ਜੋਸਫ਼ ਸਟਿਗਲਿਟਜ਼ ਦੀ ਨਵੀਂ ਪੁਸਤਕ Ḕਦ ਗ੍ਰੇਟ ਡਿਵਾਇਡ’

ਰਾਜੇਸ਼ ਸ਼ਰਮਾ
ਫੋਨ: 78379-60942
ਬੇਸ਼ਕ ਜੋਸਫ਼ ਸਟਿਗਲਿਟਜ਼ ਨੇ ਆਪਣੀ ਨਵੀਂ ਕਿਤਾਬ Ḕਦ ਗ੍ਰੇਟ ਡਿਵਾਇਡ’ (2015) ਲਿਖੀ ਤਾਂ ਅਮਰੀਕਨ ਪਾਠਕਾਂ ਨੂੰ ਮੁਖ਼ਾਤਬ ਹੋ ਕੇ ਹੈ, ਪਰ ਇਹ ਭਾਰਤੀਆਂ ਨੂੰ ਵੀ ਵੱਧ ਤੋਂ ਵੱਧ ਪੜ੍ਹਨੀ ਚਾਹੀਦੀ ਹੈ। ਸਾਡੇ ਦੇਸ਼ ਵਿਚ ਇਸ ਨੂੰ ਇੱਕ ਚਿਤਾਵਨੀ ਵਜੋਂ ਲਏ ਜਾਣ ਦੀ ਲੋੜ ਹੈ। ਰਿਪੋਰਟਾਂ ਅਨੁਸਾਰ ਭਾਰਤ ਵਿਚ ਸਿਖ਼ਰ ਦਾ 10 ਫੀਸਦੀ ਅਮੀਰ ਵਰਗ ਦੇਸ਼ ਦੀ ਕੁੱਲ ਦੌਲਤ ਦੇ 75 ਫੀਸਦੀ ਦਾ ਮਾਲਕ ਹੈ। ਇੰਨਾ ਹੀ ਨਹੀਂ, ਸਿਰਫ 1 ਫੀਸਦੀ ਵਰਗ ਮੁਲਕ ਦੀ ਪੰਜਾਹ ਫੀਸਦੀ ਦੌਲਤ ਉਪਰ ਕਾਬਜ ਹੈ।

ਚਿੰਤਾ ਦੀ ਗੱਲ ਹੈ ਕਿ ਇਹ ਆਰਥਿਕ ਪਾੜਾ ਮੌਜੂਦਾ ਆਰਥਿਕ ਨੀਤੀਆਂ ਅਧੀਨ ਤੇਜੀ ਨਾਲ ਵਧ ਰਿਹਾ ਹੈ।
ਸਟਿਗਲਿਟਜ਼ ਇਸ ਪੁਸਤਕ ਵਿਚ ਖਾਸ ਤੌਰ ‘ਤੇ ਅਜੋਕੇ ਅਮਰੀਕਨ ਅਤੇ ਮੋਟੇ ਤੌਰ ‘ਤੇ ਵਿਸ਼ਵ ਆਰਥਿਕ ਨਿਜ਼ਾਮ ਉਪਰ ਨਜ਼ਰਸਾਨੀ ਕਰਦਿਆਂ ਇਸ ਨੂੰ ਲਗਾਤਾਰ ਵੱਧ ਰਹੇ ਆਰਥਿਕ ਪਾੜੇ ਲਈ ਜਿੰਮੇਵਾਰ ਠਹਿਰਾਉਂਦਾ ਹੈ। ਇਹ ਸਮੇਂ ਦਾ ਹੀ ਤਕਾਜ਼ਾ ਹੈ ਕਿ ਇਕ ਸਵੈ-ਸਪਸ਼ਟ ਗੱਲ ਵੀ ਦੁਨੀਆਂ ਨੂੰ ਢੇਰਾਂ ਕਾਗਜ਼ ਕਾਲੇ ਕੀਤੇ ਬਿਨਾਂ ਸਮਝਾਈ ਨਹੀਂ ਜਾ ਸਕਦੀ।
