ਇਨਸਾਫ ਦਾ ਪੈਮਾਨਾ ਵਡੇ ਲੋਕਾਂ ਲਈ ਹੋਰ ਤੇ ਗਰੀਬ-ਗੁਰਬੇ ਲਈ ਹੋਰ

-ਜਤਿੰਦਰ ਪਨੂੰ
‘ਸਲਮਾਨ ਖਾਨ ਕਹਿੰਦੇ ਹਨ’ ਕਿ ਬੜੀ ਦੇਰੀ ਨਾਲ ਨਿਆਂ ਮਿਲਣ ਪਿੱਛੋਂ ਭਾਵੁਕ ਹੋ ਗਿਆ ਹਾਂ ਤੇ ਉਸ ਹਾਦਸੇ ਦੇ ‘ਮ੍ਰਿਤਕ ਦਾ ਭਰਾ ਕਹਿੰਦਾ ਹੈ’ ਕਿ ਉਨ੍ਹਾਂ ਨੂੰ ਨਿਆਂ ਨਹੀਂ ਮਿਲਿਆ। ਜੁਰਮ ਕਰਨ ਵਾਲੇ ਦਾ ਨਾਂ ਲੈਣ ਸਮੇਂ ਜਿਸ ਦੇਸ਼ ਵਿਚ ਉਸ ਨੂੰ ਸਤਿਕਾਰ ਨਾਲ ‘ਕਹਿੰਦੇ ਹਨ’ ਆਖਿਆ ਜਾਵੇ ਤੇ ਪੀੜਤ ਧਿਰ ਲਈ ‘ਕਹਿੰਦਾ ਹੈ’ ਵਰਤਿਆ ਜਾ ਰਿਹਾ ਹੈ, ਓਥੇ ਇਨਸਾਫ ਦੇ ਨਾਂ ਉਤੇ ਜੋ ਕੁਝ ਹੋਇਆ ਹੈ, ਸਭ ਠੀਕ ਹੀ ਠੀਕ ਹੈ।

ਅਸੀਂ ਭਾਰਤੀ ਨਿਆਂ ਪ੍ਰਬੰਧ ਬਾਰੇ ਕਦੇ ਏਨੀਆਂ ਤਿੱਖੀਆਂ ਟਿੱਪਣੀਆਂ ਨਹੀਂ ਸੁਣੀਆਂ, ਜਿੰਨੀਆਂ ਕੁ ਇਸ ਵਾਰ ਸੁਣਨ ਨੂੰ ਮਿਲੀਆਂ ਹਨ, ਪਰ ਸਾਰੀਆਂ ਟਿੱਪਣੀਆਂ ਦੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ‘ਸਾਡਾ ਨਿਆਂ ਪਾਲਿਕਾ ਵਿਚ ਪੂਰਾ ਵਿਸ਼ਵਾਸ ਹੈ’। ਵਿਸ਼ਵਾਸ ਹੋਣਾ ਵੀ ਚਾਹੀਦਾ ਹੈ। ਟਿੱਪਣੀਆਂ ਅਦਾਲਤ ਵਿਚ ਚੱਲੇ ਕਿਸੇ ਕੇਸ ਦੀ ਪ੍ਰਕਿਰਿਆ ਦੇ ਬਾਰੇ ਹੋ ਸਕਦੀਆਂ ਹਨ, ਕਦੇ-ਕਦਾਈਂ ਕਿਸੇ ਜੱਜ ਦੇ ਵਿਹਾਰ ਬਾਰੇ ਵੀ, ਪਰ ਨਿਆਂ ਪਾਲਿਕਾ ਬਾਰੇ ਟਿੱਪਣੀਆਂ ਤੋਂ ਗੁਰੇਜ਼ ਕੀਤਾ ਹੀ ਠੀਕ ਸਮਝਿਆ ਜਾਂਦਾ ਹੈ। ਫਿਰ ਵੀ ਕਈ ਗੱਲਾਂ ਇਸ ਕੇਸ ਵਿਚ ਲੋਕਾਂ ਨੂੰ ਚੁਭੀਆਂ ਹਨ। ਇਹ ਗੱਲ ਵੀ ਹੈਰਾਨੀ ਵਾਲੀ ਹੈ ਕਿ ਜਿਹੜਾ ਕੇਸ ਹੇਠਲੀ ਅਦਾਲਤ ਵਿਚ ਬੜਾ ਠੋਸ ਮੰਨ ਲਿਆ ਗਿਆ, ਉਸ ਵਿਚ ਸਲਮਾਨ ਨੂੰ ਸਜ਼ਾ ਮਿਲਣ ਤੋਂ ਬਾਅਦ ਦੋ ਘੰਟੇ ਵੀ ਜੇਲ੍ਹ ਵਿਚ ਨਾ ਗੁਜ਼ਾਰਨੇ ਪਏ ਤੇ ਸ਼ਾਮ ਪੈਣ ਤੋਂ ਪਹਿਲਾਂ ਜ਼ਮਾਨਤ ਕਰਵਾ ਕੇ ਉਹ ਆਪਣੇ ਬੰਗਲੇ ਵਿਚ ਪਹੁੰਚ ਗਿਆ ਸੀ। ਪੈਸਾ ਪੱਲੇ ਚਾਹੀਦਾ ਹੈ, ਚੰਗੇ ਵਕੀਲ ਏਨਾ ਕੰਮ ਕਰ ਦੇਂਦੇ ਹਨ। ਫਿਰ ਜਦੋਂ ਕੇਸ ਸਿਰੇ ਉਤੇ ਸੀ, ਇਹ ਖਬਰਾਂ ਮਿਲਣ ਲੱਗ ਪਈਆਂ ਕਿ ਸਲਮਾਨ ਖਾਨ ਛੁੱਟ ਸਕਦਾ ਹੈ, ਕਿਉਂਕਿ ਸਬੰਧਤ ਜੱਜ ਸਾਹਿਬ ਨੇ ਅੱਜ ਆਹ ਟਿੱਪਣੀ ਕੀਤੀ ਅਤੇ ਅੱਜ ਆਹ ਕਰ ਦਿੱਤੀ ਹੈ। ਅੱਗੇ ਕਦੇ ਏਦਾਂ ਨਹੀਂ ਹੋਇਆ। ਕੇਸ ਦੇ ਫੈਸਲੇ ਤੋਂ ਪਹਿਲਾਂ ਮੀਡੀਆ ਇਹ ਕਿਵੇਂ ਸੋਚ ਬੈਠਾ ਕਿ ਅੱਜ ਸਲਮਾਨ ਖਾਨ ਨੇ ਛੁੱਟ ਜਾਣਾ ਹੈ, ਇਸ ਬਾਰੇ ਕਿਸੇ ਜਾਂਚ ਦੀ ਲੋੜ ਨਹੀਂ, ਮਾਮਲਾ ਨਿਆਂ ਪਾਲਿਕਾ ਦਾ ਹੈ ਤੇ ਫੈਸਲੇ ਨੂੰ ਪ੍ਰਵਾਨ ਕਰਨਾ ਹੀ ਠੀਕ ਹੈ।
ਉਰਦੂ ਵਿਚ ਇੱਕ ਲਫਜ਼ ‘ਸਾਹਿਬੇ-ਹੈਸੀਅਤ’ ਹੁੰਦਾ ਹੈ, ਜਿਸ ਦਾ ਮਤਲਬ ਹੈ ਕਿ ਇਸ ਆਦਮੀ ਦੀ ਹਸਤੀ ਇਸ ਨੂੰ ਖਾਸ ਦਰਜਾ ਦੇਣ ਵਾਲੀ ਹੈ। ਕਦੀ ਗਰੀਬ ਲੋਕਾਂ ਲਈ ‘ਸਾਹਿਬੇ-ਗੁਰਬਤ’ ਲਫਜ਼ ਵਰਤਣ ਦੀ ਲੋੜ ਨਹੀਂ ਮਹਿਸੂਸ ਕੀਤੀ ਗਈ, ਉਹ ਇਸ ਦੁਨੀਆਂ ਉਤੇ ਜ਼ਿੰਦਗੀ ਨੂੰ ਮਾਨਣ ਲਈ ਨਹੀਂ, ਹੰਢਾਉਣ ਲਈ ਵੀ ਨਹੀਂ, ਸਿਰਫ ਭੁਗਤਣ ਨੂੰ ਆਉਂਦੇ ਹਨ ਤੇ ਜਿਨ੍ਹਾਂ ਨੇ ਜ਼ਿੰਦਗੀ ਭੁਗਤਣੀ ਹੈ, ਉਨ੍ਹਾਂ ਦਾ ਸਾਹਿਬਪੁਣਾ ਨਹੀਂ ਹੁੰਦਾ। ਸਲਮਾਨ ਦੇ ਨਾਲ ਉਹ ਫਿਲਮ ਨਗਰੀ ਖੜੀ ਹੈ, ਜਿਹੜੀ ਫਿਲਮਾਂ ਵਿਚ ਗਰੀਬਾਂ ਨੂੰ ਇਨਸਾਫ ਦੇਣ ਅਤੇ ਅਦਾਲਤਾਂ ਵਿਚ ਗਰੀਬ ਨਾਲ ਇਨਸਾਫ ਦੇ ਨਾਂ ਉਤੇ ਹੋਣ ਵਾਲੇ ਮਜ਼ਾਕ ਨੂੰ ਪੇਸ਼ ਕਰਦੀ ਹੈ। ਗੁਜਰਾਤ ਦੇ ਇੱਕ ਸਮੇਂ ਦੇ ਮੁੱਖ ਮੰਤਰੀ ਤੇ ਅੱਜ ਦੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਸਲਮਾਨ ਖਾਨ ਨੂੰ ਆਪਣੇ ਰਾਜ ਵਿਚ ਉਚੇਚਾ ਸੱਦ ਕੇ ਉਸ ਨਾਲ ਪਤੰਗ ਉਡਾਈ ਅਤੇ ਬਸੰਤ ਮਨਾਈ ਸੀ। ਜਿਹੜੇ ਲੋਕ ਸਲਮਾਨ ਦੀ ਗੱਡੀ ਹੇਠ ਆ ਗਏ, ਉਹ ਤਾਂ ਆਪ ਕੱਟੀ ਪਤੰਗ ਵਰਗੇ ਸਨ। ਹਸਤੀ ਵਾਲੇ ਹੁੰਦੇ ਤਾਂ ਭਾਰਤ ਦੀ ਪੈਸੇ-ਧੇਲੇ ਦੀ ਰਾਜਧਾਨੀ ਮੁੰਬਈ ਵਿਚ ਉਨ੍ਹਾਂ ਨੂੰ ਕੋਈ ਸਿਰ ਲੁਕਾਉਣ ਜੋਗੀ ਛੱਤ ਵੀ ਲੱਭ ਸਕਦੀ ਸੀ, ਫੁੱਟਪਾਥ ਉਤੇ ਸੌਂ ਕੇ ਸਲਮਾਨ ਖਾਨ ਦੀ ਕਾਰ ਹੇਠ ਆਉਣ ਦੀ ਲੋੜ ਨਹੀਂ ਸੀ ਪੈਣੀ।
ਆਮ ਲੋਕਾਂ ਨੂੰ ਇਨਸਾਫ ਤੋਂ ਇਨਕਾਰ ਪਹਿਲੀ ਵਾਰੀ ਨਹੀਂ ਹੋਇਆ, ਹੁੰਦਾ ਹੀ ਰਹਿੰਦਾ ਹੈ। ਸਲਮਾਨ ਖਾਨ ਸਾਹਿਬੇ-ਹੈਸੀਅਤ ਹੈ ਤੇ ਸਾਹਿਬੇ-ਹੈਸੀਅਤ ਲੋਕਾਂ ਦਾ ਛੁੱਟ ਜਾਣਾ ਵੀ ਕੋਈ ਅਲੋਕਾਰੀ ਗੱਲ ਨਹੀਂ।
