀ। ਇਸ ਟੈਕਸੀ ਕੰਪਨੀ ਦੀ ਸ਼ੁਰੂਆਤ ਬਾਰੇ ਵੀ ਦੱਸ ਦਿਆਂ। ਇਕ ਕਾਲ਼ਾ ਬਰਨਬੀ ਦੀ ਬੌਨੀਜ਼ ਟੈਕਸੀ ਚਲਾਉਂਦਾ ਸੀ। ਉਸ ਦੀ ਘਰਵਾਲੀ ਸਰੀ ਦੇ ਸਕੂਲ ਵਿਚ ਪੜ੍ਹਾਉਂਦੀ ਸੀ। ਉਹ ਬੰਦਾ ਆਪਣੀ ਘਰਵਾਲੀ ਨੂੰ ਸਰੀ ਛੱਡਣ ਆਉਂਦਾ ਸੀ। ਇਹ 1973-74 ਦੀ ਗੱਲ ਹੈ। ਸਰੀ ਵਿਚ ਟੈਕਸੀ ਦੀ ਮੰਗ ਬਹੁਤ ਸੀ ਉਦੋਂ। ਉਸ ਨੇ ਇਥੇ ਕਿੰਗ ਜੌਰਜ ਹਾਈਵੇ ‘ਤੇ ਖੜ੍ਹੀਆਂ ਸਵਾਰੀਆਂ ਚੁੱਕੀ ਜਾਣੀਆਂ, ਨਾਲ ਦੀ ਨਾਲ ਉਨ੍ਹਾਂ ਤੋਂ ਪਟੀਸ਼ਨ ‘ਤੇ ਸਾਈਨ ਕਰਵਾਈ ਜਾਣੇ ਕਿ ਸਰੀ ਵਿਚ ਹੋਰ ਟੈਕਸੀਆਂ ਦੀ ਜ਼ਰੂਰਤ ਹੈ। ਉਦੋਂ ਟੈਕਸੀਆਂ ਕੰਟਰੋਲ ਕਰਨ ਲਈ ਐਮæਸੀæਸੀæ (ਮੋਟਰ ਕਰੀਅਰ ਕਮਿਸ਼ਨ) ਹੁੰਦਾ ਸੀ ਵਿਕਟੋਰੀਆ। ਉਸ ਬੰਦੇ ਨੇ ਕਮਿਸ਼ਨ ਕੋਲ ਪਟੀਸ਼ਨਾਂ ਲਿਜਾ ਕੇ ਅਪਲਾਈ ਕਰ ਦਿੱਤਾ। ਉਸ ਨੂੰ ਪੰਦਰਾਂ ਲਾਈਸੈਂਸ ਮਿਲ ਗਏ, ਤੇ ਉਸ ਨੇ ਪਰਾਈਡ ਟੈਕਸੀ ਕੰਪਨੀ ਖੋਲ੍ਹ ਲਈ। ਉਸ ਤੋਂ ਪਹਿਲਾਂ ਸਰੀ ਵਿਚ ਤਿੰਨ ਟੈਕਸੀ ਕੰਪਨੀਆਂ ਹੁੰਦੀਆਂ ਸਨ। ਇੱਕ ਸੀ ਨਿਊਟਨ, ਇੱਕ ਹੁੰਦੀ ਸੀ ਵਾਲ੍ਹੀ ਟੈਕਸੀ ਤੇ ਇਕ ਸੀ ਹਾਈਵੇ ਟੈਕਸੀ। ਤਿੰਨਾਂ ਕੋਲ ਪੰਜ-ਪੰਜ ਲਾਈਸੈਂਸ ਹੁੰਦੇ ਸੀ। ਬਾਅਦ ਵਿਚ ਇਹ ਤਿੰਨੇ ਰਲ ਕੇ ਇੱਕ ਕੰਪਨੀ ਬਣ ਗਈ ਜਿਸ ਦਾ ਨਾਂ ਉਨ੍ਹਾਂ ਨਿਊਟਨ ਵਾਲ੍ਹੀ ਹਾਈਵੇ ਟੈਕਸੀ ਰੱਖ ਲਿਆ। ਜਾਂ ਉਧਰ ਡੈਲਟਾ ਸੰਨ ਸ਼ਾਈਨ ਟੈਕਸੀ ਹੁੰਦੀ ਸੀ। ਉਹ ਸਕਾਟ ਰੋਡ ਤੱਕ ਹੀ ਹੁੰਦੀ ਸੀ। ਇੱਕ ਡੈਲ ਕੈਬ ਹੁੰਦੀ ਸੀ। ਉਸ ਦਾ ਮਾਲਕ ਸੀæਐਨæ ਰੇਲਵੇ ਵਿਚ ਲੋਕੋਮੋਟਿਵ ਇੰਜਨੀਅਰ ਸੀ। ਡੈਲ ਕੈਬ ਸਿਰਫ਼ ਸੀæਐਨæ ਰੇਲਵੇ ਦੇ ਕਾਮਿਆਂ ਨੂੰ ਘਰੋਂ ਕੰਮ ‘ਤੇ ਅਤੇ ਕੰਮ ਤੋਂ ਘਰ ਛੱਡਣ ਦਾ ਕੰਮ ਕਰਦੀ ਸੀ। ਉਸ ਇੰਜਨੀਅਰ ਦੀ ਮੌਤ ਹੋ ਗਈ ਤੇ ਉਸ ਦੇ ਮੁੰਡਿਆਂ ਨੇ ਉਹ ਕੰਪਨੀ ਪਰਾਈਡ ਵਾਲੇ ਕਾਲੇ ਨੂੰ ਦਸ ਹਜ਼ਾਰ ਵਿਚ ਵੇਚ ਦਿੱਤੀ। ਉਸ ਕੰਪਨੀ ਕੋਲ ਦਸ ਟੈਕਸੀਆਂ ਸੀ। ਕਾਲੇ ਨੇ ਉਸ ਦਾ ਨਾਂ ਰੱਖ ਦਿੱਤਾ ਪਰਾਈਡ ਡੈਲ ਟੈਕਸੀ, ਤੇ ਉਸ ਕੋਲ ਪੱਚੀ ਟੈਕਸੀਆਂ ਹੋ ਗਈਆਂ। ਉਸ ਕੰਪਨੀ ਦਾ ਦਫ਼ਤਰ ਹੁੰਦਾ ਸੀ ਕਿੰਗ ਜੌਰਜ ਹਾਈਵੇ ‘ਤੇ 107 ਐਵੀਨਿਊ ਉਤੇ। ਮੇਰਾ ਘਰ ਨੇੜੇ ਹੀ ਹੁੰਦਾ ਸੀ, ਤੇ ਮੈਂ ਤੁਰ ਕੇ ਅਪਲਾਈ ਕਰਨ ਚਲਿਆ ਜਾਣਾ। ਉਹ ਕਾਲ਼ਾ ਮੈਨੂੰ ਜੌਬ ਨਾ ਦੇਵੇ। ਮੈਨੂੰ ਲੱਗਿਆ ਕਰੇ, ਬਈ ਇਹ ਵਿਤਕਰਾ ਕਰਦਾ। ਇੱਕ ਦਿਨ ਮੈਂ ਉਸ ਤੋਂ ਪੁੱਛ ਹੀ ਲਿਆ, ਵਿਚੋਂ ਗੱਲ ਕੀ ਹੈ? ਕਹਿੰਦਾ, ਤੂੰ ਟੈਕਸੀ ਤਾਂ ਚਲਾਉਣੀ ਨਹੀਂ, ਤੇਰੇ ਕੋਲ ਟਰੱਕ ਦਾ ਲਾਈਸੈਂਸ ਹੈ। ਜਿਸ ਦਿਨ ਤੈਨੂੰ ਟਰੱਕ ‘ਤੇ ਜੌਬ ਮਿਲ ਗਈ, ਤੂੰ ਟਰੱਕ ‘ਤੇ ਚਲਿਆ ਜਾਣੈ। ਮੇਰੇ ਕੋਲ ਕਲਾਸ ਵੰਨ ਲਾਈਸੈਂਸ ਸੀ। ਟੈਕਸੀ ਦਾ ਥੋਨੂੰ ਪਤਾ ਹੀ ਹੈ ਕਿ ਕਲਾਸ ਫੋਰ ਚਾਹੀਦਾ ਹੁੰਦੈ। ਕਲਾਸ ਵੰਨ ਨਾਲ ਸਾਰਾ ਕੁਝ ਹੀ ਚਲਾ ਸਕਦੇ ਆਂ। ਇਸ ਕਰ ਕੇ ਮੈਂ ਉਹ ਹੀ ਲੈ ਲਿਆ ਸੀ। ਤੇ ਭਾਈ ਉਸ ਕਾਲ਼ੇ ਨੂੰ ਮੈਂ ਇਹ ਦੱਸ ਦਿੱਤਾ। ਉਸ ਨੇ ਮੈਨੂੰ ਜੌਬ ਦੇ ਦਿੱਤੀ। ਚਾਰ ਮਹੀਨੇ ਟੈਕਸੀ ਚਲਾਈ, ਫਿਰ ਮੈਨੂੰ ਲੱਕੜ ਮਿੱਲ ਵਿਚ ਜੌਬ ਮਿਲ ਗਈ। ਜਦੋਂ ਮੈਂ ਕਾਲ਼ੇ ਨੂੰ ਦੱਸਿਆ, ਉਹ ਕਹਿੰਦਾ, ਕਿਉਂæææਕਿਹਾ ਸੀ ਨਾ ਤੈਨੂੰ, ਕਿ ਤੂੰ ਟੈਕਸੀ ਨ੍ਹੀਂ ਚਲਾਉਣੀ। ਮੈਂ ਕਿਹਾ, ਮੈਂ ਘਰ ਖਰੀਦਿਆ, ਟੈਕਸੀ ਦੀ ਕਮਾਈ ਨਾਲ ਸਰਦਾ ਨ੍ਹੀਂ, ਵੀਕਐਂਡ ‘ਤੇ ਟੈਕਸੀ ਚਲਾ ਲਿਆ ਕਰੂੰ। ਉਦੋਂ ਮਿੱਲ ਵਿਚ ਸੱਤ ਡਾਲਰ ਘੰਟਾ ਮਿਲਦੇ ਸੀ। ਸਾਰੇ ਹੋਰ ਬੈਨੀਫਿਟ ਹੁੰਦੇ ਸੀ। ਟੈਕਸੀ ‘ਚ ਬਾਰ੍ਹਾਂ ਘੰਟਿਆਂ ਦੀ ਸ਼ਿਫਟ ਵਿਚ ਸੱਠ-ਪੈਂਹਟ ਡਾਲਰ ਬਣਦੇ ਹੁੰਦੇ ਸੀ ਤੇ ਉਹਦਾ ਅੱਧ ਤੀਹ ਕੁ ਡਾਲਰ ਘਰੇ ਲਿਆਉਂਦੇ ਸੀ। ਕੋਈ ਬੈਨੀਫਿਟ ਨਹੀਂ ਸੀ ਹੁੰਦਾ। ਹਾਲੇ ਮੈਂ ਪੰਜ-ਛੇ ਵੀਕਐਂਡ ਹੀ ਟੈਕਸੀ ਚਲਾਈ ਹੋਣੀ ਐ ਕਿ ਟੈਕਸੀ ਦਫ਼ਤਰ ਦੇ ਮੂਹਰੇ ਕੰਪਨੀ ਦੇ ਬੈਂਕਰਪਟ ਹੋਣ ਦਾ ਵੱਡਾ ਨੋਟਿਸ ਟੰਗਿਆ ਦੇਖਿਆ। ਉਨ੍ਹਾਂ ਦਿਨਾਂ ‘ਚ ਉਸ ਟੈਕਸੀ ਕੰਪਨੀ ਵਿਚ ਆਪਣੇ ਚਾਰ ਪੰਜਾਬੀ ਮੁੰਡੇ ਟੈਕਸੀ ਲੀਜ਼ ਕਰਦੇ ਹੁੰਦੇ ਸੀ। ਇੱਕ ਸਹੋਤਾ ਫੈਮਿਲੀ ‘ਚੋਂ ਸੀ ਜਿਹੜੇ ਐਬਸਫੋਰਡ ਵਿਚ ਗਾਜਰਾਂ ਉਗਾਉਂਦੇ ਆ। ਅਵਤਾਰ ਸੀ, ਸ਼ੋਕਰ ਸੀ, ਗੈਰੀ ਰਖਰਾ ਸੀ, ਇੱਕ ਗੋਰਾ ਸੀ ਡੇਵ ਯੰਗ। ਇਨ੍ਹਾਂ ਨੇ ਮੀਟਿੰਗ ਕਰ ਕੇ ਸਲਾਹ ਬਣਾਈ ਤੇ ਵਿਕਟੋਰੀਆ ਚਲੇ ਗਏ ਮੋਟਰ ਕਰੀਅਰ ਕਮਿਸ਼ਨ ਕੋਲ। ਉਨ੍ਹਾਂ ਨੂੰ ਦੋ ਲਾਈਸੈਂਸ ਮਿਲ ਗਏ। ਉਨ੍ਹਾਂ ਨੇ ਕੰਪਨੀ ਸ਼ੁਰੂ ਕਰ ਲਈ, ਤੇ ਨਾਂ ਰੱਖ ਲਿਆ ਸਰਡੈਲ ਟੈਕਸੀ। ਫਿਰ ਇਨ੍ਹਾਂ ਨੇ ਬੇਸਮੈਂਟ ਵਿਚੋਂ ਕੰਮ ਸ਼ੁਰੂ ਕਰ ਦਿੱਤਾ। ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿ ਘਰੋਂ ਬਿਜ਼ਨੈਸ ਕਰਦੇ ਆ। ਫਿਰ ਉਨ੍ਹਾਂ ਨੂੰ ਕਿੰਗ ਜੌਰਜ ‘ਤੇ 107 ‘ਤੇ ਆਫਿਸ ਲੈਣਾ ਪਿਆ। ਮੈਂ ਫਿਰ 1977 ਵਿਚ ਡੇਵ ਯੰਗ ਵਾਸਤੇ ਪਾਰਟ ਟਾਈਮ ਟੈਕਸੀ ਚਲਾਉਣ ਲੱਗ ਪਿਆ। ਉਦੋਂ ਤੱਕ ਉਨ੍ਹਾਂ ਕੋਲ ਬਾਰਾਂ ਟੈਕਸੀਆਂ ਹੋ ਗਈਆਂ ਸਨ। 1979 ਵਿਚ ਮੇਰੀ ਮਿੱਲ ਰੈਨੋਵੇਸ਼ਨ ਵਾਸਤੇ ਬੰਦ ਹੋ ਗਈ। ਮੇਰਾ ਇੱਕ ਜੀਅ ਕਰੇ, ਬਈ ਰਿਚਮੰਡ ਪਲਾਈ ਵੁੱਡ ਮਿੱਲ ਵਿਚ ਆਪਣਾ ਸ਼ੇਅਰ ਖਰੀਦ ਲਵਾਂ। ਉਦੋਂ ਉਸ ਦਾ ਸ਼ੇਅਰ ਮੈਨੂੰ ਬਾਈ ਹਜ਼ਾਰ ਡਾਲਰ ਵਿਚ ਮਿਲਦਾ ਸੀ। ਫਿਰ ਸੋਚ-ਸੋਚ ਕੇ ਸਾਢੇ ਅੱਠ ਹਜ਼ਾਰ ਡਾਲਰ ਵਿਚ ਡੇਢ ਟੈਕਸੀ ਖਰੀਦ ਲਈ। ਅੱਧਾ ਸ਼ੇਅਰ ਪਿਛੋਂ ਖਰੀਦ ਲਿਆ। ਮੇਰੇ ਕੋਲ ਦੋ ਟੈਕਸੀਆਂ ਹੋ ਗਈਆਂ। ਕੰਮ ਕਰਦੇ ਰਹੇ, ਫਿਰ ਤਿੰਨ ਟੈਕਸੀਆਂ ਕਰ ਲਈਆਂ। ਫਿਰ ਗੈਸ ਸਟੇਸ਼ਨ ਖਰੀਦ ਲਿਆ ਕਿਸੇ ਨਾਲ ਰਲ ਕੇ। ਉਥੇ ਟੈਕਸੀਆਂ ਨੂੰ ਗੈਸ ਪਾਈ ਜਾਣਾ, ਨਾਲੇ ਟੈਕਸੀਆਂ ਠੀਕ ਕਰਨੀਆਂ। ਮਿੱਲ ਵਿਚ ਵੀ ਕੰਮ ਕਰੀ ਜਾਣਾ। ਫਿਰ ਸਾਡੇ ਨੇੜੇ ਇੱਕ ਹੋਰ ਗੈਸ ਸਟੇਸ਼ਨ ਖੁੱਲ੍ਹ ਗਿਆ ਤੇ ਸਾਡਾ ਮੁਨਾਫਾ ਘਟ ਗਿਆ। ਮੈਂ ਆਪਣੀ ਭਾਈਵਾਲੀ ਕੱਢ ਲਈ। ਫਿਰ ਹੋਰ ਟੈਕਸੀਆਂ ਖਰੀਦ ਲਈਆਂ। ਇਉਂ ਮੇਰੇ ਕੋਲ ਪੰਜ ਟੈਕਸੀਆਂ ਹੋ ਗਈਆਂ। ਮੇਰੇ ਭਰਾ ਕੋਲ ਵੀ ਟੈਕਸੀਆਂ ਸੀ ਅਤੇ ਘਰਵਾਲੀ ਦੇ ਭਰਾਵਾਂ ਕੋਲ ਵੀ। ਸਾਡੇ ਪਰਿਵਾਰ ਦੀਆਂ ਹੀ ਦਸ-ਬਾਰਾਂ ਟੈਕਸੀਆਂ ਸੀ। ਜਦੋਂ 90ਵਿਆਂ ਵਿਚ ਐਨæਡੀæਪੀæ ਦੀ ਸਰਕਾਰ ਬਣੀ ਤਾਂ ਇਨ੍ਹਾਂ ਨੇ ਕੁਝ ਨਵੇਂ ਰੂਲ ਬਣਾ ਦਿੱਤੇ ਕਿ ਡਰਾਈਵਰ ਨੂੰ ਘੱਟੋ-ਘੱਟ ਤਨਖਾਹ ਦੇਣੀ ਹੀ ਪਿਆ ਕਰੇਗੀ, ਭਾਵੇਂ ਟੈਕਸੀ ਵਿਚ ਕਿੰਨੀ ਵੀ ਘੱਟ ਕਮਾਈ ਕਿਉਂ ਨਾ ਹੋਵੇ! ਹੋਰ ਵੀ ਸਹੂਲਤਾਂ ਜਿਵੇਂ ਛੁੱਟੀਆਂ ਦੀ ਤਨਖਾਹ, ਮੈਡੀਕਲ ਤੇ ਹੋਰ। ਇਹ ਲਾਗੂ ਤਾਂ ਨਾ ਹੋਏ, ਪਰ ਅਸੀਂ ਡਰਦਿਆਂ ਨੇ ਇੱਕ-ਇੱਕ ਟੈਕਸੀ ਕੋਲ ਰੱਖ ਕੇ ਬਾਕੀ ਵੇਚ ਦਿੱਤੀਆਂ। ਮੈਂ 1981 ਵਿਚ ਹੀ ਕੰਪਨੀ ਦਾ ਪ੍ਰੈਜ਼ੀਡੈਂਟ ਬਣ ਗਿਆ ਸੀ।
ਉਦੋਂ ਦੀ ਹੀ ਇੱਕ ਹੋਰ ਗੱਲ ਦੱਸਦਾਂ। ਮੁੰਡਾ ਹੁੰਦਾ ਸੀ ਜਸਵੀਰ ਬੱਲ। ਉਹ ਰਾਤ ਨੂੰ ਪੱਗ ਬੰਨ੍ਹ ਕੇ ਟੈਕਸੀ ਚਲਾਉਣ ਲੱਗ ਪਿਆ। ਉਸ ਤੋਂ ਪਹਿਲਾਂ ਕੋਈ ਦੇਖਿਆ ਹੀ ਨਹੀਂ ਸੀ ਪੱਗ ਬੰਨ੍ਹ ਕੇ ਟੈਕਸੀ ਚਲਾਉਂਦਾ। ਗੋਰਿਆਂ ਦੀਆਂ ਸ਼ਿਕਾਇਤਾਂ ਬਹੁਤ ਆਉਣ ਲੱਗ ਪਈਆਂ, ਬਈ ਸਿਰ ‘ਤੇ ਰੈਗ ਬੰਨ੍ਹ ਕੇ ਟੈਕਸੀ ਚਲਾਈ ਜਾਂਦੇ ਆ। ਸਾਡੇ ਸ਼ੇਅਰ ਹੋਲਡਰ ਗੁੱਸੇ ਹੋਣ ਲੱਗ ਪਏ ਕਿ ਇਹਨੂੰ ਹਟਾਉਂਦਾ ਕਿਉਂ ਨ੍ਹੀਂ। ਸਾਡੇ ਮੁਕਾਬਲੇ ‘ਤੇ ਜਿਹੜੀ ਨਿਊਟਨ ਵਾਲ੍ਹੀ ਟੈਕਸੀ ਸੀ, ਉਹ ਤਿੰਨ ਗੋਰਿਆਂ ਕੋਲ ਸੀ। ਉਨ੍ਹਾਂ ਨੇ ਯੈਲੋ ਕੈਬ ਵਿਚੋਂ ਆਪਣੀਆਂ ਟੈਕਸੀਆਂ ਵੇਚ ਕੇ ਇਹ ਕੰਪਨੀ 79-80 ਵਿਚ ਖਰੀਦ ਲਈ ਸੀ। ਉਹ ਤਾਂ ਆਪਣੇ ਬੰਦੇ ਨੂੰ ਡਰਾਈਵਰ ਵੀ ਨਹੀਂ ਸੀ ਰੱਖਦੇ। ਮੈਂ ਕੰਪਨੀ ਦੇ ਵਕੀਲ ਨਾਲ ਗੱਲ ਕੀਤੀ। ਉਸ ਨੇ ਕੰਪਨੀ ਦਾ ਸੰਵਿਧਾਨ ਪੜ੍ਹ ਕੇ ਦੱਸਿਆ, ਬਈ ਅਸੀਂ ਉਸ ਨੂੰ ਹਟਾ ਨਹੀਂ ਸਕਦੇ, ਸਿਰਫ਼ ਬੇਨਤੀ ਕਰ ਸਕਦੇ ਹਾਂ। ਮੈਂ ਉਸ ਡਰਾਈਵਰ ਨੂੰ ਸੱਦ ਕੇ ਕਿਹਾ ਕਿ ਟੈਕਸੀ ਪੱਗ ਬੰਨ੍ਹ ਕੇ ਜੀਅ ਸਦਕੇ ਚਲਾ, ਪਰ ਜੇ ਤੂੰ ਦਿਨੇ ਚਲਾ ਲਿਆ ਕਰੇਂ? ਰਾਤ ਨੂੰ ਸ਼ਰਾਬੀ ਹੋਏ ਬੰਦੇ ਬਹੁਤੀਆਂ ਸ਼ਿਕਾਇਤਾਂ ਕਰਦੇ ਆ। ਚਲੋ ਜੀ, ਜਸਵੀਰ ਦਿਨੇ ਟੈਕਸੀ ਚਲਾਉਣ ਲੱਗ ਪਿਆ। ਤੇ ਮੈਂ ਉਧਰ ਡਾਊਨ-ਟਾਊਨ ਵਿਚ ਜਿਹੜੇ ਆਪਣੇ ਮੁੰਡੇ ਟੈਕਸੀ ਚਲਾਉਂਦੇ ਸੀ, ਉਨ੍ਹਾਂ ਨੂੰ ਉਤਸ਼ਾਹਤ ਕਰਨ ਲੱਗ ਪਿਆ ਕਿ ਪੱਗਾਂ ਬੰਨ੍ਹ ਕੇ ਟੈਕਸੀ ਚਲਾਓ। ਇਉਂ ਕੰਮ ਚਲਦਾ-ਚਲਦਾ ਖੁੱਲ੍ਹ ਗਿਆ।
***
ਏਅਰਪੋਰਟ ‘ਤੇ ਵੀ ਪਹਿਲਾਂ ਮੈਕਲੋਅਰ ਕੈਬ ਵਾਲੇ ਹੀ ਚੁੱਕਦੇ ਸਨ ਸਵਾਰੀਆਂ। ਮਿੰਟਗੋਮਰੀ ਸੀ ਉਸ ਕੰਪਨੀ ਦੇ ਮਾਲਕ ਦਾ ਨਾਂ। ਉਸ ਕੋਲ ਮੈਕਲੋਅਰ ਕੈਬ ਤੇ ਰਿਚਮੰਡ ਟੈਕਸੀਆਂ ਹੁੰਦੀਆਂ। ਜਦੋਂ ਸਵਾਰੀਆਂ ਵਧ ਜਾਂਦੀਆਂ, ਉਹ ਯੈਲੋ ਕੈਬ ਤੇ ਬਲੈਕ ਟਾਪ ਦੀਆਂ ਟੈਕਸੀਆਂ ਨੂੰ ਸੱਦ ਲੈਂਦੇ। ਫਿਰ ਜਦੋਂ ਬੌਨੀਜ਼ ਟੈਕਸੀ ਵਾਲਿਆਂ ਨੇ ਚੁੱਕਣ ਚੁੱਕਿਆ, ਬਈ ਏਅਰਪੋਰਟ ਇੰਟਰਨੈਸ਼ਨਲ ਹੈ, ਸਾਨੂੰ ਵੀ ਸਵਾਰੀਆਂ ਚੁੱਕਣ ਦੀ ਆਗਿਆ ਦਿਓ। ਏਅਰਪੋਰਟ ਵੱਲੋਂ ਬੌਨੀਜ਼ ਟੈਕਸੀ ਨੂੰ ਆਗਿਆ ਮਿਲ ਗਈ। ਮੈਕਲੋਵਰਸ, ਰਿਚਮੰਡ, ਯੈਲੋ ਕੈਬ ਤੇ ਬਲੈਕਟਾਪ ਵਾਲਿਆਂ ਨੇ ਏਅਰਪੋਰਟ ਦਾ ਬਾਈਕਾਟ ਕਰ ਦਿੱਤਾ। ਬੌਨੀਜ਼ ਟੈਕਸੀ ਲਈ ਕੰਮ ਜ਼ਿਆਦਾ ਸੀ, ਉਨ੍ਹਾਂ ਮੈਨੂੰ ਫੋਨ ਕੀਤਾ। ਮੈਂ ਪ੍ਰੈਜ਼ੀਡੈਂਟ ਸੀ। ਅਸੀਂ ਵੀ ਆਪਣੀਆਂ ਟੈਕਸੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਦੋ ਕੁ ਹਫ਼ਤਿਆਂ ‘ਚ ਕੰਮ ਚੱਲ ਪਿਆ। ਫਿਰ ਬਾਈਕਾਟ ਵਾਲੀਆਂ ਟੈਕਸੀਆਂ ਵੀ ਆਉਣ ਲੱਗ ਪਈਆਂ। ਏਅਰਪੋਰਟ ‘ਤੇ ਜਦੋਂ ਕਿਸੇ ਸਵਾਰੀ ਨੇ ਆਖਣਾ, ਬਈ ਮੈਨੂੰ ਗੋਰਾ ਡਰਾਈਵਰ ਚਾਹੀਦਾ ਹੈ ਤਾਂ ਕਮਿਸ਼ਨਰ ਨੇ ਸਵਾਰੀ ਨੂੰ ਆਖਣਾ ਕਿ ਉਡੀਕ ਕਰੀ ਚੱਲੋ, ਜਦੋਂ ਕੋਈ ਗੋਰਾ ਡਰਾਈਵਰ ਆ ਗਿਆ, ਉਸ ਨਾਲ ਬੈਠ ਜਾਇਓ। ਉਡੀਕ-ਅੱਕ ਕੇ ਸਵਾਰੀ ਨੇ ਜਿਹੜੀ ਟੈਕਸੀ ਮੂਹਰੇ ਹੋਣੀ, ਉਸ ਵਿਚ ਬੈਠ ਜਾਣਾ। ਇਸ ਤਰ੍ਹਾਂ ਇਹ ਕੰਮ ਵੀ ਚੱਲ ਪਿਆ। ਇਵੇਂ ਕੰਪਨੀ ਵਿਚ ਕਈ ਗੋਰੇ ਡਿਸਪੈਚਰਾਂ ਨੇ ਵਧੀਆ ਜਾਂ ਲੰਮਾ ਟ੍ਰਿੱਪ ਗੋਰੇ ਡਰਾਈਵਰਾਂ ਨੂੰ ਦੇ ਦੇਣਾ, ਤੇ ਬਹਾਨਾ ਬਣਾ ਦੇਣਾ, ਬਈ ਸਵਾਰੀ ਗੋਰਾ ਡਰਾਈਵਰ ਚਾਹੁੰਦੀ ਸੀ। ਫਿਰ ਜਦੋਂ ਅਸੀਂ ਵਾਹਵਾ ਗਿਣਤੀ ਵਿਚ ਹੋ ਗਏ, ਇਹ ਰੂਲ ਹੀ ਬਣਾ ਦਿੱਤਾ ਕਿ ਅਜਿਹੀ ਸਵਾਰੀ ਨੂੰ ਟੈਕਸੀ ਭੇਜਣੀ ਹੀ ਨਹੀਂ।
***
ਬਰਨਬੀ ਦੀ ਬੌਨੀਜ਼ ਟੈਕਸੀ ‘ਚ ਦੋ ਧੜੇ ਸੀ। ਖਹਿਬਾਜ਼ੀ ‘ਚ ਹੀ ਉਥੇ ਕਤਲ ਹੋ ਗਿਆ ਤੇ ਕੋਰਟ ਨੇ ਹੁਕਮ ਦੇ ਦਿੱਤਾ ਕਿ ਇਕ ਧੜਾ ਹੀ ਰਹੇ। ਸੋ, ਇਕ ਧੜਾ ਆਪਣੀਆਂ ਟੈਕਸੀਆਂ ਵੇਚ ਕੇ ਸਰੀ ਆ ਗਿਆ। ਉਨ੍ਹਾਂ ਇਥੇ ਆ ਕੇ ਨਿਊਟਨ ਵਾਲ੍ਹੀ ਟੈਕਸੀ ਵਿਚ ਟੈਕਸੀਆਂ ਖਰੀਦ ਲਈਆਂ। ਹੌਲੀ-ਹੌਲੀ ਉਨ੍ਹਾਂ ਨੇ, ਜਿਹੜੇ ਤਿੰਨੇ ਗੋਰੇ ਕਾਬਜ਼ ਸੀ, ਉਨ੍ਹਾਂ ਤੋਂ ਸਾਰੀਆਂ ਟੈਕਸੀਆਂ ਖਰੀਦ ਲਈਆਂ। ਫਿਰ 1990ਵਿਆਂ ਦੇ ਸ਼ੁਰੂ ਵਿਚ ਸਰੀ ਵਿਚ ਇਕ ਹੋਰ ਟੈਕਸੀ ਕੰਪਨੀ ਗਿਲਫਰਡ ਕੈਬ ਸ਼ੁਰੂ ਹੋ ਗਈ। ਗਿਲਫਰਡ ਟੈਕਸੀ ਨੂੰ 25 ਲਾਈਸੈਂਸ ਮਿਲੇ ਸੀ। ਇੱਕ ਬੰਦਾ ਮੂਹਰੇ ਸੀ ਤੇ ਉਸ ਨਾਲ ਕੁਝ ਹੋਰ ਸਾਈਲੈਂਟ ਸ਼ੇਅਰ ਹੋਲਡਰ ਵੀ ਸਨ। ਅਸੀਂ ਕੋਸ਼ਿਸ਼ ਕਰਦੇ ਸੀ ਕਿ ਸਾਈਲੈਂਟ ਸ਼ੇਅਰ ਹੋਲਡਰਾਂ ਲੱਭ ਕੇ ਕੋਸ਼ਿਸ਼ ਕਰੀਏ ਕਿ ਕੋਈ ਨਵੀਂ ਕੰਪਨੀ ਨਾ ਖੁੱਲ੍ਹੇ, ਪਰ ਆਗੂ ਬੰਦੇ ਨਾਲ ਸੋਸ਼ਲ ਕਰੈਡਿਟ ਪਾਰਟੀ ਦੇ ਬੰਦੇ ਸੀ। ਉਦੋਂ ਸੋਸ਼ਲ ਕਰੈਡਿਟ ਪਾਰਟੀ ਦਾ ਰਾਜ ਸੀ, ਬੀæਸੀæ ਵਿਚ। ਹੋਰ ਵੀ ਕਈ ਰਾਜਨੈਤਿਕ ਕਾਰਨ ਸਨ, ਖੈਰ!
ਸਾਡੀ ਟੈਕਸੀ ਕੰਪਨੀ ਨੇ ਤਰੱਕੀ ਬਹੁਤ ਕੀਤੀ ਹੈ। ਹੁਣ ਸਾਡੀ ਕੰਪਨੀ ਕੋਲ 69 ਟੈਕਸੀਆਂ ਹਨ। ਮੈਂ ਪਹਿਲੀ ਵਾਰ 1981 ਵਿਚ ਪ੍ਰੈਜ਼ੀਡੈਂਟ ਬਣਿਆ ਤੇ ਫਿਰ ਜਿੰਨੀ ਵਾਰ ਵੀ ਪ੍ਰੈਜ਼ੀਡੈਂਟ ਚੁਣਿਆ ਗਿਆ, ਹਰ ਵਾਰ ਪੰਜ-ਸੱਤ ਨਵੇਂ ਲਾਈਸੈਂਸ ਇਸ਼ੂ ਕਰਵਾਏ ਆ। ਮੈਂ ਗੋਰੇ ਮਨੇਜਰ ਰੱਖਦਾ ਸੀ। ਉਦੋਂ ਆਪਣੇ ਮੁੰਡੇ ਹੁੰਦੇ ਵੀ ਘੱਟ ਸੀ ਤੇ ਦਿਮਾਗ ਵਿਚ ਇਹ ਵੀ ਗੱਲ ਹੁੰਦੀ ਸੀ ਕਿ ਗੋਰੇ ਮੈਨੇਜਰ ਮੂਹਰੇ ਕਰ ਕੇ ਕੰਮ ਨੂੰ ਹੋਰ ਵਧਾਇਆ ਜਾ ਸਕਦਾ ਹੈ, ਪਰ ਹੁਣ ਆਪਣੇ ਮੁੰਡੇ ਬਥੇਰੇ ਐ। ਵੈਨਕੂਵਰ ਏਰੀਏ ਵਿਚ ਸਾਡੀ ਕੰਪਨੀ ਨੇ ਕਰੈਡਿਟ ਕਾਰਡ ਲੈਣ ਦੀ ਸ਼ੁਰੂਆਤ ਕੀਤੀ ਸੀ 1980 ਵਿਚ। ਉਸ ਤੋਂ ਪਹਿਲਾਂ ਕੈਸ਼ ਹੀ ਚੱਲਦਾ ਸੀ। ਜਦੋਂ ਸਾਡੀ ਕੰਪਨੀ ਕਰੈਡਿਟ ਕਾਰਡ ਲੈਣ ਲੱਗੀ ਤਾਂ ਵੈਨਕੂਵਰ ਤੋਂ ਵੀ ਬਹੁਤ ਲੋਕ ਸਾਡੀ ਟੈਕਸੀ ਸੱਦਣ ਲੱਗ ਪਏ। ਫਿਰ ਦੇਖਾ-ਦੇਖੀ ਦੂਜੀਆਂ ਕੰਪਨੀਆਂ ਵੀ ਕਰੈਡਿਟ ਕਾਰਡ ਲੈਣ ਲੱਗ ਪਈਆਂ। ਇਉਂ ਭਾਈ ਚੱਲੀ ਗਿਆ। ਫਿਰ 2006 ਵਿਚ ਮੇਰੀ ਮਿੱਲ ਬੰਦ ਹੋ ਗਈ। ਹੁਣ ਆਪਾਂ ਪੱਕੇ ਹੀ ਟੈਕਸੀ ‘ਚ ਆਂ। ਰਾਤ ਨੂੰ ਲੀਜ਼ ‘ਤੇ ਦਿੱਤੀ ਵੀ ਐ। ਕਈ ਵਾਰ ਮੁੰਡਿਆਂ ਨੂੰ ਕਿਹਾ ਕਿ ਕੁਝ ਸਾਹ ਦਿਵਾ ਦਿਆ ਕਰੋ, ਪਰ ਇਥੋਂ ਦੀ ਪੀੜ੍ਹੀ ਮੰਨਦੀ ਐ?