ਚੰਡੀਗੜ੍ਹ: ਪੰਜਾਬ ਵਿਚ ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਆਮ ਆਦਮੀ ਪਾਰਟੀ (ਆਪ) ਬਣਦੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਟੱਕਰ ਭਾਵੇਂ ਅਕਾਲੀ ਦਲ ਤੇ ਕਾਂਗਰਸ ਵਿਚਾਲੇ ਰਹੇਗੀ, ਪਰ ਫੈਸਲਾਕੁਨ ਰੋਲ ‘ਆਪ’ ਹੀ ਨਿਭਾਏਗੀ।
ਇਸ ਲਈ ਕਾਂਗਰਸ ਆਪਣੀ ਰਣਨੀਤੀ ‘ਆਪ’ ਦੀ ਸਰਗਰਮੀ ਨੂੰ ਧਿਆਨ ਵਿਚ ਰੱਖ ਕੇ ਹੀ ਤੈਅ ਕਰ ਰਹੀ ਹੈ।
ਦਰਅਸਲ, ਲੋਕ ਸਭਾ ਚੋਣਾਂ ਵਿਚ ‘ਆਪ’ ਨੇ ਚਾਰ ਸੀਟਾਂ ਜਿੱਤ ਕੇ ਸਭ ਨੂੰ ਹੈਰਾਨ ਕੀਤਾ ਸੀ। ਉਸ ਵੇਲੇ ਬਹੁਤੇ ਸਿਆਸਤਦਾਨ ‘ਆਪ’ ਨੂੰ ਪਾਣੀ ਦਾ ਬੁਲਬਲਾ ਕਹਿ ਰਹੇ ਸਨ ਪਰ ਕੈਪਟਨ ਅਮਰਿੰਦਰ ਸਿੰਘ ਨੇ ਉਸ ਵੇਲੇ ਵੀ ਮੰਨਿਆ ਸੀ ਕਿ ‘ਆਪ’ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰੇਗੀ। ਹੁਣ ਕਾਂਗਰਸ ਦੀ ਕਮਾਨ ਸੰਭਾਲਣ ਮਗਰੋਂ ਕੈਪਟਨ ਬੇਸ਼ੱਕ ਕਹਿ ਰਹੇ ਹਨ ਕਿ ‘ਆਪ’ ਦਾ ਅਸਰ ਖਤਮ ਹੋ ਗਿਆ ਹੈ ਪਰ ਉਨ੍ਹਾਂ ਨੂੰ ਡਰ ਵੀ ‘ਆਪ’ ਤੋਂ ਹੀ ਲੱਗ ਰਿਹਾ ਹੈ। ਦੂਜੇ ਪਾਸੇ ਅਕਾਲੀ ਦਲ ‘ਆਪ’ ਦੀ ਚੜ੍ਹਤ ਨਾਲ ਖੁਸ਼ ਹੈ। ਅਕਾਲੀ ਦਲ ਦੀ ਰਣਨੀਤੀ ਹੈ ਕਿ ਸੱਤਾ ਵਿਰੋਧੀ ਵੋਟ ਵੰਡੀ ਜਾਵੇ। ਇਸ ਨਾਲ ਸੱਤਾ ਵਿਰੋਧੀ ਹਵਾ ਦਾ ਕਿਸੇ ਇਕ ਧਿਰ ਨੂੰ ਫਾਇਦਾ ਨਾ ਮਿਲੇ। ਇਹ ਗਿਣਤੀ-ਮਿਣਤੀ ਅਕਾਲੀ-ਭਾਜਪਾ ਦੇ ਹੱਕ ਵਿਚ ਜਾ ਸਕਦੀ ਹੈ। ਸਾਲ 2012 ਵਿਚ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਪੀæਪੀæਪੀæ ਨੇ ਅਜਿਹਾ ਹੀ ਕੀਤਾ ਸੀ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਕਾਂਗਰਸ ਇਕਜੁੱਟ ਹੋ ਕੇ ਚੋਣ ਲੜਦੀ ਹੈ ਤੇ ਕੋਈ ਵੱਡੀ ਗਲਤੀ ਨਹੀਂ ਕਰਦੀ ਤਾਂ ਇਸ ਦਾ ਹੱਥ ਉਪਰ ਰਹਿ ਸਕਦਾ ਹੈ।