ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2857
ਰਾਏ ਸਿੰਘ ਖੂਹ ਵਾਲੇ ਦੇ ਤਿੰਨ ਪੁੱਤਰ ਸਨ-ਤਰਲੋਕ, ਸੰਤੋਖ ਤੇ ਮਾਘੀ ਅਤੇ ਇਕ ਧੀ ਬਸੰਤੋ। ਮਾਪਿਆਂ ਦਾ ਉਹ ਇਕਲੌਤਾ ਪੁੱਤਰ ਸੀ। ਪੰਦਰਾਂ ਕਿੱਲੇ ਜ਼ਮੀਨ ਸੀ, ਉਹ ਵੀ ਇਕੋ ਥਾਂ ਸੂਏ ਦੇ ਮੋਘੇ ਮੂਹਰੇ। ਖੂਹ ਤੇ ਨਹਿਰੀ ਪਾਣੀ ਖੁੱਲ੍ਹਾ ਹੋਣ ਕਰ ਕੇ ਪੰਜੇ ਉਂਗਲਾਂ ਘਿਓ ਵਿਚ ਸਨ। ਬਲਦਾਂ ਦੀ ਚੰਗੀ ਜੋੜੀ ਤੇ ਦੂਜਾ ਵਧੀਆ ਨਸਲ ਦਾ ਬੋਤਾ। ਪੈਸੇ ਦੀ ਬਰਕਤ ਅਤੇ ਨਾਲ ਲਗਦੇ ਪਿੰਡਾਂ ਵਿਚ ਬੰਦੇ ਦੀ ਚੜ੍ਹਾਈ ਹੋਵੇ, ਤਾਂ ਮਾਈ ਦਾ ਲਾਲ ਵਿਰਲਾ-ਟਾਂਵਾਂ ਹੀ ਹਓਮੈ ਤੋਂ ਬਚ ਸਕਦਾ ਹੈ। ਪਰ ਰਾਏ ਸਿੰਘ ਨੇ ਹਮੇਸ਼ਾ ਨਿਰਮਾਣ ਰਹਿ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ।
ਰਾਏ ਸਿੰਘ ਦਾ ਤੀਜਾ ਪੁੱਤਰ ਮਾਘੀ, ਪੈਰਾਂ ਵੱਲੋਂ ਠੀਕ ਨਹੀਂ ਸੀ। ਉਂਜ, ਉਹ ਕੰਮ ਬਥੇਰਾ ਕਰਦਾ। ਰਾਏ ਸਿੰਘ ਦੇ ਤਿੰਨੇ ਪੁੱਤਰ ਜ਼ਿਆਦਾ ਪੜ੍ਹ-ਲਿਖ ਨਾ ਸਕੇ। ਮਸਾਂ ਪ੍ਰਾਇਮਰੀ ਹੀ ਟੱਪੇ, ਪਰ ਖੇਤੀਬਾੜੀ ਦਾ ਕੰਮ ਉਹ ਡਟ ਕੇ ਕਰਦੇ ਸਨ। ਹੌਲੀ-ਹੌਲੀ ਉਨ੍ਹਾਂ ਪੰਦਰਾਂ ਕਿੱਲੇ ਬੈਅ ਲੈ ਲਏ। ਸਮੇਂ ਨਾਲ ਤਰਲੋਕ ਤੇ ਸੰਤੋਖ ਤਾਂ ਵਿਆਹੇ ਗਏ, ਪਰ ਮਾਘੀ ਦੇ ਪੈਰਾਂ ਵਿਚ ਨੁਕਸ ਹੋਣ ਕਰ ਕੇ ਰਿਸ਼ਤੇ ਦੀ ਗੱਲ ਨਾ ਬਣੀ। ਕੁਝ ਕੁ ਦੋਹਾਂ ਭਰਾਵਾਂ ਦੇ ਲਾਲਚ ਨੇ ਗੇੜਾ ਦਿੱਤਾ। ਉਨ੍ਹਾਂ ਦੀ ਅੱਖ ਜ਼ਮੀਨ ਉਤੇ ਸੀ।
ਦੋਵੇਂ ਭਰਾਵਾਂ ਦੇ ਇਸ ਲਾਲਚ ਦੀ ਭਿਣਕ ਰਾਏ ਸਿੰਘ ਨੂੰ ਪੈ ਗਈ। ਉਸ ਨੇ ਮਾਘੀ ਨੂੰ ਬਰਾਬਰ ਦਾ ਕਰਨ ਲਈ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਰਿਸ਼ਤੇ ਬਾਰੇ ਕਿਹਾ। ਉਹਦੀ ਮਾਸੀ ਦੇ ਮੁੰਡੇ ਨੇ ਆਖਰ ਰਿਸ਼ਤਾ ਲੱਭ ਲਿਆ। ਕੁੜੀ ਲੱਤੋਂ ਲੰਗੜੀ ਸੀ। ਸੋਹਣੀ-ਸੁਨੱਖੀ ਸੀ, ਪਰ ਦਿਮਾਗ ਐਨਾ ਚੁਸਤ-ਚਲਾਕੀ ਵਾਲਾ ਨਹੀਂ ਸੀ। ਮਾਘੀ ਡੋਲੀ ਲੈ ਆਇਆ। ਬਾਕੀ ਪਰਿਵਾਰ ਨੇ ਮੱਥੇ ਤਿਉੜੀਆਂ ਪਾ ਕੇ ਸ਼ਗਨਾਂ ਦੇ ਲੱਡੂ ਲੰਘਾਏ।
ਤਰਲੋਕ ਦੇ ਤਿੰਨ ਧੀਆਂ ਹੋਈਆਂ ਤੇ ਇਕ ਪੁੱਤ ਅਤੇ ਸੰਤੋਖ ਦੇ ਇਕ ਪੁੱਤ ਤੇ ਧੀ ਹੋਈ। ਮਾਘੀ ਦੀ ਘਰਵਾਲੀ ਦਾ ਪੈਰ ਭਾਰੀ ਹੋ ਗਿਆ। ਜਦੋਂ ਵੱਡੇ ਭਰਾਵਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਦੀ ਹਿੱਕ ‘ਤੇ ਨਾਗ ਲੇਟਣ ਲੱਗ ਪਏ। ਲਾਲਚ ਨੇ ਉਨ੍ਹਾਂ ਦੀਆਂ ਅੱਖਾਂ ‘ਤੇ ਫਿਰ ਪੱਟੀ ਬੰਨ੍ਹ ਦਿੱਤੀ। ਤਰਲੋਕ ਦੀ ਘਰਵਾਲੀ ਨੇ ਗਰਮ ਕਾੜ੍ਹਾ ਮਾਘੀ ਦੀ ਘਰ ਵਾਲੀ ਨੂੰ ਪਿਲਾ ਦਿੱਤਾ। ਦੂਜੇ-ਤੀਜੇ ਦਿਨ ਉਹ ਪੇਟੋਂ ਖਾਲੀ ਹੋ ਗਈ। ਮਾਘੀ ਨੂੰ ਪਤਾ ਲੱਗਿਆ ਤਾਂ ਉਹ ਧਾਹੀਂ ਰੋ ਪਿਆ। ਫਿਰ ਕਈ ਸਾਲ ਲੰਘ ਗਏ। ਮਾਘੀ ਦੀ ਘਰਵਾਲੀ ਨੂੰ ਦਿਨ ਨਾ ਟੱਪੇ। ਭਰਾ-ਭਰਜਾਈਆਂ ਖੁਸ਼ ਸਨ। ਹੁਣ ਇਨ੍ਹਾਂ ਦੀ ਜ਼ਮੀਨ ਦੇ ਹੱਕਦਾਰ ਵੀ ਉਨ੍ਹਾਂ ਦੇ ਪੁੱਤਰ ਹੀ ਹੋਣਗੇ। ਮਾਘੀ ਦੀ ਘਰਵਾਲੀ ਖਾਲੀ ਪੇਟ ‘ਤੇ ਹੱਥ ਫੇਰ ਕੇ ਵਾਹਿਗੁਰੂ ਅੱਗੇ ਹੱਥ ਜੋੜ ਲੈਂਦੀ; ਆਖਦੀ-ਮੁੰਡਾ ਨਹੀਂ ਦੇਣਾ ਤਾਂ ਨਾ ਸਹੀ, ਰੱਬਾ ਝੋਲੀ ਵਿਚ ਕੁੜੀ ਦੀ ਦਾਤ ਹੀ ਪਾ ਦੇ!
ਖੂਹ ਦੀ ਥਾਂ ਮੋਟਰਾਂ ਅਤੇ ਬਲਦਾਂ ਦੀ ਥਾਂ ਟਰੈਕਟਰ ਆ ਗਏ। ਝੋਨੇ ਦੀ ਫਸਲ ਨਾਲ ਕਿਸਾਨਾਂ ਨੇ ਹੱਥ ਰੰਗ ਲਏ। ਹੌਲੀ-ਹੌਲੀ ਹਰ ਜ਼ਿਮੀਂਦਾਰ ਪੈਰਾਂ ਸਿਰ ਹੋ ਗਿਆ। ਵੱਡੇ ਭਰਾਵਾਂ ਨੇ ਦੋ ਖੁੱਲ੍ਹੇ-ਡੁੱਲ੍ਹੇ ਘਰ ਬਣਾ ਲਏ, ਪਰ ਮਾਘੀ ਨੂੰ ਪੁਰਾਣੀ ਬੈਠਕ ਨਾਲ ਹੀ ਸਬਰ ਕਰਨਾ ਪਿਆ। ਉਸ ਨੇ ਆਪਣਾ ਘਰ ਬਣਾਉਣ ਲਈ ਕਿਹਾ ਤਾਂ ਦੋਵੇਂ ਭਰਾ ਡਾਂਗਾਂ ਲੈ ਕੇ ਪੈ ਗਏ।
ਕਣਕ ਦੀ ਬਿਜਾਈ ਤੋਂ ਬਾਅਦ ਮਾਘੀ ਦੀ ਘਰਵਾਲੀ ਪੇਕੇ ਚਲੀ ਗਈ। ਉਸ ਦੀ ਭਰਜਾਈ ਉਸ ਨੂੰ ਸ਼ਹਿਰ ਨਰਸਿੰਗ ਹੋਮ ਲੈ ਗਈ। ਨਰਸ ਨੇ ਚੈੱਕਅਪ ਕਰ ਕੇ ਦੱਸਿਆ ਕਿ ਨਾਲੇ ਪੁੱਤ-ਧੀ ਭਾਲਦੀ ਹੈਂ ਤੇ ਨਾਲੇ ਗਰਭ-ਰੋਕੂ ਗੋਲੀਆਂ ਖਾ ਰਹੀ ਹੈਂ। ਮਾਘੀ ਦੀ ਘਰਵਾਲੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਦੋਂ ਨਰਸ ਦੇ ਦੱਸੇ ਨੁਸਖ਼ਿਆਂ ‘ਤੇ ਚੱਲੀ ਤਾਂ ਪਤਾ ਲੱਗ ਗਿਆ ਕਿ ਦੋਵੇਂ ਜੇਠਾਣੀਆਂ ਉਸ ਨੂੰ ਦੁੱਧ ਵਿਚ ਘੋਲ ਕੇ ਗਰਭ-ਰੋਕੂ ਗੋਲੀਆਂ ਪਿਲਾਉਂਦੀਆਂ ਸਨ। ਉਸ ਨੇ ਦੁੱਧ ਪੀਣਾ ਛੱਡ ਦਿੱਤਾ। ਚਾਹ ਵੀ ਆਪ ਬਣਾਉਣ ਲੱਗ ਗਈ। ਅਗਲੇ ਮਹੀਨੇ ਉਹਦੇ ਦਿਨ ਟੱਪ ਗਏ। ਉਸ ਨੇ ਕਿਸੇ ਨੂੰ ਨਾ ਦੱਸਿਆ ਤੇ ਨਾ ਹੀ ਕਿਸੇ ਦੇ ਹੱਥੋਂ ਕੁਝ ਲੈ ਕੇ ਪੀਤਾ। ਚੌਥੇ ਮਹੀਨੇ ਸੱਸ ਨੂੰ ਦੱਸ ਦਿੱਤਾ। ਧੀ ਨੇ ਜਨਮ ਲਿਆ। ਮਾਘੀ ਨੇ ਘਰ ਦੀ ਕੱਢੀ ਦਾਰੂ ਯਾਰਾਂ-ਮਿੱਤਰਾਂ ਨੂੰ ਪਿਲਾਈ। ਸਭ ਨੇ ਜਸ਼ਨ ਮਨਾਏ, ਪਰ ਦੋਵੇਂ ਵੱਡੇ ਭਰਾਵਾਂ ਨੂੰ ਮਾਘੀ ਦਾ ਜਵਾਈ ਉਨ੍ਹਾਂ ਦੇ ਪੁੱਤਾਂ ਦੇ ਗਲ ਅੰਗੂਠਾ ਦਿੰਦਾ ਦਿੱਸਣ ਲੱਗਿਆ।
ਤਰਲੋਕ ਤੇ ਸੰਤੋਖ ਦੇ ਬੱਚੇ ਪੜ੍ਹ-ਲਿਖ ਗਏ। ਪਹਿਲਾਂ ਤਰਲੋਕ ਨੇ ਤਿੰਨੇ ਕੁੜੀਆਂ ਵਿਆਹੀਆਂ। ਮੁੰਡਾ ਕਾਲਜ ਦਾਖਲ ਹੋ ਗਿਆ। ਸੰਤੋਖ ਦੇ ਬੱਚੇ ਪੜ੍ਹ ਹਟੇ ਸਨ ਤੇ ਦੋਵੇਂ ਘਰਾਂ ਦਾ ਕੰਮ ਕਰਵਾ ਦਿੰਦੇ ਸਨ। ਤਰਲੋਕ ਦੇ ਮੁੰਡੇ ਦੇ ਨਿੱਤ ਉਲਾਂਭੇ ਆਉਣ ਲੱਗੇ, ਉਹ ਕਈ ਵਾਰ ਥਾਣੇ ਜਾ ਆਇਆ ਸੀ। ਫਿਰ ਤਰਲੋਕ ਨੇ ਉਸ ਨੂੰ ਪਿੰਡੋਂ ਕੱਢਣ ਦਾ ਮਨ ਬਣਾ ਲਿਆ। ਕਿਸੇ ਏਜੰਟ ਨੂੰ ਪੈਸੇ ਦੇ ਕੇ ਅਮਰੀਕਾ ਵੱਲ ਚਾੜ੍ਹ ਦਿੱਤਾ। ਕਈ ਮਹੀਨੇ ਰਾਹਾਂ ਵਿਚ ਖੱਜਲ-ਖੁਆਰ ਹੋ ਕੇ ਉਹ ਅਮਰੀਕਾ ਪਹੁੰਚ ਗਿਆ।
ਅਮਰੀਕਾ ਆ ਕੇ ਵੀ ਉਹ ਨਾ ਸੁਧਰਿਆ। ਕੰਮ ਉਤੇ ਜਾਂਦਾ ਨਹੀਂ ਸੀ ਤੇ ਖਰਚੇ ਲਈ ਪਿੰਡੋਂ ਰੁਪਏ ਮੰਗਵਾਉਂਦਾ। ਆਵਾਰਾਗਰਦੀ ਕਰਦੇ ਨੂੰ ਪੰਡਤਾਂ ਦੀ ਪੰਜਾਬਣ ਕੁੜੀ ਮਿਲ ਗਈ ਜਿਸ ਦੇ ਪਿਆਰ ਨੇ ਉਸ ਨੂੰ ਸੁਧਾਰ ਦਿੱਤਾ, ਉਹ ਪੱਕਾ ਵੀ ਹੋ ਗਿਆ ਅਤੇ ਉਸ ਨੇ ਕੁੜੀ ਨਾਲ ਪੱਕਾ ਵਿਆਹ ਕਰਵਾ ਲਿਆ। ਤਰਲੋਕ ਨੇ ਵੀ ਸੁੱਖ ਦਾ ਸਾਹ ਲਿਆ ਕਿ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸੰਤੋਖ ਨੇ ਦੋਵੇਂ ਬੱਚੇ ਵਿਆਹ ਦਿੱਤੇ ਸਨ। ਦੋਵਾਂ ਵੱਡੇ ਭਰਾਵਾਂ ਦਾ ਪਰਿਵਾਰ ਖੁਸ਼ੀਆਂ ਨਾਲ ਰਹਿ ਰਿਹਾ ਸੀ। ਫਿਰ ਵੀ ਉਹ ਅੰਦਰੋ-ਅੰਦਰੀ ਤੌੜੀ ਪਏ ਸਾਗ ਵਾਂਗ ਰਿੱਝੀ ਜਾਂਦੇ ਸਨ।
ਸਮਾਂ ਬੀਤਦਾ ਗਿਆ। ਰਾਏ ਸਿੰਘ ਨੇ ਜ਼ਮੀਨ ਦੀ ਵਸੀਅਤ ਤਿੰਨਾਂ ਪੁੱਤਰਾਂ ਦੇ ਨਾਂ ਕਰਵਾ ਦਿੱਤੀ। ਉਸ ਦੀ ਮੌਤ ਤੋਂ ਬਾਅਦ ਮਾਘੀ ਕਾਨੂੰਨੀ ਤੌਰ ‘ਤੇ ਆਪਣੇ ਹਿੱਸੇ ਦਾ ਮਾਲਕ ਬਣ ਗਿਆ, ਪਰ ਦੋਵੇਂ ਵੱਡੇ ਭਰਾ ਇਸ ਮਾਲਕੀ ਨੂੰ ਕਿਵੇਂ ਜਰ ਸਕਦੇ ਸਨ! ਉਹ ਜ਼ਮੀਨ ਹਥਿਆਉਣ ਲਈ ਚਾਲਾਂ ਚੱਲਣ ਲੱਗੇ।
ਮਾਘੀ ਦੀ ਧੀ ਵੀ ਮੁਟਿਆਰ ਹੋ ਗਈ। ਉਸ ਲਈ ਵਰ ਲੱਭਣ ਦਾ ਸਮਾਂ ਆ ਗਿਆ ਸੀ। ਦੋਵੇਂ ਵੱਡੇ ਭਰਾਵਾਂ ਨੇ ਸਲਾਹ ਬਣਾਈ ਕਿ ਮਾਘੀ ਨੂੰ ਪਿਆਰ ਨਾਲ ਸਮਝਾ ਕੇ ਉਸ ਦੀ ਜ਼ਮੀਨ ਨਾਂ ਕਰਵਾ ਲਵਾਂਗੇ। ਬਦਲੇ ਵਿਚ ਥੋੜ੍ਹੇ ਪੈਸੇ ਦੇ ਦੇਵਾਂਗੇ, ਤੇ ਬਾਅਦ ਵਿਚ ਉਹ ਵੀ ਕਢਵਾ ਲਵਾਂਗੇ।
ਤਰਲੋਕ ਦੇ ਪੁੱਤ ਨੂੰ ਵੀ ਆਪਣੇ ਪਿਤਾ ਦੇ ਲਾਲਚੀ ਹੋਣ ਦੀ ਖਬਰ ਮਿਲ ਗਈ ਸੀ। ਉਸ ਨੇ ਪਿਓ ਨੂੰ ਸਮਝਾਇਆ ਕਿ ਇਹ ਸਭ ਕੁਝ ਇਥੇ ਰਹਿ ਜਾਣਾ ਹੈ, ਚਾਚੇ ਨਾਲ ਧੱਕਾ ਨਾ ਕਰ, ਪਰ ਤਰਲੋਕ ਰੱਬ ਭੁੱਲ ਬੈਠਾ ਸੀ। ਦੋਹਾਂ ਭਰਾਵਾਂ ਨੇ ਦਸ ਲੱਖ ਰੁਪਏ ਵਿਚ ਮਾਘੀ ਤੋਂ ਦਸ ਕਿੱਲਿਆਂ ਦੀ ਰਜਿਸਟਰੀ ‘ਤੇ ਦਸਤਖਤ ਕਰਵਾ ਲਏ। ਉਸ ਦੇ ਕੰਨ ਵਿਚ ਕਹਿ ਦਿੱਤਾ-ਨਹੀਂ ਤਾਂ ਤੇਰਾ ਜਵਾਈ ਸਾਰੀ ਜ਼ਮੀਨ ਲੈ ਜਾਊ। ਮਾਘੀ ਵਿਚਾਰਾ ਲੂੰਬੜ ਚਾਲਾਂ ਵਿਚ ਫਸ ਗਿਆ। ਜਦੋਂ ਉਸ ਨੂੰ ਭਰਾਵਾਂ ਵੱਲੋਂ ਪਿੱਠ ਵਿਚ ਛੁਰੀ ਮਾਰਨ ਦੀ ਵਿਉਂਤ ਸਮਝ ਆਈ ਤਾਂ ਪਾਣੀ ਪੁਲਾਂ ਥੱਲਿਓਂ ਲੰਘ ਚੁੱਕਾ ਸੀ। ਮਾਘੀ ਨੇ ਧੀ ਦਾ ਵਿਆਹ ਕਰ ਦਿੱਤਾ। ਦਸ ਕਿੱਲੋ ਗੋਭੀ ਦੇ ਪਕੌੜੇ ਜੰਜ ਨੂੰ ਖੁਆ ਕੇ ਭਰਾਵਾਂ ਨੇ ਆਖ ਦਿੱਤਾ ਕਿ ਤਿੰਨ ਲੱਖ ਲੱਗ ਗਏ ਹਨ।
ਤਰਲੋਕ ਦੇ ਪੁੱਤ ਨੇ ਸਿਟੀਜ਼ਨ ਹੋ ਕੇ ਆਪਣੀਆਂ ਭੈਣਾਂ ਦੇ ਪੇਪਰ ਭਰ ਦਿੱਤੇ। ਤਰਲੋਕ ਨੂੰ ਵੀ ਸੱਦ ਲਿਆ। ਪੁੱਤ ਨੇ ਤਰਲੋਕ (ਬਾਪੂ) ਨਾਲ ਜਿੰਨੀ ਕੁੱਤੇ ਖਾਣੀ ਕੀਤੀ, ਸ਼ਰਮ ਵਾਲਾ ਤਾਂ ਨਹਿਰ ਵਿਚ ਛਾਲ ਮਾਰ ਕੇ ਮਰ ਜਾਂਦਾ, ਪਰ ਉਹ ਨੀਵੀਂ ਪਾ ਕੇ ਸਾਰ ਗਿਆ; ਸਗੋਂ ਪੁੱਤ ਨੂੰ ਡਰਾਵਾ ਦਿੱਤਾ, ਜੇ ਤੂੰ ਬੰਦਾ ਨਾ ਬਣਿਆ ਤਾਂ ਮੈਂ ਸਾਰੀ ਜ਼ਮੀਨ ਆਪਣੀਆਂ ਧੀਆਂ ਦੇ ਨਾਂ ਲਵਾ ਦੇਣੀ ਹੈ।
