ਲੱਗ ਗਈਆਂ ਹੱਥਕੜੀਆਂ

‘ਐਮਰਜੈਂਸੀ ਤੇ ਕੱਖ-ਕਾਨਾਂ ਦੀ ਵਾਰੀ’ ਲੇਖ ਲੜੀ ਵਿਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਐਮਰਜੈਂਸੀ ਨਾਲ ਜੁੜੀਆਂ ਯਾਦਾਂ ਦਾ ਵਰਕਾ ਫਰੋਲਿਆ ਹੈ। ਉਹ ਅਜਿਹਾ ਵਕਤ ਸੀ ਜਦੋਂ ਵਿਰੋਧ ਦੀ ਹਰ ਆਵਾਜ਼ ਨੂੰ ਬੰਦ ਕਰਨ ਦਾ ਹੀਲਾ ਕੇਂਦਰ ਸਰਕਾਰ ਨੇ ਕੀਤਾ ਸੀ। ਬਹੁਤ ਸਾਰੇ ਆਗੂਆਂ, ਪੱਤਰਕਾਰਾਂ, ਲੇਖਕਾਂ ਤੇ ਬੁੱਧੀਜੀਵੀਆਂ ਉਤੇ ਵੱਖ-ਵੱਖ ਕੇਸ ਪਾ ਕੇ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਡੱਕ ਦਿੱਤਾ ਗਿਆ।

ਨਾਮੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਇਸ ਲੰਮੀ ਲੇਖ ਲੜੀ ਵਿਚ ਇਸ ਜੇਲ੍ਹ ਯਾਤਰਾ ਦੇ ਹਵਾਲੇ ਨਾਲ ਆਪਣੇ ਸਮਾਜ ਅਤੇ ਸਿਸਟਮ ਬਾਰੇ ਸਾਰਥਕ ਟਿੱਪਣੀਆਂ ਕੀਤੀਆਂ ਹਨ। ਇਨ੍ਹਾਂ ਟਿੱਪਣੀਆਂ ਵਿਚ ਬਤੌਰ ਲੇਖਕ ਉਨ੍ਹਾਂ ਆਵਾਮ ਦੇ ਸਰੋਕਾਰ ਸਾਂਝੇ ਕੀਤੇ ਹਨ। ‘ਲੱਗ ਗਈਆਂ ਹੱਥਕੜੀਆਂ’ ਵਿਚ ਉਨ੍ਹਾਂ ਪੁਲਿਸ ਦੇ ਕਿਰਦਾਰ ਅਤੇ ਕਾਰਵਾਈਆਂ ਬਾਰੇ ਖੁਲਾਸਾ ਕੀਤਾ ਹੈ। -ਸੰਪਾਦਕ

ਵਰਿਆਮ ਸਿੰਘ ਸੰਧੂ
ਫੋਨ: 416-918-5212
ਰਾਤ ਪੈ ਗਈ ਸੀ। ਪੁਲਿਸ ਵੱਲੋਂ ਲਿਆਂਦੀ ਰੋਟੀ ਖਾਧੀ ਅਤੇ ਲੇਟ ਗਏ। ਰਘਬੀਰ ਨੂੰ ਤਾਂ ਉਸ ਦੇ ਘਰੋਂ ਸਭ ਦੇ ਸਾਹਮਣੇ ਲਿਆਏ ਸਨ, ਪਰ ਮੇਰੇ ਘਰਦਿਆਂ ਨੂੰ ਤਾਂ ਪਤਾ ਹੀ ਨਹੀਂ ਸੀ। ਮੈਨੂੰ ਇਕਦਮ ਗੁੰਮ ਹੋ ਗਿਆ ਜਾਣ ਕੇ ਉਨ੍ਹਾਂ ਦੀ ਕੀ ਹਾਲਤ ਹੋਵੇਗੀ! ਰਘਬੀਰ ਤਾਂ ਉਂਜ ਵੀ ਛੜਾ-ਛਾਂਟ ਸੀ। ਮੇਰੇ ਸਿਰ ‘ਤੇ ਤਾਂ ਪਰਿਵਾਰ ਦੀ ਜ਼ਿੰਮੇਵਾਰੀ ਸੀ। ਮੈਂ ਬੱਚੀ ਅਤੇ ਪਤਨੀ ਬਾਰੇ ਪਲ ਭਰ ਲਈ ਫ਼ਿਕਰਮੰਦ ਹੋਇਆ, ਫਿਰ ‘ਆਪੇ ਜੋ ਹੋਊ ਵੇਖੀ ਜਾਊ’ ਸੋਚ ਕੇ ਅਗਲੇ ਹਾਲਾਤ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ। ਹੌਲੀ-ਹੌਲੀ ਮੈਨੂੰ ਗੂੜ੍ਹੀ ਨੀਂਦ ਨੇ ਘੇਰ ਲਿਆ।
ਤੜਕੇ ਜਾਗ ਆਈ ਤਾਂ ਇੱਕ ਬਜ਼ੁਰਗ ਸਿਪਾਹੀ ਨੇ ਆਪਣੀ ਸਫ਼ੈਦ ਦਰਸ਼ਨੀ ਦਾੜ੍ਹੀ ਠਾਠੀ ਨਾਲ ਬੰਨ੍ਹੀ ਹੋਈ ਸੀ ਅਤੇ ‘ਜਪੁ ਜੀ ਸਾਹਿਬ’ ਦਾ ਪਾਠ ਕਰ ਰਿਹਾ ਸੀ। ਮੈਂ ਆਪਣੇ ਲਾਗੇ ਲੇਟੇ ਰਘਬੀਰ ਨੂੰ ਕਿਹਾ, “ਵੇਖ ਲੈ, ਪੁਲਿਸ ਵਿਚ ਵੀ ਇਸ ਤਰ੍ਹਾਂ ਦੇ ਗੁਰਮੁਖ ਬੰਦੇ ਹੈਗੇ ਨੇ।”
“ਰਾਤ ਵਾਲੇ ਨਾਕੇ ਦੀ ਸੁਣਾ।” ‘ਸੁੰਦਰ’ ਨੇ ਪਾਠੀ ਸਿਪਾਹੀ ਦਾ ਨਾਂ ਲੈ ਕੇ ਉਸ ਤੋਂ ਪੁੱਛਿਆ ਪਰ ਉਹ ਉਸ ਵੱਲ ਧਿਆਨ ਦਿੱਤੇ ਬਿਨਾਂ ਪਾਠ ਕਰੀ ਗਿਆ।
ਮੈਂ ਧਾਰਮਿਕ ਬੰਦਾ ਨਹੀਂ ਤੇ ਨਾ ਹੀ ਕਦੀ ਪਾਠ-ਪੂਜਾ ਕੀਤੀ ਹੈ ਪਰ ਉਸ ਬਜ਼ੁਰਗ ਸਿਪਾਹੀ ਦੀ ਨਿਸ਼ਠਾ ਮੈਨੂੰ ਚੰਗੀ ਲੱਗੀ।
“ਉਏ! ਸੁਣਾ ਰਾਤ ਵਾਲੇ ਨਾਕੇ ਦੀ!” ‘ਸੁੰਦਰ’ ਨੇ ਫਿਰ ਪੁੱਛਿਆ। ਜ਼ਾਹਿਰ ਸੀ ਕਿ ਉਹ ਰਾਤੀਂ ਕਿਸੇ ਨਾਕੇ ‘ਤੇ ਡਿਊਟੀ ਦੇਣ ਗਿਆ ਸੀ ਅਤੇ ਸਵੇਰੇ ਨਾਕੇ ਤੋਂ ਪਰਤ ਕੇ ਨਿੱਤ-ਕਿਰਿਆ ਤੋਂ ਵਿਹਲਾ ਹੋ ਕੇ ਪਾਠ ਕਰ ਰਿਹਾ ਸੀ।
ਉਸ ਨੇ ਇਸ ਵਾਰੀ ਵੀ ‘ਸੁੰਦਰ’ ਦੀ ਪੁੱਛ ਦਾ ਕੋਈ ਉਤਰ ਨਾ ਦਿੱਤਾ। ‘ਪਵਨ ਗੁਰੂ ਪਾਣੀ ਪਿਤਾ’ ਤੱਕ ਪੁੱਜਦਿਆਂ ‘ਸੁੰਦਰ’ ਨੇ ਆਪਣਾ ਸਵਾਲ ਤਿਹਰਾ ਦਿੱਤਾ।
“æææਗਏ ਮੁਸੱਕਤਿ ਘਾਲ। ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ”, ਆਖ ਕੇ ਪਹਿਲਾਂ ਤਾਂ ਉਸ ਨੇ ਤੁਰਤ ‘ਵਾਗ੍ਹਰ ਜੀ ਕੀ ਫ਼ਤਿਹ’ ਬੋਲੀ ਅਤੇ ਫਿਰ ਪੈਂਦਿਆਂ ਹੀ ਛੁੱਟ ਪਿਆ: “ਨਾਕਾ ਲਾਇਆ ਸੀ ਇਨ੍ਹਾਂ ਦੀ ਭੈਣæææ। ਆਪਾਂ ਚਿੱਤੜਾਂ ਪਿੱਛੇ ਬੋਤਲ ਅੜਾ ਕੇ ਲੈ ਗਏ ਸਾਂ। ਪੀ ਕੇ, ਟੁੰਨ ਹੋ ਕੇ ਨਾਕੇ ਦੇ ਇੱਕ ਪਾਸੇ ਸੁੱਤੇ ਰਹੇ ਆਂ ਸਾਰੀ ਰਾਤ। ਇਹ ਮੁਨਸ਼ੀæææਆਪਣੇ ਆਪ ਨੂੰ ਬਹੁਤਾ ਚਾਤਰ ਸਮਝਦੈ। ਆਪਾਂ ਇਹੋ ਜਿਹੇ ਸੌ ਖਾਧੇ ਪੀਤੇ। ਕੱਲ੍ਹ ਦੇ ਛੋਕਰੇ ਦੋ ਜਮਾਤਾਂ ਪੜ੍ਹ ਕੇ ਮੁਨਸ਼ੀ ਬਣੇ ਫਿਰਦੇ ਆ। ਅੰਗਰੇਜ਼ ਕੋਈ ਫੁਦੂ ਸੀ! ਸਰਦਾਰ ਜੀ! ਓਨਾ ਚਿਰ ਉਹ ਅਗਲੇ ਨੂੰ ਮੁਨਸ਼ੀ ਨਹੀਂ ਸੀ ਬਣਾਉਂਦੇ, ਜਿੰਨਾ ਚਿਰ ਅਗਲੇ ਦੀਆਂæææਨਾ ਚਿੱਟੀਆਂ ਹੋ ਜਾਣ!”
