ਕੈਨੇਡਾ ਵੱਸਦੇ ਨੌਜਵਾਨ ਲੇਖਕ ਹਰਪ੍ਰੀਤ ਸੇਖਾ ਨੇ ਐਤਕੀਂ ਕੈਨੇਡਾ ਦੇ ਟੈਕਸੀ ਬਿਜ਼ਨੈਸ ਵਿਚ ਮੱਲਾਂ ਮਾਰਨ ਵਾਲੇ ਇਕਬਾਲ ਸਿੰਘ ਅਟਵਾਲ ਬਾਰੇ ਚਰਚਾ ਕੀਤੀ ਹੈ। ਮਨਬਚਨੀ ਦੇ ਸਟਾਈਲ ਵਿਚ ਲਿਖੇ ਇਸ ਲੇਖ ਵਿਚ ਪਹਿਲੀਆਂ ਵਿਚ ਪੰਜਾਬੀਆਂ ਨੂੰ ਦਰਪੇਸ਼ ਦਿੱਕਤਾਂ ਦੇ ਦਰਸ਼ਨ ਹੁੰਦੇ ਹਨ। ਹਰਪ੍ਰੀਤ ਸੇਖਾ ਬੁਨਿਆਦੀ ਰੂਪ ਵਿਚ ਕਹਾਣੀਕਾਰ ਹੈ।
ਉਹਦੇ ਦੋ ਕਹਾਣੀ ਸੰਗ੍ਰਿਹ ‘ਬੀ ਜੀ ਮੁਸਕਰਾ ਪਏ’ ਅਤੇ ‘ਬਾਰਾਂ ਬੂਹੇ’ ਛਪ ਚੁੱਕੇ ਹਨ। ‘ਟੈਕਸੀਨਾਮਾ’ ਉਹਦੀ ਨਿਵੇਕਲੀ ਰਚਨਾ ਹੈ ਜਿਸ ਵਿਚ ਉਹਨੇ ਟੈਕਸੀ ਚਲਾਉਣ ਵਾਲਿਆਂ ਦੇ ਕਿੱਤੇ ਅਤੇ ਮਨਾਂ ਅੰਦਰ ਝਾਤੀ ਮਾਰੀ ਹੈ। -ਸੰਪਾਦਕ
ਹਰਪ੍ਰੀਤ ਸਿੰਘ ਸੇਖਾ
ਫੋਨ: 778-231-1189
ਟੈਕਸੀ ਚਲਾਉਂਦਿਆਂ ਚਾਰ ਦਹਾਕੇ ਹੋ ਗਏ। 1972 Ḕਚ ਕੈਨੇਡਾ ਆਇਆ ਸੀ। ਬੱਸ, ਦੋ-ਤਿੰਨ ਮਹੀਨੇ ਬਾਅਦ ਟੈਕਸੀ ਚਲਾਉਣ ਲੱਗ ਪਿਆ। ਮੈਂ ਇੰਡੀਆ ਤੋਂ ਬੀæਐਸ਼ ਸੀæ ਮੈਡੀਕਲ ਕਰ ਕੇ ਆਇਆ ਸੀ। ਜਦੋਂ ਟੈਕਸੀ ਚਲਾਉਣ ਲੱਗਾਂ, ਉਦੋਂ ਕੋਈ ਟਰੇਨਿੰਗ ਨਹੀਂ ਸੀ ਹੁੰਦੀ। ਇਥੋਂ ਤੱਕ ਕਿ ਆਪਣਾ ਡਰਾਈਵਿੰਗ ਲਾਈਸੈਂਸ ਲੈਣ ਤੋਂ ਬਾਅਦ ਜਿਹੜੀ ਕਾਰ ਆਪਣੇ ਤੌਰ Ḕਤੇ ਇਕੱਲਾ ਚਲਾਉਣ ਲੱਗਾ, ਉਹ ਟੈਕਸੀ ਹੀ ਸੀ।