“ਜਦੋਂ ਚਾਚੇ ਦੀ ਧੀ ਦੀ ਗੱਲ ਚੱਲੀ ਸੀ ਤਾਂ ਉਸ ਸਮੇਂ ਕਹਿ ਦਿੱਤਾ ਸੀ ਕਿ ਮਾਘੀ ਦਾ ਜਵਾਈ ਸਾਡੀ ਜ਼ਮੀਨ ਕਿਵੇਂ ਲੈ ਜਾਊ। ਹੁਣ ਨਹੀਂ ਤੇਰੇ ਜਵਾਈ, ਤੇਰੀ ਜ਼ਮੀਨ ਲਿਜਾਣਗੇ। ਨਾਲੇ ਮੈਨੂੰ ਤੇਰੀ ਜ਼ਮੀਨ ਨਹੀਂ ਚਾਹੀਦੀ, ਤੂੰ ਚਾਚੇ ਦੀ ਜ਼ਮੀਨ ਧੋਖੇ ਨਾਲ ਆਪਣੇ ਨਾਂ ਕਰਵਾਈ ਹੈ। ਮੈਨੂੰ ਤਾਂ ਸ਼ਰਮ ਆਉਂਦੀ ਹੈ, ਤੈਨੂੰ ਬਾਪ ਕਹਿੰਦੇ ਨੂੰ।” ਪੁੱਤ ਨੇ ਤਰਲੋਕ ਦੀ ਚੰਗੀ ਤਹਿ ਲਾਈ
“ਇਹ ਸਭ ਕੁਝ ਮੈਂ ਤੇਰੇ ਲਈ ਕੀਤਾ ਸੀ। ਮੈਂ ਹਿੱਕ ‘ਤੇ ਰੱਖ ਕੇ ਨਹੀਂ ਲਿਜਾਣੀ ਜ਼ਮੀਨ।” ਤਰਲੋਕ ਗਰਮੀ ਖਾ ਗਿਆ।
“ਬਾਪੂ! ਇਸੇ ਲਈ ਮੈਂ ਕਹਿੰਦਾ ਹਾਂ ਕਿ ਜਦੋਂ ਜ਼ਮੀਨ ਤੇਰੇ ਜਾਂ ਮੇਰੇ ਨਾਲ ਨਹੀਂ ਜਾਣੀ, ਤਾਂ ਉਸ ਵਿਚਾਰੇ ਮਾਘੀ ਨੂੰ ਜਿਉਂਦਿਆ ਕਿਉਂ ਮਾਰ ਦਿੱਤਾ? ਜੇ ਉਸ ਦੀ ਧੀ ਜ਼ਮੀਨ ਲਿਜਾਂਦੀ ਤਾਂ ਕੋਈ ਗੈਰਕਾਨੂੰਨੀ ਨਹੀਂ ਸੀ। ਹੁਣ ਜੇ ਤੂੰ ਲਾਲਚ ਨਾ ਤਿਆਗਿਆ ਤਾਂ ਮੈਂ ਤੈਨੂੰ ਹੀ ਤਿਆਗ ਦਿੰਦਾ ਹਾਂ। ਅੱਜ ਤੋਂ ਤੂੰ ਮੇਰਾ ਪਿਓ ਨਹੀਂ ਤੇ ਮੈਂ ਤੇਰਾ ਪੁੱਤ ਨਹੀਂ।”
ਤਰਲੋਕ ਨੇ ਆਪਣੀਆਂ ਤਿੰਨਾਂ ਧੀਆਂ ਨਾਲ ਸਲਾਹ ਕੀਤੀ, ਉਹ ਕਹਿੰਦੀਆਂ, ਸਾਡਾ ਵੀਰ ਸੱਚ ਕਹਿੰਦਾ ਹੈ। ਜੇ ਤੂੰ ਚਾਹੁੰਦਾ ਹੈਂ ਕਿ ਧੀਆਂ ਤੇ ਪੁੱਤ ਤੇਰਾ ਨਾਂ ਸਤਿਕਾਰ ਨਾਲ ਲੈਣ ਤਾਂ ਚਾਚੇ ਦੀ ਜ਼ਮੀਨ ਮੋੜ ਦੇ।
