ਬਾਵਾ ਬਲਵੰਤ

ਸ਼ਾਇਰ ਬਾਵਾ ਬਲਵੰਤ ਬਾਰੇ ਬਲਵੰਤ ਗਾਰਗੀ ਦਾ ਇਹ ਲੇਖ ਉਦੋਂ ਦਾ ਲਿਖਿਆ ਹੋਇਆ ਹੈ, ਜਦੋਂ ਉਹ ਇਸ ਫਾਨੀ ਸੰਸਾਰ ਤੋਂ ਰੁਖਸਤ ਨਹੀਂ ਸਨ ਹੋਏ। ਕਰਾਰੇ ਰੇਖਾ ਚਿੱਤਰ ਲਿਖਣ ਲਈ ਮਸ਼ਹੂਰ ਗਾਰਗੀ ਨੇ ਬਾਵਾ ਬਲਵੰਤ ਦੇ ਇਸ ਰੇਖਾ ਚਿੱਤਰ ਵਿਚ ਵੀ ਆਪਣੇ ਹਿਸਾਬ ਨਾਲ ਰੰਗ ਭਰਨ ਦਾ ਹੀਲਾ ਕੀਤਾ ਹੈ, ਪਰ ਇਸ ਵਿਚੋਂ ਜਿਹੜਾ ਬਾਵਾ ਬਲਵੰਤ ਸਾਹਮਣੇ ਆਉਂਦਾ ਹੈ, ਉਹ ਬਹੁਤ ਆਸਾਨੀ ਨਾਲ ਪਾਠਕ ਦੇ ਦਿਲ ਦੇ ਨੇੜੇ ਆਣ ਬੈਠਦਾ ਹੈ।

ਅਸਲ ਵਿਚ ਇਹ ਬਾਵਾ ਬਲਵੰਤ ਦੀ ਫਕੀਰੀ ਹੀ ਸੀ ਜਿਹੜੀ ਸਭ ਨੂੰ ਖਿੱਚਦੀ ਸੀ ਅਤੇ ਇਸ ਫੱਕਰਪੁਣੇ ਦਾ ਖਿੱਚਿਆ ਗਾਰਗੀ ਵੀ ਇਸ ਸ਼ਖਸ ਬਾਰੇ ਰੇਖਾ ਚਿੱਤਰ ਦਾ ਜੁਗਾੜ ਕਰਨ ਲਈ ਅਹੁਲਿਆ। ਬਾਵਾ ਬਲਵੰਤ (1915-1972) ਦੀ ਜਨਮ ਸ਼ਤਾਬਦੀ ਮੌਕੇ ਇਕ ਬਲਵੰਤ ਦਾ ਦੂਜੇ ਬਲਵੰਤ ਬਾਰੇ ਲਿਖਿਆ ਇਹ ਰੇਖਾ ਚਿੱਤਰ ਪਾਠਕਾਂ ਦੀ ਨਜ਼ਰ ਹੈ। -ਸੰਪਾਦਕ

ਬਲਵੰਤ ਗਾਰਗੀ
ਬਾਵਾ ਬਲਵੰਤ ਦੇ ਨਾਂ ਤੋਂ ਇਉਂ ਜਾਪਦਾ ਹੈ, ਜਿਵੇਂ ਡਾਕੂ ਬੰਤਾ ਸਿੰਘ ਕਈ ਸਾਲ ਡਾਕੇ ਮਾਰ ਕੇ ਸਾਧ ਹੋ ਗਿਆ ਹੋਵੇ।
ਪਰ ਉਸ ਨੂੰ ਮਿਲੋ: ਦਾੜ੍ਹੀ ਸਫ਼ਾ ਚੱਟ, ਮੁੰਨੀਆਂ ਹੋਈਆਂ ਮੁੱਛਾਂ ਦੀ ਜਾਲੀਦਾਰ ਕਾਤਰ, ਸਾਫ਼ ਬਿਸਕੁਟੀ ਦੰਦ, ਚੌੜਾ ਮੱਥਾ, ਚੋਪੜੇ ਹੋਏ ਵਾਲ, ਖੱਦਰ ਦਾ ਕੁਰਤਾ-ਪਜਾਮਾ ਅਤੇ ਗਲ ਵਿਚ ਗੁਲੂਬੰਦ। ਇਹ ਬਾਵਾ ਬਲਵੰਤ ਹੈ। ਕਿਸੇ ਕਚਹਿਰੀ ਦਾ ਮੁਨਸ਼ੀ ਜਾਪਦਾ ਹੈ। ਥੋੜ੍ਹੀ ਦੇਰ ਉਸ ਨਾਲ ਗੱਲਾਂ ਕਰੋ ਤਾਂ ਤੁਸੀਂ ਆਖੋਗੇ: ਨਹੀਂ, ਇਸ ਵਿਚ ਮੁਨਸ਼ੀਆਂ ਵਾਲਾ ਕੋਈ ਵਲ-ਛਲ ਨਹੀਂ। ਇਹ ਤਾਂ ਭਗਤ ਲੋਕ ਹੈ ਜਿਸ ਦਾ ਦੁਨੀਆਂ ਜਾਂ ਸਮਾਜ ਨਾਲ ਕੋਈ ਸਬੰਧ ਨਹੀਂ। ਥੋੜ੍ਹਾ ਚਿਰ ਹੋਰ ਗੱਲਾਂ ਕਰੋ ਤਾਂ ਤੁਸੀਂ ਚੌਂਕ ਪਉਗੇ ਕਿ ਇਹ ਤਾਂ ਬੜਾ ਇਨਕਲਾਬੀ ਸ਼ਾਇਰ ਹੈ-ਜੋਸ਼ ਨਾਲ ਭਰਿਆ ਹੋਇਆ, ਸਮਾਜ ਤੇ ਵਰਤਮਾਨ ਰਾਜ ਪ੍ਰਬੰਧ ਦਾ ਨੁਕਤਾਚੀਨ।
ਪਹਿਲੇ ਪਹਿਲ ਮੈਂ ਉਸ ਦਾ ਨਾਂ 1943 ਵਿਚ ਸੁਣਿਆ। ਉਸ ਦੀਆਂ ਪੁਸਤਕਾਂ Ḕਮਹਾਂ ਨਾਚḔ ਤੇ ḔਜਵਾਲਾਮੁਖੀḔ ਛਪ ਕੇ ਆਈਆਂ ਸਨ। ਮੇਰੇ ਉਤੇ ਬੜਾ ਪ੍ਰਭਾਵ ਪਿਆ। ਉਸ ਪਿਛੋਂ ਮੈਂ ਉਸ ਦੀਆਂ ਟਾਵੀਆਂ-ਟਾਵੀਆਂ ਗੱਲਾਂ ਸੁਣੀਆਂ, ਪਰ ਮਿਲਿਆ ਕਦੇ ਵੀ ਨਾ। ਦਿੱਲੀ ਆ ਕੇ ਵੀ ਜਿਥੇ ਬਾਕੀ ਸਾਹਿਤਕਾਰਾਂ ਨਾਲ ਦੋਸਤੀਆਂ ਅਤੇ ਦੁਸ਼ਮਣੀਆਂ ਬੱਝੀਆਂ, ਬਾਵਾ ਜੀ ਇਸ ਤੋਂ ਬਚੇ ਰਹੇ।
ਕਈ ਵਾਰ ਮੈਂ ਹੈਰਾਨ ਹੁੰਦਾ ਕਿ ਬਾਵਾ ਬਲਵੰਤ ਗੁਜ਼ਾਰਾ ਕਿਵੇਂ ਕਰਦਾ ਹੈ? ਕੌਣ ਇਸ ਨੂੰ ਪੈਸੇ ਦਿੰਦਾ ਹੈ? ਇਸ ਦੀ ਆਮਦਨ ਕੀ ਹੈ? ਜਦੋਂ ਇਹ ਸ਼ਾਹਦਰੇ ਤੋਂ ਦਿੱਲੀ ਆਉਂਦਾ ਹੈ ਤਾਂ ਬੱਸ ਦਾ ਕਿਰਾਇਆ ਕਿਵੇਂ ਖਰਚਦਾ ਹੈ? ਇਕ ਦਿਨ ਇਕ ਦੋਸਤ ਨੂੰ ਪੁੱਛਿਆ, “ਬਾਵਾ ਜੀ ਦੀ ਆਮਦਨੀ ਕਿਤਨੀ ਕੁ ਹੈ?”
“ਕੁਝ ਨਹੀਂ।”
“ਖਰਚ ਕਿਤਨਾ ਹੈ।”
“ਕੁਝ ਨਹੀਂ।”
ਇਹ ਗੱਲ ਠੀਕ ਸੀ। ਬਾਵਾ ਜੀ ਦਾ ਰੋਕੜ ਤੇ ਖਾਤਾ ਮਿਲਦਾ ਸੀ। ਜਿਤਨੀ ਆਮਦਨੀ, ਉਤਨਾ ਹੀ ਖਰਚ। ਮੇਰੇ ਵਰਗੇ ਖਰਚ ਵਧਾ ਕੇ ਆਮਦਨ ਵਧਾਉਣ ਦਾ ਹੀਲਾ ਕਰਦੇ ਹਨ, ਪਰ ਬਾਵਾ ਜੀ ਨੇ ਖਰਚ ਘਟਾ ਕੇ ਆਮਦਨ ਘਟਾਉਣ ਦਾ ਜਤਨ ਕੀਤਾ।
ਉਹ ਜਮਨਾ ਪਾਰ ਰਹਿੰਦੇ ਹਨ। ਮਰਘਟ ਤੇ ਰੇਤੇ ਦੇ ਤਟ ‘ਤੇ ਰੂੜੀਆਂ ਤੇ ਬਸਤੀਆਂ ਲੰਘ ਕੇ ਉਨ੍ਹਾਂ ਦਾ ਡੇਰਾ ਆਉਂਦਾ ਹੈ। ਪਹਿਲਾਂ ਬਾਵਾ ਜੀ ਦੋ ਛੜਿਆਂ ਕੋਲ ਰਹਿੰਦੇ ਸਨ, ਜਿਨ੍ਹਾਂ ਵਿਚੋਂ ਇਕ ਸੰਪਾਦਕ ਹੈ ਅਤੇ ਦੂਜਾ ਨਿੱਕਾ ਜਿਹਾ ਕਵੀ। ਜਿਥੇ ਵੀ ਉਹ ਪਰਵੇਸ਼ ਕਰਦੇ ਹਨ, ਉਹ ਅਸਥਾਨ ਛੜਿਆਂ ਦਾ ਡੇਰਾ ਬਣ ਜਾਂਦਾ ਹੈ। ਉਂਜ ਉਹ ਭਾਵੇਂ ਕੱਟੜ ਨਾਸਤਕ ਹਨ, ਪਰ ਸਰੀਰਕ ਤੌਰ ‘ਤੇ ਬਜਰੰਗ ਬਲੀ ਦੇ ਭਗਤ ਹਨ। ਉਨ੍ਹਾਂ ਦੇ ਸਾਥੀਆਂ ਤੇ ਚੇਲਿਆਂ-ਚਾਟੜਿਆਂ ਉਤੇ ਉਨ੍ਹਾਂ ਦੇ ਬ੍ਰਹਮਚਾਰੀਆ ਬਲ ਦਾ ਬੜਾ ਪ੍ਰਭਾਵ ਹੈ।
ਬਾਵਾ ਲੰਗੋਟ ਦਾ ਪੱਕਾ ਹੈ, ਜਤੀ-ਸਤੀ। ਉਸ ਨੇ ਸਾਰੀ ਉਮਰ ਵਿਆਹ ਨਹੀਂ ਕੀਤਾ। ਸੁਣਿਆ ਹੈ, ਇਕ ਵਾਰ ਉਸ ਦਾ ਵਿਆਹ ਹੋ ਵੀ ਗਿਆ ਸੀ, ਪਰ ਉਹ ਬਚ ਗਿਆ। ਕਿਸੇ ਪਹਿਲਵਾਨ ਦੀ ਭਤੀਜੀ ਨਾਲ ਉਸ ਦੀ ਮੰਗਣੀ ਕੀਤੀ ਗਈ ਤੇ ਫੇਰੇ ਪੜ੍ਹੇ ਗਏ, ਪਰ ਉਸ ਪਿਛੋਂ ਫੌਰਨ ਹੀ ਬਾਵਾ ਰੂਪੋਸ਼ ਹੋ ਗਿਆ, ਜਿਵੇਂ ਉਸ ਨੇ ਕੋਈ ਖੂਨ ਕੀਤਾ ਹੋਵੇ। ਕੁੜੀ ਵਾਲਿਆਂ ਨੇ ਪੁਲਿਸ ਦੀ ਮਦਦ ਲੀਤੀ ਕਿ ਉਹ ਕਿਸੇ ਤਰ੍ਹਾਂ ਉਸ ਨੂੰ ਢੂੰਡ ਸਕਣ, ਪਰ ਉਹ ਹੱਥ ਨਾ ਆਇਆ।
ਬਾਵਾ ਪਰਲੇ ਦਰਜੇ ਦਾ ਭਗੌੜਾ ਹੈ। ਉਹ ਤੀਵੀਂ ਤੋਂ, ਤਾਰੀਫ਼ ਤੋਂ, ਸਿਗਰਟ ਤੋਂ, ਸਨਮਾਨ ਤੋਂ ਦੌੜਦਾ ਹੈ। ਇਕ-ਦੋ ਵਾਰ ਉਸ ਨੂੰ ਜ਼ਬਰਦਸਤੀ ਫੜ ਕੇ ਉਸ ਦਾ ਸਨਮਾਨ ਕੀਤਾ ਗਿਆ ਅਤੇ ਬਾਵੇ ਦੀ ਹਾਲਤ ਵਿਆਹ ਕਰਵਾਉਣ ਤੋਂ ਵੀ ਭੈੜੀ ਸੀ। ਉਸ ਦੇ ਯਾਰ-ਦੋਸਤ ਖੁਸ਼ ਸਨ, ਪਰ ਉਹ ਗਮ ਵਿਚ ਡੁੱਬਿਆ ਹੋਇਆ ਸੀ। ਬਰਾਤੀ ਹੱਸ ਰਹੇ ਸਨ, ਲਾੜਾ ਰੋ ਰਿਹਾ ਸੀ।
ਜੇ ਤੁਸੀਂ ਬਾਵੇ ਨੂੰ ਮੋਟਰ ਵਿਚ ਬਿਠਾ ਕੇ ਕਿਸੇ ਥਾਂ ਲਿਜਾ ਰਹੇ ਹੋਵੇ ਜਿਥੇ ਉਸ ਦਾ ਸਨਮਾਨ ਹੋਣਾ ਹੋਵੇ, ਤਾਂ ਨਾਲ ਪੁਲਿਸ ਦੇ ਦੋ ਸਿਪਾਹੀ ਵੀ ਲੈ ਜਾਵੋ। ਇਹ ਬਿਲਕੁਲ ਮੁਮਕਿਨ ਹੈ ਕਿ ਰਸਤੇ ਵਿਚ ਬਾਵਾ ਮੋਟਰ ਰੋਕ ਕੇ ਪਿਸ਼ਾਬ ਕਰਨ ਲਈ ਉਤਰੇ, ਤੇ ਦੌੜ ਜਾਏ।
ਇਕ ਵਾਰ ਪੰਜਾਬ ਦੇ ਭਾਸ਼ਾ ਵਿਭਾਗ ਨੇ ਬਾਵਾ ਜੀ ਦਾ ਸਨਮਾਨ ਰਚਾਇਆ। ਇਸ ਲਈ ਉਨ੍ਹਾਂ ਨੂੰ ਪਟਿਆਲੇ ਜਾਂ ਚੰਡੀਗੜ੍ਹ ਜਾਣਾ ਪੈਣਾ ਸੀ। ਆਦਤ ਅਨੁਸਾਰ ਉਹ ਨਾ ਗਏ। ਸਰਕਾਰੀ ਫੈਸਲਾ ਸੀ, ਇਸ ਲਈ ਗਿਆਰਾਂ ਸੌ ਰੁਪਏ ਦੀ ਥੈਲੀ (ਜਾਂ ਚੈੱਕ) ਉਨ੍ਹਾਂ ਦੇ ਘਰ ਸ਼ਾਹਦਰੇ ਆ ਗਈ। ਇਤਨਾ ਰੁਪਿਆ ਪਹਿਲੀ ਵਾਰ ਇਕੱਠਾ ਆਇਆ। ਸਾਰੇ ਯਾਰਾਂ-ਦੋਸਤਾਂ ਨੂੰ ਫਿਕਰ ਪਿਆ ਕਿ ਇਸ ਰੁਪਏ ਦੀ ਪੂਰੀ ਤਰ੍ਹਾਂ ਦੇਖ-ਭਾਲ ਕੀਤੀ ਜਾਵੇ ਤੇ ਬਾਵਾ ਜੀ ਨੂੰ ਹੁਣ ਚੰਗਾ ਘਰ ਵੀ ਲੈ ਦਿੱਤਾ ਜਾਵੇ ਤਾਂ ਕਿ ਉਹ ਆਪਣਾ ਸਮਾਂ ਲਿਖਣ-ਪੜ੍ਹਨ ਤੇ ਕਵਿਤਾ ਰਚਣ ਵਿਚ ਗੁਜ਼ਾਰਨ। ਭਾਪਾ ਪ੍ਰੀਤਮ ਸਿੰਘ, ਪਿਆਰਾ ਸਿੰਘ ਦਾਤਾ, ਸਵਰਨ, ਕ੍ਰਿਪਾਲ ਸਿੰਘ ਆਜ਼ਾਦ ਅਤੇ ਹੋਰ ਬਹੁਤ ਸਾਰੇ ਸਾਹਿਤਕਾਰ ਇਸ ਉਤਸਵ ਉਤੇ ਇਕੱਠੇ ਹੋਏ। ਸਭਨਾਂ ਨੇ ਸਲਾਹ ਪਕਾਈ ਕਿ ਇਸ ਸ਼ੁਭ ਅਵਸਰ ਉਤੇ ਲਗਦੇ ਹੱਥ ਬਾਵਾ ਜੀ ਲਈ ਜਨਤਾ ਵੱਲੋਂ ਵੀ ਗਿਆਰਾਂ ਸੌ ਰੁਪਏ ਦੀ ਥੈਲੀ ਪੇਸ਼ ਹੋ ਜਾਵੇ। ਸਵਰਨ ਤੇ ਕ੍ਰਿਪਾਲ ਸਿੰਘ ਆਜ਼ਾਦ ਗੁਆਂਢੀਆਂ ਤੋਂ ਕੌਲੀਆਂ ਤੇ ਚਾਂਦਨੀਆਂ ਇਕੱਠੀਆਂ ਕਰਦੇ ਫਿਰਦੇ ਸਨ।
ਬਾਵਾ ਜੀ ਨੇ ਆਖਿਆ, “ਛੱਡੋ ਜੀ, ਏਸ ਗੇੜ ਵਿਚ ਨਾ ਪਉ। ਕੀ ਲੋੜ ਹੈ ਇਸ ਦੀ।”
ਦੋਸਤਾਂ ਆਖਿਆ, “ਜੀ ਰੁਪਏ ਦੀ ਤਾਂ ਲੋੜ ਹੈ ਹੀ। ਅਸੀਂ ਚਾਹੁੰਦੇ ਹਾਂ ਕਿæææ।”
ਬਾਵਾ ਜੀ ਨੇ ਗੱਲ ਟੁੱਕ ਕੇ ਆਖਿਆ, “ਆਪੇ ਕੋਈ ਗੇੜ ਹੋ ਜਾਊ। ਰਹਿਣ ਦਿਓ ਤੁਸੀਂ ਇਸ ਖੇਚਲ ਨੂੰ।”
ਦੋਸਤਾਂ ਨੇ ਜ਼ਿੱਦ ਕੀਤੀ, ਬਾਵਾ ਜੀ ਨੇ ਅੜੀ ਕੀਤੀ। ਫਿਰ ਸਭ ਨੂੰ ਇਹ ਖਿਆਲ ਹੋ ਗਿਆ, ਕਿਤੇ ਬਾਵਾ ਜੀ ਦੌੜ ਨਾ ਜਾਣ। ਇਸ ਲਈ ਸਭ ਚੁਕੰਨੇ ਹੋ ਗਏ ਤੇ ਉਗਰਾਹੀ ਦਾ ਖਿਆਲ ਛੱਡ ਦਿੱਤਾ। ਸ਼ਾਮ ਨੂੰ ਦੋਸਤਾਂ ਨੇ ਜਸ਼ਨ ਕੀਤਾ। ਇਸ ਜਸ਼ਨ ਵਿਚ ਮਿੱਟੀ ਦੇ ਕਸੋਰਿਆਂ ਤੇ ਪੱਤਲਾਂ ਦੀ ਸਾਦਗੀ ਸੀ। ਇਉਂ ਲਗਦਾ ਸੀ ਜਿਵੇਂ ਸਾਧਾਂ ਦੀ ਜੰਞ ਹੋਵੇ। ਸਭ ਕੁਝ ਸਾਦਾ-ਸਾਦਾ, ਮੋਟਾ-ਮੋਟਾ ਤੇ ਕੋਰਾ-ਕੋਰਾ ਸੀ। ਦੋਸਤ ਰੰਗੀਨੀ ਚਾਹੁੰਦੇ ਸਨ, ਪਰ ਬਾਵਾ ਜੀ ਦੀ ਸ਼ਖ਼ਸੀਅਤ ਕਰ ਕੇ ਸਾਰੇ ਸਾਦਗੀ ਦਾ ਰੂਪ ਬਣੇ ਹੋਏ ਸਨ।
ਸਭਨਾਂ ਨੇ ਸਰਕਾਰ ਵੱਲੋਂ ਆਈ 1100 ਰੁਪਏ ਦੀ ਥੈਲੀ ਨੂੰ ਸਾਂਭ ਕੇ ਰੱਖਣ ਦੀ ਚਿਤਾਵਨੀ ਕੀਤੀ। ਜਿਥੇ ਬਾਵਾ ਜੀ ਰਹਿੰਦੇ ਸਨ, ਉਹ ਥਾਂ ਤਾਂ ਖੁੱਲ੍ਹੇ ਟਰੰਕ ਵਾਂਗ ਸੀ। ਇਥੇ ਕੀ ਹਿਫ਼ਾਜ਼ਤ ਹੋ ਸਕਦੀ ਸੀ? ਸਲਾਹ ਕਰ ਕੇ ਬਾਵਾ ਜੀ ਨੂੰ ਆਖਿਆ ਗਿਆ ਕਿ ਉਹ ਕਿਸੇ ਬੈਂਕ ਵਿਚ ਆਪਣਾ ਖਾਤਾ ਖੁਲ੍ਹਵਾਉਣ। ਕਈ ਦਿਨਾਂ ਤੀਕ ਬੈਂਕਾਂ ਦੀ ਪੜਤਾਲ ਹੁੰਦੀ ਰਹੀ। ਅੰਗਰੇਜ਼ਾਂ ਦਾ ਵੱਡਾ ਬੈਂਕ ਠੀਕ ਨਹੀਂ ਸੀ, ਕਿਉਂਕਿ ਸਾਮਰਾਜੀ ਤਾਕਤ ਟੁੱਟ ਰਹੀ ਸੀ। ਇਹ ਬੈਂਕ ਕਿਸੇ ਦਿਨ ਵੀ ਫੇਲ੍ਹ ਹੋ ਸਕਦਾ ਸੀ। ਪੰਜਾਬ ਨੈਸ਼ਨਲ ਬੈਂਕ ਵੀ ਬਾਵਾ ਜੀ ਨੇ ਰੱਦ ਕਰ ਦਿੱਤਾ ਕਿਉਂਕਿ ਇਸ ਵਿਚ ਬਹੁਤਾ ਕਰ ਕੇ ਮੋਟੇ-ਮੋਟੇ ਸਰਮਾਇਦਾਰਾਂ ਦਾ ਰੁਪਿਆ ਸੀ। ਸਰਕਾਰ ਦੇ ਬੈਂਕ ਵੀ ਔਖੇ ਸਨ।
ਬਾਵਾ ਜੀ ਕਈ ਦਿਨ ਸੋਚਦੇ ਰਹੇ। ਕਿਹੜਾ ਬੈਂਕ ਹੈ ਜਿਸ ਦਾ ਭਵਿੱਖ ਮਜ਼ਬੂਤ ਅਤੇ ਸਥਾਈ ਹੋਵੇ?
