ਦਲਵਿੰਦਰ ਸਿੰਘ ਅਜਨਾਲਾ
ਫੋਨ: 661-834-9770
ਪਿਛੇ ਜਿਹੇ ਪਿੰਡ ਭਿੰਡਰਕਲਾਂ ਵਿਚ ਇਕ ਤਾਂਤਰਿਕ ਸਰਪੰਚਣੀ ਨੇ ਇਕ ਛੋਟੀ ਜਿਹੀ ਬੱਚੀ ਭੂਤ ਕੱਢਣ ਦੇ ਨਾਂ ਹੇਠ ਕੁੱਟ ਕੁੱਟ ਕੇ ਮਾਰ ਦਿੱਤੀ। ਤਾਂਤਰਿਕਾਂ ਵੱਲੋਂ ਇਲਾਜ ਦੇ ਬਹਾਨੇ ਕਿਸੇ ਬੱਚੇ ਜਾਂ ਮਾਨਸਿਕ ਰੋਗੀ ਨੂੰ ਕੁੱਟ-ਕੁੱਟ ਕੇ ਮਾਰਨ ਦੀਆਂ ਘਿਨਾਉਣੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ ਪਰ ਕਿਤੇ ਕੋਈ ਬਹੁਤੀ ਹਿਲਜੁਲ ਨਹੀਂ ਹੁੰਦੀ। ਅੰਧ-ਵਿਸ਼ਵਾਸ, ਜਾਦੂ-ਟੂਣੇ, ਜੰਤਰ-ਮੰਤਰ, ਅਡੰਬਰ-ਦਿਖਾਵੇ, ਜਾਤ-ਪਾਤ, ਊਚ-ਨੀਚ, ਛੂਤ-ਛਾਤ ਅਤੇ ਸੁੱਚ-ਭਿੱਟ ਆਦਿ ਸਦੀਆਂ ਪੁਰਾਣੀਆਂ ਬਿਮਾਰੀਆਂ ਹਨ ਜੋ ਲਗਭਗ ਸਾਰੇ ਸੰਸਾਰ ਵਿਚ ਕਿਤੇ ਵੱਧ, ਕਿਤੇ ਘੱਟ ਆਪੋ-ਆਪਣੇ ਲੱਛਣਾਂ ਨਾਲ ਘਰ ਕਰੀ ਬੈਠੀਆਂ ਹਨ। ਇਨ੍ਹਾਂ ਦੇ ਇਲਾਜ ਵਾਸਤੇ ਸਾਰੇ ਸੰਸਾਰ ਵਿਚ ਸਮੇਂ-ਸਮੇਂ ਤੇ ਗੁਰੂ, ਪੀਰ-ਪੈਗੰਬਰ, ਰਿਸ਼ੀ-ਮੁਨੀ, ਸੰਤ-ਮਹਾਂਪੁਰਸ਼ ਵੀ ਆਉਂਦੇ ਰਹੇ। ਗੁਰੂ ਸਾਹਿਬਾਨ ਨੇ ਸਾਡੀ ਸੁਰਤ, ਮਤ, ਮਨ ਅਤੇ ਬੁੱਧ ਬਦਲੇ ਸਨ। ‘ਗੁਰਸਿਖ ਮੀਤ ਚਲਹੁ ਗੁਰ ਚਾਲੀ॥’ ਪਰ ਹੁਣ ਜੇ ਅਸੀਂ ਗੁਰੂ ਦੇ ਦੱਸੇ ਮਾਰਗ ‘ਤੇ ਨਹੀਂ ਚੱਲਦੇ ਤਾਂ ਕਸੂਰ ਸਾਡਾ ਹੀ ਹੈ। ਕਬੀਰ ਸਾਹਿਬ ਫਰਮਾਉਂਦੇ ਹਨ,
ਕਬੀਰ ਸਾਚਾ ਸਤਿਗੁਰੁ ਕਿਆ ਕਰੈ
ਜਉ ਸਿਖਾ ਮਹਿ ਚੂਕ॥
ਅੰਧੇ ਏਕ ਨ ਲਾਗਈ,
ਜਿਉ ਬਾਂਸੁ ਬਜਾਈਐ ਫੂਕ॥
ਮੇਰੇ ਮਿੱਤਰ 83 ਸਾਲਾ ਸ਼ ਜੁਗਰਾਜ ਸਿੰਘ ਪੰਛੀ ਇਹ ਸੋਗਮਈ ਖ਼ਬਰ ਪੜ੍ਹ ਕੇ ਵਿਆਕੁਲ ਹੋ ਉਠੇ। ਮੈਨੂੰ ਰੋਣਹਾਕੀ ਆਵਾਜ਼ ਵਿਚ ਇਉਂ ਫੋਨ ‘ਤੇ ਕਹਿਣ ਲੱਗੇ, ‘ਯਾਰ ਅਨਰਥ ਹੋ ਗਿਐ, ਤੂੰ ਅਖ਼ਬਾਰ ਵਿਚ ਖ਼ਬਰ ਨਹੀਂ ਪੜ੍ਹੀ ਕਿ ਮਾਸੂਮ ਜਿਹੀ ਬੱਚੀ ਨੂੰ ਤਾਂਤਰਿਕ ਔਰਤ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਬੱਚੀ ਘੁੱਟ ਪਾਣੀ ਨੂੰ ਤਰਸਦੀ ਰਹੀ ਪਰ ਕਿਸੇ ਨੇ ਉਹਨੂੰ ਮਰਨ ਵੇਲੇ ਪਾਣੀ ਦਾ ਘੁੱਟ ਵੀ ਮੂੰਹ ‘ਚ ਨਹੀਂ ਪਾਇਆ। ਯਾਰ ਤੁਸੀਂ ਲੇਖਕ ਲੋਕ ਚੁੱਪ-ਚਾਪ ਤਮਾਸ਼ਾ ਵੇਖ ਰਹੇ ਹੋ। ਸਮਾਜ ਦੇ ਇਸ ਕੋਹੜ ਬਾਰੇ ਕੁਝ ਲਿਖੋ। ਚਾਰ ਅੱਖਰ ਲਿਖ ਕੇ ਹਾਅ ਦਾ ਨਾਹਰਾ ਈ ਮਾਰ ਛੱਡੋ।’ ਮੈਂ ਉਨ੍ਹਾਂ ਨੂੰ ਉਤਰ ਦਿੱਤਾ, ‘ਪੰਛੀ ਸਾਹਿਬ, ਮੈਂ ਵੀ ਤੁਹਾਡੇ ਵਾਂਗੂੰ ਇਹੋ ਜਿਹੀਆਂ ਦਿਲ ਕੰਬਾਊ ਅਤੇ ਅਣਸੁਖਾਵੀਆਂ ਖ਼ਬਰਾਂ ਪੜ੍ਹ-ਸੁਣ ਕੇ ਉਦਾਸ ਅਤੇ ਪ੍ਰੇਸ਼ਾਨ ਹੁੰਦਾ ਹਾਂ ਪਰ ਉਦਾਸ, ਪ੍ਰੇਸ਼ਾਨ ਅਤੇ ਫਿਕਰਮੰਦ ਹੋਣ ਨਾਲ ਤਾਂ ਕੁਝ ਨਹੀਂ ਹੋਣਾ।
ਹੈਰਾਨੀ ਹੁੰਦੀ ਹੈ ਕਿ ਅੰਮ੍ਰਿਤਧਾਰੀ ਸੰਗਤ ਅਤੇ ਬੀਬੀਆਂ ਵਹਿਮਾਂ ਭਰਮਾਂ ਵਿਚ ਗਰਕ, ਪੰਡਿਤਾਂ ਤਾਂਤਰਿਕਾਂ ਅਤੇ ਸੰਤਾਂ ਬਾਬਿਆਂ ਕੋਲ ਜਾਂਦੇ ਹਨ। ਮੈਂ ਜਿਸ ਸਰਕਾਰੀ ਸਕੂਲ ਵਿਚ ਡਿਊਟੀ ਕਰਦਾ ਸਾਂ, ਉਹਦੇ ਨਾਲ ਵੱਡਾ ਗੁਰੂਘਰ ਵੀ ਸੀ। ਉਸ ਗੁਰੂਘਰ ਦਾ ਮੁੱਖ ਸੇਵਾਦਾਰ ਬਾਬਾ, ਨਿਹੰਗ ਬਾਣੇ ਵਾਲਾ ਬੜਾ ਕੱਟੜ ਸਿੱਖ ਬਾਬਾ ਸੀ ਅਤੇ ਉਹ ਗੁਰਦੁਆਰੇ ਵਿਚ ਆਉਂਦੇ ਕਈਆਂ ਰੋਗੀਆਂ, ਵਹਿਮੀਆਂ ਨੂੰ ਝਾੜੇ-ਫਾਂਡੇ ਅਤੇ ਹਥੌਲੇ ਆਦਿ ਵੀ ਕਰ ਦਿੰਦਾ ਸੀ। ਮੇਰੇ ਪਿੰਡ ਵਿਚ ਚਾਰ ਜਣਿਆਂ ਨੂੰ ਹਲਕਿਆ ਕੁੱਤਾ ਵੱਢ ਗਿਆ। ਇਨ੍ਹਾਂ ਵਿਚੋਂ ਤਿੰਨ ਜਣਿਆਂ ਨੇ ਕਿਸੇ ਪੀਰ ਦੀ ਦਰਗਾਹ ਤੋਂ ਮਿੱਠੀ ਰੋਟੀ ਦਾ ਪ੍ਰਸ਼ਾਦ ਖਾ ਕੇ ਆਪਣਾ ਇਲਾਜ ਕਰ ਲਿਆ ਅਤੇ ਇਕ ਜਣੇ ਨੇ ਡਾਕਟਰ ਤੋਂ ਟੀਕੇ ਲਗਵਾ ਲਏ। ਥੋੜ੍ਹੇ ਦਿਨਾਂ ਬਾਅਦ ਜਿਨ੍ਹਾਂ ਨੇ ਪੀਰ ਦੀ ਦਰਗਾਹ ਤੋਂ ‘ਇਲਾਜ’ ਕਰਵਾਇਆ ਸੀ, ਉਹ ਤਿੰਨੇ ਹੀ ਮਰ ਗਏ ਅਤੇ ਜਿਸ ਨੇ ਆਪਣਾ ਡਾਕਟਰੀ ਇਲਾਜ ਕਰਵਾਇਆ ਸੀ, ਉਹ ਬਚ ਗਿਆ।
ਪਿਛਲੇ ਸਾਲ ਮੈਂ ਆਪਣੀ ਰੋਜ਼ੀ ਰੋਟੀ ਖਾਤਰ ਸਿੱਖ ਕਹਾਉਂਦੇ ਇਕ ਟਰੱਕ ਵਾਲੇ ਨਾਲ ਚੱਲ ਪਿਆ। ਉਸ ਟਰੱਕ ਵਾਲੇ ਵੀਰ ਨੇ ਮੈਨੂੰ ਪਹਿਲੇ ਚਾਰ ਗੇੜਿਆਂ ਦਾ ਇਕ ਪੈਸਾ ਵੀ ਨਾ ਦਿੱਤਾ; ਹਾਲਾਂਕਿ ਸਾਰੀ ਰਾਤ ਮੈਂ ਹੀ ਟਰੱਕ ਚਲਾਉਂਦਾ ਸਾਂ ਪਰ ਇਕ ਦਿਨ ਉਸ ਵੀਰ ਨੇ ਆਪਣੇ ਦੂਜੇ ਟਰੱਕ ਵਾਲੇ ਸਿੱਖ ਕਹਾਉਂਦੇ ਡਰਾਈਵਰ ਨੂੰ ਨਾਲ ਲੈ ਕੇ ਆਪਣੇ ਸਿਰੋਂ ਕੋਈ ਗ੍ਰਹਿ-ਚੱਕਰ ਟਾਲਣ ਹਿੱਤ ਸਾਰਾ ਦਿਨ ਟੂਣੇ-ਟਾਮਣ ਵਾਸਤੇ ਸਮੱਗਰੀ ਖਰੀਦਣ ਲਈ ਲਾ ਦਿੱਤਾ ਅਤੇ ਸ਼ਾਮ ਨੂੰ ਸੂਰਜ ਢਲੇ ਪਾਣੀ ਦੇ ਕੰਢੇ ਇਨ੍ਹਾਂ ਦੋਹਾਂ ਸਿੱਖ ਵੀਰਾਂ ਨੇ ਆਪਣਾ ਜਾਦੂ-ਟੂਣੇ ਵਾਲਾ ਪਾਖੰਡ ਸਿਰੇ ਚਾੜ੍ਹਿਆ। ਇਸ ਕੰਮ ਲਈ ਉਸ ਦਾ ਕੋਈ ਡੇਢ ਹਜ਼ਾਰ ਡਾਲਰ ਖਰਚ ਹੋਇਆ। ਇਹ ਕਾਰਾ ਭਾਰਤ ਤੋਂ ਕਿਸੇ ਤਾਂਤਰਿਕ ਬਾਬੇ ਨੇ ਉਸ ਵੀਰ ਨੂੰ ਕਰਨ ਦੀ ਹਦਾਇਤ ਕੀਤੀ ਸੀ। ਉਂਜ ਇਹ ਵੀਰ ਟਰੱਕ ਵਿਚ ਗੁਰਬਾਣੀ ਵੀ ਬਹੁਤ ਸੁਣਦਾ ਸੀ ਅਤੇ ਨਾਨਕ ਪਾਤਸ਼ਾਹ ਅਤੇ ਦਸਮ ਪਾਤਸ਼ਾਹ ਦੀਆਂ ਤਸਵੀਰਾਂ ਵੀ ਸਜਾ ਕੇ ਰੱਖਦਾ ਸੀ। ਮੈਂ ਪੁੱਛਿਆ, “ਬਾਈ, ਤੁਸੀਂ ਇਹ ਕਿਸੇ ਤਾਂਤਰਿਕ ਪੰਡਤ ਦੇ ਦੱਸੇ ਅਨੁਸਾਰ ਜੋ ਟੂਣਾ-ਟਾਮਣ ਕੀਤੈ, ਇਹ ਤੁਹਾਨੂੰ ਗੁਰਬਾਣੀ ਨਾਲੋਂ ਵੱਧ ਭਰੋਸੇਯੋਗ ਲੱਗਾ? ਤੁਸੀਂ ਤਾਂਤਰਿਕ ਨੂੰ ਨਾਨਕ ਪਾਤਸ਼ਾਹ ਨਾਲੋਂ ਉਤੇ ਸਮਝਦੇ ਹੋ?” ਕਬੀਰ ਸਾਹਿਬ ਦਾ ਫੁਰਮਾਨ ਹੈ, “ਜੰਤਰ ਮੰਤਰ ਸਭ ਝੂਠ ਹੈ ਮਤ ਭਰਮੋ ਜਗ ਕੋਇ॥”
ਗੁਰੂ ਨਾਨਕ ਪਾਤਸ਼ਾਹ ਦੀ ਸਿੱਧਾਂ ਨਾਲ ਜਦੋਂ ਗੋਸ਼ਟਿ ਹੋਈ ਤਾਂ ਸਿੱਧਾਂ ਨੇ ਗੁਰੂ ਜੀ ਨੂੰ ਥਿੜਕਾਉਣ ਵਾਸਤੇ ਆਪਣੀਆਂ ਰਿੱਧੀਆਂ-ਸਿੱਧੀਆਂ ਰਾਹੀਂ ਕਈ ਜੰਤਰ ਮੰਤਰ ਅਤੇ ਟੂਣੇ ਟਾਮਣ ਚਲਾਏ ਪਰ ਜਦੋਂ ਉਨ੍ਹਾਂ ਦੀ ਸੱਚੇ ਨਾਮ ਅੱਗੇ ਕੋਈ ਵਾਹ ਪੇਸ਼ ਨਾ ਗਈ ਤਾਂ ਉਹ ਗੁਰੂ ਸਾਹਿਬ ਨੂੰ ਕਹਿਣ ਲੱਗੇ, “ਹੁਣ ਤੂੰ ਵੀ ਆਪਣੀ ਕੋਈ ਕਰਾਮਾਤ ਦਿਖਾ।” ਉਤਰ ਵਿਚ ਬਕੌਲ ਭਾਈ ਗੁਰਦਾਸ, ਬਾਬੇ ਨਾਨਕ ਨੇ ਕਿਹਾ, ‘ਬਾਝਹੁ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਾਹੀ।’ ਇਹ ਸੁਣ ਕੇ ਉਹ ਵੀਰ ਮੈਨੂੰ ਆਖਦਾ, “ਮੇਰੇ ਮਾਂ-ਬਾਪ ਤਾਂ ਅੰਮ੍ਰਿਤਧਾਰੀ ਸਿੱਖ ਨੇ, ਤੇ ਨਾਲੇ ਮੈਂ ਹਰ ਸਾਲ ਛੋਟੇ ਸਾਹਿਬਜ਼ਾਦਿਆਂ ਦੇ ਨਾਮ ‘ਤੇ ਇਕ ਲੱਖ ਰੁਪਏ ਦਾ ਲੰਗਰ ਵੀ ਲਾਉਂਦਾ ਹਾਂ।” ਮੈਂ ਉਸ ਵੀਰ ਨੂੰ ਕਿਹਾ, “ਮੈਂ ਵੀ ਆਪਣੇ ਘਰ ਲੰਗਰ ਚੱਲਦਾ ਰੱਖਣ ਲਈ ਤੁਹਾਡੇ ਪਾਸ ਕੰਮ ਕਰਨ ਆਇਆ ਹਾਂ, ਪਰ ਤੁਸੀਂ ਮੈਨੂੰ ਚਾਰ ਗੇੜਿਆਂ ਦਾ ਇਕ ਪੈਸਾ ਵੀ ਨਹੀਂ ਦਿੱਤਾ ਤਾਂ ਮੇਰੇ ਘਰ ਤਾਂ ਲੰਗਰ ਹੁਣ ਬੰਦ ਹੋ ਜਾਵੇਗਾ।” ਉਹ ਕਹਿੰਦਾ, “ਨਵੇਂ ਬੰਦੇ ਨੂੰ ਚਾਰ ਗੇੜਿਆਂ ਦੇ ਪੈਸੇ ਨਹੀਂ ਦੇਈਦੇæææਅੱਗਿਓਂ ਤੈਨੂੰ ਤਿੰਨ ਸੌ ਡਾਲਰ ਇਕ ਗੇੜੇ ਦਾ ਦੇਵਾਂਗਾ।”
ਇਕ ਗੁਰਸਿੱਖ ਪਿਆਰਾ ਕਿਸੇ ਬਾਬੇ ਦਾ ਮੁਰੀਦ ਹੈ। ਉਹ ਮੇਰੇ ਕੋਲ ਆਪਣੇ ਉਸ ਬਾਬੇ ਦੀ ਬੜੀ ਤਾਰੀਫ ਕਰ ਰਿਹਾ ਸੀ। ਮੈਂ ਉਹਨੂੰ ਕਿਹਾ, ਸਾਨੂੰ ਨਾਨਕ ਪਾਤਸ਼ਾਹ ਦਾ ਲੜ ਫੜਨਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੀ ਬਾਣੀ ਵਿਚ ਬੜਾ ਸਪੱਸ਼ਟ ਉਚਾਰਿਆ ਹੈ,
ਏਕੋ ਸਿਮਰੋ ਨਾਨਕਾ
ਜੋ ਜਲ ਥਲ ਰਹਿਆ ਸਮਾਇ॥
ਦੂਜਾ ਕਹੇ ਸਿਮਰੀਐ
ਜੋ ਜੰਮੈ ਤੇ ਮਰ ਜਾਇ॥
ਉਸ ਮਿੱਤਰ ਪਿਆਰੇ ਦੀ ਦਲੀਲ ਸੀ, “ਸਾਰੇ ਬਾਬੇ ਇਕੋ ਜਿਹੇ ਨਹੀਂ ਹੁੰਦੇ।” ਤੇ ਉਸ ਨੇ ਕਈ ਬਾਬਿਆਂ ਦੀ ਵੱਡੀ ਕਮਾਈ ਅਤੇ ਵਡਿਆਈ ਦਾ ਜ਼ਿਕਰ ਕੀਤਾ। ਮੈਂ ਕਿਹਾ, “ਮੈਂ ਆਪਣਾ ਬਾਬਾ ਸਿਰਫ ਬਾਬੇ ਨਾਨਕ ਨੂੰ ਹੀ ਮੰਨਦਾ ਹਾਂ, ਪਰ ਜੇ ਮੇਰੇ ਜਿਉਂਦੇ ਜੀਅ ਬਾਬੇ ਨਾਨਕ ਤੋਂ ਕੋਈ ਵੱਡਾ ਬਾਬਾ ਜੰਮ ਪਿਆ ਤਾਂ ਫਿਰ ਮੈਂ ਦੁਬਾਰਾ ਵਿਚਾਰ ਕਰ ਲਵਾਂਗਾ।æææਨਾਲੇ ਮੈਨੂੰ ਕੋਈ ਇਕ ਬਾਬਾ ਵੀ ਅਜਿਹਾ ਦੱਸ ਦਿਓ ਜਿਹੜਾ ਅੱਜ ਦੇ ਜਾਬਰ ਬਾਬਰਾਂ, ਗਰੀਬਾਂ ਦਾ ਲਹੂ ਪੀਣੇ ਮਲਕ ਭਾਗੋਆਂ, ਲੁਟੇਰੇ, ਮੱਕਾਰ ਤੇ ਮੀਸਣੇ ਸੱਜਣ ਠੱਗਾਂ, ਹੰਕਾਰੀ ਵਲੀ ਕੰਧਾਰੀਆਂ ਤੇ ਆਦਮ ਖੋਰ ਕੌਡੇ ਰਾਖਸ਼ਾਂ ਅਤੇ ਅਖੌਤੀ ਪਾਖੰਡੀ ਧਰਮ ਗੁਰੂਆਂ ਦੇ ਘਰੀਂ ਜਾ ਕੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਦੇ ਪਾਜ ਉਧੇੜਦਾ ਹੋਵੇ। ਕੋਈ ਇਕ ਬਾਬਾ ਦੱਸੋ ਜੋ ਹੱਥੀਂ ਕਿਰਤ ਕਰਦਾ ਹੋਵੇ, ਜੋ ਪੰਜ ਵਿਸ਼ਿਆਂ ਦੀ ਮਰਯਾਦਾ ਪਾਲਦਾ ਹੋਵੇ।æææਅਸੀਂ ਅਗਿਆਨੀ ਹਾਂ ਅਤੇ ਅਗਿਆਨੀ ਹੀ ਬਣੇ ਰਹਿਣਾ ਚਾਹੁੰਦੇ ਹਾਂ। ਇਸ ਲਈ ਤਾਂਤਰਿਕਾਂ ਬਾਬਿਆਂ ਦਾ ਸਾਮਰਾਜ ਕਾਇਮ ਰਹੇਗਾ।”
ਬਾਬਾ ਫਰੀਦ ਜੀ ਦਾ ਸਲੋਕ ਹੈ,
ਫਰੀਦਾ ਕੂਕੇਦਿਆਂ ਚਾਂਗੇਦਿਆਂ
ਮਤੀ ਦੇਂਦਿਆਂ ਨਿਤ॥
ਜੋ ਸੈਤਾਨਿ ਵੰਞਾਇਆ
ਸੇ ਕਿਤ ਫੇਰਹਿ ਚਿਤ॥
Leave a Reply