ਅਰਬਦ ਨਰਬਦ

ਬਲਜੀਤ ਬਾਸੀ
ਗੁਰੂ ਨਾਨਕ ਦੇਵ ਨੇ ਮਾਰੂ ਰਾਗ ਵਿਚ ਸ੍ਰਿਸ਼ਟੀ ਦੀ ਉਤਪਤੀ ਬਾਰੇ ਇਕ ਬਹੁਤ ਹੀ ਖੂਬਸੂਰਤ ਸ਼ਬਦ ਉਚਾਰਿਆ ਹੈ ਜਿਸ ਦਾ ਅਰੰਭ ਇਸ ਤਰ੍ਹਾਂ ਹੈ:
ਅਰਬਦ ਨਰਬਦ ਧੁੰਧੂਕਾਰਾ॥

ਧਰਣੁ ਨ ਗਗਨਾ ਹੁਕਮ ਅਪਾਰਾ॥æææ
ਇਸ ਤੁਕ ਦਾ ਮੁਖ ਭਾਵ ਬਣਦਾ ਹੈ ਕਿ ਕਈ ਯੁੱਗ ਤੱਕ ਧੁੰਦਲਕੇ ਦਾ ਪਸਾਰਾ ਰਿਹਾ। ਉਦੋਂ ਧਰਤੀ-ਆਕਾਸ਼ ਕੁਝ ਨਹੀਂ ਸੀ, ਬੱਸ ਰੱਬ ਦਾ ਹੁਕਮ ਚੱਲ ਰਿਹਾ ਸੀ।
ਸ੍ਰਿਸ਼ਟੀ ਦੀ ਉਤਪਤੀ ਬਾਰੇ ਅਸੀਂ ਗੁਰੂ ਸਾਹਿਬ ਦੇ ਵਿਚਾਰਾਂ ਬਾਰੇ ਤਰਕ ਨਹੀਂ ਕਰਨਾ ਕਿਉਂਕਿ ਇਹ ਜਟਿਲ ਦਾਰਸ਼ਨਿਕ/ਵਿਗਿਆਨਕ ਵਿਸ਼ਾ ਹੈ। ਨਾਲੇ ਸਾਡਾ ਮੁਖ ਸਰੋਕਾਰ ਸ਼ਬਦਾਂ ਦੀ ਪੜਤਾਲ ਕਰਨਾ ਹੈ। ਕੁਝ ਟੀਕੇ ਅਤੇ ਕੋਸ਼ ਫਰੋਲ ਕੇ ਮੈਂ ਜਾਣਿਆ ਹੈ ਕਿ ਅਰਬਦ ਤੇ ਨਰਬਦ ਸ਼ਬਦਾਂ ਜਾਂ ‘ਅਰਬਦ ਨਰਬਦ’ ਸ਼ਬਦ ਜੁੱਟ ਬਾਰੇ ਬਹੁਤ ਧੁੰਧੂਕਾਰਾ ਹੋਇਆ ਪਿਆ ਹੈ। ਕੁਝ ਇਕ ਤਾਂ ਗੱਲ ਨੂੰ ਹੋਰ ਹੀ ਪਾਸੇ ਲੈ ਗਏ ਲਗਦੇ ਹਨ। ‘ਮਹਾਨ ਕੋਸ਼’ ਤੋਂ ਚਰਚਾ ਸ਼ੁਰੂ ਕਰਦੇ ਹਾਂ। ਇਸ ਦੇ ‘ਅਰਬਦ’ ਇੰਦਰਾਜ ਦੇ ਪਹਿਲੇ ਅਰਥ ਵਿਚ ਲਿਖਿਆ ਮਿਲਦਾ ਹੈ, “ਦੇਖੋ ਅਰਬੁਦ।” ਅਰਬੁਦ ‘ਤੇ ਜਾਂਦਿਆਂ ਇਹ ਅਰਥ ਹਾਸਿਲ ਹੁੰਦੇ ਹਨ, “(1) ਦਸ ਕਰੋੜ। (2) ਰਾਜਪੂਤਾਨੇ ਵਿੱਚ ਇੱਕ ਪਹਾੜ ਦੀ ਧਾਰਾ, ਅਰਾਵਲੀ ਅਰਵਲੀ। (3) ਆਬੂ ਪਹਾੜ। (4) ਬੱਦਲ। (5) ਵੈਦਯਕ ਅਨੁਸਾਰ ਇੱਕ ਰੋਗ, ਸ਼ਰੀਰ ‘ਤੇ ਗਿਲਟੀਆਂ ਦਾ ਹੋਣਾ, ਰਸੌਲੀ ਆਦਿ। (6) ਇੱਕ ਨੇਤ੍ਰ ਰੋਗ।” ਪਰ ਇਨ੍ਹਾਂ ਵਿਚੋਂ ਕਿਸੇ ਅਰਥ ਨੂੰ ‘ਅਰਬਦ ਨਰਬਦ’ ਵਿਚਲੇ ਅਰਬਦ ‘ਤੇ ਢੁਕਾਇਆ ਨਹੀਂ ਗਿਆ। ਜੋ ਢੁਕਾਇਆ ਗਿਆ ਹੈ, ਉਹ ‘ਅਰਬਦ’ ਹੀ ਹੈ ਜਿਸ ਨੂੰ ‘ਮਹਾਨ ਕੋਸ਼’ ਵਿਚ ਸੰਸਕ੍ਰਿਤ ਆਰਬਧ ਦਾ ਰੁਪਾਂਤਰ ਦਰਸਾਇਆ ਗਿਆ ਹੈ ਤੇ ਜਿਸ ਦਾ ਅਰਥ ‘ਅਰੰਭ ਹੋਇਆ’ ਕੀਤਾ ਗਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸੰਸਕ੍ਰਿਤ ਵਿਚ ਆਰਬਧ ਸ਼ਬਦ ਇਨ੍ਹਾਂ ਹੀ ਅਰਥਾਂ ਵਿਚ ਮੌਜੂਦ ਹੈ ਤੇ ਜੋ ਅਰੰਭ ਸ਼ਬਦ ਨਾਲ ਸਬੰਧਤ ਹੈ।
ਇਸ ਤਰ੍ਹਾਂ ਪੂਰੇ ‘ਅਰਬਦ ਨਰਬਦ ਧੁੰਧੂਕਾਰਾ’ ਦਾ ਅਰਥਾਪਣ ਇਸ ਪ੍ਰਕਾਰ ਕੀਤਾ ਮਿਲਦਾ ਹੈ, “ਆਰੰਭ ਕਾਲ ਵਿੱਚ ਨਰ ਆਰਬਧ ਧੁੰਧੂਕਾਰ ਸੀ। ਦੇਖੋ ਨਰਬਦ ਜਿਸ ਨੂੰ ਆਦਮੀ ਕਥਨ ਨਹੀਂ ਕਰ ਸਕਦਾ।” ਨਰਬਦ ‘ਤੇ ਜਾਣ ਨਾਲ ਇਹ ਵਿਆਖਿਆ ਮਿਲਦੀ ਹੈ, “ਨਰ- ਅਵਦ ਜਿਸ ਨੂੰ ਆਦਮੀ ਤੋਂ ਜੋ ਨਾ ਬਯਾਨ (ਬਿਆਨ) ਕੀਤਾ ਜਾ ਸਕੇ, ਇਨਸਾਨ ਦੀ ਕਥਨ- ਸ਼ਕਤਿ ਤੋਂ ਬਾਹਰ।” ਮੇਰੀ ਜਾਚੇ ਇਥੇ ‘ਨਰ-ਅਵਦ’ ਆਪੂੰ ਘੜਿਆ ਬਨਾਉਟੀ ਸ਼ਬਦ ਹੈ ਜਿਸ ਦਾ ਅਰਥ ਬਣਾਇਆ ਗਿਆ ਹੈ, ‘ਇਨਸਾਨ (ਨਰ) ਦੇ ਕਥਨ ਤੋਂ ਬਾਹਰਾ।’ ਇਸੇ ਬਿਨਾ ‘ਤੇ ‘ਮਹਾਨ ਕੋਸ਼’ ਦੀ ਵਿਆਖਿਆ ਬੇਥਵ੍ਹੀ ਲਗਦੀ ਹੈਂ।
ਸੰਤ ਸਿੰਘ ਖਾਲਸਾ ਅਤੇ ਮਨਮੋਹਨ ਸਿੰਘ ਦੇ ਅੰਗਰੇਜ਼ੀ ਅਨੁਵਾਦਾਂ ਅਨੁਸਾਰ ਦੋਹਾਂ ਸ਼ਬਦਾਂ ਦਾ ਇਕੱਠਾ ਅਰਥ ‘ਅਣਗਿਣਤ ਯੁੱਗ’ ਕੀਤਾ ਗਿਆ ਹੈ। ਐਸਜੀਜੀਐਸ ਕੋਸ਼ ਨੇ ਅਰਬਦ ਦਾ ਮਤਲਬ 10 ਕਰੋੜ ਦੱਸਿਆ ਹੈ ਤੇ ਨਰਬਦ ਨੂੰ ਨ+ਅਰਬਦ ਤੋਂ ਬਣਿਆ ਦੱਸ ਕੇ ਅਰਥ ਕੀਤਾ ਹੈ, ‘ਅਰਬਾਂ ਤੋਂ ਪਰੇ ਭਾਵ ਬੇਅੰਤ।’ ਸਪੱਸ਼ਟ ਹੈ ਕਿ ਇਥੇ ‘ਅਰਬਦ’ ਤੋਂ ਪਹਿਲਾਂ ਲੱਗੇ ‘ਨ’ ਅਗੇਤਰ ਨੁੰ ਨਾਂਹ-ਸੂਚਕ ਸਮਝਿਆ ਗਿਆ ਹੈ। ਫਰੀਦਕੋਟ ਵਾਲੇ ਟੀਕੇ ਨੇ ਇਸ ਤੁਕ ਦਾ ਅਰਥ ਇਸ ਪ੍ਰਕਾਰ ਕਰਕੇ, ‘(ਅਰਬਦ) ਗਿਣਤੀ ਤੇ (ਨਰਬਦ) ਅਗਿਣਤ ਕਾਲ ਭਾਵ ਬਹੁਤ ਕਾਲ ਧੁੰਧੂਕਾਰ ਰਹਿਆ’ ਅਰਬਦ ਨੂੰ ਗਿਣਤੀ ਅਤੇ ਨਰਬਦ ਨੂੰ ਅਣਗਿਣਤ ਬਣਾ ਦਿੱਤਾ ਹੈ। ਪਰ ਸਾਡੇ ਲਈ ਮਹੱਤਵਪੂਰਨ ਟੀਕਾ ਹੈ ਸਾਹਿਬ ਸਿੰਘ ਦਾ। ਉਨ੍ਹਾਂ ਅਨੁਸਾਰ ਪੂਰੀ ਵਿਆਖਿਆ ਇਸ ਪ੍ਰਕਾਰ ਹੈ, “ਅਰਬਦ=ਦਸ ਕਰੋੜ (ਸਾਲ)। ਨਰਬਦ=ਨ ਅਰਬਦ, ਜਿਸ ਵਾਸਤੇ ਲਫ਼ਜ਼ ‘ਅਰਬਦ’ ਭੀ ਨਾਂਹ ਵਰਤਿਆ ਜਾ ਸਕੇ, ਗਿਣਤੀ ਤੋਂ ਪਰੇ। ਧੁੰਧੂਕਾਰਾ=ਘੁੱਪ ਹਨੇਰਾ {ਨੋਟ: ਘੁੱਪ ਹਨੇਰੇ ਵਿਚ ਪਤਾ ਨਹੀਂ ਲੱਗ ਸਕਦਾ ਕਿ ਇਥੇ ਕੀਹ ਕੁਝ ਪਿਆ ਹੈ} ਉਹ ਹਾਲਤ ਜਿਸ ਦੀ ਬਾਬਤ ਕੋਈ ਭੀ ਮਨੁੱਖ ਕੁਝ ਨਹੀਂ ਦੱਸ ਸਕਦਾ। (ਜਗਤ ਦੀ ਰਚਨਾ ਤੋਂ ਪਹਿਲਾਂ ਬੇਅੰਤ ਸਮਾਂ ਜਿਸ ਦੀ ਗਿਣਤੀ ਦੇ ਵਾਸਤੇ) ਅਰਬਦ ਨਰਬਦ (ਲਫ਼ਜ਼ ਭੀ ਨਹੀਂ ਵਰਤੇ ਜਾ ਸਕਦੇ, ਐਸੀ) ਘੁੱਪ ਹਨੇਰੇ ਦੀ ਹਾਲਤ ਸੀ (ਭਾਵ, ਅਜਿਹੀ ਹਾਲਤ ਸੀ ਜਿਸ ਦੀ ਬਾਬਤ ਕੁਝ ਭੀ ਦੱਸਿਆ ਨਹੀਂ ਜਾ ਸਕਦਾ।”
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਹਿਬ ਸਿੰਘ ਨੇ ਪਹਿਲਾਂ ਫਰੀਦਕੋਟ ਵਾਲੇ ਟੀਕੇ ਵਾਂਗੂੰ ਨਰਬਦ ਨੂੰ ਕੁਝ ਇਸ ਤਰ੍ਹਾਂ ਬਣਾ ਦਿੱਤਾ ਕਿ ਇਹ ਪਹਿਲਾਂ ਵਰਤੇ ਨਿਸ਼ਚਿਤ ਅਰਥਾਂ ਵਾਲੇ ਸ਼ਬਦ ‘ਅਰਬਦ’ ਨੂੰ ਹੀ ਰੱਦ ਕਰਦਾ ਹੈ। ਜਿਵੇਂ ਗੁਰੂ ਸਾਹਿਬ ਕਹਿ ਰਹੇ ਹੋਣ ਕਿ ‘ਅਰਬਾਂ ਯੁੱਗ ਪਹਿਲਾਂ, ਨਹੀਂ ਅਰਬਾਂ ਯੁੱਗ ਪਹਿਲਾਂ ਵੀ ਨਹੀਂ।’ ਫਿਰ ਇਹ ਕਹਿ ਕੇ ਕਿ ‘ਅਰਬਦ ਨਰਬਦ (ਲਫ਼ਜ਼ ਭੀ ਨਹੀਂ ਵਰਤੇ ਜਾ ਸਕਦੇææ) ਹੋਰ ਘਚੋਲਾ ਪਾ ਦਿੱਤਾ ਹੈ।
ਨੋਟ ਕਰਨ ਵਾਲੀ ਗੱਲ ਹੈ ਕਿ ਸਿਵਾਏ ‘ਮਹਾਨ ਕੋਸ਼’ ਦੇ ਸਭ ਟੀਕਾਕਾਰਾਂ ਨੇ ਅਰਬਦ ਸ਼ਬਦ ਦਾ ਅਰਥ ਕੁਝ ਹੱਦ ਤੱਕ ਠੀਕ ਕੀਤਾ ਹੈ ਪਰ ਨਰਬਦ ਬਾਰੇ ਸਾਰਿਆਂ ਵਿਚ ਭੰਬਲਭੂਸਾ ਹੈ। ਦਰਅਸਲ ਅਰਬਦ ਤੇ ਨਰਬਦ ਦੋਨੋਂ ਸ਼ਬਦ ਵਿਸ਼ੇਸ਼ ਨਿਸ਼ਚਿਤ ਸੰਖਿਆ ਵੱਲ ਸੰਕੇਤ ਕਰਦੇ ਹਨ। ਸਕੂਲੀ ਦਿਨਾਂ ਵਿਚ ਹੀ ਅਸੀਂ ਪੜ੍ਹਿਆ ਕਰਦੇ ਸਾਂ ਕਿ ਕਰੋੜ ਤੋਂ ਬਾਅਦ ‘ਅਰਬ’ ਸੰਖਿਆ ਆਉਂਦੀ ਹੈ ਜੋ ਸੌ ਕਰੋੜ ਦੇ ਬਰਾਬਰ ਹੁੰਦੀ ਹੈ। ਅਰਬਦ ਇਹੀ ਸੰਖਿਆ ਹੈ ਜੋ ਮੁਢਲੇ ਤੌਰ ‘ਤੇ ਸੰਸਕ੍ਰਿਤ ਦਾ ਸ਼ਬਦ ਹੈ। ਭਾਰਤ ਵਿਚ ਗਿਣਤੀ ਦੀ ਪ੍ਰਣਾਲੀ ਤੇ ਸੰਖਿਆਵਾਂ ਦਾ ਨਾਮਕਰਣ ਹਜ਼ਾਰਾਂ ਸਾਲ ਪਹਿਲਾਂ ਹੀ ਵਿਕਸਿਤ ਕਰ ਲਏ ਗਏ ਸਨ। ਇਸ ਦਾ ਵੱਡਾ ਕਾਰਨ ਭਾਰਤ ਵਿਚ ਬਹੁਤ ਪਹਿਲਾਂ ਸਿਫਰ ਦੀ ਕਾਢ ਤੇ ਦਸ਼ਮਲਵ ਪ੍ਰਣਾਲੀ ਦਾ ਚਾਲੂ ਹੋ ਜਾਣਾ ਹੈ। ਯੂਰਪ ਵਿਚ ਅਜੇ ਮਿਲੀਅਨ ਤੱਕ ਦੀ ਗਿਣਤੀ ਦੇ ਸ਼ਬਦ ਸਨ ਜਦ ਕਿ ਭਾਰਤੀਆਂ ਨੇ 10 ਨੂੰ ਚੌਦਾਂ ਵਾਰੀ ਆਪਸ ਵਿਚ ਗੁਣਾਂ ਕਰਕੇ ਹਾਸਿਲ ਆਉਂਦੀਆਂ ਸੰਖਿਆਵਾਂ ਲਈ ਵੀ ਸ਼ਬਦ ਘੜ ਲਏ ਸਨ। ਕੁਝ ਗ੍ਰੰਥਾਂ ਵਿਚ ਤਾਂ 10 ਦੀ 53 ਤੱਕ ਸ਼ਕਤੀ ਲਈ ਵੀ ਸ਼ਬਦ ਮਿਲਦੇ ਹਨ। ਹਾਂ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਹ ਸਾਰੇ ਸ਼ਬਦ ਅਕਸਰ ਸਿਧਾਂਤਕ ਸੰਭਾਵਨਾਵਾਂ ਹੀ ਹਨ, ਇਨ੍ਹਾਂ ਦਾ ਪ੍ਰਮਾਣੀਕਰਣ ਵੀ ਨਹੀਂ ਹੋਇਆ ਤੇ ਇਨ੍ਹਾਂ ਦੀ ਵਿਹਾਰਕ ਵਰਤੋਂ ਵੀ ਘਟ ਹੀ ਹੋਈ ਹੈ। ਤਾਂ ਹੀ ਬਹੁਤੇ ਗ੍ਰੰਥ ਕਰੋੜ ਤੋਂ ਅੱਗੇ ਗਿਣਤੀ ਦੇ ਨਾਂਵਾਂ ਲਈ ਅਤੇ ਸੰਕੇਤਕ ਸੰਖਿਆ ਲਈ ਇਕ ਮਤ ਨਹੀਂ ਹਨ।
ਇਕ ਸਰੋਤ ਅਨੁਸਾਰ ਭਾਰਤੀ ਸੰਖਿਆ ਪ੍ਰਣਾਲੀ ਅਨੁਸਾਰ ਵੱਡੀਆਂ ਸੰਖਿਆਵਾਂ ਦੇ ਨਾਂਵਾਂ ਦਾ ਵੇਰਵਾ ਦੇਣਾ ਕੁਥਾਂ ਨਹੀਂ ਹੋਵੇਗਾ: ਦਸ਼ (10), ਸ਼ਤ ( ਸੌ, 100), ਸਹਸਤਰ (ਹਜ਼ਾਰ, 1000), ਅਯੁਤ (ਦਸ ਹਜ਼ਾਰ) ਨਿਯੁਤ (ਇਕ ਲੱਖ), ਅਰਬਦ (ਕਰੋੜ), ਨਿਅਰਬੁਦ (ਦਸ ਕਰੋੜ), ਵ੍ਰਿੰਦ (ਇਕ ਅਰਬ), ਪਰ (ਦਸ ਅਰਬ), ਖਰਵ (ਖਰਬ), ਨਿਖਰਬ (ਦਸ ਖਰਬ), ਸੰਖ (ਦਸ ਨਿਖਰਬ), ਪਦਮ (ਦਸ ਸੰਖ), ਸਮੁੰਦਰ (ਦਸ ਪਦਮ), ਮਧਯਮ (ਦਸ ਸਮੁੰਦਰ), ਪਰਾਰਧ (ਦਸ ਮਧਯਮ)। ਕੁਝ ਸਰੋਤਾਂ ਵਿਚ ਇਸ ਤੋਂ ਵੀ ਅੱਗੇ ਮਿਲਦੀਆਂ ਸੰਖਿਆਵਾਂ ਦੇ ਨਾਂ ਗਿਣਾਉਣ ਲੱਗਾਂ ਤਾਂ ਤੁਸੀਂ ਪਹਿਲੀਆਂ ਗਿਣਤੀਆਂ ਵੀ ਭੁਲ ਜਓਗੇ। ਯੂਰਪੀ ਵਿਦਵਾਨ ਇਸ ਗੱਲ ‘ਤੇ ਹੈਰਾਨ ਹਨ ਕਿ ਗਿਣਤੀ ਦੇ ਸਬੰਧ ਵਿਚ ਭਾਰਤੀ ਕਲਪਨਾ ਕਿੰਨੀ ਦੂਰ ਤੱਕ ਜਾਂਦੀ ਹੈ ਜਦ ਕਿ ਪਛਮੀ ਵਿਦਵਤਾ ਸਥੂਲ ਪ੍ਰਸ਼ਨਾਂ ਵੱਲ ਹੀ ਰੁਚਿਤ ਰਹੀ। ਵੱਡੀਆਂ ਵੱਡੀਆਂ ਗਿਣਤੀਆਂ ਦੀ ਵਰਤੋਂ ਧਾਰਮਿਕ ਪ੍ਰਸੰਗ ਤੇ ਭਾਰਤ ਵਿਚ ਵਿਕਸਿਤ ਜਿਯੋਤਿਸ਼ ਸ਼ਾਸਤਰ ਵਿਚ ਕੀਤੀ ਜਾਂਦੀ ਸੀ। ਸ੍ਰਿਸ਼ਟੀ, ਬ੍ਰਹਮਾ ਦੀ ਉਮਰ ਤੇ ਕਲਪਾਂ ਆਦਿ ਦੇ ਪ੍ਰਸੰਗ ਜੇ ਭਾਰਤੀ ਦਰਸ਼ਨ ਵਿਚ ਦੇਖੇ ਜਾਣ ਤਾਂ ਪਤਾ ਲਗਦਾ ਹੈ ਕਿ ਇਥੇ ਕਲਪਨਾ ਨੂੰ ਵੱਡੀਆਂ-ਵੱਡੀਆਂ ਸੰਖਿਆਵਾਂ ਦੁਆਰਾ ਪ੍ਰਗਟ ਕੀਤਾ ਜਾਂਦਾ ਰਿਹਾ ਹੈ। ਬਾਈਬਲ ਅਨੁਸਾਰ ਤਾਂ ਇਸ ਸ੍ਰਿਸ਼ਟੀ ਦੀ ਉਮਰ ਕੋਈ ਦਸ ਕੁ ਹਜ਼ਾਰ ਸਾਲ ਹੀ ਬਣਦੀ ਹੈ।