ਸਟਿਗਲਿਟਜ਼ ਭੌਤਿਕ ਵਿਗਿਆਨ ਛੱਡ ਕੇ ਅਰਥ-ਸ਼ਾਸਤਰ ਵੱਲ ਜਵਾਨੀ ਦੇ ਪਹਿਲੇ ਵਰ੍ਹਿਆਂ ਵਿਚ ਹੀ ਮੁੜ ਗਿਆ ਸੀ। ਆਪਣੇ ਚਾਰੋਂ ਪਾਸੇ ਪਸਰਦੀ ਨਾਬਰਾਬਰੀ ਅਤੇ ਗਰੀਬੀ ਉਸ ਨੂੰ ਪਰੇਸ਼ਾਨ ਕਰਦੀ। ਉਸ ਨੇ ਆਪਣੇ ਪੀæਐਚæਡੀæ ਥੀਸਿਜ਼ ਵਿਚ ਹੀ ਆਮਦਨ ਅਤੇ ਦੌਲਤ ਦੀ ਵੰਡ ਨੂੰ ਨਿਰਧਾਰਤ ਕਰਨ ਵਾਲੇ ਤੱਤਾਂ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ, ਜੋ ਉਸ ਨੇ ਅੱਜ ਵੀ ਜਾਰੀ ਰੱਖਿਆ ਹੈ। ਸੰਨ 2001 ਵਿਚ ਉਸ ਨੂੰ ਅਰਥ-ਸ਼ਾਸਤਰ ਵਿਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
Ḕਦ ਗ੍ਰੇਟ ਡਿਵਾਈਡ’ ਉਸ ਵਲੋਂ ਪਿਛਲੇ ਕੁਝ ਵਰ੍ਹਿਆਂ ਵਿਚ ਕਈ ਰਸਾਲਿਆਂ ਅਤੇ ਅਖ਼ਬਾਰਾਂ ਲਈ ਲਿਖੇ ਲੇਖਾਂ ਦਾ ਸੰਗ੍ਰਿਹ ਹੈ। ਇਨ੍ਹਾਂ ਦਾ ਆਗਾਜ਼ 2008 ਦੇ ਵਿਸ਼ਵ ਵਿੱਤੀ ਸੰਕਟ ਉਪਰ ਚਿੰਤਨ ਤੋਂ ਹੋਇਆ, ਪਰ ਕੁਲ ਮਿਲਾ ਕੇ ਇਹ ਲੇਖ ਉਸ ਆਰਥਿਕ ਨਿਜ਼ਾਮ ਦੇ ਭਿਆਨਕ ਸਿੱਟਿਆਂ ਉਪਰ ਰੌਸ਼ਨੀ ਪਾਉਂਦੇ ਹਨ ਜਿਸ ਨਿਜ਼ਾਮ ਦੀ ਨੀਂਹ ਰਾਸ਼ਟਰਪਤੀ ਰੋਨਲਡ ਰੀਗਨ ਦੇ ਸਮੇਂ ਰੱਖੀ ਗਈ।
ਮੈਗਜ਼ੀਨ Ḕਵੈਨਿਟੀ ਫ਼ੇਅਰ’ ਨੇ 2011 ਵਿਚ ਸਟਿਗਲਿਟਜ਼ ਨੂੰ ਸੱਦਾ ਦਿੱਤਾ ਕਿ ਉਹ ਖ਼ਤਰਨਾਕ ਢੰਗ ਨਾਲ ਵਧ ਰਹੇ ਆਰਥਿਕ ਪਾੜੇ ਬਾਰੇ ਆਮ ਪਾਠਕਾਂ ਲਈ ਲੇਖ ਲਿਖੇ। ਇਨ੍ਹਾਂ ਲੇਖਾਂ ਵਿਚੋਂ ਸਭ ਤੋਂ ਪ੍ਰਸਿੱਧ ਅਤੇ ਬਹਿਸ ਛੇੜਨ ਵਾਲਾ ਲੇਖ ਬਣਿਆ-“ਇੱਕ ਫੀਸਦੀ ਦਾ, ਇੱਕ ਫੀਸਦੀ ਦੁਆਰਾ, ਇੱਕ ਫੀਸਦੀ ਖਾਤਰ” ਇਤਿਹਾਸ ਗਵਾਹ ਹੈ ਕਿ Ḕਆਕੁਪਾਈ ਵਾਲ ਸਟ੍ਰੀਟ’ ਅੰਦੋਲਨ ਨੇ ਇਸ ਤੋਂ ਪ੍ਰੇਰਿਤ ਹੋ ਕੇ ਆਪਣਾ ਨਾਅਰਾ ਘੜਿਆ-“ਅਸੀਂ ਹਾਂ 99 ਫੀਸਦੀ।”
ਸਟਿਗਲਿਟਜ਼ ਦਾ ਤਰਕ ਹੈ ਕਿ ਨਾਬਰਾਬਰੀ ਦਾ ਤੋੜ ਮੌਜੂਦ ਹੈ। ਇਹ ਇਤਿਹਾਸ ਦਾ ਕੋਈ ਅਟਲ ਭਾਣਾ ਨਹੀਂ ਹੈ। ਧਿਆਨ ਦੇਣ ਯੋਗ ਹੈ ਕਿ ਉਹ 100 ਫੀਸਦੀ ਬਰਾਬਰੀ ਨੂੰ ਨਾ ਹੀ ਮੁਮਕਿਨ ਸਮਝਦਾ ਹੈ, ਨਾ ਹੀ ਲੋੜੀਂਦੀ। ਨਾ ਹੀ ਉਹ ਸਾਮਵਾਦੀ ਵਿਵਸਥਾ ਦੀ ਵਕਾਲਤ ਕਰਦਾ ਹੈ। ਉਸ ਦੀ ਮੁਖ਼ਾਲਫ਼ਤ ਤਾਂ ਉਸ ਨਾਬਰਾਬਰੀ ਨਾਲ ਹੈ ਜੋ ਸਾਰੀਆਂ ਹੱਦਾਂ ਤੋੜ ਕੇ ਅੱਜ ਪਸਰਦੀ ਜਾ ਰਹੀ ਹੈ। ਅਜਿਹੀ ਘੋਰ ਨਾਬਰਾਬਰੀ, ਸਟਿਗਲਿਟਜ਼ ਅਨੁਸਾਰ, ਸਮਾਜ ਨੂੰ ਟੁਕੜੇ-ਟੁਕੜੇ ਕਰ ਰਹੀ ਹੈ, ਆਮ ਵਿਅਕਤੀ ਦੇ ਆਤਮ-ਵਿਸ਼ਵਾਸ ਨੂੰ ਖੋਰ ਰਹੀ ਹੈ, ਅਤੇ ਲੋਕਤੰਤਰ ਲਈ ਗੰਭੀਰ ਖ਼ਤਰਾ ਬਣ ਗਈ ਹੈ। ਕੋਈ ਸਮਾਂ ਸੀ, ਅਮਰੀਕਾ ਨੂੰ ਸੁਪਨਿਆਂ ਦੀ ਸਰਜ਼ਮੀਨ ਮੰਨਿਆਂ ਜਾਂਦਾ ਸੀ। ਉਸ ਦਾ ਕਾਰਨ ਸੀ, ਹਰ ਵਿਅਕਤੀ ਲਈ ਮੁਹੱਈਆ ਤਰੱਕੀ ਦੇ ਬਰਾਬਰ ਅਵਸਰ। ਅਵਸਰਾਂ ਦੀ ਇਹ ਬਰਾਬਰੀ ਹਰ ਅਮਰੀਕਨ ਨੂੰ ਹਰ ਦੂਜੇ ਅਮਰੀਕਨ ਦੇ ਬਰਾਬਰ ਹੋਣ ਦਾ ਅਹਿਸਾਸ ਕਰਵਾਉਂਦੀ ਸੀ ਅਤੇ ਸਮਾਜ ਨੂੰ ਜੋੜਨ ਦਾ ਕੰਮ ਕਰਦੀ ਸੀ ਪਰ ਰੀਗਨ ਦੇ ਵਰ੍ਹਿਆਂ ਤੋਂ ਸਥਾਪਿਤ ਹੋਇਆ ਆਰਥਿਕ ਨਿਜ਼ਾਮ ਸੁਪਨਿਆਂ ਦੀ ਸਰਜ਼ਮੀਨ ਦਾ ਕਾਲ ਹੋ ਨਿਬੜਿਆ ਹੈ। ਸਟਿਗਲਿਟਜ਼ ਅਨੁਸਾਰ ਆਮ ਅਮਰੀਕਨ ਨਾਗਰਿਕ ਅੱਜ ਇਹ ਮਹਿਸੂਸ ਕਰਦਾ ਹੈ ਕਿ ਉਹ ਅਮੀਰ ਅਤੇ ਤਾਕਤਵਰ ਅਮਰੀਕਨ ਨਾਲੋਂ ਛੋਟਾ ਤੇ ਕਮਜ਼ੋਰ ਹੈ ਅਤੇ ਕਦੇ ਵੀ ਉਸ ਦੇ ਬਰਾਬਰ ਤਰੱਕੀ ਨਹੀਂ ਕਰ ਸਕਦਾ। ਕੁਝ ਹੀ ਹੱਥਾਂ ਵਿਚ ਦੌਲਤ ਦੇ ਕੇਂਦਰਿਤ ਹੋਣ ਨਾਲ ਲੋਕਤੰਤਰ ਨੂੰ ਵੀ ਭਾਰੀ ਸੱਟ ਪੁਜੀ ਹੈ, ਕਿਉਂਕਿ ਇੱਕਪਾਸੜ ਆਰਥਿਕ ਨਿਜ਼ਾਮ ਰਾਜਨੀਤਕ ਢਾਂਚੇ ਨੂੰ ਪੈਸੇ ਵੱਲੋਂ ਤਾਕਤਵਰ ਵਰਗ ਦੇ ਪੱਖ ਵਿਚ ਭੁਗਤਾਉਣ ਲਈ ਉਸ ਵਿਚ ਕੋਈ ਵੀ ਤੋੜ-ਮਰੋੜ ਕਰਨ ਉਪਰ ਆਮਦਾ ਹੈ। ਇਹ ਕਹਾਣੀ ਸਿਰਫ ਅਮਰੀਕਾ ਦੀਆਂ ਹੱਦਾਂ ਤੱਕ ਹੀ ਸੀਮਤ ਰਹਿ ਗਈ ਹੋਵੇ, ਅਜਿਹਾ ਨਹੀਂ ਹੈ। ਉਹ ਸਭ ਦੇਸ਼ ਜਿਨ੍ਹਾਂ ਨੇ ਅਮਰੀਕਾ ਦੇ ਪਿੱਛੇ ਲੱਗ ਕੇ ਆਪੋ-ਆਪਣੀਆਂ ਤਕਦੀਰਾਂ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਅੱਜ ਉਸੇ ਤਰ੍ਹਾਂ ਦੇ ਆਰਥਿਕ ਪਾੜੇ, ਸਮਾਜਿਕ ਵਖਰੇਵੇਂ ਅਤੇ ਲੋਕਤੰਤਰ ਦੇ ਖੋਰੇ ਦਾ ਸ਼ਿਕਾਰ ਹੋ ਰਹੇ ਹਨ। ਜ਼ਾਹਿਰ ਹੈ, ਭਾਰਤ ਦਾ ਸ਼ੁਮਾਰ ਵੀ ਅੱਜ ਉਨ੍ਹਾਂ ਵਿਚ ਹੁੰਦਾ ਹੈ।