ਆਖਿਰ ਬਹੁਤ ਛਾਣ-ਬੀਣ ਕਰ ਕੇ ਉਨ੍ਹਾਂ ਨੇ ਕੇਰਲਾ ਦੇ ਪਲਾਈ ਬੈਂਕ ਵਿਚ ਆਪਣਾ ਸਾਰਾ ਰੁਪਿਆ ਜਮ੍ਹਾਂ ਕਰਵਾ ਦਿੱਤਾ। ਕੇਰਲਾ ਨਾਲ ਬਾਵਾ ਜੀ ਦਾ ਜਜ਼ਬਾਤੀ ਸਬੰਧ ਵੀ ਸੀ। ਇਹ ਜਜ਼ਬਾ ਉਨ੍ਹਾਂ ਦੀ ਰਾਜਸੀ ਤੇ ਸਮਾਜਕ ਪ੍ਰਵਿਰਤੀਆਂ ਤੋਂ ਉਤਪੰਨ ਹੋਇਆ ਸੀ। ਉਨ੍ਹਾਂ ਨੂੰ ਕੇਰਲਾ ਦੀ ਹਰ ਚੀਜ਼ ਪਸੰਦ ਸੀ-ਹਕੂਮਤ, ਨਾਚ, ਲੋਕ।
ਇਕ ਦਿਨ ਬਾਵਾ ਜੀ ਸਵੇਰੇ ਸਵੇਰੇ ਮੰਜਨ ਕਰ ਕੇ ਜਦੋਂ ਹਲਵਾਈ ਦੀ ਦੁਕਾਨ ਉਤੇ ਚਾਹ ਪੀਣ ਗਏ ਤਾਂ ਉਨ੍ਹਾਂ ਨੇ ਅਖਬਾਰ ਪੜ੍ਹਿਆ। ਪਹਿਲੇ ਸਫ਼ੇ ਉਤੇ ਵੱਡੀ ਸਾਰੀ ਸੁਰਖੀ ਸੀ: Ḕਪਲਾਈ ਬੈਂਕ ਫੇਲ੍ਹ ਹੋ ਗਿਆḔ। ਬਾਵਾ ਜੀ ਨੇ ਇਹ ਖਬਰ ਪੜ੍ਹ ਕੇ ਬੜੇ ਇਤਮਿਨਾਨ ਨਾਲ ਚਾਹ ਦਾ ਘੁੱਟ ਭਰਿਆ ਅਤੇ ਬੜੀ ਦਿਲਚਸਪੀ ਨਾਲ ਅਕਾਲੀ ਮੋਰਚੇ ਦਾ ਹਾਲ ਪੜ੍ਹਨ ਲੱਗੇ। ਇਸ ਪਿਛੋਂ ਉਨ੍ਹਾਂ ਨੇ ਮੰਡੀਆਂ ਦੇ ਭਾਅ, ਨੌਜਵਾਨ ਕੁੜੀ ਦਾ ਕਤਲ, ਸ਼ਾਹਦਰੇ ਵਿਚ ਬਾਲਟੀਆਂ ਬਣਾਉਣ ਵਾਲੀ ਫੈਕਟਰੀ ਦੇ ਮਜ਼ਦੂਰਾਂ ਦੀ ਹੜਤਾਲ ਅਤੇ ਰੂਸੀ ਸਪੂਤਨਿਕ ਦੀਆਂ ਖਬਰਾਂ ਪੜ੍ਹੀਆਂ। ਬੈਂਕ ਦੇ ਟੁੱਟ ਜਾਣ ਉਤੇ ਉਨ੍ਹਾਂ ਦੀ ਸ਼ਕਲ, ਉਨ੍ਹਾਂ ਦੀ ਰਫ਼ਤਾਰ ਅਤੇ ਉਨ੍ਹਾਂ ਦੀ ਗੱਲਬਾਤ ਵਿਚ ਕੋਈ ਫਰਕ ਨਾ ਪਿਆ। ਉਨ੍ਹਾਂ ਨੇ ਵਾਪਸ ਆ ਕੇ ਨਿੱਤ ਵਾਂਗ ਉਸੇ ਤਰ੍ਹਾਂ ਮਾਲਿਸ਼ ਕੀਤੀ, ਸ਼ੀਸ਼ ਆਸਣ ਲਾਇਆ, ਮੁੱਛਾਂ ਮੁੰਨੀਆਂ, ਅਸ਼ਨਾਨ ਕੀਤਾ ਅਤੇ ਸਿਰ ਦੇ ਵਾਲਾਂ ਦੇ ਕੁੰਡਲ ਬਣਾਏ। ਨਿੱਤ ਵਾਂਗ ਚਾਰ ਵਜੇ ਆਪਣੀ ਕਾਲੀ ਛਤਰੀ ਖੋਲ੍ਹੀ ਤੇ ਦਿੱਲੀ ਵੱਲ ਤੁਰ ਪਏ ਜਿਥੇ ਉਨ੍ਹਾਂ ਨੇ ਯਾਰਾਂ-ਦੋਸਤਾਂ ਨੂੰ ਮਿਲਣਾ ਹੁੰਦਾ ਹੈ।
ਕਈ ਮਹੀਨਿਆਂ ਪਿੱਛੋਂ ਇਸ ਗੱਲ ਦੀ ਰਤਾ ਕੁ ਭਾਫ਼ ਨਿਕਲੀ ਕਿ ਬੈਂਕ ਦੇ ਫੇਲ੍ਹ ਹੋਣ ਉਤੇ ਉਨ੍ਹਾਂ ਦਾ ਸਾਰਾ ਰੁਪਿਆ ਜਾਂਦਾ ਰਿਹਾ। ਦੋਸਤਾਂ ਨੇ ਜਦ ਪੁੱਛਿਆ ਤਾਂ ਉਨ੍ਹਾਂ ਨੇ ਸਿਰਫ਼ ਇਹੋ ਆਖਿਆ, “ਬਈ ਉਹਦਾ ਤਾਂ ਚਿਰੋਕਣਾ ਗੇੜ ਹੋ ਗਿਆ।”
ਬਾਵਾ ਇਕੋ ਸ਼ਬਦ ਵਿਚੋਂ ਕਈ ਅਰਥ ਕਢਣ ਦਾ ਧਨੀ ਹੈ। ਜਿਵੇਂ ਸਫੈਦ ਰੰਗ ਵਿਚ ਸੱਤੇ ਰੰਗ ਸੁੱਤੇ ਰਹਿੰਦੇ ਹਨ, ਇਸੇ ਤਰ੍ਹਾਂ ਬਾਵੇ ਦੇ ਇਕੋ ਸ਼ਬਦ Ḕਗੇੜ’ ਵਿਚ ਕਈ ਅਰਥ ਲੁਕੇ ਹੁੰਦੇ ਹਨ। ਬਾਵਾ ਜੀ ਕੋਈ ਕਵਿਤਾ ਲਿਖ ਲੈਣ ਜਾਂ ਉਨ੍ਹਾਂ ਦੀ ਛਤਰੀ ਖੋਈ ਜਾਵੇ ਜਾਂ ਰਾਤ ਨੂੰ ਮੱਛਰ ਕਟ ਜਾਵੇ-ਤਿੰਨਾਂ ਕੰਮਾਂ ਨੂੰ ਇਕੋ ਸ਼ਬਦਾਂ Ḕਗੇੜ’ ਨਾਲ ਭੁਗਤਾ ਦਿੰਦੇ ਹਨ।
ਬਾਵਾ ਅਨਪੜ੍ਹ ਹੋਣ ਉਤੇ ਵੀ ਪੜ੍ਹਿਆ-ਲਿਖਿਆ ਹੈ, ਜਿਵੇਂ ਕਈ ਪੜ੍ਹੇ-ਲਿਖੇ ਹੋਣ ਉਤੇ ਵੀ ਅਨਪੜ੍ਹ ਰਹਿ ਜਾਂਦੇ ਹਨ। ਉਹ ਕਿਸ ਵੇਲੇ ਪੜ੍ਹਦਾ ਹੈ, ਕਿਥੋਂ ਪੜ੍ਹਦਾ ਹੈ, ਇਸ ਦਾ ਘਟ ਹੀ ਲੋਕਾਂ ਨੂੰ ਪਤਾ ਹੈ। ਉਸ ਦੇ ਨਾਲ ਰਹਿਣ ਵਾਲੇ ਵੀ ਇਹ ਰਾਜ਼ ਨਹੀਂ ਜਾਣਦੇ। ਤੁਸੀਂ ਉਸ ਨਾਲ ਗੱਲ ਕਰੋ ਤਾਂ ਉਹ ਪਿਕਾਸੋ ਦੇ ਪਹਿਲੇ ਪੱਖ ਦੀ ਚਿਤਰਕਲਾ ਜੋ ਗੁਲਾਬੀ ਅਤੇ ਨੀਲੇ ਕਾਲ ਵਿਚ ਵੰਡਿਆ ਗਿਆ ਹੈ, ਦਾ ਤੱਤ ਦੱਸੇਗਾ; ਇਟਲੀ ਦੇ ਚਿਤਰਕਾਰ ਮਦੁਗੁਲਿਆਨੀ ਦੀਆਂ ਲੰਮੀ ਗਰਦਨ ਵਾਲੀਆਂ ਸੁੰਦਰੀਆਂ ਨੂੰ ਸਲਾਹੇਗਾ ਅਤ ਫੇਰ ਇਕਦਮ ਫਰਾਂਸ ਦੇ ਨਾਵਲਿਸਟ ਐਲਬਰਟ ਕਾਮੂ ਦੀ ਕੋਈ ਸਤਰ ਸੁਣਾ ਦੇਵੇਗਾ। ਇਸ ਦੇ ਨਾਲ-ਨਾਲ ਉਸ ਨੂੰ ਦਿੱਲੀ ਵਿਚ ਇੱਟਾਂ ਦੇ ਭਾਅ ਦਾ ਵੀ ਪਤਾ ਹੋਵੇਗਾ। ਉਹ ਤੁਰਕਮਾਨ ਗੇਟ ਵਿਚ ਰਹਿੰਦੇ ਕਲੀਗਰਾਂ ਅਤੇ ਰਜ਼ਾਈਆਂ ਦੇ ਚੰਦੇ ਠੋਕਣ ਵਾਲਿਆਂ ਦੀਆਂ ਤਫ਼ਸੀਲਾਂ ਵੀ ਦੇਵੇਗਾ। ਨਾਲ ਹੀ ਤੁਹਾਨੂੰ ਚਾਂਦਨੀ ਚੌਕ ਵਿਚ ਚੰਗੀਆਂ ਜਲੇਬੀਆਂ ਤਲਣ ਵਾਲੇ ਦਾ ਵੀ ਪਤਾ ਦੱਸੇਗਾ।
ਉਹ ਜ਼ਿੰਦਗੀ ਨੂੰ ਫੱਕਰਾਂ ਵਾਂਗ ਤੱਕਦਾ ਹੈ ਜਿਸ ਵਿਚ ਜ਼ਿੰਦਾ ਰਹਿਣ ਦਾ ਜਜ਼ਬਾ ਅਤੇ ਨਿਰਲੇਪਤਾ ਹੁੰਦੀ ਹੈ। ਉਹ ਹਰ ਦੋਸਤ ਦੀ ਆਓ-ਭਗਤ ਕਰਦਾ ਹੈ, ਉਸ ਨੂੰ ਚਾਹ ਪਿਲਾਉਂਦਾ ਹੈ ਅਤੇ ਇਹ ਸਭ ਕੁਝ ਇਉਂ ਹੁੰਦਾ ਹੈ ਜਿਵੇਂ ਉਹ ਅਸੀਸ ਦੇ ਰਿਹਾ ਹੋਵੇ।
ਮੈਂ ਜਦੋਂ ਵੀ ਉਸ ਨੂੰ ਮਿਲਿਆ, ਹਮੇਸ਼ਾ ਦੂਜਿਆਂ ਨਾਲ। ਕਦੇ ਟੀ ਹਾਊਸ ਵਿਚ, ਕਦੇ ਨਵਯੁਗ ਪ੍ਰੈਸ, ਕਦੇ ਕਿਸੇ ਪ੍ਰਦਰਸ਼ਨੀ ਵਿਚ। ਬਾਵਾ ਜੀ ਨੇ ਜੇ ਘੁਟ ਕੇ ਮੇਰੇ ਨਾਲ ਹੱਥ ਮਿਲਾਇਆ ਜਾਂ ਜੱਫ਼ੀ ਪਾਈ ਤਾਂ ਇਹ ਦੋਵੇਂ ਚੀਜ਼ਾਂ ਆਪਣੇ ਆਪ ਵਿਚ ਮੁਕੰਮਲ ਸਨ। ਹੱਥ ਮਿਲਾਉਣਾ ਕਿਸੇ ਗੱਲਬਾਤ ਦੀ ਭੂਮਿਕਾ ਨਹੀਂ ਸੀ, ਸਗੋਂ ਨਿੱਕੀ ਕਹਾਣੀ ਸੀ। ਹੱਥ ਮਿਲਾਇਆ ਤੇ ਗੱਲ ਖਤਮ। ਥੋੜ੍ਹੀ-ਥੋੜ੍ਹੀ ਤੇ ਮੁਖਤਸਿਰ ਮੁਲਾਕਾਤ।
ਮੈਂ ਉਨ੍ਹਾਂ ਨੂੰ ਹਮੇਸ਼ਾ ਦੂਰੋਂ-ਦੂਰੋਂ ਤੱਕਿਆ ਤੇ ਦੂਰੋਂ ਪੜ੍ਹਿਆ। ਬਾਵਾ ਜੀ ਦਾ ਪਾਤਰ ਮੇਰੇ ਲਈ ਹਮੇਸ਼ਾ ਮਿੱਲ ਦੇ ਘੁੱਗੂ ਵਾਂਗ ਰਿਹਾ ਹੈ।
ਇਕ ਦਿਨ ਬਾਵਾ ਜੀ ਮੈਨੂੰ ਟੀ ਹਾਊਸ ਮਿਲ ਗਏ। ਉਨ੍ਹਾਂ ਆਪਣੀ ਉਸੇ ਬਿਸਕੁਟੀ ਮੁਸਕਰਾਹਟ ਨਾਲ ਮੇਰਾ ਸੁਆਗਤ ਕੀਤਾ ਅਤੇ ਹੱਥ ਮਿਲਾਇਆ। ਜਦ ਮੈਂ ਇਹ ਆਖਿਆ ਕਿ ਮੈਂ ਕਿਸੇ ਦਿਨ ਉਨ੍ਹਾਂ ਦੇ ਘਰ ਆਵਾਂਗਾ ਤਾਂ ਆਖਣ ਲੱਗੇ, “ਬਹੁਤ ਦੂਰ ਏ ਮੇਰਾ ਘਰ। ਬਹੁਤ ਤਕਲੀਫ਼ ਹੋਵੇਗੀ। ਅਸੀਂæææਇੱਥੇ ਹੀ ਕਿਤੇ ਮਿਲ ਲਵਾਂਗੇ। ਮੇਰਾ ਘਰ ਬਹੁਤ ਛੋਟਾ ਹੈæææਬੱਸ ਬਹੁਤ ਹੀ ਛੋਟਾ ਤੇ ਤੰਗ ਤੇ ਉਥੇæææਜੇ ਤੁਸੀਂ ਚਾਹੋ ਬਹੁਤ ਦੂਰ ਏ।”
ਮੈਂ ਆਖਿਆ, “ਜੇ ਦੂਰ ਐ ਤਾਂ ਕੀ ਹੋਇਆ। ਦਿੱਲੀ ਵਿਚ ਕੋਈ ਥਾਂ ਦੂਰ ਨਹੀਂ ਤੇ ਸਾਰੀਆਂ ਦੂਰ ਨੇ।” ਬਾਵਾ ਜੀ ਨੇ ਆਖਿਆ, “ਹੁਣ ਮੈਂ ਸ਼ਾਹਦਰੇ ਨਹੀਂ ਰਹਿੰਦਾ, ਕ੍ਰਿਸ਼ਨਾ ਨਗਰ ਚਲਾ ਗਿਆ ਹਾਂ। ਜਮਨਾ ਦਾ ਪੁਲ ਪਾਰ ਕਰ ਕੇ, ਗਾਂਧੀ ਨਗਰ ਤੇ ਕਈ ਬਸਤੀਆਂ ਲੰਘ ਕੇ ਮੇਰਾ ਘਰ ਆਉਂਦਾ ਹੈ। ਤੁਸੀਂ ਨਾ ਆਉਣਾ। ਮੈਂ ਹੀ ਆ ਜਾਵਾਂਗਾ। ਇੱਥੇ ਟੀ ਟਾਊਸ ਵਿਚ। ਕੱਲ੍ਹ ਚਾਰ ਵਜੇ। ਠੀਕ ਹੈ?”