ਯਜੁਰਵੇਦ ਦੇ ਇਕ ਮੰਤਰ ਦੀ ਮਿਸਾਲ ਦੇਣੀ ਚਾਹਾਂਗਾ, “ਹੇ ਅਗਨੀਦੇਵ (ਹਵਨ) ਦੀਆਂ ਇਹ ਇਸ਼ਟਕਾਵਾਂ (ਸੂਖਮ ਸਮੱਗਰੀ) ਗਊਆਂ ਬਰਾਬਰ ਬਣ ਜਾਣ। ਇਹ ਇਸ਼ਟਕਾਵਾਂ ਇਕ ਤੋਂ ਦਸ ਗੁਣਾ ਹੋ ਕੇ ਦਸ ਬਣ ਜਾਣ, ਦਸ ਤੋਂ ਦਸ ਗੁਣਾ ਹੋ ਕੇ ਸੌ, ਸੌ ਤੋਂ ਦਸ ਗੁਣਾ ਹੋ ਕੇ ਸਹਸਤਰ, ਸਹਸਤਰ ਤੋਂ ਦਸ ਗੁਣਾ ਹੋ ਕੇ ਅਯੁਤ, ਅਯੁਤ ਤੋਂ ਦਸ ਗੁਣਾ ਹੋ ਕੇ ਨਿਯੁਤ, ਨਿਯੁਤ ਤੋਂ ਦਸ ਗੁਣਾ ਹੋ ਕੇ ਪ੍ਰਯੁਤ, ਪ੍ਰਯੁਤ ਤੋਂ ਦਸ ਗੁਣਾ ਹੋ ਕੇ ਕੋਟੀ, ਕੋਟੀ ਤੋਂ ਦਸ ਗੁਣਾ ਹੋ ਕੇ ਅਰਬੁਦ, ਅਰਬੁਦ ਤੋਂ ਦਸ ਗੁਣਾ ਹੋ ਕੇ ਨਿਅਰਬਦæææ।” ਇਸ ਤਰ੍ਹਾਂ ਹੋਰ ਅੱਗੇ ਦਸ ਦਸ ਗੁਣਾ ਕਰਕੇ ਵਧਦੀਆਂ ਸੰਖਿਆਵਾਂ ਖਰਵ, ਪਦਮ, ਮਹਾਂਪਦਮ, ਸੰਖ, ਸਮੁਦਰ, ਮਧਯ, ਅੰਤ, ਪ੍ਰਾਰਧ, ਤੱਕ ਬਣ ਜਾਂਦੀਆਂ ਹਨ।
ਉਪਰੋਕਤ ਚਰਚਾ ਦਾ ਪਿਛੋਕੜ ਆਪਣੇ ਵਿਸ਼ੇ ‘ਤੇ ਢੁਕਾਈਏ। ਸਾਡੀ ਜਾਚੇ ‘ਅਰਬਦ ਨਰਬਦ’ ਵੀ ‘ਹਜ਼ਾਰਾਂ ਲੱਖਾਂ’, ‘ਲੱਖਾਂ ਕਰੋੜਾਂ’, ‘ਅਰਬਾਂ ਖਰਬਾਂ’ ਆਦਿ ਦੀ ਤਰ੍ਹਾਂ ਇਕ ਸ਼ਬਦ ਜੁੱਟ ਹੈ ਜੋ ਗੁਰੂ ਸਾਹਿਬ ਨੇ ਬਹੁਤ ਵੱਡੀ ਗਿਣਤੀ ਦਰਸਾਉਣ ਲਈ ਵਰਤਿਆ ਹੈ। ਇਸ ਸ਼ਬਦ ਜੁੱਟ ਵਿਚਲੇ ਦੋਨੋਂ ਘਟਕ, ਅਰਬਦ ਤੇ ਨਰਬਦ ਇਕ ਨਿਸ਼ਚਿਤ ਸੰਖਿਆ ਦੇ ਸੂਚਕ ਹਨ ਭਾਵੇਂ ਕਿ ਉਨ੍ਹਾਂ ਦਾ ਪ੍ਰਮਾਣੀਕਰਣ ਨਹੀਂ ਹੋਇਆ। ਮੈਂ ਹਾਲ ਦੀ ਘੜੀ ਦੋਨਾਂ ਸ਼ਬਦਾਂ ਦੀ ਵਿਉਤਪਤੀ ਵੱਲ ਨਹੀਂ ਜਾ ਰਿਹਾ। ਹਾਂ, ਏਨਾ ਜ਼ਰੂਰ ਕਹਿ ਸਕਦਾ ਹਾਂ ਕਿ ਅਰਬਦ ਸ਼ਬਦ ਵਿਚ ਵਧਣ, ਫੁਲਣ, ਫੈਲਣ ਆਦਿ ਦੇ ਭਾਵ ਹਨ।
