ਚੰਡੀਗੜ੍ਹ: ਬਰਖਾਸਤ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਵੱਲੋਂ ਕੀਤੇ ਖੁਲਾਸਿਆਂ ਨੇ ਬਾਦਲ ਸਰਕਾਰ ਨੂੰ ਇਕ ਵਾਰ ਫਿਰ ਕਸੂਤਾ ਫਸਾ ਦਿੱਤਾ ਹੈ। ਪਿੰਕੀ ਨੇ ਉਨ੍ਹਾਂ ਫਰਜ਼ੀ ਮੁਕਾਬਲਿਆਂ ਦਾ ਖੁਲਾਸਾ ਕੀਤਾ ਹੈ ਜਿਨ੍ਹਾਂ ਵਿਚ ਉਹ ਖੁਦ ਵੀ ਸ਼ਾਮਲ ਸੀ। ਇਨ੍ਹਾਂ ਖੁਲਾਸਿਆਂ ਮਗਰੋਂ ਮਨੁੱਖੀ ਹੱਕਾਂ ਬਾਰੇ ਜਥੇਬੰਦੀਆਂ ਸਰਗਰਮ ਹੋ ਗਈਆਂ ਹਨ।
ਚਰਚਾ ਹੈ ਕਿ ਛੇਤੀ ਹੀ ਇਹ ਮਾਮਲਾ ਅਦਾਲਤ ਵਿਚ ਜਾ ਰਿਹਾ ਹੈ ਜਿਸ ਕਰਕੇ ਬਾਦਲ ਸਰਕਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਉਂਝ, ਹਾਲ ਦੀ ਘੜੀ ਬਾਦਲ ਸਰਕਾਰ ਇਹ ਕਹਿ ਕੇ ਪੱਲਾ ਛੁਡਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਵੇਲੇ ਪੰਜਾਬ ਤੇ ਕੇਂਦਰ ਵਿਚ ਕਾਂਗਰਸ ਸਰਕਾਰਾਂ ਸਨ।
ਇਸ ਲਈ ਕਾਂਗਰਸ ਹੀ ਇਸ ਸਭ ਕਾਸੇ ਦੀ ਜ਼ਿੰਮੇਵਾਰੀ ਹੈ। ਉਧਰ, ਸਿੱਖ ਜਥੇਬੰਦੀਆਂ ਤੇ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਅਕਾਲੀ ਦਲ ਦੀਆਂ ਇਨ੍ਹਾਂ ਦਲੀਲਾਂ ਨੂੰ ਰੱਦ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਅਫਸਰਾਂ ‘ਤੇ ਉਂਗਲ ਉੱਠੀ ਹੈ, ਉਨ੍ਹਾਂ ਨੂੰ ਬਾਦਲ ਸਰਕਾਰ ਨੇ ਹੀ ਉਚੇ ਅਹੁਦਿਆਂ ‘ਤੇ ਬਿਰਾਜਮਾਨ ਕਰਕੇ ਸਨਮਾਨਿਆ ਹੈ। ਇਸ ਲਈ ਬਾਦਲ ਸਰਕਾਰ ਵੀ ਕਾਂਗਰਸ ਸਰਕਾਰ ਜਿੰਨੀ ਹੀ ਜ਼ਿੰਮੇਵਾਰ ਹੈ। ਕਾਬਲੇਗੌਰ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ 1997 ਵਿਚ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਕਾਂਗਰਸ ਰਾਜ ਵੇਲੇ ਹੋਏ ਫਰਜ਼ੀ ਮੁਕਾਬਲਿਆਂ ਦੀ ਜਾਂਚ ਕਰਵਾਈ ਜਾਏਗੀ।
ਉਸ ਤੋਂ ਬਾਅਦ ਬਾਦਲ ਤੀਜੀ ਵਾਰ ਮੁੱਖ ਮੰਤਰੀ ਦੀ ਕੁਰਸੀ ‘ਤੇ ਬਿਰਾਜਮਾਨ ਹਨ ਪਰ ਅਜੇ ਤੱਕ ਸੱਚ ਸਾਹਮਣੇ ਲਿਆਉਣ ਲਈ ਕੁਝ ਨਹੀਂ ਕੀਤਾ। ਸੂਤਰਾਂ ਅਨੁਸਾਰ ਇਨ੍ਹਾਂ ਖੁਲਾਸਿਆਂ ਕਰਕੇ ਅਕਾਲੀ ਦਲ ਦੀਆਂ ਸਫ਼ਾਂ ਵਿਚ ਇਕ ਵਾਰ ਫਿਰ ਬੇਚੈਨੀ ਵਧ ਗਈ ਹੈ। ਮੁੱਖ ਮੰਤਰੀ ਬਾਦਲ ਇਸ ਮਾਮਲੇ ਨੂੰ ਬੜੀ ਬਾਰੀਕੀ ਨਾਲ ਵਾਚ ਰਹੇ ਹਨ। ਸਰਕਾਰ ਇਹ ਵੀ ਵਿਚਾਰ ਕਰ ਰਹੀ ਹੈ ਕਿ ਮਾਮਲਾ ਅਦਾਲਤ ਵਿਚ ਜਾਣ ਤੋਂ ਪਹਿਲਾਂ ਜਾਂਚ ਲਈ ਕਮਿਸ਼ਨ ਦਾ ਐਲਾਨ ਕਰਕੇ ਸਭ ਕੁਝ ਠੀਕ ਕਰ ਲਿਆ ਜਾਏ।
ਕਾਬਲੇਗੌਰ ਹੈ ਕਿ ਪੰਜਾਬ ਪੁਲਿਸ ਦੇ ਬਰਖ਼ਾਸਤ ਇੰਸਪੈਕਟਰ ਪਿੰਕੀ ਨੇ ਪੰਜਾਬ ਦੇ ਡੀæਜੀæਪੀæ ਸੁਮੇਧ ਸਿੰਘ ਸੈਣੀ ਸਮੇਤ ਹੋਰ ਕਈ ਅਧਿਕਾਰੀਆਂ ਖਿਲਾਫ ਝੂਠੇ ਪੁਲਿਸ ਮੁਕਾਬਲੇ ਬਣਾਉਣ ਸਮੇਤ ਹੋਰ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਏ ਹਨ। ਮਨੁੱਖੀ ਅਧਿਕਾਰ ਸੰਸਥਾਵਾਂ ਨੇ ਦਾਅਵਾ ਕੀਤਾ ਹੈ ਪੰਜਾਬ ਪੁਲਿਸ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਵਿਰੁੱਧ ਵਿੱਢੇ ਸੰਘਰਸ਼ ਨੂੰ ਹੁਣ ਪਿੰਕੀ ਵੱਲੋਂ ਕੀਤੇ ਇੰਕਸ਼ਾਫ ਨੇ ਸਹੀ ਸਾਬਤ ਕਰ ਦਿੱਤਾ ਹੈ। ਹੁਣ ਇਹ ਗੱਲ ਸਾਬਤ ਹੋ ਗਈ ਹੈ ਕਿ ਪੰਜਾਬ ਪੁਲਿਸ ਨੇ ਮਾੜੇ ਦੌਰ ਦੌਰਾਨ ਝੂਠੇ ਮੁਕਾਬਲਿਆਂ ਵਿਚ ਸਿੱਖ ਨੌਜਵਾਨਾਂ ਦਾ ਖੂਨ ਵਹਾਇਆ ਸੀ। ਪੁਲਿਸ ਨੇ ਝੂਠੇ ਮੁਕਾਬਲਿਆਂ ਵਿਚ ਮਾਰੇ ਗਏ ਸਿੱਖਾਂ ਦੀਆਂ ਲਾਸ਼ਾਂ ਤੱਕ ਵੀ ਵਾਰਸਾਂ ਹਵਾਲੇ ਨਹੀਂ ਕੀਤੀਆਂ ਸਨ।