ਦਲਜੀਤ ਅਮੀ
ਫੋਨ: +91-97811-21873
ਪੰਜਾਬ ਵਿਚ ਸੜਕ ਹਾਦਸਿਆਂ ਦੀਆਂ ਖ਼ਬਰਾਂ ਰੋਜ਼ ਅਖਬਾਰਾਂ ਦੇ ਪਹਿਲੇ ਪੰਨੇ ਉਤੇ ਛਪਦੀਆਂ ਹਨ। ਇਨ੍ਹਾਂ ਹਾਦਸਿਆਂ ਦੇ ਸੇਕ ਤੋਂ ਸ਼ਾਇਦ ਹੀ ਕੋਈ ਪੰਜਾਬੀ ਘਰ ਬਚਿਆ ਹੋਵੇ। ਪੰਜਾਬੀਆਂ ਨੇ ਆਪਣੇ ਸਕੇ-ਸਨੇਹੀਆਂ ਅਤੇ ਦੋਸਤਾਂ-ਮਿੱਤਰਾਂ ਦੀਆਂ ਬੇਵਕਤ ਮੌਤਾਂ ਅਤੇ ਜ਼ਖ਼ਮੀਆਂ ਦੀ ਮਾਰ ਹੇਠ ਰਹਿੰਦੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹੋਈ ਜਵਾਨੀ ਦਾ ਭਾਰ ਆਪਣੇ ਮੋਢਿਆਂ ਉਤੇ ਢੋਇਆ ਹੈ।
ਸੜਕ ਹਾਦਸਿਆਂ ਬਾਬਤ ਹੋਈ ਚਰਚਾ ਨਾਲ ਇਹ ਸਾਬਤ ਹੋ ਚੁੱਕਿਆ ਹੈ ਕਿ ਪੰਜਾਬ ਦੀ ਸੜਕਾਂ ਉਤੇ ਹਾਦਸੇ ਨਹੀਂ ਵਾਪਰਦੇ, ਸਗੋਂ ਕਤਲ ਹੁੰਦੇ ਹਨ। ਜੇ ਸੂਬਾ ਸਰਕਾਰ ਸੜਕ ਹਾਦਸਿਆਂ ਨੂੰ ਠੱਲ੍ਹਣ ਵਿਚ ਨਾਕਾਮ ਰਹੀ ਹੈ, ਜਾਂ ਜੇ ਇਸ ਦੇ ਉਪਰਾਲੇ ਅਕਾਰਥ ਸਾਬਤ ਹੋਏ ਹਨ ਤਾਂ ਇਹ ਜਾਨਾਂ ਨਾਕਸ ਸਰਕਾਰੀ ਤੰਤਰ ਦੀ ਭੇਟ ਚੜ੍ਹੀਆਂ ਹਨ। ਮੌਜੂਦਾ ਦੌਰ ਵਿਚ ਸਮਾਜ ਸ਼ਾਸਤਰ ਸਾਬਤ ਕਰਦਾ ਹੈ ਕਿ ਸਰਕਾਰੀ ਅਣਗਹਿਲੀ ਜਾਂ ਬਦਇੰਤਜ਼ਾਮੀ ਨਾਲ ਹੋਏ ਜਾਨੀ-ਮਾਲੀ ਨੁਕਸਾਨ ਦਾ ਫ਼ੌਰੀ ਕਾਰਨ ਕੁਝ ਵੀ ਹੋਵੇ, ਪਰ ਇਸ ਦੀ ਸਿਆਸਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜਦੋਂ ਇਹ ਦਲੀਲ ਹੜ੍ਹਾਂ, ਤੂਫ਼ਾਨਾਂ ਅਤੇ ਭੂਚਾਲਾਂ ਵਰਗੇ ਕੁਦਰਤੀ ਰੁਝਾਨਾਂ ਬਾਬਤ ਪੇਸ਼ ਕੀਤੇ ਜਾਣ ਦਾ ਵਿਗਿਆਨ ਪੱਖ ਸਾਹਮਣੇ ਹੈ ਤਾਂ ਸੜਕ ਹਾਦਸਿਆਂ ਨੂੰ ਬਾਹਰ ਕਿਵੇਂ ਰੱਖਿਆ ਜਾ ਸਕਦਾ ਹੈ?
ਕੁਦਰਤੀ ਰੁਝਾਨਾਂ ਦੇ ਨਤੀਜੇ ਵਜੋਂ ਹੋਏ ਜਾਨੀ-ਮਾਲੀ ਨੁਕਸਾਨ ਬਾਬਤ ਪੜਚੋਲ ਵਿਚ ਇਹ ਤੱਥ ਅਹਿਮ ਰਹਿੰਦੇ ਹਨ ਕਿ ਪੇਸ਼ਬੰਦੀਆਂ ਕਿਸ ਤਰ੍ਹਾਂ ਦੀਆਂ ਸਨ; ਅਗਾਊਂ ਜਾਣਕਾਰੀ ਨਸ਼ਰ ਕਰਨ ਦਾ ਕੀ ਇੰਤਜ਼ਾਮ ਸੀ; ਰਾਹਤ ਕਾਰਜਾਂ ਲਈ ਲੋੜੀਂਦੇ ਬੰਦੋਬਸਤ ਕਿੰਨੇ ਪੁਖ਼ਤਾ ਸਨ। ਇਸੇ ਤਰ੍ਹਾਂ ਜੇ ਸੜਕ ਹਾਦਸੇ ਲਗਾਤਾਰ ਹੋ ਰਹੇ ਹਨ ਤਾਂ ਉਨ੍ਹਾਂ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਨਾ ਹੀ ਤਾਂ ਸਰਕਾਰ ਅਤੇ ਇੰਤਜ਼ਾਮੀਆ ਦਾ ਕੰਮ ਹੈ। ਜੇ ਕਾਰਨਾਂ ਦੀ ਨਿਸ਼ਾਨਦੇਹੀ ਕਰਨ ਅਤੇ ਲੋੜੀਂਦੀਆਂ ਪਹਿਲਕਦਮੀਆਂ ਕਰਨ ਵਿਚ ਸਰਕਾਰ ਅਤੇ ਇੰਤਜ਼ਾਮੀਆਂ ਨਾਕਾਮਯਾਬ ਰਹਿੰਦਾ ਹੈ ਤਾਂ ਕਸੂਰਵਾਰ ਦੀ ਨਿਸ਼ਾਨਦੇਹੀ ਤਾਂ ਸਾਫ਼ ਹੈ। ਹੁਣ ਸੁਆਲ ਤਾਂ ਸਿਰਫ਼ ਜੁਆਬਦੇਹੀ ਅਤੇ ਜੁਆਬਤਲਬੀ ਦਾ ਹੈ।
ਚੰਨੂ ਪਿੰਡ ਵਿਚ ਅੱਠਵੀਂ ਜਮਾਤ ਦੀ ਵਿਦਿਆਰਥਣ ਸੜਕ ਹੇਠ ਆ ਕੇ ਮਾਰੀ ਗਈ ਹੈ। ਸੜਕ ਉਤੇ ਹਾਦਸਿਆਂ ਵਿਚ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ ਅਤੇ ਹੋ ਰਿਹਾ ਹੈ। ਇਸ ਹਾਦਸੇ ਨਾਲ ਜੁੜੇ ਕੁਝ ਤੱਥ ਅਹਿਮ ਹੈ। ਇਹ ਬੱਸ ਦੇ ਮਾਲਕ ਦਾ ਨਾਮ ਹਰਦੀਪ ਸਿੰਘ ਡਿੰਪੀ ਢਿੱਲੋਂ ਹੈ ਜੋ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਹੋਣ ਦੇ ਨਾਲ-ਨਾਲ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਰੀਬੀਆਂ ਵਿਚ ਮੰਨਿਆ ਜਾਂਦਾ ਹੈ। ਉਹ ਗਿੱਦੜਬਾਹਾ ਦੇ ਹਲਕਾ ਇੰਚਾਰਜ ਹੋਣ ਦੇ ਨਾਲ-ਨਾਲ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਨ। ਨਿਊ ਦੀਪ ਕੰਪਨੀ ਉਨ੍ਹਾਂ ਦੀਆਂ ਬੱਸਾਂ ਦਾ ਕਾਰੋਬਾਰ ਹੈ। ਮੋਗੇ ਵਿਚ ਔਰਬਿਟ ਬੱਸ ਵਿਚ ਹੋਏ ਕਤਲ ਤੋਂ ਬਾਅਦ ਨਿਊ ਦੀਪ ਕੰਪਨੀ ਦੀਆਂ ਬੱਸਾਂ ਦੇ ਕਰਿੰਦੇ ਹੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਵਿਦਿਆਰਥੀਆਂ ਨਾਲ ਟਕਰਾਅ ਵਿਚ ਆਏ ਸਨ। ਉਸੇ ਦੌਰਾਨ ਪੰਜ ਮਈ ਨੂੰ 29 ਵਿਦਿਆਰਥੀਆਂ ਉਤੇ ਇਰਾਦਾ ਕਤਲ ਦੇ ਪਰਚੇ ਦਰਜ ਹੋਏ ਸਨ। ਜਦੋਂ ਸਮੂਹ ਸਿਆਸੀ ਪਾਰਟੀਆਂ ਸੜਕਾਂ ਉਤੇ ਮੁਜ਼ਾਹਰੇ ਕਰ ਰਹੀਆਂ ਸਨ ਤਾਂ ਜੁਆਬੀ ਬਿਆਨ ਹਰਦੀਪ ਢਿੱਲੋਂ ਦੇ ਰਹੇ ਸਨ। ਉਨ੍ਹਾਂ ਬਿਆਨਾਂ ਵਿਚ ਨਿਖੇੜਾ ਕਰਨਾ ਔਖਾ ਸੀ ਕਿ ਇਹ ਬਿਆਨ ਸਰਕਾਰੀ ਹਨ ਜਾਂ ਕਾਰੋਬਾਰੀ। ਇਹ ਡਿਪਟੀ ਮੁੱਖ ਮੰਤਰੀ ਦੀ ਨੇੜਤਾ ਵਿਚੋਂ ਉਪਜੇ ਹਨ ਜਾਂ ਔਰਬਿਟ ਬੱਸ ਦੇ ਮਾਲਕ ਸੁਖਬੀਰ ਸਿੰਘ ਬਾਦਲ ਦੀ ਨੇੜਤਾ ਵਿਚੋਂ ਉਪਜੇ ਸਨ। ਹਰਦੀਪ ਢਿੱਲੋਂ ਦੀ ਵੈੱਬਸਾਈਟ ਤੋਂ ਸੁਖਬੀਰ ਸਿੰਘ ਬਾਦਲ ਨਾਲ ਉਨ੍ਹਾਂ ਦੀ ਨੇੜਤਾ ਦਾ ਅੰਦਾਜ਼ਾ ਹੁੰਦਾ ਹੈ। ਉਸੇ ਦੌਰਾਨ ਮੁਕਤਸਰ ਜ਼ਿਲ੍ਹੇ ਵਿਚ ਦੋ ਨਾਬਾਲਗ਼ ਕੁੜੀਆਂ ਨਾਲ ਛੇੜਛਾੜ ਦਾ ਮਾਮਲਾ ਪੁਲਿਸ ਨੇ ਦਰਜ ਕੀਤਾ ਸੀ। ਇਸ ਪਰਚੇ ਖ਼ਿਲਾਫ਼ ‘ਪੰਜਾਬ ਮੋਟਰ ਯੂਨੀਅਨ’ ਨੇ 15 ਮਈ ਨੂੰ ਹੜਤਾਲ ਕੀਤੀ ਸੀ ਜਿਸ ਦੀ ਸਰਕਾਰੀ ਸਰਪ੍ਰਸਤੀ ਦੀ ਖ਼ਬਰਾਂ ਅਖ਼ਬਾਰਾਂ ਵਿਚ ਛਪੀਆਂ ਸਨ। ਪ੍ਰਾਈਵੇਟ ਬੱਸਾਂ ਦੀ ਇਸ ਹੜਤਾਲ ਬਾਬਤ ਹਰਦੀਪ ਢਿੱਲੋਂ ਦਾ ਇਹ ਬਿਆਨ ਛਪਿਆ ਸੀ, “ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਖ਼ਿਲਾਫ਼ ਛੇੜਛਾੜ ਜਾਂ ਬਦਸਲੂਕੀ ਦਾ ਪਰਚਾ ਦਰਜ ਤੋਂ ਪਹਿਲਾਂ ਜਾਂਚ ਹੋਣੀ ਚਾਹੀਦੀ ਹੈ। ਇਹ ਭਰੋਸਾ ਅਸੀਂ ਸਰਕਾਰ ਤੋਂ ਚਾਹੁੰਦੇ ਹਾਂ।”