ਉਦੋਂ ਵਿਤਕਰਾ (ਡਿਸਕ੍ਰਿਮੀਨੇਸ਼ਨ) ਬਹੁਤ ਹੁੰਦਾ ਸੀ। ਯੈਲੋ ਕੈਬ ਕੰਪਨੀ Ḕਚ ਆਪਣੇ ਬੰਦੇ ਚਲਾ ਤਾਂ ਸਕਦੇ ਸੀ, ਪਰ ਆਪਣੀ ਨਹੀਂ ਸੀ ਖਰੀਦ ਸਕਦੇ। ਜੇ ਕੋਈ ਟੈਕਸੀ ਖਰੀਦਣ ਦੀ ਕੋਸ਼ਿਸ਼ ਕਰਦਾ, ਉਸ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਨੌਕਰੀਓਂ ਕੱਢ ਦਿੰਦੇ। ਮੈਥੋਂ ਪਹਿਲਾਂ ਕਈ ਬੰਦੇ ਯੈਲੋ Ḕਚੋਂ ਫਾਇਰ ਹੋ ਕੇ ਬਲੈਕ ਟੌਪ ਟੈਕਸੀ Ḕਚ ਗਏ ਸੀ। ਯੈਲੋ ਕੈਬ ਕੰਪਨੀ ਦਾ ਰੂਲ ਸੀ ਕਿ ਜਦੋਂ ਡਰਾਈਵਰ ਨੂੰ ਨੌਂ ਮਹੀਨੇ ਹੋ ਜਾਣ ਕੰਪਨੀ ਨਾਲ ਟੈਕਸੀ ਚਲਾਉਂਦਿਆਂ, ਤਾਂ ਉਹ ਟੈਕਸੀ ਖਰੀਦਣ ਵਾਸਤੇ ਅਪਲਾਈ ਕਰ ਸਕਦਾ ਸੀ। ਮੈਂ ਸਾਲ ਬਾਅਦ ਅਪਲਾਈ ਕਰ ਦਿੱਤਾ, ਪਰ ਉਨ੍ਹਾਂ ਨੇ ਜਵਾਬ ਦੇ ਦਿੱਤਾ। ਟੈਕਸੀ ਚਲਾਉਂਦਿਆਂ ਮੇਰੀ ਇਕ ਡਾਇਰੈਕਟਰ ਨਾਲ ਹੈਲੋ-ਹਾਏ ਹੋ ਗਈ। ਇਕ ਦਿਨ ਮੈਂ ਉਸ ਤੋਂ ਪੁੱਛਿਆ, ਕਾਰਨ ਕੀ ਐ? ਮੈਨੂੰ ਟੈਕਸੀ ਕਿਉਂ ਨਹੀਂ ਖਰੀਦਣ ਦਿੰਦੇ? ਉਸ ਦੱਸਿਆ, ਇਹ ਸੋਚਦੇ ਆ ਕਿ ਜੇ ਕਿਸੇ ਈਸਟ ਇੰਡੀਅਨ ਨੂੰ ਟੈਕਸੀ ਵੇਚ ਦਿੱਤੀ ਤਾਂ ਇਥੇ ਸਾਰੇ ਈਸਟ ਇੰਡੀਅਨ ਈ ਹੋ ਜਾਣੇ ਆਂ।
ਪਹਿਲਾਂ ਚੀਨਿਆਂ ਨੂੰ ਖੁੱਲ੍ਹ ਦੇ ਕੇ ਵੀ ਇੱਦਾਂ ਹੀ ਹੋਇਆ ਸੀ। ਸਾਲ ਕੁ ਬਾਅਦ ਮੈਂ ਸੋਚਿਆ ਕਿ ਮੈਨੂੰ ਫਿਰ ਟਰਾਈ ਕਰਨੀ ਚਾਹੀਦੀ ਆ ਆਪਣੀ ਟੈਕਸੀ ਖਰੀਦਣ ਲਈ। ਮੈਨੂੰ ਉਹ ਨੌਕਰੀਓਂ ਨਾ ਕੱਢ ਸਕੇ, ਉਨ੍ਹਾਂ ਨੂੰ ਕੋਈ ਬਹਾਨਾ ਨਹੀਂ ਸੀ ਲੱਭਾ। ਮੈਂ ਕੰਮ ਨਾਲ ਹੀ ਵਾਸਤਾ ਰੱਖਦਾ ਸੀ। ਕਦੇ ਮੌਕਾ ਨਹੀਂ ਦਿੱਤਾ ਕਿਸੇ ਨੂੰ ਕੁਝ ਕਹਿਣ ਦਾ, ਪਰ ਉਨ੍ਹਾਂ ਬਿਨਾਂ ਕੋਈ ਵਜ੍ਹਾ ਦੱਸੇ ਮੈਨੂੰ ਫਿਰ ਇਨਕਾਰ ਕਰ ਦਿੱਤਾ। ਅਸੀਂ ਫਿਰ ਕੁਝ ਬੰਦੇ ਇਕੱਠੇ ਹੋ ਕੇ ਵਕੀਲ ਹੁੰਦਾ ਸੀ ਇਕ, ਹੈਰੀ ਲਿੰਕਨ, ਉਹਨੂੰ ਮਿਲਣ ਗਏ। ਉਹ ਸਿਟੀ ਦਾ ਐਲਡਰਮੈਨ ਵੀ ਸੀ। ਇਟਾਲੀਅਨ ਮੂਲ ਦਾ ਸੀ। ਉਹ ਵੀ ਇਮੀਗਰਂੈਟ ਈ ਸੀ। ਉਸ ਨੂੰ ਸਾਡੇ ਨਾਲ ਹਮਦਰਦੀ ਸੀ। ਉਹਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਤੁਹਾਨੂੰ ਹੋਰ ਟੈਕਸੀਆਂ ਦੇ ਲਾਈਸੈਂਸ ਦਿਵਾਉਣ ਦੀ ਕੋਸ਼ਿਸ਼ ਕਰ ਲੈਨੇ ਆਂ, ਤੁਸੀਂ ਆਪਣੀ ਕੰਪਨੀ ਖੋਲ੍ਹ ਲਵੋ।
ਉਦੋਂ ਅਸੀਂ ਹਾਲੇ ਐਨੇ ਜੋਗੇ ਹੈ ਨ੍ਹੀਂ ਸੀ। ਅਸੀਂ ਸੋਚਦੇ ਸੀ ਕਿ ਕੰਪਨੀ ਵਿਚ ਹੀ ਆਪਣੀ ਟੈਕਸੀ ਹੋਵੇ। ਅਸੀਂ ਸਾਲ ਕੁ ਬਾਅਦ ਫਿਰ ਅਪਲਾਈ ਕੀਤਾ। ਉਦੋਂ ਹਿਊਮਨ ਰਾਈਟਸ ਕਮਿਸ਼ਨ ਬਣਿਆ ਹੀ ਸੀ। ਅਸੀਂ ਉਨ੍ਹਾਂ ਕੋਲ ਗਏ। ਉਨ੍ਹਾਂ ਯੈਲੋ ਕੈਬ ਨਾਲ ਗੱਲ ਕੀਤੀ ਤੇ ਕੰਪਨੀ ਨੇ ਸਾਨੂੰ ਟੈਕਸੀ ਖਰੀਦਣ ਦੀ ਇਜਾਜ਼ਤ ਦੇ ਦਿੱਤੀ। ਇਉਂ ਯੈਲੋ ਕੈਬ ਕੰਪਨੀ ਵਿਚ ਮੈਂ ਤੇ ਸੁਖਜਿੰਦਰ ਸਿੰਘ ਅਰੋੜਾ ਭਾਰਤੀ ਮੂਲ ਦੇ ਪਹਿਲੇ ਓਨਰ ਓਪਰੇਟਰ ਬਣੇ। ਸਾਥੋਂ ਪਹਿਲਾਂ ਚਾਈਨੀਜ਼ ਮੂਲ ਦੇ ਪੰਜ-ਸੱਤ ਓਨਰ ਓਪਰੇਟਰ ਸੀ। ਬਾਕੀ ਸਾਰੇ ਗੋਰੇ ਹੀ ਸਨ। ਕਿਸੇ ਕੋਲ ਤਿੰਨ ਟੈਕਸੀਆਂ ਸੀ, ਕਿਸੇ ਕੋਲ ਚਾਰ। ਦੋ-ਤਿੰਨ ਮਹਿਲਾ ਡਰਾਈਵਰ ਹੁੰਦੀਆਂ ਸਨ। ਉਨ੍ਹਾਂ ਨੂੰ ਟੈਕਸੀ ਚਲਾਉਂਦਿਆਂ ਦੇਖ ਸਾਨੂੰ ਹੈਰਾਨੀ ਵੀ ਹੁੰਦੀ। ਚੀਨੀਆਂ ਨੂੰ ਯੈਲੋ ਕੈਬ ਵਿਚ ਸਾਥੋਂ ਪਹਿਲਾਂ ਬਰੇਕ ਮਿਲ ਗਈ ਸੀ, ਪਰ ਜਦੋਂ ਸਾਨੂੰ ਬਰੇਕ ਮਿਲੀ, ਉਹ ਬਹੁਤੇ ਖੁਸ਼ ਨਹੀਂ ਸੀ ਹੋਏ।
ਉਦੋਂ ਛੋਟੀਆਂ-ਛੋਟੀਆਂ ਟੈਕਸੀ ਕੰਪਨੀਆਂ ਵੀ ਹੁੰਦੀਆਂ ਸਨ। ਮੇਰਾ ਭਰਾ ਮੈਥੋਂ ਸਾਲ ਪਹਿਲਾਂ ਆਇਆ ਸੀ। ਉਹ ਫੋਰਮ ਇੰਪ੍ਰੈੱਸ ਵਿਚ ਟੈਕਸੀ ਚਲਾਉਂਦਾ ਸੀ। ਇਹ ਹੇਸਟਿੰਗਜ਼ ਤੇ ਲੇਕਵੁੱਡ ਤੋਂ ਕੰਮ ਕਰਦੇ ਸੀ। ਇਕ-ਦੋ ਚਾਈਨਾ ਟਾਊਨ ਵਿਚ ਵੀ ਕੰਪਨੀਆਂ ਹੁੰਦੀਆਂ ਸਨ। ਬਾਅਦ ਵਿਚ ਉਹ ਯੈਲੋ Ḕਚ ਈ ਰਲ ਗਈਆਂ। ਹੋਰ ਇਕ ਅਡਵਾਂਸ ਕੈਬ ਹੁੰਦੀ ਸੀ। ਉਹ ਆਪਣੇ ਬੰਦਿਆਂ ਨੂੰ ਡਰਾਈਵਰ ਵੀ ਨਹੀਂ ਸੀ ਰੱਖਦੇ, ਪਰ ਮਗਰੋਂ ਨੱਬੇਵਿਆਂ ਵਿਚ ਆ ਕੇ ਉਹ ਕੰਪਨੀ ਵੀ ਯੈਲੋ ਕੈਬ ਵਿਚ ਆਣ ਰਲੀ।
ਤੁਹਾਨੂੰ ਪਤਾ, ਪਹਿਲਾਂ ਆਪਣੇ ਬੰਦੇ ਮਿੱਲਾਂ Ḕਚ ਕੰਮ ਕਰਦੇ ਸੀ। ਉਦੋਂ ਬਹੁਤੇ ਪੜ੍ਹੇ-ਲਿਖੇ ਲੋਕ ਨਹੀਂ ਸੀ ਆਉਂਦੇ ਇੰਡੀਆ ਤੋਂ। ਜਦੋਂ ਸੰਨ ਸੱਤਰ ਦੇ ਕਰੀਬ ਪੜ੍ਹੇ-ਲਿਖੇ ਆਉਣੇ ਸ਼ੁਰੂ ਹੋਏ, ਉਹ ਇੰਗਲਿਸ਼ ਵਿਚ ਗੱਲਬਾਤ ਕਰ ਲੈਂਦੇ ਸੀ। ਮਿੱਲਾਂ ਦੇ ਭਾਰੇ ਕੰਮ ਨਾਲੋਂ ਉਹ ਇਹ ਹੌਲਾ ਕੰਮ ਜ਼ਿਆਦਾ ਪਸੰਦ ਕਰਦੇ। ਜਦੋਂ ਫਿਰ ਆਪਣੇ ਲੋਕਾਂ ਨੂੰ ਟੈਕਸੀ ਖਰੀਦਣ ਦੀ ਬਰੇਕ ਮਿਲੀ ਤਾਂ ਬਹੁਤ ਸਾਰੇ ਆਪਣੇ ਲੋਕ ਟੈਕਸੀ ਕਾਰੋਬਾਰ ਵਿਚ ਆ ਗਏ। ਆਪਣੇ ਬੰਦੇ ਟੈਕਸੀ ਖਰੀਦਣ ਨੂੰ ਤਰਜੀਹ ਦਿੰਦੇ। ਇਉਂ ਟੈਕਸੀ ਪਲੇਟਾਂ ਦੀਆਂ ਕੀਮਤਾਂ ਵਧ ਗਈਆਂ। ਹੌਲੀ-ਹੌਲੀ ਗੋਰੇ ਮੁਨਾਫਾ ਕਮਾ ਕੇ ਵੇਚ ਗਏ ਤੇ ਆਪਣੇ ਬੰਦੇ ਜ਼ਿਆਦਾ ਹੋ ਗਏ। ਉਨ੍ਹਾਂ ਪੁਰਾਣੇ ਲੋਕਾਂ ਵਿਚੋਂ ਤਾਂ ਹੁਣ ਕੋਈ ਗੋਰਾ ਰਿਹਾ ਨਹੀਂ। ਹਾਂ, ਇਕ ਹੈਗਾ ਵਾਲਟਰ ਉਹ ਮੈਥੋਂ ਵੀ ਪਹਿਲਾਂ ਦਾ ਹੈ। ਉਹ ਬਜ਼ੁਰਗ ਆ। ਹਾਲੇ ਵੀ 55 ਨੰਬਰ ਟੈਕਸੀ ਦਾ ਮਾਲਕ ਆ, ਟੈਕਸੀ ਚਲਾਉਂਦਾ ਵੀ ਆ; ਜਾਂ ਫਿਰ ਪਹਿਲੇ ਬੰਦਿਆਂ ਵਿਚੋਂ ਜਿਸ ਬੰਦੇ ਨੇ ਯੈਲੋ ਕੈਬ ਸ਼ੁਰੂ ਕੀਤੀ ਸੀ ਟੋਮਸ ਸਕਾਰ, ਉਸ ਦਾ ਮੁੰਡਾ ਕਦੇ-ਕਦੇ ਹੁਣ ਵੀ ਟੈਕਸੀ ਚਲਾਉਂਦਾ ਹੈ। ਕਦੇ ਉਹ ਡਿਸਪੈਚ ਕਰਨ ਲੱਗਦਾ ਹੈ। ਬਾਕੀ ਵੇਚ-ਵੂਚ ਗਏ।
ਪੱਗ ਵਾਲੇ ਨੂੰ ਪਹਿਲਾਂ ਨਹੀਂ ਸੀ ਰੱਖਦੇ। ਇਹ ਤਾਂ ਜਦੋਂ ਆਪਣੇ ਬੰਦੇ ਬਹੁਤੀ ਗਿਣਤੀ ਵਿਚ ਡਾਇਰੈਕਟਰ ਹੁੰਦੇ ਸੀ, ਉਦੋਂ ਵੀ ਨਹੀਂ ਸੀ ਰੱਖਦੇ। ਪਹਿਲਾਂ ਆਪਣਾ ਇਕ-ਅੱਧਾ ਡਾਇਰੈਕਟਰ ਬਣਦਾ ਸੀ। ਫਿਰ ਹੌਲੀ-ਹੌਲੀ ਜਦੋਂ ਆਪਣੇ ਬੰਦੇ ਜ਼ਿਆਦਾ ਮਾਲਕ ਬਣ ਗਏ, ਤਾਂ ਆਪਣੇ ਬੰਦਿਆਂ ਦੀ ਗਿਣਤੀ ਡਾਇਰੈਕਟਰਾਂ Ḕਚ ਵਧਦੀ ਗਈ। ਅਸੀਂ ਈਸਟ ਇੰਡੀਅਨ ਬੰਦੇ ਕਿਤੇ ਇਕੱਠੇ ਹੋ ਕੇ ਪਹਿਲਾਂ ਹੀ ਪਲੈਨ ਬਣਾ ਲੈਂਦੇ ਸੀ ਕਿ ਐਤਕੀਂ ਆਹ ਬੰਦੇ ਖੜ੍ਹੇ ਕਰਨੇ ਆ ਤੇ ਇਨ੍ਹਾਂ ਨੂੰ ਵੋਟਾਂ ਪਾਉਣੀਆਂ। ਫਿਰ ਇਹੋ ਜਿਹਾ ਟਾਈਮ ਆ ਗਿਆ ਕਿ ਸਾਰੇ ਆਪਣੇ ਹੀ ਡਾਇਰੈਕਟਰ ਹੋਣ ਲੱਗ ਪਏ। ਉਸ ਵੇਲੇ ਵੀ ਅਸੀਂ ਪੱਗਾਂ ਵਾਲਿਆਂ ਨੂੰ ਨਹੀਂ ਸੀ ਰੱਖਦੇ। ਉਦੋਂ ਇਹ ਡਰ ਹੁੰਦਾ ਸੀ ਕਿ ਪੱਗਾਂ ਵਾਲਿਆਂ ਕਰ ਕੇ ਕਿਤੇ ਬਿਜ਼ਨੈਸ ਨੂੰ ਨਾ ਫਰਕ ਪਵੇ। ਲੋਕ ਹੋਰ ਕੰਪਨੀਆਂ ਦੇ ਮਗਰ ਨਾ ਤੁਰ ਪੈਣ। ਵਿਚ-ਵਿਚ ਬੰਦੇ ਆਖਦੇ ਵੀ ਕਿ ਇਹ ਤਾਂ ਆਪਾਂ ਵਧੀਕੀ ਕਰਦੇ ਆਂ। ਫਿਰ ਹੌਲੀ-ਹੌਲੀ ਪੱਗਾਂ ਵਾਲਿਆਂ ਨੂੰ ਰੱਖਣ ਲੱਗ ਪਏ।
1973-74 ਵਿਚ 50-60 ਹਜ਼ਾਰ ਦੀ ਪਲੇਟ ਸੀ ਤੇ ਹੁਣ ਇਹ ਕੀਮਤ ਸਾਢੇ ਸੱਤ ਲੱਖ ਡਾਲਰ ਹੈ। ਉਦੋਂ ਰਾਤ ਦੀ ਪਲੇਟ ਦੀ ਕੀਮਤ ਜ਼ਿਆਦਾ ਹੁੰਦੀ ਸੀ, ਕਿਉਂਕਿ ਅਸੀਂ ਬਹੁਤੇ ਉਦੋਂ ਵਿਆਹੇ-ਵਰ੍ਹੇ ਨਹੀਂ ਸੀ ਹੁੰਦੇ ਤੇ ਰਾਤ ਨੂੰ ਟ੍ਰੈਫਿਕ ਵੀ ਨਹੀਂ ਸੀ ਹੁੰਦਾ। ਅਸੀਂ ਰਾਤਾਂ ਨੂੰ ਟੈਕਸੀ ਚਲਾਉਣ ਨੂੰ ਤਰਜੀਹ ਦਿੰਦੇ। ਫਿਰ ਜਦੋਂ ਡਰਾਈਵਰ ਪਰਿਵਾਰਾਂ ਵਾਲੇ ਤੇ ਆਪਣੀਆਂ ਟੈਕਸੀਆਂ ਦੇ ਮਾਲਕ ਬਣ ਗਏ ਤਾਂ ਉਹ ਦਿਨੇ ਚਲਾਉਣੀ ਪਸੰਦ ਕਰਨ ਲੱਗ ਪਏ। ਹੁਣ ਦਿਨ ਦੀ ਪਲੇਟ ਦੀ ਕੀਮਤ ਰਾਤ ਦੇ ਮੁਕਾਬਲੇ ਜ਼ਿਆਦਾ ਹੈ।
ਇੱਕ ਗੱਲ ਜਿਹੜੀ ਮੈਨੂੰ ਬਹੁਤ ਵਾਰ ਹੁਣ ਵੀ ਚੇਤੇ ਆਉਂਦੀ ਐ ਤੇ ਮੈਨੂੰ ਇਕਦਮ ਜੁਗਤ ਸੁੱਝਣ Ḕਤੇ ਮਾਣ ਵੀ ਹੁੰਦੈæææਰਾਤ ਦਾ ਮੌਕਾ ਸੀ। ਸ਼ਾਇਦ ਸ਼ੁਕਰਵਾਰ ਦੀ ਰਾਤ ਸੀ। ਬਾਹਰ ਮੀਂਹ ਪੈ ਰਿਹਾ ਸੀ। ਕੰਮ ਪੂਰਾ ਬਿਜ਼ੀ ਸੀ। ਸ਼ਰਾਬੀ ਬਾਰਾਂ ‘ਚੋਂ ਨਿਕਲ ਰਹੇ ਸੀ। ਤੇ ਮੇਰੀ ਟੈਕਸੀ ਵਿਚ ਕੋਈ ਨੇਟਿਵ ਇੰਡੀਅਨ (ਕੈਨੇਡੀਅਨ ਮੂਲਵਾਸੀ) ਆਣ ਬੈਠਾ। ਕਹਿੰਦਾ, ਨਿਊਵੈਸਟ ਜਾਣੈ। ਟ੍ਰਿੱਪ ਲੰਮਾ ਸੀ। ਉਦੋਂ ਸਾਡੀ ਨਜ਼ਰ ‘ਚ ਇਨ੍ਹਾਂ ਦਾ ਰਿਕਾਰਡ ਬਹੁਤਾ ਚੰਗਾ ਨਹੀਂ ਸੀ ਹੁੰਦਾ। ਕਈ ਵਾਰ ਇਉਂ ਹੋਣਾ ਕਿ ਕਿਰਾਇਆ ਨਹੀਂ ਸੀ ਦਿੰਦੇ ਇਹ ਸ਼ਰਾਬੀ ਹੋ ਕੇ। ਸੋ, ਮੈਨੂੰ ਡਰ ਲੱਗਾ ਕਿ ਇੰਨਾ ਬਿਜ਼ੀ ਕੰਮ ਐ ਤੇ ਇੰਨੀ ਦੂਰ ਜਾਣਾ। ਜੇ ਇਸ ਨੇ ਕਿਰਾਇਆ ਨਾ ਦਿੱਤਾ ਤਾਂ ਕੰਮ ਖਰਾਬ ਹੋ ਜਾਊ। ਮੈਂ ਤਰੀਕੇ ਜਿਹੇ ਨਾਲ ਉਸ ਨੂੰ ਕਿਹਾ ਕਿ ਕੰਪਨੀ ਦਾ ਅਸੂਲ ਹੈ ਕਿ ਜੇ ਰਾਤ ਨੂੰ ਲੰਮਾ ਟ੍ਰਿੱਪ ਹੈ ਤਾਂ ਕਿਰਾਇਆ ਪਹਿਲਾਂ ਦੇਣਾ ਪੈਂਦਾ ਹੈ, ਪਰ ਜੀ ਉਹ ਸ਼ਰਾਬੀ ਸੀ। ਗੁੱਸਾ ਕਰ ਗਿਆ। ਕਹਿੰਦਾ, ਤੁਸੀਂ ਸਾਡੇ ਦੇਸ਼ Ḕਚ ਆ ਕੇ ਸਾਡੀਆਂ ਨੌਕਰੀਆਂ ਖੋਹੀ ਜਾਨੇ ਐਂ, ਨਾਲ਼ੇ ਸਾਡੀ ਬੇਇਜ਼ਤੀ ਕਰਦੇ ਆਂ। ਮੈਂ ਬਥੇਰਾ ਕਿਹਾ ਕਿ ਮੈਂ ਬੇਇਜ਼ਤੀ ਨਹੀਂ ਕਰਦਾ, ਮੈਂ ਤਾਂ ਤੈਨੂੰ ਕੰਪਨੀ ਦੀ ਪੌਲਿਸੀ ਦੱਸੀ ਆ, ਪਰ ਜੀ ਉਹ ਕਹਿੰਦਾ, ਹੁਣ ਮੈਂ ਰਾਈਡ ਵੀ ਲੈਣੀ ਆ ਤੇ ਪੈਸੇ ਵੀ ਨਹੀਂ ਦੇਣੇ। ਬਾਹਰ ਹੋਰ ਸਵਾਰੀਆਂ ਨੂੰ ਉਡੀਕਦੀਆਂ ਦੇਖ ਮੇਰਾ ਚਿੱਤ ਕਾਹਲਾ ਪੈਣ ਲੱਗਾ ਕਿ ਕਦੋਂ ਇਸ ਬੰਦੇ ਤੋਂ ਖਹਿੜਾ ਛੁੱਟੇ ਤੇ ਚਾਰ ਡਾਲਰ ਬਣਾਈਏ। ਮੈਂ ਉਸ ਨੂੰ ਧਮਕੀ ਦਿੱਤੀ ਕਿ ਕਾਰ Ḕਚੋਂ ਨਿਕਲ ਜਾਵੇ, ਨਹੀਂ ਤਾਂ ਮੈਂ ਪੁਲਿਸ ਨੂੰ ਸੱਦਣ ਲੱਗਾਂ। ਉਹ ਹੋਰ ਚੌੜਾ ਹੋ ਗਿਆ। ਕਹਿੰਦਾ, ਤੂੰ ਪੁਲਿਸ ਨੂੰ ਸੱਦ ਲੈ, ਤੇ ਜਾਂ ਬਾਹਰ ਨਿਕਲ ਕੇ ਮੇਰੇ ਨਾਲ ਲੜਾਈ ਕਰ। ਮੈਂ ਮੁੱਢ ਤੋਂ ਹੀ ਲੜਾਈ ਤੋਂ ਦੂਰ ਰਹਿ ਕੇ ਰਾਜ਼ੀ ਹੁੰਨਾਂ। ਸੁਭਾਅ ਐ। ਮੈਨੂੰ ਪਤਾ ਸੀ ਕਿ ਜਦੋਂ ਨੂੰ ਪੁਲਿਸ ਨੇ ਅੱਪੜਨੈਂ, ਉਦੋਂ ਤੱਕ ਤਾਂ ਮੈਂ ਇਸ ਨੂੰ ਛੱਡ ਕੇ ਵੀ ਮੁੜ ਸਕਦਾਂ। ਸੋ, ਮੇਰੇ ਦਿਮਾਗ ਵਿਚ ਇਕਦਮ ਤਰਕੀਬ ਆਈ ਤੇ ਮੈਂ ਕਿਹਾ, ਆ ਜਾ ਫਿਰ ਵੇਖ ਈ ਲੈ ਝੁੱਟ। ਉਹ ਡੋਰ ਖੋਲ੍ਹ ਕੇ ਬਾਹਰ ਨਿਕਲਿਆ ਹੀ ਸੀ ਕਿ ਮੈਂ ਕਿੱਲੀ ਨੱਪ ਦਿੱਤੀ। ਪਿੱਛੋਂ ਉਹ ਚੀਟਰ-ਚੀਟਰ ਕਰਦਾ ਟੈਕਸੀ ਮਗਰ ਭੱਜਣ ਲੱਗਾ, ਪਰ ਮੈਂ ਛੁੱਟ ਆਇਆ ਸੀ।
ਹੁਣ ਮੈਂ ਸੱਤ ਵਜੇ ਸਵੇਰੇ ਤੋਂ ਸ਼ਾਮ ਦੇ ਚਾਰ ਵਜੇ ਤੱਕ ਟੈਕਸੀ ਚਲਾਉਨਾਂ, ਪਰ ਚਲਾਉਨਾ ਸੱਤੇ ਦਿਨ। ਪਹਿਲਾਂ ਛੁੱਟੀ ਕਰ ਲੈਂਦਾ ਸੀ ਜਦੋਂ ਨਿਆਣੇ ਛੋਟੇ ਸੀ। ਹੁਣ ਨਿਆਣੇ ਵੱਡੇ ਹੋ ਗਏ ਆ। ਇੱਕ ਦਾ ਵਿਆਹ ਹੋ ਗਿਐ। ਇੱਕ ਥੋੜ੍ਹੇ ਚਿਰ ਤੋਂ ਵ੍ਹੀਲ ਚੇਅਰ Ḕਤੇ ਆ। ਜਦੋਂ ਦੀ ਉਸ ਨੂੰ ਪ੍ਰੌਬਲਮ ਪਈ ਆ, ਵਾਈਫ਼ ਨੂੰ ਕੰਮ ਛੱਡਣਾ ਪਿਆ। ਉਹ ਦਿਨੇ ਉਸ ਦੀ ਲੁੱਕ ਆਫ਼ਟਰ ਕਰਦੀ ਆ। ਸ਼ਾਮ ਨੂੰ ਕੰਮ ਤੋਂ ਆ ਕੇ ਮੈਂ ਉਸ ਨਾਲ ਸਮਾਂ ਬਿਤਾਉਨਾ।
ਕਦੇ-ਕਦੇ ਚਿੱਤ Ḕਚ ਆਉਂਦਾ ਵੀ ਹੈ ਕਿ ਉਦੋਂ ਐਨਾ ਪੜ੍ਹ-ਲਿਖ ਗਏ ਸੀ, ਐਥੇ ਆ ਕੇ ਹੋਰ ਪੜ੍ਹ ਕੇ ਕਿਸੇ ਹੋਰ ਨੌਕਰੀ ਵਿਚ ਜਾਂਦੇ, ਪਰ ਜਦੋਂ ਦੇਖਦੇ ਆਂ ਕਿ ਬੱਚੇ ਪੜ੍ਹ-ਲਿਖ ਗਏ ਆ, ਚੰਗਾ ਖਾਨੇ-ਪੀਨੇ ਆਂ, ਵਧੀਆ ਘਰ ਐ, ਫਿਰ ਸੋਚਦੇ ਆਂ ਕਿ ਵਧੀਆ ਰਹੇ, ਟੈਕਸੀ Ḕਚ ਬਹੁਤ ਕੁਝ ਸਿੱਖਣ ਨੂੰ ਮਿਲਿਆ।