ਮੈਂ ਆਖਿਆ, “ਅੱਛਾ।”
ਦੂਜੇ ਦਿਨ ਮੈਂ ਪੂਰੇ ਚਾਰ ਵਜੇ ਟੀ ਹਾਊਸ ਪੁੱਜਾ। ਬਾਹਰ ਲੂ ਚੱਲ ਰਹੀ ਸੀ। ਮੈਂ ਭਾਵੇਂ ਆਪਣੇ ਘਰ ਤੋਂ ਦਸ ਕਦਮ ਚੱਲ ਕੇ ਹੀ ਆਇਆ ਸਾਂ, ਪਰ ਗਰਮੀ ਨਾਲ ਮੇਰਾ ਸਿਰ ਘੁੰਮ ਰਿਹਾ ਸੀ। ਟੀ ਹਾਊਸ ਵਿਚ ਮੈਂ ਸਾਰੇ ਨਜ਼ਰ ਮਾਰੀ। ਇਕ ਚੱਕਰ ਲਾਇਆ, ਹਰ ਇਕ ਮੇਜ਼ ਦੇਖਿਆ, ਪਰ ਬਾਵਾ ਜੀ ਕਿਤੇ ਨਾ ਦਿਸੇ।
ਮੈਂ ਪਰੇਸ਼ਾਨ ਖੜ੍ਹਾ ਸਾਂ ਕਿ ਬਾਵਾ ਜੀ ਖੂੰਜੇ ਵਾਲੀ ਮੇਜ਼ ਦੁਆਲੇ ਇਕੱਲੇ ਬੈਠੇ ਨਜ਼ਰ ਆਏ। ਉਨ੍ਹਾਂ ਦੇ ਚਿਹਰੇ ਉਤੇ ਘਬਰਾਹਟ ਸੀ। ਉਹ ਹੱਥ ਵਿਚ ਆਪਣੀ ਛਤਰੀ ਘੁਟ ਕੇ ਫੜੀ ਬੈਠੇ ਸਨ। ਮੈਂ ਉਨ੍ਹਾਂ ਵੱਲ ਵਧਿਆ।
ਉਨ੍ਹਾਂ ਅਖਿਆ, “ਬੈਠੋ। ਅੱਜ ਮੇਰੀ ਤਬੀਅਤ ਬਹੁਤ ਖਰਾਬ ਸੀ। ਕੁਝ ਬੁਖਾਰ ਜਿਹਾ ਸੀ। ਬੱਸ ਇਹੋ ਆਖਣ ਆਇਆ ਹਾਂ ਕਿ ਮੁਲਾਕਾਤ ਕਿਸੇ ਹੋਰ ਦਿਨ ਰੱਖੀਏ।”
ਮੈਂ ਪੁੱਛਿਆ, “ਹੁਣ ਕਿਥੋਂ ਆਏ ਹੋ?”
“ਘਰੋਂ। ਸੋਚਿਆ ਤੁਸੀਂ ਇੰਤਜ਼ਾਰ ਕਰੋਗੇ। ਤੁਹਾਨੂੰ ਦੱਸਣ ਆਇਆ ਹਾਂ।”
ਉਨ੍ਹਾਂ ਦੇ ਚਿਹਰੇ ਉਤੇ ਘਬਰਾਹਟ ਸੀ। ਕੁਝ ਗਰਮੀ ਕਰ ਕੇ ਤੇ ਕੁਝ ਮੁਲਾਕਾਤ ਕਰ ਕੇ। ਉਹ ਮੁਲਾਕਾਤ ਕਰਨਾ ਵੀ ਚਾਹੁੰਦੇ ਸਨ ਤੇ ਨਹੀਂ ਵੀ। ਦੁਬਿਧਾ ਵਿਚ ਉਹ ਛਤਰੀ ਨੂੰ ਘੁਟ ਕੇ ਫੜੀ ਬੈਠੇ ਰਹੇ। ਇਹ ਨਹੀਂ ਸੀ ਪਤਾ ਲਗਦਾ ਕਿ ਹੁਣੇ ਆਏ ਹਨ ਕਿ ਉਨ੍ਹਾਂ ਨੇ ਹੁਣੇ ਜਾਣਾ ਹੈ।
ਮੈਂ ਆਖਿਆ, “ਤੁਸੀਂ ਕਿਉਂ ਤਕਲੀਫ਼ ਕੀਤੀ। ਬਹੁਤ ਕੜਾਕੇ ਦੀ ਧੁੱਪ ਹੈ। ਆਰਾਮ ਕਰਨਾ ਸੀ। ਇਤਨੀ ਦੂਰੋਂ ਆਏ, ਬੜੀ ਤਕਲੀਫ਼ ਹੋਈ।”
ਉਨ੍ਹਾਂ ਆਖਿਆ, “ਕੋਈ ਤਕਲੀਫ ਨਹੀਂ। ਜੇ ਨਾ ਆਉਂਦਾ ਤਾਂ ਤੁਹਾਨੂੰ ਤਕਲੀਫ ਹੁੰਦੀ। ਮੈਨੂੰ ਰਤਾ ਕੁ ਬੁਖਾਰ ਹੈ। ਮੈਂ ਹੁਣ ਘਰ ਜਾਵਾਂਗਾ। ਅਸੀਂ ਪਰਸੋਂ ਇਸੇ ਵੇਲੇ ਇੱਥੇ ਮਿਲਾਂਗੇ।”
ਮੈਂ ਆਖਿਆ, “ਪਰਸੋਂ ਤੁਸੀਂ ਨਾ ਆਉਣਾ, ਮੈਂ ਆਵਾਂਗਾ। ਆਪਣੇ ਘਰ ਦਾ ਪਤਾ ਦੱਸ ਦਿਓ, ਸਵੇਰੇ ਦਸ ਵਜੇ ਪਹੁੰਚ ਜਾਵਾਂਗਾ।”
ਮੇਰੇ ਬਹੁਤ ਜ਼ਿੱਦ ਕਰਨ ਉਤੇ ਉਨ੍ਹਾਂ ਨੇ ਮੇਰਾ ਆਉਣਾ ਸਵੀਕਾਰ ਕਰ ਲਿਆ। ਮੈਂ ਉਨ੍ਹਾਂ ਤੋਂ ਘਰ ਦਾ ਪੂਰਾ ਨਕਸ਼ਾ ਸਮਝ ਲਿਆ।
ਬਥੇਰੀ ਕੋਸ਼ਿਸ਼ ਕੀਤੀ ਕਿ ਨੀਅਤ ਦਿਨ ਦਸ ਵਜੇ ਪੁੱਜ ਜਾਵਾਂ, ਪਰ ਇਹ ਨਾ ਹੋਇਆ। ਪੂਰੇ ਬਾਰਾਂ ਵਜੇ ਸਿਖਰ ਦੁਪਹਿਰੇ ਪੁੱਜਿਆ। ਰਾਹ ਵਿਚ ਅੱਧਾ ਘੰਟਾ ਤਾਂ ਜਮਨਾ ਦੇ ਪੁਲ ਉਤੇ ਹੀ ਲੱਗ ਗਿਆ, ਜਿੱਥੇ ਖੱਲਾਂ ਦਾ ਭਰਿਆ ਟਰੱਕ ਤੇ ਲੱਕੜਾਂ ਦਾ ਗੱਡਾ ਅੜੇ ਖਲੋਤੇ ਸਨ। ਉਸ ਪਿਛੋਂ ਤਿੰਨ ਬਸਤੀਆਂ ਵਿਚ ਦੀ ਲੰਘਿਆ, ਜਿਥੇ ਮਧ ਸ਼੍ਰੇਣੀ ਦੇ ਭੀੜੇ ਗੰਦੇ ਘਰ ਸਨ। ਮੱਖੀਆਂ ਨਾਲ ਭਰੀਆਂ ਹਲਵਾਈਆਂ ਦੀਆਂ ਦੁਕਾਨਾਂ ਅਤੇ ਰੇੜ੍ਹਿਆਂ ਤੇ ਖੌਂਚੇ ਵਾਲਿਆਂ ਨਾਲ ਭਰੀਆਂ ਗਲੀਆਂ। ਇਹ ਗਾਂਧੀ ਨਗਰ ਸੀ। ਕ੍ਰਿਸ਼ਨਾ ਨਗਰ ਦੀ ਸਾਰੀ ਬਸਤੀ ਲੰਘੀ। ਬਸ ਦੇ ਅਖੀਰੀ ਅੱਡੇ ਕੋਲ ਹਲਵਾਈ ਦੀ ਦੁਕਾਨ ਤੋਂ ਪੁੱਛਦਾ ਪੁਛਾਉਂਦਾ ਮੈਂ ਅੱਗੇ ਤੁਰਿਆ। ਗੰਨਿਆਂ ਦੇ ਛਿਲੜਾਂ ਦੇ ਢੇਰ, ਲੀਰਾਂ ਦੇ ਲੋਗੜ ਤੇ ਕੂੜੇ ਦੀਆਂ ਰੂੜੀਆਂ ਸਨ, ਜਿਥੇ ਦੋ ਕੁ ਦਰਜਨ ਸੂਰ ਮੂੰਹ ਮਾਰਦੇ ਫਿਰਦੇ ਸਨ। ਇਸ ਨਜ਼ਾਰੇ ਪਿਛੋਂ ਬਾਵਾ ਜੀ ਦੀ ਮਿਆਨੀ ਆਉਂਦੀ ਹੈ- ਸ਼ੁੱਧ, ਸਾਫ਼-ਸੁਥਰੀ ਜਿਵੇਂ ਕਿਸੇ ਰਿਸ਼ੀ ਦੀ ਕੁਟੀਆ ਹੋਵੇ।
ਮੈਂ ਬਾਹਰੋਂ ਆਵਾਜ਼ ਦਿੱਤੀ। ਉਨ੍ਹਾਂ ਨੇ ਮਿਆਨੀ ਵਿਚੋਂ ਸਿਰ ਬਾਹਰ ਕੱਢਿਆ ਤੇ ਹੱਥ ਦਾ ਇਸ਼ਾਰਾ ਕਰ ਕੇ ਥੱਲੇ ਉਤਰ ਆਏ।
ਮੈਂ ਟੁੱਟੀਆਂ-ਫੁੱਟੀਆਂ ਇੱਟਾਂ ਦੀ ਪੌੜ੍ਹੀ ਚੜ੍ਹ ਕੇ ਉਨ੍ਹਾਂ ਦੇ ਨਾਲ ਮਿਆਨੀ ਵਿਚ ਦਾਖਲ ਹੋਇਆ।
ਮਿਆਨੀ ਬਹੁਤ ਛੋਟੀ ਸੀ। ਇਤਨੀ ਛੋਟੀ ਕਿ ਮੰਜੀ ਉਤੇ ਬੈਠੇ ਬਾਵਾ ਜੀ ਹੱਥ ਵਧਾ ਕੇ ਹਰ ਚੀਜ਼ ਫੜ ਸਕਦੇ ਸਨ। ਕੰਧ ਉਤੇ ਲਟਕਦਾ ਝੋਲਾ, ਖੂੰਜੇ ਪਈ ਪਾਣੀ ਦੀ ਸੁਰਾਹੀ, ਦੂਰ ਕਿੱਲੀ ਨਾਲ ਟੰਗੀ ਛਤਰੀ।
ਮੇਰੇ ਆਉਣ ਤੋਂ ਪਹਿਲਾਂ ਉਹ ਕੁਝ ਲਿਖ ਰਹੇ ਸਨ। ਮੰਜੀ ਉਤੇ ਇਕ ਸੰਦੂਕੜੀ ਪਈ ਸੀ, ਸੰਦੂਕੜੀ ਉਤੇ ਹਰੀ ਕੰਨੀ ਵਾਲੀ ਧੋਤੀ, ਧੋਤੀ ਉਤੇ ਖੱਦਰ ਦੀ ਜਿਲਦ ਵਾਲੀ ਮੋਟੀ ਕਾਪੀ, ਕਾਪੀ ਉਤੇ ਪੱਖੀ ਅਤੇ ਪੱਖੀ ਉਤੇ ਨਿੱਕਾ ਜਿਹਾ ਸੰਖ।
ਖੱਦਰ ਦੀਆਂ ਵਾਸਕਟਾਂ ਤੇ ਕਈ ਪ੍ਰਕਾਰ ਦੇ ਝੋਲੇ ਕੰਧ ਉਤੇ ਲਟਕ ਰਹੇ ਸਨ। ਛੱਤ ਦੇ ਨੇੜੇ ਕੰਧ ਉਤੇ ਲੱਕੜ ਦੀ ਵਧਵੀਂ ਫੱਟੀ ਜੜੀ ਹੋਈ ਸੀ ਜਿਸ ਉਤੇ ਤਰ੍ਹਾਂ-ਤਰ੍ਹਾਂ ਦੇ ਡੱਬੇ, ਨਿੱਕੀਆਂ ਬੋਤਲਾਂ, ਸੁਰਮੇਦਾਨੀਆਂ, ਮੰਜਨ, ਨਿੱਕਾ ਜਿਹਾ ਖਰਲ ਵੱਟਾ, ਭਾਂਤ-ਭਾਂਤ ਦੇ ਚੂਰਨ ਤੇ ਦਵਾਈਆਂ ਦੀਆਂ ਸ਼ੀਸ਼ੀਆਂ ਪਈਆਂ ਸਨ। ਮੰਜੀ ਦੇ ਪੈਂਦ ਵਲ ਖੂੰਜੇ ਵਿਚ ਕਿਤਾਬਾਂ ਦੀਆਂ ਗਠੜੀਆਂ, ਖੇਸ, ਕੰਬਲ ਤੇ ਰਸਾਲਿਆਂ, ਅਖਬਾਰਾਂ ਦੇ ਥੱਬੇ, ਇਕ ਪਾਸੇ ਸ਼ੇਰ ਦੇ ਮੂੰਹ ਵਾਲੀ ਮਿੱਟੀ ਦੀ ਸੁਰਾਹੀ ਤੇ ਦੋ ਗਲਾਸ। ਮੰਜੀ ਦੇ ਹੇਠਾਂ ਵੀ ਚੀਜ਼ਾਂ-ਵਸਤਾਂ ਬੜੇ ਕਰੀਨੇ ਨਾਲ ਰੱਖੀਆਂ ਹੋਈਆਂ ਸਨ। ਮਿਆਨੀ ਭਰਿਆ-ਭਕੁੰਨਿਆ ਘਰ ਲਗਦੀ ਸੀ। ਇਤਨੀ ਛੋਟੀ ਅਤੇ ਅਨੇਕਾਂ ਵਸਤਾਂ ਨਾਲ ਭਰੀ ਹੋਣ ਦੇ ਬਾਵਜੂਦ ਇਸ ਨਿੱਕੀ ਜਿਹੀ ਮਿਆਨੀ ਵਿਚ ਉਠਣ-ਬੈਠਣ ਤੇ ਟਹਿਲਣ ਲਈ ਕਾਫ਼ੀ ਥਾਂ ਸੀ।
ਬਾਵਾ ਜੀ ਝੱਟ ਹੀ ਚਾਹ ਦਾ ਪ੍ਰਬੰਧ ਕਰਨ ਅਤੇ ਬਰਫ਼ ਲਿਆਉਣ ਚਲੇ ਗਏ ਤੇ ਮੈਂ ਮਿਆਨੀ ਵਿਚ ਕੁਝ ਚਿਰ ਇਕੱਲਾ ਬੈਠਾ ਰਿਹਾ। ਇਸ ਨਿੱਕੇ ਜਿਹੇ ਘਰ ਵਿਚ ਹਵਾ ਦੋਵਾਂ ਪਾਸਿਆਂ ਤੋਂ ਆਉਂਦੀ ਹੈ। ਬਾਵਾ ਜੀ ਇਨ੍ਹਾਂ ਦੋ ਦਰਵਾਜ਼ਿਆਂ ਨੂੰ ਪੂਰੀ ਤਰ੍ਹਾਂ ਖੋਲ੍ਹ ਕੇ ਜਾਂ ਅੱਧ-ਪਚੱਧਾ ਭੀੜ ਕੇ ਹਵਾ ਤੇ ਸੂਰਜ ਦੇ ਰੁਖ ਅਨੁਸਾਰ ਲੋੜੀਂਦਾ ਵਾਯੂਮੰਡਲ ਪੈਦਾ ਕਰ ਲੈਂਦੇ ਸਨ।
ਬਾਵਾ ਜੀ ਛੇਤੀ ਹੀ ਮੁੜ ਆਏ। ਅਸੀਂ ਚਾਹ ਪੀਤੀ ਤੇ ਸਾਹਿਤ, ਕਵਿਤਾ ਤੇ ਜੀਵਨ ਬਾਰੇ ਗੱਲਾਂ ਕਰਨ ਲੱਗੇ। ਬੜੀ ਦੇਰ ਤੀਕ ਆਰਥਿਕ ਤੇ ਸਭਿਆਚਾਰਕ ਮਸਲਿਆਂ ਉਤੇ ਵਿਚਾਰ ਹੁੰਦੇ ਰਹੇ।
ਉਹ ਬੋਲੇ, “ਦਿੱਲੀ ਵਿਚ ਕੋਈ ਤਰਤੀਬ ਨਹੀਂ। ਥਾਂ-ਥਾਂ ‘ਤੇ ਕੂੜਾ, ਪਰ ਜੇ ਹਰ ਕੋਈ ਆਪਣਾ-ਆਪਣਾ ਘਰ ਸਾਫ਼ ਕਰ ਲਵੇ ਤਾਂ ਸਾਰੀ ਦੁਨੀਆਂ ਪਾਕ ਹੋ ਸਕਦੀ ਹੈ। ਇਹੋ ਗੱਲ ਗਾਂਧੀ ਜੀ ਨੇ ਵੀ ਆਖੀ। ਮਹਾਤਮਾ ਟਾਲਸਟਾਏ ਨੇ ਵੀ ਇਕ ਥਾਂ ਲਿਖਿਆ ਸੀ, ਪਰ ਸਾਡੇ ਲੋਕ ਇਸ ਗੱਲ ਨੂੰ ਨਹੀਂ ਸਮਝਦੇ।”
ਬਾਵਾ ਜੀ ਦੀ ਮਿਆਨੀ ਸਾਫ਼ ਹੈ, ਉਹ ਆਪਣੇ ਕੱਪੜੇ ਖੁਦ ਧੋਂਦੇ ਹਨ। ਉਹ ਸਵੈ-ਸ਼ੁੱਧੀ ਤੇ ਸਵੈ-ਗਤੀ ਵਿਚ ਵਿਸ਼ਵਾਸ ਰੱਖਦੇ ਹਨ। ਇਹ ਵਿਅਕਤਿਤਵ ਦਾ ਫਲਸਫਾ ਹੈ ਜਿਸ ਨੂੰ ਉਹ ਜੀਂਵਦੇ ਹਨ। ਆਤਮਕ ਤੌਰ ‘ਤੇ ਉਹ ਗਾਂਧੀਵਾਦੀ ਹਨ, ਬੌਧਿਕ ਤੌਰ ਉਤੇ ਮਾਰਕਸਵਾਦੀ।
1932-34 ਵਿਚ ਬਾਵਾ ਬਲਵੰਤ ਅੰਮ੍ਰਿਤਸਰ ਦੇ ਝਟਕਈਆਂ ਵਾਲੇ ਬਾਜ਼ਾਰ ਵਿਚ ਕੰਮ ਕਰਦਾ ਸੀ। ਚੁਬਾਰੇ ਵਿਚ ਉਸ ਦੇ ਪਿਤਾ ਵੈਦਗੀ ਕਰਦੇ ਸਨ।
ਇਸ ਚੁਬਾਰੇ ਵਿਚ ਬੈਠੇ ਹੋਏ ਬਾਵੇ ਨੇ ਬਾਜ਼ਾਰ ਵਿਚੋਂ ਲੰਘਦੀ ਖਲਕਤ ਤੇ ਵੱਖ-ਵੱਖ ਕਿੱਤਿਆਂ ਵਾਲੇ ਕਾਮਿਆਂ ਤੇ ਕਾਰੀਗਾਰਾਂ ਨੂੰ ਤੱਕਿਆ। ਨੇੜੇ ਹੀ ਝਟਕੇ ਦੀਆਂ ਦੁਕਾਨਾਂ ਸਨ। ਅਫੀਮ, ਭੰਗ, ਚਰਸ ਤੇ ਸ਼ਰਾਬ ਦੇ ਠੇਕੇ ਸਨ। ਉਸ ਨੇ ਸ਼ਰਾਬੀਆਂ, ਪੋਸਤੀਆਂ ਤੇ ਜੁਆਰੀਆਂ ਨੂੰ ਬੜੀ ਨੇੜਿਉਂ ਤੱਕਿਆ।
ਉਨ੍ਹੀਂ ਦਿਨੀਂ ਕੌਮੀ ਆਜ਼ਾਦੀ ਦੀ ਲਹਿਰ ਦਾ ਜ਼ੋਰ ਸੀ। ਵੱਖ-ਵੱਖ ਸਭਾਵਾਂ ਤੇ ਪਾਰਟੀਆਂ ਆਪਣੇ ਜਲਸੇ ਕਰਦੀਆਂ ਸਨ। ਬਾਵਾ ਬਲਵੰਤ ਕਿਰਤੀ ਸਭਾ ਦੇ ਅਖਬਾਰ ਵੇਚਦਾ ਅਤੇ ਵਲਾਇਤੀ ਕੱਪੜੇ ਤੇ ਸ਼ਰਾਬ ਦੇ ਬਾਈਕਾਟ ਲਈ ਵਧ-ਚੜ੍ਹ ਕੇ ਹਿੱਸਾ ਲੈਂਦਾ। ਉਨ੍ਹੀਂ ਦਿਨੀਂ ਹੀ ਉਹਨੇ ਪੰਜਾਬੀ ਵਿਚ ਕਵਿਤਾ ਲਿਖਣੀ ਸ਼ੁਰੂ ਕੀਤੀ।
ਉਸ ਨੇ ਕਈ ਕਿੱਤੇ ਬਦਲੇ। ਸਭ ਤੋਂ ਪਹਿਲਾਂ ਮੁਨਿਆਰੀ ਦੀ ਹੱਟੀ ਖੋਲ੍ਹੀ। ਫਿਰ ਗੱਤੇ ਦੇ ਡੱਬੇ ਤੇ ਲਫਾਫ਼ੇ ਬਣਾਉਣ ਦਾ ਧੰਦਾ ਸਹੇੜਿਆ। ਫਿਰ ਚੰਦੇ ਤੇ ਕਢਾਈ ਦਾ ਕੰਮ ਕੀਤਾ। ਚੰਦੇ ਠੇਕਣੇ ਦੀ ਦੁਕਾਨ ਉਤੇ ਇਕ ਵਾਰ ਇਕ ਕੁੜੀ ਆਈ ਤੇ ਬਾਵਾ ਬਲਵੰਤ ਨੂੰ ਉਸ ਨਾਲ ਇਸ਼ਕ ਹੋ ਗਿਆ। ਮੈਂ ਪੁੱਛਿਆ, “ਬਾਵਾ ਜੀ, ਉਸ ਵੇਲੇ ਤੁਹਾਡੀ ਉਮਰ ਕੀ ਸੀ?”
“ਮੇਰੀ ਉਮਰ ਉਸ ਵੇਲੇæææਗੱਲ ਇਹ ਹੈ ਕਿæææਉਸ ਵੇਲੇæææਮੈਂæææਮੈਨੂੰ ਚੰਦੇ ਠੇਕਣ ਦਾ ਕੰਮ ਕਰਦਿਆਂ ਬਾਕੀ ਕੰਮਾਂ ਨਾਲੋਂ ਵਧੇਰੇ ਅਨੰਦ ਆਉਂਦਾ ਸੀ। ਚੰਦੇ ਠੇਕਦੇ ਨੂੰ ਹੀ ਰੰਗਾਂ ਤੇ ਲੀਕਾਂ ਦਾ ਗਿਆਨ ਹੋਇਆ ਤੇ ਚਿਤਰਕਾਰੀ ਵਿਚ ਦਿਲਚਸਪੀ ਹੋਈ। ਨੇੜੇ ਠਠਿਆਰਾਂ ਦੀਆਂ ਦੁਕਾਨਾਂ ਸਨ। ਭਾਂਡਿਆਂ ਨੂੰ ਠਾਹ-ਠਾਹ ਚਿਤਦੇ। ਭੱਠੀਆਂ ਦੇ ਧੂੰਏਂ ਨਾਲ ਧੁਆਂਖੇ ਉਹ ਕਾਲੇ ਭੂਤ ਬਣੇ ਹੋਏ ਜਦ ਬਾਹਰ ਨਿਕਲਦੇ ਤਾਂ ਮੈਂ ਬੜਾæææਇਸ ਰੌਲੇ ਵਿਚ ਵੀ ਮੈਂ ਕਵਿਤਾ ਲਿਖਦਾ। ਕਈ ਵਾਰ ਰਾਤ ਨੂੰ ਜਦ ਸੈਰ ਕਰਨ ਜਾਂਦਾ ਤਾਂ ਉਚੇ ਪੁਲ ਉਤੇ ਬੈਠ ਕੇ ਕਵਿਤਾ ਲਿਖਦਾ। ਇਕ ਕਵਿਤਾ ਮੈਂ ਲਿਖੀ ਸੀ ਕ੍ਰਿਸ਼ਨਾ ਦੇ ਆਉਣ ਉਤੇ। ਇਨ੍ਹਾਂ ਕਵਿਤਾਵਾਂ ਵਿਚ ਪਿਆਰ ਦਾ ਗੇੜ ਸੀ। ਬਾਰਾਂ ਸਾਲ ਇਹ ਪਿਆਰ ਚਲਦਾ ਰਿਹਾæææ।”
“ਬਾਵਾ ਜੀ, ਉਸ ਵੇਲੇ ਤੁਹਾਡੀ ਉਮਰ ਕੀ ਸੀ?” ਮੈਂ ਫਿਰ ਪੁੱਛਿਆ।