ਚੰਨੂ ਵਿਚ ਸੜਕ ਹੇਠ ਆ ਕੇ ਮਾਰੀ ਗਈ ਕੁੜੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਪੁਲਿਸ ਨੇ ਕਾਰਵਾਈ ਕੀਤੀ। ਅਖ਼ਬਾਰਾਂ ਵਿਚ ਛਪੇ ਮੌਕੇ ਦੇ ਗਵਾਹਾਂ ਮੁਤਾਬਕ ਪੁਲਿਸ ਨੇ ਆਪ ਬਿਜਲੀ ਬੰਦ ਕਰਵਾ ਕੇ ਹਮਲਾ ਕੀਤਾ ਅਤੇ ਅੰਨ੍ਹੇਵਾਹ ਗੋਲੀ ਚਲਾਈ। ਗੋਲੀਆਂ ਦੇ ਖਾਲੀ ਖੋਖਿਆਂ ਦੀ ਤਸਵੀਰਾਂ ਅਖ਼ਬਾਰਾਂ ਅਤੇ ਇੰਟਰਨੈੱਟ ਉਤੇ ਛਪੀਆਂ ਹਨ। ਇਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕੁੜੀ ਤੋਂ ਦਾਦੇ ਤੋਂ ਖੋਹਿਆ ਅਤੇ ਇਸ ਨੂੰ ਦੋ ਸੌ ਮੀਟਰ ਤੱਕ ਧੂਹ ਕੇ ਲੈ ਗਏ। ਇਸ ਤਰ੍ਹਾਂ ਧੂਹ ਨੇ ਲਿਜਾਣ ਨਾਲ ਸੜਕ ਉਤੇ ਪਏ ਖ਼ੂਨ ਦੇ ਦਾਗ਼ ਦੀਆਂ ਖ਼ਬਰਾਂ ਅਖ਼ਬਾਰਾਂ ਨੇ ਛਾਪੀਆਂ ਹਨ। ਖ਼ਬਰਾਂ ਇਹ ਵੀ ਛਪੀਆਂ ਹਨ ਕਿ ਕੁੜੀ ਦੇ ਪਰਿਵਾਰ ਨਾਲ ਬੱਸ ਵਾਲਿਆਂ ਦਾ ਦਸ ਲੱਖ ਰੁਪਏ ਵਿਚ ਸਮਝੌਤਾ ਹੋਇਆ ਹੈ। ਇਸ ਵੇਲੇ ਮੁਕਤਸਰ ਦਾ ਵਾਧੂ ਕਾਰਜ-ਭਾਰ ਵੇਖ ਰਹੇ ਬਠਿੰਡੇ ਦੇ ਡਿਪਟੀ ਕਮਿਸ਼ਨਰ ਬਸੰਤ ਗਰਗ ਨੇ ਬਿਆਨ ਦਿੱਤਾ ਹੈ ਕਿ ਵਿੱਤੀ ਮੁਆਵਜ਼ੇ ਲਈ ਮਾਮਲਾ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ ਜੋ ਢੁਕਵੀਂ ਨੀਤੀ ਤਹਿਤ ਕਾਰਵਾਈ ਕਰੇਗੀ।
ਇਨ੍ਹਾਂ ਸਾਰੇ ਤੱਥਾਂ ਵਿਚੋਂ ਇੱਕ ਤਰਤੀਬ ਉਭਰਦੀ ਹੈ। ਹਲਕਾ ਇੰਚਾਰਜ ਦੀ ਬੱਸ ਨਾਲ ਜੁੜੇ ਮਾਮਲੇ ਵਿਚ ਪੁਲਿਸ ਰਾਤ ਨੂੰ ਗ਼ੈਰ-ਕਾਨੂੰਨੀ ਕਾਰਵਾਈ ਕਰਦੀ ਹੈ ਅਤੇ ਡਿਪਟੀ ਕਮਿਸ਼ਨਰ ਮੁਆਵਜ਼ੇ ਬਾਬਤ ਬਿਆਨ ਦਿੰਦਾ ਹੈ। ਮਕਤੂਲਾ ਦੇ ਪਰਿਵਾਰ ਨਾਲ ਪ੍ਰਾਈਵੇਟ ਬੱਸ ਵਾਲਿਆਂ ਦਾ ਸਮਝੌਤਾ ਚਰਚਾ ਵਿਚ ਆਉਂਦਾ ਹੈ। ਇਸ ਸਮੁੱਚੇ ਮਾਮਲੇ ਵਿਚ ਸਰਕਾਰ, ਹੁਕਮਰਾਨ ਸਿਆਸੀ ਪਾਰਟੀ, ਬੱਸ ਮਾਲਕ, ਪ੍ਰਸ਼ਾਸਨ ਅਤੇ ਪੁਲਿਸ ਇੱਕ ਧਿਰ ਬਣ ਕੇ ਉਭਰਦੇ ਹਨ। ਹਲਕਾ ਇੰਚਾਰਜ ਦੀ ਸਰਕਾਰੀ ਅਤੇ ਪ੍ਰਸ਼ਾਸਨ ਦੇ ਕੰਮਾਂ ਵਿਚ ਦਖ਼ਲਅੰਦਾਜ਼ੀ ਜੱਗ-ਜ਼ਾਹਿਰ ਹੈ। ਇਹ ਗ਼ੈਰ-ਕਾਨੂੰਨੀ ਦਖ਼ਲਅੰਦਾਜ਼ੀ ਹੈ ਜੋ ਸਰਕਾਰੀ ਸਰਪ੍ਰਸਤੀ ਵਿਚ ਹੁੰਦੀ ਹੈ। ਪੁਲਿਸ ਪ੍ਰਸ਼ਾਸਨ ਇਸ ਦਖ਼ਲਅੰਦਾਜ਼ੀ ਨੂੰ ਪ੍ਰਵਾਨ ਕਰਦਾ ਹੈ ਅਤੇ ਇਸ ਨੂੰ ਆਵਾਮ ਉਤੇ ਲਾਗੂ ਕਰਦਾ ਹੈ। ਨਤੀਜੇ ਵਜੋਂ ਪੁਲਿਸ ਅਤੇ ਸਿਆਸੀ ਆਗੂਆਂ ਦੀ ਯੂਥ ਬ੍ਰਿਗੇਡ ਜਾਂ ਕਾਰੋਬਾਰੀਆਂ ਦੇ ਲੱਠਮਾਰਾਂ ਵਿਚ ਵਰਦੀ ਤੋਂ ਬਿਨਾਂ ਕੋਈ ਹੋਰ ਨਿਖੇੜਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਇਸ ਰੁਝਾਨ ਦੀ ਇਤਿਹਾਸਕ ਕੜੀ ਦੀ ਗਵਾਹੀ ਪਿਛਲੇ ਦਿਨਾਂ ਵਿਚ ਗੁਰਮੀਤ ਸਿੰਘ ਪਿੰਕੀ ਨੇ ਦਿੱਤੀ ਹੈ। ਪਿੰਕੀ ਦੀ ਗਵਾਹੀ ਸਾਫ਼ ਦਰਸਾਉਂਦੀ ਹੈ ਕਿ ਨਿਜ਼ਾਮ ਦੀ ਸਰਪ੍ਰਸਤੀ ਵਿਚ ਕਿਸ ਤਰ੍ਹਾਂ ਪੁਲਿਸ ਅਫ਼ਸਰ ਆਪਣੇ ਬੇਵਰਦੀ ਅਤੇ ਬਾਵਰਦੀ ਗਰੋਹ ਪਾਲਦੇ ਹਨ। ਪੁਲਿਸ ਦੇ ਮੁਖ਼ਬਰਾਂ ਅਤੇ ਆਰਜ਼ੀ ਮੁਲਾਜ਼ਮਾਂ ਤੋਂ ਲੈ ਕੇ ਕੱਚੀਆਂ ਤਰੱਕੀਆਂ ਅਤੇ ਲੁੱਟਾਂ-ਖੋਹਾਂ ਦੇ ਮਾਮਲੇ ਆਪਸ ਵਿਚ ਜੁੜੇ ਨਜ਼ਰ ਆਉਂਦੇ ਹਨ। ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇæਪੀæਐਸ਼ ਗਿੱਲ ਦਾ ਮੰਨਣਾ ਹੈ ਕਿ ਪੁਲਿਸ ਅੰਦਰ ਸਰਕਾਰੀ ਦਖ਼ਲਅੰਦਾਜ਼ੀ ਥਾਣੇਦਾਰਾਂ ਤੋਂ ਲੈ ਕੇ ਪੁਲਿਸ ਦੇ ਮੁਖੀ ਤੱਕ ਦੇ ਅਹੁਦੇ ਅਤੇ ਤਰੱਕੀਆਂ ਦਾ ਫ਼ੈਸਲਾ ਕਰਦੀ ਹੈ। ਇਸੇ ਕੜੀ ਵਿਚ ਹਲਕਾ ਇੰਚਾਰਜ ਆਉਂਦਾ ਹੈ। ਇਹ ਅਹੁਦਾ ਹੁਕਮਰਾਨ ਧਿਰ ਦੇ ਵਿਧਾਇਕਾਂ, ਹਾਰੇ ਹੋਏ ਉਮੀਦਵਾਰਾਂ ਅਤੇ ਸਿਆਸੀ ਵਫ਼ਾਦਾਰਾਂ ਨੂੰ ਦਿੱਤਾ ਜਾਂਦਾ ਹੈ। ਚੰਡੀਗੜ੍ਹ ਦੇ ਸਕੱਤਰੇਤ ਵਿਚ ਮੰਤਰੀਆਂ ਨੂੰ ਮਿਲਣ ਲਈ ਇਨ੍ਹਾਂ ਦੀ ਪਰਚੀ ਦਰਵਾਜ਼ਾ ਖੁਲ੍ਹਵਾਉਣ ਦਾ ਕੰਮ ਕਰਦੀ ਹੈ। ਇਸ ਤੋਂ ਪਹਿਲਾਂ ਥਾਣਿਆਂ ਦੀ ਹੱਦਬੰਦੀ ਨੂੰ ਵਿਧਾਨ ਸਭਾ ਹਲਕਿਆਂ ਦੀਆਂ ਹੱਦਾਂ ਮੁਤਾਬਕ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨੀ ਇਸੇ ਕੜੀ ਦਾ ਹਿੱਸਾ ਹੈ। ਪੰਚਾਇਤਾਂ, ਬਲਾਕ ਸਮਿਤੀਆਂ, ਜ਼ਿਲ੍ਹਾ ਸਮਿਤੀਆਂ, ਮਿਉਂਸਪਲ ਕਮੇਟੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਹੁੰਦਿਆਂ ਇਹ ਹੁਕਮਰਾਨ ਧਿਰ ਦੇ ਨੁਮਾਇੰਦੇ ਸਿਆਸੀ ਦਖ਼ਲਅੰਦਾਜ਼ੀ ਅਤੇ ਸਰਕਾਰੀ ਖ਼ਜ਼ਾਨੇ ਵਿਚੋਂ ਤਨਖ਼ਾਹਾਂ ਲੈਣ ਤੋਂ ਬਿਨਾਂ ਕੀ ਕਰਦੇ ਹਨ? ਜੋ ਕੰਮ ਹਲਕਾ ਇੰਚਾਰਜ ਸਰਕਾਰੀ ਖ਼ਜ਼ਾਨੇ ਵਿਚੋਂ ਤਨਖ਼ਾਹ ਲਏ ਤੋਂ ਬਿਨਾਂ ਕਰਦਾ ਹੈ, ਉਹੀ ਕੰਮ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਸਰਕਾਰੀ ਤਨਖ਼ਾਹ ਅਤੇ ਅਮਲੇ-ਫੈਲੇ ਦੇ ਨਾਲ-ਨਾਲ ਦਫ਼ਤਰ ਦੀ (ਦੁਰ)ਵਰਤੋਂ ਨਾਲ ਕਰਦੇ ਹਨ।
ਇਨ੍ਹਾਂ ਹਾਲਾਤ ਵਿਚ ਸੜਕ ਹਾਦਸਿਆਂ ਦੀਆਂ ਕੜੀਆਂ ਸਿਆਸਤ ਅਤੇ ਸਮਾਜ ਵਿਚ ਬੇਮੁਹਾਰ ਕੀਤੇ ਗਏ ਆਪ-ਹੁਦਰੇਪਣ ਨਾਲ ਜੁੜਦੀਆਂ ਹਨ। ਇਹ ਸੜਕ ਹਾਦਸੇ ਸਿਆਸੀ ਕਤਲ ਹਨ। ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਸ਼ਰਾਬੀਆਂ ਅਤੇ ਭੀੜ ਨਾਲ ਜੁੜੇ ਸੜਕ ਹਾਦਸੇ ਸਿਆਸਤ ਨਾਲ ਕਿਵੇਂ ਜੁੜਦੇ ਹਨ? ਦਰਅਸਲ ਦੋਵੇਂ ਤਰ੍ਹਾਂ ਦੇ ਹਾਦਸਿਆਂ ਲਈ ਸਰਕਾਰ ਜ਼ਿੰਮੇਵਾਰ ਹੈ। ਇੱਕ ਪਾਸੇ ਸਰਕਾਰੀ ਸਰਪ੍ਰਸਤੀ ਹੇਠੀ ਫੈਲੀ ਬੁਰਛਾਗਰਦੀ ਹੈ ਅਤੇ ਦੂਜੇ ਪਾਸੇ ਕਾਨੂੰਨ ਲਾਗੂ ਕਰਨ ਵਿਚ ਸਰਕਾਰ ਦੀ ਨਾਕਾਮੀ ਹੈ। ਆਖ਼ਰ ਹਲਕਾ ਇੰਚਾਰਜਾਂ ਨੂੰ ਖੁੱਲ੍ਹਾਂ ਦੇ ਕੇ ਸਰਕਾਰ ਬਾਕੀ ਆਵਾਮ ਉਤੇ ਕਾਨੂੰਨ ਲਾਗੂ ਕਰਨ ਦਾ ਨੈਤਿਕ ਬਲ ਅਤੇ ਇੱਛਾ ਖੋ ਦਿੰਦੀ ਹੈ।
ਹੁਣ ਇਸ ਮਾਮਲੇ ਦੀਆਂ ਵਿਉਂਤ ਵਜੋਂ ਪਰਤਾਂ ਖੋਲ੍ਹਣੀਆਂ ਜ਼ਰੂਰੀ ਹਨ। ਜੋ ਵਿਉਂਤ ਗੁਰਮੀਤ ਸਿੰਘ ਪਿੰਕੀ ਦੇ ਹਵਾਲੇ ਨਾਲ ਉਘੜ ਕੇ ਸਾਹਮਣੇ ਆਉਂਦੀ ਹੈ, ਉਸ ਦਾ ਦੂਜਾ ਪੱਖ ਹਲਕਾ ਇੰਚਾਰਜਾਂ ਦੇ ਅਹੁਦਿਆਂ ਵਿਚ ਨਜ਼ਰ ਆਉਂਦਾ ਹੈ। ਪਿੰਕੀ ਵਰਗਿਆਂ ਨੇ ਮੁਖ਼ਬਰੀਆਂ ਕੀਤੀਆਂ, ਕਤਲਾਂ ਦੇ ਭਾਈਵਾਲ ਬਣੇ, ਕਾਤਲ ਬਣੇ ਅਤੇ ਕੁਝ ਮੁੜ ਕੇ ਉਸੇ ਆਦਮਖ਼ੋਰੇ ਨਿਜ਼ਾਮ ਦੀਆਂ ਲਾਸ਼ਾਂ ਵਿਚ ਹਿੰਦਸਾ ਬਣ ਗਏ। ਕੁਝ ਦੀਆਂ ਵਫ਼ਾਦਾਰੀਆਂ ਨਾਲ ਉਨ੍ਹਾਂ ਨੂੰ ਬੇਵਰਦੀ ਤੋਂ ਬਾਵਰਦੀ ਹੋਣ ਦਾ ‘ਮਾਣ’ ਮਿਲ ਗਿਆ। ਇਸ ਤੋਂ ਬਾਅਦ ਕੱਚੀਆਂ ਅਤੇ ਪੱਕੀਆਂ ਤਰੱਕੀਆਂ ਮਿਲੀਆਂ। ਕੁਝ ਅਦਾਲਤੀ ਮਾਮਲਿਆਂ ਵਿਚ ਉਲਝੇ ਅਤੇ ਕੁਝ ਮੌਕੇ ਦਾ ਲਾਹਾ ਲੈ ਕੇ ਗੁੰਮਨਾਮ ਖ਼ੁਸ਼ਹਾਲੀ ਦਾ ‘ਆਨੰਦ’ ਮਾਣ ਰਹੇ ਹਨ। ਇਹ ਪੁਲਿਸ ਨਿਜ਼ਾਮ ਦੀ ਕਾਰਗ਼ੁਜ਼ਾਰੀ ਹੈ ਜਿਸ ਦਾ ਸਿਖ਼ਰ ਕੇæਪੀæਐਸ਼ ਗਿੱਲ ਜਾਂ ਸੁਮੇਧ ਸਿੰਘ ਸੈਣੀ ਨੂੰ ਮੰਨਿਆ ਜਾਂਦਾ ਹੈ। ਜੇ ਪੁਲਿਸ ਦੀ ਇਸੇ ਵਿਉਂਤ ਨੂੰ ਕਾਰਜ ਪਾਲਿਕਾ, ਵਿਧਾਨ ਪਾਲਿਕਾ, ਮੀਡੀਆ, ਸਿਆਸੀ ਪਾਰਟੀਆਂ ਜਾਂ ਸਮਾਜਕ-ਧਾਰਮਿਕ ਜਥੇਬੰਦੀਆਂ ਉਤੇ ਲਾਗੂ ਕਰ ਕੇ ਵੇਖਿਆ ਜਾਵੇ ਤਾਂ ਕੀ ਨਜ਼ਰ ਆਉਂਦਾ ਹੈ? ਜੇ ਨਜ਼ਰ ਆਉਂਦੇ ਸੱਚ ਦਾ ਨਾਮ ਖ਼ੌਫ਼ ਹੈ ਤਾਂ ਆਪਣੀਆਂ ਅੱਖਾਂ ਉਤੇ ਸ਼ੱਕ ਕਰਨ ਦੀ ਕਿੰਨੀ ਕੁ ਜ਼ਰੂਰਤ ਹੈ?
ਜੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਮੌਜੂਦਾ ਸਿਆਸੀ ਮੁਹਾਵਰੇ ਵਿਚ ਸਮਝਣਾ ਹੋਵੇ ਤਾਂ ਨੁਕਤਾ ਇਹ ਬਣਦਾ ਹੈ ਕਿ ਗੁਰਮੀਤ ਸਿੰਘ ਪਿੰਕੀ ਨੇ ਆਪਣੀ ਪਾਰਟੀ ਬਦਲ ਕੇ ਨਵੀਂ ਪਾਰਟੀ ਦੀ ਵਿਧਾਨ ਸਭਾ ਦੀ ਚੋਣ ਲੜੀ ਸੀ, ਉਹ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਵਿਕਾਸ ਬੋਰਡ ਦਾ ਚੇਅਰਮੈਨ ਬਣਿਆ ਅਤੇ ਔਖੇ ਵੇਲੇ ਉਸ ਦੀ ‘ਵਫ਼ਾਦਾਰੀ’ ਵਿਸਾਰ ਦਿੱਤੀ ਗਈ। ਦੂਜੀ ਧਿਰ ਨੇ ਸਿਆਸੀ ਸ਼ਰੀਕੇਬਾਜ਼ੀ ਕੱਢੀ, ਪਰ ਨਵੀਂ ਵਫ਼ਾਦਾਰੀ ਪਿੰਕੀ ਨੂੰ ਰਾਸ ਆਉਣ ਦੀ ਸੰਭਾਵਨਾ ਘੱਟ ਜਾਪਦੀ ਹੈ। ਪਿੰਕੀ ਭੁੱਲ ਗਿਆ ਹੈ ਕਿ ਨਿਜ਼ਾਮ ਦੀ ਮਸ਼ੀਨ ਵਿਚ ਉਸ ਤੋਂ ਲੈ ਕੇ ਕੇæਪੀæਐਸ਼ ਗਿੱਲ ਅਤੇ ਸੁਮੇਧ ਸਿੰਘ ਸੈਣੀ ਤੱਕ ਸਭ ਪੁਰਜ਼ੇ ਹਨ। ਪੁਰਜ਼ਿਆਂ ਦੀ ਸਾਂਭ-ਸੰਭਾਲ ਅਤੇ ਮੁਰੰਮਤ ਲੋੜ ਅਤੇ ਅਹਿਮੀਅਤ ਮੁਤਾਬਕ ਹੁੰਦੀ ਹੈ। ਨੁਮਾਇਸ਼ੀ ਪੁਰਜ਼ਿਆਂ ਅਤੇ ਅਣਸਰਦੇ ਪੁਰਜ਼ਿਆਂ ਦਾ ਕੁਝ ਫ਼ਰਕ ਤਾਂ ਰਹਿੰਦਾ ਹੈ। ਔਖੇ ਵੇਲੇ ਅਣਸਰਦੇ ਪੁਰਜ਼ੇ ਮਹਿੰਗੇ ਹੋ ਜਾਂਦੇ ਹਨ। ਸੌਖੇ ਵੇਲੇ ਨੁਮਾਇਸ਼ੀ ਪੁਰਜ਼ੇ ਵਸਤਾਂ ਦਾ ਮੁੱਲ ਤੈਅ ਕਰਦੇ ਹਨ। ਲਾਸ਼ ਨੂੰ ਧੂਹ ਕੇ ਲਿਜਾਣ ਦੀਆਂ ਖ਼ਬਰਾਂ ਪੜ੍ਹ-ਸੁਣ ਕੇ ਪਿੰਕੀ ਨੂੰ ਬਹੁਤ ਕੁਝ ਯਾਦ ਆਇਆ ਹੋਵੇਗਾ। ਉਹ ਤਾਂ ਮੁਖ਼ਬਰ ਤੋਂ ਲੈ ਕੇ ਬਿਜਲੀ ਬੰਦ ਕਰਨ ਵਾਲਾ, ਮੁਆਵਜ਼ਾ ਦੇਣ ਵਾਲਾ ਕਾਰੋਬਾਰੀ, ਹਲਕਾ ਇੰਚਾਰਜ ਅਤੇ ਜ਼ਿਲ੍ਹਾ ਬੋਰਡ ਦਾ ਚੇਅਰਮੈਨ ਰਿਹਾ ਹੈ। ਉਹ ਤਾਂ ਇਸ ਤੋਂ ਉਪਰਲੇ ਅਹੁਦਿਆਂ ਉਤੇ ਬੈਠ ਕੇ ਕੀਤੀ ਜਾਂਦੀ ਵਿਉਂਤਬੰਦੀ ਅਤੇ ਨੇਪਰੇ ਚੜ੍ਹੇ ਕਾਰਜਾਂ ਦੇ ਜਸ਼ਨ ਵਿਚ ਸ਼ਾਮਿਲ ਰਿਹਾ ਹੈ।
ਕੀ ਪਿੰਕੀ ਦੇ ਹਵਾਲੇ ਨਾਲ ਉਸ ਦੇ ਸਿਆਸਤ, ਵਿਧਾਨ ਪਾਲਿਕਾ, ਕਾਰਜ ਪਾਲਿਕਾ, ਨਿਆਂ ਪਾਲਿਕਾ ਅਤੇ ਮੀਡੀਆ ਵਾਲੇ ਸਹਿਕਰਮੀਆਂ ਜਾਂ ਅਗਲੀ ਪੀੜ੍ਹੀ ਨੂੰ ਕੁਝ ਸਮਝ ਆ ਸਕਦਾ ਹੈ? ਤਾਕਤ ਦੇ ਨਸ਼ੇ ਅਤੇ ਸਮਝ ਦਾ ਆਪਸ ਵਿਚ ਕੀ ਰਿਸ਼ਤਾ ਬਣਦਾ ਹੈ? ਇਸ ਤੋਂ ਪਹਿਲਾਂ ਕਿ ਘਰਾਂ ਦੀਆਂ ਬਰੂਹਾਂ ਉਤੇ ਪੁੱਜੇ ਖ਼ੌਫ਼ਜ਼ਦਾ ਸੜਕ ਹਾਦਸੇ ਬੂਹੇ ਬੰਨ੍ਹ ਦੇਣ, ਇਹ ਟੋਹ ਲੈਣਾ ਚਾਹੀਦਾ ਚਾਹੀਦਾ ਹੈ ਕਿ ਸੜਕ ਉਤੇ ਧੂਹੀ ਗਈ ਲਾਸ਼ ਨਾਲ ਸਾਡੇ ਅੰਦਰ ਕਿੰਨਾ ਖੋਰਾ ਲੱਗਿਆ ਹੈ? ਕੀ ਇਹ ਖੋਰਾ ਕਿਸੇ ਮੁਆਵਜ਼ੇ ਦਾ ਮੁਹਤਾਜ ਹੈ? ਜੇ ਮਕਤੂਲਾ ਦੇ ਘਰਦਿਆਂ ਨੂੰ ਮੁਆਵਜ਼ਾ ਮਿਲਣ ਤੋਂ ਬਾਅਦ ਇਹ ਖੋਰਾ ਧੂਹ ਪਾਉਂਦਾ ਹੈ ਤਾਂ ਸਾਡਾ ਉਸ ਨਾਲ ਕੀ ਰਿਸ਼ਤਾ ਹੈ? ਇਹ ਰਿਸ਼ਤਾ ਸਾਥੋਂ ਕੀ ਆਸ ਕਰਦਾ ਹੈ?