ਉਸ ਦੀ ਧਾਰਮਿਕਤਾ ਪਿੱਛੇ ਲੁਕਿਆ ਉਸ ਦਾ ਮਨ ਅਤੇ ਉਸ ਦੀ ‘ਪੁਲਿਸੀ ਭਾਸ਼ਾ’ ਇਕਦਮ ਪ੍ਰਗਟ ਹੋ ਗਏ। ਕਿੰਨਾ ਚਿਰ ਅਸੀਂ ਸਿਪਾਹੀਆਂ ਨਾਲ ਮਿਲ ਕੇ ਇਸ ਨਿਵੇਕਲੀ ‘ਭਾਸ਼ਾ ਵੰਨਗੀ’ ਉਤੇ ਹੱਸਦੇ ਰਹੇ। ਹਾਸੇ ਹਾਸੇ ਵਿਚ ਹੀ ਅਸੀਂ ਆਪਣੇ ਆਪ ਨੂੰ ਅੱਗਿਉਂ ਵਾਪਰਨ ਵਾਲੀ ਹੋਣੀ ਲਈ ਤਿਆਰ ਕਰ ਲਿਆ।
ਦੇਰ ਰਾਤ ਕਿਤੇ ਡੀæਐਸ਼ਪੀæ ਥਾਣੇ ਵਿਚ ਆਇਆ। ਫ਼ੈਸਲੇ ਮੁਤਾਬਕ ਭਿੱਖੀਵਿੰਡ ਚੌਕ ਵਿਚ ਮੱਛੀ ਅਤੇ ਫ਼ਲ ਵੇਚਣ ਵਾਲੇ ਦੋ ਪੱਕੇ ਪੁਲਿਸ-ਟਾਊਟਾਂ ਦੀ ‘ਰਿਪੋਰਟ’ ‘ਤੇ ਸਾਡੇ ਖ਼ਿਲਾਫ਼ ਐਫ਼æਆਈæਆਰæ ਦਰਜ ਕੀਤੀ ਗਈ। ਉਨ੍ਹਾਂ ਟਾਊਟਾਂ ਨੇ ‘ਸਾਨੂੰ ਕਿਸੇ ਪਸਿੱਤੇ ਥਾਂ ਲੋਕਾਂ ਦੇ ਇਕੱਠ ਨੂੰ ਸਰਕਾਰ ਖ਼ਿਲਾਫ਼ ਬਗ਼ਾਵਤ ਲਈ ਉਕਸਾਉਂਦਿਆਂ ਅਤੇ ਵੱਡੀ ਸਾਜ਼ਿਸ਼ ਰਚਦਿਆਂ ਸੁਣਿਆ ਸੀ। ਅਜਿਹੇ ‘ਦੇਸ਼-ਗਦਾਰਾਂ’ ਦੇ ਨਾਪਾਕ ਇਰਾਦਿਆਂ ਦੇ ਪੂਰੇ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੀ ‘ਦੇਸ਼-ਭਗਤੀ’ ਦੀ ‘ਪਵਿੱਤਰ ਭਾਵਨਾ’ ਉਨ੍ਹਾਂ ਟਾਊਟਾਂ ਨੂੰ ਪੁਲਿਸ ਕੋਲ ਖਿੱਚ ਲਿਆਈ ਸੀ ਤਾਂ ਕਿ ਮੁਲਕ ਨੂੰ ਹੋਣ ਵਾਲੀ ਕਿਸੇ ‘ਵੱਡੀ ਬਗ਼ਾਵਤ’ ਦੇ ਨੁਕਸਾਨ ਤੋਂ ਜਿਵੇਂ-ਕਿਵੇਂ ਬਚਾ ਲਿਆ ਜਾਵੇ!’
ਕਾਗ਼ਜ਼ੀ ਕਾਰਵਾਈ ਪੂਰੀ ਕਰਦਿਆਂ ਲੌਢਾ ਵੇਲਾ ਹੋ ਗਿਆ। ਸਾਨੂੰ ਦੋਹਾਂ ਨੂੰ ਹੱਥਕੜੀਆਂ ਲਾ ਕੇ ਅਦਾਲਤ ਵਿਚ ਪੇਸ਼ ਕਰਨ ਲਈ ਪੁਲਿਸ ਕਰਮਚਾਰੀ ਲੈ ਤੁਰੇ। ‘ਪੱਟੀ’ ਨੂੰ ਜਾਣ ਵਾਲੀ ਬੱਸ ਅਜੇ ਆਉਣ ਵਾਲੀ ਸੀ। ਚੌਕ ਵਿਚ ਲੱਕੜ ਦੇ ਤਖ਼ਤਪੋਸ਼ ‘ਤੇ ਅਸੀਂ ਬੈਠੇ ਸਾਂ। ਇਸ ਚੌਕ ਵਿਚ ਅਸੀਂ ਲੋਕਾਂ ਦੇ ਜਾਣੇ ਪਛਾਣੇ ਬੰਦੇ ਸਾਂ। ਆਪੋ ਆਪਣੇ ਸਕੂਲਾਂ ਤੋਂ ਛੁੱਟੀ ਹੋਣ ਤੋਂ ਬਾਅਦ ਅਸੀਂ ਅਕਸਰ ਇਸ ਚੌਕ ਵਿਚ ਇਕੱਠੇ ਹੁੰਦੇ ਰਹਿੰਦੇ ਸਾਂ। ਦੂਜੇ ਅਧਿਆਪਕ ਸਾਥੀਆਂ ਨੂੰ ਮਿਲਦੇ। ਲਾਟੀ ਦੀ ਦੁਕਾਨ ‘ਤੇ ਬੈਠ ਕੇ ਚਾਹ-ਪਾਣੀ ਛਕਦੇ। ਅਧਿਆਪਕਾਂ, ਸਮਾਜ ਅਤੇ ਮੁਲਕ ਦੇ ਮਸਲਿਆਂ ਬਾਰੇ ਚਰਚਾ ਕਰਦੇ। ਅਸੀਂ ਭਿਖੀਵਿੰਡ ਵਿਚ ਸਾਹਿਤ ਕੇਂਦਰ ਵੀ ਬਣਾਇਆ ਹੋਇਆ ਸੀ। ਹਾਈ ਸਕੂਲ ਵਿਚ ਉਸ ਦੀਆਂ ਮੀਟਿੰਗਾਂ ਕਰਦੇ। ਵੱਡੇ ਸਾਹਿਤਕਾਰਾਂ ਨੂੰ ਇਨ੍ਹਾਂ ਮੀਟਿੰਗਾਂ ਵਿਚ ਸੱਦਦੇ। ਲੋਕ ਮੈਨੂੰ ਲੇਖਕ ਵਜੋਂ ਵੀ ਜਾਣਦੇ-ਪਛਾਣਦੇ ਸਨ। ਉਨ੍ਹਾਂ ਲੋਕਾਂ ਵਿਚ ਅਸੀਂ ਆਦਰ ਸਤਿਕਾਰ ਦੇ ਪਾਤਰ ਸਾਂ, ਪਰ ਹੁਣ ਅਸੀਂ ਹੱਥਕੜੀਆਂ ਵਿਚ ਜਕੜੇ ਉਨ੍ਹਾਂ ਸਾਹਮਣੇ ਬੈਠੇ ਸਾਂ।
ਨੇੜਲੇ ਜਾਣੂ ਲੋਕਾਂ ਨੂੰ ਛੱਡ ਕੇ ਉਨ੍ਹਾਂ ਸਭ ਨੂੰ ਕੀ ਪਤਾ ਕਿ ਸਾਨੂੰ ਕਿਉਂ ਗ੍ਰਿਫ਼ਤਾਰ ਕੀਤਾ ਗਿਆ ਸੀ! ਲੋਕ ਜਗਿਆਸੂ ਨਜ਼ਰਾਂ ਨਾਲ ਸਾਨੂੰ ਜਾਚਦੇ ਹੋਏ ਆਪਸ ਵਿਚ ਘੁਸਰ-ਮੁਸਰ ਕਰਦੇ। ਮੈਂ ਆਪਣੇ ਆਪ ਨੂੰ ਗੁਨਾਹਗਾਰ ਸਮਝਦਿਆਂ ਸੋਚਣ ਲੱਗਾ ਕਿ ਇਸ ਚੌਕ ਵਿਚ ਦੁਕਾਨਾਂ ਵਾਲੇ ਇੰਨੇ ਜਾਣੂ ਹੋਣ ਦੇ ਬਾਵਜੂਦ ਕੋਈ ਸਾਡੇ ਕੋਲ ਕਿਉਂ ਨਹੀਂ ਸੀ ਆਇਆ! ਕੀ ਉਹ ਸਾਡਾ ਪਤਾ ਲੱਗਣ ‘ਤੇ ਦੂਰੋਂ ਹੀ ਪਾਸਾ ਵੱਟ ਕੇ ਲੰਘ ਗਏ ਹੋਣਗੇ? ਕੀ ਅਸੀਂ ਲੋਕਾਂ ਨਾਲੋਂ ਇੰਨੇ ਹੀ ਟੁੱਟੇ ਅਤੇ ਨਿੱਖੜੇ ਹੋਏ ਹਾਂ! ਕੀ ਐਮਰਜੈਂਸੀ ਦੀ ਦਹਿਸ਼ਤ ਹੀ ਇੰਨੀ ਹੈ ਕਿ ਹਰ ਕੋਈ ਪਹਿਲਾਂ ਆਪਣਾ ਬਚਾਅ ਵੇਖਦਾ ਹੈ! ਕੀ ਲੋਕ ਇੰਨੇ ਹੀ ਸੌਂ ਗਏ ਹਨ!
ਵੇਖਣ ਵਾਲੇ ਤਾਂ ਇਹੋ ਸਮਝਦੇ ਹੋਣਗੇ ਕਿ ਅਸਾਂ ਜ਼ਰੂਰ ਕੋਈ ਵੱਡਾ ‘ਗੁਨਾਹ’ ਕੀਤਾ ਹੋਵੇਗਾ! ਅਧਿਆਪਕ ਬਾਰੇ ਲੋਕਾਂ ਦੇ ਮਨ ਵਿਚ ਇਹੋ ਜਿਹਾ ਮਾੜਾ ਮੋਟਾ ਵਿਚਾਰ ਗੁਜ਼ਰਨਾ ਵੀ ਮੇਰੇ ਲਈ ਵੱਡੀ ਸ਼ਰਮ ਅਤੇ ਨਮੋਸ਼ੀ ਵਾਲੀ ਗੱਲ ਸੀ। ਇਸੇ ਵੇਲੇ ਸਕੂਲ ਵਿਚ ਛੁੱਟੀ ਹੋ ਗਈ। ਕੁੜੀਆਂ ਮੁੰਡਿਆਂ ਦੀ ਭੀੜ ਸਾਡੇ ਦੁਆਲੇ ਇਕੱਠੀ ਹੋ ਗਈ। ਇਸ ਸਕੂਲ ਵਿਚ ਅਸੀਂ ਅਕਸਰ ਆਪਣੀਆਂ ਮੀਟਿੰਗਾਂ ਕਰਦੇ ਸਾਂ। ਇਸੇ ਸਕੂਲ ਵਿਚ ਚਾਨਣ ਸਿੰਘ ਚੀਮੇ ਵਰਗੇ ਯਾਰ ਪੜ੍ਹਾਉਂਦੇ ਸਨ ਜਿਨ੍ਹਾਂ ਕੋਲ ਅਸੀਂ ਅਕਸਰ ਤੁਰੇ ਰਹਿੰਦੇ। ਬਹੁਤ ਸਾਰੇ ਵਿਦਿਆਰਥੀ ਸਾਨੂੰ ਪਛਾਣਦੇ ਸਨ। ਆਪਣੀ ਨਮੋਸ਼ੀ ਵਿਚੋਂ ਉਭਰਨ ਲਈ ਮੇਰੇ ਅੰਦਰਲਾ ਗੁੱਸਾ ਹੁੰਗਾਰਿਆ। ਮੈਂ ਹੱਥਕੜੀਆਂ ਸਮੇਤ ਤਖ਼ਤਪੋਸ਼ ਉਤੇ ਖਲੋ ਗਿਆ ਅਤੇ ਬੋਲਣਾ ਸ਼ੁਰੂ ਕਰ ਦਿੱਤਾ:
“ਦੋਸਤੋ! ਤੁਸੀਂ ਹੈਰਾਨ ਹੁੰਦੇ ਹੋਵੋਗੇ ਕਿ ਪਤਾ ਨਹੀਂ ਅਸੀਂ ਕੀ ਗੁਨਾਹ ਕਰ ਦਿੱਤਾ ਹੈ ਕਿ ਸਾਨੂੰ ਹੱਥਕੜੀਆਂ ਵਿਚ ਜਕੜਿਆ ਹੋਇਆ ਹੈ। ਤੁਸੀਂ ਸਭ ਜਾਣਦੇ ਹੋ ਕਿ ਅਸੀਂ ਸਕੂਲ ਅਧਿਆਪਕ ਹਾਂ। ਜਿਨ੍ਹਾਂ ਪਿੰਡਾਂ ਵਿਚ ਅਸੀਂ ਪੜ੍ਹਾਉਂਦੇ ਹਾਂ, ਉਹ ਲੋਕ ਅਤੇ ਸਾਥੋਂ ਪੜ੍ਹਨ ਵਾਲੇ ਵਿਦਿਆਰਥੀ ਸਾਡੀ ਇਮਾਨਦਾਰੀ ਅਤੇ ਲਗਨ ਦੇ ਗਵਾਹ ਹਨ। ਸਾਡੇ ਅਧਿਆਪਕ ਸਾਥੀ ਜਾਣਦੇ ਹਨ ਕਿ ਅਸੀਂ ਅਧਿਆਪਕ ਮੰਗਾਂ ਲਈ ਲਗਾਤਾਰ ਲੜਨ ਵਾਲੇ ਲੋਕ ਹਾਂ। ਸਿਆਸੀ ਰੁਚੀਆਂ ਵਾਲੇ ਲੋਕ ਜਾਣਦੇ ਹਨ ਕਿ ਅਸੀਂ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਦੀ ਡਟ ਕੇ ਮੁਖ਼ਾਲਫ਼ਤ ਕਰਨ ਵਾਲੇ ਲੋਕ ਹਾਂ। ਅਸੀਂ ਆਪਣੇ ਦੁਖੀ ਅਤੇ ਗ਼ਰੀਬ ਲੋਕਾਂ ਦੇ ਹੱਕਾਂ ਲਈ ਵੱਖ-ਵੱਖ ਤਰੀਕਿਆਂ ਨਾਲ ਆਵਾਜ਼ ਬੁਲੰਦ ਕਰਨ ਵਾਲੇ ਬੰਦੇ ਹਾਂ ਅਤੇ ਇਹ ਸਰਕਾਰ ਲੋਕਾਂ ਦੀ ਹੱਕ-ਸੱਚ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀ ਹੈ, ਉਨ੍ਹਾਂ ਦਾ ਗਲ਼ਾ ਘੁੱਟ ਕੇ ਆਪਣੀਆਂ ਮਨ ਆਈਆਂ ਜਾਰੀ ਰੱਖਣਾ ਚਾਹੁੰਦੀ ਹੈ। ਅਸੀਂ ਇਸ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਦਾ ਗੱਜ-ਵੱਜ ਕੇ ਵਿਰੋਧ ਕਰਦੇ ਹਾਂ। ਅਸੀਂ ਕੋਈ ਲੁੱਚੇ-ਲਫੰਗੇ ਜਾਂ ਗੁੰਡੇ-ਬਦਮਾਸ਼ ਨਹੀਂ; ਇਸ ਦੇ ਉਲਟ ਸਗੋਂ ਇਹ ਸਰਕਾਰੀ ਰਾਜ ਗੁੰਡਾ-ਰਾਜ ਹੈ ਜੋ ਸਾਡੇ ਵਰਗੇ ਲੋਕਾਂ ਨੂੰ ਹੱਥਕੜੀਆਂ ਲਾਉਂਦਾ ਹੈ।”
ਰਘਬੀਰ ਨੇ ਵੀ ਇਸ ਤਰ੍ਹਾਂ ਦੇ ਸ਼ਬਦ ਆਖੇ। ਅਸੀਂ ਐਮਰਜੈਂਸੀ ਅਤੇ ਇੰਦਰਾ ਗਾਂਧੀ ਦੇ ਖ਼ਿਲਾਫ ਜ਼ੋਰਦਾਰ ਨਾਅਰੇ ਲਾਏ। ਇੰਨੇ ਨਾਲ ਸਾਡੇ ਅੰਦਰਲੀ ਨਮੋਸ਼ੀ ਧੋਤੀ ਗਈ। ਸਾਡੇ ਭਾਸ਼ਣਾਂ ਦੀ ਖ਼ਬਰ ਥਾਣੇ ਵੀ ਪਹੁੰਚ ਗਈ। ਉਥੋਂ ਬੰਦਾ ਭੱਜਾ ਆਇਆ ਅਤੇ ਸਾਡੇ ਨਾਲ ਜਾਣ ਵਾਲੇ ਪੁਲਿਸ ਕਰਮੀਆਂ ਨੂੰ ਝਾੜਿਆ, “ਤੁਸੀਂ ਇਨ੍ਹਾਂ ਨੂੰ ਲੈ ਕੇ ਜਾਂਦੇ ਕਿਉਂ ਨਹੀਂ? ਆਪਣੇ ਪਿਓਆਂ ਦੇ ਭਾਸ਼ਣ ਕਰਵਾਉਣ ਡਹੇ ਜੇ! ਉਤੇ ਪਤਾ ਲੱਗ ਗਿਆ ਤਾਂ ਸਾਰਾ ਠਾਣਾ ਵਖ਼ਤ ਨੂੰ ਫੜਿਆ ਜਾਊ!”