“ਉਸ ਵੇਲੇ ਮਮਮਮæææਮੈਂæææਮੇਰੀ ਉਮਰæææਮਮਮਮæææਅਸਲ ਵਿਚ ਗੱਲ ਇਹ ਹੋਈ ਕਿ ਉਹ ਕੁੜੀæææਉਹ ਅਮੀਰ ਸਨæææਤੇ ਉਨ੍ਹਾਂ ਦੀæææਤੇ ਗੱਲ ਇਸ ਤਰ੍ਹਾਂ ਹੋਈ ਕਿ ਮੈਂæææਜਦੋਂ ਉਸ ਨਾਲ ਪਿਆਰ ਹੋਇਆ, ਉਸ ਨੂੰ ਇਸ ਗੇੜ ਦਾ ਹਾਲ ਪਤਾ ਈ ਨਹੀਂ ਸੀæææਉਹ ਮੇਰੇ ਲਈ ਉਤਸ਼ਾਹ ਦਾ ਸੋਮਾ ਸੀ। ਦੂਰ ਦੀ ਖੂਬਸੂਰਤੀ। ਕਈ ਵਾਰ ਉਹ ਆਪਣੀ ਮਾਂ ਨਾਲ ਮੇਰੀ ਹੱਟੀ ਉਤੇ ਰੁਮਾਲ ਠੁਕਵਾਉਣ ਆਈ। ਮੈਂ ਤਰ੍ਹਾਂ ਤਰ੍ਹਾਂ ਦੇ ਰੁਮਾਲ ਠੇਕ ਕੇ ਦੇਂਦਾ। ਉਨ੍ਹੀਂ ਦਿਨੀਂ ਮਖਮਲ ਦੀਆਂ ਗੱਦੀਆਂ ਉਤੇ ਡਿਜ਼ਾਇਨ ਠੇਕਣ ਦਾ ਫੈਸ਼ਨ ਸੀ। ਮੇਰੀ ਕਵਿਤਾ ਵਿਚ ਕ੍ਰਿਸ਼ਨਾ ਵਾਰ-ਵਾਰ ਆਈ। ਵਾਰਸ ਸਾਹ ਦੀ ਭਾਗਭਰੀ ਬਣ ਕੇ ਤੇ ਚੰਡੀਦਾਸ ਦੀ ਰਾਮੀ ਧੋਬਣ ਬਣ ਕੇ।”
ਇਹ ਗੱਲ ਠੀਕ ਹੀ ਸੀ। ਬਾਵਾ ਜੀ ਦੀ ਪੁਸਤਕ ḔਅਮਰਗੀਤḔ (1942) ਵਿਚ ‘ਪਰਦੇਸਣ ਕ੍ਰਿਸ਼ਨਾ ਨੂੰ’ ਇਕ ਗੀਤ ਛਪਿਆ, ਅਤੇ ḔਬੰਦਰਗਾਹḔ (1951) ਵਿਚ Ḕਗਿਆਨ ਕ੍ਰਿਸ਼ਨਾḔ ਜਿਸ ਵਿਚ ਅਫ਼ਲਾਤੂਨੀ ਪਿਆਰ ਦਾ ਹੜ੍ਹ ਹੈ। ਇਸ ਕਵਿਤਾ ਵਿਚ ਬਾਵਾ ਆਪਣੀ ਕ੍ਰਿਸ਼ਨਾ ਨੂੰ ਤੂਫ਼ਾਨਾਂ ਵਿਚ ਰਾਹ ਦਿਖਾਉਣ ਵਾਲਾ ਤਾਰਾ ਮੰਨਦਾ ਹੈ। ਕਾਲੀਆਂ ਖੱਡਾਂ ਤੇ ਮੌਨ ਡੂੰਘਾਈਆਂ ਵਿਚ ਕ੍ਰਿਸ਼ਨਾ ਦੇ ਡੇਰੇ ਹਨ। ਉਹ ਸੂਰਜ ਹੈ, ਉਹ ਤਾਰਾ ਹੈ। ਉਹ ਡੂੰਘੀ ਸ਼ਾਮ ਦਾ ਦੀਵਾ ਹੈ। ਕ੍ਰਿਸ਼ਨਾ ਦੇ ਪਿਆਰ ਦੀ ਕਿਰਨ ਅੰਧਕਾਰ ਨੂੰ ਜਗਮਗਾਉਂਦੀ ਹੈ। ਮਹਾਂ ਪਰਲੋ ਸਮੇਂ ਉਸ ਦੇ ਪਿਆਰ ਦੀ ਬੇੜੀ ਹੀ ਲੰਘਾਵੇਗੀ।
ਇਸ ਕਿਸਮ ਦੇ ਰਵਾਇਤੀ ਅਲੰਕਾਰਾਂ ਨਾਲ ਉਸ ਦੀ ਕਵਿਤਾ ਭਰੀ ਹੋਈ ਹੈ। ਵਾਰਸ ਸਾਹ ਨੂੰ ਜਿਸਮਾਨੀ ਪਿਆਰ ਦਾ ਡੂੰਘਾ ਗਿਆਨ ਸੀ, ਚੰਡੀਦਾਸ ਨੂੰ ਆਤਮਕ ਪਿਆਰ ਦਾ, ਪਰ ਬਾਵਾ ਬਲਵੰਤ ਨੂੰ ਸਿਰਫ਼ ਖਿਆਲੀ ਪਿਆਰ ਦਾ ਅਨੁਮਾਨ ਹੈ।
ਬਾਵਾ ਜੀ ਦੀਆਂ ਕਵਿਤਾਵਾਂ ਦਾ ਸੰਗ੍ਰਹਿ Ḕਜੁਆਲਾ ਮੁਖੀḔ (1933) ਫਾਸਿਸਟ ਤਾਕਤਾਂ ਵਿਰੁੱਧ ਸੀ। ਸਿਧਾਂਤਕ ਤੌਰ ‘ਤੇ ਉਹ ਉਸ ਸਮੇਂ ਦੇ ਮਾਰਕਸਵਾਦੀ ਨਜ਼ਰੀਏ ਦੀ ਪ੍ਰੋੜ੍ਹਤਾ ਕਰਦਾ ਸੀ। ḔਬੰਦਰਗਾਹḔ (1951) ਤੇ Ḕਸੁਗੰਧ ਸਮੀਰḔ (1959) ਵਿਚ ਵੀ ਸਾਮਰਾਜਵਾਦ ਦਾ ਨਾਅਰਾ ਹੈ ਅਤੇ ਅਫ਼ਲਾਤੂਨੀ ਪਿਆਰ ਦਾ ਪ੍ਰਗਟਾਵਾ।
ਬਾਵੇ ਦਾ ਪਿਛੋਕੜ ਉਰਦੂ ਤੇ ਫਾਰਸੀ ਦਾ ਹੈ ਅਤੇ ਉਸ ਉਤੇ ਸੂਫ਼ੀ ਕਵੀਆਂ ਤੇ ਕਿੱਸਾਕਾਰਾਂ ਦਾ ਪ੍ਰਭਾਵ ਹੈ। ਉਸ ਦੇ ਗੀਤਾਂ ਤੇ ਉਸ ਦੀਆਂ ਕਵਿਤਾਵਾਂ ਦਾ ਵਜ਼ਨ ਡੋਲਦਾ ਨਹੀਂ। ਇਹ ਗੱਲ ਜੋ ਉਰਦੂ ਦੇ ਘਟੀਆ ਤੋਂ ਘਟੀਆ ਸ਼ਾਇਰ ਵਿਚ ਵੀ ਨਿੱਖਰ ਕੇ ਆਉਂਦੀ ਹੈ ਅਤੇ ਇਸ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਜਾਂਦੀ, ਪੰਜਾਬੀ ਦੇ ਆਧੁਨਿਕ ਕਵੀਆਂ ਵਿਚ ਮਹੱਤਤਾ ਰੱਖਦੀ ਹੈ।
ਉਸ ਦੀਆਂ ਪੁਸਤਕਾਂ ਦੇ ਬਹੁਤੇ ਮੁਖ-ਚਿਤਰ ਆ ਤੇ ਟਾਈਟਲ ਕਵਰ ਅਬਦੁੱਲ ਰਹਿਮਾਨ ਚੁਗਤਾਈ ਨੇ ਬਣਾਏ ਹਨ-ḔਮਹਾਂਨਾਚḔ, ḔਅਮਰਗੀਤḔ, ḔਬੰਦਰਗਾਹḔ। ਮੈਂ ḔਬੰਦਰਗਾਹḔ ਦੇ ਟਾਈਟਲ ਨੂੰ ਦੇਖਿਆ। ਇਸ ਚਿੱਤਰ ਵਿਚ ਸਮੁੰਦਰ ਦੀਆਂ ਲਹਿਰਾਂ ਸਨ। ਇਕ ਤੀਵੀਂ ਬੇੜੀ ਵਿਚ ਬੈਠੀ ਹੈ ਅਤੇ ਦੂਰ ਕਿਨਾਰੇ ਉਤੇ ਇਕ ਆਦਮੀ ਝੰਡਾ ਲਈ ਖੜ੍ਹਾ ਹੈ। ਬਾਵਾ ਜੀ ਨੇ ਮੈਨੂੰ ਸਮਝਾਇਆ, “ਇਹ ਚਿੱਤਰ ਬੜਾ ਕਲਪਨਾਮਈ ਹੈ। ਇਸ ਦੇ ਪ੍ਰਤੀਕ ਬੜੇ ਸੁੰਦਰ ਹਨ। ਦੇਖੋ, ਇਹ ਸੰਸਾਰ ਇਕ ਬੰਦਰਗਾਹ ਹੈ। ਬੇੜੀ ਇਨਸਾਨ ਦਾ ਚਿੰਨ੍ਹ ਹੈ। ਬੇੜੀ ਵਿਚ ਔਰਤ ਬੈਠੀ ਹੈ, ਯਾਨੀ ਜ਼ਿੰਦਗੀ ਬੈਠੀ ਹੈ। ਕਿਨਾਰੇ ਉਤੇ ਝੰਡਾ ਫੜੀ ਖੜ੍ਹਾ ਆਦਮੀ ਭਵਿੱਖ ਹੈ।”
ਇਹ ਆਖ ਕੇ ਉਨ੍ਹਾਂ ਨੇ ਆਪਣੀਆਂ ਸੁਰਮਈ ਅੱਖਾਂ ਘੁਮਾਈਆਂ ਤੇ ਪੁੱਛਿਆ, “ਠੀਕ ਹੈ ਕਿ ਨਹੀਂ?”
ਮੈਨੂੰ ਇਉਂ ਜਾਪਿਆ ਕਿ ਪੱਤਣ ਉਤੇ ਝੰਡਾ ਲਈ ਖੜ੍ਹਾ ਆਦਮੀ ਬਾਵਾ ਬਲਵੰਤ ਹੈ-ਨਾ ਇਸ ਦਾ ਸਬੰਧ ਲਹਿਰਾਂ ਨਾਲ, ਨਾ ਬੇੜੀ ਨਾਲ, ਨਾ ਤੀਵੀਂ ਨਾਲ।
ਬਾਵਾ ਜੀ ਨੇ ਇਕ ਮੋਟੀ ਕਾਪੀ ਖੋਲ੍ਹੀ ਜਿਸ ਵਿਚ ਪੰਜਾਬ ਦੇ ਪੁਰਾਣੇ ਗੁੱਝੇ ਕਵੀਆਂ ਦੇ ਜੀਵਨ ਅਤੇ ਉਨ੍ਹਾਂ ਦੇ ਕੰਮ ਉਤੇ ਪੜਚੋਲ ਭਰੇ ਲੇਖ ਹਨ। ਇਨ੍ਹਾਂ ਕਵੀਆਂ ਨੂੰ ਆਮ ਲੋਕ ਭੁੱਲ ਚੁੱਕੇ ਹਨ। ਇਨ੍ਹਾਂ ਦੀਆਂ ਲਿਖਤਾਂ ਅੱਜ ਕੱਲ੍ਹ ਨਹੀਂ ਮਿਲਦੀਆਂ। ਬਾਵਾ ਜੀ ਨੇ ਪਤਾ ਨਹੀਂ ਕਿਥੋਂ-ਕਿਥੋਂ ਪੁਰਾਣੇ ਅਖਬਾਰ, ਲਾਇਬ੍ਰੇਰੀਆਂ ਤੇ ਆਪਣੀ ਕਿਸੇ ਪੁਰਾਣੀ ਨੋਟ ਬੁੱਕ ਵਿਚੋਂ ਯਾਦਾਸ਼ਤਾਂ ਲੱਭ ਕੇ ਇਨ੍ਹਾਂ ਉਤੇ ਲੜੀਵਾਰ ਲੇਖ ਲਿਖੇ: ਡਾਕਟਰ ਦੇਵੀਦਾਸ Ḕਹਿੰਦੀ’, ਸ਼ਾਮ ਲਾਲ Ḕਆਜਿਜ਼’, ਗੁਰਾਂ ਦਿਤਾ ਖੰਨਾ, ਵਾਰਾਂ ਲਿਖਣ ਵਾਲਾ ਹਰਸਾ ਸਿੰਘ Ḕਚਾਤਰ’, ਹਾਸਰਸੀਆ ਮਾਸਟਰ ਅਜ਼ੀਜ਼-ਉਦ-ਦੀਨ Ḕਸ਼ਰਮ’, ਕਵੀ ਸਾਈਂ ਅਤੇ ਉਸ ਦੇ ਸ਼ਾਗਿਰਦ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਪ੍ਰਸਿੱਧ ਅੰਗਰੇਜ਼ੀ ਲੇਖਕ ਰਾਲਫ਼ ਫਾਕਸ ਜੋ ਸਪੇਨ ਦੀ ਜੰਗ (1936) ਵਿਚ ਸ਼ਹੀਦ ਹੋਏ, ਉਤੇ ਵੀ ਲੇਖ ਲਿਖਿਆ ਸੀ। ਇਸ ਦੇ ਇਲਾਵਾ ਅਰਬੀ ਕਵੀ ਖਲੀਲ ਜਿਬਰਾਨ, ਆਧੁਨਿਕ ਯੂਨਾਨੀ ਕਵੀ ਕਵਾਫ਼ੀ, ਚਾਰਲੀ ਚੈਪਲਿਨ, ਇਬਸਨ ਅਤੇ ਚੈਖੋਵ ਉਤੇ ਛਪੇ ਤੇ ਅਣਛਪੇ ਲੇਖ ਸਨ।
