ਚੰਡੀਗੜ੍ਹ: ਪੰਜਾਬ ਵਿਚ ਚਾਲੂ ਸਾਲ ਦੌਰਾਨ ਧਾਰਮਿਕ ਤੇ ਫਿਰਕੂ ਤਣਾਅ ਦੀਆਂ ਘਟਨਾਵਾਂ ਵਿਚ ਭਾਰੀ ਵਾਧਾ ਹੋਇਆ ਹੈ। ਸਾਲ-2015 ਦੇ ਗਿਆਰਵੇਂ ਮਹੀਨੇ ਤੱਕ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਦੋਵੇਂ ਕਿਸਮਾਂ ਦੇ 31 ਕੇਸ ਸੁਣਵਾਈ ਲਈ ਆ ਚੁੱਕੇ ਹਨ। ਇਹ ਗਿਣਤੀ ਕਮਿਸ਼ਨ ਦੇ ਹੋਂਦ ਵਿਚ ਆਉਣ ਤੋਂ ਲੈ ਕੇ ਹੁਣ ਤੱਕ ਇਕ ਸਾਲ ਵਿਚ ਵਾਪਰੀਆਂ ਘਟਨਾਵਾਂ ਦੀ ਸਭ ਤੋਂ ਵੱਧ ਗਿਣਤੀ ਹੈ।
ਇਨ੍ਹਾਂ ਸ਼ਿਕਾਇਤਾਂ ਵਿਚ ਪਿਛਲੇ ਮਹੀਨਿਆਂ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਦਰਜ ਕੀਤੇ ਗਏ ਕੇਸਾਂ ਦੀ ਗਿਣਤੀ ਵੀ ਸ਼ਾਮਲ ਹੈ। ਔਰਤਾਂ ਤੇ ਬੱਚਿਆਂ ਨਾਲ ਜ਼ਿਆਦਤੀਆਂ ਦੇ ਕੇਸਾਂ ਵਿਚ ਵੀ ਵਾਧਾ ਹੋਇਆ ਹੈ ਜਦੋਂ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਪੁਲਿਸ ਵਿਰੁੱਧ ਸ਼ਿਕਾਇਤਾਂ ਦੀ ਗਿਣਤੀ ਘਟੀ ਹੈ। ਇਹ ਜਾਣਕਾਰੀ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਸਰਕਾਰੀ ਤੌਰ ਉਤੇ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ 1997 ਨੂੰ ਹੋਂਦ ਵਿਚ ਆਇਆ ਸੀ। ਉਦੋਂ ਤੋਂ ਪੁਲਿਸ ਖਿਲਾਫ ਸ਼ਿਕਾਇਤਾਂ ਦੀ ਗਿਣਤੀ ਜ਼ਿਆਦਾ ਰਹੀ ਪਰ ਇਸ ਸਾਲ ਇਹ ਗਿਣਤੀ ਘਟ ਗਈ ਹੈ। ਇਸ ਸਾਲ ਨਵੰਬਰ ਮਹੀਨੇ ਦੇ ਅੰਤ ਤੱਕ ਪੁਲਿਸ ਵਿਰੁੱਧ 7816 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਦੋਂ ਕਿ ਲੰਘੇ ਸਾਲ ਦੌਰਾਨ ਇਹ ਗਿਣਤੀ 8792 ਸੀ। ਉਂਜ ਕਮਿਸ਼ਨ ਕੋਲ 18 ਸਾਲਾਂ ਵਿਚ 2,33,507 ਕੇਸ ਦਾਇਰ ਕੀਤੇ ਗਏ ਹਨ ਜਦੋਂ ਕਿ ਇਨ੍ਹਾਂ ਵਿਚੋਂ ਪੁਲਿਸ ਖਿਲਾਫ ਸ਼ਿਕਾਇਤਾਂ ਦੀ ਗਿਣਤੀ 1,28,605 ਹੈ। ਕਮਿਸ਼ਨ ਦੇ ਇਤਿਹਾਸ ਵਿਚ ਧਾਰਮਿਕ ਤੇ ਫਿਰਕੂ ਦੰਗਿਆਂ ਦੀਆਂ ਜ਼ਿਆਦਾ ਸ਼ਿਕਾਇਤਾਂ ਸਾਲ 2000 ਵਿਚ 29, 2007 ਵਿਚ 20 ਤੇ 2011 ਵਿਚ 21 ਆਈਆਂ ਸਨ ਪਰ ਚਾਲੂ ਸਾਲ ਦੇ ਪਿਛਲੇ ਗਿਆਰਾਂ ਮਹੀਨਿਆਂ ਦੌਰਾਨ ਇਹ ਗਿਣਤੀ ਸਾਰੇ ਅੰਕੜੇ ਪਾਰ ਕਰ ਗਈ ਹੈ। ਕਮਿਸ਼ਨ ਨੂੰ ਪਹਿਲੀ ਵਾਰ ਸਾਲ 1998 ਵਿਚ ਅਜਿਹੀਆਂ ਦੋ ਸ਼ਿਕਾਇਤਾਂ ਮਿਲੀਆਂ ਸਨ। ਉਸ ਤੋਂ ਦੋ ਸਾਲਾਂ ਬਾਅਦ 2000 ਵਿਚ ਇਨ੍ਹ੍ਹਾਂ ਸ਼ਿਕਾਇਤਾਂ ਦੀ ਗਿਣਤੀ ਵਧ ਕੇ ਇਕੋ ਦਮ 29 ਹੋ ਗਈ ਸੀ ਜਦੋਂ ਕਿ 1999 ਵਿਚ ਸਿਰਫ ਇਕ ਹੀ ਸ਼ਿਕਾਇਤ ਕਮਿਸ਼ਨ ਕੋਲ ਆਈ ਸੀ।