ਸਾਡੇ ਕੋਲ ਇੱਕ ਕੇਸ ਬੀਬੀ ਜੈਲਲਿਤਾ ਦਾ ਹੈ। ਉਹ ਤਾਮਿਲ ਨਾਡੂ ਦੇ ਲੋਕਾਂ ਦੀ ਲੀਡਰ ਹੈ ਤੇ ਪੰਜਵੀਂ ਵਾਰੀ ਮੁੱਖ ਮੰਤਰੀ ਦੀ ਗੱਦੀ ਉਤੇ ਬੈਠੀ ਰਾਜ ਮਾਣ ਰਹੀ ਹੈ। ਪਹਿਲੀ ਵਾਰ ਉਹ ਪੰਜ ਸਾਲਾਂ ਦਾ ਰਾਜ ਮਾਣ ਕੇ ਪਾਸੇ ਹੋਈ ਤਾਂ ਉਸ ਦੇ ਭ੍ਰਿਸ਼ਟਾਚਾਰ ਦੇ ਕਿੱਸੇ ਗਿਣਨੇ ਔਖੇ ਹੋ ਗਏ। ਬਹੁਤ ਸਾਰੇ ਕੇਸਾਂ ਵਿਚ ਫਸ ਕੇ ਵੀ ਉਸ ਨੇ ਪ੍ਰਵਾਹ ਨਹੀਂ ਸੀ ਕੀਤੀ। ਫਿਰ ਅਦਾਲਤ ਨੇ ਉਸ ਨੂੰ ਕੈਦ ਦੀ ਸਜ਼ਾ ਦੇ ਦਿੱਤੀ। ਜ਼ਮਾਨਤ ਲੈ ਕੇ ਬੀਬੀ ਨੇ ਉਪਰਲੀ ਅਦਾਲਤ ਵਿਚ ਅਪੀਲ ਕੀਤੀ ਤੇ ਅਗਲੀ ਚੋਣ ਵਿਚ ਕਾਗਜ਼ ਦਾਖਲ ਕਰਨ ਵਾਸਤੇ ਚਲੀ ਗਈ। ਰਿਟਰਨਿੰਗ ਅਫਸਰ ਨੇ ਕਿਹਾ ਕਿ ਸਜ਼ਾ ਭੁਗਤ ਚੁਕੇ ਕਿਸੇ ਵੀ ਵਿਅਕਤੀ ਨੂੰ ਸੰਵਿਧਾਨ ਮੁਤਾਬਕ ਚੋਣ ਲੜਨ ਦਾ ਅਧਿਕਾਰ ਨਹੀਂ, ਇਸ ਲਈ ਉਸ ਵੇਲੇ ਬੀਬੀ ਦੇ ਨਾਮਜ਼ਦਗੀ ਕਾਗਜ਼ ਰੱਦ ਹੋ ਗਏ। ਉਸ ਨੇ ਚੋਣ ਨਹੀਂ ਸੀ ਲੜੀ, ਆਪਣੇ ਉਮੀਦਵਾਰਾਂ ਦੀ ਅਗਵਾਈ ਕੀਤੀ ਅਤੇ ਪਾਰਟੀ ਦੇ ਜਿੱਤਦੇ ਸਾਰ ਉਸ ਦੇ ਵਿਧਾਇਕਾਂ ਨੇ ਬੀਬੀ ਨੂੰ ਆਪਣੀ ਆਗੂ ਚੁਣ ਕੇ ਮੁੱਖ ਮੰਤਰੀ ਵਜੋਂ ਪੇਸ਼ ਕਰ ਦਿੱਤਾ ਸੀ। ਰਾਜ ਦੀ ਗਵਰਨਰ ਬੀਬੀ ਫਾਤਿਮਾ ਸੁਪਰੀਮ ਕੋਰਟ ਦੀ ਜੱਜ ਰਹਿ ਚੁੱਕੀ ਹੋਣ ਕਾਰਨ ਸੰਵਿਧਾਨ ਬਾਰੇ ਜਾਣਦੀ ਸੀ। ਇਸ ਦੇ ਬਾਵਜੂਦ ਉਸ ਨੇ ਜੈਲਲਿਤਾ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁਕਾ ਦਿੱਤੀ।
ਇਸ ਫੈਸਲੇ ਨੂੰ ਸੰਵਿਧਾਨ ਦੀ ਉਲੰਘਣਾ ਵਜੋਂ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਹੋ ਗਈ। ਸੁਣਵਾਈ ਪਿੱਛੋਂ ਸੁਪਰੀਮ ਕੋਰਟ ਨੇ ਕਿਹਾ ਕਿ ਜਿਸ ਨੂੰ ਸੰਵਿਧਾਨ ਦੇ ਮੁਤਾਬਕ ਚੋਣ ਲੜਨ ਦਾ ਵੀ ਅਧਿਕਾਰ ਨਹੀਂ, ਮੁੱਖ ਮੰਤਰੀ ਦੇ ਅਹੁਦੇ ਦੀ ਹੱਕਦਾਰ ਵੀ ਉਹ ਨਹੀਂ ਹੋ ਸਕਦੀ। ਇਸ ਲਈ ਇਹ ਸਹੁੰ ਚੁਕਾਉਣਾ ਗਲਤ ਸੀ। ਸਾਬਕਾ ਜੱਜ ਗਵਰਨਰ ਬੀਬੀ ਫਾਤਿਮਾ ਅਸਤੀਫਾ ਦੇ ਗਈ। ਬੀਬੀ ਜੈਲਲਿਤਾ ਨੂੰ ਅਸਤੀਫਾ ਦੇਣਾ ਪਿਆ ਤਾਂ ਉਸ ਨੇ ਆਪਣੀ ਥਾਂ ਪਨੀਰਸੇਲਵਮ ਨੂੰ ਮੁੱਖ ਮੰਤਰੀ ਬਣਵਾ ਦਿੱਤਾ। ਕੁਝ ਦੇਰ ਪਿੱਛੋਂ ਉਹ ਉਪਰਲੀ ਅਦਾਲਤ ਤੋਂ ਬਰੀ ਹੋ ਕੇ ਆਈ ਅਤੇ ਇੱਕ ਵਾਰ ਫਿਰ ਮੁੱਖ ਮੰਤਰੀ ਬਣ ਗਈ। ਹੁਣ ਕੋਈ ਇਤਰਾਜ਼ ਹੀ ਨਹੀਂ ਸੀ ਕਰ ਸਕਦਾ।
ਕਹਾਣੀ ਏਥੇ ਖਤਮ ਨਹੀਂ ਹੋ ਗਈ। ਬੀਬੀ ਜੈਲਲਿਤਾ ਉਤੇ ਇੱਕ ਵਾਰੀ ਫਿਰ ਭ੍ਰਿਸ਼ਟਾਚਾਰ ਦਾ ਕੇਸ ਬਣਿਆ ਤੇ ਉਸ ਦੀ ਨਿਰਪੱਖ ਸੁਣਵਾਈ ਕਰਨ ਲਈ ਉਸ ਰਾਜ ਵਿਚੋਂ ਕੱਢ ਕੇ ਨਾਲ ਦੇ ਕਰਨਾਟਕਾ ਰਾਜ ਦੀ ਅਦਾਲਤ ਕੋਲ ਭੇਜ ਦਿੱਤਾ ਗਿਆ। ਬੀਬੀ ਓਦੋਂ ਤੱਕ ਮੁੜ ਕੇ ਮੁੱਖ ਮੰਤਰੀ ਬਣ ਚੁੱਕੀ ਸੀ। ਇਸ ਕੇਸ ਵਿਚ ਉਹ ਫੈਸਲਾ ਸੁਣਨ ਲਈ ਮੁੱਖ ਮੰਤਰੀ ਹੁੰਦਿਆਂ ਪੇਸ਼ ਹੋਈ ਅਤੇ ਉਸ ਨੂੰ ਕੈਦ ਦਾ ਹੁਕਮ ਹੋ ਗਿਆ। ਇੱਕ ਵਾਰੀ ਫਿਰ ਉਹੋ ਕਹਾਣੀ ਦੁਹਰਾਈ ਗਈ, ਓਸੇ ਪਨੀਰਸੇਲਵਮ ਨੂੰ ਉਸ ਦੀ ਥਾਂ ਮੁੱਖ ਮੰਤਰੀ ਬਣਾਇਆ ਗਿਆ। ਪਨੀਰਸੇਲਵਮ ਨੇ ਜਦੋਂ ਸਹੁੰ ਚੁੱਕਣੀ ਸੀ ਤਾਂ ਨਾਲੋ-ਨਾਲ ਏਨਾ ਜ਼ੋਰ ਦੀ ਰੋਈ ਜਾਂਦਾ ਸੀ ਕਿ ਉਸ ਦੀ ਸਹੁੰ ਚੁੱਕੀ ਵੀ ਪੂਰੀ ਸੁਣਨੀ ਔਖੀ ਲੱਗਦੀ ਸੀ। ਆਪਣੀ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਿਭਾਉਣ ਲਈ ਉਹ ਇੱਕ ਦਿਨ ਵੀ ਮੁੱਖ ਮੰਤਰੀ ਦੇ ਦਫਤਰ ਵਿਚ ਨਹੀਂ ਸੀ ਬੈਠਾ ਅਤੇ ਮੰਤਰੀ ਵਜੋਂ ਪਹਿਲੇ ਮਿਲੇ ਹੋਏ ਕਮਰੇ ਵਿਚ ਬੈਠਦਾ ਰਿਹਾ। ਜਦੋਂ ਇੱਕ ਵਾਰ ਫਿਰ ਉਪਰਲੀ ਅਦਾਲਤ ਵਿਚੋਂ ਬੀਬੀ ਜੈਲਲਿਤਾ ਬਰੀ ਹੋ ਗਈ, ਉਹ ਵਾਪਸ ਆਈ ਤੇ ਮੁੱਖ ਮੰਤਰੀ ਬਣ ਗਈ। ਕਮਾਲ ਦੀ ਗੱਲ ਹੋਰ ਹੈ। ਜਿਹੜੇ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਐਲਾਨ ਕੀਤਾ ਸੀ, ਭ੍ਰਿਸ਼ਟਾਚਾਰ ਦੇ ਕੇਸ ਤੋਂ ਬਰੀ ਹੋਈ ਜੈਲਲਿਤਾ ਨੂੰ ਸਭ ਤੋਂ ਪਹਿਲਾ ਵਧਾਈ ਦਾ ਫੋਨ ਓਸੇ ਦਾ ਆਇਆ ਤੇ ਉਸ ਨੇ ਇਹ ਕਿਹਾ ਕਿ ਅੱਜ ਇਨਸਾਫ ਦੀ ਜਿੱਤ ਹੋਈ ਹੈ। ਓਦੋਂ ਪ੍ਰਧਾਨ ਮੰਤਰੀ ਦੀ ਵਧਾਈ ਵਿਚੋਂ ਆਪਣੇ ਅਰਥਾਂ ਦੇ ਅਨਰਥ ਹੁੰਦੇ ਵੇਖ ਕੇ ਇਨਸਾਫ ਵੀ ਰੋਂਦਾ ਹੋਵੇਗਾ।
ਹੁਣ ਇੱਕ ਤੀਸਰਾ ਕੇਸ ਵੇਖ ਲਈਏ। ਭਾਰਤ ਦੇ ਮੱਧ ਪ੍ਰਦੇਸ਼ ਵਿਚ ਇੱਕ ਵਾਰੀ ਇੱਕ ਗੈਸ ਪਲਾਂਟ ਲੀਕ ਹੋ ਗਿਆ ਤੇ ਪੰਝੀ ਹਜ਼ਾਰ ਦੇ ਕਰੀਬ ਲੋਕ ਮਾਰੇ ਗਏ ਸਨ। ਸਾਰੀ ਜਾਂਚ ਅਮਰੀਕਾ ਬੈਠੇ ਕੰਪਨੀ ਦੇ ਚੇਅਰਮੈਨ ਦੁਆਲੇ ਘੁੰਮਦੀ ਰਹੀ, ਪਰ ਜਿਹੜਾ ਵਾਈਸ ਚੇਅਰਮੈਨ ਇਸ ਦੇਸ਼ ਵਿਚ ਉਸ ਕੰਪਨੀ ਨੂੰ ਚਲਾਉਂਦਾ ਤੇ ਸਾਰੇ ਗੁਨਾਹ ਵਾਸਤੇ ਜ਼ਿੰਮੇਵਾਰ ਸੀ, ਉਸ ਵੱਲ ਕਿਸੇ ਧਿਰ ਨੇ ਅੱਖ ਕੈਰੀ ਕਰਨ ਦੀ ਲੋੜ ਨਹੀਂ ਸੀ ਸਮਝੀ। ਕਾਂਗਰਸੀ ਸਰਕਾਰਾਂ ਨੇ ਉਸ ਨੂੰ ਬਚਣ ਦਾ ਰਾਹ ਦਿੱਤਾ ਤੇ ਜਦੋਂ ਵਾਜਪਾਈ ਸਰਕਾਰ ਆਈ ਤਾਂ ਪਦਮ ਸ੍ਰੀ ਦਾ ਸਨਮਾਨ ਦੇ ਕੇ ਸਤਿਕਾਰਿਆ ਗਿਆ ਸੀ। ਰਾਜਸੀ ਮੈਦਾਨ ਤੋਂ ਪਰੇ ਨਿਆਂ ਪਾਲਿਕਾ ਵਿਚ ਹੋਰ ਕਮਾਲ ਹੋ ਗਈ। ਸੁਪਰੀਮ ਕੋਰਟ ਵਿਚ ਇਸ ਦੀ ਸੁਣਵਾਈ ਕਰਨ ਵਾਲੇ ਜੱਜ ਸਾਹਿਬ ਨੇ ਇਹ ਵਿਚਾਰ ਸਾਹਮਣੇ ਰੱਖ ਦਿੱਤਾ ਕਿ ਇਸ ਵਿਚ ਸਿਰਫ ਏਨੀ ਜ਼ਿੰਮੇਵਾਰੀ ਬਣਦੀ ਹੈ, ਜਿੰਨੀ ਸੜਕ ਕੰਢੇ ਖੜੇ ਲੋਕਾਂ ਉਤੇ ਕਿਸੇ ਲਾਪਰਵਾਹ ਡਰਾਈਵਰ ਵੱਲੋਂ ਟਰੱਕ ਚਾੜ੍ਹ ਦੇਣ ਦੀ ਬਣ ਸਕਦੀ ਹੈ। ਇਸ ਨਾਲ ਇਸ ਕੇਸ ਵਿਚ ਇਨਸਾਫ ਦੀ ਆਸ ਵੀ ਜਾਂਦੀ ਰਹੀ। ਜਦੋਂ ਉਹ ਜੱਜ ਨਿਆਂ ਦੀ ਕੁਰਸੀ ਤੋਂ ਉਠਿਆ ਤਾਂ ਉਸ ਬਦਨਾਮ ਹੋ ਚੁੱਕੀ ਗੈਸ ਕੰਪਨੀ ਵੱਲੋਂ ਬਣਾਏ ਚੈਰੀਟੇਬਲ ਟਰੱਸਟ ਦੇ ਹਸਪਤਾਲ ਦਾ ਮੁਖੀ ਜਾ ਬਣਿਆ, ਪਰ ਟਰੱਸਟ ਹੀ ਚੈਰੀਟੇਬਲ ਸੀ, ਮੁਖੀ ਬਣੇ ਸਾਬਕਾ ਜੱਜ ਲਈ ਮੌਜਾਂ ਵਾਲੇ ਭੱਤੇ ਸਨ। ਬਹੁਤ ਜ਼ਿਆਦਾ ਰੌਲਾ ਪੈਣ ਮਗਰੋਂ ਉਸ ਨੂੰ ਉਹ ਚੇਅਰਮੈਨੀ ਛੱਡਣੀ ਪਈ। ਪੰਝੀ ਹਜ਼ਾਰ ਲੋਕਾਂ ਦੀ ਮੌਤ ਨੂੰ ਇੱਕ ਲਾਪਰਵਾਹ ਡਰਾਈਵਰ ਦੇ ਹਾਦਸੇ ਨਾਲ ਤੋਲ ਦੇਣ ਦੇ ਪਿੱਛੇ ਵੀ ਇਹੋ ਸੋਚ ਹੋਵੇਗੀ ਕਿ ਕੇਸ ਵਿਚ ਫਸੇ ਹੋਏ ਲੋਕ ਸਾਹਿਬੇ-ਹੈਸੀਅਤ ਹਨ ਤੇ ਮਰਨ ਵਾਲਿਆਂ ਦੀ ਕੋਈ ਜ਼ਿੰਦਗੀ ਥੋੜ੍ਹੀ ਸੀ, ਉਹ ਤਾਂ ਮਨੁੱਖੀ ਜੂਨ ਹੰਢਾਉਣ ਵੀ ਨਹੀਂ, ਭੁਗਤਣ ਵਾਸਤੇ ਪੈਦਾ ਹੋਏ ਹੋਣਗੇ।
ਇਨਸਾਫ ਦੀ ਦੇਵੀ ਦੇ ਅੱਖਾਂ ਉਤੇ ਪੱਟੀ ਬੱਝੀ ਹੈ, ਉਹ ਆਪ ਨਹੀਂ ਵੇਖ ਸਕਦੀ। ਰਿਆਸਤੀ ਰਾਜ ਦੌਰਾਨ ਪਟਿਆਲੇ ਵਿਚ ਇੱਕ ਜੱਜ ਹੁੰਦਾ ਸੀ। ਉਹ ਅੰਗਰੇਜ਼ੀ ਨਹੀਂ ਸੀ ਜਾਣਦਾ। ਇੱਕ ਵਾਰ ਉਸ ਰਾਜ ਦੇ ਇੱਕ ਜ਼ੋਰਾਵਰ ਨੇ ਇੱਕ ਗਰੀਬ ਦਾ ਕਤਲ ਕਰ ਦਿੱਤਾ। ਜਦੋਂ ਕੇਸ ਬਣਿਆ ਤਾਂ ਪਹੁੰਚ ਵਾਲੇ ਬੰਦੇ ਨੇ ਦਿੱਲੀ ਤੋਂ ਵੱਡਾ ਵਕੀਲ ਲਿਆ ਕੇ ਪੈਰਵੀ ਕਰਾਈ। ਵਕੀਲ ਅੰਗਰੇਜ਼ੀ ਵਿਚ ਤਿੰਨ ਦਿਨ ਕਈ ਕੁਝ ਬੋਲੀ ਗਿਆ। ਜਦੋਂ ਸਾਰੀ ਗੱਲ ਕਹਿ ਚੁੱਕਾ ਤਾਂ ਜੱਜ ਨੇ ਕਿਹਾ: ‘ਦੇਖ ਭਾਈ ਸੱਜਣਾ, ਤੂੰ ਹੋਰ ਵੀ ਬੋਲਣਾ ਹੈ ਤਾਂ ਬੋਲ ਲੈ, ਅੰਗਰੇਜ਼ੀ ਦੀ ਸਾਰੀ ਦਲੀਲਬਾਜ਼ੀ ਮੈਨੂੰ ਸਮਝ ਨਹੀਂ ਪਈ, ਪਰ ਉਸ ਪਿੰਡ ਵਿਚ ਜਾ ਕੇ ਮੈਂ ਪਤਾ ਕਰ ਆਇਆ ਹਾਂ ਕਿ ਕਤਲ ਤੇਰੇ ਬੰਦੇ ਨੇ ਕੀਤਾ ਹੈ ਤੇ ਇਸ ਨੂੰ ਛੱਡਣਾ ਮੈਂ ਹੈ ਨਹੀਂ।’ ਇਹ ਕਹਾਣੀ ਹਾਈ ਕੋਰਟ ਵਿਚ ਪ੍ਰਸਿੱਧ ਵਕੀਲ ਤੇ ਲੇਖਕ ਗੁਰਨਾਮ ਸਿੰਘ ਤੀਰ ਨੇ ਸਾਨੂੰ ਸੁਣਾਈ ਸੀ। ਜੇ ਇਹ ਕਹਾਣੀ ਹੁਣ ਵੀ ਕਦੇ ਵਾਪਰ ਸਕਦੀ ਤਾਂ ਸ਼ਾਇਦ ਜ਼ਿਆਦਾ ਚੰਗਾ ਹੋਣਾ ਸੀ।