ਅਸੀਂ ਚਿਤਰਕਾਰਾਂ ਦੀਆਂ ਗੱਲਾਂ ਛੋਹੀਆਂ ਤਾਂ ਉਨ੍ਹਾਂ ਨੇ ਅਬਦੁੱਲ ਰਹਿਮਾਨ ਚੁਗਤਾਈ, ਅੰਮ੍ਰਿਤਾ ਸ਼ੇਰਗਿੱਲ ਤੇ ਪੱਛਮੀ ਭਾਵਵਾਦੀ ਚਿਤਰਕਾਰਾਂ ਦੇ ਜੀਵਨ, ਉਨ੍ਹਾਂ ਦੇ ਇਸ਼ਕ ਤੇ ਉਨ੍ਹਾਂ ਦੀ ਕਲਾ ਬਾਰੇ ਤਫ਼ਸੀਲਾਂ ਬਿਆਨ ਕੀਤੀਆਂ। ਮੈਂ ਪੈਰਿਸ ਤੇ ਰੋਮ ਦਾ ਜ਼ਿਕਰ ਛੇੜਿਆ ਤਾਂ ਉਨ੍ਹਾਂ ਨੇ ਉਥੋਂ ਦੀਆਂ ਗਲੀਆਂ, ਕਾਹਵਾ ਘਰਾਂ ਤੇ ਸ਼ਰਾਬਖਾਨਿਆਂ ਦਾ ਇਉਂ ਵਰਣਨ ਕੀਤਾ ਜਿਵੇਂ ਉਹ ਉਥੇ ਰਹਿ ਚੁੱਕੇ ਹੋਣ। ਜਦ ਗਾਮਾ ਪਹਿਲਵਾਨ ਅਤੇ ਅਮਾਮ ਬਖਸ਼ ਦੀ ਗੱਲ ਛਿੜੀ, ਤਾਂ ਬਾਵਾ ਜੀ ਨੇ ਅਖਾੜੇ, ਕਸਰਤ ਤੇ ਪਹਿਲਵਾਨੀ ਦੇ ਦਾਓ-ਪੇਚ ਬੜੇ ਵਲ-ਵਲੇ ਨਾਲ ਬਿਆਨ ਕੀਤੇ। ਨਟਾਂ ਤੇ ਬਾਜ਼ੀਗਰਾਂ ਦੇ ਵੱਖ-ਵੱਖ ਕਬੀਲਿਆਂ ਨੂੰ ਘੋਖ ਕੇ ਦੱਸਿਆ। ਕੁਸ਼ਤੀਆਂ ਤੇ ਦੰਗਲਾਂ ਦੇ ਕਈ ਨਮੂਨੇ ਤੇ ਵੰਨਗੀਆਂ ਦੱਸੀਆਂ। ਤਲੀ ਤੇ ਸੈਂਚੀ ਪੱਕੀ ਖੇਡਣ ਦੇ ਜਲਵੇ ਬੜੇ ਚਸਕੇ ਨਾਲ ਉਘਾੜੇ।
ਉਨ੍ਹਾਂ ਨੇ ਇਕ ਗੁਲਾਬੀ ਜਿਹੀ ਫਾਈਲ ਖੋਲ੍ਹੀ। ਇਸ ਵਿਚ ਸ਼ਾਸਤ੍ਰੀ ਨ੍ਰਿਤ ਤੇ ਸੰਗੀਤ ਦਾ ਵਰਣਨ ਸੀ। ਮੈਂ ਉਨ੍ਹਾਂ ਦੀਆ ਗੱਲਾਂ ਸੁਣਦਾ ਗਿਆ। ਉਹ ਕੱਥਕ ਨਾਚ ਦੇ ਗਤ-ਤੋੜੇ ਤੇ ਤਬਲੇ ਦੇ ਬੋਲ ਉਚਾਰ ਕੇ ਦੱਸ ਰਹੇ ਸਨ। ਕ੍ਰਿਸ਼ਨ ਤੇ ਰਾਧਾ ਦੇ ਪ੍ਰੇਮ ਦੀ ਗੱਲ ਸੁਣਾ ਰਹੇ ਸਨ। ਸੰਗੀਤ ਦੀ ਲੈਅ ਤੇ ਦੁਗੁਣ-ਚੌਗੁਣ ਦੀ ਗਤੀ ਦੱਸ ਰਹੇ ਸਨ। ਭਰਤ-ਨਾਟਯਮ ਤੇ ਦੇਵਦਾਸੀਆਂ ਦੇ ਭੇਤ ਖੋਲ੍ਹ ਰਹੇ ਸਨ। ਦੇਵ-ਮਾਲਾਈ ਨਾਇਕਾ ਅਤੇ ਬਲਕਾਰੀ ਯੋਧਿਆਂ ਦੀ ਕਥਾ ਸੁਣਾ ਰਹੇ ਸਨ। ਵਿਚ-ਵਿਚ ਉਨ੍ਹਾਂ ਨੇ ਚੂਰਨ ਦੀਆਂ ਗੋਲੀਆਂ ਤੇ ਉਨ੍ਹਾਂ ਦੇ ਸਰਵਾਂਗੀ ਗੁਣਾਂ ਨੂੰ ਵੀ ਦੱਸਿਆ। ਉਦਾਹਰਣ ਵਜੋਂ ਉਨ੍ਹਾਂ ਨੇ ਮੈਨੂੰ ਗੋਲੀ ਚੂਸਣ ਲਈ ਦਿੱਤੀ।
ਬਾਵਾ ਬਲਵੰਤ ਦਾ ਗਿਆਨ-ਪਸਾਰਾ ਵਿਸ਼ਾਲ ਹੈ ਭਾਵੇਂ ਇਨ੍ਹਾਂ ਵਿਚੋਂ ਬਹੁਤੀਆਂ ਚੀਜ਼ਾਂ ਦਾ ਬਰੀਕ ਅਧਿਅਨ ਨਹੀਂ। ਕਈਆਂ ਵਿਸ਼ਿਆਂ ਦਾ ਉਸ ਨੂੰ ਗਿਆਨ ਹੈ, ਅਨੁਭਵ ਨਹੀਂ। ਕਈਆਂ ਦਾ ਅਨੁਭਵ ਹੈ, ਗਿਆਨ ਨਹੀਂ। ਉਸ ਨੇ ਪੱਛਮੀ ਤੇ ਪੂਰਬੀ ਸਾਹਿਤਕਾਰਾਂ, ਵਿਦਵਾਨਾਂ, ਚਿੱਤਰਕਾਰਾਂ, ਸ਼ਿਲਪਕਾਰਾਂ ਤੇ ਉਨ੍ਹਾਂ ਦੇ ਕਲਾ ਭਵਨਾਂ ਨੂੰ ਇਉਂ ਤੱਕਿਆ ਹੈ ਜਿਵੇਂ ਕੋਈ ਗੁਬਾਰੇ ਵਿਚ ਬੈਠ ਕੇ ਉਨ੍ਹਾਂ ਦੇ ਉਤੋਂ ਦੀ ਝਾਤ ਪਾਉਂਦਾ ਲੰਘ ਜਾਵੇ।
ਬਾਵਾ ਜੀ ਚੌਂਕੜੀ ਮਾਰ ਕੇ ਜਦ ਮੰਜੀ ਉਤੇ ਬੈਠਦੇ ਹਨ ਤੇ ਧੂਫ਼ ਜਗਾ ਕੇ ਕੰਮ ਕਰਦੇ ਹਨ ਤਾਂ ਉਨ੍ਹਾਂ ਦੀ ਸੰਦੂਕੜੀ ਲਿਖਣ ਵਾਲਾ ਮੇਜ਼ ਬਣ ਜਾਂਦੀ ਹੈ। ਗਰਮੀ ਹੋਵੇ ਤਾਂ ਪੱਖੀ ਝੱਲਣ ਦੇ ਕੰਮ ਆਉਂਦੀ ਹੈ। ਨਿੱਕਾ ਜਿਹਾ ਸੰਖ ਪੇਪਰ ਵੇਟ ਬਣ ਜਾਂਦਾ ਹੈ। ਉਹ ਕਾਪੀ ਵਿਚ ਬੜੀ ਸਫ਼ਾਈ ਨਾਲ, ਬੜੇ ਠਰ੍ਹੰਮੇ ਨਾਲ, ਬੜਾ ਘੋਟ-ਘੋਟ ਕੇ ਲਿਖਦੇ ਹਨ। ਕਾਗਜ਼ਾਂ ਉਤੇ ਫੁੱਟੇ ਨਾਲ ਖੁਦ ਹੀ ਹਲਕੀਆਂ ਬਰੀਕ ਲੀਕਾਂ ਮਾਰਦੇ ਹਨ। ਸੁਰਮਈ, ਲਾਲ, ਹਰੇ ਰੰਗ ਦੀਆਂ। ਉਨ੍ਹਾਂ ਵਿਚ ਇਕ ਨਕਸ਼ਾ ਨਵੀਸ ਤੇ ਕਾਤਿਬ ਦਾ ਹੁਨਰ ਹੈ। ਬਾਵਾ ਜੀ ਸੰਵਾਰ ਕੇ ਹੌਲੀ-ਹੌਲੀ ਕਵਿਤਾਵਾਂ ਕਾਗਜ਼ ਉਤੇ ਉਤਾਰਦੇ ਹਨ।
ਕਮਰੇ ਵਿਚ ਪਈ ਹਰ ਨਿੱਕੀ ਮੋਟੀ ਚੀਜ਼ ਬਾਵਾ ਜੀ ਨੇ ਮੈਨੂੰ ਦਿਖਾਈ, ਪਰ ਸੰਦੂਕੜੀ ਬਾਰੇ ਕੋਈ ਗੱਲ ਨਾ ਕੀਤੀ। ਮੈਨੂੰ ਇਕ ਮਿੱਤਰ ਨੇ ਦੱਸਿਆ ਸੀ ਕਿ ਬਾਵਾ ਜੀ ਇਹ ਸੰਦੂਕੜੀ ਕਿਸੇ ਨੂੰ ਨਹੀਂ ਦਿਖਾਉਂਦੇ। ਕੀ ਇਸ ਵਿਚ ਉਨ੍ਹਾਂ ਦੀਆਂ ਕਵਿਤਾਵਾਂ ਸਨ ਜਾਂ ਪੁਰਾਣੇ ਇਸ਼ਕੀਆ ਖਤ ਜਾਂ ਕੋਈ ਖਾਨਦਾਨੀ ਸੁਗਾਤ? ਕੀ ਸੀ ਇਸ ਸੰਦੂਕੜੀ ਵਿਚ?
ਮੇਰੀ ਉਤਸੁਕਤਾ ਵਧਦੀ ਗਈ। ਆਖਿਰ ਮੈਂ ਪੁੱਛਿਆ, “ਬਾਵਾ ਜੀ, ਇਸ ਸੰਦੂਕੜੀ ਵਿਚ ਕੀ ਹੈ?”
ਉਨ੍ਹਾਂ ਨੇ ਮੋਟੀ ਕਾਪੀ ਇਕ ਪਾਸੇ ਰੱਖੀ, ਨਿੱਕੇ ਸੰਖ ਨੂੰ ਇਕ ਥਾਂ ਟਿਕਾਇਆ, ਹਰੀ ਕੰਨੀ ਵਾਲੀ ਧੋਤੀ ਝਾੜੀ, ਸੰਦੂਕੜੀ ਖੋਲ੍ਹੀ ਤੇ ਆਖਿਆ, “ਲਉ ਦੇਖ ਲਓ।”
ਸੰਦੂਕੜੀ ਵਿਚ ਇਕ ਸਾਵੀ ਨੋਟ ਬੁੱਕ ਸੀ ਤੇ ਤਰ੍ਹਾਂ-ਤਰ੍ਹਾਂ ਦੀਆਂ ਨਿੱਕੀਆਂ-ਵੱਡੀਆਂ ਡੱਬੀਆਂ, ਪਿਨਸਲਾਂ, ਅਗਰਬੱਤੀਆਂ, ਭੋਜ ਪੱਤਰ, ਬਟਨਾਂ ਦੇ ਪੱਤੇ, ਰੰਗਦਾਰ ਡੱਬੇ, ਕੈਂਚੀਆਂ, ਲਾਲ ਪੀਲੀਆਂ ਦਵਾਈਆਂ, ਲਫ਼ਾਫ਼ੇ, ਪੁੜੀਆਂ, ਖੁਸ਼ਬੂਦਾਰ ਸੁਪਾਰੀਆਂ ਆਦਿ।
ਮੈਂ ਸੰਦੂਕੜੀ ਅੰਦਰ ਝਾਕ ਕੇ ਆਖਿਆ, “ਇਹ ਸਾਵੀ ਨੋਟ ਬੁੱਕ ਤਾਂ ਵਾਹ-ਵਾਹ ਹੈ। ਇਸ ਵਿਚ ਕਵਿਤਾਵਾਂ ਲਿਖੀਆਂ?”
