ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਲੰਧਰ ਵਿਚ ਪਰਵਾਸੀ ਪੰਜਾਬੀ ਸੰਮੇਲਨ ਦੌਰਾਨ ਕੀਤੀਆਂ ਬੇਬਾਕ ਟਿੱਪਣੀਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਦਰ ਚੱਲ ਰਹੀ ਖਿੱਚੋਤਾਣ ਜੱਗ ਜ਼ਾਹਿਰ ਕਰ ਦਿੱਤੀ ਹੈ। ਸ਼ ਬਾਦਲ ਨੇ ਜਨਤਕ ਤੌਰ ‘ਤੇ ਆਪਣੇ ਪੁੱਤਰ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਨੂੰ ਖਰੀਆਂ ਖਰੀਆਂ ਸੁਣਾਉਣ ਤੋਂ ਬਾਅਦ ਮਾਝੇ ਦੇ ਕੱਦਾਵਰ ਆਗੂ ਤੇ ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਅੰਮ੍ਰਿਤਸਰ ਛੱਡ ਕੇ ਚੰਡੀਗੜ੍ਹ ਵਿਚ ਹਾਜ਼ਰੀ ਵਧਾਉਣ ਤੇ ਪਾਰਟੀ ਵਿਚ ਸਰਗਰਮੀ ਨਾਲ ਕੰਮ ਕਰਨ ਲਈ ਕਿਹਾ ਸੀ।
ਉਂਜ, ਸਿਆਸੀ ਹਲਕਿਆਂ ਵਿਚ ਇਹ ਚਰਚਾ ਵੀ ਚੱਲ ਪਈ ਹੈ ਕਿ ਇਹ ਝਿੜਕਾਂ ਅਸਲੀ ਸਨ ਜਾਂ ਨਕਲੀ; ਕਿਉਂਕਿ ਸ਼ ਬਾਦਲ ਨੇ ਸੁਖਬੀਰ ਅਤੇ ਬਿਕਰਮ ਨੂੰ ਸਰਕਾਰ ਅਤੇ ਪਾਰਟੀ ਵਿਚ ਜਿੰਨੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ, ਉਸ ਤੋਂ ਇਹੀ ਜਾਪਦਾ ਹੈ ਕਿ ਇਹ ਝਿੜਕਾਂ ਇਨ੍ਹਾਂ ਆਗੂਆਂ ਦੀ ਸਿਆਸੀ ਬੁਰਛਾਗਰਦੀ ਖਿਲਾਫ ਉਠੇ ਤੂਫਾਨ ਨੂੰ ਮੱਠਾ ਕਰਨ ਲਈ ਹੀ ਮਾਰੀਆਂ ਗਈਆਂ ਹਨ। ਜੇ ਸ਼ ਬਾਦਲ ਸੱਚਮੁੱਚ ਅਜਿਹਾ ਸੋਚਦੇ ਹੁੰਦੇ ਤਾਂ ਉਨ੍ਹਾਂ ਨੂੰ ਇਨ੍ਹਾਂ ਨੌਜਵਾਨ ਆਗੂਆਂ ਵੱਲੋਂ ਸ਼ਰੇਆਮ ਕੀਤੀਆਂ ਜਾ ਰਹੀਆਂ ਬੁਰਛਾਗਰਦ ਕਾਰਵਾਈਆਂ ਉਤੇ ਲਗਾਮ ਕੱਸਣੀ ਚਾਹੀਦੀ ਸੀ।
ਦੂਜੇ ਬੰਨੇ, ਸ਼ ਬਾਦਲ ਨੇ ਭਾਵੇਂ ਬਾਅਦ ਵਿਚ ਇਨ੍ਹਾਂ ਤਿੱਖੀਆਂ ਟਿੱਪਣੀਆਂ ਨੂੰ ਹਾਸੇ-ਖਾਤੇ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੁਫਤਗੂ ਦੌਰਾਨ ਵੀ ਉਨ੍ਹਾਂ ਸਪਸ਼ਟ ਕਰਨ ਦਾ ਯਤਨ ਕੀਤਾ ਕਿ ਉਹ ਦਿਲ ਦੀਆਂ ਹੀ ਗੱਲਾਂ ਹਨ, ਇਨ੍ਹਾਂ ਦਾ ਕੋਈ ਸਿਆਸੀ ਮਤਲਬ ਨਾ ਕੱਢਿਆ ਜਾਵੇ; ਪਰ ਸਿਆਸੀ ਮਾਹਿਰਾਂ ਮੁਤਾਬਕ ਰਵਾਇਤੀ ਅਕਾਲੀ ਲੀਡਰਸ਼ਿਪ ਦਾ ‘ਸੁਖਬੀਰ ਮਾਰਕਾ ਸਿਆਸਤ’ ਵਿਚ ਦਮ ਘੁਟ ਰਿਹਾ ਹੈ। ਇਸ ਤੱਥ ਦੀ ਪੁਸ਼ਟੀ ਉਸ ਦਿਨ ਵੀ ਹੋਈ ਸੀ ਜਦੋਂ ਵਿਧਾਨ ਸਭਾ ਵਿਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਸ਼ਰੇਆਮ ਗਾਲਾਂ ਕੱਢੀਆਂ ਜਾ ਰਹੀਆਂ ਤਾਂ ਸ਼ ਬਾਦਲ ਬੋਲਣ ਲਈ ਉਠਣ ਹੀ ਲੱਗੇ ਸਨ ਕਿ ਪਰ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਰੋਕ ਦਿੱਤਾ ਸੀ।
ਸਿਆਸੀ ਮਾਹਿਰਾਂ ਮੁਤਾਬਕ ਹੁਣ ਭਾਵੇਂ ਭਲਾ ਵੇਲਾ ਲੰਘ ਚੁੱਕਾ ਹੈ ਪਰ ਸ਼ ਬਾਦਲ ਵੱਲੋਂ ਖੁੱਲ੍ਹੇਆਮ ਰਵਾਇਤੀ ਅਕਾਲੀ ਪੈਂਤੜਾ ਮੱਲਣ ਨਾਲ ਇਕ ਵਾਰ ਅਕਾਲੀ ਸਿਆਸਤ ਅੰਦਰ ਹਲਚਲ ਜ਼ਰੂਰ ਪੈਦਾ ਹੋ ਗਈ ਹੈ। ਸ਼ ਸੁਖਬੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੇ ਸਾਰੀਆਂ ਪ੍ਰਸ਼ਾਸਕੀ ਲਗਾਮਾਂ ਆਪਣੇ ਹੱਥ ਕਰ ਲੈਣ ਅਤੇ ਸ਼ ਬਿਕਰਮ ਸਿੰਘ ਮਜੀਠੀਆ ਦੇ ਨਵੀਂ ਸਰਕਾਰ ਵਿਚ ਹਾਵੀ ਹੋਣ ਤੋਂ ਬਾਅਦ ਸਾਹਮਣੇ ਆਏ ਨਤੀਜਿਆਂ ਨਾਲ ਟਕਸਾਲੀ ਆਗੂ ਹੱਕੇ-ਬੱਕੇ ਰਹਿ ਗਏ ਹਨ। ਉਂਜ, ਇਨ੍ਹਾਂ ਵਿਚੋਂ ਕੋਈ ਵੀ ਕਦੀ ਕੁਝ ਨਹੀਂ ਬੋਲਿਆ। ਕੁਝ ਆਗੂਆਂ ਨੇ ਤਾਂ ਭਾਣਾ ਮੰਨਦਿਆਂ ਆਪੋ-ਆਪਣੇ ਧੀਆਂ-ਪੁੱਤਾਂ ਲਈ ਥਾਂਵਾਂ ਰਾਖਵੀਆਂ ਕਰਵਾ ਲਈਆਂ।
