ਅਬੋਹਰ ਕਾਂਡ ਨੇ ਸਦਭਾਵਨਾ ਰੈਲੀਆਂ ਰੋਲੀਆਂ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਅਮਨ-ਕਾਨੂੰਨ ਦੀ ਮਾੜੀ ਹਾਲਤ ‘ਤੇ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਘਿਰ ਗਈ ਹੈ। ਅਬੋਹਰ ਵਿਚ ਅਕਾਲੀ ਆਗੂ ਅਤੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ ਉਤੇ ਦੋ ਦਲਿਤ ਨੌਜਵਾਨਾਂ ਦੇ ਹੱਥ-ਪੈਰ ਵੱਢਣ ਅਤੇ ਮੁਕਤਸਰ ਵਿਚ ਅਕਾਲੀ ਆਗੂ ਦੀ ਬੱਸ ਥੱਲੇ ਆ ਕੇ ਮਾਰੀ ਗਈ 12 ਸਾਲਾ ਬੱਚੀ ਅਰਸ਼ਦੀਪ ਦੀ ਲਾਸ਼ ਪੁਲਿਸ ਵੱਲੋਂ ਸੜਕ ‘ਤੇ ਘੜੀਸਣ ਦੇ ਮਾਮਲੇ ਪਿਛੋਂ ਸੰਸਦ ਦੇ ਅੰਦਰ ਤੇ ਬਾਹਰ ‘ਰਾਜ ਨਹੀਂ, ਸੇਵਾ’ ਦਾ ਨਾਅਰਾ ਮਾਰਨ ਵਾਲੇ ਅਕਾਲੀ ਦਲ ਨੂੰ ਤਿੱਖੀ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਲੋਕ ਰੋਹ ਦੀ ਗੂੰਜ ਹੁਣ ਦਿੱਲੀ ਵਿਚ ਸੰਸਦ ਦੇ ਦੋਵਾਂ ਸਦਨਾਂ ਤੱਕ ਵੀ ਜਾ ਪਹੁੰਚੀ ਹੈ ਅਤੇ ਅਕਾਲੀ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਉਠ ਗਈ ਹੈ। ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਪੰਜਾਬ ਵਿਚ ਜੰਗਲ ਰਾਜ ਹੈ ਤੇ ਮੌਜੂਦਾ ਸਰਕਾਰ ਅਤਿਵਾਦ ਨਾਲੋਂ ਵੀ ਭੈੜੀ ਹੈ। ਉਧਰ, ਅਬੋਹਰ ਵਾਲੇ ਕੇਸ ਵਿਚ ਅਨੁਸੂਚਿਤ ਜਾਤਾਂ ਬਾਰੇ ਕਮਿਸ਼ਨ ਨੇ ਏæਡੀæਜੀæਪੀæ (ਅਪਰਾਧ) ਤੇ ਪ੍ਰਮੁੱਖ ਸਕੱਤਰ (ਗ੍ਰਹਿ) ਨੂੰ ਦਿੱਲੀ ਤਲਬ ਕਰ ਲਿਆ।
ਦੱਸਿਆ ਜਾ ਰਿਹਾ ਹੈ ਕਿ ਅਬੋਹਰ ਵਿਚ ਜਿਸ ਫਾਰਮ ਹਾਊਸ ‘ਤੇ ਦੋ ਨੌਜਵਾਨਾਂ ਦੇ ਹੱਥ-ਪੈਰ ਵੱਢੇ ਗਏ, ਉਥੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਅਕਸਰ ਆਉਣ-ਜਾਣ ਰਹਿੰਦਾ ਹੈ। ਇਨ੍ਹਾਂ ਨੌਜਵਾਨਾਂ ‘ਤੇ ਤਿੰਨ ਦਸੰਬਰ ਨੂੰ ਬਲਾਤਕਾਰ ਦਾ ਕੇਸ ਦਰਜ ਹੋਇਆ ਸੀ। ਘਟਨਾ ਤੋਂ ਬਾਅਦ ਇਕ ਨੌਜਵਾਨ ਭੀਮ ਟਾਂਕ ਦੀ ਮੌਤ ਹੋ ਗਈ ਅਤੇ ਦੂਜਾ ਗੁਰਜੰਟ ਸਿੰਘ ਜੰਟਾ ਅਜੇ ਵੀ ਗੰਭੀਰ ਹਾਲਤ ਵਿਚ ਹੈ। ਇਹ ਨੌਜਵਾਨ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਨਾਲ ਜੁੜੇ ਹੋਏ ਸਨ ਤੇ ਇਨ੍ਹਾਂ ਦੀ ਇਕ ਹੋਰ ਕਾਰੋਬਾਰੀ ਗਰੁੱਪ ਨਾਲ ਰੰਜਿਸ਼ ਸੀ ਜਿਸ ਤੋਂ ਬਾਅਦ ਹੀ ਇਨ੍ਹਾਂ ਉਤੇ ਇਕ ਔਰਤ ਨੇ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਸੀ।
ਇਸ ਘਟਨਾ ਤੋਂ ਇਕ ਦਿਨ ਪਹਿਲਾਂ ਹੀ ਪੁਲਿਸ ਨੇ ਪਿੰਡ ਚੰਨੂ ਵਿਚ ਅਕਾਲੀ ਨੇਤਾ ਡਿੰਪੀ ਢਿੱਲੋਂ ਦੀ ਬੱਸ ਥੱਲੇ ਆ ਕੇ ਮਰੀ 12 ਸਾਲਾ ਲੜਕੀ ਅਰਸ਼ਦੀਪ ਦੀ ਲਾਸ਼ ਧਰਨਾ ਦੇ ਰਹੇ ਲੋਕਾਂ ਤੋਂ ਖੋਹ ਕੇ ਦੋ-ਤਿੰਨ ਸੌ ਮੀਟਰ ਦੂਰ ਤੱਕ ਸੜਕ ਉਤੇ ਘੜੀਸੀ। ਪੁਲਿਸ ਦੇ ਤਕਰੀਬਨ 500 ਜਵਾਨਾਂ ਨੇ ਕਾਰਵਾਈ ਦੌਰਾਨ ਦਰਜਨਾਂ ਹਵਾਈ ਫਾਇਰ ਕਰਨ ਦੇ ਨਾਲ-ਨਾਲ ਅੰਨ੍ਹੇਵਾਹ ਲਾਠੀਚਾਰਜ ਕੀਤਾ।
ਹਾਕਮ ਧਿਰ ਨਾਲ ਸਬੰਧਤ ਟਰਾਂਸਪੋਰਟ ਕੰਪਨੀਆਂ ਦੀਆਂ ਬੱਸਾਂ ਅਜਿਹੇ ਕਾਰੇ ਨਿੱਤ ਕਰਦੀਆਂ ਹਨ। ਇਸੇ ਸਾਲ ਅਪਰੈਲ ਵਿਚ ਮੋਗਾ ਵਿਚ ਅਰਸ਼ਦੀਪ ਕੌਰ ਨਾਂ ਦੀ ਲੜਕੀ ਨੂੰ ਬਾਦਲ ਪਰਿਵਾਰ ਦੀ ਮਾਲਕੀ ਵਾਲੀ ਔਰਬਿਟ ਬੱਸ ਵਿਚੋਂ ਥੱਲੇ ਸੁੱਟ ਕੇ ਮਾਰ ਦਿੱਤਾ ਗਿਆ ਸੀ। ਹਾਕਮ ਧਿਰ ਨੂੰ ਉਦੋਂ ਵੀ ਕਾਫੀ ਲੋਕ ਰੋਹ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਵਿਚ 2007 ਤੋਂ ਸੱਤਾ ਸੰਭਾਲਣ ਤੋਂ ਬਾਅਦ ਬਾਦਲ ਪਰਿਵਾਰ ਦੀਆਂ ਟਰਾਂਸਪੋਰਟ ਕੰਪਨੀਆਂ ਨੇ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕੀਤੀ ਹੈ। ਬਾਦਲ ਪਰਿਵਾਰ ਦੀ ਸਿੱਧੇ ਤੇ ਅਸਿੱਧੇ ਤੌਰ ਉਤੇ ਹਿੱਸਾ-ਪੱਤੀ ਵਾਲੀਆਂ ਚਾਰ ਟਰਾਂਸਪੋਰਟ ਕੰਪਨੀਆਂ ਹਨ। ਇਨ੍ਹਾਂ ਕੰਪਨੀਆਂ ਦੇ ਪਰਮਿਟਾਂ ਦੀ ਗਿਣਤੀ 230 ਤੋਂ ਵਧੇਰੇ ਹੈ।
ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਹੁਣ ਤੱਕ ਨੌਂ ਵਾਰ ਸੱਤਾ ਸੌਂਪੀ ਹੈ। ਨਾ ਸਿਰਫ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬੀਆਂ ਨੇ ਪੰਜਵੀਂ ਵਾਰ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਉਤੇ ਬਿਠਾਇਆ, ਬਲਕਿ ਉਨ੍ਹਾਂ ਦੇ ਬੇਟੇ, ਨੂੰਹ ਤੇ ਕਈ ਹੋਰ ਰਿਸ਼ਤੇਦਾਰਾਂ ਨੂੰ ਵੀ ਸੱਤਾ ਸੁੱਖ ਸੌਂਪਿਆ ਹੈ। ਪਿਛਲੇ ਤਕਰੀਬਨ ਨੌਂ ਸਾਲਾਂ ਵਿਚ ਵਿਸ਼ੇਸ਼ ਕਰ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਅਗਵਾਈ ਸੰਭਾਲਣ ਬਾਅਦ ਪਾਰਟੀ ਦਾ ਨਾ ਸਿਰਫ ਧਾਰਮਿਕ ਤੇ ਰਵਾਇਤੀ ਸਰੂਪ ਲੋਪ ਹੋਣਾ ਸ਼ੁਰੂ ਹੋ ਗਿਆ ਹੈ, ਬਲਕਿ ਇਸ ਦੀ ਕਾਰਜਸ਼ੈਲੀ ਵਿਚੋਂ ਲੋਕ ਹਿੱਤ ਵੀ ਮਨਫੀ ਹੁੰਦੇ ਜਾ ਰਹੇ ਹਨ।
ਸੁਖਬੀਰ ਸਿੰਘ ਬਾਦਲ ਪੰਜਾਬ ਦੀ ਸੱਤਾ ‘ਤੇ 25 ਸਾਲ ਰਾਜ ਕਰਨ ਦਾ ਦਾਅਵਾ ਕਰ ਰਹੇ ਹਨ, ਪਰ ਅਕਾਲੀ ਦਲ ਖਿਲਾਫ ਪੈਦਾ ਹੋਏ ਲੋਕ ਰੋਹ ਪਿੱਛੋਂ ਇਹ ਸੁਪਨਾ ਹਵਾ ਹੁੰਦਾ ਨਜ਼ਰ ਆ ਰਿਹਾ ਹੈ। ਪੰਜਾਬ ਵਿਚ ਅਮਨ-ਕਾਨੂੰਨ ਦੀ ਮਾੜੀ ਸਥਿਤੀ ਸਰਕਾਰ ਲਈ ਲਗਾਤਾਰ ਨਾਮੋਸ਼ੀ ਬਣੀ ਹੋਈ ਹੈ। ਇਸ ਤੋਂ ਪਹਿਲਾਂ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਗੁੱਸਾ ਵੀ ਅਕਾਲੀ ਦਲ ਉਤੇ ਨਿਕਲਿਆ ਸੀ ਜਿਸ ਨੂੰ ਠੰਢਾ ਕਰਨ ਲਈ ਬਾਦਲਾਂ ਵੱਲੋਂ ਸਦਭਾਵਨਾ ਰੈਲੀਆਂ ਦੀ ਮੁਹਿੰਮ ਛੇੜਨੀ ਪਈ ਸੀ।
______________________________
ਬਿਆਨ ਦੇ ਕੇ ਕਸੂਤੇ ਫਸੇ ਬਾਦਲ
ਤਰਨਤਾਰਨ: ਅਬੋਹਰ ਕਾਂਡ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ‘ਤੇ ਵੀ ਵਿਵਾਦ ਖੜ੍ਹਾ ਹੋ ਗਿਆ ਹੈ। ਬਾਦਲ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ, ਪਰ ਪੰਜਾਬ ਵਿਚ ਹੋਰਾਂ ਸੂਬਿਆਂ ਤੋਂ ਘੱਟ ਹਨ। ਅਬੋਹਰ ਮਾਮਲੇ ‘ਤੇ ਪਹਿਲਾਂ ਹੀ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹੰਗਾਮਾ ਹੋ ਰਿਹਾ ਸੀ ਤੇ ਹੁਣ ਸੀæਐਮæ ਦੇ ਇਸ ਬਿਆਨ ਤੋਂ ਬਾਅਦ ਸਿਆਸਤ ਹੋਰ ਗਰਮਾ ਗਈ ਹੈ। ਹਾਲਾਂਕਿ ਬਾਦਲ ਨੇ ਸ਼ਿਵ ਲਾਲ ਡੋਡਾ ਦਾ ਅਕਾਲੀ ਦਲ ਨਾਲ ਕੋਈ ਵੀ ਰਿਸ਼ਤਾ ਹੋਣ ਤੋਂ ਵੀ ਸਾਫ ਇਨਕਾਰ ਕੀਤਾ ਹੈ।