“ਨਹੀਂ, ਇਹ ਨੋਟ ਬੁੱਕ ਨਹੀਂ। ਇਹ ਤਾਂ ਡੱਬਾ ਹੈ। ਮੈਂ ਇਸ ਦਾ ਡਿਜ਼ਾਇਨ ਹੀ ਇਸ ਤਰ੍ਹਾਂ ਦਾ ਬਣਾਇਆ ਹੈ ਕਿ ਵੇਖਣ ਵਾਲੇ ਨੂੰ ਕਿਤਾਬ ਜਾਪੇ।”
ਇਹ ਆਖ ਕੇ ਉਨ੍ਹਾਂ ਨੋਟ ਬੁੱਕ ਦਾ ਸਾਵਾ ਢੱਕਣਾ ਖੋਲ੍ਹਿਆ। ਵਿਚੋਂ ਭਾਂਤ-ਭਾਂਤ ਦੇ ਸੁਰਮੇ ਤੇ ਸੁਰਮਚੂ ਨਿਕਲੇ। ਨੌਂ ਪ੍ਰਕਾਰ ਦਾ ਸੁਰਮਾ ਸੀ- ਭੀਮ ਸੈਨੀ, ਕੰਵਲ ਨੈਣੀ, ਐਨਕ ਤੋੜ, ਚਿੱਟਾ, ਕਾਲਾ ਤੇ ਭੂਰਾ ਸੁਰਮਾ। ਇਕ ਬਹੁਤ ਨਿੱਕਾ ਜਿਹਾ ਕਾਕੜਾ ਸੀ ਜਿਸ ਵਿਚ ਸਿਰਫ਼ ਇਕ ਰੱਤੀ ਸੁਰਮਾ ਆਉਂਦਾ ਸੀ। ਇਹ ਸੁਰਮਾ ਦੋ ਸੌ ਰੁਪਏ ਤੋਲਾ ਸੀ। ਨਿਗ੍ਹਾ ਨੂੰ ਤੇਜ਼ ਕਰਨ ਲਈ ਤੇ ਬਿਮਾਰੀਆਂ ਨੂੰ ਦੂਰ ਕਰਨ ਲਈ ਇਹ ਖਾਸ ਚੀਜ਼ ਸੀ।
ਬਾਵਾ ਜੀ ਨੇ ਆਖਿਆ, “ਚਾਂਦੀ ਦਾ ਸੁਰਮਚੂ ਠੰਢਾ ਹੁੰਦਾ ਹੈ। ਜੇ ਅੱਖ ਗਰਮ ਹੋਵੇ ਤਾਂ ਠੰਢਾ ਸੁਰਮਚੂ ਚੰਗਾ, ਪਰ ਆਮ ਤੌਰ ‘ਤੇ ਜਿਸਤ ਤੇ ਤਾਂਬੇ ਦਾ ਸੁਰਮਚੂ ਕੰਮ ਆਉਂਦਾ ਹੈ। ਇਸ ਸੁਰਮੇ ਦੀ ਇਕ ਸਿਲਾਈ ਨਿੱਤ ਰਾਤ ਪਾ ਕੇ ਸੌਂ ਜਾਵੇ ਤਾਂ ਕਦੇ ਅੱਖ ਦੀ ਕੋਈ ਬਿਮਾਰੀ ਨੇੜੇ ਨਹੀਂ ਆਵੇਗੀ, ਪਰ ਚੰਗੇ ਸੁਰਮੇ ਨੂੰ ਚੰਗੇ ਖਰਲ ਵਿਚ ਹੀ ਰਗੜਨਾ ਚਾਹੀਦਾ ਹੈ। ਮੇਰੇ ਪਿਤਾ ਜੀ ਕੋਲ ਇਕ ਵਾਰੀ ਇਕ ਮਰੀਜ਼ ਆਇਆ। ਉਨ੍ਹਾਂ ਨੇ ਛੇ ਮਾਸੇ ਮੋਤੀ ਪੀਹ ਕੇ ਇਕ ਨੁਸਖੇ ਵਿਚ ਪਾਉਣ ਲਈ ਆਖਿਆ। ਮਰੀਜ਼ ਨੇ ਜਿਸ ਦੁਕਾਨਦਾਰ ਤੋਂ ਮੋਤੀ ਲਏ, ਉਸੇ ਥਾਂ ਤੋਂ ਉਨ੍ਹਾਂ ਨੂੰ ਪਿਸਵਾ ਵੀ ਲਿਆ। ਦੁਕਾਨਦਾਰ ਨੇ ਆਮ ਪੱਥਰ ਦੀ ਖਰਲ ਵਿਚ ਮੋਤੀ ਪੀਸੇ ਤਾਂ ਛੇ ਮਾਸੇ ਦੀ ਥਾਂ ਦਸ ਮਾਸੇ ਹੋ ਗਏ। ਚਾਰ ਮਾਸੇ ਪੱਥਰ ਘਸ ਕੇ ਵਿਚ ਰਲ ਗਿਆ। ਮੋਤੀ ਬੇਕਾਰ ਹੋ ਗਏ। ਮੇਰੇ ਕੋਲ ਵਧੀਆ ਖਰਲ ਏ-ਘਸਵੱਟੀ ਦਾ ਖਰਲ ਜੋ ਮੈਂ ਰਿਸ਼ੀਕੇਸ਼ ਤੋਂ ਲਿਆਂਦਾ ਸੀ।
ਬਾਵੇ ਨਾਲ ਗੱਲਾਂ ਕਰਦੇ ਸੁਰਮਿਆਂ, ਮੰਜਨਾਂ, ਦਵਾਈਆਂ, ਅਗਰਬੱਤੀਆਂ ਅਤੇ ਵੈਦਕ ਦੀ ਭੇਤਾਂ ਭਰੀ ਦੁਨੀਆਂ ਸਾਖਸ਼ਾਤ ਹੋ ਗਈ। ਨਿੱਕੀ ਜਿਹੀ ਸੰਦੂਕੜੀ ਵਿਚੋਂ ਉਸ ਨੇ ਮੈਨੂੰ ਖੁਸ਼ਬੂ ਵਾਲੀ ਸੁਪਾਰੀ ਦਿੱਤੀ ਤੇ ਚੂਸਣ ਲਈ ਆਖਿਆ। ਇਕ ਗੋਲ ਡੱਬੇ ਵਿਚ ਕੈਂਚੀਆਂ, ਨਹੇਰਨੇ, ਸੂਈਆਂ ਪਈਆਂ ਸਨ। ਕੰਧੂਈ ਸੂਈ, ਨਟ ਦੀ ਸੂਈ, ਸਟੀਫ਼ਲ ਦੀ ਸੂਈ, ਤਰਾਂ੍ਹ-ਤਰ੍ਹਾਂ ਦੇ ਨਿੱਬ ਸਨ- ਛੋਟਾ ਵੱਡਾ, ਮੋਟਾ ਪਤਲਾ, ਤਿੱਖਾ। ਰੰਗ-ਬਰੰਗੀਆਂ ਪਿਨਸਲਾਂ ਦਾ ਕੋਈ ਓੜ ਨਹੀਂ ਸੀ। ਇਹ ਸੰਦੂਕੜੀ ਕੀ ਸੀ, ਕ੍ਰਿਸ਼ਨ ਮਹਾਰਾਜ ਨੇ ਮੂੰਹ ਖੋਲ੍ਹ ਕੇ ਤਰਲੋਕੀ ਦੇ ਦਰਸ਼ਨ ਕਰਵਾ ਦਿੱਤੇ ਸਨ।
ਬਾਵਾ ਕੀਮਤੀ ਸੁਰਮਾ ਪਾਉਂਦਾ ਹੈ, ਕੀਮਤੀ ਸੁਪਾਰੀ ਚੱਬਦਾ ਹੈ, ਕੀਮਤੀ ਧੂਫ ਬਾਲਦਾ ਹੈ ਅਤੇ ਕੀਮਤੀ ਪਿਨਸਲ ਤੇ ਕਾਗਜ਼ ਵਰਤਦਾ ਹੈ। ਇਨ੍ਹਾਂ ਚਾਰਾਂ ਚੀਜ਼ਾਂ ਦਾ ਸਿੱਧੇ ਤੌਰ Ḕਤੇ ਆਪਸ ਵਿਚ ਕੋਈ ਸਬੰਧ ਨਹੀਂ, ਪਰ ਅੰਦਰੋਂ ਗਹਿਰਾ ਰਿਸ਼ਤਾ ਹੈ। ਲਿਖਣ ਲਈ ਚਾਰੇ ਚੀਜ਼ਾਂ ਜ਼ਰੂਰੀ ਹਨ-ਸੁਰਮਾ ਨਜ਼ਰ ਕਾਇਮ ਰੱਖਣ ਲਈ, ਸੁਪਾਰੀ ਖਿਆਲਾਂ ਨੂੰ ਚਬਾਉਣ ਲਈ, ਧੂਫ਼ ਵਾਯੂਮੰਡਲ ਉਸਾਰਨ ਲਈ, ਅਤੇ ਪਿਨਸਲ ਕਲਪਨਾ ਦੀ ਦੁਨੀਆਂ ਨੂੰ ਉਜਾਗਰ ਕਰਨ ਲਈ।
ਬਾਵਾ ਜੀ ਦੀਆਂ ਦੋਸਤੀਆਂ ਵਿਚ ਛੋਟੇ-ਵੱਡੇ ਮਾੜੇ-ਚੰਗੇ ਤੇ ਉਚੇ-ਨੀਵੇਂ ਕਲਾਕਾਰ ਦਾ ਕੋਈ ਵਿਤਕਰਾ ਨਹੀਂ। ਜਦ ਉਹ ਲਾਹੌਰ ਰਹਿੰਦੇ ਸਨ ਤਾਂ ਅਬਦੁੱਲ ਰਹਿਮਾਨ ਚੁਗਤਾਈ ਉਨ੍ਹਾਂ ਦਾ ਪ੍ਰੇਮੀ ਸੀ। ਈਸ਼ਵਰ ਚਿਤਰਕਾਰ ਤੇ ਜਸਵੰਤ ਸਿੰਘ ਆਰਟਿਸਟ ਉਨ੍ਹਾਂ ਦੇ ਮਿੱਤਰ ਸਨ। ਨਾਲ ਅਬਦੁੱਲ ਕਰੀਮ ਬੋਰਡ ਪੇਂਟਰ, ਤਰਲੋਚਨ ਸਿੰਘ ਦੀਪਕ ਤੇ ਫਜ਼ਲੂ ਰੰਗਸਾਜ਼ ਨਾਲ ਵੀ ਉਨ੍ਹਾਂ ਦੀ ਯਾਰੀ ਸੀ। ਸਾਹਿਤਕਾਰਾਂ ਵਿਚ ਵੀ ਉਨ੍ਹਾਂ ਨੇ ਕੋਈ ਸ਼੍ਰੇਣੀ ਵੰਡ ਨਹੀਂ ਕੀਤੀ, ਭਾਵੇਂ ਰਾਤ-ਦਿਨ ਸ਼੍ਰੇਣੀ ਘੋਲ ਵਿਚ ਜੁਟੇ ਰਹਿੰਦੇ ਹਨ। ਉਹ ਪ੍ਰੋਫੈਸਰ ਮੋਹਨ ਸਿੰਘ ਤੇ ਸੰਸਾਰ ਸਿੰਘ Ḕਗਰੀਬ’ ਨਾਲ ਇਕੋ ਵੇਲੇ ਉਸੇ ਨਿਰਲੇਪ ਉਦਾਰਤਾ ਨਾਲ ਗੱਲਾਂ ਕਰਨਗੇ ਤੇ ਚਾਹ ਪੀਣਗੇ।
ਬਾਵਾ ਪੁਰਾਣੇ ਕਵੀਆਂ ਚਰਨ ਸਿੰਘ ਸ਼ਹੀਦ, ਧਨੀ ਰਾਮ Ḕਚਾਤ੍ਰਿਕ’ ਦਾ ਬੇਲੀ ਰਿਹਾ ਸੀ। ਇਸ ਪਿਛੋਂ ਦੂਜੀ ਪੀੜ੍ਹੀ ਦੇ ਲੇਖਕਾਂ ਦਾ ਵੀ ਸਾਥੀ ਰਿਹਾ। ਹੁਣ ਨਵੇਂ ਪੋਚ ਵਿਚ ਵੀ ਉਹ ਘੁਲ-ਮਿਲ ਕੇ ਰਹਿ ਰਿਹਾ ਹੈ। ਉਹ ਤਿੰਨਾਂ ਸਾਹਿਤਕ ਪੀੜ੍ਹੀਆਂ ਵਿਚ ਵਿਚਰ ਰਿਹਾ ਹੈ। ਤਿੰਨਾਂ ਵਿਚ ਭਿਜਿਆ ਰਿਹਾ ਹੈ, ਪਰ ਤਿੰਨਾਂ ਤੋਂ ਹੀ ਅਲੱਗ-ਥਲੱਗ ਰਿਹਾ ਹੈ। ਜਦੋਂ ਅਸੀਂ ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਦੀਆਂ ਗੱਲਾਂ ਕਰਦੇ ਹਾਂ ਤਾਂ ਬਾਵਾ ਬਲਵੰਤ ਨੂੰ ਇਕ ਪਾਸੇ ਰੱਖ ਦੇਂਦੇ ਹਾਂ। ਹਰਿਭਜਨ ਸਿੰਘ ਤੇ ਤਾਰਾ ਸਿੰਘ ਦੀਆਂ ਗੱਲਾਂ ਛੋਂਹਦੇ ਹਾਂ ਤਾਂ ਵੀ ਉਹ ਲਾਂਭੇ ਰਹਿ ਜਾਂਦਾ ਹੈ। ਤੇ ਜੇ ਸ਼ਿਵ ਕੁਮਾਰ ਅਤੇ ਹੋਰ ਸਟੇਜੀ ਕਵੀਆਂ ਦੀਆਂ ਗੱਲਾਂ ਕਰੀਏ ਤਾਂ ਵੀ ਬਾਵਾ ਜੀ ਇਕ ਪਾਸੇ ਹੀ ਹੁੰਦੇ ਹਨ। ਜਦ ਅਸੀਂ ਬਾਵਾ ਜੀ ਦੀਆਂ ਗੱਲਾਂ ਕਰੀਏ ਤਾਂ ਵੀ ਬਾਵਾ ਜੀ ਇਕ ਪਾਸੇ ਹੀ ਹੁੰਦੇ ਹਨ।
ਇਕ ਦਿਨ ਮੈਂ ਪੁੱਛਿਆ, “ਬਾਵਾ ਜੀ, ਹੁਣ ਨਹੀਂ ਤੁਹਾਡਾ ਕਦੇ ਕੋਈ ਇਸ਼ਕ ਹੋਇਆ?”
“ਹੈਂ?” ਬਾਵਾ ਜੀ ਨੀਂਦ ਵਿਚੋਂ ਚੌਂਕੇ।
“ਇਸ਼ਕ!” ਮੈਂ ਦੁਹਰਾਇਆ।
ਉਹ ਚੁੱਪ ਹੋ ਗਏ।
ਮੈਂ ਪੁੱਛਿਆ, “ਜਵਾਬ ਨਹੀਂ ਦਿੱਤਾ ਤੁਸੀਂ?”
ਉਨ੍ਹਾਂ ਦੇ ਚਿਹਰੇ ਉਤੇ ਬਿਸਕੁਟੀ ਮੁਸਕਰਾਹਟ ਆਈ ਤੇ ਫਿਰ ਡੁੱਬ ਗਈ। ਉਨ੍ਹਾਂ ਆਖਿਆ, “ਛੱਡੋ ਜੀ, ਇਹ ਤਾਂ ਪੁਰਾਣੇ ਗੇੜ ਨੇ।”
***