ਸਾਲ 2001 ਵਿਚ ਅੱਠ, 2002 ਵਿਚ ਛੇ, 2003 ਵਿਚ ਸੱਤ, 2004 ਵਿਚ 12, 2005 ਵਿਚ 14, 2006 ਵਿਚ 11, 2008 ਵਿਚ 12, 2009 ਵਿਚ ਛੇ, 2010 ਵਿਚ 13, 2012 ਵਿਚ 11, 2013 ਵਿਚ 14 ਅਤੇ 2014 ਵਿਚ ਸੱਤ ਕੇਸ ਸੁਣਵਾਈ ਲਈ ਆਏ ਸਨ। ਧਾਰਮਿਕ ਤੇ ਫਿਰਕੂ ਦੰਗਿਆਂ ਦੇ ਅੱਜ ਤੱਕ 225 ਕੇਸ ਆਏ ਹਨ ਜਿਨ੍ਹਾਂ ਵਿਚੋਂ 31 ਚਾਲੂ ਸਾਲ ਦੇ ਪਿਛਲੇ ਗਿਆਰਾਂ ਮਹੀਨਿਆਂ ਵਿਚ ਸਾਹਮਣੇ ਆਏ। ਬਾਲ ਮਜ਼ਦੂਰੀ ਦੇ ਕੇਸਾਂ ਦੀ ਕੁੱਲ ਗਿਣਤੀ 1554 ਹੈ ਅਤੇ ਇਨ੍ਹਾਂ ਵਿਚੋਂ 113 ਕੇਸ ਮੌਜੂਦਾ ਸਾਲ ਵਿਚ ਦਾਇਰ ਕੀਤੇ ਗਏ ਹਨ। ਇਸ ਤੋਂ ਪਹਿਲਾਂ 130 ਅਜਿਹੇ ਕੇਸ ਇਕ ਵਾਰ ਪਹਿਲਾਂ ਸਾਲ 2005 ਵਿਚ ਸਾਹਮਣੇ ਆ ਚੁੱਕੇ ਹਨ।
ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਨਾਲ ਜ਼ਿਆਦਤੀਆਂ ਦੇ ਕੇਸਾਂ ਦੀ ਕੁੱਲ ਗਿਣਤੀ 1608 ਹੈ ਅਤੇ ਇਸ ਵਰਗ ਦੇ ਜ਼ਿਆਦਾਤਰ ਕੇਸ ਚਾਲੂ ਸਦੀ ਦੇ ਸ਼ੁਰੂ ਵਿਚ ਆਉਂਦੇ ਰਹੇ ਹਨ। ਪਿਛਲੇ ਤਿੰਨ ਸਾਲਾਂ ਵਿਚ ਇਹ ਗਿਣਤੀ ਅੱਧੀ ਰਹਿ ਗਈ ਹੈ। ਕੁੱਲ ਮਿਲਾ ਕਿ ਇਸ ਸਾਲ ਵਿਚ ਧਾਰਮਿਕ ਤੇ ਫਿਰਕੂ ਦੰਗਿਆਂ ਦੇ ਕੇਸ ਵਧੇਰੇ ਆਏ ਹਨ ਜਿਹੜਾ ਕਿ ਚਿੰਤਾ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ।
_____________________________________________________
ਔਰਤਾਂ ਨਾਲ ਜ਼ਿਆਦਤੀਆਂ ਦੇ ਕੇਸ ਘਟੇ
ਚੰਡੀਗੜ੍ਹ: ਔਰਤਾਂ ਨਾਲ ਜ਼ਿਆਦਤੀਆਂ ਦੇ ਕੁੱਲ ਕੇਸਾਂ ਦੀ ਗਿਣਤੀ 7930 ਹੈ, ਜਿਸ ਨੂੰ ਗਿਣਤੀ ਪੱਖੋਂ ਪੁਲਿਸ ਸਬੰਧੀ ਸ਼ਿਕਾਇਤਾਂ ਤੋਂ ਬਾਅਦ ਦੂਜੇ ਨੰਬਰ ‘ਤੇ ਰੱਖਿਆ ਗਿਆ ਹੈ। ਮਹਿਲਾਵਾਂ ਨਾਲ ਵਧੀਕੀਆਂ ਦੀਆਂ ਇਸ ਸਾਲ ਨਵੰਬਰ ਮਹੀਨੇ ਤੱਕ 576 ਸ਼ਿਕਾਇਤਾਂ ਮਿਲੀਆਂ ਹਨ ਜਦੋਂ ਕਿ ਲੰਘੇ ਸਾਲ ਦੌਰਾਨ ਇਹ ਗਿਣਤੀ 615 ਸੀ।