ਤਰਲੋਕ ਵਾੜ ਵਿਚ ਬਿੱਲੇ ਵਾਂਗ ਫਸ ਗਿਆ ਸੀ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕਰੇ। ਉਸ ਦੇ ਦਿਮਾਗ ਵਿਚ ਇਕੋ ਗੱਲ ਘੁੰਮਣ ਲੱਗੀ- ਜਿਨ੍ਹਾਂ ਖਾਤਰ ਸਾਰੀ ਉਮਰ ਲਾਲਚ ਦੀ ਤਲਵਾਰ ਲੈ ਕੇ ਭਰਾ ਮਗਰ ਭੱਜਦਾ ਰਿਹਾ, ਉਨ੍ਹਾਂ ਨੇ ਮੈਨੂੰ ਬੇਰਾਂ ਵੱਟੇ ਵੀ ਨਹੀਂ ਪਛਾਣਿਆ। ਫਿਰ ਉਸ ਨੇ ਆਪਣੇ ਭਰਾ ਸੰਤੋਖ ਨਾਲ ਗੱਲ ਕੀਤੀ। ਉਹ ਕਹਿੰਦਾ, “ਵੀਰ, ਇਹ ਸਭੇ ਚਾਲਾਂ ਤੇਰੀਆਂ ਸਨ, ਮੈਂ ਤਾਂ ਹੁੰਗਾਰੇ ਹੀ ਭਰੇ ਸਨ।” ਫਿਰ ਦੋਵੇਂ ਸੋਚਣ ਲੱਗੇ ਕਿ ਥੁੱਕ ਕੇ ਤਾਂ ਚੱਟਿਆ ਨਹੀਂ ਜਾਣਾ। ਉਨ੍ਹਾਂ ਮਾਘੀ ਦੀ ਧੀ ਤੇ ਜਵਾਈ ਨੂੰ ਸੱਦ ਕੇ ਦਸ ਕਿੱਲੇ ਜ਼ਮੀਨ ਬੈਅ ਲਿਖਾਉਣ ਲਈ ਕਿਹਾ, ਬਗੈਰ ਰੁਪਏ ਤੋਂ।
ਮਾਘੀ ਦੀ ਧੀ ਕਹਿੰਦੀ, “ਤਾਇਆ ਜੀ, ਸਾਨੂੰ ਜ਼ਮੀਨ ਨਹੀਂ ਚਾਹੀਦੀ। ਮੈਨੂੰ ਤਾਂ ਮੇਰਾ ਪੇਕਾ ਪਿੰਡ ਚਾਹੀਦਾ। ਮੈਂ ਆਪਣੇ ਦੋਵਾਂ ਭਰਾਵਾਂ ਨਾਲ ਸਾਰੀ ਜ਼ਿੰਦਗੀ ਵਰਤਣਾ ਚਾਹੁੰਦੀ ਹਾਂ। ਤੁਸੀਂ ਇਕ ਵਾਰੀ ਸਿਰ ‘ਤੇ ਹੱਥ ਰੱਖ ਕੇ ਕਹਿ ਦੇਵੋ ਕਿ ਤੈਨੂੰ ਤੇਰਾ ਪੇਕਾ ਪਿੰਡ ਸਾਰੀ ਉਮਰ ਲਈ ਦੇ ਦਿੱਤਾ।” ਮਾਘੀ ਦੀ ਧੀ ਦੀਆਂ ਸਿਆਣੀਆਂ ਗੱਲਾਂ ਸੁਣ ਕੇ ਦੋਵੇਂ ਭਰਾ ਧਾਹੀਂ ਰੋ ਪਏ। ਸੋਚਿਆ, ਅਸੀਂ ਸਾਰੀ ਉਮਰ ਪੁੱਤਾਂ ਲਈ ਜ਼ਮੀਨ ਦਾ ਘੇਰਾ ਵੱਡਾ ਕਰਦੇ ਰਹੇ, ਪਰ ਇਸ ਧੀ ਨੇ ਵੱਡਾ ਦਿਲ ਕਰ ਕੇ ਉਨ੍ਹਾਂ ਦੀ ਸੋਚ ਨੂੰ ਛੋਟਾ ਕਰ ਦਿੱਤਾ ਹੈ।