ਰੌਸ਼ਨੀ ਖੇਤਲ
ਪ੍ਰਿਯਾ ਕੌਰ ਨਿੱਝਰ-ਢਿੱਲੋਂ ਨੇ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ (10 ਦਸੰਬਰ) ਨੂੰ ਆਪਣਾ ਨਵਾਂ ਗੀਤ ‘ਰੱਬਾ ਤੇਰੀ ਜੁਗਨੀ’ ਰਿਲੀਜ਼ ਕੀਤਾ ਹੈ। ਰੋਮੀ ਬੈਂਸ ਵੱਲੋਂ ਲਿਖੇ ਇਸ ਗੀਤ ਵਿਚ ਧੀਆਂ ਦਾ ਦਰਦ ਬਿਆਨ ਕੀਤਾ ਗਿਆ ਹੈ ਜੋ ਭਰੂਣ ਹੱਤਿਆ, ਦਹੇਜ ਅਤੇ ਘਰੇਲੂ ਹਿੰਸਾ ਵਰਗੀਆਂ ਅਲਾਮਤਾਂ ਨਾਲ ਦੋ-ਚਾਰ ਹੋ ਰਹੀਆਂ ਹਨ।
ਐਚæ ਗੁੱਡੂ ਦੇ ਸੰਗੀਤ ਨਿਰਦੇਸ਼ਨ ਵਿਚ ਤਿਆਰ ਇਸ ਗੀਤ ਲਈ ਸੁਰਜੀਤ ਪਾਤਰ, ਡਾæ ਹਰਸ਼ਿੰਦਰ ਕੌਰ, ਭਗਵੰਤ ਮਾਨ ਅਤੇ ਪੱਤਰਕਾਰ ਸੁਰਿੰਦਰ ਸਿੰਘ ਨੇ ਆਪਣੀ ਆਵਾਜ਼ ਦਿੱਤੀ ਹੈ।
ਪ੍ਰਿਯਾ ਕੌਰ ਅੱਜ ਕੱਲ੍ਹ ਕੈਨੇਡਾ ਵੱਸਦੀ ਹੈ। ਉਸ ਦੀ ਪਹਿਲੀ ਐਲਬਮ ਮਹਿੰਦੀ ਵਾਲੇ ਪੈਰ ਲੁਧਿਆਣਾ ਵਿਚ 1992 ਨੂੰ ਰਿਲੀਜ਼ ਹੋਈ ਸੀ। ਆਪਣੀ ਪੁਰਸੋਜ਼ ਆਵਾਜ਼ ਅਤੇ ਅੰਦਾਜ਼ ਨਾਲ ਉਹ ਤੁਰੰਤ ਸੰਗੀਤ ਦੀ ਦੁਨੀਆਂ ਵਿਚ ਪਹਿਲੀ ਕਤਾਰ ਵਿਚ ਆਣ ਖਲੋਤੀ ਅਤੇ ਅਗਲੇ ਹੀ ਸਾਲ ਉਸ ਨੇ ਸੁਰਜੀਤ ਬਿੰਦਰੱਖੀਆ ਤੇ ਦਿਲਸ਼ਾਦ ਅਖਤਰ ਨਾਲ ਉਤਰੀ ਅਮਰੀਕਾ ਦਾ ਸਫਲ ਦੌਰਾ ਕੀਤਾ। ਇਸ ਤੋਂ ਬਾਅਦ ਤਾਂ ਫਿਰ ਚੱਲ ਸੋ ਚੱਲ! ਉਸ ਨੇ ਹੰਸ ਰਾਜ ਹੰਸ, ਹਰਭਜਨ ਮਾਨ, ਸਰਦੂਲ ਸਿਕੰਦਰ, ਦੇਬੀ ਮਖਸੂਸਪੁਰੀ ਅਤੇ ਕਈ ਹੋਰ ਗਾਇਕਾਂ ਨਾਲ ਸਟੇਜ ਸਾਂਝੀ ਕੀਤੀ। ਇਹੀ ਨਹੀਂ, ਉਸ ਨੇ ਫਿਲਮਾਂ ਲਈ ਵੀ ਗੀਤ ਗਾਏ। ਪਿਛੇ ਜਿਹੇ ਉਸ ਦੀ ਸਾਹਿਤਕ ਨਜ਼ਮਾਂ ਨਾਲ ਸਜੀ ਐਲਬਮ ‘ਨਜ਼ਮਾਂ’ ਨੇ ਸਭ ਦਾ ਧਿਆਨ ਖਿੱਚਿਆ ਸੀ। ਇਸ ਐਲਬਮ ਦੇ ਗੀਤ ਮਸ਼ਹੂਰ ਸ਼ਾਇਰ ਰਵਿੰਦਰ ਸਹਿਰਾਅ ਅਤੇ ਸਾਧੂ ਬਿਨਿੰਗ ਨੇ ਲਿਖੇ ਹੋਏ ਹਨ। ਇਸ ਤੋਂ ਇਲਾਵਾ ਉਸ ਦੀਆਂ ‘ਦਿਨ ਸ਼ਗਨਾਂ ਦਾ’ ਅਤੇ ‘ਨਿਸ਼ਾਨੀ’ ਐਲਬਮਾਂ ਵੀ ਰਿਲੀਜ਼ ਹੋਈਆਂ। ਸੰਗੀਤ ਦੀ ਦੁਨੀਆਂ ਵਿਚ ਪ੍ਰਿਯਾ ਕੌਰ ਪੱਕੇ ਪੈਰੀਂ ਆਈ ਸੀ। ਇਸ ਖੇਤਰ ਵਿਚ ਪੈਰ ਪਾਉਣ ਲਈ ਉਸ ਨੇ ਕਲਾਸੀਕਲ ਸੰਗੀਤ ਵਿਚ ਮੁਹਾਰਤ ਹਾਸਲ ਕੀਤੀ ਅਤੇ ਹੁਣ ਉਹ ਆਗਰਾ ਘਰਾਣੇ ਦੇ ਉਸਤਾਦ ਐਲ਼ਡੀæ ਪਰਦੇਸੀ ਦੀ ਵਿਰਾਸਤ ਨੂੰ ਅਗਾਂਹ ਤੋਰ ਰਹੀ ਹੈ। ਉਸ ਦੇ ਕਰੀਅਰ ਨੂੰ ਚਾਰ ਚੰਨ ਲਗਾਉਣ ਵਿਚ ਉਸ ਦੇ ਖਾਵੰਦ ਡਾæ ਹਰਬਿੰਦਰ ਸਿੰਘ ਢਿੱਲੋਂ ਦਾ ਵੱਡਾ ਯੋਗਦਾਨ ਹੈ। ਉਹ ਅਮਰੀਕਾ ਦੀ ਡੈਲ ਸਟੇਟ ਯੂਨੀਵਰਸਿਟੀ (ਡੇਵਰ) ਵਿਖੇ ਨਿਊਰੋ-ਸਾਇੰਟਿਸਟ ਹੈ। ਇਸੇ ਯੂਨੀਵਰਸਿਟੀ ਵਿਚ ਪ੍ਰਿਯਾ ਕੌਰ ਵੀ ਸੰਗੀਤ ਦੀ ਸਹਾਇਕ ਪ੍ਰੋਫੈਸਰ ਨਿਯੁਕਤ ਹੈ।
1993 ਵਿਚ ਵੈਨਕੂਵਰ ਤੇ ਟੋਰਾਂਟੋ (ਕੈਨੇਡਾ) ਤੋਂ ਲੈ ਕੇ 2015 ਵਿਚ ਬਾਲਟੀਮੋਰ (ਅਮਰੀਕਾ) ਤੱਕ ਪ੍ਰਿਯਾ ਕੌਰ ਨੇ ਕਈ ਲਾਈਵ ਸ਼ੋਅ ਕੀਤੇ ਹਨ ਅਤੇ ਇਨ੍ਹਾਂ ਸ਼ੋਅਜ਼ ਦੌਰਾਨ ਉਸ ਨੇ ਆਪਣੇ ਵਿਲੱਖਣ ਗਾਇਨ, ਅਦਾ ਅਤੇ ਆਵਾਜ਼ ਦਾ ਲੋਹਾ ਮਨਵਾਇਆ ਹੈ। ਪ੍ਰਿਯਾ ਕੌਰ ਕੈਨੇਡਾ ਅਤੇ ਅਮਰੀਕਾ ਤੋਂ ਇਲਾਵਾ ਇੰਗਲੈਂਡ, ਸਪੇਨ ਅਤੇ ਕਈ ਹੋਰ ਮੁਲਕਾਂ ਵਿਚ ਆਪਣੇ ਫਨ ਦਾ ਮੁਜ਼ਾਹਰਾ ਕਰ ਚੁੱਕੀ ਹੈ। ਉਹ ਆਖਦੀ ਹੈ ਕਿ ਸਮਾਜਕ ਸਰੋਕਾਰਾਂ ਨਾਲ ਜੁੜੇ ਸੁਨੇਹੇ ਨੂੰ ਸੰਗੀਤ ਵਿਚ ਪਰੋ ਕੇ ਲੋਕਾਂ ਤੱਕ ਅਪੜਾਉਣ ਨਾਲ ਉਸ ਨੂੰ ਜੋ ਖੁਸ਼ੀ ਮਿਲਦੀ ਹੈ, ਉਸ ਦਾ ਕੋਈ ਪਾਰਾਵਾਰ ਨਹੀਂ ਹੈ।