ਜਲੰਧਰ: ਪੰਜਾਬ ਸਰਕਾਰ ਨੇ ਦਰਿਆਵਾਂ ਲਾਗਲੀ ਨਿਕਾਸੀ ਜ਼ਮੀਨ ਦੇ 20 ਹਜ਼ਾਰ ਤੋਂ ਵਧੇਰੇ ਕਿਸਾਨ ਪਰਿਵਾਰਾਂ ਨੂੰ ਦਿੱਤੇ ਮਾਲਕੀ ਹੱਕ ਰੱਦ ਕਰਕੇ ਇਹ ਜ਼ਮੀਨ ਸਰਕਾਰੀ ਕਬਜ਼ੇ ਵਿਚ ਲੈਣ ਦੇ ਹੁਕਮ ਜਾਰੀ ਕੀਤੇ ਹਨ। 70 ਹਜ਼ਾਰ ਏਕੜ ਦੇ ਕਰੀਬ ਜ਼ਮੀਨ ਦੇ ਮਾਲਕੀ ਹੱਕ ਖੋਹੇ ਜਾਣ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ।
ਸਤਲੁਜ, ਬਿਆਸ ਤੇ ਰਾਵੀ ਦੇ ਆਲੇ-ਦੁਆਲੇ ਦੇ 10 ਜ਼ਿਲ੍ਹਿਆਂ ਲੁਧਿਆਣਾ, ਰੋਪੜ, ਨਵਾਂ ਸ਼ਹਿਰ, ਜਲੰਧਰ, ਕਪੂਰਥਲਾ, ਫ਼ਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਨਵਾਂ ਸ਼ਹਿਰ ਤੇ ਪਠਾਨਕੋਟ ਵਿਚ ਦਰਿਆਵਾਂ ਦੇ ਨਾਲ ਪੈਂਦੀ ਇਹ ਜ਼ਮੀਨ ਹੱਡ-ਭੰਨਵੀਂ ਮਿਹਨਤ ਕਰਕੇ ਇਥੇ ਵਸੇ ਲੋਕਾਂ ਨੇ ਆਬਾਦ ਕੀਤੀ ਹੈ। ਇਹ ਜ਼ਮੀਨ ਪੰਜਾਬ ਪੈਕੇਜ ਡੀਲ ਪ੍ਰਾਪਰਟੀ/ਪ੍ਰੋਵਿੰਨਸ਼ਨ ਗੌਰਮਿੰਟ ਦੀ ਮਾਲਕੀ ਹੇਠ ਹੈ।
ਨਿਕਾਸੀ ਹੋਣ ਕਾਰਨ ਇਕ ਤਾਂ ਇਹ ਜ਼ਮੀਨ ਉਂਜ ਹੀ ਘੱਟ ਉਪਜਾਊ ਹੈ ਤੇ ਦੂਜਾ ਹੜ੍ਹ ਆਉਣ ‘ਤੇ ਦਰਿਆਵਾਂ ਦਾ ਰੁਖ ਬਦਲਣ ਕਾਰਨ ਕਿਸੇ ਵੇਲੇ ਵੀ ਸਭ ਕੁਝ ਲੁੱਟੇ-ਪੁੱਟੇ ਜਾਣ ਦੀ ਤਲਵਾਰ ਲਟਕਦੀ ਰਹਿੰਦੀ ਹੈ। ਦਰਿਆਵਾਂ ਲਾਗੇ ਵਸੇ ਇਨ੍ਹਾਂ ਲੋਕਾਂ ਕੋਲ ਜ਼ਮੀਨ ਵੀ ਇਕ ਤੋਂ ਤਿੰਨ ਏਕੜ ਦੇ ਕਰੀਬ ਹੀ ਹੈ।
ਨਿਕਾਸੀ ਜ਼ਮੀਨ ਦੇ ਅਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਦੀ ਆਵਾਜ਼ ਉਠਾਉਣ ਵਿਚ ਅਕਾਲੀ ਦਲ ਹਮੇਸ਼ਾ ਮੋਹਰੀ ਰਹਿੰਦਾ ਰਿਹਾ ਹੈ। ਸਾਲ 2007 ਵਿਚ ਅਕਾਲੀ-ਭਾਜਪਾ ਸਰਕਾਰ ਬਣਦਿਆਂ ਹੀ 26æ9æ2007 ਨੀਤੀ ਜਾਰੀ ਕੀਤੀ ਗਈ, ਜਿਸ ਤਹਿਤ ਸਾਲ 2000 ਤੋਂ ਨਿਕਾਸੀ ਜ਼ਮੀਨ ਉੱਪਰ ਖੇਤੀ ਕਰਦੇ ਆ ਰਹੇ ਕਿਸਾਨਾਂ ਨੂੰ ਸ਼ਰਤਾਂ ਪੂਰੀਆਂ ਹੋਣ ‘ਤੇ ਹੱਕ ਮਾਲਕੀ ਦਿੱਤੇ ਜਾਣ ਦੀ ਵਿਵਸਥਾ ਸੀ। ਹਜ਼ਾਰਾਂ ਕਿਸਾਨਾਂ ਨੇ ਇਸ ਨਵੀਂ ਨੀਤੀ ਤਹਿਤ ਹੱਕ ਮਾਲਕੀ ਹਾਸਲ ਕਰਨ ਲਈ ਦਰਖ਼ਾਸਤਾਂ ਦਿੱਤੀਆਂ ਸਨ, ਪਰ ਤਕਰੀਬਨ ਤਿੰਨ ਸਾਲ ਤੱਕ ਬਹੁਤੀਆਂ ਦਰਖ਼ਾਸਤਾਂ ਉੱਪਰ ਅਧਿਕਾਰੀਆਂ ਨੇ ਕੋਈ ਕਾਰਵਾਈ ਹੀ ਨਹੀਂ ਕੀਤੀ। ਲੰਬੇ ਸਮੇਂ ਤੋਂ ਬਾਅਦ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਸੁਪਰੀਮ ਕੋਰਟ ਵੱਲੋਂ ਸ਼ਾਮਲਾਤ ਤੇ ਪੰਚਾਇਤਾਂ ਦੀਆਂ ਜ਼ਮੀਨਾਂ ਉੱਤੇ ਅਣ-ਅਧਿਕਾਰਤ ਕਬਜ਼ਿਆਂ ਨੂੰ ਨਿਯਮਤ ਕਰਨ ਬਾਰੇ ਦਿੱਤੇ ਹੁਕਮ ਨੂੰ ਨਿਕਾਸੀ ਜ਼ਮੀਨਾਂ ਨਾਲ ਰਲਗੱਡ ਕਰ ਦਿੱਤਾ।
________________________________________________
ਕਰਜ਼ਾ ਬਣ ਰਿਹਾ ਹੈ ਕਿਸਾਨ-ਖੁਦਕੁਸ਼ੀਆਂ ਦਾ ਕਾਰਨ
ਚੰਡੀਗੜ੍ਹ: ਪੰਜਾਬ ਵਿਚ ਕਰਜ਼ੇ ਦੇ ਭਾਰ ਕਾਰਨ ਸਭ ਤੋਂ ਵੱਧ ਕਿਸਾਨ ਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰਦੇ ਹਨ। ਸੂਬੇ ਵਿਚ 2000 ਤੋਂ 2010 ਤੱਕ ਦੀ ਗਣਨਾ ਦੌਰਾਨ 3954 ਕਿਸਾਨਾਂ ਤੇ 2972 ਖੇਤ ਮਜ਼ਦੂਰਾਂ ਵੱਲੋਂ ਕਰਜ਼ੇ ਦੇ ਭਾਰ ਜਾਂ ਹੋਰਨਾਂ ਆਰਥਿਕ ਕਾਰਨਾਂ ਕਰ ਕੇ ਖੁਦਕੁਸ਼ੀਆਂ ਕੀਤੇ ਜਾਣ ਦੇ ਤੱਥ ਸਾਹਮਣੇ ਆਏ ਸਨ। ਖੁਦਕੁਸ਼ੀਆਂ ਕਰਨ ਵਾਲਿਆਂ ਵਿਚ ਆਮ ਤੌਰ ‘ਤੇ ਸੀਮਾਂਤ ਤੇ ਛੋਟੇ ਕਿਸਾਨ ਹੀ ਹਨ।
ਕੇਂਦਰ ਸਰਕਾਰ ਵੱਲੋਂ ਦਿੱਤੀ ਕਰਜ਼ਾ ਮੁਆਫੀ ਵੀ ਕਿਸਾਨਾਂ ਨੂੰ ਸਹਾਰਾ ਨਹੀਂ ਦੇ ਸਕੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਾਲ 2012-2013 ਦੌਰਾਨ ਕੀਤੇ ਸਰਵੇਖਣ ਦੌਰਾਨ ਹਰੇਕ ਕਿਸਾਨ ਪਰਿਵਾਰ ਸਿਰ 3æ5 ਲੱਖ ਰੁਪਏ ਦਾ ਕਰਜ਼ਾ ਹੋਣ ਦੇ ਤੱਥ ਵੀ ਸਾਹਮਣੇ ਲਿਆਂਦੇ ਸਨ। ਜਿਨ੍ਹਾਂ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਸਿਰ ਕਰਜ਼ੇ ਔਸਤ ਨਾਲੋਂ ਵੀ ਜ਼ਿਆਦਾ ਹੁੰਦੇ ਹਨ।
ਸੂਬੇ ਦੀਆਂ ਤਿੰਨ ਵੱਡੀਆਂ ਯੂਨੀਵਰਸਿਟੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਸਾਲ 2000 ਤੋਂ 2010 ਤਕ ਕੀਤੀਆਂ ਗਈਆਂ ਖੁਦਕੁਸ਼ੀਆਂ ਦੀ ਗਣਨਾ ਦੌਰਾਨ ਪ੍ਰਤੀ ਸਾਲ ਔਸਤਨ 636 ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦੇ ਤੱਥ ਸਾਹਮਣੇ ਆਏ ਸਨ। ਇਹ ਗਿਣਤੀ ਵੱਧ ਕੇ 750 ਦੇ ਕਰੀਬ ਪਹੁੰਚਦੀ ਦਿਖਾਈ ਦੇ ਰਹੀ ਹੈ। ਪਿਛਲੇ ਇਕ ਸਾਲ ਦੇ ਸਮੇਂ ਦੌਰਾਨ ਮਾਲਵਾ ਖਿੱਤੇ ਖਾਸ ਕਰ ਕਪਾਹ ਪੱਟੀ ਵਿਚ ਜ਼ਿਆਦਾ ਖੁਦਕੁਸ਼ੀਆਂ ਹੋਈਆਂ ਹਨ।