ਯਾਦ ਰਹੇ ਕਿ ਪਿਛਲੇ ਇਕ ਦਹਾਕੇ ਤੋਂ ਇਸ ਸਬੰਧੀ ਜੱਦੋਜਹਿਦ ਚੱਲ ਰਹੀ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਰਵਾਇਤੀ ਲੀਡਰਸ਼ਿਪ ਪੂਰੀ ਤਰ੍ਹਾਂ ਹਾਸ਼ੀਏ ਉੱਪਰ ਧੱਕੀ ਗਈ ਹੈ। ਇਸ ਨੇ ਕਦੀ ਵੀ ਅਗਲੀ ਪੀੜ੍ਹੀ ਨਾਲ ਟੱਕਰ ਲੈਣ ਦੀ ਹਿੰਮਤ ਨਾ ਵਿਖਾਈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਕਦਰਾਂ ਕੀਮਤਾਂ ਅਤੇ ਸਿਆਸੀ ਸਿਧਾਂਤ ‘ਤੇ ਸੁਖਬੀਰ ਦੀ ਮਨਮਰਜ਼ੀ ਵਾਲੀ ਸਿਆਸਤ ਭਾਰੂ ਹੋ ਗਈ ਜਿਸ ਕਰ ਕੇ ਪਾਰਟੀ ਵਿਚ ਜਰਾਇਮ ਪੇਸ਼ਾ ਤੇ ਵਪਾਰਕ ਬਿਰਤੀਆਂ ਵਾਲੇ ਉਹ ਲੋਕ ਧੜਾਧੜ ਸ਼ਾਮਲ ਹੋ ਗਏ ਜੋ ਸਰਕਾਰੀ ਸਰਪ੍ਰਸਤੀ ਹੇਠ ਰਾਤੋ-ਰਾਤ ਅਮੀਰ ਬਣਨਾ ਲੋਚਦੇ ਸਨ।
ਉਂਜ, ਸ਼ ਪ੍ਰਕਾਸ਼ ਸਿੰਘ ਬਾਦਲ ਨੇ ਤਿੱਖੀਆਂ ਟਿੱਪਣੀਆਂ ਕਰ ਕੇ ਸੰਕੇਤ ਦਿੱਤਾ ਕਿ ਰਵਾਇਤੀ ਅਕਾਲੀ ਸਿਆਸਤ ਦੇ ਦਿਨ ਅਜੇ ਪੁੱਗੇ ਨਹੀਂ ਤੇ ਉਹ ਖੁਦ ਇਸ ਸਿਆਸਤ ਦੇ ਥੰਮ ਬਣ ਕੇ ਖੜ੍ਹੇ ਹਨ। ਸ਼ ਬਾਦਲ ਨੇ ਅਕਾਲੀ ਦਲ ਦੇ ਆਜ਼ਾਦੀ, ਜਮਹੂਰੀਅਤ ਤੇ ਲੋਕ ਹਮਾਇਤੀ ਸੰਘਰਸ਼ਾਂ ਦਾ ਬਿਆਨ ਕਰ ਕੇ ਸੁਖਬੀਰ ਮਾਡਲ ਵਾਲੀ ਸਿਆਸਤ ‘ਤੇ ਵਾਰ ਕੀਤਾ। ਉਨ੍ਹਾਂ ਟਕਸਾਲੀ ਆਗੂਆਂ ਵੱਲੋਂ ਕੈਦਾਂ ਕੱਟਣ ਤੇ ਕੁਰਬਾਨੀਆਂ ਨੂੰ ਸਾਹਮਣੇ ਲਿਆ ਕੇ ਸੁਖਬੀਰ-ਮਜੀਠੀਆ ਜੋੜੀ ਨੂੰ ਵੰਗਾਰਿਆ ਤੇ ਉਨ੍ਹਾਂ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਦੀ ਅਕਾਲੀ ਦਲ ਨੂੰ ਭਲਾ ਕੀ ਦੇਣ ਹੈ? ਸ਼ ਬਾਦਲ ਨੇ ਪੰਜਾਬ ਦੀ ਚਕਾਚੌਂਧ ਤਸਵੀਰ ਦਿਖਾਉਣ ਦੀ ਰਣਨੀਤੀ ਨੂੰ ਰੱਦ ਕਰਦਿਆਂ ਸਾਹਮਣੇ ਖੜ੍ਹੀਆਂ ਸ਼ਹਿਰੀ ਵਿਕਾਸ, ਦਰਿਆਈ ਪਾਣੀਆਂ ਦੇ ਗੰਧਲਣ, ਕਿਸਾਨੀ ਸੰਕਟ ਨੂੰ ਪਰਵਾਸੀ ਪੰਜਾਬੀਆਂ ਅੱਗੇ ਰੱਖਿਆ।
