ਬਠਿੰਡਾ: ਪੰਜਾਬ ਵਿਚ ਰੈਲੀ ਯੁੱਧ ਨੇ ਸੂਬੇ ਦਾ ਸਿਆਸੀ ਪਿੜ ਮਘਾ ਦਿੱਤਾ ਹੈ। ਸਿਆਸੀ ਧਿਰਾਂ ਰੈਲੀਆਂ ਰਾਹੀਂ ਆਪੋ-ਆਪਣੀ ਤਾਕਤ ਤੇ ਹੋਂਦ ਦਾ ਮੁਜ਼ਾਹਰਾ ਕਰਨ ਵਿਚ ਜੁਟ ਗਈਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਦੇ ਹਲਕੇ ਬਠਿੰਡੇ ਵਿਚ ਆਪਣੇ ਤਾਜਪੋਸ਼ੀ ਸਮਾਗਮ ਵਿਚ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਪੰਥਕ ਰੰਗ ਵਿਚ ‘ਪੰਜਾਬ ਏਜੰਡਾ’ ਪੇਸ਼ ਕਰ ਕੇ ਕੀਤੀ।
ਦੂਜੇ ਪਾਸੇ, ਇਸੇ ਦਿਨ ਅਕਾਲੀਆਂ ਵੱਲੋਂ ਕੈਪਟਨ ਦੇ ਜੱਦੀ ਹਲਕੇ ਪਟਿਆਲਾ ਵਿਚ ਕੀਤੀ ਸਦਭਾਵਨਾ ਰੈਲੀ ਵਿਚ ਸਿਆਸੀ ਟਕਰਾਅ ਤੋਂ ਪਰਹੇਜ਼ ਦਾ ਸੱਦਾ ਦਿੰਦਿਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਹੈਟ੍ਰਿਕ ਲਾਉਣ ਦਾ ਦਾਅਵਾ ਕੀਤਾ। ਬਠਿੰਡਾ-ਗੋਨਿਆਣਾ ਰੋਡ ਉਤੇ ਪਰਲਜ਼ ਕਲੋਨੀ ਦੀ ਜਗ੍ਹਾ ਵਿਚ ਪੰਜਾਬ ਕਾਂਗਰਸ ਦੀ ਬਦਲਾਅ ਰੈਲੀ ਵਿਚ ਰਿਕਾਰਡ ਲੋਕਾਂ ਨੇ ਪੁੱਜ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਦਭਾਵਨਾ ਰੈਲੀ ਨੂੰ ਮਾਤ ਦੇ ਦਿੱਤੀ। ਤਾਜਪੋਸ਼ੀ ਮਗਰੋਂ ਕੈਪਟਨ ਨੇ ਗੁਟਕੇ ‘ਤੇ ਹੱਥ ਰੱਖ ਕੇ ਸਹੁੰ ਚੁੱਕੀ ਕਿ ਉਹ ਤਾਨਾਸ਼ਾਹੀ ਰਾਜ ਦਾ ਖਾਤਮਾ ਕਰ ਕੇ ਪੰਜਾਬ ਵਿਚ ਲੋਕ ਪੱਖੀ ਏਜੰਡਾ ਲੈ ਕੇ ਆਉਣਗੇ। ਉਨ੍ਹਾਂ ਵਾਅਦਾ ਕੀਤਾ ਕਿ ਕਾਂਗਰਸੀ ਰਾਜ ਆਉਣ ‘ਤੇ ਚਾਰ ਹਫਤਿਆਂ ਵਿਚ ਨਸ਼ਾ ਤੇ ਛੇ ਮਹੀਨਿਆਂ ਵਿਚ ਭ੍ਰਿਸ਼ਟਾਚਾਰ ਨੂੰ ਸਮਾਪਤ ਕਰ ਦੇਣਗੇ।
ਕਾਂਗਰਸ ਸਰਕਾਰ ਬਣਨ ਉਤੇ ਸੂਬੇ ਵਿਚ ਪੰਜਾਬੀ ਚੈਨਲ ਚਲਾਉਣ ਦੀ ਖੁੱਲ੍ਹ ਹੋਵੇਗੀ। ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਨੂੰ ਵੱਡਾ ਭਰਾ ਦੱਸਦੇ ਹੋਏ ਆਖਿਆ ਕਿ ਉਹ ਪੰਜਾਬ ਵਿਚੋਂ ਬਾਦਲ ਰਾਜ ਦੇ ਖਾਤਮੇ ਲਈ ਸੌ ਪ੍ਰਧਾਨਗੀਆਂ ਕੁਰਬਾਨ ਕਰਨ ਨੂੰ ਤਿਆਰ ਹਨ।
ਯਾਦ ਰਹੇ, 23 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੇ ਆਪਣੀ ਪਹਿਲੀ ਸਦਭਾਵਨਾ ਰੈਲੀ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਬਠਿੰਡੇ ਵਿਚ ਇਸੇ ਥਾਂ ਰੈਲੀ ਕਰਨ ਦੀ ਚੁਣੌਤੀ ਦਿੱਤੀ ਸੀ। ਕੈਪਟਨ ਵੱਲੋਂ ਚੁਣੌਤੀ ਮਨਜ਼ੂਰ ਕਰਨ ਪਿੱਛੋਂ ਅਕਾਲੀ ਦਲ ਨੇ ਇਸੇ ਦਿਨ ਕੈਪਟਨ ਦੇ ਜੱਦੀ ਹਲਕੇ ਪਟਿਆਲਾ ਵਿਚ ਰੈਲੀ ਰੱਖ ਲਈ ਸੀ। ਅਕਾਲੀ ਦਲ ਨੇ ਬਠਿੰਡਾ ਵਿਚ ਕਾਂਗਰਸੀਆਂ ਦੀ ਰੈਲੀ ਅਸਫਲ ਕਰਨ ਲਈ ਟਿੱਲ ਲਾ ਦਿੱਤਾ ਸੀ ਤੇ ਕਾਂਗਰਸ ਨੂੰ ਰੈਲੀ ਲਈ ਬੱਸਾਂ ਹਰਿਆਣਾ ਤੇ ਰਾਜਸਥਾਨ ਤੋਂ ਮੰਗਵਾਉਣੀਆਂ ਪਈਆਂ ਸਨ। ਪੰਜਾਬ ਸਰਕਾਰ ਨੇ ਰੈਲੀ ਤੋਂ ਤਿੰਨ ਦਿਨ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰ ਕੇ ਮਿੰਨੀ ਬੱਸਾਂ ਦਾ ਸਾਲਾਨਾ ਯਾਤਰੀ ਟੈਕਸ 50 ਹਜ਼ਾਰ ਤੋਂ ਘਟਾ ਕੇ 30 ਹਜ਼ਾਰ ਕਰ ਦਿੱਤਾ ਸੀ ਤੇ ਵੱਡੀਆਂ ਬੱਸਾਂ ‘ਤੇ ਯਾਤਰੀ ਟੈਕਸ ਵਿਚ 10 ਪ੍ਰਤੀਸ਼ਤ ਕਟੌਤੀ ਕਰ ਦਿੱਤੀ।
ਪਹਿਲੇ ਦੌਰ ਵਿਚ ਪੰਜਾਬ ਕਾਂਗਰਸ ਦੇ ਨਵੇਂ ਥਾਪੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਕਾਰ ਚੱਲੇ ਚੁਣੌਤੀਆਂ ਦੇ ਤੀਰਾਂ ਦੌਰਾਨ ਬਠਿੰਡਾ ਅਤੇ ਪਟਿਆਲਾ ਦੀਆਂ ਰੈਲੀਆਂ ਸਾਹਮਣੇ ਆਈਆਂ ਸਨ। ਇਸੇ ਦੌਰਾਨ ਆਮ ਆਦਮੀ ਪਾਰਟੀ (ਆਪ) ਨੇ ਵੀ ਰੈਲੀਆਂ ਵਾਲੇ ਦਿਨ ਹੀ ਪੰਜਾਬ ਭਰ ਵਿਚ ਰੋਸ ਵਿਖਾਵੇ ਸਿਆਸੀ ਪਿੜ ਵਿਚ ਆਪਣਾ ਝੰਡਾ ਗੱਡ ਦਿੱਤਾ ਹੈ। ਲੋਕਾਂ ਨੇ ਇਨ੍ਹਾਂ ਰੋਸ ਵਿਕਾਖਿਆਂ ਨੂੰ ਵੀ ਹੁੰਗਾਰਾ ਭਰਿਆ ਹੈ।
______________________________________
ਕੈਪਟਨ ਦੀ ਅੱਖ ਪੇਂਡੂ ਵੋਟ ਬੈਂਕ ‘ਤੇ
ਬਠਿੰਡਾ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਹੁਣ ਪੰਜਾਬ ਦੇ ਪਿੰਡਾਂ ਵਿਚ ਦਰਬਾਰ ਲਾਉਣਗੇ। ਬਠਿੰਡਾ ਰੈਲੀ ਮਗਰੋਂ ਹੁਣ ਉਨ੍ਹਾਂ ਨੇ ਪੰਜਾਬ ਦੇ ਪਿੰਡ-ਪਿੰਡ ਤੱਕ ਪਹੁੰਚ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਕੈਪਟਨ ਸਿੱਧੇ ਤੌਰ ‘ਤੇ ਲੋਕਾਂ ਨਾਲ ਗੱਲਬਾਤ ਕਰਨਗੇ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਜਾਣਨਗੇ। ਬਠਿੰਡਾ ਰੈਲੀ ਵਿਚ ਵੱਡੀ ਗਿਣਤੀ ਪੁੱਜੇ ਕਿਸਾਨ ਭਾਈਚਾਰੇ ਨੇ ਕੈਪਟਨ ਨਾਲ ਨੇੜਤਾ ਦਿਖਾਈ। ਕੈਪਟਨ ਨੇ ਕਿਸਾਨੀ ਏਜੰਡਾ ਸਪਸ਼ਟ ਕੀਤਾ ਕਿ ਉਹ ਮੁਫਤ ਬਿਜਲੀ ਦੀ ਸਹੂਲਤ ਵਾਪਸ ਨਹੀਂ ਲੈਣਗੇ ਤੇ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਨਹੀਂ ਹੋਣ ਦਿੱਤੀਆਂ ਜਾਣਗੀਆਂ।