ਨਰਬਦ ਵਿਚਲਾ ‘ਨ’ ਅਗੇਤਰ ਨਾਂਹ-ਸੂਚਕ ਨਹੀਂ ਹੈ, ਇਹ ਅਗੇਤਰ ‘ਚੰਗੀ ਤਰ੍ਹਾਂ’ ਦੇ ਅਰਥਾਂ ਵਿਚ ਵੀ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਨਰਬਦ ਦਾ ਅਰਥ ‘ਚੰਗੀ ਤਰ੍ਹਾਂ ਦਾ ਅਰਬਦ’ ਅਰਥਾਤ ਅਰਬ ਤੋਂ ਵੀ ਵੱਡਾ ਹੈ। ਸੰਖਿਆਵਾਂ ਲਈ ਵਰਤੇ ਜਾਂ ਘੜੇ ਗਏ ਸ਼ਬਦ ਮੁਢਲੇ ਤੌਰ ‘ਤੇ ਕਿਸੇ ਸਥੂਲ ਸਥਿਤੀ ਦੇ ਸੰਕੇਤਕ ਹਨ। ਗਿਆਨ ਸਮੂਰਤ ਤੋਂ ਅਮੂਰਤ ਵੱਲ ਵਧਦਾ ਹੈ, ਸ਼ਬਦਾਂ ਦਾ ਵਿਕਾਸ ਵੀ ਐਨ ਇਸੇ ਤਰ੍ਹਾਂ ਹੁੰਦਾ ਹੈ। ਮੇਰੀ ਜਾਚੇ ਅਰਬਦ ਸ਼ਬਦ ਦੇ ਹੋਰ ਅਰਥਾਂ ਤੋਂ ਇਸ ਵਿਚਲੇ ਵਧਣ, ਫੁਲਣ, ਫੈਲਣ ਆਦਿ ਦੇ ਭਾਵ ਸੌਖਿਆਂ ਹੀ ਸਪੱਸ਼ਟ ਕੀਤੇ ਜਾ ਸਕਦੇ ਹਨ। ਚਲੋ ‘ਮਹਾਨ ਕੋਸ਼’ ਵਲੋਂ ਇਸ ਸ਼ਬਦ ਦੇ ਦੱਸੇ ਅਰਥਾਂ ਨੂੰ ਇਸ ਸੰਕਲਪ ਤੇ ਢੁਕਾਈਏ: ਦਸ ਹਜ਼ਾਰ ਇਕ ਵੱਡੀ ਫੁੱਲੀ ਹੋਈ ਸੰਖਿਆ ਹੈ; (ਆਰਾਵਲੀ) ਪਹਾੜ ਦੂਰ ਤੱਕ ਫੈਲਿਆ ਤੇ ਉਭਰਿਆ ਭੂਗੋਲਿਕ ਵਰਤਾਰਾ ਹੈ; ਬੱਦਲਾਂ ਦਾ ਵੀ ਖੂਬ ਪਸਾਰਾ ਹੁੰਦਾ ਹੈ; ਰਸੌਲੀ ਸਰੀਰ ਦੇ ਵਧੇ ਹੋਏ ਹਿੱਸੇ ਨੂੰ ਹੀ ਕਹਿੰਦੇ ਹਨ।
ਖੇਦ ਹੈ ਕਿ ਖੁਦ ‘ਮਹਾਨ ਕੋਸ਼’ ਨੇ ਇਸ ਸ਼ਬਦ ਦੇ ਅਜਿਹੇ ਅਰਥਾਂ ਨੂੰ ‘ਅਰਬਦ ਨਰਬਦ ਧੁੰਧੂਕਾਰਾ’ ਉਤੇ ਲਾਗੂ ਕਰ ਕੇ ਨਹੀਂ ਦੇਖਿਆ।