ਸ਼ ਬਾਦਲ ਭਾਵੇਂ ਇਸ ਨੂੰ ਐਵੇਂ ਦਿਲ ਦੀਆਂ ਗੱਲਾਂ ਕਰਾਰ ਦੇ ਰਹੇ ਹਨ ਪਰ ਗੰਭੀਰ ਸਿਆਸੀ ਹਲਕਿਆਂ ਵਿਚ ਸ਼ ਬਾਦਲ ਦੇ ਭਾਸ਼ਣ ਨੂੰ ਸੋਚੀ-ਸਮਝੀ ਕਾਰਵਾਈ ਕਰਾਰ ਦਿੱਤਾ ਜਾ ਰਿਹਾ ਹੈ। ਸ਼ ਬਾਦਲ ਦੇ ਲੰਬੇ ਸਿਆਸੀ ਸਫਰ ਨੂੰ ਜਾਣਨ ਵਾਲਿਆਂ ਦਾ ਕਹਿਣਾ ਹੈ ਕਿ ਉਹ ਕਦੇ ਵੀ ਕਿਸੇ ਮਾਮਲੇ ਵਿਚ ਤੱਤ-ਭੜੱਤਾ ਪ੍ਰਤੀਕਰਮ ਨਹੀਂ ਦਿੰਦੇ ਤੇ ਨਾ ਹੀ ਤੈਸ਼ ਵਿਚ ਆ ਕੇ ਕਦੇ ਗੱਲ ਕਰਦੇ ਹਨ। ਉਨ੍ਹਾਂ ਦੀ ਕਹੀ ਗੱਲ ਪਿੱਛੇ ਡੂੰਘਾ ਅਨੁਭਵ ਤੇ ਅਰਥ ਹੁੰਦਾ ਹੈ। ਸਮਝਿਆ ਜਾ ਰਿਹਾ ਹੈ ਕਿ ਪਿਛਲੇ ਸਮੇਂ ਵਿਚ ਨਵੀਂ ਪੀੜ੍ਹੀ ਹੱਥ ਆਈ ਪਾਰਟੀ ਤੇ ਸਰਕਾਰ ਦੀ ਵਾਗਡੋਰ ਦੀ ਕਾਰਗੁਜ਼ਾਰੀ ਤੋਂ ਵੀ ਸ਼ ਬਾਦਲ ਕਾਫੀ ਫਿਕਰਮੰਦ ਹਨ; ਖਾਸ ਕਰ ਪਿਛਲੇ ਦਿਨਾਂ ਵਿਚ ਵਾਪਰੀਆਂ ਘਟਨਾਵਾਂ ਤੇ ਸਮੁੱਚੀ ਰਵਾਇਤੀ ਅਕਾਲੀ ਲੀਡਰਸ਼ਿਪ ਦੇ ਹਾਸ਼ੀਏ ਉੱਪਰ ਚਲੇ ਜਾਣ ਤੋਂ ਉਹ ਕਾਫੀ ਖ਼ਫ਼ਾ ਹਨ।
ਪਿਛਲੇ ਦਿਨਾਂ ਵਿਚ ਕੁਝ ਅਹਿਮ ਕਾਂਗਰਸ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਬਾਅਦ ਅਹਿਮ ਅਹੁਦੇ ਦੇਣ ਦਾ ਟਕਸਾਲੀ ਅਕਾਲੀ ਆਗੂਆਂ ਤੇ ਵਰਕਰਾਂ ਨੇ ਬੜਾ ਬੁਰਾ ਮਨਾਇਆ ਹੈ। ਕਈਆਂ ਨੇ ਸ਼ ਬਾਦਲ ਤੱਕ ਪਹੁੰਚ ਕਰਕੇ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਹੈ। ਪਿਛਲੇ ਸਾਲਾਂ ਦੇ ਇਤਿਹਾਸ ‘ਤੇ ਝਾਤ ਮਾਰੀਏ ਤਾਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸ਼ ਬਾਦਲ ਆਪਣੀ ਵਿਰਾਸਤ ਅੱਗੇ ਦੇਣ ਲਈ ਯਤਨਸ਼ੀਲ ਹਨ ਪਰ ਨਾਲ ਦੀ ਨਾਲ ਉਹ ਆਪ ਵੀ ਕਮਾਨ ਇੰਨੀ ਛੇਤੀ ਛੱਡਣ ਦਾ ਮਨ ਨਹੀਂ ਬਣਾ ਰਹੇ। ਨਵੇਂ ਆਏ ਸੰਕੇਤਾਂ ਨੇ ਇਕ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਰਾਜ ਦੀ ਵਾਗਡੋਰ ਅਜੇ ਸ਼ ਬਾਦਲ ਦੇ ਹੀ ਹੱਥ ਰਹੇਗੀ।
Leave a Reply