ਆਰਥਿਕ ਨਾਬਰਾਬਰੀ ਨੂੰ ਸਟਿਗਲਿਟਜ਼ ਤਿੰਨ ਹੋਰ ਮੁੱਦਿਆਂ ਨਾਲ ਜੋੜ ਕੇ ਦੇਖਦਾ ਹੈ। ਉਹ ਮੁੱਦੇ ਹਨ-ਅਰਥਚਾਰੇ ਦੀ ਗਲਤ ਮੈਨੇਜਮੈਂਟ, ਵਿਸ਼ਵੀਕਰਣ ਅਤੇ ਸਟੇਟ ਤੇ ਬਾਜ਼ਾਰ ਦਾ ਮੌਜੂਦਾ ਵਰਤਾਰਾ। ਇਨ੍ਹਾਂ ਸਭਨਾਂ ਦਾ ਕੁਲ ਸਿੱਟਾ ਬੇਹੱਦ ਭਿਆਨਕ ਰੂਪ ਲੈ ਰਿਹਾ ਹੈ। ਸਿਰਫ ਪੱਚੀ ਸਾਲ ਪਹਿਲਾਂ ਜਿੱਥੇ 12 ਫੀਸਦੀ ਲੋਕ 33 ਫੀਸਦੀ ਦੌਲਤ ਦੇ ਮਾਲਕ ਸਨ, ਉਥੇ ਅੱਜ ਸ਼ਿਖਰ ਦੇ 1 ਫੀਸਦੀ ਲੋਕ ਦੁਨੀਆਂ ਦੀ ਅੱਧੀ ਦੌਲਤ ਦੇ ਮਾਲਕ ਬਣ ਚੁੱਕੇ ਹਨ। 2012 ਵਿਚ ਲਿਖੇ ਇੱਕ ਲੇਖ ਵਿਚ ਸਟਿਗਲਿਟਜ਼ ਵਾਲਮਾਰਟ ਪਰਿਵਾਰ ਦੇ ਸਿਰਫ ਛੇ ਮੈਂਬਰਾਂ ਦੀ ਕੁਲ ਦੌਲਤ ਦਾ ਹਵਾਲਾ ਦਿੰਦੇ ਹੋਏ ਦੱਸਦਾ ਹੈ ਕਿ ਉਨ੍ਹਾਂ ਕੋਲ ਅਮਰੀਕਾ ਦੀ ਹੇਠਲੀ 30 ਫੀਸਦੀ ਵਸੋਂ ਦੇ ਬਰਾਬਰ ਦੌਲਤ ਹੈ।
ਪਰ ਹਾਲਾਤ ਹਮੇਸ਼ਾ ਅਜਿਹੇ ਰਹੇ ਹੋਣ, ਇੰਜ ਨਹੀਂ ਹੈ। ਦੂਸਰੇ ਮਹਾਂਯੁੱਧ ਤੋਂ ਬਾਅਦ ਦੇ ਦਹਾਕਿਆਂ ਵਿਚ ਆਮਦਨ ਅਤੇ ਦੌਲਤ ਦੀ ਵੰਡ ਕਿਤੇ ਬੇਹਤਰ ਸੀ। ਨਤੀਜੇ ਵੱਜੋਂ ਅਮਰੀਕਾ ਨੇ ਕਿਤੇ ਵੱਧ ਆਰਥਿਕ ਵਿਕਾਸ ਕੀਤਾ। ਅਵਸਰ ਦੀ ਬਰਾਬਰੀ ਨੇ ਲੋਕਾਂ ਨੂੰ ਅਮਰੀਕਨ ਸੁਫਨੇ ਨਾਲ ਜੋੜੀ ਰੱਖਿਆ ਅਤੇ ਆਪਸ ਵਿਚ ਵੀ ਜੋੜਿਆ। ਪਿਛਲੇ ਕਈ ਦਹਾਕਿਆਂ ਤੋਂ ਜਿਸ ਨਿਜ਼ਾਮ ਦੀ ਸਥਾਪਨਾ ਕੀਤੀ ਗਈ ਹੈ, ਉਸ ਨੇ ਸਮਾਜ ਦੇ ਤਾਣੇ-ਬਾਣੇ ਨੂੰ ਤੋੜਿਆ ਹੈ ਅਤੇ ਆਮ ਜਨਤਾ ਵਿਚ ਨਿਰਾਸ਼ਾ ਦਾ ਸੰਚਾਰ ਕੀਤਾ ਹੈ। ਲੋਕਤੰਤਰੀ ਪ੍ਰਬੰਧ ਨੂੰ ਵੀ ਕਮਜ਼ੋਰ ਕੀਤਾ ਹੈ। ਸਰਕਾਰ ਸਾਰੇ ਲੋਕਾਂ ਦੇ ਹਿੱਤਾਂ ਦੀ ਥਾਂ ਕੁਝ ਕ ਹਿੱਤਾਂ ਦੀ ਪੈਰੋਕਾਰੀ ਕਰਨ ਲੱਗੀ ਹੈ। ਸਟਿਗਲਿਟਜ਼ ਤਾਂ ਇਹ ਵੀ ਮੰਨਦਾ ਹੈ ਕਿ ਅਮਰੀਕਾ ਦੀ ਲੋਕ-ਵਿਰੋਧੀ ਯੁੱਧ-ਨੀਤੀ ਉਸ ਦੀ ਸਰਕਾਰ ਦੇ ਲੋਕ-ਹਿੱਤਾਂ ਤੋਂ ਦੂਰ ਹੋਣ ਦਾ ਹੀ ਸਿੱਟਾ ਹੈ।
ਵਿਸ਼ਵ ਪੱਧਰ ਉਪਰ ਲੋਕਤੰਤਰ ਦਾ ਸਿਹਤਮੰਦ ਰਹਿਣਾ ਅਤੇ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਦਾ ਬਣਿਆ ਰਹਿਣਾ ਤਾਂ ਹੀ ਸੰਭਵ ਹੈ ਜੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਚੇਤੰਨ ਤੌਰ ‘ਤੇ ਘੋਰ ਨਾਬਰਾਬਰੀ ਨੂੰ ਨੱਥ ਪਾਉਣ ਦੇ ਉਪਰਾਲੇ ਕਰਨ। ਸਟਿਗਲਿਟਜ਼ ਅਨੁਸਾਰ 2030 ਤੱਕ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਿਖ਼ਰਲੇ 10 ਫੀਸਦੀ ਲੋਕਾਂ ਕੋਲ ਹੇਠਲੇ 40 ਫੀਸਦੀ ਲੋਕਾਂ ਦੀ ਦੌਲਤ ਤੋਂ ਵੱਧ ਦੌਲਤ ਇਕੱਠੀ ਨਾ ਹੋਵੇ। ਇਸ ਲਈ ਨੀਤੀਆਂ ਦੇ ਨਵੇਂ ਨਿਜ਼ਾਮ ਦੀ ਲੋੜ ਹੈ ਪਰ ਆਰਥਿਕ ਨਿਜ਼ਾਮ ਨੂੰ ਨੀਤੀਆਂ ਦੇ ਪੱਖੋਂ ਮੁੜ ਵਿਚਾਰਨ ਦੀ ਸੰਭਾਵਨਾ ਲੋਕਤੰਤਰੀ ਵਿਵਸਥਾ ਦੇ ਰਾਜਨੀਤਿਕ ਸੁਧਾਰਾਂ ਤੋਂ ਬਿਨਾਂ ਨਹੀਂ ਬਣ ਸਕਦੀ। ਦੂਜੇ ਸ਼ਬਦਾਂ ਵਿਚ ਲੋਕਤੰਤਰ ਨੂੰ ਮਜਬੂਤ ਕਰਕੇ ਹੀ ਨਾਬਰਾਬਰੀ ਨਾਲ ਨਜਿੱਠਿਆ ਜਾ ਸਕਦਾ ਹੈ। ਵਿਆਪਕ ਵਿਸ਼ਵ ਵਿਕਾਸ ਮਨੁੱਖੀ ਵਸੀਲਿਆਂ, ਤਕਨਾਲੋਜੀ ਅਤੇ ਬੁਨਿਆਦੀ ਢਾਂਚਾ ਵਿਕਸਿਤ ਕੀਤੇ ਬਿਨਾ ਸੰਭਵ ਨਹੀਂ। ਸਭ ਤੋਂ ਵੱਧ ਮਹੱਤਵ ਸਟਿਗਲਿਟਜ਼ ਸਿੱਖਿਆ ਦੇ ਪ੍ਰਬੰਧ ਨੂੰ ਦਿੰਦਾ ਹੈ। ਹਰੇਕ ਮਨੁੱਖ ਲਈ ਉਚ ਪੱਧਰ ਦੀ ਸਿੱਖਿਆ ਹੀ ਦੂਰਗਾਮੀ ਤਰੱਕੀ ਅਤੇ ਸ਼ਾਂਤੀ ਦੀ ਸਭ ਤੋਂ ਅਹਿਮ ਗਾਰੰਟੀ ਹੋ ਸਕਦੀ ਹੈ। ਹਰ ਵਰਗ ਦਾ ਹਿੱਤ (ਸਮੇਤ ਅਮੀਰ ਵਰਗ ਦੇ) ਆਖਰਕਾਰ ਇਸੇ ਵਿਚ ਹੈ।

Ḕਦ ਗ੍ਰੇਟ ਡਿਵਾਈਡ’ ਦੀ ਵਿਲੱਖਣਤਾ ਇਸ ਗੱਲ ਵਿਚ ਨਿਹਿਤ ਹੈ ਕਿ ਇਸ ਵਿਚ ਅੰਤਰਰਾਸ਼ਟਰੀ ਪੱਧਰ ਦੇ ਇੱਕ ਅਰਥਸ਼ਾਸਤਰੀ ਨੇ ਆਪਣੀ ਗੰਭੀਰ ਸੋਚ ਨੂੰ ਆਮ ਪਾਠਕ ਤੱਕ ਪਹੁੰਚਾਉਣ ਵਿਚ ਕਮਾਲ ਦੀ ਸਫ਼ਲਤਾ ਹਾਸਿਲ ਕੀਤੀ ਹੈ। ਅੰਗਰੇਜ਼ੀ ਵਿਚ ਲਿਖੀ ਗਈ ਇਸ ਪੁਸਤਕ ਵਿਚ ਅਜਿਹੀ ਸਰਲ ਭਾਸ਼ਾ ਇਸਤੇਮਾਲ ਕੀਤੀ ਗਈ ਹੈ ਕਿ ਅੰਗਰੇਜ਼ੀ ਦਾ ਸਧਾਰਣ ਪਾਠਕ ਵੀ ਇਸ ਦਾ ਅਨੰਦ ਮਾਣ ਸਕਦਾ ਹੈ ਅਤੇ ਵਰਤਮਾਨ ਵਰਤਾਰੇ ਪ੍ਰਤੀ ਆਪਣੀ ਸਮਝ ਵਿਚ ਵੱਡਾ ਇਜ਼ਾਫ਼ਾ ਕਰ ਸਕਦਾ ਹੈ।
*ਪ੍ਰੋਫੈਸਰ ਅਤੇ ਮੁਖੀ ਅੰਗਰੇਜ਼ੀ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।