ਤੁਰਤ ਟੈਂਪੂ ਕੀਤਾ ਅਤੇ ਉਸ ਵਿਚ ਬਿਠਾ ਕੇ ਸਾਨੂੰ ਪੱਟੀ ਕਚਿਹਿਰੀਆਂ ਲੈ ਗਏ। ਜਾਂਦਿਆਂ ਨੂੰ ਛੁੱਟੀ ਦਾ ਸਮਾਂ ਹੋ ਗਿਆ ਸੀ। ਹੁਣ ਸਾਨੂੰ ਸਵੇਰੇ ਹੀ ਪੇਸ਼ ਕੀਤਾ ਜਾ ਸਕਦਾ ਸੀ। ਵਾਪਸ ਲਿਜਾਣ ਦੀ ਥਾਂ ਸਾਨੂੰ ਰਾਤ ਪੱਟੀ ਥਾਣੇ ਵਿਚ ‘ਜਮ੍ਹਾਂ’ ਕਰਵਾ ਦਿੱਤਾ ਗਿਆ। ਪੁਰਾਣੇ ਕਿਲ੍ਹੇ ਵਿਚ ਬਣੇ ਇਸ ਥਾਣੇ ਵਿਚ ਲਿਜਾ ਕੇ ਸਾਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ ਗਿਆ। ਅਸੀਂ ਵੇਖਿਆ, ਥਾਣੇ ਦਾ ਮੁਨਸ਼ੀ ਸਾਡੇ ਨੇੜਲੇ ਅਧਿਆਪਕ ਦੋਸਤ ਦਾ ਭਰਾ ਸੀ। ਅਸੀਂ ਖ਼ੁਸ਼ ਹੋਏ ਕਿ ਚਲੋ ਇਸ ਰਾਹੀਂ ਸਾਡਾ ਸੁਨੇਹਾ ਸਾਡੇ ਘਰਦਿਆਂ ਤੱਕ ਪਹੁੰਚ ਸਕਦਾ ਹੈ ਤੇ ਉਹ ਵਕੀਲ ਕਰ ਕੇ ਸਵੇਰੇ ਸਾਡੇ ਪੇਸ਼ ਹੋਣ ਸਮੇਂ ਤੱਕ ਅਦਾਲਤ ਵਿਚ ਪਹੁੰਚ ਜਾਣਗੇ, ਪਰ ਉਹ ਤਾਂ ਸਾਡੇ ਨਾਲ ਅੱਖ ਵੀ ਨਹੀਂ ਸੀ ਮਿਲਾ ਰਿਹਾ। ਅੱਖ ਬਚਾ ਕੇ ਉਹ ਸਾਡੀ ਹਵਾਲਾਤ ਅੱਗਿਉਂ ਲੰਘਣ ਲੱਗਾ ਤਾਂ ਅਸੀਂ ਉਚੀ ਆਵਾਜ਼ ਮਾਰ ਕੇ ਰੋਕ ਲਿਆ ਅਤੇ ਇਹ ਜਾਣਦਿਆਂ ਵੀ ਕਿ ਉਹ ਸਾਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੈ, ਅਸੀਂ ਉਹਨੂੰ ਦੱਸਿਆ ਕਿ ਅਸੀਂ ਉਸ ਦੇ ਵੱਡੇ ਭਰਾ ਦੇ ਬੜੇ ਨਜ਼ਦੀਕੀ ਮਿੱਤਰ ਹਾਂ! ਉਸ ਨੇ ਅੱਗਿਉਂ ਕੋਈ ਹੁੰਗਾਰਾ ਵੀ ਨਾ ਭਰਿਆ ਅਤੇ ਬਿਨਾਂ ਕੁਝ ਬੋਲਿਆਂ ਚਲਿਆ ਗਿਆ। ਅਸੀਂ ਉਸ ਦੀ ਇਸ ਹਾਲਤ ‘ਤੇ ਅਤੇ ਆਪਣੇ ‘ਇੰਨੇ ਖ਼ਤਰਨਾਕ’ ਹੋਣ ‘ਤੇ ਹੱਸਣ ਲੱਗੇ।
ਥਾਣੇ ਵਾਲਿਆਂ ਵੱਲੋਂ ਦਿੱਤੀ ਰੋਟੀ ਖਾ ਕੇ ਅਸੀਂ ਫ਼ਰਸ਼ ਸਾਫ਼ ਕਰ ਕੇ ਲੇਟ ਗਏ। ਹਵਾਲਾਤ ਵਾਲੇ ਕੰਬਲ ਇੰਨੇ ਗੰਦੇ ਅਤੇ ਬਦਬੂਦਾਰ ਸਨ ਕਿ ਮੇਰਾ ਉਨ੍ਹਾਂ ਨੂੰ ਥੱਲੇ ਉਤੇ ਲੈਣ ਨੂੰ ਦਿਲ ਨਾ ਕੀਤਾ। ਪਾਲ਼ਾ ਹੋਣ ਲੱਗਾ ਤਾਂ ਰਘਬੀਰ ਨੇ ਕੰਬਲ ਉਤੇ ਲੈਂਦਿਆਂ ਚੇਤਾ ਕਰਵਾਇਆ ਕਿ ਹੁਣ ਤੋਂ ਹੀ ਇਹੋ ਜਿਹੇ ਕੰਬਲ ਲੈਣ ਦੀ ਆਦਤ ਪਾਉਣੀ ਚਾਹੀਦੀ ਹੈ। ਉਹਦੀ ਗੱਲ ਠੀਕ ਸੀ; ਅਗਲੇ ਦਿਨਾਂ ਵਿਚ ਸਾਨੂੰ ਕੋਈ ਰੇਸ਼ਮੀ ਵਿਛਾਉਣੇ ਨਹੀਂ ਸਨ ਮਿਲਣੇ!
ਅੱਧੀ ਕੁ ਰਾਤ ਨਾਲ ਠੰਢ ਜ਼ਿਆਦਾ ਹੋ ਗਈ। ਮੈਂ ਕੰਬਲ ਪੈਰਾਂ ‘ਤੇ ਕਰ ਲਿਆ। ਫਿਰ ਗੋਡਿਆਂ ਤੱਕ। ਠੰਢ ਵਧਣ ਲੱਗੀ; ਸਰੀਰ ਕੁੰਗੜਨ ਲੱਗਾ। ਕੰਬਲ ਲੱਕ ਤੱਕ ਆ ਗਿਆ। ਦਿਨੇ ਜਾਗ ਆਈ ਤਾਂ ਮੈਨੂੰ ਕੰਬਲ ਵਿਚ ਮੂੰਹ ਸਿਰ ਲਪੇਟੀ ਸੁੱਤਾ ਵੇਖ ਕੇ ਰਘਬੀਰ ਹੱਸਣ ਲੱਗਾ। ਰਾਤ ਰਾਤ ਵਿਚ ਹੀ ਮੇਰੀ ‘ਨਜ਼ਾਕਤ ਅਤੇ ਨਾਜ਼ੁਕਤਾ’ ਉਡ ਪੁੱਡ ਗਈ। ਮੈਂ ਆਪਣੀ ਹੋਣੀ ਨੂੰ ਸਵੀਕਾਰ ਕਰ ਲਿਆ ਸੀ।
ਦਿਨ ਚੜ੍ਹੇ ਦਸ ਕੁ ਵਜੇ ‘ਸੁੰਦਰ’ ਹੁਰੀਂ ਸਾਨੂੰ ਹੱਥਕੜੀਆਂ ਲਾ ਕੇ ਕਚਹਿਰੀਆਂ ਵਿਚ ਲੈ ਗਏ। ਅਦਾਲਤ ਕੰਪਲੈਕਸ ਦੇ ਬਰਾਂਡੇ ਵਿਚ ਮੇਰੀ ਪਤਨੀ ਗਰਮ ਸ਼ਾਲ ਦੀ ਬੁੱਕਲ ਮਾਰੀ ਬੈਠੀ ਸੀ। ਪੀਲਾ-ਭੂਕ ਰੰਗ। ਦੁੱਖ, ਮਾਯੂਸੀ ਅਤੇ ਉਦਾਸੀ ਨਾਲ ਝੰਬਿਆ ਚਿਹਰਾ! ਮੈਨੂੰ ਵੇਖ ਕੇ ਜਿਵੇਂ ਉਸ ਵਿਚ ਜਾਨ ਪੈ ਗਈ। ਬੈਂਚ ਤੋਂ ਉਠ ਕੇ ਮੇਰੇ ਵੱਲ ਵਧੀ। ਉਹਦੇ ਪਿੱਛੇ ਮੇਰੀ ਭੂਆ ਖਲੋਤੀ ਹੋਈ ਸੀ। ਭੂਆ ਨੂੰ ‘ਸਤਿ ਸ੍ਰੀ ਅਕਾਲ’ ਕਹਿ ਕੇ ਮੈਂ ਪਤਨੀ ਨੂੰ ਕਿਹਾ, “ਤੂੰ ਇਸ ਹਾਲਤ ਵਿਚ ਕਾਹਨੂੰ ਆਉਣਾ ਸੀ!”
ਉਹਦੀ ਜ਼ਬਾਨ ਦੀ ਥਾਂ ਉਸ ਦੀਆਂ ਅੱਖਾਂ ਵਿਚ ਉਮਡ ਆਏ ਅੱਥਰੂ ਹੀ ਬੋਲੇ।
ਪਿੱਛੋਂ ਜਦੋਂ ਕਦੀ ਅਸੀਂ ਉਨ੍ਹਾਂ ਦਿਨਾਂ ਦੀ ਗੱਲ ਕਰਦੇ ਤਾਂ ਮੇਰੀ ਪਤਨੀ ਰਜਵੰਤ ਲੰਮਾ ਹਉਕਾ ਭਰਦੀ।
“ਤੁਹਾਡੀ ਜ਼ਿੰਦਗੀ ਵਿਚ ਆਉਣ ਤੋਂ ਬਾਅਦ ਤੁਹਾਡੇ ਨਾਂ ਅਤੇ ਸ਼ਖ਼ਸੀਅਤ ਸਦਕਾ ਮੈਨੂੰ ਬਹੁਤ ਕੁਝ ਮਿਲਿਆ ਹੈ। ਆਦਰ-ਮਾਣ ਦੀ ਘਾਟ ਨਹੀਂ ਰਹੀ। ਉਸ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ! ਪਰ ਤੁਸੀਂ ਮੈਨੂੰ ਦੁੱਖ ਵੀ ਬੜੇ ਵਿਖਾਏ! ਉਸ ਦਿਨ ਜਦੋਂ ਤੁਸੀਂ ਕਿੰਨਾ ਚਿਰ ਘਰ ਨਾ ਮੁੜੇ ਤਾਂ ਮੈਂ ਬੜੀ ਫ਼ਿਕਰਮੰਦ ਹੋਈ। ਬਾਪੂ ਜੀ ਵੀ ਘਰ ਨਹੀਂ ਸਨ। ਕਿਸ ਨੂੰ ਪੁੱਛਾਂ? ਕਿਵੇਂ ਪੁੱਛਾਂ? ਖ਼ੈਰ ਕਿਵੇਂ ਨਾ ਕਿਵੇਂ ਪਤਾ ਲੱਗ ਗਿਆ ਕਿ ਤੁਹਾਨੂੰ ਪੁਲਿਸ ਫੜ ਕੇ ਲੈ ਗਈ ਹੈ। ਹੁਣ ਕੀ ਕਰਾਂ! ਮੇਰੀ ਮਦਦ ਕਰਨ ਵਾਲਾ ਘਰ ਦਾ ਆਪਣਾ ਕੋਈ ਵੀ ਕੋਲ ਨਹੀਂ ਸੀ। ਆਂਢ-ਗੁਆਂਢ ਦੀਆਂ ਜ਼ਨਾਨੀਆਂ ‘ਅਫ਼ਸੋਸ’ ਕਰਨ ਆਉਣ ਲੱਗੀਆਂ। ਤਾਏ ਲਾਭ ਚੰਦ ਦੀ ਘਰਵਾਲੀ ਕਹਿੰਦੀ, ‘ਪੁੱਤ! ਸਰਕਾਰ ਨਾਲ ਕਾਹਨੂੰ ਮੱਥਾ ਲਾਉਣਾ ਸੀ!’ ਭੂਆ ਜੀ ਉਸੇ ਸ਼ਾਮ ਨੂੰ ਆ ਗਏ ਸਨ। ਸਵੇਰੇ ਬੀ ਜੀ ਅਤੇ ਛਿੰਦਾ ਵੀ, ਸੁਣ ਕੇ ਖੇਤਾਂ ਵਿਚੋਂ ਆ ਗਏ। ਮੈਂ ਸਭ ਦੇ ਤਰਲੇ ਲਵਾਂ ਕਿ ਇੱਕ ਵਾਰ ਤੁਹਾਨੂੰ ਮਿਲਾਉਣ ਲੈ ਜਾਣ, ਪਰ ਮੇਰੇ ਨਾਲ ਕੋਈ ਨਾ ਤੁਰੇ। ਅਖੇ, ‘ਤੂੰ ਢਿੱਲੀ ਏਂ! ਜਾ ਕੇ ਵੀ ਕੀ ਕਰ ਲਏਂਗੀ!’ ਇਹ ਤਾਂ ਸਾਰੇ ਸਮਝਦੇ ਤੇ ਆਖਦੇ ਸਨ ਕਿ ਤੁਹਾਡਾ ਇੰਨੀ ਛੇਤੀ ਛੁੱਟ ਸਕਣਾ ਸੰਭਵ ਨਹੀਂ। ਮੇਰੇ ਰੋਂਦਿਆਂ ਕੁਰਲਾਉਂਦਿਆਂ ਦਿਨ ਲੰਘ ਗਿਆ।
ਮੈਨੂੰ ਹੌਲ਼ ਪੈਂਦੇ, ਤੁਹਾਡੇ ਬਿਨਾਂ ਮੈਂ ਇਸ ਘਰ ਵਿਚ ਇਕੱਲੀ ਕਿਵੇਂ ਰਹੂੰ! ਭੂਆ ਆਖੇ, ਇਹਨੂੰ ਕੁਝ ਹੋ ਜਾਊ। ਇਹਨੂੰ ਵਰਿਆਮ ਨੂੰ ਮਿਲਾ ਲਿਆਓ। ਕੋਈ ਹੁੰਗਾਰਾ ਨਾ ਮਿਲਦਾ ਵੇਖ ਉਹ ਆਪ ਮੇਰੇ ਨਾਲ ਜਾਣ ਲਈ ਤਿਆਰ ਹੋ ਗਈ।”
“ਅਗਲੇਰੇ ਦਿਨ ਸਵੇਰੇ ਨਾਨੀ ਨੇ ਪਰਾਉਂਠੇ ਪਕਾਏ। ਛਿੰਦਾ ਉਤੇ ਮੱਖਣ ਰੱਖ ਕੇ ਪਰਾਉਂਠੇ ਖਾ ਰਿਹਾ ਸੀ। ਮੈਂ ਬੜੇ ਤਰਲੇ ਲਏ-‘ਵੇ ਛਿੰਦਿਆ! ਮੈਨੂੰ ਸਾਈਕਲ ‘ਤੇ ਬਿਠਾ ਕੇ ਬੱਸ ਅੱਡੇ ਤੱਕ ਈ ਛੱਡ ਆ। ਮੈਥੋਂ ਤੁਰਿਆ ਨਹੀਂ ਜਾਂਦਾ।’ ਰੂਪ ਹੋਈ ਨੂੰ ਅਜੇ ਪੰਜ-ਛੇ ਦਿਨ ਹੀ ਤਾਂ ਹੋਏ ਸਨ। ਕਹਿੰਦਾ, ‘ਤੁਸੀਂ ਤੁਰ ਕੇ ਬਜ਼ਾਰ ਨਿਕਲੋ। ਮੈਂ ਤੁਹਾਡੇ ਮਗਰੇ-ਮਗਰ ਆਇਆ।’ ਮੈਂ ਤੇ ਭੂਆ ਜੀ ਤੁਰ ਪਈਆਂ। ਬੱਸ ਅੱਡੇ ਤੱਕ ਪਹੁੰਚਣ ਲਈ ਮੈਂ ਕਈ ਵਾਰ ਬੈਠ ਕੇ ਸਾਹ ਲਿਆ, ਪਰ ਛਿੰਦਾ ਨਹੀਂ ਆਇਆ। ਰਾਹ ਵਿਚ ਹਰਬੰਸ ਨਰਸ ਮਿਲੀ। ਆਖਣ ਲੱਗੀ-‘ਹੈ ਹਾਇ! ਤੂੰ ਕਿਉਂ ਇਸ ਹਾਲਤ ਵਿਚ ਬਾਹਰ ਨਿਕਲੀ ਏਂ! ਜੇ ਕੁਝ ਹੋ ਗਿਆ!’ ਪਰ ਮੇਰੇ ਮਨ ਵਿਚ ਆਵੇ ਕਿ ਤੁਹਾਨੂੰ ਇੱਕ ਵਾਰੀ ਸੁੱਖੀ ਸਾਂਦੀ ਵੇਖ ਲਵਾਂ! ਪਤਾ ਲੱਗ ਗਿਆ ਸੀ ਕਿ ਤੁਹਾਨੂੰ ਪੱਟੀ ਲੈ ਗਏ ਨੇ। ਪੱਟੀ ਪਹੁੰਚ ਤਾਂ ਗਈਆਂ ਪਰ ਪਤਾ ਨਾ ਲੱਗੇ ਕਿ ਕੀਹਨੂੰ ਪੁੱਛੀਏ! ਅਸੀਂ ਕਿਹੜੇ ਇਹ ਕੰਮ ਅੱਗੇ ਵੇਖੇ ਸਨ! ਸੋਚਿਆ, ਜੇਲ੍ਹ ਵਿਚ ਹੀ ਲੈ ਕੇ ਜਾਣਗੇ। ਅਸੀਂ ਉਥੇ ਜਾ ਕੇ ਪੁੱਛਿਆ ਤਾਂ ਉਹ ਕਹਿੰਦੇ ਕਿ ਕੱਲ੍ਹ ਤੁਹਾਨੂੰ ਪੇਸ਼ ਨਹੀਂ ਸੀ ਕੀਤਾ, ਅੱਜ ਕਰਨਗੇ। ‘ਅਸੀਂ ਜਾ ਕੇ ਕਚਹਿਰੀਆਂ ਵਿਚ ਖਲੋ ਜਾਈਏ। ਸਾਹਮਣੇ ਆਉਂਦੇ ਤੁਸੀਂ ਦਿਸ ਜਾਓਗੇ!’ ਕਮਜ਼ੋਰੀ ਤੇ ਫ਼ਿਕਰ ਕਰ ਕੇ ਮੇਰੀ ਬੁਰੀ ਹਾਲਤ ਸੀ। ਭਾ ਜੀ ਅਜਾਇਬ ਨੇ ਤਾਂ ਮੈਨੂੰ ਪਛਾਣਿਆਂ ਵੀ ਨਹੀਂ ਸੀ।”